ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਫੋਨ

ਆਨਲਾਈਨ ਕਲਾਸਾਂ ਦੇ ਚਲਦਿਆਂ ਮੇਰੀ ਕਲਾਸ ਦੀ ਸਭ ਤੋਂ ਹੁਸ਼ਿਆਰ ਬੱਚੀ ਕਈ ਦਿਨਾਂ ਤੋਂ ਮੇਰੇ ਨਾਲ ਜੁੜ ਨਹੀਂ ਸੀ ਰਹੀ। ਮੈਂ ਇੱਕ ਦੋ ਵਾਰ ਫੋਨ ਕੀਤਾ, ਉਸ ਦਾ ਫੋਨ ਬੰਦ ਆ ਰਿਹਾ ਸੀ। ਅੱਜ ਮੈਂ ਦੁਬਾਰਾ ਕਾਰਨ ਜਾਨਣ ਲਈ ਫੋਨ ਕਰਨਾ ਚਾਹਿਆ। ਫੋਨ ਉਸ ਦੇ ਪਾਪਾ ਨੇ ਚੁੱਕਿਆ। ਦੋਵੇਂ ਪਾਸਿਆਂ ਤੋਂ ਸਤਿ ਸ੍ਰੀ ਅਕਾਲ ਬੋਲਣ ਤੋਂ ਬਾਅਦ ਮੈਂ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਅਤੇ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ। ‘‘ਮੈਡਮ ਜੀ, ਫੋਨ ’ਚੋਂ ਪੈਸੇ ਮੁੱਕ ਗਏ ਸੀ। ਇਹ ਤਾਂ ਅੱਜ ਥੋੜ੍ਹੇ ’ਜੇ ਪੈਸੇ ਸਿਰਫ਼ ਫੋਨ ਆਉਣ ਲਈ ਪਵਾਏ ਨੇ ਜੀ। ਕਈ ਵਾਰ ਦੁਖਦਾ-ਸੁਖਦਾ ਕੋਈ ਜਰੂਰੀ ਸੁਨੇਹਾ ਆਉਣਾ ਹੁੰਦੈ,’’ ਉਸ ਦੇ ਪਾਪਾ ਨੇ ਆਖਿਆ। ‘‘ਅੱਛਾ ਫੇਰ ਨੈੱਟ ਨੀ ਚਲਦਾ ਤੁਹਾਡੇ ਫੋਨ ’ਚ,’’ ਮੈਂ ਅਸਲੀ ਮਕਸਦ ਜਾਣਨ ਦੇ ਰੌਂਅ ਵਿੱਚ ਪੁੱਛਿਆ। ‘‘ਤੁਸੀਂ ਨੈੱਟ ਦੀ ਗੱਲ ਕਰਦੇ ਓ ਮੈਡਮ ਜੀ, ਸਾਡੇ ਤਾਂ ਭੜੋਲਿਆਂ ’ਚੋਂ ਆਟਾ ਵੀ ਮੁੱਕਿਆ ਪਿਐ। ਸਾਡਾ ਕਿਹੜਾ ਜੀਅ ਨੀ ਕਰਦਾ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇਈਏ। ਉਹ ਵੀ ਵਿਚਾਰਾ ਜਾ ਮੂੰਹ ਕਰਕੇ ਜਦੋਂ ਮੇਰੇ ਵੱਲ ਦੇਖਦੀ ਐ ਤਾਂ ਕਹਿੰਦੀ ਕੁਛ ਨੀ, ਘਰ ਦੀ ਮਜਬੂਰੀ ਸਮਝ ਕੇ ਚੁੱਪ ਕਰ ਜਾਂਦੀ ਐ। ਮੈਡਮ ਜੀ, ਇਹ ਮਜਬੂਰੀ ਜੀਹਦੇ ਪੱਲੇ ਪੈਂਦੀ ਐ ਇਹਦਾ ਮੁੱਲ ਓਹੀ ਜਾਣਦੈ,’’ ਆਖਦਿਆਂ ਉਸ ਦਾ ਗਲਾ ਭਰ ਆਇਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਭਰੇ ਗਲ਼ੇ ਨਾਲ ‘‘ਅੱਛਾ ਮੈਡਮ ਜੀ, ਸਤਿ ਸ੍ਰੀ ਅਕਾਲ’’ ਆਖ ਉਸ ਨੇ ਫੋਨ ਕੱਟ ਦਿੱਤਾ। ਮਜਬੂਰ ਮਾਪਿਆਂ ਦੇ ਹੁਸ਼ਿਆਰ ਬੱਚਿਆਂ ਦੇ ਭਵਿੱਖ ’ਤੇ ਕਰੋਨਾ ਮਹਾਂਮਾਰੀ ਦੇ ਪਏ ਪਰਛਾਵੇਂ ਮੇਰੇ ਦਿਲੋ-ਦਿਮਾਗ ’ਤੇ ਛਾਉਣ ਲੱਗੇ। ਮੈਂ ਅਗਲੇ ਬੱਚੇ ਨੂੰ ਫੋਨ ਕਰਨ ਲਈ ਦੁਚਿੱਤੀ ਵਿਚ ਪੈ ਗਈ।
- ਸੁਖਵਿੰਦਰ ਕੌਰ ਸਿੱਧੂ
ਸੰਪਰਕ: 94654-34177

