ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਹੈਂਕੜ ਦੀ ਫੂਕ

ਮੈਨੂੂੰ ਸਥਾਨਕ ਸਰਕਾਰਾਂ ਵਿਭਾਗ ’ਚੋਂ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੂੂੰ ਅਜੇ ਛੇ ਕੁਝ ਮਹੀਨੇ ਹੀ ਹੋਏ ਸਨ। ਕੁਰਸੀ ਦਾ ਗ਼ਰੂਰ ਅਜੇ ਤੱਕ ਦਿਲੋ-ਦਿਮਾਗ਼ ਵਿਚੋਂ ਨਿਕਲਿਆ ਨਹੀਂ ਸੀ। ਸ਼ਹਿਰ ’ਚ ਲੋਕਾਂ ਨਾਲ ਵਿਚਰਦਿਆਂ ਉਸੇ ਲਹਿਜੇ ਨਾਲ ਪੇਸ਼ ਆਉਂਦਾ ਜਿਵੇਂ ਮਹਿਕਮੇ ’ਚ ਮੁਲਾਜ਼ਮਾਂ ਤੇ ਵਾਹ ਪੈਣ ਵਾਲੇ ਲੋਕਾਂ ਨਾਲ। ਅਫ਼ਸਰੀ ਦਾ ਭੁਲੇਖਾ ਅਜੇ ਵੀ ਕਦੇ ਕਦੇ ਸਿਰ ਚੜ੍ਹ ਕੇ ਬੋਲਦਾ।

ਸਰਕਾਰ ਵੱਲੋਂ ਐਲਾਨੇ ਕੋਵਿਡ-19 ਦੇ ਮੁਫ਼ਤ ਟੀਕਾ ਲਗਵਾਉਣ ਦੀ ਭਿਣਕ ਮੈਨੂੂੰ ਵੀ ਪੈ ਗਈ। ਮੈਂ ਆਪਣਾ ਆਧਾਰ ਕਾਰਡ ਲੈ ਕੇ ਟੀਕਾ ਲਗਵਾਉਣ ਲਈ ਸਰਕਾਰੀ ਹਸਪਤਾਲ ਚਲਾ ਗਿਆ। ਕੋਵਿਡ ਕੇਂਦਰ ਦੇ ਗੇਟ ਉੱਤੇ ਇਕ ਪੁਲੀਸ ਕਰਮਚਾਰੀ ਡਿਊਟੀ ’ਤੇ ਖੜ੍ਹਾ ਸੀ। ਮੁੱਛਾਂ ਕੁੰਢੀਆਂ, ਅੱਖਾਂ ਲਾਲ, ਵਰਦੀ ਪੂਰੀ ਕਸ ਕੇ ਬੜਾ ਚੁਸਤ ਲੱਗ ਰਿਹਾ ਸੀ। ਜਦੋਂ ਮੇਰੀ ਵਾਰੀ ਆਈ ਤਾਂ ਉਸ ਨੇ ਰੋਅਬ ਨਾਲ ਪੁੱਛਿਆ, ‘‘ਦੱਸੋ, ਕੀ ਕੰਮ ਹੈ?’’ ਮੈਂ ਵੀ ਪੂਰੀ ਹੈਂਕੜ ’ਚ ਕਿਹਾ, ‘‘ਕਰੋਨਾ ਦਾ ਟੀਕਾ ਲਗਵਾਉਣਾ ਹੈ।’’ ਉਸ ਨੇ ਕਿਹਾ, ‘‘ਆਧਾਰ ਕਾਰਡ ਦਿਖਾਉ।’’ ਮੈਂ ਜੇਬ੍ਹ ’ਚੋਂ ਕੱਢ ਕੇ ਕਾਰਡ ਦਿਖਾ ਦਿੱਤਾ। ਉਸ ਨੇ ਕਾਰਡ ਵਾਪਸ ਕਰਦਿਆਂ ਆਕੜ ਨਾਲ ਕਿਹਾ, ‘‘ਇਹ ਟੀਕਾ ਤੁਹਾਡੇ ਨਹੀਂ ਲੱਗ ਸਕਦਾ ਕਿਉਂਕਿ ਤੁਹਾਡੀ ਉਮਰ ਅਜੇ ਸੱਠ ਸਾਲ ਨਹੀਂ ਹੋਈ।’’

ਮੈਂ ਬੜਾ ਵੱਟ ਖਾਧਾ ਤੇ ਅੰਦਰੋ-ਅੰਦਰੀਂ ਤੜਪ ਗਿਆ। ਮੇਰੇ ਅੰਦਰਲਾ ਅਫ਼ਸਰ ਜਾਗ ਪਿਆ। ਮੈਂ ਕਿਹਾ, ‘‘ਮੈਂ ਵੀ ਅਫ਼ਸਰ ਰਿਟਾਇਰ ਹੋਇਆ ਹਾਂ, ਤੈਨੂੂੰ ਦੇਖ ਲਵਾਂਗਾ।’’ ਉਸ ਨੇ ਮੇਰਾ ਮੋਢਾ ਫੜ ਕੇ ਕਿਹਾ, ‘‘ਹੋਏਂਗਾ ਕਾਰਜਕਾਰੀ ਅਧਿਕਾਰੀ, ਕਾਨੂੂੰਨ ਤਾਂ ਕਾਨੂੂੰਨ ਹੈ। ਜਾ ਕੰਮ ਕਰ।’’ ਉਸ ਨੇ ਮੇਰੀ ਬਾਂਹ ਫ਼ੜ ਕੇ ਕਤਾਰ ’ਚੋਂ ਬਾਹਰ ਕੱਢ ਦਿੱਤਾ। ਐਨਾ ਹੁੰਦੇ ਹੀ ਮੇਰੀ ਹੈਂਕੜ ਦੀ ਸਾਰੀ ਫ਼ੂਕ ਨਿਕਲ ਗਈ।

- ਸੁਰਿੰਦਰ ਨਾਗਰਾ

ਸੰਪਰਕ: 98786-46595

ਕਰੋਨਾ

ਬੈਂਕ ਵਿਚੋਂ ਬਾਹਰ ਨਿਕਲਦਿਆਂ ਹੀ ਉਸ ਨੇ ਆਪਣੇ ਨੱਕ ਅਤੇ ਮੂੰਹ ਉਪਰੋਂ ਮਾਸਕ ਉਤਾਰ ਕੇ ਤਹਿ ਲਗਾ ਕੇ ਜੇਬ੍ਹ ਵਿਚ ਪਾ ਲਿਆ ਜਿਵੇਂ ਬੈਂਕ ਤੋਂ ਬਾਹਰ ਕਰੋਨਾ ਹੋਵੇ ਹੀ ਨਾ।

