DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀਆਂ: ਦਫ਼ਤਰ ਦੀ ਘੜੀ

ਰਾਜੇਸ਼ ਰਿਖੀ ਪੰਜਗਰਾਈਆਂ ਬਾਬਾ ਹਰਨਾਮ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਰੁਕੀ ਹੋਈ ਪੈਨਸ਼ਨ ਬਹਾਲ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਗੇੜੇ ਮਾਰ ਰਿਹਾ ਸੀ। ਪਹਿਲਾਂ ਕਈ ਗੇੜਿਆਂ ’ਚ ਉਸ ਨੂੰ ਕੋਈ ਨਾ ਕੋਈ ਦਸਤਾਵੇਜ਼ ਪੂਰਾ ਕਰਨ ਲਈ ਆਖ ਕੇ ਭੇਜ...

  • fb
  • twitter
  • whatsapp
  • whatsapp
Advertisement

ਰਾਜੇਸ਼ ਰਿਖੀ ਪੰਜਗਰਾਈਆਂ

ਬਾਬਾ ਹਰਨਾਮ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਰੁਕੀ ਹੋਈ ਪੈਨਸ਼ਨ ਬਹਾਲ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਗੇੜੇ ਮਾਰ ਰਿਹਾ ਸੀ। ਪਹਿਲਾਂ ਕਈ ਗੇੜਿਆਂ ’ਚ ਉਸ ਨੂੰ ਕੋਈ ਨਾ ਕੋਈ ਦਸਤਾਵੇਜ਼ ਪੂਰਾ ਕਰਨ ਲਈ ਆਖ ਕੇ ਭੇਜ ਦਿੱਤਾ ਜਾਂਦਾ ਸੀ। ਹੁਣ ਬਾਬੇ ਨੇ ਸਾਰੇ ਦੱਸੇ ਹੋਏ ਕਾਗਜ਼ ਪੂਰੇ ਕਰ ਲਏ ਸਨ ਤੇ ਕਈ ਹਫ਼ਤਿਆਂ ਤੋਂ ਲਗਪਗ ਰੋਜ਼ ਹੀ ਦਫ਼ਤਰ ਦੇ ਗੇੜੇ ਲਾ ਰਿਹਾ ਸੀ। ਗ਼ਰਮੀ ਜ਼ਿਆਦਾ ਹੋਣ ਕਰਕੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਗਿਆ ਸੀ, ਜਿਸ ਕਰਕੇ ਹਰਨਾਮ ਸਿੰਘ ਨੂੰ ਸੁਵਖ਼ਤੇ ਹੀ ਪਿੰਡੋਂ ਸ਼ਹਿਰ ਵਾਲੀ ਬੱਸ ’ਤੇ ਬੈਠਣਾ ਪੈਂਦਾ ਸੀ। ਬਾਬਾ ਹਰਨਾਮ ਅਧਿਕਾਰੀ ਦੇ ਆਉਣ ਤੋਂ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦਾ, ਪਰ 7.30 ਤੋਂ 8.30 ਤੇ ਫਿਰ 9.30 ਵੀ ਵੱਜ ਜਾਂਦੇ, ਪਰ ਅਧਿਕਾਰੀ ਦੇ ਦਰਸ਼ਨ ਨਾ ਹੁੰਦੇ। ਉਸ ਦਾ ਸਾਰਾ ਦਿਨ ਸਿਰਫ਼ ਅਧਿਕਾਰੀ ਦੀ ਉਡੀਕ ਵਿੱਚ ਹੀ ਲੰਘ ਜਾਂਦਾ।