* * *

ਤਿਣਕੇ ਦਾ ਸਹਾਰਾ

ਸਕੂਲ ਵਿਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ, ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਅਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜ਼ਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਦਰਅਸਲ, ਕਰੋਨਾ ਦੇ ਇਸ ਮਾਰੂ ਦੌਰ ਨੇ ਇਨ੍ਹਾਂ ਗ਼ਰੀਬਾਂ ਦਾ ਲੱਕ ਹੀ ਤੋੜ ਛੱਡਿਆ ਸੀ। ਗੁਰਦੁਆਰਾ ਸਾਹਿਬ ਵਿਚ ਪਹਿਲਾਂ ਹੀ ਮੁਨਿਆਦੀ ਕਰਵਾਈ ਹੋਣ ਕਰਕੇ ਹਰੇਕ ਘਰ ’ਚੋਂ ਕੋਈ ਇਕ ਬੱਚਾ ਜਾਂ ਪਰਿਵਾਰ ਦਾ ਕੋਈ ਇਕ ਜੀਅ ਆਪਣੇ ਘਰ ਦੇ ਬੂਹੇ ਵਿਚ ਖੜ੍ਹਾ ਸਾਨੂੰ ਉਡੀਕ ਰਿਹਾ ਸੀ। ਅਚਾਨਕ ਮੈਂ ਮੋਹਨ ਦੇ ਘਰ ਮੂਹਰੇ ਜਾ ਖੜ੍ਹਾ ਹੋਇਆ। ਮੋਹਨ ਥੋੜ੍ਹੇ ਦਿਨ ਪਹਿਲਾਂ ਹੀ ਸਕੂਲ ਆਉਣ ਲੱਗਿਆ ਸੀ। ਉਸ ਦੇ ਪਾਪਾ ਨੂੰ ਕਿਸੇ ਕੰਮ ਵਿਚ ਬਹੁਤ ਘਾਟਾ ਪੈ ਗਿਆ ਸੀ। ਕਰੋਨਾ ਦੇ ਕਹਿਰ ਕਾਰਨ ਉਹ ਕੋਈ ਦਿਹਾੜੀ-ਦੱਪਾ ਕਰਨ ਜੋਗਾ ਵੀ ਨਹੀਂ ਸੀ ਰਿਹਾ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਮੈਂ ਬਹੁਤ ਹੀ ਸਾਊ ਅਤੇ ਮਲੂਕ ਜਿਹੇ ਮੋਹਨ ਨੂੰ ਪਿਆਰ ਨਾਲ ਕਿਹਾ, ‘‘ਬੇਟਾ ਜੀ, ਤੁਸੀਂ ਤਾਂ ਅਜੇ ਦਾਖ਼ਲ ਨਹੀਂ ਹੋਏ ਸਕੂਲ ’ਚ। ਤੁਹਾਡਾ ਨਾ ਤਾਂ ਅਨਾਜ ਆਇਆ ਹੈ ਅਤੇ ਨਾ ਹੀ ਪੈਸੇ।’’ ਇੰਨਾ ਕਹਿਣ ਦੀ ਦੇਰ ਸੀ ਕਿ ਉਸ ਵਿਚਾਰੇ ਦਾ ਚਿਹਰਾ ਉਤਰ ਗਿਆ। ਇੰਝ ਜਾਪਿਆ ਜਿਵੇਂ ਉਸ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੋਵੇ। ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ ਅਤੇ ਪੁੱਛ ਹੀ ਲਿਆ, ‘‘ਪੁੱਤ, ਤੁਹਾਡੇ ਲਈ ਘਰੇ ਖਾਣ-ਪੀਣ ਨੂੰ ਹੈ ਕੁਸ਼?’’ ਮੇਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਸ ਨੇ ਨੀਵੀਂ ਪਾ ਲਈ ਅਤੇ ਨਾਂਹ ਵਿਚ ਸਿਰ ਹਿਲਾਉਂਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਆਪਣੇ ਪੱਲਿਓਂ ਉਸ ਨੂੰ ਪੈਸੇ ਦਿੰਦਿਆਂ ਕਿਹਾ, ‘‘ਪੁੱਤ ਤੂੰ ਰੋ ਨਾ, ਤੂੰ ਆਹ ਅਨਾਜ ਵੀ ਫੜ ਅਤੇ ਪੈਸੇ ਵੀ।’’ ਮੇਰੀ ਗੱਲ ਸੁਣਦਿਆਂ ਹੀ ਉਸ ਦੇ ਉਦਾਸ ਚਿਹਰੇ ’ਤੇ ਰੌਣਕ ਪਰਤ ਆਈ। ਸ਼ੁਕਰਗੁਜ਼ਾਰ ਹੁੰਦਿਆਂ, ਅਨਾਜ ਅਤੇ ਪੈਸੇ ਲੈ ਕੇ ਟਹਿਕਦੇ ਹੋਏ ਚਿਹਰੇ ਨਾਲ ਮੋਹਨ ਚਾਈਂ-ਚਾਈਂ ਆਪਣੇ ਘਰ ਦੇ ਅੰਦਰ ਚਲਾ ਗਿਆ।
- ਕੁਲਵੰਤ ਖਨੌਰੀ
ਸੰਪਰਕ: 82890-53262

