DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀਆਂ: ਬਟਵਾਰਾ

ਬਲਜਿੰਦਰ ਧਾਲੀਵਾਲ “ਅੱਜ ਪੂਰੇ ਉੱਨੀ ਸਾਲ ਹੋ ਗਏ ਨੇ...” ਸਿਮਰਨ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ। ਉਸ ਦੀਆਂ ਅੱਖਾਂ ਕਿਤੇ ਦੂਰ ਗੁਆਚੀਆਂ ਲੱਗਦੀਆਂ ਸਨ। ਕੋਲ ਬੈਠੀ ਉਸ ਦੀ ਮਾਂ ਨੇ ਹੈਰਾਨ ਹੋ ਕੇ ਪੁੱਛਿਆ, “ਕਿਸ ਦੀ ਗੱਲ ਕਰ ਰਹੀ ਏਂ...

  • fb
  • twitter
  • whatsapp
  • whatsapp
Advertisement

ਬਲਜਿੰਦਰ ਧਾਲੀਵਾਲ

“ਅੱਜ ਪੂਰੇ ਉੱਨੀ ਸਾਲ ਹੋ ਗਏ ਨੇ...” ਸਿਮਰਨ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ। ਉਸ ਦੀਆਂ ਅੱਖਾਂ ਕਿਤੇ ਦੂਰ ਗੁਆਚੀਆਂ ਲੱਗਦੀਆਂ ਸਨ। ਕੋਲ ਬੈਠੀ ਉਸ ਦੀ ਮਾਂ ਨੇ ਹੈਰਾਨ ਹੋ ਕੇ ਪੁੱਛਿਆ, “ਕਿਸ ਦੀ ਗੱਲ ਕਰ ਰਹੀ ਏਂ ਧੀਏ? ਕਿਹੜੇ ਉੱਨੀ ਸਾਲ?”

Advertisement

ਸਿਮਰਨ ਨੇ ਡੂੰਘਾ ਸਾਹ ਲਿਆ ਤੇ ਹੌਲੀ ਜਿਹੀ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਬੋਲੀ, “ਮਾਂ... ਮੇਰੇ ਵਿਆਹ ਤੇ ਆਪਣੇ ਅੱਡ ਹੋਇਆਂ ਨੂੰ।” ਇਹ ਕਹਿੰਦੇ ਕਹਿੰਦੇ ਉਸ ਦਾ ਗਲਾ ਭਰ ਆਇਆ। ਮਾਂ ਕੁਝ ਪਲਾਂ ਲਈ ਚੁੱਪ ਹੋ ਗਈ। ਉਹ ਜਾਣਦੀ ਸੀ ਕਿ ਇਹ ਗੱਲ ਸਿਮਰਨ ਦੇ ਦਿਲ ਵਿੱਚ ਅੱਜ ਵੀ ਇੱਕ ਡੂੰਘੇ ਜ਼ਖਮ ਵਾਂਗ ਰਿਸ ਰਹੀ ਹੈ।

Advertisement

ਗੱਲ ਉਸ ਵੇਲੇ ਦੀ ਹੈ ਜਦੋਂ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ। ਵੱਡਾ ਸਾਰਾ ਘਰ, ਸਾਂਝਾ ਰਸੋਈਘਰ, ਇੱਕੋ ਵਿਹੜੇ ਵਿੱਚ ਬੱਚਿਆਂ ਦੀਆਂ ਖੇਡਾਂ, ਤਿਉਹਾਰਾਂ ਦੀ ਰੌਣਕ ਅਤੇ ਹਰ ਚਿਹਰੇ ’ਤੇ ਆਪਣਾਪਣ। ਚਾਚੇ-ਤਾਏ, ਭੈਣ-ਭਰਾ ਸਭ ਇਕੱਠੇ ਖਾਂਦੇ, ਹੱਸਦੇ ਤੇ ਦੁਖ-ਸੁਖ ਵੰਡਦੇ ਸਨ। ਘਰ ਵਿੱਚ ਕਦੇ ਇਹ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਕੋਈ ਕਿਸੇ ਤੋਂ ਵੱਖਰਾ ਹੈ। ਸਿਮਰਨ ਨੂੰ ਵੀ ਆਪਣੇ ਪਰਿਵਾਰ ’ਤੇ ਬਹੁਤ ਮਾਣ ਸੀ।

ਸਿਮਰਨ ਬਚਪਨ ਤੋਂ ਹੀ ਤੁਰ ਨਹੀਂ ਸੀ ਸਕਦੀ, ਪਰ ਉਸ ਦੇ ਪਿਉ ਨੇ ਕਦੇ ਵੀ ਉਸ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਉਹ ਹਮੇਸ਼ਾ ਕਹਿੰਦਾ, “ਮੇਰੀ ਧੀ ਕਿਸੇ ਤੋਂ ਘੱਟ ਨਹੀਂ।”

ਸਿਮਰਨ ਵੀ ਪੜ੍ਹੀ-ਲਿਖੀ, ਸਮਝਦਾਰ ਤੇ ਬਹੁਤ ਸੂਝਵਾਨ ਕੁੜੀ ਸੀ। ਉਹ ਸਭ ਦਾ ਦਰਦ ਸਮਝਦੀ ਸੀ, ਪਰ ਆਪਣੇ ਮਨ ਦਾ ਦਰਦ ਕਦੇ ਕਿਸੇ ਸਾਹਮਣੇ ਨਹੀਂ ਸੀ ਰੱਖਦੀ।

ਇੱਕ ਦਿਨ ਰਾਤ ਦੇ ਖਾਣੇ ਮਗਰੋਂ ਉਸ ਦੇ ਪਿਉ ਨੇ ਘਰ ਵਿੱਚ ਗੱਲ ਕੀਤੀ, “ਆਪਾਂ ਸਿਮਰਨ ਲਈ ਮੁੰਡਾ ਵੇਖਣ ਜਾਣਾ ਹੈ।” ਇਹ ਸੁਣਦਿਆਂ ਹੀ ਘਰ ਦਾ ਮਾਹੌਲ ਬਦਲ ਗਿਆ। ਕੁਝ ਚਿਹਰੇ ਮੁਰਝਾ ਗਏ ਤੇ ਕੁਝ ਚਿਹਰਿਆਂ ’ਤੇ ਨਾਰਾਜ਼ਗੀ ਸਾਫ਼ ਦਿਸ ਰਹੀ ਸੀ।

ਚਾਚੇ-ਤਾਏ ਦੇ ਸਿਰ ’ਤੇ ਜਿਵੇਂ ਸੌ ਘੜਾ ਪਾਣੀ ਪੈ ਗਿਆ ਹੋਵੇ। ਉਨ੍ਹਾਂ ਦੇ ਮਨ ਵਿੱਚ ਇੱਕੋ ਗੱਲ ਸੀ ਕਿ ਜਿਹੜੀ ਕੁੜੀ ਢੰਗ ਨਾਲ ਤੁਰ ਨਹੀਂ ਸਕਦੀ, ਉਸ ਨਾਲ ਵਿਆਹ ਆਖ਼ਰ ਕੌਣ ਕਰਵਾਏਗਾ? ਤੇ ਜੇ ਕੋਈ ਪਸੰਦ ਕਰ ਵੀ ਲਏ ਤਾਂ ਅਜਿਹੇ ਵਿਆਹ ’ਤੇ ਖਰਚਾ ਕੌਣ ਕਰੇਗਾ?”

ਹੌਲੀ ਹੌਲੀ ਘਰ ਦੇ ਜੀਆਂ ਵਿਚਾਲੇ ਗੱਲਾਂ ਹੋਣ ਲੱਗੀਆਂ। ਸਿਮਰਨ ਇਹ ਸਭ ਸੁਣਦੀ ਸੀ, ਪਰ ਚੁੱਪ ਰਹਿੰਦੀ। ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਕਈ ਵਾਰ ਆਪਣੇ ਵੀ ਇਨਸਾਨ ਨੂੰ ਬੋਝ ਸਮਝਣ ਲੱਗ ਪੈਂਦੇ ਨੇ।