Advertisement

ਇੱਕ ਦਿਨ ਲੰਚ ਬਰੇਕ ਤੋਂ ਬਾਅਦ ਜਦੋਂ ਬਾਬਾ ਅਧਿਕਾਰੀ ਦੇ ਕਮਰੇ ਬਾਹਰ ਉਡੀਕ ਕਰ ਰਿਹਾ ਸੀ ਤਾਂ ਅਧਿਕਾਰੀ ਲਗਪਗ ਇੱਕ ਵਜੇ ਖਾਣਾ ਖਾ ਕੇ ਪਰਤਿਆ। ਹਰਨਾਮ ਸਿੰਘ ਨੇ ਕਾਹਲ ਨਾਲ ਅਧਿਕਾਰੀ ਸਾਹਮਣੇ ਪੇਸ਼ ਹੋ ਕੇ ਆਪਣੀ ਫਾਈਲ ਉਸ ਦੇ ਮੇਜ਼ ’ਤੇ ਰੱਖਦਿਆਂ ਹਲੀਮੀ ਨਾਲ ਕਿਹਾ, ‘‘ਬਾਬੂ ਜੀ ਮੇਰੀ ਪੈਨਸ਼ਨ ਕਈ ਮਹੀਨਿਆਂ ਦੀ ਰੁਕੀ ਹੋਈ ਹੈ, ਮੈਂ ਤੁਹਾਡੇ ਦੱਸਣ ਅਨੁਸਾਰ ਸਾਰੇ ਕਾਗਜ਼ ਪੂਰੇ ਕਰ ਲਏ, ਮੇਰਾ ਕੰਮ ਕਰ ਦਿਓ।’’ ਅੱਗੋਂ ਬਾਬੂ ਤਿਰਛੀ ਨਜ਼ਰ ਨਾਲ ਦੇਖਦਿਆਂ ਬੋਲਿਆ, ‘‘ਬਾਬਾ ਜੀ ਫਾਈਲ ਤਾਂ ਬਾਅਦ ਵਿੱਚ ਦੇਖੂੰ ਪਹਿਲਾਂ ਤੁਸੀਂ ਉਹ ਕੰਧ ’ਤੇ ਲੱਗੀ ਘੜੀ ਵੱਲ ਦੇਖੋ, ਹੁਣ ਦਫ਼ਤਰ ਦਾ ਸਮਾਂ 1.30 ਵਜੇ ਤੱਕ ਹੈ ਤੇ ਸਾਡੇ ਜਾਣ ਦਾ ਸਮਾਂ ਹੋ ਗਿਆ ਹੈ। ਤੁਸੀਂ ਹੁਣ ਕੱਲ ਆਇਓ।’’ ਇਹ ਕਹਿੰਦਾ ਹੋਇਆ ਬਾਬੂ ਆਪਣਾ ਬੈਗ ਚੁੱਕ ਕੇ ਜਾਣ ਦੀ ਤਿਆਰੀ ਕਰਨ ਲੱਗਿਆ।

Advertisement

ਹਰਨਾਮ ਸਿੰਘ ਨੇ ਘੜੀ ਵੱਲ ਦੇਖਿਆ ਤਾਂ 1 ਵੱਜ ਕੇ 22 ਮਿੰਟ ਹੋ ਚੁੱਕੇ ਸਨ। ਉਸ ਨੇ ਮਾਯੂਸੀ ਨਾਲ ਆਪਣੀ ਫਾਈਲ ਮੇਜ਼ ਤੋਂ ਚੁੱਕੀ ਤੇ ਕਮਰੇ ਤੋਂ ਬਾਹਰ ਆ ਗਿਆ। ਦਫ਼ਤਰ ਦੀਆਂ ਪੌੜੀਆਂ ਉਤਰਦੇ ਹੋਏ ਹਰਨਾਮ ਸਿੰਘ ਦੇ ਮਨ ਵਿੱਚ ਵਾਰ ਵਾਰ ਇੱਕ ਹੀ ਸਵਾਲ ਉੱਠ ਰਿਹਾ ਸੀ ‘ਕੀ ਇਹ ਘੜੀ ਕਦੇ ਸਵੇਰ ਦੇ 7.30 ਵਜੇ ਦਾ ਸਮਾਂ ਨਹੀਂ ਦਿਖਾਉਂਦੀ? ਕੀ ਇਹ ਘੜੀ 9.30 ਤੋਂ ਪਹਿਲਾਂ ਚੱਲਦੀ ਹੀ ਨਹੀਂ?’

