DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀਆਂ: ਇਤਿਹਾਸ

ਪਰਮਜੀਤ ਸਿੰਘ ਨਿੱਕੇ ਘੁੰਮਣ ‘‘ਮੈਂ ਕਿਹਾ ਜੀ, ਤੁਸੀਂ ਪਿਤਾ ਜੀ ਨੂੰ ਆਖੋ ਤਾਂ ਸਹੀ ਕਿ ਉਹ ਮਕਾਨ ਸਾਡੇ ਨਾਂ ਲਗਵਾ ਦੇਣ... ਉਨ੍ਹਾਂ ਦਾ ਕੀ ਭਰੋਸਾ ਏ ਅੱਜ ਹਨ ਤੇ ਕੱਲ੍ਹ...’’ ਨਾਲ ਦੇ ਕਮਰੇ ਵਿੱਚ ਮੇਰੀ ਨੂੰਹ, ਮੇਰੇ ਪੁੱਤਰ ਨੂੰ ਆਖ...

  • fb
  • twitter
  • whatsapp
  • whatsapp
Advertisement

ਪਰਮਜੀਤ ਸਿੰਘ ਨਿੱਕੇ ਘੁੰਮਣ

‘‘ਮੈਂ ਕਿਹਾ ਜੀ, ਤੁਸੀਂ ਪਿਤਾ ਜੀ ਨੂੰ ਆਖੋ ਤਾਂ ਸਹੀ ਕਿ ਉਹ ਮਕਾਨ ਸਾਡੇ ਨਾਂ ਲਗਵਾ ਦੇਣ... ਉਨ੍ਹਾਂ ਦਾ ਕੀ ਭਰੋਸਾ ਏ ਅੱਜ ਹਨ ਤੇ ਕੱਲ੍ਹ...’’ ਨਾਲ ਦੇ ਕਮਰੇ ਵਿੱਚ ਮੇਰੀ ਨੂੰਹ, ਮੇਰੇ ਪੁੱਤਰ ਨੂੰ ਆਖ ਰਹੀ ਸੀ।

Advertisement

‘‘ਕਈ ਵਾਰ ਆਖਿਆ ਤਾਂ ਹੈ, ਪਰ ਪਿਤਾ ਜੀ ਉੱਕਾ ਹੀ ਪੱਲਾ ਨਹੀਂ ਫੜਾਉਂਦੇ। ਆਖਦੇ ਨੇ ਦੁਕਾਨ ਵੱਡੇ ਨੂੰ ਦੇ ਦੇਣੀ ਏ ਤੇ ਮਕਾਨ ਤੁਹਾਨੂੰ, ਕਾਹਲੀ ਕਾਹਦੀ ਏ। ਮੈਂ ਕਿਹੜਾ ਮਰ ਚੱਲਿਆਂ?’’ ਮੇਰੇ ਆਖੇ ਸ਼ਬਦ ਦੁਹਰਾਉਂਦਿਆਂ ਮੇਰਾ ਪੁੱਤਰ ਬੋਲਿਆ।

Advertisement

‘‘ਫਿਰ ਵੀ ਸਾਹਾਂ ਦਾ ਕੀ ਪਤਾ ਹੁੰਦੈ। ਆਪਣੇ ਹੱਥੀਂ ਸਭ ਕੰਮ ਮੁਕਾ ਜਾਣ ਤਾਂ ਸਾਡੀ ਵੀ ਚਿੰਤਾ ਮੁੱਕੇ ਤੇ ਅਸੀਂ ਸੁਰਖ਼ਰੂ ਹੋਈਏ।’’ ਮੇਰੀ ਨੂੰਹ ਨੇ ਆਪਣੇ ਧੁਰ ਅੰਦਰ ਧੁਖ਼ਦੀ ਚਿੰਤਾ ਨੂੰ ਉਜਾਗਰ ਕਰਦਿਆਂ ਕਿਹਾ।

‘‘ਆਹੋ! ਆਖਦੀ ਤਾਂ ਤੂੰ ਵੀ ਠੀਕ ਹੀ ਏਂ ਪਰ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਸਮੇਂ ਸਿਰ ਜ਼ਮੀਨ-ਜਾਇਦਾਦ ਦੀ ਵੰਡ-ਵੰਡਾਈ ਕਰ ਦੇਣੀ ਚਾਹੀਦੀ ਏ, ਫਿਰ ਜੁ ਭਰਾ-ਭਰਾ ’ਚ ਫੁੱਟ ਪਏਗੀ। ਮੈਂ ਤਾਂ ਸੋਚਦਾ ਹਾਂ ਕਿ ਵੱਡੇ ਭਾਈ ਸਾਬ੍ਹ ਨੂੰ ਸੱਦ ਕੇ ਪਿਤਾ ਜੀ ਨਾਲ ਆਖ਼ਰੀ ਫ਼ੈਸਲਾ ਕਰ ਹੀ ਲਈਏ। ਲੱਖਾਂ ਰੁਪਏ ਦੀ ਜਾਇਦਾਦ ਉਸ ਦੇ ਅਸਲੀ ਹੱਕਦਾਰਾਂ ਨੂੰ ਮਿਲ ਹੀ ਜਾਣੀ ਚਾਹੀਦੀ ਏ। ਬੁੱਢੇ ਸਰੀਰ ਦਾ ਕੀ ਏ? ਦੋ ਫੁਲਕੇ ਖਾਓ ਤੇ ਰੱਬ ਦਾ ਨਾਂ ਲਉ। ਬੁੱਢੀ ਉਮਰੇ ਐਵੇਂ ਜਾਇਦਾਦਾਂ ਨੂੰ ਜੱਫੇ ਨਹੀਂ ਮਾਰਨੇ ਚਾਹੀਦੇ।’’

ਮੇਰੇ ਲਈ ਆਖੇ ਗਏ ਇਨ੍ਹਾਂ ਲਫ਼ਜ਼ਾਂ ਨੇ ਮੇਰੀ ਰੂਹ ਝੰਜੋੜ ਕੇ ਰੱਖ ਦਿੱਤੀ ਸੀ ਤੇ ਮੇਰੇ ਅੰਦਰੋਂ ਇੱਕ ਟੀਸ ਜਿਹੀ ਉੱਠ ਪਈ ਸੀ।

ਇਹ ਪੀੜਾਦਾਇਕ ਟੀਸ ਮੇਰੇ ਪੁੱਤਰ ਵੱਲੋਂ ਆਖੇ ਗਏ ਲਫ਼ਜ਼ਾਂ ਦਾ ਪ੍ਰਤੀਕਰਮ ਨਹੀਂ ਸੀ ਸਗੋਂ ਮੇਰੇ ਆਪਣੇ ਹੀ ਕਹੇ ਸ਼ਬਦਾਂ ਦੇ ਦੁਹਰਾਏ ਜਾਣ ਦਾ ਸੱਲ੍ਹ ਸੀ। ਇਹੋ ਲਫ਼ਜ਼ ਆਪਣੀ ਜਵਾਨੀ ਵੇਲੇ ਮੈਂ ਆਪਣੇ ਬਜ਼ੁਰਗ ਬਾਪ ਨੂੰ ਕਹੇ ਸਨ ਤੇ ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ।

