ਮਿਨੀ ਕਹਾਣੀਆਂ
ਆਪਣਾ ਖ਼ੂਨ ਡਾ. ਇਕਬਾਲ ਸਿੰਘ ਸਕਰੌਦੀ ਬੇਬੇ ਬਲਜੀਤ ਕੌਰ ਨੂੰ ਛਿਆਸੀਵਾਂ ਵਰ੍ਹਾ ਟੱਪ ਗਿਆ ਸੀ। ਹੁਣ ਤੱਕ ਉਹਦੇ ਨੈਣ ਪ੍ਰਾਣ ਚੰਗੇ ਭਲੇ ਚੱਲਦੇ ਸਨ। ਉਹ ਆਪਣਾ ਕੱਪੜਾ ਲੀੜਾ ਧੋਣ ਤੋਂ ਲੈ ਕੇ ਛੋਟੀ ਨੂੰਹ ਨਾਲ ਘਰ ਦੇ ਨਿੱੱਕੇ ਮੋਟੇ ਕੰਮਾਂ...
ਆਪਣਾ ਖ਼ੂਨ
ਡਾ. ਇਕਬਾਲ ਸਿੰਘ ਸਕਰੌਦੀ
ਬੇਬੇ ਬਲਜੀਤ ਕੌਰ ਨੂੰ ਛਿਆਸੀਵਾਂ ਵਰ੍ਹਾ ਟੱਪ ਗਿਆ ਸੀ। ਹੁਣ ਤੱਕ ਉਹਦੇ ਨੈਣ ਪ੍ਰਾਣ ਚੰਗੇ ਭਲੇ ਚੱਲਦੇ ਸਨ। ਉਹ ਆਪਣਾ ਕੱਪੜਾ ਲੀੜਾ ਧੋਣ ਤੋਂ ਲੈ ਕੇ ਛੋਟੀ ਨੂੰਹ ਨਾਲ ਘਰ ਦੇ ਨਿੱੱਕੇ ਮੋਟੇ ਕੰਮਾਂ ਵਿੱਚ ਵੀ ਹੱਥ ਵਟਾ ਦਿੰਦੀ ਸੀ। ਆਸਟਰੇਲੀਆ ਵਿਆਹੀ ਉਹਦੀ ਵੱਡੀ ਧੀ ਸਿਮਰਨ ਦਾ ਜਦੋਂ ਵੀ ਫੋਨ ਆਉਂਦਾ ਤਾਂ ਧੀ ਨੇ ਇੱਕੋ ਗੱਲ ਆਖਣੀ, ‘‘ਬੇਬੇ, ਤੂੰ ਹੁਣ ਤਾਈਂ ਬਥੇਰਾ ਕੰਮ ਕਰ ਲਿਐ। ਹੁਣ ਰਮਾਨ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਛਕਿਆ ਕਰ। ਸੁੱਖ ਨਾਲ ਕੁਦਰਤ ਨੇ ਤੈਨੂੰ ਬਥੇਰੇ ਰੰਗ ਭਾਗ ਲਾਏ ਨੇ!’’
‘‘ਨਾ ਧੀਏ! ਇਹ ਗੱਲ ਝੂਠੀ। ਜਦ ਤੱਕ ਮੇਰੇ ਹੱਥ ਪੈਰ ਚੱਲਦੇ ਨੇ। ਮੈਂ ਤਾਂ ਏਹਨਾਂ ਤੋਂ ਏਦਾਂ ਈਂ ਕੰਮ ਲੈਂਦੀ ਰਹਿਣੈ। ਨਾਲੇ ਧੀਏ, ਵਿਹਲੇ ਬਹਿ ਕੇ ਕਿਹੜਾ ਬੰਦਾ ਵਧਦੈ? ਤਦੇ ਤਾਂ ਸਿਆਣਿਆਂ ਨੇ ਕਿਹੈ ‘ਅਖੇ ਖੂਹ ਵਗਦਿਆਂ ਦੇ, ਹਲ ਵਾਹੁੰਦਿਆਂ ਦੇ, ਰਿਸ਼ਤੇ-ਨਾਤੇ ਮਿਲਦਿਆਂ ਦੇ ਤੇ ਹੱਡ ਗੋਡੇ ਤੁਰਦਿਆਂ ਦੇ’।’’ ਬੇਬੇ ਹਮੇਸ਼ਾ ਹੱਥੀਂ ਕੰਮ ਕਰਕੇ ਤਸੱਲੀ ਨਾਲ ਜਿਊਣ ਦੀ ਗੱਲ ਕਰਦੀ।
ਐਤਕੀਂ ਠੰਢ ਭਾਵੇਂ ਲੋਹੜੇ ਦੀ ਪਈ ਸੀ, ਪਰ ਬੇਬੇ ਨੇ ਪੂਰਾ ਸਿਆਲ ਚੜ੍ਹਦੀ ਕਲਾ ਵਿੱਚ ਲੰਘਾਇਆ। ਚੜ੍ਹਦੇ ਚੇਤ ਖ਼ੌਰੇ ਪਤਾ ਨਹੀਂ ਬੇਬੇ ਨੂੰ ਕਿੱਥੋਂ ਸੁੱਕੀ ਖੰਘ ਆਣ ਪਈ। ਵੀਹ-ਬਾਈ ਦਿਨ ਬੇਬੇ ਪ੍ਰੇਸ਼ਾਨ ਰਹੀ, ਪਰ ਅਖੀਰ ਚੰਦਰੀ ਖੰਘ ਬੇਬੇ ਨੂੰ ਵੀ ਨਾਲ ਲੈ ਗਈ। ਜਿਉਂ-ਜਿਉਂ ਬੇਬੇ ਦੇ ਭੋਗ ਦਾ ਦਿਨ ਨੇੜੇ ਆ ਰਿਹਾ ਸੀ, ਸ਼ਰੀਕੇ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ‘‘ਸੁੱਖ ਨਾਲ ਬੁੜੀ ਪੋਤੇ ਪੜੋਤਿਆਂ ਨੂੰ ਖਿਡਾ ਕੇ ਗਈ ਐ। ਹੁਣ ਵੱਡੀ ਤਾਂ ਕਰਨਗੇ ਈ।’’
ਸ਼ਰੀਕਾ ਭਾਈਚਾਰਾ ਜੇਕਰ ਨਾ ਵੀ ਕਹਿੰਦਾ ਤਾਂ ਵੀ ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਤੇ ਬੇਬੇ ਬਲਜੀਤ ਕੌਰ ਦੇ ਪਤੀ ਗੁਰਨੇਕ ਸਿੰਘ ਨੇ ਕਿਹੜਾ ਕੋਈ ਘਾਟ ਛੱਡਣੀ ਸੀ। ਉਸ ਨੇ ਆਪਣੇ ਤਿੰਨੇ ਮੁੰਡਿਆਂ ਨੂੰ ਆਪਣੇ ਕੋਲ ਸੱਦ ਕੇ ਕਿਹਾ, ‘‘ਦੇਖੋ ਭਾਈ, ਥੋਡੀ ਮਾਂ ਨੇ ਸਾਰੀ ਉਮਰ ਰਿਸ਼ਤੇਦਾਰੀਆਂ ਅਤੇ ਸਕੀਰੀਆਂ ਵਿੱਚ ਪੂਰੀ ਚੌਧਰ ਰੱਖੀ ਐ। ਹੁਣ ਉਹਦੇ ਭੋਗ ’ਤੇ ਕੋਈ ਕਸਰ ਨ੍ਹੀਂ ਰਹਿਣੀ ਚਾਹੀਦੀ।’’ ਤੇ ਬੇਬੇ ਦੇ ਭੋਗ ਮੌਕੇ ਤਿੰਨੇ ਪੁੱਤਰਾਂ ਨੇ ਬਾਪੂ ਦੀ ਕਹੀ ਗੱਲ ’ਤੇ ਫੁੱਲ ਵੀ ਚੜ੍ਹਾਏ। ਸਾਰੇ ਪਿੰਡ ਵਿੱਚ ਬੇਬੇ ਦੇ ਭੋਗ ਦੀ ਚਰਚਾ ਕਈ ਦਿਨ ਚੱਲਦੀ ਰਹੀ ਸੀ।
ਬੇਬੇ ਦੇ ਭੋਗ ਨੂੰ ਅਜੇ ਮਹੀਨਾ ਵੀ ਪੂਰਾ ਨ੍ਹੀਂ ਸੀ ਹੋਇਆ। ਤਿੰਨੇ ਮੁੰਡਿਆਂ ਵਿਚਾਲੇ ਅੰਦਰੋਂ ਅੰਦਰੀਂ ਜ਼ਮੀਨ ਅਤੇ ਕੋਠੀਆਂ ਦੀ ਵੰਡ ਦੀ ਖਿਚੜੀ ਪੱਕਣ ਲੱਗੀ। ਇੱਕ ਦਿਨ ਉਨ੍ਹਾਂ ਬਾਪੂ ਸਾਹਮਣੇ ਘਰ ਦੀ ਵੰਡ ਕਰਨ ਦੀ ਗੱਲ ਵੀ ਤੋਰੀ। ਗੁਰਨੇਕ ਸਿੰਘ ਨੇ ਡੇਢ-ਡੇਢ ਸੌ ਵਿੱਘਾ ਜ਼ਮੀਨ ਅਤੇ ਇੱਕ ਇੱਕ ਕੋਠੀ ਤਿੰਨੇ ਪੁੱਤਰਾਂ ਦੇ ਨਾਂ ਲਗਵਾ ਦਿੱਤੀ। ਭਾਵੇਂ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਤੇ ਹੋਰ ਮੋਹਤਬਰ ਬੰਦਿਆਂ ਨੇ ਉਸ ਨੂੰ ਬੜਾ ਸਮਝਾਇਆ ਕਿ ਉਹ ਆਪਣਾ ਹਿੱਸਾ ਜ਼ਰੂਰ ਰੱਖ ਲਵੇ, ਪਰ ਗੁਰਨੇਕ ਸਿੰਘ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ ਸੀ। ਗੁਰਨੇਕ ਸਿੰਘ ਨੇ ਭਰੀ ਪੰਚਾਇਤ ਵਿੱਚ ਹੱਥ ਖੜ੍ਹਾ ਕਰਕੇ ਕਹਿਾ ਸੀ, ‘‘ਸਰਪੰਚ ਸਾਹਿਬ, ਸਮਾਜ ਵਿੱਚ ਹਵਾ ਭਾਵੇਂ ਕਿਹੋ ਜਿਹੀ ਵੀ ਵਗੀ ਜਾਏ, ਪਰ ਮੈਨੂੰ ਆਪਣੇ ਨੂੰਹਾਂ-ਪੁੱਤਰਾਂ ’ਤੇ ਪੂਰਾ ਮਾਣ ਐ। ਸੁੱਖ ਨਾਲ ਤਿੰਨ ਪੁੱਤ ਨੇ ਮੇਰੇ। ਉਹ ਤਾਂ ਮੈਨੂੰ ਹੱਥੀਂ ਛਾਵਾਂ ਕਰਨਗੇ।’’ ਉਹਦੀ ਗੱਲ ਸੁਣ ਕੇ ਸਾਰੀ ਪੰਚਾਇਤ ਵਿੱਚ ਚੁੱਪ ਵਰਤ ਗਈ ਸੀ।
ਹੁਣ ਤਿੰਨਾਂ ਮੁੰਡਿਆਂ ਨੇ ਬਾਪੂ ਨੂੰ ਇੱਕ-ਇੱਕ ਮਹੀਨਾ ਆਪਣੇ ਕੋਲ ਰੱਖਣ ਦੀ ਵਾਰੀ ਬੰਨ੍ਹ ਲਈ ਸੀ। ਜਿਹੜੇ ਨੂੰਹ ਪੁੱਤ ਦੀ ਵਾਰੀ ਆਉਂਦੀ, ਉਹ ਮਹੀਨੇ ਦੇ ਪਹਿਲੇ ਤੀਹ ਦਿਨਾਂ ਤੱਕ ਤਾਂ ਬੁੜਬੁੜ ਕਰਦੇ ਬਾਪੂ ਨੂੰ ਰੋਟੀ ਦਿੰਦੇ ਰਹਿੰਦੇ। ਜਦੋਂ ਇਕੱਤੀਆਂ ਦਿਨਾਂ ਦਾ ਮਹੀਨਾ ਆਉਂਦਾ ਤਾਂ ਘਰ ਵਿੱਚ ਕਲੇਸ਼ ਛਿੜ ਪੈਂਦਾ। ਨੂੰਹਾਂ ਆਪੋ ਆਪਣੀ ਥਾਂ ਅੜ ਜਾਂਦੀਆਂ, ‘‘ਜਦ ਬਾਪੂ ਨੇ ਤਿੰਨਾਂ ਨੂੰ ਬਰੋਬਰ ਦੇ ਹਿੱਸੇ ਪਾਏ ਐ। ਫਿਰ ਇਹ ਵਾਧੂ ਦੀ ਚੱਟੀ ਅਸੀਂ ਕਿਉਂ ਭਰੀਏ?’’