* * *

ਸੂਝ-ਬੂਝ

ਅੰਮ੍ਰਿਤਸਰ ਤੋਂ ਦਿੱਲੀ ਦਾ ਰੂਟ ਤੇ ਉੱਪਰੋਂ ਪੋਹ ਦਾ ਮਹੀਨਾ। ਰਾਤ 12 ਵਜੇ ਅੰਮ੍ਰਿਤਸਰ ਤੋਂ ਰੋਜ਼ ਵਾਂਗ ਬੱਸ ਚੱਲਦੀ ਸੀ। ਰਾਤ ਭਰ ਧੁੰਦ ਤੇ ਲਾਈਟਾਂ ਤੋਂ ਬਚਦਾ ਬਚਾਉਂਦਾ ਪੰਜਾਬ ਲੰਘ ਕੇ ਹਰਿਆਣੇ ਦੀ ਜੂਹ ’ਚ ਪਹੁੰਚ ਗਈ ਸੀ। ਤੜਕੇ ਛੇ ਕੁ ਵਜੇ ਅੰਬਾਲੇ ਢਾਬੇ ’ਤੇ ਸਵਾਰੀਆਂ ਲਈ ਨਾਸ਼ਤੇ ਦੀ ਠਾਹਰ ਤੋਂ ਬਾਅਦ ਬੱਸ ਤੋਰੀ ਨੂੰ ਹਾਲੇ 15 ਕੁ ਮਿੰਟ ਹੀ ਹੋਏ ਸਨ ਕਿ ਧੁੰਦ ’ਚ ਅਚਾਨਕ ਸਾਹਮਣੇ ਗ਼ਲਤ ਪਾਸਿਓਂ ਆਉਂਦਾ ਇਕ ਮੋਟਰਸਾਈਕਲ ਸਿੱਧਾ ਬੱਸ ਦੇ ਥੱਲੇ ਜਾ ਵੜਿਆ। ਇਕਦਮ ਡਰਾਈਵਰ ਵੀ ਕੁਝ ਸਮਝ ਜਿਹੀ ਨਾ ਲੱਗਣ ਕਾਰਨ ਬੌਂਦਲ ਜਿਹਾ ਗਿਆ। ਘਬਰਾ ਕੇ ਬੱਸ ’ਚੋਂ ਹੇਠਾਂ ਉਤਰ ਕੇ ਦੇਖਿਆ ਤਾਂ ਦੋਵੇਂ ਮੋਟਰਸਾਈਕਲ ਸਵਾਰ ਬੇਸੁੱਧ ਪਏ ਸਨ ਤੇ ਉਨ੍ਹਾਂ ਦੇ ਸਿਰਾਂ ’ਚੋਂ ਖ਼ੂਨ ਵਗ ਰਿਹਾ ਸੀ।

