DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਿਨੀ ਕਹਾਣੀਆਂ

ਮਾਂ ਕਮਲਜੀਤ ਨੀਲੋਂ ਸਵੇਰੇ ਮਾਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ, ਨਹਾ ਧੋ ਕੇ ਫੇਰ ਵਿਹੜੇ ’ਚ ਆ ਕੇ ਬੈਠਣਾ, ਉੱਥੇ ਹੀ ਆਪਣੀ ਚਾਹ ਪੀਣੀ ਤੇ ਰੋਟੀ ਖਾਣੀ, ਅੱਧੀ ਰੋਟੀ ਬਚਾ ਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਕਰਕੇ ਪੰਛੀਆਂ ਨੂੰ ਪਾਉਣੀਆਂ ਤੇ...

  • fb
  • twitter
  • whatsapp
  • whatsapp
Advertisement

ਮਾਂ

ਕਮਲਜੀਤ ਨੀਲੋਂ

ਸਵੇਰੇ ਮਾਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ, ਨਹਾ ਧੋ ਕੇ ਫੇਰ ਵਿਹੜੇ ’ਚ ਆ ਕੇ ਬੈਠਣਾ, ਉੱਥੇ ਹੀ ਆਪਣੀ ਚਾਹ ਪੀਣੀ ਤੇ ਰੋਟੀ ਖਾਣੀ, ਅੱਧੀ ਰੋਟੀ ਬਚਾ ਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਕਰਕੇ ਪੰਛੀਆਂ ਨੂੰ ਪਾਉਣੀਆਂ ਤੇ ਉਨ੍ਹਾਂ ਨੂੰ ਦੇਖਣਾ ਬਹੁਤ ਚੰਗਾ ਲੱਗਦਾ।

Advertisement

ਇਨ੍ਹਾਂ ਪੰਛੀਆਂ ਨੂੰ ਵੇਖ ਕਦੇ ਮਾਂ ਦੇ ਚਿਹਰੇ ’ਤੇ ਮੁਸਕੁਰਾਹਟ ਖਿੜ ਪੈਂਦੀ ਤੇ ਕਦੇ ਉਸ ਦੀਆਂ ਅੱਖਾਂ ਵਿੱਚੋਂ ਇਨ੍ਹਾਂ ਬੇਜ਼ੁਬਾਨਾਂ ਲਈ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ। ਮੈਂ ਅਕਸਰ ਹੀ ਮਾਂ ਨੂੰ ਇਹ ਸਭ ਕਰਦਿਆਂ ਵੇਖਦਾ ਹਾਂ, ਪਰ ਮੇਰੀ ਪਤਨੀ ਨੂੰ ਸ਼ਿਕਾਇਤ ਹੈ ਕਿ ਮਾਂ ਦੀਆਂ ਖਿਲਾਰੀਆਂ ਬੁਰਕੀਆਂ ਮਗਰੋਂ ਪੈਰਾਂ ਹੇਠ ਮਿੱਧੀਆਂ ਜਾਂਦੀਆਂ ਨੇ ਤੇ ਇਹ ਅੰਨ ਦੀ ਬੇਅਦਬੀ ਹੈ।

Advertisement

ਮਾਂ ਦੇ ਇਸ ਅਨੋਖੇ ਪਰਿਵਾਰ ’ਚ ਦੋ ਕਾਟੋਆਂ ਵੀ ਨੇ। ਉਨ੍ਹਾਂ ਲਈ ਉਹ ਦੁਪਹਿਰੇ ਅੱਧੀ ਰੋਟੀ ਰੱਖਦੀ ਹੈ। ਕਾਟੋਆਂ ਉਸੇ ਮੌਕੇ ਆਉਂਦੀਆਂ ਨੇ। ਟੁਕੜੇ ਚੁੱਕ ਕੇ ਕੰਧ ’ਤੇ ਬਹਿ ਕੇ ਖਾਣ ਲੱਗ ਜਾਂਦੀਆਂ ਨੇ। ਉਨ੍ਹਾਂ ਦਾ ਪਿਛਲੇ ਪੈਰਾਂ ਭਾਰ ਖਲੋ ਕੇ ਬੱਚਿਆਂ ਵਾਂਗ ਰੋਟੀ ਖਾਣਾ ਮਾਂ ਨੂੰ ਬਹੁਤ ਚੰਗਾ ਲੱਗਦਾ ਹੈ।