ਕੁਝ ਮਹੀਨਿਆਂ ਬਾਅਦ ਸਿਮਰਨ ਦਾ ਰਿਸ਼ਤਾ ਤੈਅ ਹੋ ਗਿਆ। ਮੁੰਡਾ ਅਤੇ ਉਸ ਦਾ ਪਰਿਵਾਰ ਚੰਗਾ ਸੀ। ਉਨ੍ਹਾਂ ਨੇ ਸਿਮਰਨ ਦੀ ਕਮੀ ਨਹੀਂ, ਉਸ ਦੀ ਇਨਸਾਨੀਅਤ ਵੇਖੀ ਸੀ। ਸਿਮਰਨ ਦੇ ਪਿਉ ਦੀਆਂ ਅੱਖਾਂ ਵਿੱਚ ਉਸ ਦਿਨ ਖ਼ੁਸ਼ੀ ਦੇ ਹੰਝੂ ਸਨ। ਉਸ ਨੂੰ ਲੱਗਦਾ ਸੀ ਕਿ ਹੁਣ ਉਸ ਦੀ ਧੀ ਦੀ ਜ਼ਿੰਦਗੀ ਵੀ ਸੰਵਰ ਜਾਵੇਗੀ, ਪਰ ਸ਼ਾਇਦ ਕੁਝ ਲੋਕਾਂ ਨੂੰ ਇਹ ਖ਼ੁਸ਼ੀ ਮਨਜ਼ੂਰ ਨਹੀਂ ਸੀ।

ਜਿਸ ਦਿਨ ਮੰਗਣਾ ਸੀ, ਉਸ ਦਿਨ ਉਸ ਦੇ ਤਾਏ ਦਾ ਮੁੰਡਾ ਮੰਗਣੇ ’ਚ ਸ਼ਾਮਿਲ ਨਾ ਹੋਇਆ। ਘਰ ਵਿੱਚ ਸਭ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਸਿਮਰਨ ਨੇ ਉਹ ਚੁੱਪ ਮਹਿਸੂਸ ਕਰ ਲਈ ਸੀ। ਮੰਗਣੇ ਤੋਂ ਕੁਝ ਹੀ ਦਿਨਾਂ ਬਾਅਦ ਘਰ ਵਿੱਚ ਬਟਵਾਰੇ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਜੋ ਘਰ ਕਦੇ ਹਾਸਿਆਂ ਨਾਲ ਗੂੰਜਦਾ ਸੀ, ਉੱਥੇ ਹੁਣ ਹਰ ਵੇਲੇ ਤਣਾਅ ਰਹਿਣ ਲੱਗ ਪਿਆ ਸੀ। ਛੋਟੀਆਂ ਛੋਟੀਆਂ ਗੱਲਾਂ ’ਤੇ ਝਗੜੇ ਹੋਣ ਲੱਗ ਪਏ। ਰਸੋਈ ਵੱਖ ਕਰਨ ਦੀਆਂ ਗੱਲਾਂ ਹੋਣ ਲੱਗੀਆਂ। ਖੇਤ, ਘਰ, ਸਾਮਾਨ- ਹਰ ਸ਼ੈਅ ਦੀ ਵੰਡ ਹੋਣ ਲੱਗ ਪਈ।