ਡਰਾਈਵਰ ਇਕਦਮ ਬੱਸ ਦੇ ਪਿਛਲੇ ਪਾਸੇ ਤੋਂ ਘੁੰਮ ਕੇ ਲੋਕਾਂ ਦੀ ਭੀੜ ’ਚ ਜਾ ਰਲਿਆ। ਸਾਰੇ ਲੋਕ ਡਰਾਈਵਰ ਨੂੰ ਲੱਭ ਰਹੇ ਸਨ ਤੇ ਉਸ ਨੂੰ ਗਾਲ੍ਹਾਂ ਕੱਢ ਰਹੇ ਸਨ। ਭੀੜ ’ਚੋਂ ਕਿਸੇ ਨੇ ਕਿਹਾ ਕਿ ਬੱਸ ਨੂੰ ਅੱਗ ਲਾ ਦਿਓ, ... ਨੂੰ ਬੱਸ ਚਲਾਉਣੀ ਨਹੀਂ ਆਉਂਦੀ ਤੇ ਡਰਾਈਵਰ ਬਣੇ ਫਿਰਦੇ ਨੇ। ਨਾਲ ਹੀ ਭੀੜ ’ਚ ਸ਼ਾਮਿਲ ਡਰਾਈਵਰ ਵੀ ਗਾਲ੍ਹਾਂ ਕੱਢਦਾ ਬੋਲਿਆ, ‘‘ਉਹਨੂੰ ਵੀ ਲੱਭ ਲਵਾਂਗੇ, ਕਿੱਥੇ ਜਾਊ ਭੱਜ ਕੇ, ਪਰ ਪਹਿਲਾਂ ਇਨ੍ਹਾਂ ਜ਼ਖ਼ਮੀਆਂ ਨੂੰ ਤਾਂ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰੋ।’’ ਉਸ ਨੇ ਆਪੇ ਹਿੰਮਤ ਜਿਹੀ ਕਰ ਕੇ ਇਕ ਕਾਰ ’ਚ ਦੋਵਾਂ ਜ਼ਖ਼ਮੀਆਂ ਨੂੰ ਪਾ ਕੇ ਉਨ੍ਹਾਂ ਦੇ ਨਾਲ ਦੋ-ਤਿੰਨ ਬੰਦੇ ਨੇੜਲੇ ਹਸਪਤਾਲ ਨੂੰ ਤੋਰ ਦਿੱਤੇ। ਉਪਰੰਤ ਉੱਥੇ ਜੁਟੀ ਭੀੜ ਨੂੰ ਕਹਿਣ ਲੱਗਿਆ, ‘‘ਮੈਂ ਥਾਣੇ ਜਾ ਕੇ ਸਾਰੀ ਕਾਰਵਾਈ ਕਰਵਾਉਣਾ, ਤੁਸੀਂ ਵੀ ਆਪੋ-ਆਪਣੇ ਕੰਮਾਂ ਨੂੰ ਜਾਓ। ਐਵੇਂ ਬੱਸ ਨਾਲ ਕੋਈ ਛੇੜਛਾੜ ਨਾ ਕਰਿਓ। ਸਰਕਾਰੀ ਮਾਮਲੈ, ਡਰਾਈਵਰ ਦੇ ਨਾਲ-ਨਾਲ ਤੁਸੀਂ ਵੀ ਲਪੇਟੇ ਜਾਉਗੇ।’’ ਇਉਂ ਮਿੰਟਾਂ ’ਚ ਹੀ ਭੀੜ ਖਿੰਡ ਗਈ ਅਤੇ ਡਰਾਈਵਰ ਨੇ ਪੁਲੀਸ ਨੂੰ ਸਾਰੀ ਗੱਲ ਦੱਸ ਦਿੱਤੀ। ਪੁਲੀਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਨਾਲੇ ਉਸ ਦੀ ਸਮਝਦਾਰੀ ਦੀ ਦਾਦ ਵੀ ਦਿੱਤੀ। ਜਾਂਚ ਮੁਕੰਮਲ ਹੋਣ ਤੋਂ ਬਾਅਦ ਡਰਾਈਵਰ ਬੇਕਸੂਰ ਨਿਕਲਿਆ ਤੇ ਉਸ ਦੀ ਜ਼ਮਾਨਤ ਹੋ ਗਈ। ਇਸ ਤਰ੍ਹਾਂ ਉਸ ਨੇ ਮੌਕਾ ਸੰਭਾਲਦਿਆਂ ਆਪਣੀ ਸੂਝ-ਬੂਝ ਨਾਲ ਸਰਕਾਰੀ ਬੱਸ ਦਾ ਬਚਾਅ ਕਰਦਿਆਂ ਨਾ ਸਿਰਫ਼ ਆਪਣੀ ਜਾਨ ਬਚਾਈ ਸਗੋਂ ਦੋਵਾਂ ਜ਼ਖ਼ਮੀਆਂ ਨੂੰ ਮੌਕੇ ’ਤੇ ਹਸਪਤਾਲ ਪਹੁੰਚਾਉਣ ਕਾਰਨ ਇਲਾਜ ਉਪਰੰਤ ਉਨ੍ਹਾਂ ਦੀ ਜਾਨ ਵੀ ਬਚ ਗਈ।
- ਅਮਰਬੀਰ ਸਿੰਘ ਚੀਮਾ
ਸੰਪਰਕ: 98889-40211