ਸੰਪਰਕ: 94644-42300ਂ

* * *

ਤਪਦੇ ਸੂਰਜ

ਜਸਬੀਰ ਦੱਧਾਹੂਰ

ਗਰਮੀ ਪਿੰਡੇ ਦੰਦੀਆਂ ਵੱਢਣ ਲੱਗੀ ਸੀ ਤਾਪਮਾਨ ਚਾਲੀ ਤੋਂ ਉੱਪਰ ਚੜ੍ਹਨ ਲੱਗਿਆ ਸੀ! ਗਰਮੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ।

ਸਵੇਰੇ ਗੁਰਮੇਲ ਅਖ਼ਬਾਰ ’ਚ ਚਾਰ ਰੋਟੀਆਂ ਲਪੇਟ ਝੋਲਾ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਤੁਰਨ ਲੱਗਿਆ ਤਾਂ ਅੱਗੋਂ ਛੇਵੀਂ ਕਲਾਸ ’ਚ ਪੜ੍ਹਦੀ ਨਿੱਕੀ ਨੇ ਕਿਹਾ, ‘‘ਪਾਪਾ! ਤੁਸੀਂ ਵੀ ਗਰਮੀ ’ਚ ਛੁੱਟੀਆਂ ਕਰ ਲਓ। ਧੁੱਪ ਬਹੁਤ ਹੁੰਦੀ ਏ ਪਾਪਾ! ਸਰ ਨੇ ਕਿਹਾ ਸੀ ਕਿ ਕਿਸੇ ਨੇ ਵੀ ਬਾਹਰ ਧੁੱਪ ਵਿੱਚ ਨਹੀਂ ਨਿਕਲਣਾ।’’ ਗੁਰਮੇਲ ਨੂੰ ਆਪਣੀ ਧੀ ਦੀ ਮਾਸੂਮੀਅਤ ’ਤੇ ਬਹੁਤ ਮੋਹ ਆਇਆ, ਪਰ ਘਰ ਦੀਆਂ ਜ਼ਿੰਮੇਵਾਰੀਆਂ ਤੇ ਨਿੱਕੀ ਦੀ ਪੜ੍ਹਾਈ ਦਾ ਫਿਕਰ ਉਸ ਨੂੰ ਧੁੱਪ ਤੋਂ ਡਰ ਕੇ ਘਰੇ ਬੈਠਣ ਦੀ ਇਜਾਜ਼ਤ ਨਹੀਂ ਸੀ ਦਿੰਦੇ। ਕਬੀਲਦਾਰੀ ਦੀ ਪੰਡ ਨੂੰ ਸਿਰ ’ਤੇ ਧਰ ਗੁਰਮੇਲ ਸਾਈਕਲ ਨੂੰ ਗਲੀ ’ਚੋਂ ਕੱਢ ਤਪਦੇ ਸੂਰਜ ਵੱਲ ਦੇਖਦਾ ਕੰਮ ਲਈ ਨਿਕਲ ਗਿਆ।

