DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀਆਂ: ਰੱਬ ਦਾ ਆੜੀ

ਪਿਆਰਾ ਸਿੰਘ ਗੁਰਨੇ ਕਲਾਂ ਸਾਬਕਾ ਸਰਪੰਚ ਜਗਤਾਰ ਸਿੰਘ ਨੂੰ ਸਾਹ ਲੈਣ ਵਿੱਚ ਕੁਝ ਦਿੱਕਤ ਆ ਰਹੀ ਸੀ ਤੇ ਉਸ ਦੀ ਛਾਤੀ ਵਿੱਚ ਦਰਦ ਵੀ ਸੀ। ਉਹ ਹਸਪਤਾਲ ਗਿਆ ਤਾਂ ਡਾਕਟਰ ਨੇ ਧਮਣੀਆਂ ਵਿੱਚ ਰੁਕਾਵਟ ਦੀ ਤਕਲੀਫ਼ ਦੱਸਦਿਆਂ ਸਟੈਂਟ ਪਵਾਉਣ ਦੀ...

  • fb
  • twitter
  • whatsapp
  • whatsapp
Advertisement

ਪਿਆਰਾ ਸਿੰਘ ਗੁਰਨੇ ਕਲਾਂ

ਸਾਬਕਾ ਸਰਪੰਚ ਜਗਤਾਰ ਸਿੰਘ ਨੂੰ ਸਾਹ ਲੈਣ ਵਿੱਚ ਕੁਝ ਦਿੱਕਤ ਆ ਰਹੀ ਸੀ ਤੇ ਉਸ ਦੀ ਛਾਤੀ ਵਿੱਚ ਦਰਦ ਵੀ ਸੀ। ਉਹ ਹਸਪਤਾਲ ਗਿਆ ਤਾਂ ਡਾਕਟਰ ਨੇ ਧਮਣੀਆਂ ਵਿੱਚ ਰੁਕਾਵਟ ਦੀ ਤਕਲੀਫ਼ ਦੱਸਦਿਆਂ ਸਟੈਂਟ ਪਵਾਉਣ ਦੀ ਸਲਾਹ ਦਿੱਤੀ। ਉਹ ਇਲਾਜ ਤੋਂ ਇਨਕਾਰ ਕਰਕੇ ਘਰ ਮੁੜ ਆਇਆ। ਜਗਤਾਰ ਸਿੰਘ ਮਿਹਨਤੀ ਇਨਸਾਨ ਸੀ। ਲੋਕਾਂ ਦੇ ਕੰਮ ਅੱਗੇ ਹੋ ਕੇ ਕਰਦਾ ਤੇ ਰੋਜ਼ ਕਿਲੋਮੀਟਰਾਂ ਦੇ ਹਿਸਾਬ ਨਾਲ ਤੋਰਾ-ਫੇਰਾ ਕਰ ਲੈਂਦਾ ਸੀ। ਪਿਛਲੀ ਵਾਰ ਸਰਪੰਚ ਹੁੰਦਿਆਂ ਵੀ ਉਹ ਲਗਪਗ ਸਾਰਾ ਸਮਾਂ ਪਿੰਡ ਵਾਲਿਆਂ ਦੇ ਕੰਮ ਕਰਾਉਂਦਾ ਰਿਹਾ ਸੀ। ਹੁਣ ਵੀ ਉੁਸ ਦੇ ਘਰ ਲੋਕਾਂ ਦੀ ਆਉਣ-ਜਾਣ ਲੱਗਿਆ ਹੀ ਰਹਿੰਦਾ ਸੀ। ਉਸ ਦਾ ਮੰਨਣਾ ਸੀ ਕਿ ਇਹ ਸਭ ਕੰਮ ਉਸ ਦੇ ਹੱਥੋਂ ਉਸ ਦਾ ਰੱਬ ਹੀ ਕਰਵਾਉਂਦਾ ਹੈ ਤੇ ਇਸ ਪਿੱਛੇ ਕਿਤੇ ਨਾ ਕਿਤੇ ਉਸ ਦਾ ਆਪਣਾ ਭਲਾ ਹੀ ਲੁਕਿਆ ਹੁੰਦਾ ਹੈ।