ਜਿਸ ਦਿਨ ਕੋਈ ਕਾਟੋ ਨਹੀਂ ਆਉਂਦੀ ਤਾਂ ਮਾਂ ਮੈਨੂੰ ਹਾਕ ਮਾਰਦੀ ਹੈ।

‘‘ਪੀਤੇ! ਪੁੱਤ ਗੱਲ ਸੁਣ ਵੇ ਅੱਜ ਦੂਜੀ ਕਾਟੋ ਨਹੀਂ ਆਈ। ਸੁੱਖ ਹੋਵੇ ਤਾਂ।’’ ਮੈਂ ਮਾਂ ਨੂੰ ਹੌਸਲਾ ਦਿੰਦਾ ਹਾਂ, ‘‘ਮਾਂ, ਤੂੰ ਚਿੰਤਾ ਨਾ ਕਰ। ਹੁਣੇ ਆ ਜਾਵੇਗੀ।’’

ਥੋੜ੍ਹੀ ਦੇਰ ਬਾਅਦ ਜਦੋਂ ਦੂਜੀ ਕਾਟੋ ਆ ਜਾਂਦੀ ਹੈ ਤਾਂ ਮਾਂ ਦਾ ਚਿਹਰਾ ਫੁੱਲ ਵਾਂਗੂ ਖਿੜ ਜਾਂਦਾ ਹੈ।

ਮਾਂ ਕਾਟੋ ਨਾਲ ਗੱਲਾਂ ਕਰਦੀ ਹੈ, ‘‘ਚਿੰਤੋ, ਤੂੰ ਕਿੱਧਰ ਚਲੀ ਗਈ ਸੀ? ਮੈਨੂੰ ਫ਼ਿਕਰ ਹੋ ਗਿਆ ਸੀ। ਓਹ ਵੇਖ ਬੰਤੋ ਤਾਂ ਆਪਣੀ ਰੋਟੀ ਖਾ ਗਈ।’’

ਭੂਰੂ ਕੁੱਤਾ ਆਇਆ ਤੇ ਆ ਕੇ ਮਾਂ ਦੇ ਪੈਰਾਂ ’ਚ ਬਹਿ ਗਿਆ। ਮਾਂ ਉਸ ਦੇ ਸਿਰ ’ਤੇ ਹੱਥ ਫੇਰਨ ਲੱਗਦੀ ਹੈ।

ਮਾਂ ਭੂਰੂ ਨੂੰ ਪੁੱਛਦੀ ਹੈ, ‘‘ਭੂਰੂ, ਭੁੱਖ ਲੱਗੀ ਹੋਈ ਐ?’’ ਭੂਰੂ ਕੰਨ ਹਿਲਾਉਂਦਾ ਹੈ ਜਿਵੇਂ ਕੁਝ ਕਹਿ ਰਿਹਾ ਹੋਵੇ।

‘‘ਵੇ ਦੀਪੂ, ਵੇ ਦੀਪੂ’’ ਮਾਂ ਹਾਕ ਮਾਰਦੀ ਹੈ।

ਅੰਦਰੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ।

‘‘ਵੇ ਦੀਪੂ, ਤੈਨੂੰ ਕੁਝ ਸੁਣਦੈ ਕਿ ਨਹੀਂ?’’ ਮਾਂ ਦੀ ਤੀਜੀ ਹਾਕ ਹੈ। ਮੁੰਡਾ ਸਤਿਆ ਹੋਇਆ ਬਾਹਰ ਨੂੰ ਆਉਂਦਾ ਹੈ। ‘‘ਬੀਬੀ ਚੰਗੀ ਭਲੀ ਕੁਰਸੀ ਹੈ, ਤੇਰੇ ਕੋਲੋਂ ਟਿਕ ਕੇ ਬਹਿ ਵੀ ਨਹੀਂ ਹੁੰਦਾ। ਆਪ ਕੁਝ ਕਰਨਾ ਨ੍ਹੀਂ ਤੇ ਦੂਜੇ ਨੂੰ ਟੇਕ ਨਹੀਂ ਲੈਣ ਦੇਣੀ। ਮੈਂ ਅੱਗੇ ਹੀ ਥੱਕਿਆ ਹੋਇਆਂ।’’

