ਮੇਰੀ ਮਾਂ
ਅੱਜ ਸਵੇਰੇ ਉੱਠੀ ਤਾਂ ਮੈਨੂੰ ਬੁਖ਼ਾਰ ਸੀ। ਪੂਰਾ ਸਰੀਰ ਭੱਠੀ ਵਾਂਗੂੰ ਤਪ ਰਿਹਾ ਸੀ। ਫਿਰ ਵੀ ਮੈਂ ਹਿੰਮਤ ਜਿਹੀ ਕਰ ਕੇ ਉੱਠ ਖੜ੍ਹੀ ਹੋਈ। ਘਰ ਦਾ ਸਾਰਾ ਕੰਮ ਕੀਤਾ। ਸਵੇਰ ਦੀ ਰੋਟੀ ਵਗੈਰਾ ਬਣਾਈ ਤੇ ਸਭ ਨੂੰ ਖੁਆ ਵੀ ਦਿੱਤੀ। ਸਾਰੇ ਰੋਟੀ ਖਾ ਕੇ ਆਪੋ ਆਪਣੇ ਕੰਮ ਧੰਦਿਆਂ ’ਤੇ ਲੱਗ ਗਏ, ਪਰ ਮੇਰੀ ਹਾਲਤ ਤੋਂ ਅਜੇ ਤੱਕ ਸਾਰੇ ਹੀ ਅਣਜਾਣ ਸਨ। ਕਿਸੇ ਨੂੰ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਕਿ ਮੈਂ ਠੀਕ ਨਹੀਂ। ਪਤਾ ਵੀ ਕਿਵੇਂ ਲੱਗਦਾ ਕਿਸੇ ਨੂੰ…? ਮੈਂ ਕਿਹੜਾ ਦੱਸਿਆ ਸੀ ਕੁਝ। ਬਸ ਕੰਮ ਨਬਿੇੜ ਕੇ ਹੀ ਜਿਵੇਂ ਸਰੀਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਹੁਣ ਤੁਰਨ ਦੀ ਵੀ ਹਿੰਮਤ ਨਹੀਂ ਸੀ ਰਹੀ। ਇਸ ਲਈ ਮੈਂ ਆਪਣੇ ਕਮਰੇ ’ਚ ਆ ਕੇ ਪੈ ਗਈ। ਬੁਖ਼ਾਰ ਨਾਲ ਕਦੋਂ ਅੱਖ ਲੱਗ ਗਈ, ਕੁਝ ਪਤਾ ਹੀ ਨਹੀਂ ਲੱਗਿਆ। ਇੰਨੇ ਨੂੰ ਪੁੱਤਰ ਮੇਰਾ ਫੋਨ ਲੈ ਕੇ ਆ ਗਿਆ। ਕਹਿੰਦਾ, ‘‘ਮੰਮੀ, ਗੱਲ ਕਰਿਓ।’’ ਮੇਰੇ ’ਚ ਇੰਨੀ ਹਿੰਮਤ ਵੀ ਨਾ ਪਈ ਕਿ ਉਹਨੂੰ ਪੁੱਛ ਲਵਾਂ ਕਿ ਫੋਨ ’ਤੇ ਕੌਣ ਹੈ। ਮੈਂ ਕੰਨ ਨਾਲ ਫੋਨ ਲਗਾ ਕੇ ਅਜੇ ਹੈਲੋ ਹੀ ਕਿਹਾ ਸੀ ਕਿ ਅੱਗੋਂ ਇੱਕ ਫ਼ਿਕਰ ਭਰੀ ਆਵਾਜ਼ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ… “ਤੂੰ ਠੀਕ ਤਾਂ ਹੈਂ ਨਾ? ਮੈਨੂੰ ਰਾਤ ਤੇਰਾ ਸੁਪਨਾ ਆਇਆ ਸੀ, ਬਈ ਤੂੰ ਕਿਸੇ ਅੱਗ ਦੇ ਭਰੇ ਖੂਹ ’ਚ ਚਲੀ ਜਾਨੀ ਐਂ। ਤੇਰਾ ਹੱਥ ਮੇਰੇ ਹੱਥ ’ਚੋਂ ਛੁੱਟ ਗਿਆ ਲੱਗਦਾ, ਤੇ ਤੇਰਾ ਸਰੀਰ ਓਸ ਅੱਗ ਦੀ ਭੱਠੀ ’ਚ ਤਪ ਰਿਹੈ। ਅੱਜ ਸਵੇਰ ਦੀ ਮੇਰੀ ਪਿੱਠ ਵੀ ਬਹੁਤ ਦੁਖੀ ਜਾਂਦੀ ਐ। ਤੇ ਜਦੋਂ ਵੀ ਮੇਰੀ ਪਿੱਠ ਦੁਖਦੀ ਹੁੰਦੀ ਐ, ਓਦੋਂ ਤੂੰ ਠੀਕ ਨਹੀਂ ਹੁੰਦੀ…” ਇਉਂ ਬਿਨਾਂ ਰੁਕੇ ਉਹ ਬੋਲੀ ਜਾ ਰਹੀ ਸੀ ਤੇ ਏਧਰ ਉਹਨੂੰ ਬੋਲਦੀ ਨੂੰ ਸੁਣ ਕੇ ਮੇਰੀਆਂ ਅੱਖਾਂ ’ਚੋਂ ਪਾਣੀ ਨਹੀਂ ਸੀ ਰੁਕ ਰਿਹਾ। ਪਤਾ ਹੈ ਕਿ ਇਹ ਫ਼ਿਕਰ ਭਰੀ ਆਵਾਜ਼ ਕਿਸ ਦੀ ਸੀ…? ਕੌਣ ਸੀ ਉਹ ਜੋ ਮੇਰੇ ਤੋਂ ਕੋਹਾਂ ਦੂਰ ਹੋ ਕੇ ਵੀ ਮੇਰਾ ਦਰਦ ਮਹਿਸੂਸ ਕਰ ਰਹੀ ਸੀ। ਕੌਣ ਸੀ ਉਹ ਜੋ ਮੇਰੇ ਤੋਂ ਦੂਰ ਹੋ ਕੇ ਵੀ ਮੇਰੇ ਇੰਨੇ ਨੇੜੇ ਸੀ? ਹੋਰ ਕੋਈ ਨਹੀਂ… ਉਹ ਮੇਰੀ ਮਾਂ ਸੀ… ਮੇਰੀ ਮਾਂ…।
– ਜਗਦੀਪ ਕੌਰ ਬਰਾੜ
ਸਿਮਰ ਵਾਲਾ ਚਾਕਲੇਟ
ਦਸ ਸਾਲਾਂ ਦਾ ਗੁਰੀ ਆਪਣੇ ਪੜ੍ਹਨ ਕਮਰੇ ਵਿਚ ਬੈਠਾ ਸਤਾਰਾਂ ਦੇ ਪਹਾੜੇ ਨੂੰ ਯਾਦ ਕਰਨ ਲਈ ਜੂਝ ਰਿਹਾ ਸੀ। ਉਸ ਕੋਲ ਬੈਠੀ ਉਸ ਤੋਂ ਇਕ ਸਾਲ ਵੱਡੀ ਭੈਣ ਸਿਮਰ ਆਪਣਾ ਪੜ੍ਹ ਰਹੀ ਸੀ। ਸਿਮਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਗੁਰੀ ਉਂਝ ਤਾਂ ਤੇਜ਼ ਸੀ, ਪਰ ਪੜ੍ਹਾਈ ਵਿਚ ਉਸ ਦਾ ਹੱਥ ਤੰਗ ਹੀ ਸੀ। ਉਸ ਨੂੰ ਹਮੇਸ਼ਾ ਚੰਗੀ ਪੜ੍ਹਾਈ ਕਰਨ ਲਈ ਘਰਦੇ ਸਿਮਰ ਦੀ ਮਿਸਾਲ ਹੀ ਦਿੰਦੇ ਸਨ। ਅਗਲੇ ਦਿਨ ਸਕੂਲ ਵਿੱਚ ਦੋਵਾਂ ਦਾ ਟੈਸਟ ਸੀ। ਗੁਰੀ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਸੀ। ਮਾਂ ਨੇ ਗੁਰੀ ਦਾ ਧਿਆਨ ਪੜ੍ਹਾਈ ਵਿਚ ਲਾਉਣ ਲਈ ਸ਼ਰਤ ਰੱਖੀ ਹੋਈ ਸੀ ਕਿ ਦੋਵਾਂ ਵਿਚੋਂ ਜਿਹੜਾ ਆਪਣੇ ਟੈਸਟ ਵਿਚੋਂ ਵੱਧ ਨੰਬਰ ਲੈ ਕੇ ਆਵੇਗਾ ਸਿਰਫ਼ ਉਸੇ ਨੂੰ ਚਾਕਲੇਟ ਮਿਲੇਗਾ। ਗੁਰੀ ਦਾ ਸਤਾਰਾਂ ਦੇ ਪਹਾੜੇ ਦਾ ਟੈਸਟ ਸੀ ਜਿਸ ਨਾਲ ਉਸ ਦਾ ਇੱਟ ਕੁੱਤੇ ਦਾ ਵੈਰ ਸੀ। ਗੁਰੀ ਨੇ ਟੈਸਟ ਵਿਚੋਂ ਨੰਬਰ ਲੈਣ ਲਈ ਇਕ ਜੁਗਤ ਬਣਾਈ। ਉਸ ਨੇ ਉਹ ਪਹਾੜਾ ਆਪਣੀ ਟੈਸਟ ਵਾਲੀ ਕਾਪੀ ਵਿਚ ਪਹਿਲਾਂ ਹੀ ਲਿਖ ਲਿਆ ਅਤੇ ਅਗਲੇ ਦਿਨ ਟੈਸਟ ਵਿਚ ਪਿੱਛੇ ਵਾਲੀ ਸੀਟ ’ਤੇ ਬੈਠ ਕੇ ਲਿਖਣ ਦਾ ਸਵਾਂਗ ਕਰਦਾ ਰਿਹਾ। ਉਸ ਦੀ ਸਕੀਮ ਕੰਮ ਕਰ ਗਈ। ਅਧਿਆਪਕ ਨੇ ਥੋੜ੍ਹੇ ਹੈਰਾਨੀ ਭਰੇ ਲਹਿਜੇ ਵਿਚ ਹੀ ਸਹੀ, ਪਰ ਸਾਬਾਸ਼ੀ ਦਿੱਤੀ। ਗੁਰੀ ਖ਼ੁਸ਼ ਸੀ। ਘਰ ਜਾ ਕੇ ਕਾਪੀ ਲੈ ਕੇ ਮਾਂ, ਦਾਦਾ ਅਤੇ ਦਾਦੀ ਜੀ ਨੂੰ ਭੱਜ ਕੇ ਦਿਖਾਈ। ਸਭ ਖ਼ੁਸ਼ ਹੋਏ। ਸਿਮਰ ਹਮੇਸ਼ਾ ਵਾਂਗ ਪੂਰੇ ਨੰਬਰ ਲੈ ਕੇ ਆਈ। ਸ਼ਾਮ ਨੂੰ ਚਾਕਲੇਟ ਦੇਣ ਦਾ ਸਮਾਂ ਆ ਗਿਆ। ਮਾਂ ਨੇ ਲਾਡ ਕਰਦਿਆਂ ਦੋਵਾਂ ਨੂੰ ਬੁੱਕਲ ਵਿਚ ਲੈ ਲਿਆ ਤੇ ਇਕ-ਇਕ ਚਾਕਲੇਟ ਦਿੱਤਾ। ਸਿਮਰ ਆਪਣੇ ਚਾਕਲੇਟ ਦਾ ਛਿਲਕਾ ਲਾਹੁਣ ਹੀ ਲੱਗੀ ਸੀ ਕਿ ਗੁਰੀ ਉਸ ਵਾਲਾ ਚਾਕਲੇਟ ਲੈਣ ਦੀ ਜ਼ਿੱਦ ਕਰਨ ਲੱਗਿਆ। ਇਕੋ ਜਿਹੇ ਚਾਕਲੇਟ ਹੋਣ ਕਰਕੇ ਸਿਮਰ ਨੇ ਬਿਨਾਂ ਦੇਰੀ ਕੀਤੇ ਚਾਕਲੇਟ ਦੀ ਅਦਲਾ ਬਦਲੀ ਕਰ ਲਈ। ਜਦੋਂ ਸਿਮਰ ਦੂਜਾ ਚਾਕਲੇਟ ਖਾਣ ਲੱਗੀ ਤਾਂ ਗੁਰੀ ਰੋਂਦਿਆਂ ਫਿਰ ਆਪਣੇ ਵਾਲਾ ਉਹੀ ਚਾਕਲੇਟ ਵਾਪਸ ਲੈਣ ’ਤੇ ਬਜ਼ਿਦ ਹੋ ਗਿਆ। ਫਿਰ ਚਾਕਲੇਟ ਦੀ ਅਦਲਾ ਬਦਲੀ ਕੀਤੀ ਗਈ। ਅਜਿਹਾ ਦੋ ਤਿੰਨ ਵਾਰ ਹੋਣ ’ਤੇ ਮਾਂ ਨੇ ਗੁਰੀ ਨੂੰ ਝਿੜਕਦਿਆਂ ਚਾਕਲੇਟ ਖਾਣ ਲਈ ਕਿਹਾ। ਸਿਸਕੀਆਂ ਲੈਂਦਾ ਗੁਰੀ ਚੁੱਪ ਹੋ ਗਿਆ, ਪਰ ਉਸ ਨੂੰ ਇਹ ਸਮਝ ਨਹੀਂ ਸੀ ਲੱਗ ਰਹੀ ਕਿ ਹੁਣ ਵੀ ਉਸ ਦਾ ਸਿਮਰ ਵਾਲਾ ਚਾਕਲੇਟ ਲੈਣ ਨੂੰ ਹੀ ਕਿਉਂ ਮਨ ਕਰ ਰਿਹਾ ਸੀ?
– ਕਮਲਪ੍ਰੀਤ ਸਿੰਘ
ਸੰਪਰਕ: 98788-81264
ਮੇਰਾ ਕੀ ਕਸੂਰ
ਮੈਂ ਰੋਜ਼ ਸਵੇਰੇ ਉੱਠ ਕੇ ਇਕ ਘੁੱਗੀ ਨੂੰ ਘਰ ਦੇ ਬਨੇਰੇ
’ਤੇ ਬੈਠੀ ਦੇਖਦਾ ਸੀ, ਪਰ ਉਹ ਘੁੱਗੀ ਨਾ ਤਾਂ ਦੂਰ ਉਡਾਰੀ ਮਾਰਨ ਜਾਂਦੀ ਅਤੇ ਨਾ ਹੀ ਆਸ-ਪਾਸ
ਜਾਂਦੀ ਸੀ। ਲਗਭਗ ਘਰ ਵਿਚ ਕਮਰੇ ਦੇ ਆਲੇ-
ਦੁਆਲੇ ਹੀ ਰਹਿੰਦੀ। ਸਾਡੇ ਘਰ ਪਸ਼ੂਆਂ ਵਾਲੇ
ਪਾਸੇ ਇਕ ਕੂਲਰ ਪਿਆ ਸੀ ਜੋ ਰੁੱਤ ਨਾ ਹੋਣ
ਕਰਕੇ ਬੰਦ ਸੀ। ਇਕ ਦਿਨ ਮੇਰੀ ਨਜ਼ਰ ਉਸ ਕੂਲਰ
’ਤੇ ਪਈ ਤਾਂ ਦੇਖਿਆ ਕਿ ਘੁੱਗੀ ਨੇ ਆਪਣਾ
ਆਲ੍ਹਣਾ ਉਸ ਵਿੱਚ ਪਾਇਆ ਹੋਇਆ ਸੀ। ਜਦੋਂ
ਮੈਂ ਨੇੜੇ ਗਿਆ ਤਾਂ ਘੁੱਗੀ ਡਰ ਗਈ ਤੇ ਮੈਂ ਪਿੱਛੇ
ਮੁੜ ਆਇਆ। ਮੈਂ ਅਕਸਰ ਹੀ ਘੁੱਗੀ ਨੂੰ ਆਪਣੇ ਆਲ੍ਹਣੇ ਵਿੱਚ ਬੈਠੀ ਦੇਖਦਾ ਸੀ।
ਇਕ ਦਿਨ ਮੈਂ ਨਜ਼ਦੀਕ ਗਿਆ। ਮੈਂ ਤਸਵੀਰ ਖਿੱਚੀ ਤਾਂ ਘੁੱਗੀ ਡਰੀ ਨਹੀਂ। ਸ਼ਾਇਦ ਉਹ ਸਮਝ ਗਈ ਸੀ ਕਿ ਮੈਂ ਉਸ ਦਾ ਕੋਈ ਨੁਕਸਾਨ ਨਹੀਂ ਕਰਾਂਗਾ। ਉਹ ਲਗਾਤਾਰ ਮੇਰੇ ਵੱਲ ਦੇਖਦੀ ਰਹੀ ਤੇ ਮੈਂ ਲਗਭਗ 5 ਮਿੰਟ ਘੁੱਗੀ ਦੇ ਕੋਲ ਖੜ੍ਹਾ ਰਿਹਾ। ਇੰਝ ਜਾਪ ਰਿਹਾ ਸੀ ਜਿਵੇਂ ਘੁੱਗੀ ਮੈਨੂੰ ਇਹ ਪੁੱਛ ਰਹੀ ਹੋਵੇ ਕਿ ਮੈਂ ਕਿੱਥੇ ਜਾਵਾਂ, ਮੈਂ ਵੀ ਤਾਂ ਆਪਣਾ ਪਰਿਵਾਰ ਪਾਲਣਾ ਹੈ। ਘੁੱਗੀ ਨੂੰ ਲੱਗਿਆ ਕਿ ਸਾਡੇ ਘਰ ਵਿੱਚ ਉਸ ਨੂੰ ਕੋਈ ਖ਼ਤਰਾ ਨਹੀਂ ਤੇ ਘੁੱਗੀ ਨੇ ਸ਼ਾਇਦ ਸਾਡੇ ਘਰ ਪੱਕੇ ਤੌਰ ’ਤੇ ਆਪਣਾ ਟਿਕਾਣਾ ਬਣਾ ਲਿਆ ਸੀ। ਇਕ ਦਿਨ ਤੂੜੀ ਪਾਉਣੀ ਸੀ ਤਾਂ ਕੂਲਰ ਥੋੜ੍ਹਾ ਕੁ ਪਾਸੇ ਕਰ ਕੇ ਰੱਖਿਆ। ਘੁੱਗੀ ਨੂੰ ਪਤਾ ਨਾ ਲੱਗਿਆ ਕਿ ਉਸ ਦਾ ਘਰ ਕਿਧਰ ਗਿਆ। ਫਿਰ ਓਨਾ ਸਮਾਂ ਘੁੱਗੀ ਉਸੇ ਕਮਰੇ ਦੀ ਛੱਤ ’ਤ ਬੈਠੀ ਰਹੀ ਜਿਸ ਵਿੱਚ ਕੂਲਰ ਪਿਆ ਸੀ। ਸ਼ਾਮ ਹੁੰਦੇ ਹੀ ਕੂਲਰ ਉਸੇ ਜਗ੍ਹਾ ਲਿਆ ਕੇ ਰੱਖ ਦਿੱਤਾ ਜਿੱਥੇ ਪਹਿਲਾਂ ਪਿਆ ਸੀ। ਘੁੱਗੀ ਨੂੰ ਪਤਾ ਲੱਗਿਆ ਤਾਂ ਉਹ ਝੱਟ ਆਪਣੇ ਆਲਣੇ ਵਿੱਚ ਆ ਗਈ ਤੇ ਖ਼ੁਸ਼ ਜਾਪਦੀ ਸੀ। ਅੱਜ ਵੀ ਘੁੱਗੀ ਆਪਣੇ ਆਲ੍ਹਣੇ ਵਿੱਚ ਬੈਠੀ ਹੈ। ਚਲੋ ਇਸ ਘੁੱਗੀ ਨੂੰ ਤਾਂ ਘਰ ਮਿਲ ਗਿਆ, ਪਰ ਮਨੁੱਖ ਆਪਣੇ ਲਾਲਚ ਕਾਰਨ ਜੰਗਲਾਂ ਦਾ ਸਫ਼ਾਇਆ ਕਰਕੇ ਜਿਨ੍ਹਾਂ ਪੰਛੀਆਂ ਦੇ ਕੁਦਰਤੀ ਆਵਾਸ ਉਜਾੜ ਰਿਹਾ ਹੈ, ਉਹ ਸਾਰੇ ਕਿੱਥੇ ਜਾਣਗੇ?
– ਗੁਰਪ੍ਰਸਾਦ ਲਾਲੀ ਸ਼ਰਮਾ
ਸੰਪਰਕ: 98556-59556
ਭੁੱਖ
‘‘ਅਮਰੋ ਓ ਅਮਰੋ!’’ ਰਸੋਈ ਵਿੱਚ ਕੰਮ ਕਰ ਰਹੀ ਅਮਰਜੀਤ ਨੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਪਤੀ ਦਿਆਲ ਸਿੰਘ ਵਿਹੜੇ ਵਿਚ ਮੰਜੀ ਡਾਹੁੰਦਿਆਂ ਉਸ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘‘ਲੈ ਬਈ ਬਜ਼ੁਰਗਾ ਇੱਥੇ ਬੈਠ ਆਰਾਮ ਨਾਲ,’’ ਦਿਆਲ ਸਿੰਘ ਨੇ ਨਾਲ ਆਏ ਬਜ਼ੁਰਗ ਨੂੰ ਕਿਹਾ।
ਉਸ ਦਾ ਧਿਆਨ ਆਪਣੀ ਪਤਨੀ ਵੱਲ ਗਿਆ ਤਾਂ ਉਸ ਨੂੰ ਕਿਹਾ, ‘‘ਅਮਰੋ, ਇਹ ਵਿਚਾਰਾ ਦੋ ਦਿਨਾਂ ਤੋਂ ਭੁੱਖਾ ਪਿਆਸੈ, ਇਹਨੂੰ ਰੋਟੀ-ਪਾਣੀ ਦੇ ਲਿਆ ਕੇ।’’
ਅਮਰੋ ਨੇ ਰੋਟੀ ਤੇ ਪਾਣੀ ਦਾ ਜੱਗ ਲਿਆ ਕੇ ਉਸ ਬਜ਼ੁਰਗ ਨੂੰ ਦਿੱਤਾ। ਜਦੋਂ ਉਸ ਨੇ ਰੋਟੀ ਦੀ ਪਹਿਲੀ ਬੁਰਕੀ ਤੋੜੀ ਤਾਂ ਮੱਲੋਜ਼ੋਰੀ ਡੱਕਦਿਆਂ ਵੀ ਹੰਝੂ ਉਸ ਦੀਆਂ ਅੱਖਾਂ ’ਚੋਂ ਵਹਿ ਤੁਰੇ। ਦਿਆਲ ਸਿੰਘ ਤੇ ਅਮਰਜੀਤ ਹੈਰਾਨ-ਪਰੇਸ਼ਾਨ ਅੱਖਾਂ ਨਾਲ ਉਸ ਵੱਲ ਵੇਖ ਰਹੇ ਸਨ। ਹੱਥ ਵਿਚ ਫੜੀ ਬੁਰਕੀ ਵੱਲ ਦੇਖਦਾ
ਹੋਇਆ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਦਿਆਲ ਸਿੰਘ ਨੇ ਕਾਹਲੇ ਹੋ ਕੇ ਪੁੱਛਿਆ, ‘‘ਕੀ ਹੋਇਆ ਬਜ਼ੁਰਗਾ?’’ ਆਪਣੇ-ਆਪ ਨੂੰ ਸੰਭਾਲਦਿਆਂ ਉਹ ਬੋਲਿਆ, ‘‘ਏਕ ਸਰਦਾਰ ਕੇ ਯਹਾਂ ਕਾਮ ਕਰਤਾ ਥਾ, ਕਰੋਨਾ ਕੇ ਡਰ ਸੇ ਉਨਹੋਂ ਨੇ ਕਾਮ ਸੇ ਨਿਕਾਲ ਦੀਆ। ਕੋਈ ਕਾਮ ਨਾ ਮਿਲਾ ਤੋ ਅਪਨੇ ਦੇਸ ਕੋ ਨਿਕਲ ਪੜਾ। ਜਿਸ ਰੋਟੀ ਕੇ ਲੀਏ ਇਤਨੀ ਦੂਰ ਸੇ ਆਇਆ ਅਬ ਯਹਾਂ ਭੀ ਉਸੀ ਕੋ ਤਰਸ ਰਹਾਂ ਹੂੰ। ਇਸ ਭੂਖ ਕੀ
ਤੜਪ ਸੇ ਤੋ ਕਰੋਨਾ ਸੇ ਮਰਨਾ ਅੱਛਾ।’’
– ਨਿਰਮਲਜੀਤ ਕੌਰ
ਈ-ਮੇਲ: nirmaljitkaur993@gmail.com