Advertisement

ਜਗਤਾਰ ਸਿੰਘ ਡਾਕਟਰ ਨੂੰ ਤਾਂ ਮਨ੍ਹਾਂ ਕਰ ਆਇਆ ਸੀ, ਪਰ ਉਸ ਦੇ ਸੀਨੇ ਵਿੱਚ ਹਲਕੀ ਹਲਕੀ ਪੀੜ ਹਾਲੇ ਵੀ ਜਾਰੀ ਸੀ। ਓਧਰ ਉਸ ਦੀ ਪਤਨੀ ਹਰਬੰਸ ਕੌਰ ਆਪਣੀ ਭੈਣ ਦਾ ਪਤਾ ਲੈਣ ਹਸਪਤਾਲ ਗਈ ਹੋਈ ਸੀ। ਹਰਬੰਸ ਕੌਰ ਨੂੰ ਉੱਥੇ ਆਪਣੇ ਪਿੰਡ ਦਾ ਨਰੈਣ ਸਿੰਘ ਮਿਲਿਆ, ਜਿਸ ਦੀ ਹਾਲਤ ਕਾਫ਼ੀ ਖਰਾਬ ਦੱਸੀ ਜਾ ਰਹੀ ਸੀ। ਹਾਲਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਹਰਬੰਸ ਕੌਰ ਨੇ ਤੁਰੰਤ ਇਸ ਦੀ ਜਾਣਕਾਰੀ ਜਗਤਾਰ ਸਿੰਘ ਨੂੰ ਦਿੱਤੀ। ਜਗਤਾਰ ਸਿੰਘ ਤੁਰੰਤ ਕਾਰ ਲੈ ਕੇ ਹਸਪਤਾਲ ਪਹੁੰਚਿਆ ਤੇ ਨਰੈਣ ਸਿੰਘ ਨੂੰ ਲੈ ਕੇ ਵੱਡੇ ਹਸਪਤਾਲ ਵੱਲ ਰਵਾਨਾ ਹੋ ਗਿਆ।

Advertisement

ਵੱਡੇ ਹਸਪਤਾਲ ਤੱਕ ਦਾ ਰਾਹ ਲਗਪਗ ਚਾਰ ਘੰਟੇ ਦਾ ਸੀ। ਖ਼ੁਦ ਜਗਤਾਰ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਦਾ ਭਰਾ ਸੁਖਚੈਨ ਵੀ ਜ਼ਿੱਦ ਕਰਕੇ ਨਾਲ ਤੁਰ ਪਿਆ। ਦੋਵੇਂ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈਆਂ ਦਿੱਤੀਆਂ ਤੇ ਨਿਗਰਾਨੀ ਲਈ ਦਾਖ਼ਲ ਕਰ ਲਿਆ। ਇਸ ਦੌੜ-ਭੱਜ ਵਿੱਚ ਜਗਤਾਰ ਸਿੰਘ ਨੇ ਖ਼ੁਦ ਵੱਲ ਬਿਲਕੁਲ ਧਿਆਨ ਨਹੀਂ ਸੀ ਦਿੱਤਾ।