* * *

ਭੋਲੇ ਦੀ ਬਹਾਦਰੀ

ਗਰਮੀਆਂ ਦੀਆਂ ਛੁੱਟੀਆਂ ਸਨ। ਘਰ ਦੇ ਬਗੀਚੇ ਵਿਚ ਚਿੰਟੂ ਅਤੇ ਉਸ ਦੇ ਆਂਢ-ਗੁਆਂਢ ਦੇ ਬੱਚੇ ਖੇਡ ਰਹੇ ਸੀ। ਉੱਥੇ ਖਾਣਾ ਪੀਣਾ ਵੀ ਚੱਲ ਰਿਹਾ ਸੀ। ਚਿੰਟੂ ਦੇ ਘਰ ਕੰਮ ਕਰਨ ਵਾਲੀ ਔਰਤ ਦਾ ਪੁੱਤਰ ਭੋਲਾ ਵੀ ਉਨ੍ਹਾਂ ਨੂੰ ਵੇਖ ਰਿਹਾ ਸੀ।

ਉਸੇ ਸਮੇਂ ਬੱਚਿਆਂ ਦੀ ਖ਼ੁਸ਼ੀ ਨਾਲ ਚੀਕਣ ਤੇ ਤਾੜੀਆਂ ਵਜਾਉਣ ਦੀ ਆਵਾਜ਼ ਆਈ। ਸ਼ੋਰ ਸੁਣ ਕੇ ਮਾਲਤੀ ਬਾਹਰ ਆਈ ਤੇ ਚਿੰਟੂ ਨੂੰ ਪੁੱਛਿਆ, ‘‘ਕਿਉਂ ਰੌਲਾ ਪਾ ਰਹੇ ਹੋ ਤੁਸੀਂ?’’

ਚਿੰਟੂ ਬੋਲਿਆ, ‘‘ਮੰਮੀ, ਅਸੀਂ ਸਾਰੇ ਬੱਚਿਆਂ ਨੇ ਮਿਲ ਕੇ ਜਿਹੜਾ ਕੰਮ ਨਹੀਂ ਕੀਤਾ ਉਹ ਕੰਮ ਭੋਲੇ ਨੇ ਕਰ ਦਿੱਤਾ।’’

‘‘ਕੀ ਕੀਤਾ ਭੋਲੇ ਨੇ?’’ ਚਿੰਟੂ ਦੀ ਮੰਮੀ ਨੇ ਪੁੱਛਿਆ। ਚਿੰਟੂ ਬੋਲਿਆ, ‘‘ਮੰਮੀ, ਬੇਕਰੀ ਦੇ ਬਿਸਕੁਟ ਇੰਨੇ ਖਾਰੇ ਸੀ ਕਿ ਸਾਰੇ ਬੱਚਿਆਂ ਨੇ ਟੇਸਟ ਕਰਕੇ ਥੁੱਕ ਦਿੱਤੇ, ਪਰ ਭੋਲੇ ਨੇ ਉਹ ਸਾਰੇ ਬਿਸਕੁਟ ਬਿਨਾਂ ਰੁਕੇ ਖ਼ੁਸ਼ੀ ਖ਼ੁਸ਼ੀ ਖਾ ਲਏ।’’

- ਮੀਰਾ ਜੈਨ
ਸੰਪਰਕ: 094259-18116

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All