ਥੋੜ੍ਹੇ ਹੀ ਦਿਨਾਂ ਵਿੱਚ ਚਾਚੇ ਤੇ ਤਾਏ ਵੱਖ ਵੱਖ ਹੋ ਗਏ।

ਸਿਮਰਨ ਸਭ ਕੁਝ ਚੁੱਪਚਾਪ ਵੇਖਦੀ ਰਹੀ। ਉਸ ਦੇ ਦਿਲ ਨੂੰ ਇਹ ਗੱਲ ਸਭ ਤੋਂ ਵੱਧ ਚੁਭ ਰਹੀ ਸੀ ਕਿ ਇਹ ਬਟਵਾਰਾ ਸਿਰਫ਼ ਜਾਇਦਾਦ ਦਾ ਨਹੀਂ, ਰਿਸ਼ਤਿਆਂ ਦਾ ਵੀ ਸੀ। ਉਸ ਨੂੰ ਲੱਗਦਾ ਸੀ ਕਿ ਜੇ ਉਸ ਦਾ ਵਿਆਹ ਤੈਅ ਨਾ ਹੁੰਦਾ ਤਾਂ ਸ਼ਾਇਦ ਘਰ ਕਦੇ ਨਾ ਟੁੱਟਦਾ। ਉਹ ਕਈ ਰਾਤਾਂ ਚੁੱਪਚਾਪ ਰੋਂਦੀ ਰਹੀ। ਆਪਣੇ ਆਪ ਨੂੰ ਦੋਸ਼ ਦਿੰਦੀ ਰਹੀ। ਹਾਲਾਂਕਿ ਉਸ ਦਾ ਕੋਈ ਕਸੂਰ ਨਹੀਂ ਸੀ, ਪਰ ਫਿਰ ਵੀ ਉਸ ਦੇ ਦਿਲ ਨੇ ਕਦੇ ਉਸ ਨੂੰ ਬੇਕਸੂਰ ਨਹੀਂ ਸੀ ਮੰਨਿਆ।

ਸਮਾਂ ਬੀਤਦਾ ਗਿਆ। ਸਿਮਰਨ ਆਪਣੇ ਘਰ-ਪਰਿਵਾਰ ਵਿੱਚ ਰੁੱਝ ਗਈ। ਬੱਚੇ ਵੱਡੇ ਹੋ ਗਏ। ਜ਼ਿੰਦਗੀ ਬਾਹਰੋਂ ਆਮ ਦਿਸਣ ਲੱਗ ਪਈ ਪਰ ਕੁਝ ਜ਼ਖ਼ਮ ਅਜਿਹੇ ਹੁੰਦੇ ਹਨ, ਜੋ ਕਦੇ ਨਹੀਂ ਭਰਦੇ। ਅੱਜ ਉੱਨੀ ਸਾਲ ਬਾਅਦ ਵੀ ਜਦੋਂ ਉਹ ਪੁਰਾਣੇ ਦਿਨ ਯਾਦ ਕਰਦੀ ਹੈ ਤਾਂ ਉਸ ਨੂੰ ਉਹ ਸਾਂਝਾ ਵਿਹੜਾ, ਇੱਕ ਥਾਂ ਬਣਦਾ ਖਾਣਾ, ਬੱਚਿਆਂ ਦਾ ਚੀਕ-ਚਿਹਾੜਾ ਅਤੇ ਆਪਣਿਆਂ ਦਾ ਪਿਆਰ ਯਾਦ ਆ ਜਾਂਦਾ ਹੈ ਤੇ ਦਿਲ ਦੇ ਕਿਸੇ ਕੋਨੇ ਵਿੱਚੋਂ ਅੱਜ ਵੀ ਖ਼ੁਦ ਨੂੰ ਕਸੂਰਵਾਰ ਮੰਨਦੀ ਹੋਈ ਬੋਲ ਪੈਂਦੀ ਹੈ, ‘‘ਮੇਰੇ ਵਿਆਹ ਨੇ ਮੇਰਾ ਘਰ ਖੋਹ ਲਿਆ।”

ਉਸ ਦੀ ਮਾਂ ਨੇ ਸਿਮਰਨ ਦਾ ਹੱਥ ਫੜਿਆ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਧੀਏ... ਘਰ ਤੇਰੇ ਵਿਆਹ ਕਾਰਨ ਨਹੀਂ ਸੀ ਟੁੱਟਿਆ। ਤੇਰਾ ਤਾਂ ਸਿਰਫ਼ ਬਹਾਨਾ ਬਣਿਆ ਹੈ, ਘਰ ਤਾਂ ਉਨ੍ਹਾਂ ਅੱਗੋਂ-ਪਿੱਛੋਂ ਵੱਖ ਕਰ ਹੀ ਲੈਣੇ ਸਨ।”