ਜਗਤਾਰ ਤੇ ਸੁਖਚੈਨ ਦੋਵੇਂ ਵਾਰਡ ਦੇ ਬਾਹਰ ਖੜ੍ਹੇ ਮਰੀਜ਼ ਨੂੰ ਹੋਸ਼ ਆਉਣ ਦੀ ਉਡੀਕ ਕਰ ਰਹੇ ਸਨ ਤਾਂ ਅਚਾਨਕ ਜਗਤਾਰ ਸਿੰਘ ਨੂੰ ਠੰਢੀਆਂ ਤਰੇਲੀਆਂ ਆਉਣ ਲੱਗੀਆਂ ਤੇ ਉਸ ਦੇ ਸੀਨੇ ਦਾ ਦਰਦ ਵੀ ਤੇਜ਼ ਹੋ ਗਿਆ। ਉੱਥੇ ਮੌਜੂਦ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਤੁਰੰਤ ਉਸ ਨੂੰ ਦਿਲ ਦੇ ਮਾਹਿਰ ਡਾਕਟਰ ਕੋਲ ਭੇਜ ਦਿੱਤਾ। ਮਾਹਿਰ ਡਾਕਟਰਾਂ ਦੀ ਟੀਮ ਨੇ ਤੁੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਮੌਕੇ ’ਤੇ ਇਲਾਜ ਹੋਣ ਕਰਕੇ ਜਗਤਾਰ ਸਿੰਘ ਸਮਾਂ ਰਹਿੰਦੇ ਹੀ ਖ਼ਤਰੇ ਤੋਂ ਬਾਹਰ ਆ ਗਿਆ ਸੀ। ਅਪਰੇਸ਼ਨ ਮਗਰੋਂ ਜਗਤਾਰ ਸਿੰਘ ਨੂੰ ਹੋਸ਼ ਆਇਆ ਤਾਂ ਉਸ ਨੇ ਰੱਬ ਦਾ ਸ਼ੁਕਰਾਨਾ ਕਰਦਿਆਂ ਕਿਹਾ, ‘‘ਹੇ ਸੱਚਿਆ ਮਾਲਕਾ, ਤੂੰ ਹੀ ਏਂ ਮੈਨੂੰ ਬਚਾਉਣ ਵਾਲਾ। ਤੇਰੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਇਹ ਤੇਰੀ ਹੀ ਮਰਜ਼ੀ ਸੀ ਕਿ ਮੈਂ ਹਸਪਤਾਲ ਪਹੁੰਚ ਜਾਵਾਂ। ਤੂੰ ਹੀ ਮੇਰਾ ਸੱਚਾ ਮਿੱਤਰ ਏਂ।’’

ਸੰਪਰਕ: 99156-21188

* * *

ਸਭ ਨੂੰ ਛੁੱਟੀ

ਇਕਬਾਲ ਸਿੰਘ ਸਕਰੌਦੀ

ਸਾਧਨਾ ਨੇ ਮੁਹੱਲੇ ਦੀਆਂ ਚਾਰ ਕੋਠੀਆਂ ਦਾ ਕੰਮ ਸਾਂਭਿਆ ਹੋਇਆ ਸੀ। ਉਹ ਸਵੇਰੇ ਸਭ ਤੋਂ ਪਹਿਲਾਂ ਵੱਡੇ ਜ਼ਿਮੀਂਦਾਰ ਸਰਦਾਰ ਇੰਦਰਜੀਤ ਸਿੰਘ ਦੀ ਕੋਠੀ ਜਾਂਦੀ। ਸਰਦਾਰਨੀ ਬਸੰਤ ਕੌਰ ਬਹੁਤ ਹੀ ਮਿੱਠੇ ਸੁਭਾਅ ਵਾਲੀ ਸੁਆਣੀ ਸੀ। ਦਸ ਸਾਲ ਪਹਿਲਾਂ ਜਦੋਂ ਸਰਦਾਰਨੀ ਵਿਆਹ ਕੇ ਇਸ ਘਰ ਆਈ ਸੀ, ਸਾਧਨਾ ਉਸ ਤੋਂ ਵੀ ਪਹਿਲਾਂ ਤੋਂ ਇਥੇ ਕੰਮ ਕਰ ਰਹੀ ਸੀ। ਰੋਜ਼ਾਨਾ ਜਦੋਂ ਵੀ ਕੰਮ ਖ਼ਤਮ ਹੁੰਦਾ ਤਾਂ ਸਾਧਨਾ ਸਰਦਾਰਨੀ ਨੂੰ ਆਵਾਜ਼ ਮਾਰਦਿਆਂ ਆਖਦੀ, ‘‘ਬੀਬੀ ਜੀ, ਕਾਮ ਹੋ ਗਿਆ ਹੈ। ਹਮ ਜਾ ਰਹੇ ਹੈਂ।’’

ਤੇ ਰੋਜ਼ ਵਾਂਗ ਹੀ ਸਰਦਾਰਨੀ ਸਾਧਨਾ ਨੂੰ ਚਾਹ ਪੀ ਕੇ ਜਾਣ ਲਈ ਆਖਦੀ। ਅੱਜ ਵੀ ਸਰਦਾਰਨੀ ਦੀ ਆਵਾਜ਼ ਸੁਣ ਕੇ ਸਾਧਨਾ ਲੌਬੀ ਦਾ ਵੱਡਾ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਈ ਅਤੇ ਦਰਵਾਜ਼ੇ ਕੋਲੋਂ ਚੜ੍ਹਦੀਆਂ ਪੌੜੀਆਂ ’ਤੇ ਬੈਠ ਗਈ। ਸਰਦਾਰਨੀ ਨੇ ਸਟੀਲ ਦੇ ਗਲਾਸ ਵਿੱਚ ਚਾਹ ਪਾਈ ਤੇ ਨਾਲ ਹੀ ਲੰਬੜਾਂ ਦੇ ਘਰੋਂ ਮੁੰਡੇ ਦੇ ਵਿਆਹ ਦੀ ਆਈ ਭਾਜੀ ਵੀ ਕੌਲੇ ਵਿੱਚ ਪਾ ਕੇ ਲੈ ਆਈ। ਸਿਆਲ ਦੇ ਦਿਨ ਸਨ। ਠੰਢੀ ਪੌੜੀ ’ਤੇ ਬੈਠੀ ਸਾਧਨਾ ਨੂੰ ਦੇਖ ਕੇ ਉਹ ਬੋਲੀ, ‘‘ਸਾਧਨਾ, ਮੈਂ ਤੈਨੂੰ ਕਿੰਨੀ ਵਾਰ ਕਿਹੈ, ਤੂੰ ਠੰਢੀ ਪੌੜੀ ’ਤੇ ਨਾ ਬੈਠਿਆ ਕਰ। ਚੱਕ ਆਹ ਲੱਕੜ ਦੀ ਕੁਰਸੀ। ਇਸ ’ਤੇ ਬੈਠ ਆ ਕੇ।’’ ਸਾਧਨਾ ਪੌੜੀਆਂ ਤੋਂ ਉੱਠੀ ਤੇ ਕੁਰਸੀ ’ਤੇ ਬੈਠ ਗਈ।

ਹੱਥ ’ਚ ਫੜਿਆ ਗਰਮ ਚਾਹ ਦਾ ਗਲਾਸ ਉਸ ਦੇ ਸੁੰਨ ਹੋ ਗਏ ਹੱਥਾਂ ਨੂੰ ਆਰਾਮ ਦੇ ਰਿਹਾ ਸੀ। ਹੌਲੀ ਹੌਲੀ ਫੂਕਾਂ ਮਾਰ ਕੇ ਉਸ ਚਾਹ ਪੀਣੀ ਸ਼ੁਰੂ ਕੀਤੀ। ਦੋ-ਚਾਰ ਕੋਸੀਆਂ ਘੁੱਟਾਂ ਭਰ ਕੇ ਸਾਧਨਾ ਸਰਦਾਰਨੀ ਵੱਲ ਵੇਖ ਆਖਣ ਲੱਗੀ, ‘‘ਮੇਰੀ ਉਮਰ ਬੀਤ ਗਈ ਬੀਬੀ ਜੀ ਇਸ ਗਾਓਂ ਮੇਂ ਕਾਮ ਕਰਤੇ ਕਰਤੇ, ਪਰ ਜਿਤਨਾ ਪਿਆਰ ਆਪ ਕੇ ਘਰ ਮੇਂ ਮਿਲਤਾ ਹੈ, ਉਤਨਾ ਔਰ ਕਹੀਂ ਨਹੀਂ ਮਿਲਤਾ।’’

ਆਪਣੇ ਕੰਮ ਵਿੱਚ ਮਗਨ ਸਰਦਾਰਨੀ ਨੇ ਸਾਧਨਾ ਦੀ ਗੱਲ ’ਤੇ ਮੁਸਕੁਰਾਉਂਦਿਆਂ ਕਿਹਾ, ‘‘ਨੇਕ ਨੀਅਤ ਤੇ ਨੇਕ ਕੰਮ ਹੀ ਤਾਂ ਸਾਡੇ ਨਾਲ ਜਾਂਦੇ ਨੇ ਸਾਧਨਾ। ਹੋਰ ਤਾਂ ਇਸ ਦੁਨੀਆ ਵਿੱਚ ਅਸੀਂ ਆਉਂਦੇ ਵੀ ਖਾਲੀ ਹੱਥ ਆਂ ਤੇ ਜਾਂਦੇ ਵੀ।’’

ਕੁਝ ਪਲ ਮਗਰੋਂ ਸਰਦਾਰਨੀ ਦਾ ਨਿੱਕਾ ਪੁੱਤਰ ਹਰਨੇਕ ਆਇਆ ਤਾਂ ਸਾਧਨਾ ਨੇ ਉਸ ਨੂੰ ਲਾਡ ਨਾਲ ਮੰਜੇ ’ਤੇ ਬਿਠਾ ਕੇ ਉਸ ਦੇ ਸਕੂਲ ਦੀਆਂ ਗੱਲਾਂ ਪੁੱਛਣ ਲੱਗੀ। ਹਰਨੇਕ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਉਸ ਆਪਣੀ ਮਿੱਠੀ ਆਵਾਜ਼ ਵਿੱਚ ਸਾਧਨਾ ਨੂੰ ਪੁੱਛਿਆ, ‘‘ਆਂਟੀ ਅੱਜ ਤਾਂ ਸਾਨੂੰ ਆਜ਼ਾਦੀ ਦਿਹਾੜੇ ਦੀ ਛੁੱਟੀ ਐ। ਸਾਡੀ ਮੈਡਮ ਦੱਸਦੀ ਸੀ ਕਿ ਅੱਜ ਦੇ ਦਿਨ ਸਾਰਿਆਂ ਨੂੰ ਛੁੱਟੀ ਹੁੰਦੀ ਐ, ਤੁਹਾਨੂੰ ਛੁੱਟੀ ਨ੍ਹੀਂ ਅੱਜ? ਸਾਧਨਾ ਨੇ ਥੋੜ੍ਹੇ ਭਰੇ ਮਨ ਨਾਲ ਕਿਹਾ, ‘‘ਨਾ ਪੁੱਤਰ ਜੀ, ਹਮੇਂ ਛੁੱਟੀ ਨਹੀਂ ਹੋਤੀ। ਹਮੇਂ ਤੋਂ ਰੋਜ਼ ਹੀ ਕਾਮ ਕਰਨਾ ਹੋਤਾ ਹੈ।’’ ਸਾਧਨਾ ਦੀ ਇਹ ਗੱਲ ਸੁਣ ਹਰਨੇਕ ਨੇ ਆਪਣੀ ਮਾਂ ਕੋਲ ਆ ਕੇ ਆਖਿਆ, ‘‘ਮੰਮੀ, ਤੁਸੀਂ ਆਂਟੀ ਨੂੰ ਅੱਜ ਆਜ਼ਾਦੀ ਦਿਹਾੜੇ ਦੀ ਛੁੱਟੀ ਕਿਉਂ ਨ੍ਹੀਂ ਦਿੱਤੀ ?’’

ਹਰਨੇਕ ਦੀ ਇਹ ਗੱਲ ਸੁਣ ਸਰਦਾਰਨੀ ਤੇ ਸਾਧਨਾ ਦੋਵੇਂ ਹੱਸ ਪਈਆਂ। ਪਰ ਹਰਨੇਕ ਇਸ ਗੱਲ ’ਤੇ ਅੜ ਗਿਆ ਕਿ ਅੱਜ ਦੇ ਦਿਨ ਸਭ ਨੂੰ ਛੁੱਟੀ ਹੁੰਦੀ ਹੈ। ਅਖੀਰ ਸਰਦਾਰਨੀ ਨੇ ਹਰਨੇਕ ਨੂੰ ਵਾਅਦਾ ਕੀਤਾ ਕਿ ਹੁਣ ਤੋਂ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਸਾਧਨਾ ਆਂਟੀ ਨੂੰ ਵੀ ਛੁੱਟੀ ਮਿਲਿਆ ਕਰੇਗੀ। ਹਰਨੇਕ ਇਸ ਮਗਰੋਂ ਖੁਸ਼ੀ ਖੁਸ਼ੀ ਅੰਦਰ ਆਪਣੀ ਦਾਦੀ ਵਾਲੇ ਕਮਰੇ ਵਿੱਚ ਚਲਾ ਗਿਆ।

ਸੰਪਰਕ: 84276-85020

* * *

ਪੈਨਸ਼ਨ ਦਾ ਝਮੇਲਾ

ਬਰਜਿੰਦਰ ਕੌਰ ਬਿਸਰਾਓ

ਗੁਰਮੇਲ ਘਰ ਵਿੱਚ ਇਕੱਲਾ ਕਮਾਉ ਸੀ। ਉਹ ਸ਼ਹਿਰ ਵਿੱਚ ਇੱਕ ਦੁਕਾਨ ਉੱਤੇ ਨੌਕਰੀ ਕਰਦਾ ਸੀ। ਤਿੰਨ ਜਵਾਕਾਂ ਦੀ ਪੜ੍ਹਾਈ, ਬਜ਼ੁਰਗ ਮਾਤਾ-ਪਿਤਾ, ਦੋ ਵਿਆਹੀਆਂ ਭੈਣਾਂ ਦੀ ਰਿਸ਼ਤੇਦਾਰੀ ਤੇ ਹੋਰ ਖ਼ਰਚੇ ਰਲਾ ਕੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਉਸ ਨੂੰ ਇੱਕ ਮਿੱਤਰ ਨੇ ਸਲਾਹ ਦਿੱਤੀ ਕਿ ਉਹ ਆਪਣੇ ਮਾਂ-ਬਾਪ ਦੀ ਬੁਢਾਪਾ ਪੈਨਸ਼ਨ ਲਵਾ ਲਵੇ। ਉਸ ਮਿੱਤਰ ਦੀ ਕੁੜੀ ਬੈਂਕ ਵਿੱਚ ਲੱਗੀ ਹੋਈ ਸੀ। ਗੁਰਮੇਲ ਨੇ ਫਾਰਮ ਭਰ ਦਿੱਤਾ ਤੇ ਮਿੱਤਰ ਦੀ ਧੀ ਨੇ ਉਸ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾ ਦਿੱਤਾ।

ਜਦੋਂ ਪੈਨਸ਼ਨ ਲੱਗੀ ਤਾਂ ਪਹਿਲਾਂ ਪਹਿਲ ਗੁਰਮੇਲ ਨੂੰ ਕੁਝ ਆਸਰਾ ਹੋ ਗਿਆ। ਬਾਪੂ ਬੇਬੇ ਨੂੰ ਸਾਈਕਲ ਪਿੱਛੇ ਬਿਠਾ ਕੇ ਸਵੇਰੇ ਬੈਂਕ ਲੈ ਜਾਂਦਾ ਤੇ ਦੋਵੇਂ ਦਿਨ ਢਲਦੇ ਤੱਕ ਪੈਨਸ਼ਨ ਲੈ ਕੇ ਘਰ ਮੁੜ ਆਉਂਦੇ। ਇਸ ਪੈਨਸ਼ਨ ਵਿੱਚੋਂ ਹੀ ਉਨ੍ਹਾਂ ਦੀ ਦਵਾਈ ਵੀ ਆ ਜਾਂਦੀ। ਹੌਲੀ ਹੌਲੀ ਬਾਪੂ ਦੀ ਨਿਗ੍ਹਾ ਘਟਣ ਲੱਗ ਪਈ, ਜਦੋਂ ਚੈੱਕ ਕਰਵਾਈ ਤਾਂ ਡਾਕਟਰ ਨੇ ਮੋਤੀਆ ਦੱਸਿਆ। ਬੇਬੇ ਵੀ ਗੋਡੇ ਦੁਖਣ ਕਰਕੇ ਹੁਣ ਚੱਲਣ ਫਿਰਨ ਤੋਂ ਤੰਗ ਸੀ। ਹੁਣ ਜਦੋਂ ਵੀ ਪੈਨਸ਼ਨ ਲੈਣ ਜਾਣਾ ਹੁੰਦਾ ਤਾਂ ਗੁਰਮੇਲ ਕੰਮ ਤੋਂ ਛੁੱਟੀ ਕਰਕੇ ਦੋਵਾਂ ਨੂੰ ਵਾਰੀ ਵਾਰੀ ਬੈਂਕ ਛੱਡਣ ਜਾਂਦਾ। ਫਿਰ ਉਨ੍ਹਾਂ ਨਾਲ ਬੈਂਕ ਵਿੱਚ ਉਡੀਕ ਕਰਦਾ ਤੇ ਕਈ ਵਾਰ ਭੀੜ ਜ਼ਿਆਦਾ ਹੋਣ ਕਾਰਨ ਅਗਲੇ ਵੀਰਵਾਰ ਆਉਣ ਲਈ ਕਹਿ ਦਿੱਤਾ ਜਾਂਦਾ। ਇੰਜ ਪੈਨਸ਼ਨ ਮਿਲਣ ਨਾਲੋਂ ਵਧੇਰੇ ਚਿੰਤਾ ਗੁਰਮੇਲ ਨੂੰ ਆਪਣੀਆਂ ਦੋ ਦਿਹਾੜੀਆਂ ਕੱਟੇ ਜਾਣ ਦੀ ਹੁੰਦੀ।

ਉਸ ਨੂੰ ਹੁਣ ਪੈਨਸ਼ਨ ਦਾ ਸਹਾਰਾ ਘੱਟ ਤੇ ਮੁਸੀਬਤ ਵੱਧ ਲੱਗਣ ਲੱਗ ਪਈ ਸੀ। ਇੱਕ ਦਿਨ ਉਸ ਨੇ ਅੱਕੇ ਹੋਏ ਨੇ ਬੈਂਕ ਜਾ ਕੇ ਮਿੱਤਰ ਦੀ ਧੀ ਨੂੰ ਆਖਿਆ, ‘‘ਭਾਈ ਬੀਬਾ......ਜਿਹੜੀ ਤੂੰ ਸਾਡੀ ਬੀਬੀ ਤੇ ਭਾਪਾ ਜੀ ਨੂੰ ਪੈਨਸ਼ਨ ਲਵਾਈ ਸੀ, ਉਹ ਕੱਟ ਦੇ। ਅਸੀਂ ਨ੍ਹੀਂ ਹੁਣ ਲੈਣੀ।’’ ਕੁੜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ‘‘ਅੰਕਲ ਜੀ, ਜੇ ਚਾਰ ਪੈਸੇ ਘਰ ਆਉਂਦੇ ਹਨ ਤਾਂ ਲਾਹੇ ਦੇ ਹੀ ਹਨ। ਇਸ ਤਰ੍ਹਾਂ ਮੈਂ ਕਿਵੇਂ ਕਟਵਾ ਦੇਵਾਂ ਓਹਨਾਂ ਦੀ ਪੈਨਸ਼ਨ? ਉਸ ਲਈ ਤਾਂ ਤੁਹਾਨੂੰ ਮੈਨੇਜਰ ਨੂੰ ਲਿਖ ਕੇ ਦੇਣਾ ਪਵੇਗਾ।’’ ਗੁਰਮੇਲ ਨੇ ਕੁੜੀ ਨੂੰ ਆਪਣੀ ਮਜਬੂਰੀ ਦੱਸਦਿਆਂ ਉਸ ਤੋਂ ਹੀ ਅਰਜ਼ੀ ਲਿਖਵਾ ਕੇ ਮੈਨੇਜਰ ਕੋਲ ਦੇ ਦਿੱਤੀ। ਹੁਣ ਗੁਰਮੇਲ ਇਸ ਪੈਨਸ਼ਨ ਵਾਲੇ ਝਮੇਲੇ ਤੋਂ ਸੁਰਖ਼ਰੂ ਹੋ ਕੇ ਬਹੁਤ ਖੁਸ਼ ਸੀ।

ਸੰਪਰਕ: 99889-01324

Advertisement
×