- ਗੁਰਿੰਦਰ ਸਿੰਘ ਕਲਸੀ

ਸੰਪਰਕ: 98881-39135

ਕਰੋਨਾ ਦਾ ਟੀਕਾ

‘‘ਸਰਪੰਚ ਜੀ, ਘਰ ਹੋ?’’ ਨੈਣੂ ਅਮਲੀ ਨੇ ਦਰਵਾਜ਼ਾ ਖੜਕਾਉਂਦਿਆਂ ਕਿਹਾ। ‘‘ਆਹ ਕੌਣ, ਨੈਣੂ ਐ? ਲੰਘ ਆ।’’ ‘‘ਹਾਂ ਮੋਤੀਆਂ ਵਾਲਿਓ।’’ ਨੈਣੂ ਨੇ ਅੱਗੋਂ ਸਰਪੰਚ ਨੂੰ ਜਵਾਬ ਦਿੱਤਾ। ‘‘ਆ ਕਿਵੇਂ ਆਇਆ?’’ ਸਰਪੰਚ ਨੇ ਸਵਾਲ ਕੀਤਾ। ‘‘ਜੀ ਕੀ ਦੱਸਾਂ! ਕੱਲ੍ਹ ਮੈਂ ਕਰੋਨਾ ਦਾ ਟੀਕਾ ਲਵਾਉਣ ਸੈਂਟਰ ਗਿਆ ਸੀ ਤੇ ਡਾਕਟਰ ਨੇ ਟੀਕਾ ਲਗਾਉਂਦੇ ਸਮੇਂ ਨਾਲ ਹੀ ਕਿਹਾ ਬਈ ਪੰਦਰਾਂ ਦਿਨ ਸ਼ਰਾਬ ਨਹੀਂ ਪੀਣੀ। ਤੁਹਾਨੂੰ ਤਾਂ ਪਤਾ ਹੈ ਕਿ ਮੈਂ ਸ਼ਰਾਬ ਪੀਣ ਦਾ ਆਦੀ ਹਾਂ।’’ ‘‘ਇਹ ਤਾਂ ਚੰਗੀ ਗੱਲ ਹੈ ਇਸ ਨਾਲ ਤੇਰੀ ਸ਼ਰਾਬ ਵੀ ਛੁੱਟ ਜਾਵੇਗੀ। ਦੂਜਾ ਕਰੋਨਾ ਮਹਾਂਮਾਰੀ ਤੋਂ ਵੀ ਬਚਿਆ ਰਹੇਂਗਾ।’’ ਸਰਪੰਚ ਨੇ ਨੈਣੂ ’ਤੇ ਵਿਅੰਗ ਕੱਸਦਿਆਂ ਕਿਹਾ। ‘‘ਕਰੋਨਾ ਤੋਂ ਤਾਂ ਮੈਂ ਭਾਵੇਂ ਬਚ ਜਾਵਾਂ, ਪਰ ਸ਼ਰਾਬ ਨਾ ਪੀਣ ਕਰਕੇ ਜਲਦੀ ਹੀ ਉੱਤੇ ਚਲਾ ਜਾਵਾਂਗਾ।’’ ਨੈਣੂ ਨੇ ਸਰਪੰਚ ਨੂੰ ਬੇਨਤੀ ਕਰਦਿਆਂ ਕਿਹਾ। ‘‘ਇਹ ਤੇਰਾ ਵਹਿਮ ਐ ਨੈਣੂ। ਦਿਲ ਕਰੜਾ ਕਰ। ਸਰਕਾਰ ਸਾਡੇ ਭਲੇ ਲਈ ਹੀ ਟੀਕੇ ਲਾ ਰਹੀ ਹੈ। ਸ਼ਰਾਬ ਨਾ ਪੀਣ ਨਾਲ ਤੈਨੂੰ ਕੁਝ ਨਹੀਂ ਹੋਣਾ ਉਲਟਾ ਕਰੋਨਾ ਦਾ ਟੀਕਾ ਲਗਾਉਣ ਨਾਲ ਤੇਰੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਜਾਨੀ ਕਿ ਇਮਿਊਨਿਟੀ ਵਧੇਗੀ।’’ ‘‘ਸੱਚੀਂ ਸਰਪੰਚ ਜੀ?’’ ਨੈਣੂ ਨੂੰ ਸਰਪੰਚ ’ਤੇ ਰੱਬ ਤੋਂ ਵੱਧ ਯਕੀਨ ਸੀ। ਇਸੇ ਯਕੀਨ ਤੇ ਆਤਮ-ਵਿਸ਼ਵਾਸ ਨਾਲ ਨੈਣੂ ਅਗਲੇ ਟੀਕੇ ਲਗਵਾਉਣ ਦੀ ਤਿਆਰੀ ਤੇ ਮਨ ਬਣਾ ਕੇ ਸਰਪੰਚ ਦਾ ਸ਼ੁਕਰੀਆ ਕਰਦਿਆਂ ਘਰ ਨੂੰ ਵਾਪਸ ਆ ਗਿਆ।

- ਗੁਰਮੀਤ ਸਿੰਘ ਵੇਰਕਾ

ਸੰਪਰਕ: 98786-00221

ਆਸ਼ਾਵਾਦੀ ਸੋਚ

ਅਸੀਂ ਅਕਸਰ ਹੀ ਉਸ ਦੁਕਾਨ ’ਤੇ ਖਰੀਦਦਾਰੀ ਲਈ ਜਾਂਦੇ ਰਹਿੰਦੇ। ਉਹ ਉਸ ਦੁਕਾਨ ’ਤੇ ਕੰਮ ਕਰਦੀ ਸੀ। ਉਮਰ ਪੱਚੀ ਸਾਲ ਦੇ ਕਰੀਬ ਲੱਗਦੀ। ਗਾਹਕਾਂ ਨਾਲ ਭਰੀ ਰਹਿਣ ਵਾਲੀ ਦੁਕਾਨ ਉਸ ਦਿਨ ਖਾਲੀ ਸੀ। ਉਹ ਕੰਗਣ ਦਿਖਾ ਰਹੀ ਸੀ ਤਾਂ ਭੋਲ਼ੇ ਚਿਹਰੇ ਨੂੰ ਨਿਹਾਰ ਰਹੀ ਮਾਂ ਨੂੰ ਕਿਹਾ, ‘‘ਕਿਤੇ ਰਿਸ਼ਤਾ ਕਰਨ ਦਾ ਤਾਂ ਨਹੀਂ ਸੋਚ ਰਹੇ?’’ ਏਨੀ ਗੱਲ ਆਖ ਸ਼ਹਿਦ ਵਰਗੇ ਬੋਲਾਂ ’ਚ ਜਿਵੇਂ ਕੁੜੱਤਣ ਘੁਲ ਗਈ ਤੇ ਮੱਥੇ ’ਤੇ ਤਿਊੜੀਆਂ ਨਾਲ ਸਾਮਾਨ ਸਮੇਟਦੀ ਆਖਣ ਲੱਗੀ, ‘‘ਮੇਰਾ ਤਾਂ ਹੋ ਕੇ ਟੁੱਟ ਵੀ ਗਿਐ... ਦੋ ਬੱਚਿਆਂ ਦੀ ਮਾਂ ਹਾਂ... ਘਰਵਾਲਾ ਨਸ਼ੇ ਕਰਦਾ ਸੀ ਤਾਂ ਤਲਾਕ ਲੈ ਲਿਆ... ਹੁਣ ਪੇਕੇ ਘਰ ਰਹਿੰਦੀ ਹਾਂ... ਕਮਾਉਂਦੀ ਹਾਂ ਤਾਂ ਵੀ ਬੋਝ ਹਾਂ ਉਨ੍ਹਾਂ ’ਤੇ। ਪੰਦਰਾਂ ਸਾਲਾਂ ਦੀ ਘਰਦਿਆਂ ਵਿਆਹ ਦਿੱਤੀ ਅਮਲੀ ਨਾਲ... ਤੇਈਆਂ ’ਚ ਤਲਾਕ ਵੀ ਹੋ ਗਿਆ।’’ ਏਨਾ ਕਹਿ ਗਲ਼ ਦੀ ਚੁੰਨੀ ਨਾਲ ਅੱਖਾਂ ਪੂੰਝ ਫਿਰ ਕਹਿਣ ਲੱਗੀ, ‘‘ਹੁਣ ਤਾਂ ਜ਼ਿੰਦਗੀ ਨਰਕ ਬਣੀ ਪਈ ਐ...।’’