ਸੰਪਰਕ: 81461-45100

* * *

ਉਡਾਰੀ ਭਰਦੇ ਬੋਟ

ਡਾ. ਇਕਬਾਲ ਸਿੰਘ ਸਕਰੌਦੀ

ਸੰਤ ਸਿੰਘ ਨੂੰ ਆਪਣੇ ਇਸ ਨਵੇਂ ਘਰ ਵਿੱਚ ਰਹਿੰਦਿਆਂ ਇੱਕੀ ਵਰ੍ਹੇ ਹੋ ਗਏ ਹਨ। ਜਦੋਂ ਉਸ ਨੇ ਪਹਿਲੀ ਵਾਰ ਆਪਣੇ ਘਰ ਪੈਰ ਪਾਇਆ ਤਾਂ ਉੱਥੇ ਉਸ ਨੇ ਘਰ ਦੀ ਬਾਹਰਲੀ ਕੰਧ ’ਤੇ ਪਹਿਲਾਂ ਤੋਂ ਮੌਜੂਦ ਗੁਲ ਅਤੇ ਬੁਲਬੁਲ ਦਾ ਜੋੜਾ ਬੈਠਿਆ ਵੇਖਿਆ। ਫੇਰ ਤਿੰਨ-ਚਾਰ ਦਿਨਾਂ ਮਗਰੋਂ ਇਸ ਜੋੜੇ ਨੇ ਘਰ ਦੇ ਪੋਰਚ ਵਿੱਚ ਲਟਕਾਈਆਂ ਦੋ ਟੋਕਰੀਆਂ ਵਿੱਚੋਂ ਇੱਕ ’ਚ ਆਲ੍ਹਣਾ ਪਾ ਲਿਆ। ਬੇਸ਼ੱਕ ਸੰਤ ਸਿੰਘ ਪੰਛੀਆਂ ਲਈ ਘਰ ਦੇ ਵਿਹੜੇ ਵਿੱਚ ਅਤੇ ਛੱਤ ’ਤੇ ਪਹਿਲਾਂ ਤੋਂ ਹੀ ਪਾਣੀ ਰੱਖਦਾ ਰਿਹਾ ਸੀ, ਪਰ ਇਸ ਜੋੜੇ ਲਈ ਉਸ ਨੇ ਘੁਮਿਆਰਾਂ ਦੀ ਢੱਠੀ ਜਿਹੀ ਕੱਚੀ ਦੁਕਾਨ ਤੋਂ ਮਿੱਟੀ ਦਾ ਇੱਕ ਹੋਰ ਕਸੋਰਾ ਲੈ ਆਂਦਾ। ਰੋਜ਼ਾਨਾ ਉਹ ਕਸੋਰੇ ਵਿੱਚ ਪਾਣੀ ਭਰ ਕੇ ਆਲ੍ਹਣੇ ਨੇੜਲੀ ਕੰਧ ’ਤੇ ਰੱਖ ਦਿੰਦਾ। ਇਸ ਦੇ ਕੋਲ ਹੀ ਉਹ ਨਿੱਕੀ ਜਿਹੀ ਕੌਲੀ ਵਿੱਚ ਥੋੜ੍ਹਾ ਚੋਗਾ ਵੀ ਪਾ ਛੱਡਦਾ।

ਹੌਲੀ-ਹੌਲੀ ਇਸ ਜੋੜੇ ਦੀ ਨੇੜਤਾ ਪਰਿਵਾਰ ਦੇ ਹਰ ਜੀਅ ਨਾਲ ਵਧਣ ਲੱਗੀ। ਪਲ ਪਲ ਤ੍ਰਭਕਣ ਵਾਲੇ ਇਹ ਪੰਛੀ ਹੁਣ ਸੰਤ ਸਿੰਘ, ਉਸ ਦੀ ਪਤਨੀ ਬਸੰਤ ਕੌਰ, ਮਾਂ ਬਚਨ ਕੌਰ ਤੇ ਪੁੱਤਰ ਹਰਜੋਤ ਦੇ ਨੇੜੇ ਆ ਕੇ ਬੈਠਣ ਲੱਗ ਪਏ ਸਨ। ਸਮਾਂ ਬੀਤਿਆ। ਬੁਲਬੁਲ ਦੇ ਅੰਡਿਆਂ ਵਿੱਚੋਂ ਦੋ ਨਿੱਕੇ ਨਿੱਕੇ ਬੋਟ ਨਿਕਲੇ। ਸਾਰਾ ਦਿਨ ਦੋਵੇਂ ਪੰਛੀ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ। ਕੁਝ ਹੀ ਦਿਨਾਂ ਵਿੱਚ ਚੀਂ ਚੀਂ ਸੁਣਨ ਲੱਗੀ ਤੇ ਵੇਖਦੇ ਹੀ ਵੇਖਦੇ ਦਿਨਾਂ ਵਿੱਚ ਹੀ ਦੋਵੇਂ ਬੋਟ ਉਡਾਰੀਆਂ ਭਰਨ ਲੱਗ ਪਏ। ਇੰਜ ਦੋਵੇਂ ਪੰਛੀ ਤੇ ਉਨ੍ਹਾਂ ਦੇ ਦੋਵੇਂ ਬੱਚੇ ਇਸ ਆਲ੍ਹਣੇ ਨੂੰ ਛੱਡ ਉਡਾਰੀ ਮਾਰ ਗਏ।