‘‘ਥੱਕਣ ਨੂੰ ਤੂੰ ਹਲ ਵਾਹੁੰਨੈ ਸਵੇਰ ਦਾ। ਵਿਹਲਿਆਂ ਨੂੰ ਖਾਣ ਨੂੰ ਮਿਲਦੈ। ਖੇਤਾਂ ’ਚ ਕਰਨਾ ਪੈਂਦਾ ਕੰਮ, ਜੋਕਾਂ ਵਾਲੇ ਖੇਤਾਂ ’ਚ ਲਾਉਣੇ ਪੈਂਦੇ ਧਾਨ, ਕੜਕਦੀ ਧੁੱਪ ’ਚ ਵੱਢਣੀ ਪੈਂਦੀ ਹਾੜ੍ਹੀ ਤਾਂ ਫੇਰ ਆਉਂਦੀ ਥੋਡੀ ਧਰਨ ਟਿਕਾਣੇ।’’

‘‘ਮੇਰੀਆਂ ਤਾਂ ਲੱਤਾਂ ਨ੍ਹੀਂ ਜੈ ਖਾਣੀਆਂ ਕੰਮ ਕਰਦੀਆਂ ਨਹੀਂ ਤਾਂ...’’ ਮਾਂ ਚੁੱਪ ਹੋ ਜਾਂਦੀ ਏ।

ਮੁੰਡਾ ਵਿੰਗਾ ਜਿਹਾ ਮੂੰਹ ਕਰਕੇ ਅੰਦਰ ਚਲਾ ਜਾਂਦਾ ਹੈ।

ਮਾਂ ਦੀਆਂ ਲੱਤਾਂ ’ਤੇ ਬੋਝ ਨਹੀਂ ਆ ਰਿਹਾ। ਉਹ ਕਿਵੇਂ ਨਾ ਕਿਵੇਂ ਹਿੰਮਤ ਕਰਕੇ ਉੱਠਦੀ ਹੈ। ਵਾਕਰ ਦੇ ਸਹਾਰੇ ਹੌਲੀ-ਹੌਲੀ ਅੰਦਰ ਜਾਂਦੀ ਹੈ। ਅੰਦਰੋਂ ਇੱਕ ਰੋਟੀ ਲਿਆਉਂਦੀ ਹੈ। ਵੱਡੀਆਂ ਵੱਡੀਆਂ ਬੁਰਕੀਆਂ ਕਰ ਕੇ ਭੂਰੂ ਅੱਗੇ ਰੱਖ ਦਿੰਦੀ ਹੈ। ਭੂਰੂ ਬਹੁਤ ਪਿਆਰ ਨਾਲ ਖਾਂਦਾ ਹੈ ਤੇ ਆਰਾਮ ਨਾਲ ਅੱਖਾਂ ਮੀਟ ਲੈਂਦਾ ਹੈ।

ਮਾਂ ਕਈ ਵਾਰੀ ਬੀਤੇ ਦਿਨਾਂ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀ ਹੈ। ਕਿੰਨੀ ਘਾਲਣਾ ਘਾਲ ਕੇ ਉਹ ਇਸ ਘਰ ਨੂੰ ਇੱਥੇ ਤੱਕ ਲੈ ਕੇ ਆਈ ਹੈ।

‘‘ਹੁਣ ਤਾਂ ਤੁਰਨਾ ਫਿਰਨਾ ਵੀ ਮੁਸ਼ਕਲ ਹੋ ਗਿਐ। ਤੁਰਨ ਲੱਗੇ ਤਕਲੀਫ਼ ਹੁੰਦੀ ਹੈ। ਕਈ ਵਾਰੀ ਤਾਂ ਲਗਦੈ ਜਿਵੇਂ ਸੱਜੀ ਲੱਤ ਜਵਾਬ ਦੇ ਰਹੀ ਹੋਵੇ। ਮੇਰਾ ਕੀ ਬਣੂਗਾ ਪੁੱਤ?’’

‘‘ਤੂੰ ਚਿੰਤਾ ਨਾ ਕਰ ਮਾਂ, ਮੈਂ ਹੈਗਾ।’’ ਮਾਂ ਨੂੰ ਵੀ ਪਤਾ ਮੈਂ ਬੁਢਾਪੇ ’ਚ ਉਸ ਨੂੰ ਕਿੰਨਾ ਕੁ ਸਹਾਰਾ ਦੇ ਸਕਦਾ ਹਾਂ।

ਅੰਨ ਦੀ ਬੇਅਦਬੀ ਦੀ ਗੱਲ ਕਈ ