ਮਿੰਨੀ ਕਹਾਣੀਆਂ
ਅਜ਼ੀਜ਼ ਰਛਪਾਲ ਸਿੰਘ ਰੈਸਲ ਮੇਰਾ ਮਨਭਾਉਂਦਾ ਸਾਹਿਤਕਾਰ ਆਪਣੇ ਚਹੇਤਿਆਂ ਨੂੰ ਉਸ ਦੀ ਆਪਣੀ ਨਵੀਂ ਛਪੀ ਕਿਤਾਬ ਤੋਹਫ਼ੇ ਵਜੋਂ ਭੇਟ ਕਰ ਰਿਹਾ ਸੀ। ਉਸ ਨੇ ਆਪਣੇ ਨਾਲ ਲਿਆਂਦੀਆਂ ਕਿਤਾਬਾਂ ਦੀ ਆਖਰੀ ਕਾਪੀ ਹਵਾ ’ਚ ਉਲਾਰਦਿਆਂ ਪੁੱਛਿਆ, ‘ਆਹ ਕਿਸਨੂੰ ਦਈਏ।’ ਮੈਂ ਹੌਸਲਾ...
ਅਜ਼ੀਜ਼
ਰਛਪਾਲ ਸਿੰਘ ਰੈਸਲ
ਮੇਰਾ ਮਨਭਾਉਂਦਾ ਸਾਹਿਤਕਾਰ ਆਪਣੇ ਚਹੇਤਿਆਂ ਨੂੰ ਉਸ ਦੀ ਆਪਣੀ ਨਵੀਂ ਛਪੀ ਕਿਤਾਬ ਤੋਹਫ਼ੇ ਵਜੋਂ ਭੇਟ ਕਰ ਰਿਹਾ ਸੀ। ਉਸ ਨੇ ਆਪਣੇ ਨਾਲ ਲਿਆਂਦੀਆਂ ਕਿਤਾਬਾਂ ਦੀ ਆਖਰੀ ਕਾਪੀ ਹਵਾ ’ਚ ਉਲਾਰਦਿਆਂ ਪੁੱਛਿਆ, ‘ਆਹ ਕਿਸਨੂੰ ਦਈਏ।’ ਮੈਂ ਹੌਸਲਾ ਜਿਹਾ ਕਰਕੇ ਅੱਗੇ ਜਾ ਕੇ ਹੱਸਦਿਆਂ ਕਿਹਾ, ‘ਇਹ ਤੁਸੀਂ ਮੈਨੂੰ ਦੇ ਦਿਓ ਜੀ।’ ਉਸ ਹੱਥ ਪਿੱਛੇ ਖਿੱਚਦਿਆਂ ਕਿਹਾ, ‘ਨਹੀਂ ਇਹ ਮੈਂ ਆਪਣੇ ਕਿਸੇ ਅਜ਼ੀਜ਼ ਨੂੰ ਦੇਣੀ ਹੈ।’ ਗੱਲਾਂ ਕਰਦਿਆਂ-ਕਰਦਿਆਂ ਉਹ ਇਨਸਾਨ ਵੀ ਆ ਗਿਆ ਜਿਸ ਬਾਰੇ ਉਹ ਗੱਲ ਕਰ ਰਿਹਾ ਸੀ। ਉਸ ਕਿਤਾਬ ਆਪਣੇ ਅਜ਼ੀਜ਼ ਨੂੰ ਦੇ ਦਿੱਤੀ ਤੇ ਉਸ ਇਨਸਾਨ ਨੇ ਮੇਰੇ ਸਾਹਮਣੇ ਹੀ ਕਿਤਾਬ ਆਪਣੀ ਕਾਰ ਦੀ ਡਿੱਗੀ ਵਿੱਚ ਰੱਖ ਦਿੱਤੀ। ਤਕਰੀਬਨ ਮਹੀਨੇ ਕੁ ਬਾਅਦ ਅਸੀਂ ਫ਼ਿਰ ਇਕੱਠੇ ਹੋਏ ਤਾਂ ਉਸ ਅਜ਼ੀਜ਼ ਦੀ ਗੱਡੀ ’ਚ ਪਈ ਉਸੇ ਕਿਤਾਬ ’ਤੇ ਮੇਰੀ ਨਜ਼ਰ ਪਈ ਜਿਸ ਉੱਤੇ ਧੂੜ ਜੰਮ ਗਈ ਸੀ।
ਸੰਪਰਕ: 94178-97576
* * *
ਨਜ਼ਰੀਆ
ਗੁਰਪ੍ਰੀਤ ਮਾਨ ਮੌੜ
ਪਿਛਲੇ ਦਿਨੀਂ ਮੈਂ ਆਪਣੇ ਇਕ ਦੋਸਤ ਨਾਲ ਨੇੜੇ ਦੇ ਪਿੰਡ ਇਕ ਇਤਿਹਾਸਕ ਗੁਰੂਘਰ ਗਿਆ। ਸਵੇਰ ਵੇਲੇ ਜ਼ਿਆਦਾ ਸੰਗਤ ਨਾ ਹੋਣ ਕਰਕੇ ਮੈਂ ਤੇ ਮੇਰੇ ਦੋਸਤ ਨੇ ਆਪਣੇ ਪੈਰੀਂ ਪਾਏ ਜੋੜੇ ਇਕ ਥਾਂ ਉਤਾਰ ਕੇ ਰੱਖ ਦਿੱਤੇ। ਗੁਰੂਘਰ ਅੰਦਰ ਬੜੀ ਹੀ ਸ਼ਾਂਤੀ ਮਿਲੀ। ਕੁਝ ਸਮਾਂ ਬੈਠ ਕੇ ਗੁਰਬਾਣੀ ਦਾ ਆਨੰਦ ਮਾਣਿਆ। ਦੇਗ ਲੈਣ ਉਪਰੰਤ ਵਾਪਸੀ ਸਮੇਂ ਜਦ ਮੈਂ ਤੇ ਮੇਰਾ ਦੋਸਤ ਜੋੜਿਆਂ ਕੋਲ ਆਏ ਤਾਂ ਮੇਰੇ ਜੋੜੇ ਉੱਥੋਂ ਗਾਇਬ ਸੀ। ਮੈਨੂੰ ਹੈਰਾਨੀ ਹੋਈ ਕਿ ਇੰਨੀ ਪਵਿੱਤਰ ਥਾਂ ’ਤੇ ਵੀ ਕੁਝ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਮੇਰੇ ਦੋਸਤ ਨੇ ਮੇਰੇ ਚਿਹਰੇ ਦੇ ਹਾਵ-ਭਾਵ ਦੇਖ ਮੇਰੇ ਮੋਢੇ ’ਤੇ ਹੱਥ ਰੱਖਿਆ ਤੇ ਕਿਹਾ, ‘ਛੱਡ ਯਾਰ, ਆਪਾਂ ਸ਼ਰਧਾ ਵਾਲੇ ਨਜ਼ਰੀਏ ਨਾਲ ਆਏ ਹਾਂ ਤੇ ਉਹ ਚੋਰੀ ਦੇ ਨਜ਼ਰੀਏ ਨਾਲ।’’ ਘਰ ਵਾਪਸੀ ਵੇਲੇ ਮੇਰੇ ਜ਼ਿਹਨ ਵਿੱਚ ਨਜ਼ਰੀਏ ਦੀਆਂ ਵੱਖ ਵੱਖ ਦਿਸ਼ਾਵਾਂ ਉੱਘੜ ਰਹੀਆਂ ਸਨ।
ਸੰਪਰਕ: 98761-98000
* * *
ਪਿੰਨੀਆਂ ਕਿੱਥੇ ਗਈਆਂ ?
ਬਰਜਿੰਦਰ ਕੌਰ ਬਿਸਰਾਓ
ਸੀਤੋ ਤੇ ਮਾਨਾਂ ਬੂੜ ਸਿੰਘ ਦੀਆਂ ਵੱਡੀਆਂ ਨੂੰਹਾਂ ਸਨ। ਬੂੜ ਸਿੰਘ ਖੇਤੀ ਦਾ ਕੰਮ ਸੰਭਾਲਦਾ ਸੀ ਤੇ ਵੱਡੇ ਦੋਵੇਂ ਮੁੰਡਿਆਂ ਨੂੰ ਦਸ ਦਸ ਜਮਾਤਾਂ ਪਾਸ ਕਰਾ ਕੇ ਨਾਲ ਪੈਂਦੇ ਕਸਬੇ ਵਿੱਚ ਵਰਕਸ਼ਾਪ ਖੋਲ੍ਹ ਕੇ ਦਿੱਤੀ ਹੋਈ ਸੀ। ਕੰਮ ਵਧੀਆ ਸੀ। ਸੀਤੋ ਨੂੰ ਵਿਆਹੀ ਆਈ ਨੂੰ ਅਜੇ ਛੇ ਮਹੀਨੇ ਵੀ ਨ੍ਹੀਂ ਹੋਏ ਸਨ ਕਿ ਬੂੜ ਸਿੰਘ ਦੀ ਪਤਨੀ ਧਨਵੰਤ ਕੌਰ ਰੱਬ ਨੂੰ ਪਿਆਰੀ ਹੋ ਗਈ। ਘਰ ਦੀ ਸਾਰੀ ਜ਼ਿੰਮੇਵਾਰੀ ਸੀਤੋ ਦੇ ਸਿਰ ਆਣ ਪਈ। ਉਸ ਦੇ ਤਿੰਨ ਛੋਟੇ ਦਿਓਰ ਸਨ। ਪਰ ਸਿਆਣੀ ਤੇ ਸਮਝਦਾਰ ਹੋਣ ਕਰਕੇ ਉਸ ਨੇ ਸਾਰੇ ਘਰ ਨੂੰ ਸੰਭਾਲ ਲਿਆ ਸੀ। ਸੀਤੋ ਦੇ ਸਿਰ ’ਤੇ ਹੁਣ ਬੂੜ ਸਿੰਘ ਨੂੰ ਵੀ ਬਹੁਤਾ ਫ਼ਿਕਰ ਨਹੀਂ ਸੀ ਰਿਹਾ ਕਿਉਂਕਿ ਉਹ ਉਸ ਦੇ ਘਰ ਦਾ ਅਤੇ ਬੱਚਿਆਂ ਦਾ ਧਿਆਨ ਧਨਵੰਤ ਕੌਰ ਵਾਂਗੂੰ ਈ ਰੱਖਦੀ ਸੀ। ਸੀਤੋ ਨੇ ਸਾਲ ਕੁ ਬਾਅਦ ਆਪਣੇ ਘਰਵਾਲੇ ਤੋਂ ਛੋਟੇ ਦਿਓਰ ਨੂੰ ਆਪਣੇ ਮਾਮੇ ਦੀ ਧੀ ਮਾਨਾਂ ਦਾ ਰਿਸ਼ਤਾ ਕਰਵਾ ਦਿੱਤਾ ਤੇ ਛੇਤੀ ਹੀ ਵਿਆਹ ਕਰ ਲਿਆ ਸੀ। ਹੁਣ ਉਹ ਦੋਵੇਂ ਭੈਣਾਂ ਘਰ ਵਿੱਚ ਬਹੁਤ ਪਿਆਰ ਨਾਲ ਰਹਿੰਦੀਆਂ। ਦੂਜੇ ਦੋਵੇਂ ਦਿਓਰ ਹਾਲੇ ਛੋਟੇ ਸਨ ਤੇ ਕਾਲਜ ਵਿੱਚ ਪੜ੍ਹਦੇ ਸਨ।
ਸੀਤੋ ਤੋਂ ਵੀ ਰੱਬ ਨੇ ਕੁਝ ਨਹੀਂ ਲੁਕੋ ਕੇ ਰੱਖਿਆ ਸੀ। ਸੁੱਖ ਨਾਲ ਰੱਬ ਨੇ ਉਸ ਦੀ ਝੋਲੀ ਦੋ ਪੁੱਤਰਾਂ ਨਾਲ ਭਰ ਦਿੱਤੀ ਸੀ। ਮਾਨਾਂ ਵੀ ਇੱਕ ਧੀ ਦੀ ਮਾਂ ਬਣ ਗਈ ਸੀ। ਉਹ ਆਪਣੇ ਜਵਾਕਾਂ ਅਤੇ ਦਿਓਰਾਂ ਵਿੱਚ ਕੋਈ ਫ਼ਰਕ ਨਾ ਸਮਝਦੀਆਂ। ਉਹ ਖਾਣ ਪੀਣ ਅਤੇ ਪਹਿਨਣ ਪਚਰਨ ਵਿੱਚ ਵੀ ਕੋਈ ਕਮੀ ਨਾ ਛੱਡਦੀਆਂ। ਸਿਆਲ ਚੜ੍ਹਦੇ ਈ ਖੋਏ ਦੀਆਂ ਪਿੰਨੀਆਂ ਬਣਾਉਂਦੀਆਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਗਰਮ ਦੁੱਧ ਨਾਲ ਸਭ ਨੂੰ ਪਿੰਨੀਆਂ ਵੰਡ ਕੇ ਦਿੰਦੀਆਂ। ਦੋਵੇਂ ਦਿਓਰ ਗੋਰਾ ਤੇ ਸੀਤਾ ਵੀ ਮਾਵਾਂ ਵਾਂਗ ਉਨ੍ਹਾਂ ਦੀ ਇੱਜ਼ਤ ਕਰਦੇ ਸਨ। ਸਾਰਾ ਪਰਿਵਾਰ ਜਦ ਇਕੱਠਾ ਬੈਠਦਾ ਤਾਂ ਘਰ ਵਿੱਚੋਂ ਹਾਸਿਆਂ ਦੀ ਆਵਾਜ਼ ਖੇੜੇ ਵਾਂਗ ਦੂਰ ਦੂਰ ਤੱਕ ਫੈਲ ਜਾਂਦੀ। ਹੁਣ ਸੁੱਖ ਨਾਲ ਦੋਵਾਂ ਦੇ ਜਵਾਕ ਵੀ ਸਕੂਲ ਜਾਣ ਲੱਗ ਪਏ ਸਨ। ਬੂੜ ਸਿੰਘ ਦਾ ਤੀਜੇ ਨੰਬਰ ਵਾਲਾ ਪੁੱਤ ਗੋਰਾ ਪੜ੍ਹ ਕੇ ਨੌਕਰੀ ਕਰਨ ਲੱਗ ਪਿਆ ਸੀ ਤੇ ਸਭ ਤੋਂ ਛੋਟੇ ਸੀਤੇ ਨੇ ਪੜ੍ਹਾਈ ਵਿੱਚੇ ਛੱਡ ਕੇ ਬੂੜ ਸਿੰਘ ਦੀ ਖੇਤੀਬਾੜੀ ਦਾ ਸਾਰਾ ਕੰਮ ਸੰਭਾਲ ਲਿਆ ਸੀ। ਛੋਟੇ ਦੇ ਸਿਰ ’ਤੇ ਬੂੜ ਸਿੰਘ ਨੂੰ ਹੁਣ ਖੇਤੀਬਾੜੀ ਦਾ ਕੋਈ ਫ਼ਿਕਰ ਨਹੀਂ ਰਿਹਾ ਸੀ, ਜਦ ਦਿਲ ਕਰਦਾ ਖੇਤਾਂ ਵੱਲ ਗੇੜਾ ਮਾਰ ਆਉਂਦਾ।
ਊਹ ਦਿਨ ਵੀ ਆ ਗਿਆ ਜਦੋਂ ਸੀਤੋ ਤੇ ਮਾਨਾਂ ਨੇ ਆਪਣੇ ਲਾਡਲੇ ਦਿਓਰਾਂ ਨੂੰ ਇੱਕ ਇੱਕ ਦਿਨ ਦੇ ਫ਼ਰਕ ਨਾਲ ਘੋੜੀ ਚਾੜ੍ਹਿਆ। ਦੋਨਾਂ ਦੇ ਵਿਆਹ ਬਹੁਤ ਵਧੀਆ ਕੀਤੇ। ਹੁਣ ਸੁੱਖ ਨਾਲ ਟੱਬਰ ਹੋਰ ਵੱਡਾ ਹੋ ਗਿਆ ਸੀ। ਸੀਤੋ ਦੀਆਂ ਨਵੀਆਂ ਦਰਾਣੀਆਂ ਵੀ ਉਨ੍ਹਾਂ ਦੀ ਇੱਜ਼ਤ ਮਾਵਾਂ ਵਾਂਗੂੰ ਈ ਕਰਦੀਆਂ ਸਨ। ਵਿਆਹ ਨੂੰ ਛੇ ਕੁ ਮਹੀਨੇ ਹੋਏ ਸਨ। ਸਿਆਲ ਚੜ੍ਹ ਆਇਆ ਸੀ। ਇੱਕ ਦਿਨ ਸੀਤੋ ਤੇ ਮਾਨਾਂ ਬਾਹਰਲੇ ਘਰ ਪਾਥੀਆਂ ਪੱਥਣ ਗਈਆਂ ਤਾਂ ਸੀਤੋ ਨੇ ਮਾਨਾਂ ਨੂੰ ਕਿਹਾ, ‘‘ਨੀ ਮਾਨਾਂ ਹੁਣ ਸਿਆਲ ਚੜ੍ਹ ਗਿਆ, ਕੱਲ੍ਹ ਆਪਾਂ ਦਸ ਸੇਰ ਦੁੱਧ ਦਾ ਖੋਆ ਈ ਨਾ ਮਾਰ ਲਈਏ, ਏਨੇ ਖੋਏ ਦੀਆਂ ਪਿੰਨੀਆਂ ਨਾਲ ਸਿਆਲ ਨਿਕਲ ਜਾਊ।’’
‘‘ਭੈਣ ਜੀ, ਹੁਣ ਸੁੱਖ ਨਾਲ ਆਪਣਾ ਟੱਬਰ ਵੱਡਾ ਆ। ਦਸ ਸੇਰ ਦੁੱਧ ਤਾਂ ਥੋੜਾ ਰਹੂ।’’
ਸੀਤੋ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ।
ਅਗਲੇ ਦਿਨ ਸਵੇਰੇ ਜਦੋਂ ਸਾਰੀਆਂ ਜਾਣੀਆਂ ਸਵੇਰ ਦਾ ਕੰਮ ਧੰਦਾ ਨਿਬੇੜ ਕੇ ਬੈਠੀਆਂ ਨਾਲੇ ਚਾਹ ਪੀ ਰਹੀਆਂ ਸਨ ਤੇ ਨਾਲੇ ਹਾਸਾ ਠੱਠਾ ਕਰ ਰਹੀਆਂ ਸਨ ਤਾਂ ਸੀਤੋ ਗੋਰੇ ਦੀ ਘਰਵਾਲੀ ਜਸਪ੍ਰੀਤ ਤੇ ਸੀਤੇ ਦੀ ਪਤਨੀ ਜੀਤੀ ਨੂੰ ਆਖਣ ਲੱਗੀ, ‘‘ਕੁੜੇ ਥੋਨੂੰ ਦੋਹਾਂ ਨੂੰ ਪੇਕੀਂ ਗਈਆਂ ਨੂੰ ਬਹੁਤ ਚਿਰ ਹੋ ਗਿਆ। ਮੈਂ ਤਾਂ ਕਹਿਨੀ ਆਂ ਤੁਸੀਂ ਪੰਦਰਾਂ ਵੀਹ ਦਿਨ ਲਾ ਆਓ।’’
ਜਸਪ੍ਰੀਤ ਤੇ ਜੀਤੀ ਉਸ ਦੀ ਪੇਕੇ ਜਾਣ ਵਾਲੀ ਗੱਲ ਸੁਣ ਕੇ ਖੁਸ਼ ਹੋ ਗਈਆਂ। ਉਨ੍ਹਾਂ ਕਿਹਾ, ‘‘ਭੈਣ ਜੀ, ਸਾਡਾ ਜੀਅ ਤਾਂ ਕਦੋਂ ਦਾ ਕਰਦਾ ਪੇਕੇ ਜਾਣ ਨੂੰ, ਬਸ ਅਸੀਂ ਜਕਦੀਆਂ ਨੇ ਈ ਨੀ ਕਿਹਾ।’’
‘‘ਮੈਂ ਹੁਣੇ ਗੋਰੇ ਤੇ ਸੀਤੇ ਨੂੰ ਕਹਿੰਦੀ ਆਂ। ਨਾਲੇ ਤੁਹਾਨੂੰ ਛੱਡ ਆਉਣਗੇ ਤੇ ਨਾਲ਼ੇ ਆਪ ਦੋ-ਦੋ ਦਿਨ ਰਹਿ ਆਉਣਗੇ।’’ ਸੀਤੋ ਨੇ ਵੱਡੇ ਹੋਣ ਦਾ ਫਰਜ਼ ਨਿਭਾਉਂਦਿਆਂ ਕਿਹਾ।
ਜਸਪ੍ਰੀਤ ਤੇ ਜੀਤੀ ਪੇਕੇ ਚਲੀਆਂ ਗਈਆਂ। ਵੀਹ ਕੁ ਦਿਨਾਂ ਬਾਅਦ ਦੋਵਾਂ ਦੇ ਭਰਾ ਉਨ੍ਹਾਂ ਨੂੰ ਸਹੁਰੇ ਘਰ ਛੱਡ ਗਏ। ਉਹ ਦੋਵੇਂ ਬਹੁਤ ਖੁਸ਼ ਸਨ। ਅਗਲੇ ਦਿਨ ਜਦ ਸੀਤੋ ਤੇ ਮਾਨਾਂ ਬਾਹਰਲੇ ਘਰ ਪਾਥੀਆਂ ਪੱਥਣ ਗਈਆਂ ਤਾਂ ਜੀਤੀ ਸਫ਼ਾਈਆਂ ਕਰਨ ਲੱਗ ਪਈ ਤੇ ਜਸਪ੍ਰੀਤ ਭਾਂਡੇ ਟੀਂਡੇ ਸਾਂਭਣ ਲੱਗ ਪਈ। ਜੀਤੀ ਸਾਰੇ ਟੰਗੇ ਹੋਏ ਕੱਪੜਿਆਂ ਦੀ ਤਹਿ ਲਾਉਣ ਲੱਗੀ। ਬੇਬੇ ਦੇ ਸੰਦੂਕ ਕੋਲ ਨਵਾਰ ਦਾ ਮੰਜਾ ਖੜ੍ਹਾ ਸੀ। ਉਹ ਉਸੇ ਤਰ੍ਹਾਂ ਹੀ ਉੱਥੇ ਖੜ੍ਹਾ ਰਹਿੰਦਾ ਸੀ। ਸਾਰੇ ਜਣੇ ਆਪਣੇ ਕੱਪੜੇ ਲੀੜੇ ਉਹਦੇ ਪਾਵਿਆਂ ’ਤੇ ਟੰਗ ਦਿੰਦੇ ਸਨ। ਬੇਬੇ ਦੀ ਇੱਕ ਬਰੀਕ ਛਿਟੀਆਂ ਦੀ ਗੋਲ ਜਿਹੀ ਟੋਕਰੀ ਵੀ ਉੱਥੇ ਟੰਗੀ ਰਹਿੰਦੀ ਸੀ। ਜੱਸੀ ਨੇ ਜਦ ਕੱਪੜਿਆਂ ਦੀ ਤਹਿ ਲਾ ਕੇ ਟੋਕਰੀ ਨੂੰ ਸਾਫ਼ ਕਰਨ ਲਈ ਲਾਹਿਆ ਤਾਂ ਉਹ ਬਹੁਤ ਭਾਰੀ ਸੀ। ਉਸ ਨੇ ਜਦ ਵੇਖਿਆ ਤਾਂ ਟੋਕਰੀ ਖੋਏ ਦੀਆਂ ਪਿੰਨੀਆਂ ਨਾਲ ਅੱਧੀ ਭਰੀ ਹੋਈ ਸੀ ਤੇ ਉੱਤੋਂ ਢਕੀ ਹੋਈ ਸੀ। ਉਸ ਨੇ ਝੱਟ ਦੇਣੇ ਜਸਪ੍ਰੀਤ ਨੂੰ ਹਾਕ ਮਾਰੀ, ‘‘ਮੈਂ ਆਖਿਆ ਭੈਣ ਜੀ, ਗੱਲ ਸੁਣਿਓ ਮੇਰੀ।’’
ਜਸਪ੍ਰੀਤ ਕੋਲ ਗਈ ਤਾਂ ਉਸ ਨੇ ਪਿੰਨੀਆਂ ਦਿਖਾਉਂਦਿਆਂ ਕਿਹਾ, ‘‘ਭੈਣ ਜੀ ਆਪਾਂ ਨੂੰ ਦੋ ਦਿਨ ਹੋਗੇ ਆਈਆਂ ਨੂੰ, ਇਹਨਾਂ ਨੇ ਪਿੰਨੀਆਂ ਦੀ ਭਾਫ਼ ਨੀ ਕੱਢੀ। ਛੱਡਣ ਆਏ ਭਰਾਵਾਂ ਨੂੰ ਵੀ ਸੁੱਕੀ ਚਾਹ ਈ ਰੱਖੀ ਐ। ਆਹ ਲਓ! ਫੜੋ ਅੱਧੀਆਂ ਪਿੰਨੀਆਂ ਤੁਸੀਂ ਰੱਖੋ ਤੇ ਅੱਧੀਆਂ ਮੈਂ ਰੱਖਦੀ ਆਂ।’’ ਇਹ ਕਹਿ ਕੇ ਜੀਤੀ ਹੱਸ ਪਈ।
‘‘ਨਾ ਨਾ, ਵੱਡੇ ਭੈਣ ਜੀ ਹੋਰੀਂ ਬੋਲਣਗੀਆਂ ਆਪਾਂ ਨੂੰ।’’ ਜਸਪ੍ਰੀਤ ਨੇ ਡਰਦੀ ਨੇ ਕਿਹਾ।
‘‘ਭੈਣ ਜੀ ਕਿਹੜੇ ਮੂੰਹ ਨਾਲ ਬੋਲਣਗੀਆਂ। ਉਹਨਾਂ ਨੇ ਕਿਹੜਾ ਆਪਾਂ ਨੂੰ ਦੱਸਿਆ।’’ਜੱਸੀ ਆਖਣ ਲੱਗੀ।
ਉਸ ਨੇ ਦੋ ਲਿਫਾਫਿਆਂ ਵਿੱਚ ਅੱਧੀਆਂ ਅੱਧੀਆਂ ਪਿੰਨੀਆਂ ਪਾ ਕੇ ਇੱਕ ਲਿਫ਼ਾਫ਼ਾ ਜਸਪ੍ਰੀਤ ਨੂੰ ਫੜਾਇਆ ਤੇ ਇੱਕ ਆਪਣੀ ਅਲਮਾਰੀ ਵਿੱਚ ਸਾਂਭ ਲਿਆ ਤੇ ਟੋਕਰੀ ਸਾਫ਼ ਕਰਕੇ ਉੱਥੇ ਹੀ ਟੰਗ ਦਿੱਤੀ।
ਰਾਤ ਨੂੰ ਜਦੋਂ ਸੀਤੋ ਤੇ ਮਾਨਾਂ ਦੁੱਧ ਪੀਣ ਲਈ ਗਰਮ ਕਰਕੇ ਆਪਣੇ ਆਪਣੇ ਕਮਰਿਆਂ ਵਿੱਚ ਰੱਖ ਕੇ ਪਿੰਨੀਆਂ ਲੈਣ ਗਈਆਂ ਤਾਂ ਪਿੰਨੀਆਂ ਨਹੀਂ ਸਨ। ਦੋਵਾਂ ਨੇ ਆਪਸ ਵਿੱਚ ਕੁਛ ਘੁਸਰ ਮੁਸਰ ਕੀਤੀ ਤੇ ਚੁੱਪ ਕਰ ਕੇ ਆਪੋ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ।
ਅਗਲੇ ਦਿਨ ਜਦ ਦੋਵੇਂ ਜਾਣੀਆਂ ਪਾਥੀਆਂ ਪੱਥਣ ਗਈਆਂ ਤਾਂ ਗੱਲਾਂ ਕਰਨ... ‘‘ਭੈਣ ਜੀ ਹੁਣ ਕੀਹਨੂੰ ਪੁੱਛੀਏ, ਤੇਰੇ ਤੇ ਮੇਰੇ ਤੋਂ ਸਿਵਾ ਕਿਸੇ ਨੂੰ ਪਤਾ ਨ੍ਹੀਂ ਸੀ।’’ ਦੋਵੇਂ ਆਪਣੇ ਆਪ ਵਿੱਚ ਸ਼ਰਮਿੰਦਾ ਹੋ ਰਹੀਆਂ ਸਨ। ‘‘ਖਬਰੇ ਪਿੰਨੀਆਂ ਕਿੱਥੇ ਗਈਆਂ।’’ ਸੀਤੋ ਨੇ ਮੌਕਾ ਸੰਭਾਲਦਿਆਂ ਮਾਨਾਂ ਨੂੰ ਕਿਹਾ, ‘‘ਕੋਈ ਨਾ, ਹੁਣ ਆਪਾਂ ਚਾਰੇ ਜਾਣੀਆਂ ਰਲ ਕੇ ਖੋਆ ਮਾਰਾਂਗੀਆਂ ਤੇ ਸਾਰੇ ਟੱਬਰ ਲਈ ਪੀਪਾ ਭਰ ਕੇ ਪਿੰਨੀਆਂ ਬਣਾਵਾਂਗੀਆਂ।’’
ਸੰਪਰਕ: 99889-01324
* * *
ਅਨੋਖੀ ਦਰਿਆਦਿਲੀ
ਅਮਰਜੀਤ ਸਿੰਘ ਫੌਜੀ
ਫੈਕਟਰੀ ਵਿੱਚ ਕੰਮ ਕਰਦੇ ਭੋਲੇ ਨੂੰ ਅੱਜ ਮਹੀਨੇ ਦੇ ਆਖਰੀ ਦਿਨ ਪੰਜ ਹਜ਼ਾਰ ਰੁਪਏ ਤਨਖਾਹ ਮਿਲੀ ਸੀ। ਉਸ ਨੇ ਖੁਸ਼ੀ ਖੁਸ਼ੀ ਪੈਸੇ ਜੇਬ ਵਿੱਚ ਪਾਏ ਤੇ ਪਿੰਡ ਜਾਣ ਲਈ ਬੱਸ ਵਿੱਚ ਬੈਠ ਗਿਆ। ਆਖਰੀ ਗੇੜਾ ਹੋਣ ਕਰਕੇ ਬੱਸ ਪੂਰੀ ਭਰੀ ਹੋਈ ਸੀ।
ਕੰਡਕਟਰ ਟਿਕਟਾਂ ਕੱਟਦਾ ਕੱਟਦਾ ਜਦੋਂ ਭੋਲੇ ਕੋਲ ਪਹੁੰਚਿਆ ਤਾਂ ਭੋਲੇ ਨੇ ਟਿਕਟ ਲਈ ਪੈਸੇ ਕੱਢਣ ਵਾਸਤੇ ਜੇਬ ਵਿੱਚ ਹੱਥ ਮਾਰਿਆ। ਉਹ ਹੱਕਾ-ਬੱਕਾ ਰਹਿ ਗਿਆ, ਜੇਬ ਬਿਲਕੁਲ ਖਾਲੀ ਸੀ। ਉਸ ਨੇ ਆਪਣੀਆਂ ਸਾਰੀਆਂ ਜੇਬਾਂ ਫਰੋਲ ਮਾਰੀਆਂ, ਪਰ ਕੁਝ ਨਾ ਲੱਭਿਆ। ਨਿਰਾਸ਼ਾ ਤੇ ਉਦਾਸੀ ਨਾਲ ਭੋਲੇ ਨੇ ਕੰਡਕਟਰ ਨੂੰ ਕਿਹਾ, ‘‘ਵੀਰ ਜੀ ਮੇਰੇ ਸਾਰੇ ਪੈਸੇ ਚੋਰੀ ਹੋ ਗਏ ਹਨ ਮੇਰੇ ਕੋਲ ਕੋਈ ਪੈਸਾ ਨਹੀਂ ਬਚਿਆ, ਮਿਹਰਬਾਨੀ ਕਰਕੇ ਮੈਨੂੰ ਪਿੰਡ ਤੱਕ ਲੈ ਚੱਲੋ।’’
ਕੰਡਕਟਰ ਉੱਚੀ ਆਵਾਜ਼ ਵਿੱਚ ਬੋਲਿਆ, ‘‘ਜੇ ਤੇਰੇ ਪੈਸੇ ਚੋਰੀ ਹੋ ਗਏ ਤਾਂ ਇਸ ’ਚ ਮੇਰਾ ਕੀ ਕਸੂਰ! ਚੁੱਪ ਕਰਕੇ ਪੰਜਾਹ ਰੁਪਏ ਕੱਢ ਨਹੀਂ ਬੱਸ ’ਚੋਂ ਥੱਲੇ ਉੱਤਰ ਜਾਹ।’’ ਭੋਲਾ ਕੰਡਕਟਰ ਦੀਆਂ ਮਿੰਨਤਾਂ ਕਰ ਰਿਹਾ ਸੀ ਪਰ ਕੰਡਕਟਰ ਲਗਾਤਾਰ ਉਸ ਨੂੰ ਝਿੜਕਦਾ ਹੋਇਆ ਬੱਸ ’ਚੋਂ ਉਤਰ ਜਾਣ ਲਈ ਕਹਿ ਰਿਹਾ ਸੀ। ਸਾਰੀਆਂ ਸਵਾਰੀਆਂ ਉਨ੍ਹਾਂ ਨੂੰ ਦੇਖ ਰਹੀਆਂ ਸਨ। ਜਦੋਂ ਕੰਡਕਟਰ ਨੇ ਬੱਸ ਰੁਕਵਾਉਣ ਲਈ ਸੀਟੀ ਮਾਰੀ ਤਾਂ ਬੱਸ ਵਿੱਚੋਂ ਇੱਕ ਸ਼ਖ਼ਸ ਉੱਠਿਆ ਤੇ ਕੰਡਕਟਰ ਨੂੰ ਕਹਿਣ ਲੱਗਾ, ‘‘ਯਾਰ ਤੂੰ ਕਿੰਨਾ ਨਿਰਦਈ ਬੰਦਾ ਹੈ। ਇੱਕ ਤਾਂ ਉਸ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ, ਸਾਰੇ ਪੈਸੇ ਚੋਰੀ ਹੋ ਗਏ ਤੇ ਤੂੰ ਉਸ ਨੂੰ ਰਾਹ ਵਿੱਚ ਹੀ ਬੱਸ ਚੋਂ ਉਤਾਰ ਰਿਹੈਂ! ਭਲਾਈ ਦਾ ਕੋਈ ਜ਼ਮਾਨਾ ਹੀ ਨਹੀਂ ਰਿਹਾ ਯਾਰ, ਹੱਦ ਹੋ ਗਈ!’’
ਉਸ ਸ਼ਖ਼ਸ ਨੇ ਜੇਬ ਵਿੱਚੋਂ ਪੰਜਾਹ ਰੁਪਏ ਕੱਢੇ ਤੇ ਕੰਡਕਟਰ ਨੂੰ ਫੜਾਉਂਦਿਆਂ ਕਿਹਾ, ‘‘ਆਹ ਚੱਕ ਪੰਜਾਹ ਰੁਪਏ ਤੇ ਉਸ ਦੀ ਟਿਕਟ ਕੱਟ।’’ ਇਸ ਸ਼ਖ਼ਸ ਦੀ ਦਰਿਆਦਿਲੀ ਨੂੰ ਦੇਖ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਬਹੁਤ ਪ੍ਰਭਾਵਿਤ ਹੋਈਆਂ ਤੇ ਉਨ੍ਹਾਂ ਤਾੜੀਆਂ ਮਾਰ ਕੇ ਉਸ ਨੂੰ ਦਾਦ ਵੀ ਦਿੱਤੀ। ਅਗਲੇ ਸਟਾਪ ’ਤੇ ਉਹ ਸ਼ਖ਼ਸ ਉਨੰਜਾ ਸੌ ਪੰਜਾਹ ਰੁਪਏ ਲੈ ਕੇ ਬੱਸ ਤੋਂ ਉੱਤਰ ਗਿਆ ਤੇ ਸਿੱਧਾ ਠੇਕੇ ਵੱਲ ਨੂੰ ਹੋ ਤੁਰਿਆ।
ਸੰਪਰਕ: 94174-04804
* * *