ਬਲਜੀਤ ਕੌਰ ਨੂੰ ਮੋਇਆਂ ਹਾਲੇ ਵਰ੍ਹਾ ਨਹੀਂ ਸੀ ਲੰਘਿਆ। ਘਰ ਵਿੱਚ ਹੁੰਦੇ ਨਿੱੱਤ ਦੇ ਕਲੇਸ਼ ਤੋਂ ਗੁਰਨੇਕ ਸਿੰਘ ਤੰਗ ਆ ਗਿਆ ਸੀ। ਕਦੇ-ਕਦੇ ਉਸ ਦਾ ਦਿਲ ਕਰਦਾ ਕਿਤੇ ਖੂਹ ਖਾਤੇ ਛਾਲ ਮਾਰ ਜਾਵੇ, ਪਰ ਫਿਰ ਉਸ ਨੂੰ ਗੁਰਦੁਆਰੇ ਵਾਲੇ ਭਾਈ ਜੀ ਦੀ ਗੱਲ ਯਾਦ ਆ ਜਾਂਦੀ, ‘‘ਖ਼ੁਦਕੁਸ਼ੀ ਤਾਂ ਬੁਜ਼ਦਿਲ ਬੰਦੇ ਕਰਦੇ ਹੁੰਦੇ ਐ। ਗੁਰੂ ਦਾ ਸਿੱਖ ਤਾਂ ਆਖ਼ਰੀ ਦਮ ਤੱਕ ਲੜਦੈ।’’
ਫਿਰ ਇੱਕ ਦਿਨ ਉਹ ਦਰਵਾਜ਼ੇ ਕੋਲ ਬੈਠਾ ਸੀ। ਨੰਗ ਪੈਰਿਆਂ ਦਾ ਗਿੰਦਰ ਬੱਕਰੀਆਂ ਆਲੇ ਘੀਚਰ ਨੂੰ ਦੱਸ ਰਿਹਾ ਸੀ, ‘‘ਸੰਗਰੂਰ ਸ਼ਹਿਰ ਦੇ ਬਾਹਰਵਾਰ ਭਗਤ ਪੂਰਨ ਸਿੰਘ ਦੇ ਨਾਂ ’ਤੇ ਪਿੰਗਲਵਾੜਾ ਸੰਸਥਾ ਬਣੀ ਹੋਈ ਐ। ਓਥੇ ਉਹ ਬੇਘਰੇ ਅਤੇ ਨਿਆਸਰਿਆਂ ਨੂੰ ਰੱਖ ਲੈਂਦੇ ਨੇ।’’ ਗੁਰਨੇਕ ਉਸੇ ਸ਼ਾਮ ਮਾਸਟਰ ਦਲਬਾਰ ਸਿੰਘ ਦੇ ਘਰ ਗਿਆ ਤੇ ਉਸ ਤੋਂ ਪਿੰਗਲਵਾੜੇ ਦੇ ਨਾਂ ਇੱਕ ਅਰਜ਼ੀ ਲਿਖਵਾ ਕੇ ਭਿਜਵਾ ਆਇਆ।
ਅਰਜ਼ੀ ਦਿੱਤੀ ਨੂੰ ਹਾਲੇ ਅੱਠ ਦਿਨ ਹੀ ਲੰਘੇ ਸਨ ਕਿ ਮਾਸਟਰ ਦੇ ਫੋਨ ’ਤੇ ਸੁਨੇਹਾ ਆ ਗਿਆ। ਉਨ੍ਹਾਂ ਗੁਰਨੇਕ ਸਿੰਘ ਨੂੰ ਅਗਲੇ ਦਿਨ ਸਵੇਰੇ ਦਸ ਵਜੇ ਪਿੰਗਲਵਾੜਾ ਸੰਸਥਾ ਪਹੁੰਚਣ ਲਈ ਆਖਿਆ ਸੀ। ਅਗਲੇ ਦਿਨ ਗੁਰਨੇਕ ਸਿੰਘ ਇੱਕ ਝੋਲੇ ਵਿੱਚ ਕੁਝ ਕੱਪੜੇ ਪਾ ਕੇ ਸਵੇਰੇ ਦਸ ਵਜੇ ਤੋਂ ਪਹਿਲਾਂ ਹੀ ਪਿੰਗਲਵਾੜੇ ਪੁੱਜ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਨੇ ਬਾਬੇ ਨੂੰ ਪੁੱਛਿਆ, ‘‘ਬਾਬਾ ਜੀ, ਤੁਸੀਂ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਤੁਹਾਡੇ ਤਿੰਨ ਪੁੱਤਰ ਵਿਆਹੇ ਵਰ੍ਹੇ ਹਨ। ਤੁਸੀਂ ਆਪਣੀ ਸਾਰੀ ਜ਼ਮੀਨ ਤਿੰਨਾਂ ਪੁੱਤਰਾਂ ਵਿੱਚ ਵੰਡ ਦਿੱਤੀ ਹੈ। ਤਿੰਨਾਂ ਨੂੰ ਇੱਕ-ਇੱਕ ਕੋਠੀ ਨਾਂ ਲੁਆ ਦਿੱਤੀ ਹੈ। ਹੁਣ ਉਹ ਤੁਹਾਨੂੰ ਰੱਖਣ ਤੋਂ ਇਨਕਾਰੀ ਹਨ।’’
‘‘ਹਾਂ ਜੀ। ਉਹ ਮੈਨੂੰ ਰੱਖ ਕੇ ਰਾਜ਼ੀ ਨਹੀਂ ਜੀ। ਮੈਂ ਜਿਸ ਪੁੱਤਰ ਨਾਲ ਰਹਿੰਦਾ ਹਾਂ, ਉੱਥੇ ਹੀ ਕਲੇਸ਼ ਛਿੜ ਜਾਂਦੇ ਨੇ। ਬਸ ਜੀ, ਮੈਂ ਤਾਂ ਹੁਣ ਇੱਥੇ ਪਿੰਗਲਵਾੜੇ ਹੀ ਰਹਿਣਾ ਹੈ।’’ ਗੁਰਨੇਕ ਨੇ ਹੱਥ ਜੋੜ ਦਿੱਤੇ।
‘‘ਬਾਬਾ ਜੀ, ਮੈਂ ਤਾਂ ਤੁਹਾਨੂੰ ਕੇਵਲ ਇਹ ਦੱਸ ਰਿਹਾ ਹਾਂ ਕਿ ਸਰਕਾਰ ਨੇ ਹੁਣ ਨਵਾਂ ਕਾਨੂੰਨ ਬਣਾ ਦਿੱਤਾ ਹੈ। ਜਿਹੜੇ ਪੁੱਤਰ-ਨੂੰਹਾਂ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰੀ ਹਨ, ਉਨ੍ਹਾਂ ਦੇ ਨਾਂ ਲਗਵਾਈ ਜਾਇਦਾਦ ਸਿਰਫ਼ ਇੱਕ ਅਰਜ਼ੀ ਦੇ ਕੇ ਵਾਪਸ ਲਈ ਜਾ ਸਕਦੀ ਹੈ। ਜੇਕਰ ਤੁਸੀਂ ਆਪਣੇ ਲਈ ਇੱਕ ਕੋਠੀ ਖਾਲੀ ਕਰਵਾਉਣੀ ਚਾਹੁੰਦੇ ਹੋ ਤਾਂ ਇੱਕ ਅਰਜ਼ੀ ਲਿਖ ਦਿਓ। ਇੱਕ ਮਹੀਨੇ ਵਿੱਚ ਤੁਹਾਡੀ ਕੋਠੀ ਖਾਲੀ ਕਰਵਾ ਕੇ ਕੋਠੀ ਦਾ ਕਬਜ਼ਾ ਤੁਹਾਨੂੰ ਦਿਵਾ ਦਿਆਂਗੇ। ਤੁਸੀਂ ਆਰਾਮ ਨਾਲ ਆਪਣੀ ਕੋਠੀ ਵਿੱਚ ਰਹਿਓ।’’
‘‘ਨਹੀਂ ਸਰਦਾਰ ਸਾਹਿਬ, ਮੈਂ ਇਨ੍ਹਾਂ ਕੋਰਟ-ਕਚਹਿਰੀਆਂ ਵਿੱਚ ਨ੍ਹੀਂ ਪੈਣਾ। ਆਖ਼ਰ ਉਹ ਹੈਣ ਤਾਂ ਮੇਰਾ ਆਪਣਾ ਖ਼ੂਨ। ਮੈਂ ਤਾਂ ਬਸ ਆਪਣੀ ਰਹਿੰਦੀ ਜ਼ਿੰਦਗੀ ਇੱਥੇ ਪਿੰਗਲਵਾੜੇ ਵਿੱਚ ਹੀ ਕੱਟ ਲੈਣੀ ਐ।’’ ਸਰਦਾਰ ਸਾਹਿਬ ਦੇ ਕਹਿਣ ’ਤੇ ਪਿੰਗਲਵਾੜੇ ਦੇ ਇੱਕ ਮੁਲਾਜ਼ਮ ਨੇ ਬਾਬਾ ਜੀ ਨੂੰ ਨਾਲ ਲੈ ਕਮਰਾ ਨੰਬਰ ਤੇਰਾਂ ਦਾ ਦਰਵਾਜ਼ਾ ਖੋਲ੍ਹ ਦਿੱਤਾ।