ਉਸ ਦੀ ਇਹ ਗੱਲ ਸੁਣ ਕੇ ਮੈਂ ਕਿਹਾ, ‘‘ਤੁਸੀਂ ਅੰਤਰਜਾਮੀ ਤਾਂ ਨਹੀਂ ਹੋ ਸਕਦੇ। ਕਿਉਂਕਿ ਹੁੰਦੇ ਤਾਂ ਤੁਹਾਡੇ ਨਾਲ ਜੋ ਹੁਣ ਤੱਕ ਹੋਇਆ, ਉਹ ਨਾ ਹੋਣ ਦਿੰਦੇ।’’ ਉਸ ਨੇ ਸਿਰ ਹਿਲਾ ਮੇਰੀ ਗੱਲ ਨਾਲ ਸਹਿਮਤੀ ਦਰਸਾਈ। ਮੈਂ ਆਖਿਆ, ‘‘ਫਿਰ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਵੀ ਬਦਲ ਨਹੀਂ ਸਕਦੇ। ਜੋ ਹੋਣਾ ਉਹ ਹੋ ਕੇ ਰਹਿੰਦਾ। ਹੁੰਦਾ ਤਾਂ ਸਭ ਰੱਬ ਦੇ ਹੱਥ ਹੈ ਬਸ ਦੇ ਆਸ਼ਾਵਾਦੀ ਸੋਚ ਨਾਲ ਖਿੜੇ ਮੱਥੇ ਸਭ ਸਵੀਕਾਰ ਕਰੀਏ ਤਾਂ ਹਾਲਾਤ ਨਾਲ ਲੜਨ ਅਤੇ ਇਨ੍ਹਾਂ ਨੂੰ ਬਦਲਣ ਦੀ ਤਾਕਤ ਪਰਮਾਤਮਾ ਆਪ ਬਖ਼ਸ਼ ਦਿੰਦੈ। ਰਹੀ ਗੱਲ ਵਿਆਹ ਦੀ ਤਾਂ ਹਾਲੇ ਬਹੁਤ ਉਮਰ ਪਈ ਐ... ਸੁਪਨੇ ਬੁਣੋ... ਸਭ ਇੱਕੋ ਜਿਹੇ ਨਹੀਂ ਹੁੰਦੇ।’’ ਉਹ ਖ਼ੁਸ਼ ਹੋਈ ਤੇ ਮੇਰੇ ਨਾਲ ਵਾਅਦਾ ਕੀਤਾ, ‘‘ਵਿਆਹ ਦਾ ਤਾਂ ਪਤਾ ਨਹੀਂ ਕਰਾਵਾਂਗੀ ਜਾਂ ਨਹੀਂ... ਹਾਂ ਪਰ ਮੁੜ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਵਾਂਗੀ।’’

- ਪ੍ਰਿਆ ਸੁਮਨ

ਸੰਪਰਕ: 99144-48311

ਚਾਹ

‘‘ਵਹੁਟੀਏ, ਅਜੇ ਤਕ ਚਾਹ ਕਿਉਂ ਨਹੀਂ ਦਿੱਤੀ ਮੈਨੂੰ?’’ ਆਪਣੀ ਰੋਅਬਦਾਰ ਆਵਾਜ਼ ਵਿਚ ਸੱਸ ਨੇ ਨੂੰਹ ਨੂੰ ਕਿਹਾ। ਬਿਲਕੁਲ ਨਾਲ ਵਾਲੇ ਕਮਰੇ ਵਿਚ ਸੁੱਤੀ ਧੀ ਗੀਤਾ ਨੇ ਅੱਧ-ਖੁੱਲ੍ਹੀਆਂ ਅੱਖਾਂ ਨਾਲ ਆਵਾਜ਼ ਸੁਣੀ ਤੇ ਰਸੋਈ ਵੱਲ ਭੱਜੀ।

ਗੀਤਾ ਨੂੰ ਤੇਜ਼ੀ ਨਾਲ ਜਾਂਦਿਆਂ ਪਿੱਛੋਂ ਵੇਖ ਕੇ ਸੱਸ ਤਿੱਖੀ ਆਵਾਜ਼ ਵਿਚ ਬੋਲੀ, ‘‘ਅਜੇ ਤਕ ਨੀਂਦ ਪੂਰੀ ਤਰ੍ਹਾਂ ਨਹੀਂ ਖੁੱਲ੍ਹੀ ਤੇਰੀ? ਮੈਂ ਕਦੋਂ ਦੀ ਆਵਾਜ਼ਾਂ ਮਾਰ ਰਹੀ ਹਾਂ।’’

‘‘ਮੈਂ ਹੁਣੇ ਲਿਆਈ ਮਾਂ ਜੀ!’’ ਗੀਤਾ ਨੇ ਮਿੱਠੀ ਆਵਾਜ਼ ਵਿਚ ਕਿਹਾ। ਮਾਂ ਨੇ ਧੀ ਨੂੰ ਸਾਹਮਣੇ ਵੇਖਿਆ ਤਾਂ ਬੋਲੀ, ‘‘ਮੈਂ ਤੈਨੂੰ ਤਾਂ ਚਾਹ ਲਿਆਉਣ ਨੂੰ ਨਹੀਂ ਕਿਹਾ ਸੀ।’’

‘‘ਮਾਂ, ਮੈਂ ਸਮਝੀ ਮੈਂ ਸਹੁਰੇ-ਘਰ ਹਾਂ ਅਤੇ ਮੇਰੀ ਸੱਸ...’’ ਗੀਤਾ ਦੇ ਮੂੰਹੋਂ ਨਿਕਲਿਆ।

ਧੀ ਦੀ ਗੱਲ ਸੁਣਦਿਆਂ ਹੀ ਮਾਂ ਦੇ ਚਿਹਰੇ ’ਤੇ ਹਵਾਈਆਂ ਉੱਡਣ ਲੱਗੀਆਂ। ਫਿਰ ਸੰਭਲ ਕੇ ਬੋਲੀ, ‘‘ਤਾਂ ਕੀ ਤੇਰੀ ਸੱਸ ਵੀ...’’