ਸੰਪਰਕ: 98156-88236

* * *

ਬੇਰੁਜ਼ਗਾਰੀ

ਵਿਪਨ ਜਲਾਲਾਬਾਦੀ

ਲੰਮੇ ਸਮੇਂ ਮਗਰੋਂ ਕਾਲਜ ਦੇ ਪੁਰਾਣੇ ਸਹਿਪਾਠੀ ਦੋ ਮਿੱਤਰ ਇੱਕ ਦਿਨ ਆਪਸ ਵਿੱਚ ਟੱਕਰ ਗਏ। ‘‘ਵਾਹ ਬਈ ਵਾਹ! ਸਮੀਰ ਤੂੰ ਤਾਂ ਈਦ ਦਾ ਚੰਨ ਹੀ ਹੋ ਗਿਐਂ। ਕਿੰਨੇ ਚਿਰਾਂ ਬਾਅਦ ਅੱਜ ਮੁਲਾਕਾਤ ਹੋਈ ਏ। ਹੋਰ ਸੁਣਾ ਕੀ ਹਾਲ-ਚਾਲ ਏ ?’’ ਹਰੀਸ਼ ਨੇ ਪੁੱਛਿਆ। ‘‘ਹਾਲ ਕਾਹਦੇ ਨੇ ਯਾਰ ਤੈਨੂੰ ਤਾਂ ਪਤਾ ਹੀ ਏ, ਜਿੰਨਾ ਮਰਜ਼ੀ ਪੜ੍ਹ ਲਓ, ਨੌਕਰੀ ਪੱਖੋਂ ਤਾਂ ਹੱਥ ਖਾਲੀ ਦੇ ਖਾਲੀ ਹੀ ਰਹਿੰਦੇ ਨੇ।’’ ਸਮੀਰ ਨੇ ਮਾਯੂਸੀ ਨਾਲ ਕਿਹਾ।

‘‘ਏਨਾ ਮਾਯੂਸ ਨਹੀਂ ਹੋਈਦਾ, ਜੇਕਰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਕੋਈ ਆਪਣਾ ਬਿਜ਼ਨਸ ਕਰ ਲੈ।’’ ਹਰੀਸ਼ ਨੇ ਹੌਸਲਾ ਦਿੰਦਿਆਂ ਕਿਹਾ। ‘‘ਭਰਾਵਾ ਬਿਜ਼ਨਸ ਵੀ ਐਵੇਂ ਈ ਸ਼ੁਰੂ ਨਹੀਂ ਹੋ ਜਾਂਦੈ। ਉਸ ਲਈ ਵੀ ਲੱਖਾਂ ਰੁਪਏ ਚਾਹੀਦੇ ਨੇ।’’ ‘‘ਉਹ ਨਹੀਂ ਯਾਰ ਬੰਦਾ ਸਕੀਮੀ ਹੋਣਾ ਚਾਹੀਦਾ ਏ। ਹੁਣ ਮੈਨੂੰ ਹੀ ਵੇਖ ਲਾ, ਵਧੀਆ ਕੰਮ ਚਲਦੈ ਆਪਣਾ। ਛੋਟੀ ਜਿਹੀ ਦੁਕਾਨ ਹੈ ਪਰ ਗਾਹਕਾਂ ਦੀ ਲੰਮੀ ਲਾਈਨ ਹਰ ਵੇਲੇ ਲੱਗੀ ਰਹਿੰਦੀ ਏ।’’ ਹਰੀਸ਼ ਨੇ ਸਮੀਰ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ।

‘‘ਅੱਛਾ ! ਕਿਹੜਾ ਕੰਮ ਕਰਦੈਂ ਤੂੰ, ਜ਼ਰਾ ਮੈਨੂੰ ਵੀ ਦੱਸ। ਸਮੀਰ ਨੇ ਉਤਸੁਕਤਾ ਨਾਲ ਪੁੱਛਿਆ। ‘‘ਉਹੀ ਕੰਮ ਜੀਹਦੀ ਅੱਜ ਕੱਲ੍ਹ ਬੜੀ ਡਿਮਾਂਡ ਹੈ, ਬੇਰੁਜ਼ਗਾਰਾਂ ਦੇ ਨੌਕਰੀ ਵਾਲੇ ਫਾਰਮ ਭਰਦਾ ਹਾਂ।’’ ਹਰੀਸ਼ ਤਪਾਕ ਦੇਣੀ ਬੋਲਿਆ।

ਸੰਪਰਕ: 97794-78900ਂ

* * *

Advertisement
×