ਸੰਪਰਕ: 84276-85020
* * *
ਜ਼ਮਾਨੇ ਤੋਂ ਜ਼ਮਾਨੇ ਤੱਕ
ਮੋਨਿਕਾ ਰਾਣੀ
ਮੈਂ ਬਸ ’ਚ ਬੈਠੀ ਆਪਣੇ ਪੇਕੇ ਪਿੰਡ ਵੱਲ ਜਾ ਰਹੀ ਸੀ। ਸਕੂਲ ਵਿੱਚ ਦਾਖ਼ਲਿਆਂ ਦਾ ਜ਼ੋਰ ਹੋਣ ਕਾਰਨ ਛੁੱਟੀ ਬੜੀ ਮੁਸ਼ਕਿਲ ਨਾਲ ਮਿਲੀ ਸੀ, ਪਰ ਕਿਸੇ ਕਾਗਜ਼ੀ ਕਾਰਵਾਈ ਕਰਕੇ ਮੇਰਾ ਜਾਣਾ ਬਹੁਤ ਜ਼ਰੂਰੀ ਸੀ। ਕੁਝ ਦੇਰ ਮਗਰੋਂ ਇੱਕ ਸਟਾਪ ਤੋਂ ਦੋ ਔਰਤਾਂ ਬੱਸ ਵਿੱਚ ਚੜ੍ਹੀਆਂ। ਇਨ੍ਹਾਂ ਵਿੱਚੋਂ ਇੱਕ 70 ਸਾਲ ਤੋਂ ਵੀ ਵੱਡੀ ਲਗਦੀ ਸੀ ਤੇ ਦੂਜੀ ਦੀ ਉਮਰ 60 ਸਾਲ ਦੇ ਨੇੜੇ-ਤੇੜੇ ਸੀ। ਉਨ੍ਹਾਂ ਬੱਸ ਵਿੱਚ ਇੱਕ ਨਜ਼ਰ ਘੁਮਾਈ ਤੇ ਤਿੰਨ ਸਵਾਰੀਆਂ ਵਾਲੀ ਮੇਰੀ ਸੀਟ ’ਤੇ ਖਾਲੀ ਥਾਂ ਵੇਖ ਮੇਰੇ ਕੋਲ ਆ ਬੈਠੀਆਂ।
ਮੈਨੂੰ ਸਕੂਲ ਤੋਂ ਵਾਰ ਵਾਰ ਫੋਨ ਆ ਰਹੇ ਸਨ। ਮੇਰੇ ਨਾਲ ਬੈਠੀਆਂ ਦੋਵੇਂ ਔਰਤਾਂ ਵਿੱਚੋਂ ਬਜ਼ੁਰਗ ਔਰਤ ਹਰ ਵਾਰ ਕਾਲ ਕੱਟਣ ’ਤੇ ਮੇਰੇ ਵੱਲ ਮੁਸਕੁਰਾ ਕੇ ਵੇਖਦੀ, ਮੈਂ ਵੀ ਉਸ ਵੱਲ ਮੁਸਕੁਰਾ ਛੱਡਦੀ।
ਇਸ ਵਾਰ ਉਨ੍ਹਾਂ ਮੈਨੂੰ ਪੁੱਛ ਹੀ ਲਿਆ, ‘‘ਭਾਈ ਤੂੰ ਟੀਚਰ ਲੱਗੀ ਏਂ?’’ ਮੈਂ ਮੁਸਕਰਾਉਂਦੇ ਹੋਏ ਕਿਹਾ, ‘‘ਹਾਂ ਜੀ।’’ ਮੈਂ ਸਮਝ ਗਈ ਸੀ ਕਿ ਉਹ ਮੇਰੀ ਗੱਲਬਾਤ ਸੁਣ ਕੇ ਸਮਝ ਗਏ ਸਨ। ਉਹ ਆਪਣੇ ਨਾਲ ਬੈਠੀ ਔਰਤ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ, ‘‘ਆਹ ਮੇਰੀ ਨੂੰਹ ਵੀ ਟੀਚਰ ਸੀ ਤੇ ਇਹਦੀ ਨੂੰਹ ਵੀ ਸਕੂਲ ’ਚ ਪੜ੍ਹਾਉਂਦੀ ਐ।’’ ਬਿਰਧ ਔਰਤ ਦੀ ਨੂੰਹ ਬੋਲੀ, ‘‘ਮੇਰਾ ਨਾਂ ਸਿਮਰਜੀਤ ਕੌਰ ਹੈ ਤੇ ਮੈਂ ਸਰਕਾਰੀ ਸਕੂਲ ਤੋਂ ਬਤੌਰ ਅਧਿਆਪਕਾ ਰਿਟਾਇਰ ਹੋਈ ਹਾਂ।’’ ਕਿੱਤਾ ਇੱਕੋ ਹੋਣ ਕਰਕੇ ਸਾਡੀਆਂ ਗੱਲਾਂ ਤੁਰ ਪਈਆਂ। ਕੰਮ-ਕਾਰ ਦੇ ਬੋਝ ਦੀਆਂ, ਸਿਲੇਬਸ ਦੇ ਫ਼ਿਕਰ ਦੀਆਂ ਤੇ ਦਾਖ਼ਲਿਆਂ ਵੇਲੇ ਵਧਣ ਵਾਲੀ ਜ਼ਿੰਮੇਵਾਰੀ ਦੀਆਂ।
ਸਾਡੀਆਂ ਗੱਲਾਂ ਸੁਣ ਬੇਬੇ ਨੇ ਕਿਹਾ, ‘‘ਭਾਈ ਧੰਨ ਨੇ ਅੱਜਕੱਲ੍ਹ ਦੀਆਂ ਬੀਬੀਆਂ, ਘਰ ਵੀ ਸਾਂਭਦੀਆਂ ਨੇ ਤੇ ਨੌਕਰੀ ਦੀ ਵੀ ਸਾਰੀ ਜ਼ਿੰਮੇਵਾਰੀ ਨਿਭਾਉਂਦੀਆਂ ਨੇ।’’ ਮੈਂ ਆਖਿਆ, ‘‘ਬੇਬੇ ਜੀ, ਤੁਸੀਂ ਵੀ ਤਾਂ ਘਰ ਦਾ, ਖੇਤਾਂ ਦਾ ਸਾਰਾ ਕੰਮ ਕਰਿਆ ਕਰਦੇ ਸੀ।’’ ਉਨ੍ਹਾਂ ਮੁਸਕੁਰਾ ਕੇ ਕਿਹਾ, ‘‘ਪੁੱਤਰ, ਸਮੇਂ-ਸਮੇਂ ਦੀ ਗੱਲ ਹੈ। ਅਸੀਂ ਵੀ ਆਪਣੇ ਵੇਲੇ ਉਹੀ ਕੰਮ ਕਰਦੇ ਸੀ, ਜੋ ਸਾਰੀ ਦੁਨੀਆ ਕਰਦੀ ਸੀ ਪਰ ਸਾਨੂੰ ਨਾ ਬਹੁਤਾ ਬੱਚਿਆਂ ਨੂੰ ਪੜ੍ਹਾਉਣ ਦਾ ਫ਼ਿਕਰ ਹੁੰਦਾ ਸੀ ਤੇ ਨਾ ਹੀ ਬੱਚਿਆਂ ਸਿਰ ਪੜ੍ਹਾਈ ਤੋਂ ਬਾਹਰੇ ਕੰਮ ਸਹੇੜੇ ਜਾਂਦੇ ਸਨ। ਉਦੋਂ ਮਾਵਾਂ ਸਿਰ ਰੋਟੀ-ਟੁੱਕ ਦੀ ਜ਼ਿੰਮੇਵਾਰੀ ਤਾਂ ਸੀ, ਪਰ ਆਹ ਸਕੂਲ ਦੇ ਹਿਸਾਬ ਨਾਲ ਰੋਜ਼ ਨਵੀਂ ਤਰ੍ਹਾਂ ਦੇ ਪਕਵਾਨ ਨਹੀਂ ਸੀ ਬਣਾਉਣੇ ਪੈਂਦੇ। ਅੱਜਕੱਲ੍ਹ ਦੀਆਂ ਨੌਕਰੀਪੇਸ਼ਾ ਮਾਵਾਂ ਪਹਿਲਾਂ ਸਵੇਰੇ ਉੱਠ ਕੇ ਸਾਰੇ ਘਰ ਦਾ ਕੰਮ ਕਰਦੀਆਂ ਨੇ, ਫਿਰ ਨਾਸ਼ਤਾ, ਤਿਆਰੀ, ਬੱਚਿਆਂ ਨੂੰ ਸਕੂਲ ਭੇਜਣਾ, ਘਰ ਵਾਲੇ ਨੂੰ ਦਫ਼ਤਰ ਤੋਰਨਾ, ਦੁਪਹਿਰ ਦਾ ਖਾਣਾ, ਸਭ ਕਰ ਕੇ ਜਾਂਦੀਆਂ ਨੇ। ਫਿਰ ਮੁੜ ਕੇ ਘਰੇ ਆਈਆਂ ਨੂੰ ਵੀ ਕੰਮ ਤੋਂ ਵਿਹਲ ਨ੍ਹੀਂ।’’