ਫਿਰ ਹਰ ਸਾਲ ਹੀ ਇਹ ਸਿਲਸਿਲਾ ਚੱਲਣ ਲੱਗਿਆ ਤੇ ਲਗਪਗ 21 ਵਰ੍ਹੇ ਬੀਤਣ ਮਗਰੋਂ ਵੀ ਜਾਰੀ ਸੀ। ਇਸ ਵਰ੍ਹੇ ਪੰਛੀਆਂ ਦੀ ਆਮਦ ਪਹਿਲਾਂ ਨਾਲੋਂ ਕੁਝ ਪੱਛੜ ਕੇ ਹੋਈ ਸੀ। ਅਗਸਤ ਦੇ ਆਖ਼ਰੀ ਦਿਨ ਲੰਘ ਰਹੇ ਸਨ ਜਦੋਂ ਪੰਛੀਆਂ ਦੇ ਜੋੜੇ ਦੀ ਘਰ ਵਿੱਚ ਆਮਦ ਹੋਈ। ਜਦੋਂ ਕੁਝ ਹੀ ਦਿਨਾਂ ਬਾਅਦ ਮੁੜ ਨਿੱਕੇ ਨਿੱਕੇ ਬੋਟਾਂ ਦੀਆਂ ਆਵਾਜ਼ਾਂ ਸੰਤ ਸਿੰਘ ਦੇ ਕੰਨੀਂ ਪਈਆਂ ਤਾਂ ਉਹ ਖ਼ੁਸ਼ੀ ਵਿੱਚ ਝੂਮ ਉੱਠਿਆ। ਛੇ ਦਿਨਾਂ ਪਿੱਛੋਂ ਦੋਵੇਂ ਬੋਟਾਂ ਵਿੱਚੋਂ ਇੱਕ ਨੇ ਨਿੱਕੀ ਜਿਹੀ ਉਡਾਰੀ ਭਰੀ ਸੀ। ਫਿਰ ਉਹ ਵਾਰੀ-ਵਾਰੀ ਫੁਦਕਦਾ ਹੋਇਆ ਘਰ ਦੇ ਵਿਹੜੇ ਵਿੱਚ ਲੱਗੇ ਹੋਰਨਾਂ ਫਲਾਂ ਵਾਲੇ ਦਰੱਖ਼ਤਾਂ ਦੀਆਂ ਟਾਹਣੀਆਂ ’ਤੇ ਬੈਠਣ ਲੱਗਿਆ। ਸੰਤ ਸਿੰਘ ਨੂੰ ਦੂਜਾ ਬੋਟ ਕਈ ਦਿਨਾਂ ਬਾਅਦ ਵੀ ਉਡਾਰੀ ਭਰਦਾ ਨਾ ਦਿਸਿਆ ਤਾਂ ਉਸ ਦਾ ਮਨ ਪ੍ਰੇਸ਼ਾਨ ਹੋ ਗਿਆ।

ਇੱਕ ਸਵੇਰ ਸੰਤ ਸਿੰਘ ਪੋਰਚ ਵਿੱਚ ਹੇਠਾਂ ਕੁਰਸੀ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਅਚਾਨਕ ਉਸ ਦਾ ਧਿਆਨ ਗਿਆ ਕਿ ਦੋਵੇਂ ਪੰਛੀ ਬਹੁਤ ਬੇਚੈਨ ਸਨ ਤੇ ਵਾਰ ਵਾਰ ਉਸ ਕੋਲ ਆ ਕੇ ਮੁੜ ਆਲ੍ਹਣੇ ਵੱਲ ਜਾ ਰਹੇ ਸਨ। ਪੰਛੀਆਂ ਨੂੰ ਇੰਜ ਰੌਲਾ ਪਾਉਂਦੇ ਸੁਣ ਬਸੰਤ ਕੌਰ ਵੀ ਬਾਹਰ ਆ ਗਈ। ਬਸੰਤ ਕੌਰ ਨੇ ਚਿੰਤਤ ਹੁੰਦਿਆਂ ਕਿਹਾ, ‘‘ਲਗਦੈ ਇਹ ਤੁਹਾਨੂੰ ਕੁਝ ਕਹਿ ਰਹੇ ਨੇ, ਜ਼ਰਾ ਵੇਖੋ ਤਾਂ ਕੀ ਹੋਇਆ ਹੈ!’’ ਇਹ ਕਹਿੰਦੀ ਹੋਈ ਬਸੰਤ ਕੌਰ ਪੰਛੀਆਂ ਲਈ ਭਰ ਕੇ ਰੱਖਿਆ ਪਾਣੀ ਵਾਲਾ ਕਸੋਰਾ ਵੇਖਣ ਤੁਰ ਗਈ, ਪਰ ਉਹ ਤਾਂ ਚੰਗਾ ਭਲਾ ਭਰਿਆ ਹੋਇਆ ਸੀ। ਕੌਲੀ ਵਿੱਚ ਵੀ ਚੋਗਾ ਪਿਆ ਸੀ।

ਸੰਤ ਸਿੰਘ ਨੂੰ ਖ਼ਿਆਲ ਆਇਆ ਕਿ ਦੋਵੇਂ ਪੰਛੀ ਜ਼ਰੂਰ ਆਪਣੇ ਦੂਜੇ ਬੋਟ ਨੂੰ ਲੈ ਕੇ ਦੁਖੀ ਹੋਣਗੇ। ਸੰਤ ਸਿੰਘ ਕਾਹਲ ਨਾਲ ਗੈਰਾਜ ਵਿੱਚ ਗਿਆ ਤੇ ਪੌੜੀ ਚੁੱਕ ਲਿਆਇਆ। ਉਸ ਪੌੜੀ ਆਲ੍ਹਣੇ ਕੋਲ ਲਾ ਕੇ ਅੰਦਰ ਝਾਤੀ ਮਾਰੀ ਤਾਂ ਉਸ ਦੇਖਿਆ ਕਿ ਟੋਕਰੀ ਵਿੱਚ ਲਾਈ ਹੋਈ ਰਾਜਸਥਾਨੀ ਬੂਟੀ ਦੀਆਂ ਜੜ੍ਹਾਂ ਵਿੱਚ ਪਤੰਗ ਵਾਲੀ ਡੋਰ ਦਾ ਡੇਢ ਕੁ ਫੁੱਟ ਦਾ ਇੱਕ ਟੋਟਾ ਲਿਪਟਿਆ ਹੋਇਆ ਸੀ ਤੇ ਬੋਟ ਦੇ ਦੋਵੇਂ ਪੰਜੇ ਡੋਰ ਅਤੇ ਬੂਟੀ ਦੀਆਂ ਜੜ੍ਹਾਂ ਵਿੱਚ ਉਲਝੇ ਪਏ ਸਨ। ਇਹ ਵੇਖ ਉਸ ਦਾ ਦਿਲ ਅੰਦਰ ਤੱਕ ਦੁਖੀ ਹੋਇਆ। ਵਿਚਾਰਾ ਬੋਟ ਕਿੰਨੇ ਹੀ ਦਿਨਾਂ ਤੋਂ ਇਸ ਦੁੱਖ ਵਿੱਚ ਸੀ। ਸੰਤ ਸਿੰਘ ਨੇ ਬਸੰਤ ਕੌਰ ਨੂੰ ਕੈਂਚੀ ਲਿਆਉਣ ਲਈ ਕਿਹਾ।

‘‘ਜੀ, ਮੈਂ ਹੁਣੇ ਲਿਆਈ।’’ ਇਹ ਆਖਦਿਆਂ ਬਸੰਤ ਕੌਰ ਕਾਹਲੀ ਨਾਲ ਅੰਦਰ ਗਈ। ਉਸ ਤੁਰੰਤ ਹੀ ਕੈਂਚੀ ਲਿਆ ਕੇ ਸੰਤ ਸਿੰਘ ਨੂੰ ਫੜਾ ਦਿੱਤੀ। ਸੰਤ ਸਿੰਘ ਨੇ ਬਹੁਤ ਹੀ ਧਿਆਨ ਨਾਲ ਬੋਟ ਦੇ ਪੰਜਿਆਂ ਵਿੱਚ ਉਲਝੀ ਹੋਈ ਡੋਰ ਨੂੰ ਕੱਟਿਆ। ਬੋਟ ਦੇ ਪੰਜੇ ਡੋਰ ਦੀ ਕੈਦ ’ਚੋਂ ਆਜ਼ਾਦ ਹੋਏ ਤਾਂ ਸੰਤ ਸਿੰਘ ਨੇ ਬੜੀ ਹੀ ਸਾਵਧਾਨੀ ਨਾਲ ਬੋਟ ਨੂੰ ਆਪਣੀ ਹਥੇਲੀ ’ਤੇ ਚੁੱਕ ਲਿਆ।

ਦੋਵੇਂ ਜੀਆਂ ਨੇ ਰਲ਼ ਕੇ ਬੋਟ ਨੂੰ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਿਆਇਆ ਤੇ ਥੋੜ੍ਹੀ ਦੇਰ ਬਾਅਦ ਮੁੜ ਆਲ੍ਹਣੇ ਵਿੱਚ ਰੱਖ ਦਿੱਤਾ। ਇਸ ਸਭ ਦੌਰਾਨ ਪੰਛੀਆਂ ਦਾ ਜੋੜਾ ਵੀ ਹੁਣ ਸ਼ਾਂਤ ਹੋ ਕੇ ਕੰਧ ’ਤੇ ਜਾ ਬੈਠਿਆ ਸੀ। ਜਿਵੇਂ ਹੀ ਸੰਤ ਸਿੰਘ ਬੋਟ ਨੂੰ ਆਲ੍ਹਣੇ ਵਿੱਚ ਰੱਖ ਕੇ ਹੇਠਾਂ ਉਤਰਿਆ ਤਾਂ ਕੰਧ ’ਤੇ ਬੈਠਿਆ ਜੋੜਾ ਉੱਡ ਕੇ ਆਲ੍ਹਣੇ ਵਿੱਚ ਆ ਵੜਿਆ। ਕੁਝ ਹੀ ਸਕਿੰਟਾਂ ਵਿੱਚ ਸਾਰੇ ਪੰਛੀ ਮੁੜ ਖ਼ੁਸ਼ੀ ਵਿੱਚ ਚਹਿਚਹਾ ਰਹੇ ਸਨ। ਕੁਝ ਦੇਰ ਬਾਅਦ ਪੰਛਿਆਂ ਦਾ ਜੋੜਾ ਆਲ੍ਹਣੇ ’ਚੋਂ ਨਿਕਲ ਕੇ ਹੇਠਾਂ ਸੰਤ ਸਿੰਘ ਦੀ ਕੁਰਸੀ ਕੋਲ ਆ ਬੈਠਿਆ, ਜਿਵੇਂ ਉਹ ਉਸ ਦਾ ਸ਼ੁਕਰਾਨਾ ਕਰ ਰਹੇ ਹੋਣ। ਉਸ ਸ਼ਾਮ ਦੂਜੇ ਬੋਟ ਨੇ ਵੀ ਨਿੱਕੀਆਂ ਨਿੱਕੀਆਂ ਉਡਾਰੀਆਂ ਭਰੀਆਂ ਤੇ ਅਗਲੀ ਸਵੇਰ ਸਾਰੇ ਉੱਡ ਗਏ।

ਸੰਪਰਕ: 84276-85020

* * *

Advertisement
×