ਸੰਪਰਕ: 97816-46008

* * *

ਦੁੱਖਾਂ ਦੀ ਪੰਡ

ਗੁਰਪ੍ਰੀਤ ਸਿੰਘ

ਪਿਛਲੇ ਸਾਲ ਮੈਨੂੰ ਬੇਬੇ ਨਸੀਬ ਕੌਰ ਦਾ ਫੋਨ ਆਇਆ। ਬੇਬੇ ਨਸੀਬ ਕੌਰ ਬੇਸ਼ੱਕ ਦੂਰ ਦੀ ਰਿਸ਼ਤੇਦਾਰੀ ’ਚੋਂ ਸੀ, ਪਰ ਸਾਡੇ ਪਰਿਵਾਰ ਨਾਲ ਉਸ ਦਾ ਮੋਹ ਬਹੁਤ ਡੂੰਘਾ ਤੇ ਨੇੜਲਾ ਸੀ। ਨੌਕਰੀ ਮਗਰੋਂ ਸ਼ਹਿਰ ਆਉਣ ਕਾਰਨ ਹੁਣ ਪਿੰਡ ਨਾਲ ਸੰਪਰਕ ਕਾਫ਼ੀ ਘਟ ਗਿਆ ਸੀ। ਬੇਬੇ ਨਸੀਬ ਕੌਰ ਨਾਲ ਵੀ ਲਗਪਗ ਪੰਦਰਾਂ ਸਾਲਾਂ ਬਾਅਦ ਮੇਰੀ ਗੱਲ ਹੋ ਰਹੀ ਸੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਅਤੇ ਘਰ ਦੇ ਜੀਆਂ ਦਾ ਹਾਲ-ਚਾਲ ਪੁੱਛਿਆ। ਬੇਬੇ ਨੇ ਰਸਮੀ ਗੱਲਬਾਤ ਤੋਂ ਬਾਅਦ ਚੰਡੀਗੜ੍ਹ ਹਾਈਕੋਰਟ ’ਚ ਪੇਸ਼ ਹੋਣ ਲਈ ਆਏ ਸੰਮਨ ਬਾਰੇ ਦੱਸਿਆ। ਮੈਂ ਸੋਚਿਆ ਇਸ ਉਮਰੇ ਇਨ੍ਹਾਂ ਨੂੰ ਕਿਸ ਕੇਸ ਦੇ ਸੰਮਨ ਆ ਗਏ। ਫਿਰ ਪਤਾ ਲੱਗਿਆ ਕਿ ਦਸ ਸਾਲ ਪਹਿਲਾਂ ਬੇਬੇ ਨਸੀਬ ਕੌਰ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ ਤੇ ਉਸ ਸਬੰਧੀ ਮੁਆਵਜ਼ੇ ਦਾ ਕੇਸ ਹਾਲੇ ਤੱਕ ਚੱਲ ਰਿਹਾ ਸੀ।

ਬੇਬੇ ਦੀ ਉਦਾਸ ਆਵਾਜ਼ ਸੁਣ ਕੇ ਮੈਥੋਂ ਨਾਂਹ ਨਾ ਕੀਤੀ ਗਈ। ਜਿਸ ਦਿਨ ਦੀ ਤਰੀਕ ਸੀ, ਉਸ ਤੋਂ ਦੋ ਦਿਨ ਪਹਿਲਾਂ ਹੀ ਮੈਨੂੰ ਪਿੰਡੋਂ ਫੋਨ ਆ ਗਿਆ। ਇਸ ਵਾਰ ਬੇਬੇ ਨਸੀਬ ਕੌਰ ਨਹੀਂ, ਸਗੋਂ ਕਿਸੇ ਹੋਰ ਨੇ ਗੱਲ ਕੀਤੀ। ਉਸ ਦੱਸਿਆ ਕਿ ਬੇਬੇ ਨਸੀਬ ਕੌਰ ਦਾ ਨੌਜਵਾਨ ਪੋਤਰਾ ਚੱਲ ਵੱਸਿਆ ਹੈ। ਮੈਨੂੰ ਝਟਕਾ ਲੱਗਿਆ ਕਿ ਹਾਲੇ ਬੇਬੇ ਆਪਣੇ ਮਰੇ ਹੋਏ ਪੁੱਤਰ ਦੇ ਕਾਗਜ਼ ਹੱਥ ਚੁੱਕੀ ਫਿਰਦੀ ਹੈ ਤੇ ਉੱਤੋਂ ਪੋਤਰੇ ਦੀ ਮੌਤ ਨੇ ਉਸ ’ਤੇ ਕਿੰਨਾ ਕਹਿਰ ਢਾਹਿਆ ਹੋਵੇਗਾ। ਖ਼ੈਰ, ਭੋਗ ਤੋਂ ਮਹੀਨਾ ਕੁ ਬਾਅਦ ਮੁੜ ਤਰੀਕ ਦੇ ਕਾਗਜ਼ ਆਏ ਤਾਂ ਮੈਂ ਤੇ ਬੇਬੇ ਨਸੀਬ ਕੌਰ ਅਦਾਲਤ ਪਹੁੰਚ ਗਏ। ਥੋੜ੍ਹੀ ਭੱਜ-ਦੌੜ ਤੋਂ ਬਾਅਦ ਸਾਨੂੰ ਵਕੀਲ ਮਿਲ ਗਿਆ, ਜਿਸ ਨੇ ਸਾਡੀ ਹਾਜ਼ਰੀ ਲਗਵਾਈ ਤੇ ਦੂਸਰੀ ਧਿਰ ਦਾ ਇੰਤਜ਼ਾਰ ਕਰਨ ਲਈ ਆਖਿਆ। ਅਦਾਲਤ ਨੇ ਲੰਮੇ ਸਮੇਂ ਤੋਂ ਲਟਕੇ ਪਏ ਕੇਸ ਹੱਲ ਕਰਨ ਲਈ ਸਮਝੌਤੇ ਵਾਸਤੇ ਭੇਜੇ ਸਨ। ਦੋਵੇਂ ਧਿਰਾਂ ਆਪਸੀ ਸਮਝੌਤੇ ਰਾਹੀਂ ਕੇਸ ਖ਼ਤਮ ਕਰ ਸਕਦੀਆਂ ਸਨ। ਅਸੀਂ ਇੱਕ ਕਮਰੇ ਵਿੱਚ ਬੈਠੇ ਉਡੀਕ ਕਰ ਰਹੇ ਸਾਂ।

ਇਸ ਦੌਰਾਨ ਮੈਂ ਬੇਬੇ ਨਸੀਬ ਕੌਰ ਨੂੰ ਪੁੱਛਿਆ, ‘‘ਬੇਬੇ, ਤੂੰ ਭਲਾ ਇਕੱਲੀ ਪਿੰਡੋਂ ਸ਼ਹਿਰ ਆਈ ਏਂ। ਤੈਨੂੰ ਇੰਨੇ ਧੱਕੇ ਖਾਣ ਦੀ ਲੋੜ ਕੀ ਸੀ? ਤੇਰੇ ਤਿੰਨ ਪੁੱਤਰ ਤੇ ਚਾਰ ਪੋਤੇ ਹਨ। ਕੀ ਉਹ ਨਹੀਂ ਸੀ ਆ ਸਕਦੇ ਤਰੀਕ ’ਤੇ?’’ ਮੇਰੇ ਇਸ ਸਵਾਲ ਨੇ ਜਿਵੇਂ ਬੇਬੇ ਨਸੀਬ ਕੌਰ ਦੀ ਦੁਖਦੀ ਰਗ਼ ਛੇੜ ਦਿੱਤੀ ਹੋਵੇ। ਉਸ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਆਖਿਆ, ‘‘ਵੇ ਪੁੱਤਰਾ, ਮੈਂ ਤੱਤੜੀ ਤਾਂ ਖੌਰੇ ਧੁਰੋਂ ਹੀ ਮਾੜੇ ਲੇਖ ਲਿਖਾ ਲਿਆਈ ਆਂ। ਪੁੱਤਾਂ ਪੋਤਰਿਆਂ ਨਾਲ ਘਰ ਭਰੇ ਘਰ ਵਿੱਚ ਵੀ ਮੈਨੂੰ ਇਸ ਉਮਰੇ ਸਹਾਰਾ ਦੇਣ ਵਾਲਾ ਕੋਈ ਨ੍ਹੀਂ।’’ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਬੇਬੇ ਨਸੀਬ ਕੌਰ ਸੱਚੀਂ ਹੀ ਦੁਨੀਆ ਭਰ ਦੇ ਦੁੱਖ ਆਪਣੀ ਝੋਲੀ ਵਿੱਚ ਲਈ ਬੈਠੀ ਸੀ। ਉਸ ਦੱਸਿਆ ਕਿ ਸਭ ਤੋਂ ਵੱਡੇ ਪੁੱਤਰ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਪਹਿਲਾਂ ਹੀ ਉਸ ਤੋਂ ਛੋਟਾ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਚੁੱਕਿਆ ਸੀ ਤੇ ਦੋ ਸਾਲਾਂ ਬਾਅਦ ਤੀਸਰਾ ਪੁੱਤਰ ਵੀ ਨਸ਼ਾ ਕਰਕੇ ਲੜ ਕੇ ਘਰੋਂ ਐਸਾ ਨਿਕਲਿਆ ਕਿ ਉਸ ਦੀ ਲਾਸ਼ ਅਗਲੇ ਦਿਨ ਚੋਅ ’ਚੋਂ ਮਿਲੀ।

ਇਹ ਸਭ ਸੁਣ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮਾਤਾ-ਪਿਤਾ ਦੇ ਗੁਜ਼ਰਨ ਤੋਂ ਬਾਅਦ ਮੇਰਾ ਪਿੰਡ ਗੇੜਾ ਲੱਗਣਾ ਹੀ ਬੰਦ ਹੋ ਗਿਆ ਸੀ। ਉਸ ਮਗਰੋਂ ਮੈਂ ਟਰੇਨਿੰਗ ਲਈ ਪੰਜ ਸਾਲ ਵਲਾਇਤ ਚਲਾ ਗਿਆ ਤੇ ਪਿੰਡ ਨਾਲ ਮੇਰਾ ਹਰ ਸੰਪਰਕ ਟੁੱਟ ਗਿਆ। ਮੈਨੂੰ ਅਹਿਸਾਸ ਹੀ ਨਹੀਂ ਸੀ ਕਿ ਜਿਨ੍ਹਾਂ ਭਰਾਵਾਂ ਨਾਲ ਮੈਂ ਕਦੇ ਖੇਡਿਆ ਕਰਦਾ ਸਾਂ, ਉਹ ਕਿੰਨਾ ਸਮਾਂ ਪਹਿਲਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ।

ਬੇਬੇ ਅੱਗੇ ਦੱਸ ਰਹੀ ਸੀ ਕਿ ਪਿੱਛੇ ਰਹਿ ਗਿਆ ਉਸ ਦਾ ਚੌਥਾ ਪੁੱਤਰ ਵੀ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਿਆ ਹੋਇਆ ਹੈ ਤੇ ਘਰ ਦੀ ਹਰ ਚੀਜ਼ ਵੇਚ ਦੇਣ ’ਤੇ ਉਤਾਰੂ ਹੈ। ਉਸ ਦੇ ਪੋਤਿਆਂ ਵਿੱਚੋਂ ਸਿਰਫ਼ ਇੱਕ ਹੀ ਪੜ੍ਹਾਈ ਵੱਲ ਵਧ ਸਕਿਆ, ਜੋ ਹਾਲੇ ਦਸਵੀਂ ਦੀ ਪ੍ਰੀਖਿਆ ’ਚ ਬੈਠੇਗਾ, ਬਾਕੀ ਤਿੰਨ ਪੋਤੇ ਪੜ੍ਹਾਈਆਂ ਛੱਡ ਆਪਣੇ ਪਿਓਆਂ ਵਾਂਗ ਨਸ਼ੇ ਕਰਨ ਲੱਗ ਪਏ ਸਨ। ਜਿਸ ਪੋਤੇ ਦੀ ਪਿਛਲੇ ਮਹੀਨੇ ਮੌਤ ਹੋਈ ਸੀ, ਉਹ ਵੀ ਨਸ਼ੇ ਦੀ ਓਵਰਡੋਜ਼ ਕਾਰਨ ਹੀ ਛੱਤ ਤੋਂ ਡਿੱਗਿਆ ਸੀ। ਬੇਬੇ ਨਸੀਬ ਕੌਰ ਦੀਆਂ ਪੰਜ ਪੋਤੀਆਂ ’ਚੋਂ ਵੱਡੇ ਪੁੱਤਰ ਦੀਆਂ ਦੋਵੇਂ ਧੀਆਂ ਹਲਕੀ ਉਮਰੇ ਵਿਆਹ ਦਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਦੇ ਕਿਸੇ ਵੀ ਚਾਚੇ ਵਿੱਚ ਇਹ ਦਮ ਨਹੀਂ ਸੀ ਕਿ ਉਨ੍ਹਾਂ ਨੂੰ ਪੜ੍ਹਾ ਲਿਖਾ ਸਕਦਾ। ਬਾਕੀ ਤਿੰਨ ਪੋਤੀਆਂ ਪੜ੍ਹਾਈ ਦੇ ਨਾਲ ਨਾਲ ਸਿਲਾਈ-ਕਢਾਈ ਦਾ ਕੰਮ ਵੀ ਕਰਦੀਆਂ ਹਨ। ਉਸ ਦੀ ਸਭ ਤੋਂ ਵੱਡੀ ਨੂੰਹ ਵੀ ਸਿਲਾਈ ਕਰਦੀ ਹੈ ਤੇ ਦੋ ਨੂੰਹਾਂ ਆਪਣੇ ਪਤੀਆਂ ਦੀ ਮੌਤ ਮਗਰੋਂ ਪੇਕੇ ਘਰ ਚਲੀਆਂ ਗਈਆਂ ਸਨ। ਚੌਥੀ ਨੂੰਹ ਨਸ਼ਿਆਂ ’ਚ ਫਸੇ ਪਤੀ ਅਤੇ ਪੁੱਤਰ ਨੂੰ ਸੰਭਾਲ ਰਹੀ ਹੈ।

ਮੈਂ ਖ਼ੁਦ ਨੂੰ ਪੁੱਛ ਰਿਹਾ ਸਾਂ ਕਿ ਆਪਣੇ ਤਿੰਨ ਪੁੱਤਰਾਂ ਤੇ ਇੱਕ ਪੋਤੇ ਦੀ ਮੌਤ ਦਾ ਦੁੱਖ ਆਖ਼ਰ ਬੇਬੇ ਨੇ ਕਿਵੇਂ ਝੱਲ ਰਹੀ ਹੈ।

ਇੰਨੇ ਨੂੰ ਵਕੀਲ ਨੇ ਆ ਕੇ ਸਾਨੂੰ ਦੱਸਿਆ ਕਿ ਦੂਸਰੀ ਧਿਰ ਮੁਆਵਜ਼ਾ ਦੇਣ ਲਈ ਰਾਜ਼ੀ ਹੋ ਗਈ ਹੈ ਤੇ ਛੇਤੀ ਹੀ ਕਾਗਜ਼ਾਂ ’ਤੇ ਦਸਤਖ਼ਤ ਕਰਨ ਲਈ ਸਾਨੂੰ ਸੱਦਿਆ ਜਾਵੇਗਾ। ਵਕੀਲ ਦੀ ਇਹ ਗੱਲ ਸੁਣ ਬੇਬੇ ਨਸੀਬ ਕੌਰ ਨੇ ਕੁਝ ਉਤਸੁਕਤਾ ਨਾਲ ਮੈਨੂੰ ਆਖਿਆ, ‘‘ਪੁੱਤਰ, ਤੂੰ ਪੈਸੇ ਮਿਲਣ ਵਾਲੀ ਗੱਲ ਕਿਸੇ ਨੂੰ ਦੱਸੀਂ ਨਾ। ਜੇ ਇਸ ਦੀ ਭਿਣਕ ਮੇਰੇ ਨਸ਼ੇੜੀ ਪੁੱਤਰ ਤੇ ਪੋਤਿਆਂ ਨੂੰ ਲੱਗ ਗਈ ਤਾਂ ਉਹ ਸਭ ਮਿੱਟੀ ਕਰ ਦੇਣਗੇ। ਮੈਂ ਇਨ੍ਹਾਂ ਪੈਸਿਆਂ ਨਾਲ ਆਪਣੀਆਂ ਪੋਤੀਆਂ ਨੂੰ ਪੜ੍ਹਾਵਾਂਗੀ ਤੇ ਉਨ੍ਹਾਂ ਦੇ ਵਿਆਹ ਕਰਾਵਾਂਗੀ।’’ ਉਸ ਦਿਨ ਕਾਰਵਾਈ ਮੁਕੰਮਲ ਨਾ ਹੋ ਸਕੀ ਤੇ ਸਾਨੂੰ ਦੋ ਮਹੀਨਿਆਂ ਬਾਅਦ ਆਉਣ ਲਈ ਕਹਿ ਦਿੱਤਾ ਗਿਆ। ਮੈਂ ਬੇਬੇ ਨਸੀਬ ਕੌਰ ਨੂੰ ਪਿੰਡ ਵਾਲੀ ਬੱਸ ਚੜ੍ਹਾ ਕੇ ਖ਼ੁਦ ਘਰ ਆ ਗਿਆ।

ਮੈਂ ਵੀ ਆਪਣੀ ਨੌਕਰੀ ਦੇ ਰੁਝੇਵਿਆਂ ’ਚ ਰੁੱਝ ਗਿਆ। ਜਦੋਂ ਤਰੀਕ ਦਾ ਸਮਾਂ ਨੇੜੇ ਆਇਆ ਤਾਂ ਮੈਂ ਪਿੰਡ ਫੋਨ ਲਾਇਆ। ਫੋਨ ’ਤੇ ਮੇਰੀ ਗੱਲ ਬੇਬੇ ਦੀ ਪੋਤੀ ਨਾਲ ਹੋਈ। ਉਸ ਰੋਂਦਿਆਂ ਦੱਸਿਆ ਕਿ ਬੇਬੇ ਨਸੀਬ ਕੌਰ ਦੋ ਹਫ਼ਤੇ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਇਹ ਗੱਲ ਸੁਣ ਕੇ ਮੇਰੇ ਮਨ ਦੀ ਬੇਚੈਨੀ ਬਹੁਤ ਵਧ ਗਈ। ਮੈਂ ਦੁਖੀ ਵੀ ਸਾਂ ਤੇ ਉਦਾਸ ਵੀ। ਮੁੜ ਮੁੜ ਇੱਕ ਖ਼ਿਆਲ ਮੇਰੇ ਜ਼ਿਹਨ ਵਿੱਚ ਆ ਰਿਹਾ ਸੀ ਕਿ ਆਪਣੇ ਪੁੱਤਰਾਂ ਦਾ ਦੁੱਖ ਆਪਣੇ ਮੋਢਿਆਂ ’ਤੇ ਢੋਂਦੀ ਢੋਂਦੀ ਅੱਜ ਬੇਬੇ ਖ਼ੁਦ ਇਸ ਦੁਨੀਆ ਤੋਂ ਤੁਰ ਗਈ ਹੈ।

ਸੰਪਰਕ: 97815-17195

* * *

Advertisement
×