ਮੈਂ ਬੇਬੇ ਦੀ ਗੱਲ ਸੁਣ ਕੇ ਹੈਰਾਨ ਵੀ ਹੋਈ ਤੇ ਖ਼ੁਸ਼ ਵੀ। ਪਿਛਲੀਆਂ ਬੀਬੀਆਂ ਅਕਸਰ ਹੀ ਸਾਨੂੰ ਨੌਕਰੀਪੇਸ਼ਾ ਔਰਤਾਂ ਨੂੰ ਕੰਮਚੋਰ ਗਰਦਾਨਦੀਆਂ ਹਨ, ਪਰ ਇਸ ਬੇਬੇ ਦੀਆਂ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਮਨ ਨੂੰ ਸਕੂਨ ਮਿਲ ਰਿਹਾ ਸੀ। ਸੱਚ ਹੀ ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਮਾਂ-ਪਿਓ, ਖ਼ਾਸਕਰ ਮਾਵਾਂ ਲਈ ਘਰ ਅਤੇ ਬਾਹਰ ਦੀ ਸਾਰੀ ਜ਼ਿੰਮੇਵਾਰੀ ਨਿਭਾਉਣਾ ਨਿੱਤ ਦਿਨ ਜੰਗ ਲੜਨ ਦੇ ਬਰਾਬਰ ਹੋ ਗਈ ਹੈ।
ਬੱਸ ਆਪਣੀ ਤੋਰ ਤੁਰਦੀ ਮਲੋਟ ਚੌਕ ਅਬੋਹਰ ਪਹੁੰਚ ਗਈ ਸੀ। ਦੋਵੇਂ ਬੀਬੀਆਂ ਆਪਣਾ ਸਾਮਾਨ ਸਮੇਟ ਕੇ ਉਤਰਨ ਦੀ ਤਿਆਰੀ ਕਰਨ ਲੱਗੀਆਂ। ਮੈਂ ਵੀ ਇੱਥੇ ਹੀ ਉਤਰਨਾ ਸੀ। ਉਨ੍ਹਾਂ ਕੋਲ ਸਾਮਾਨ ਜ਼ਿਆਦਾ ਹੋਣ ਕਰਕੇ ਕੁਝ ਸਾਮਾਨ ਮੈਂ ਫੜ ਲਿਆ। ਸਟਾਪ ’ਤੇ ਇੱਕ ਨੌਜਵਾਨ ਗੱਡੀ ਲੈ ਕੇ ਖੜ੍ਹਾ ਸੀ। ਬੇਬੇ ਨੇ ਮੈਨੂੰ ਕਿਹਾ, ‘‘ਪੁੱਤ, ਸਾਡੀ ਕਾਰ ਰਾਹ ਵਿੱਚ ਖਰਾਬ ਹੋ ਗਈ ਸੀ, ਜਿਸ ਕਰਕੇ ਸਾਨੂੰ ਬੱਸ ਚੜ੍ਹਾ ਕੇ ਆਹ ਮੇਰਾ ਪੋਤਾ ਆਪ ਗੱਡੀ ਠੀਕ ਕਰਾਉਣ ਚਲਾ ਗਿਆ ਸੀ। ਆ ਜਾ ਤੂੰ ਵੀ ਬਹਿ ਜਾ, ਤੈਨੂੰ ਤੇਰੇ ਪਿੰਡ ਲਾਹ ਆਉਂਦੇ ਹਾਂ।’’ ਮੈਂ ਕਿਹਾ, ‘‘ਜੀ ਨਹੀਂ, ਕੋਈ ਗੱਲ ਨਹੀਂ, ਮੇਰਾ ਵੀਰ ਮੈਨੂੰ ਲੈਣ ਆ ਰਿਹੈ।’’ ਇੰਨੇ ਨੂੰ ਮੇਰਾ ਭਰਾ ਮੈਨੂੰ ਆਉਂਦਾ ਦਿਸ ਪਿਆ। ਦੋਵੇਂ ਬੀਬੀਆਂ ਗੱਡੀ ਵਿੱਚ ਬੈਠ ਕੇ ਆਪਣੇ ਰਾਹ ਚਲੀਆਂ ਗਈਆਂ। ਮੈਂ ਵੀ ਆਪਣੇ ਭਰਾ ਨਾਲ ਘਰ ਵੱਲ ਤੁਰ ਪਈ।