ਉਦੋਂ ਹੀ ਕਾਂਤਾ ਰਸੋਈ ’ਚੋਂ ਟ੍ਰੇ ਵਿਚ ਦੋ ਕੱਪ ਚਾਹ ਲੈ ਕੇ ਬਾਹਰ ਆਈ। ਦੋਵਾਂ ਨੂੰ ਚਾਹ ਦੇ ਕੱਪ ਫੜਾਉਂਦੀ ਹੋਈ ਉਹ ਮੁਸਕਰਾ ਪਈ। ਕਾਂਤਾ ਦੇ ਚਿਹਰੇ ’ਤੇ ਆਈ ਮੁਸਕਰਾਹਟ ਨੂੰ ਵੇਖ ਕੇ ਮਾਂ ਕੁਝ ਨਹੀਂ ਬੋਲ ਸਕੀ।

- ਡਾ. ਜਵਾਹਰ ਧੀਰ

ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

ਸੰਪਰਕ: 98726-25435

ਦਰਿੰਦਗੀ ਹੱਥੋਂ ਮਜਬੂਰ

ਅੱਜ ਜਦੋਂ ਮੈਂ ਉਸ ਨੂੰ ਟੀ.ਵੀ. ’ਤੇ ਦੇਖਿਆ ਤਾਂ ਪੁਰਾਣੇ ਦਿਨ ਆਪਮੁਹਾਰੇ ਮੇਰੇ ਅੱਗੇ ਆਉਣ ਲੱਗੇ। ਨਾਲ ਹੀ ਰੂਪ ਦੀ ਲਾਸ਼ ਦਿਸਣ ਲੱਗੀ। ਇੰਨੀ ਪੁਰਾਣੀ ਨਫ਼ਰਤ ਫਿਰ ਜਾਗ ਪਈ। ਪਰ ਅੱਜ ਉਸ ਦਾ ਨਾਮ ਉੱਚੇ ਅਹੁਦਿਆਂ ਵਾਲੇ ਅਫ਼ਸਰਾਂ ਵਿਚ ਸ਼ੁਮਾਰ ਹੁੰਦਾ ਹੈ। ਕਈ ਲੋਕ ਉਸ ਨੂੰ ਬਹੁਤ ਪਿਆਰ ਤੇ ਮਾਣ ਦਿੰਦੇ ਹਨ। ਲੋਕਾਂ ਤੇ ਸਰਕਾਰ ਲਈ ਅੱਜ ਉਹ ਇਕ ਨਾਇਕ ਹੈ, ਪਰ ਉਸ ਪ੍ਰਤੀ ਮੇਰੀ ਨਫ਼ਰਤ ਬਿਲਕੁਲ ਵੀ ਨਹੀਂ ਘਟੀ। ਮੈਨੂੰ ਤਾਂ ਉਸ ਦਾ ਚਿਹਰਾ ਰੂਪ ਦੀ ਯਾਦ ਦਿਵਾਉਂਦਾ ਹੈ। ਰੂਪ ਦੀ ਯਾਦ ਮੈਨੂੰ ਕਾਲਜ ਦੇ ਦਿਨਾਂ ਵਿਚ ਲੈ ਗਈ। ਜਦੋਂ ਉਹ ਵੀ ਕਾਲਜ ਦਾ ਵਿਦਿਆਰਥੀ ਸੀ।

ਸਾਡੇ ਕਾਲਜ ਆਇਆਂ ਉਸ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਉਹ ਰੂਪ ਦੇ ਆਲੇ-ਦੁਆਲੇ ਪੈਲਾਂ ਪਾਉਣ ਲੱਗਾ, ਪਰ ਰੂਪ ਉਸ ਦੀ ਕੋਈ ਪਰਵਾਹ ਨਾ ਕਰਦੀ। ਰੂਪ ਨੂੰ ਉਸ ਦੇ ਤੌਰ-ਤਰੀਕੇ ਫੁੱਟੀ ਅੱਖ ਨਾ ਭਾਉਂਦੇ। ਰੂਪ ਆਪਣੇ ਨਾਂ ਵਾਂਗ ਸੁਹੱਪਣ ਦੀ ਮੂਰਤ ਸੀ। ਸੋਹਣੀ ਸਨੁੱਖੀ, ਸੁਚੱਜੀ। ਪੜ੍ਹਾਈ ਵਿਚ ਅੱਵਲ ਤੇ ਸਾਦਗੀ ਦੀ ਮੂਰਤ। ਸਾਰਾ ਕਾਲਜ ਉਸ ਦੀ ਸੁੰਦਰਤਾ ਤੇ ਪੜ੍ਹਾਈ ਵਿਚ ਅੱਵਲ ਹੋਣ ਦੀਆਂ ਗੱਲਾਂ ਕਰਦਾ। ਰੂਪ ਮੇਰੀ ਜਮਾਤਣ ਹੋਣ ਦੇ ਨਾਲ ਨਾਲ ਮੇਰੀ ਤੇ ਸੰਗੀਤ ਦੀ ਰੂਮਮੇਟ ਵੀ ਸੀ। ਰੂਪ ਨੂੰ ਆਪਣੇ ਜਾਲ ਵਿਚ ਕਰਨ ਲਈ, ਉਸ ਮੁੰਡੇ ਨੇ ਸੰਗੀਤ ਨਾਲ ਦੋਸਤੀ ਕੀਤੀ। ਸੰਗੀਤ ਉਸ ਦੀ ਵਧੀਆ ਦੋਸਤ ਬਣ ਗਈ ਸੀ ਤੇ ਉਹ ਸਾਡੇ ਨਾਲ ਅਕਸਰ ਉਸ ਦੀਆਂ ਗੱਲਾਂ ਕਰਦੀ ਰਹਿੰਦੀ।

ਇਕ ਦਿਨ ਤਾਂ ਹੱਦ ਹੀ ਹੋ ਗਈ। ਸੰਗੀਤ ਰੂਪ ਨੂੰ ਕਹਿੰਦੀ, ‘‘ਰੂਪ, ਤੇਰੇ ਨਾਲ ਗੱਲ ਕਰਨੀ ਹੈ ਬੁਰਾ ਨਾ ਮਨਾਈਂ।’’ ਉਸ ਨੇ ਜਵਾਬ ਦਿੱਤਾ, ‘‘ਤੂੰ ਮੇਰੀ ਭੈਣ ਏਂ। ਜੋ ਵੀ ਗੱਲ ਹੈ, ਕਰ ਲੈ ਮੈਂ ਕਿਉਂ ਬੁਰਾ ਮਨਾਉਣਾ?’’ ਸੰਗੀਤ ਨੇ ਕਿਹਾ, ‘‘ਸ਼ਮਸ਼ੇਰ ਗਿੱਲ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ। ਤੈਨੂੰ ਬਹੁਤ ਪਿਆਰ ਕਰਦਾ ਹੈ। ਉਹ ਤੈਨੂੰ ਪਾਉਣ ਲਈ ਕੁਝ ਵੀ ਕਰ ਸਕਦਾ ਹੈ। ਬਹੁਤ ਹੀ ਚੰਗਾ ਹੈ।” ਰੂਪ ਨੇ ਗੁੱਸੇ ਨਾਲ ਕਿਹਾ, ‘‘ਤੂੰ ਮੇਰੀ ਸਹੇਲੀ ਏਂ। ਇਹ ਗੱਲ ਅੱਜ ਕਰ ਦਿੱਤੀ, ਮੁੜ ਕੇ ਨਾ ਕਰੀਂ। ਮੈਨੂੰ ਉਹ ਬਿਲਕੁਲ ਪਸੰਦ ਨਹੀਂ। ਹਾੜ੍ਹਾ! ਮੁੜ ਕੇ ਉਸ ਦਾ ਨਾਮ ਮੇਰੇ ਸਾਹਮਣੇ ਨਾ ਲਈਂ।”

ਉਸ ਮੁੰਡੇ ਨੇ ਹੋਰ ਵੀ ਬਹੁਤ ਯਤਨ ਕੀਤੇ, ਪਰ ਸਭ ਬੇਕਾਰ। ਉਸ ਨੇ ਦੋ ਚਾਰ ਮੁੰਡਿਆਂ ਨੂੰ ਆਪਣੇ ਨਾਲ ਰਲਾ ਲਿਆ। ਲੀਡਰ ਬਣ ਕੇ ਉਨ੍ਹਾਂ ਦੇ ਅੱਗੇ ਅੱਗੇ ਹੋ ਤੁਰਦਾ। ਕਦੀ ਮੋਟਰਸਾਈਕਲ, ਕਦੀ ਸਕੂਟਰ ਅਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ ਪੜ੍ਹਨ ਆਉਂਦਾ। ਕਈ ਵਾਰੀ ਸ਼ਰਾਬ ਪੀ ਕੇ ਕਾਲਜ ਵਿਚ ਹੱਲਾ-ਗੁੱਲਾ ਕਰਦਾ। ਕਾਫ਼ੀ ਮੁੰਡੇ ਉਸ ਦੁਆਲੇ ਇਕੱਠੇ ਹੋਏ ਰਹਿੰਦੇ। ਉਨ੍ਹਾਂ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜਿਉਂ ਮਿਲ ਜਾਂਦਾ।

ਰੂਪ ਨੇ ਉਸ ਨੂੰ ਜ਼ਰਾ ਵੀ ਭਾਅ ਨਾ ਦਿੱਤਾ। ਉਸ ਨੂੰ ਇਸ ਗੱਲ ਦਾ ਬਹੁਤ ਗੁੱਸਾ ਰਹਿੰਦਾ, ਪਰ ਉਹ ਰੂਪ ਦਾ ਰਾਹ ਹਰ ਰੋਜ਼ ਰੋਕਦਾ ਰਹਿੰਦਾ। ਰੂਪ ਨੇ ਅੱਕ ਕੇ

ਕਾਲਜ ਦੇ ਪ੍ਰਿੰਸੀਪਲ ਨੂੰ ਲਿਖਤੀ ਸ਼ਿਕਾਇਤ ਦਿੱਤੀ, ਪਰ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ

ਹੋਈ। ਦਰਅਸਲ, ਕਾਲਜ ਦਾ ਸਟਾਫ਼ ਅਤੇ ਕਮੇਟੀ

ਸਭ ਉਸ ਦੀ ਮੰਨਦੇ ਕਿਉਂਕਿ ਉਸ ਦੇ ਪਿਉ ਦੇ ਪੈਸੇ ਨਾਲ ਇਹ ਪ੍ਰਾਈਵੇਟ ਕਾਲਜ ਚੱਲਦਾ ਸੀ। ਇਸ ਸ਼ਿਕਾਇਤ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਤੰਗ ਕਰਨ ਲੱਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।

ਕਾਲਜ ਦੀ ਵਿਦਾਇਗੀ ਪਾਰਟੀ ਦਾ ਦਿਨ ਸੀ। ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਉਸ ਨੇ ਰੂਪ ਦੀ ਬਾਂਹ ਫੜ ਲਈ। ਰੂਪ ਨੇ ਗੁੱਸੇ ਵਿਚ ਉਸ ਨੂੰ ਚਪੇੜ ਮਾਰ ਦਿੱਤੀ। ਬਾਂਹ ਛੁਡਾ ਕੇ ਹੋਸਟਲ ਦੇ ਕਮਰੇ ਵਿਚ ਆ ਗਈ। ਮੈਂ ਵੀ ਰੂਪ ਨਾਲ ਕਮਰੇ ਵਿਚ ਆ ਗਈ। ਰੂਪ ਬਹੁਤ ਰੋ ਰਹੀ ਸੀ। ਮੈਂ ਆਪਣਾ ਹੱਥ ਉਸ ਦੇ ਮੋਢੇ ’ਤੇ ਰੱਖਿਆ। ਉਸ ਨੇ ਆਪਣਾ ਸਿਰ ਮੇਰੇ ਮੋਢੇ ’ਤੇ ਰੱਖ ਦਿੱਤਾ। ਰੂਪ ਨੂੰ ਹੌਸਲਾ ਦਿੱਤਾ ਤੇ ਕਿਹਾ, ‘‘ਚੱਲ ਰੂਪ ਕੋਈ ਗੱਲ ਨਹੀਂ। ਪੇਪਰਾਂ ਤੋਂ ਬਾਅਦ ਉਸ ਦੀ ਸ਼ਕਲ ਨਹੀਂ ਦਿਸੇਗੀ।’’

ਹੁਣ ਉਹ ਕੁਝ ਦਿਨਾਂ ਤੋਂ ਕਾਲਜ ਨਹੀਂ ਸੀ ਆਉਂਦਾ। ਉਸ ਦੇ ਕਾਲਜ ਨਾ ਆਉਣ ਕਾਰਨ ਰੂਪ ਵੀ ਕੁਝ ਠੀਕ ਮਹਿਸੂਸ ਕਰਨ ਲੱਗੀ ਸੀ। ਇਮਤਿਹਾਨ ਹੋਣ ਲੱਗੇ ਸਨ। ਇਮਤਿਹਾਨਾਂ ਵਿਚ ਵੀ ਉਸ ਦਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ। ਹੁਣ ਕਾਲਜ ਵਿਚ ਸ਼ਾਂਤੀ ਹੀ ਸੀ। ਕੁਝ ਵਿਦਿਆਰਥੀਆਂ ਦੇ ਇਮਤਿਹਾਨ ਹੋ ਚੁੱਕੇ ਸਨ ਤੇ ਉਹ ਘਰਾਂ ਨੂੰ ਚਲੇ ਗਏ ਸਨ। ਹੁਣ ਉਹ ਵਿਦਿਆਰਥੀ ਹੀ ਕਾਲਜ ਤੇ ਹੋਸਟਲ ਵਿਚ ਸਨ ਜਿਨ੍ਹਾਂ ਦੇ ਪ੍ਰੈਕਟੀਕਲ ਚੱਲ ਰਹੇ ਸਨ। ਸਾਡੇ ਹੋਸਟਲ ਵਿਚ ਵੀ ਮੇਰੇ, ਰੂਪ ਤੇ ਸੰਗਤ ਤੋਂ ਬਿਨਾਂ ਹੋਰ ਦਸ ਕੁ ਕੁੜੀਆਂ ਹੀ ਰਹਿ ਗਈਆਂ ਸਨ। ਇਸ ਦਾ ਪਤਾ ਸ਼ਾਇਦ ਉਸ ਨੂੰ ਲੱਗ ਗਿਆ ਸੀ। ਉਹ ਰੂਪ ਤੋਂ ਚਪੇੜ ਦਾ ਬਦਲਾ ਲੈਣ ਲਈ ਮੌਕਾ ਭਾਲਦਾ ਸੀ ਤੇ ਉਸ ਨੂੰ ਸ਼ਾਇਦ ਇਹ ਮੌਕਾ ਮਿਲ ਗਿਆ। ਉਹ ਫਿਰ ਕਾਲਜ ਆਉਣ ਲੱਗਿਆ। ਰੂਪ ਕਿਸੇ ਕੰਮ ਲਈ ਕਾਲਜ ਦੀ ਲਾਇਬ੍ਰੇਰੀ ਗਈ। ਉੱਥੇ ਉਸ ਨੇ ਰੂਪ ਨੂੰ ਘੇਰ ਲਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਰੂਪ ਕਿਸੇ ਨਾ ਕਿਸੇ ਤਰੀਕੇ ਹੋਸਟਲ ਦੇ ਕਮਰੇ ਵਿਚ ਆਈ ਤੇ ਬਹੁਤ ਘਬਰਾਈ ਹੋਈ ਨੇ ਦਰਵਾਜ਼ਾ ਬੰਦ ਕੀਤਾ। ਮੈਂ ਪੁੱਛਿਆ ਕਿ ਕੀ ਗੱਲ ਹੈ ਤਾਂ ਉਸ ਨੇ ਮੈਨੂੰ ਦੱਸਿਆ, ‘‘ਉਹ ਫਿਰ ਕਾਲਜ ਆ ਗਿਆ ਹੈ। ਉਸ ਨੇ ਮੇਰੀ ਫਿਰ ਬਾਂਹ ਫੜੀ। ਮੈਂ ਕਿਹਾ, ‘‘ਤੂੰ ਘਬਰਾਉਂਦੀ ਕਿਉਂ ਹੈ? ਕੁਝ ਨਹੀਂ ਹੁੰਦਾ। ਤੂੰ ਕਮਰੇ ਵਿਚ ਰਹੀਂ। ਮੇਰੇ ਜਾਣ ਮਗਰੋਂ ਦਰਵਾਜ਼ਾ ਅੰਦਰੋਂ ਬੰਦ ਕਰ ਲਈਂ।’’ ਦਰਅਸਲ ਮੇਰਾ ਰੂਪ ਨੂੰ ਇਕੱਲੀ ਛੱਡਣ ਨੂੰ ਦਿਲ ਤਾਂ ਨਹੀਂ ਸੀ ਕਰਦਾ, ਪਰ ਮੇਰਾ ਪ੍ਰੈਕਟੀਕਲ ਹੋਣਾ ਸੀ। ਇਸ ਕਾਰਨ ਮੈਨੂੰ ਆਉਣਾ ਪਿਆ। ਪ੍ਰੈਕਟੀਕਲ ਦੇ ਤਿੰਨ-ਚਾਰ ਘੰਟੇ ਪਿੱਛੋਂ ਮੈਂ ਸਿੱਧੀ ਕਮਰੇ ਵੱਲ ਗਈ। ਦਰਵਾਜ਼ਾ ਖੋਲ੍ਹਿਆ ਤਾਂ ਮੇਰੀਆਂ ਚੀਕਾਂ ਨਿਕਲ ਗਈਆਂ। ਰੂਪ ਦੀ ਲਾਸ਼ ਸਾਹਮਣੇ ਪਈ ਸੀ। ਉਸ ਦੇ ਕੱਪੜੇ ਫਟੇ ਹੋਏ ਸੀ। ਮੇਰੀਆਂ ਚੀਕਾਂ ਸੁਣ ਕੇ ਹੋਸਟਲ ਦੀਆਂ ਕੁੜੀਆਂ ਤੇ ਵਾਰਡਨ ਵੀ ਆ ਗਈ। ਵਾਰਡਨ ਨੇ ਬੈੱਡ ਤੋਂ ਚਾਦਰ ਲਾਹ ਕੇ ਰੂਪ ਉੱਤੇ ਦਿੱਤੀ। ਪੁਲੀਸ ਨੂੰ ਫੋਨ ਕੀਤਾ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਈ। ਪੁਲੀਸ ਨੇ ਹੋਸਟਲ ਵਾਰਡਨ ਤੇ ਮੇਰੇ ਅਤੇ ਬਾਕੀ ਕੁੜੀਆਂ ਨਾਲ ਗੱਲਬਾਤ ਕਰਕੇ ਸਾਡੇ ਬਿਆਨ ਦਰਜ ਕੀਤੇ। ਮੈਂ ਤੇ ਇਕ ਦੋ ਕੁੜੀਆਂ ਨੇ ਸ਼ਮਸ਼ੇਰ ਗਿੱਲ ਬਾਰੇ ਦੱਸਿਆ। ਰੂਪ ਦੇ ਘਰਦਿਆਂ ਨੇ ਵੀ ਸ਼ਮਸ਼ੇਰ ਗਿੱਲ ਖ਼ਿਲਾਫ਼ ਕੇਸ ਦਰਜ ਕੀਤਾ। ਮੇਰੇ ਪਰਿਵਾਰ ਨੇ ਮੈਨੂੰ ਇਸ ਮਾਮਲੇ ਵਿਚ ਬੋਲਣ ਤੋਂ ਰੋਕ ਦਿੱਤਾ ਕਿਉਂਕਿ ਸ਼ਮਸ਼ੇਰ ਗਿੱਲ ਦੇ ਪਿਤਾ ਨੇ ਮੇਰੇ ਪਰਿਵਾਰ ਨੂੰ ਡਰਾ ਦਿੱਤਾ ਸੀ, ਮਜਬੂਰਨ ਮੈਨੂੰ ਚੁੱਪ ਰਹਿਣਾ ਪਿਆ। ਸ਼ਮਸ਼ੇਰ ਗਿੱਲ ਖ਼ਿਲਾਫ਼ ਕੇਸ ਅਦਾਲਤ ਵਿਚ ਲੱਗਿਆ, ਪਰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਉਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਰੂਪ ਦੇ ਕਤਲ ਤੇ ਜ਼ਬਰਦਸਤੀ ਨੂੰ ਖ਼ੁਦਕੁਸ਼ੀ ਦਾ ਨਾਮ ਦਿੱਤਾ ਗਿਆ।

ਕਈ ਵਾਰੀ ਰੂਪ ਦੀ ਯਾਦ ਉਸ ਦਰਿੰਦੇ ਲਈ ਨਫ਼ਰਤ ਦਾ ਤੂਫ਼ਾਨ ਬਣ ਕੇ ਆਉਂਦੀ। ਪਰ ਸਭ ਬੇਕਾਰ ਕਿਉਂਕਿ ਮੈਂ ਕੁਝ ਵੀ ਨਹੀਂ ਸਾਂ ਕਰ ਸਕਦੀ। ਜਦੋਂ ਮੈਂ ਉਸ ਦੇ ਵੱਡਾ ਅਫ਼ਸਰ ਬਣਨ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ ਕਿ ਇਹ ਲਫੰਗਾ ਅਫ਼ਸਰ ਕਿਵੇਂ ਬਣ ਗਿਆ? ਬਸ ਇਹ ਸਭ ਦੇਖ ਸੁਣ ਕੇ ਅੱਜ ਰੂਪ ਦੀ ਲਾਸ਼ ਮੇਰੀਆਂ ਅੱਖਾਂ ਸਾਹਮਣੇ ਫਿਰ ਘੁੰਮਣ ਲੱਗੀ। ਮੇਰੇ ਜ਼ਿਹਨ ਵਿਚ ਆਇਆ ਕਿ ਪਤਾ ਨਹੀਂ ਹੋਰ ਕਿੰਨੀਆਂ ਹੀ ਕੁੜੀਆਂ ਦੀ ਹੋਣੀ ਰੂਪ ਵਰਗੀ ਹੋਵੇਗੀ।

- ਰਵਨਜੋਤ ਕੌਰ ਸਿੱਧੂ

ਸੰਪਰਕ: 82830-66125

ਟੁੱਟਦੇ ਸੁਪਨੇ

‘‘ਮੈਂ ਕਿਹਾ ਸੁਣਦੇ ਓ ਜੀ... ਆਪਣੇ ਬਿਟੂ ਤੇ ਅੰਮੋ ਦੀ ਫੀਸ ਦੇਣੀ ਐ। ਸਕੂਲ ਵਾਲੇ ਰੋਜ਼ ਕਾਪੀ ’ਤੇ ਲਿਖ ਕੇ ਭੇਜ ਦਿੰਦੇ ਨੇ। ਅੱਜ ਇਹਦੀ ਮੈਡਮ ਦਾ ਫੂਨ ਵੀ ਆਇਆ, ਕਹਿੰਦੀ ਜੇ ਫੀਸ ਨਾ ਦਿੱਤੀ ਪੇਪਰ ’ਚ ਨਹੀਂ ਬਹਿਣ ਦੇਣਾ।’’ ਭਾਂਡੇ ਮਾਂਜਦੀ ਅਮਰੀਕ ਕੌਰ ਨੇ ਮੰਜੇ ’ਤੇ ਬੈਠੇ ਆਪਣੇ ਘਰਵਾਲੇ ਨੂੰ ਸੰਬੋਧਿਤ ਹੁੰਦਿਆਂ ਕਿਹਾ। ‘‘ਕਿੱਥੋਂ ਲਿਆਵਾਂ ਫੀਸ ਦੇ ਪੈਸੇ? ਮੈਂ ਤਾਂ ਪਹਿਲਾਂ ਹੀ ਉਸ ਰਾਹੇ ਨਹੀਂ ਪੈਂਦਾ ਜਿੱਧਰੋਂ ਦੀ ਆੜਤੀਆ ਲੰਘਦੈ। ਉਸ ਕੋਲੋਂ ਵੀ ਫ਼ਸਲ ਆਉਣ ਤੋਂ ਪਹਿਲਾਂ ਹੀ ਪੈਸਾ ਖਾ ਲਿਆ ਆਪਾਂ। ਇਕ ਮੇਰੀ ਬਿਮਾਰੀ, ਉੱਤੋਂ ਘਰ ਦੇ ਖਰਚੇ ਤੇ ਆਹ ਜਵਾਕਾਂ ਦੀ ਫੀਸ...। ਕਈ ਵਾਰ ਤਾਂ ਜੀਅ ਕਰਦੈ ਕੁਝ ਖਾ ਈ ਲਵਾਂ ਤੇ ਸਿਆਪਾ ਨਬੇੜਾਂ...।’’ ‘‘ਹਾਏ ਹਾਏ ਵਾਹਗਰੂ ਕਹੋ। ਸੁੱਖੀ ਸਾਂਦੀ ਹੋ ਜੂ ਆਪੇ ਕੋਈ ਹੀਲਾ ਵਸੀਲਾ, ਰੱਬ ਕੋਈ ਨਾ ਕੋਈ ਟਾਹਣੀ ਨਿਵਾ ਹੀ ਦਿੰਦਾ ਹੁੰਦੈ।’’ ‘‘ਆਹੋ ਨਿਵਾ ਦਿੰਦੈ... ਰੱਬ ਵੀ ਵੱਡਿਆਂ ਦਾ ਈ ਏ। ਆਪਣੇ ਵਰਗੇ ਗਰੀਬਾਂ ਦੀ ਤਾਂ ਓਹ ਵੀ ਬਾਂਹ ਨਹੀਂ ਫੜਦਾ।’’ ‘‘ਨਾ ਜੀ ਨਾ, ਏਦਾਂ ਨਾ ਸੋਚੋ। ਆਪਣੇ ਧੀ ਪੁੱਤ ਪੜ੍ਹ ਲਿਖ ਗਏ ਤਾਂ ਆਪੇ ਕਮਾਉਣ ਲੱਗ ਜਾਣਗੇ। ਤੁਸੀਂ ਸਬਰ ਰੱਖੋ। ਆਪਣੀ ਅੰਮੋ ਪੜ੍ਹਾਈ ਵਿਚ ਬੜੀ ਹੁਸ਼ਿਆਰ ਜੇ... ਅੰਮੋ ਨੂੰ ਆਪਾਂ ਆਈਲੈਟਸ ਕਰਵਾ ਕੇ ਬਾਹਰ ਘੱਲਦਾਂਗੇ ਤੇ ਬਿੱਟੂ ਨੂੰ ਇੱਥੇ ਹੀ ਪੜ੍ਹਾਈ ਲਿਖਾਈ ਕਰਵਾ ਦਿਆਂਗੇ।’’ ‘‘ਅੰਮੋ ਦੀ ਗੱਲ ਤਾਂ ਠੀਕ ਐ, ਪਰ ਆਹ ਤੇਰੇ ਪੁੱਤ ਦੇ ਲੱਛਣ ਮੈਨੂੰ ਠੀਕ ਨਹੀਂ ਲੱਗਦੇ, ਸਾਰਾ ਦਿਨ ਆਵਾਰਾਗਰਦੀ ਕਰਦਾ ਰਹਿੰਦੈ।’’ ‘‘ਨਾ ਜੀ ਨਾ, ਦਮਾਗ ਬੜਾ ਜੇ ਓਹਦਾ ਜਿਹੜਾ ਕੰਮ ਧਿਆਨ ਲਾ ਕੇ ਕਰੇ ਝੱਟ ਦੇਣੀ ਸਿੱਖ ਜਾਂਦਾ ਜੇ...। ਐਵੇਂ ਨਾ ਮੇਰੇ ਪੁੱਤ ਨੂੰ ਮਾੜਾ ਕਿਹਾ ਕਰੋ...।’’ ਸਿਰ ’ਤੇ ਚੁੰਨੀ ਠੀਕ ਕਰਦੀ ਅਮਰੀਕ ਕੌਰ ਬੋਲੀ।

ਏਦਾਂ ਨਿਆਣਿਆਂ ਦੀਆਂ ਗੱਲਾਂ ਕਰਦਿਆਂ ਦੋਵਾਂ ਦਾ ਕਿੰਨਾ ਸਮਾਂ ਟੱਪ ਗਿਆ। ਸਕੂਲੋਂ ਜੁਆਕ ਘਰ ਆਏ ਤਾਂ ਅੰਮੋ ਦਾ ਮੂੰਹ ਵੀ ਕੁਝ ਉਤਰਿਆ ਪਿਆ ਸੀ ਤੇ ਬਿੱਟੂ ਨੇ ਆਉਣ ਸਾਰ ਬਸਤਾ ਵਗਾਹ ਪੈਰਾਂ ਵਿਚ ਮਾਰਿਆ, ‘‘ਜੇ ਸਾਡੇ ਖਰਚੇ ਨਹੀਂ ਸੀ ਚੁੱਕ ਸਕਦੇ ਫਿਰ ਸਾਨੂੰ ਜੰਮਿਆ ਕਿਉਂ...। ਜੇ ਫੀਸ ਨਹੀਂ ਸੀ ਦਿੱਤੀ ਜਾਂਦੀ ਫਿਰ ਸਕੂਲ ਲਾਇਆ ਕਿਉਂ ਸਾਨੂੰ...। ਸਾਰੀ ਜਮਾਤ ਸਾਹਮਣੇ ਮੇਰੀ ਬੇਇੱਜ਼ਤੀ ਹੋ ਜਾਂਦੀ ਐ! ਸਾਰੇ ਕਹਿੰਦੇ ਤੇਰੇ ਬਾਪੂ ਕੋਲ ਪੈਸੇ ਨਹੀਂ ਹੈਗੇ।’’ ਬਿੱਟੂ ਦੀਆਂ ਖਰਵੀਆਂ ਜਿਹੀਆਂ ਗੱਲਾਂ ਸੁਣ ਦੋਵਾਂ ਮੀਆਂ ਬੀਵੀ ਦਾ ਹਿਰਦਾ ਲੂਸ ਗਿਆ। ‘‘ਜਾਓ ਤੁਸੀਂ ਕਿਸੇ ਤੋਂ ਪੈਸਿਆਂ ਦਾ ਪਤਾ ਕਰੋ...’’ ਘਰਵਾਲੀ ਦੀ ਗੱਲ ਸੁਣ ਅਜੀਤ ਸਿੰਘ ਸਾਈਕਲ ਫੜ ਘਰੋਂ ਤੁਰ ਪਿਆ। ਸਾਰਿਆਂ ਨੂੰ ਅਜੀਤ ਸਿੰਘ ਦੀ ਵਿੱਤੀ ਹਾਲਤ ਦਾ ਪਤਾ ਸੀ। ਇਸੇ ਕਰਕੇ ਦੂਰੋਂ ਆਉਂਦਾ ਵੇਖ ਸਾਰੇ ਬੂਹਾ ਭੇੜ ਲੈਂਦੇ। ਜੇ ਕਿਸੇ ਦੇ ਘਰ ਚਲਾ ਵੀ ਜਾਂਦਾ ਤਾਂ ਲਾਣੇਦਾਰ ਦੇ ਘਰ ਹੁੰਦਿਆਂ ਵੀ ਲਾਣੇਦਾਰਨੀ ਝੂਠ ਹੀ ਕਹਿ ਦਿੰਦੀ, ‘‘ਭਾਜੀ... ਉਹ ਤਾਂ ਖੇਤਾਂ ਨੂੰ ਗਏ ਐ।’’ ਸਭ ਕੁਝ ਜਾਣਦਿਆਂ ਵੀ ਅਜੀਤ ਸਿੰਘ ਸਾਈਕਲ ਫੜ ਰੋਜ਼ ਕਦੇ ਕਿਸੇ, ਕਦੇ ਕਿਸੇ ਦੇ ਘਰ ਗੇੜੇ ਮਾਰਦਾ। ਓਧਰ ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਗਏ ਸਨ ਤੇ ਹਰ ਰੋਜ਼ ਬੱਚਿਆਂ ਨੂੰ ਖਲੋ ਕੇ ਪੇਪਰ ਦੇਣਾ ਪੈਂਦਾ। ਹੁਣ ਅੰਮੋ ਤੇ ਬਿੱਟੂ ਦੇ ਆਖ਼ਰੀ ਦੋ ਇਮਤਿਹਾਨ ਰਹਿ ਗਏ ਸਨ, ਪਰ ਫੀਸ ਦਾ ਹਾਲੇ ਤੱਕ ਕੋਈ ਬੰਦੋਬਸਤ ਨਹੀਂ ਸੀ ਹੋਇਆ। ਅਗਲੇ ਦਿਨ ਜਦੋਂ ਅੰਮੋ ਤੇ ਬਿੱਟੂ ਸਕੂਲ ਗਏ ਤਾਂ ਜਾਂਦਿਆਂ ਹੀ ਦੋਵਾਂ ਨੂੰ ਅਸੈਂਬਲੀ ਵਿਚੋਂ ਹੀ ਘਰ ਮੋੜ ਦਿੱਤਾ ਗਿਆ। ਦੋਵਾਂ ਨੂੰ ਘਰ ਪਰਤਿਆ ਵੇਖ ਮਾਂ ਸਮਝ ਗਈ ਕਿ ਅੱਜ ਉਨ੍ਹਾਂ ਦਾ ਇਮਤਿਹਾਨ ਨਹੀਂ ਲਿਆ ਗਿਆ ਤੇ ਸਕੂਲੋਂ ਭੇਜ ਦਿੱਤਾ ਗਿਆ ਹੈ। ਅੰਮੋ ਤੇ ਬਿੱਟੂ ਨੂੰ ਇਮਤਿਹਾਨ ਨਾ ਦੇ ਸਕਣ ਕਾਰਨ ਮਾਯੂਸ ਖੜ੍ਹੇ ਵੇਖ ਕੇ ਅਜੀਤ ਸਿੰਘ ਨੂੰ ਆਪਣੇ ਬੱਚਿਆਂ ਤੇ ਅਮਰੀਕ ਕੌਰ ਦੇ ਚੰਗੇ ਦਿਨਾਂ ਦੀ ਉਡੀਕ ਤੇ ਅੰਮੋ ਨੂੰ ਪੜ੍ਹਾ ਲਿਖਾ ਕੇ ਬਾਹਰ ਭੇਜਣ ਦੇ ਸੁਪਨੇ ਟੁੱਟਦੇ ਨਜ਼ਰ ਆਏ।

- ਹਰਕੀਰਤ ਕੌਰ

ਸੰਪਰਕ: 97791-18066

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All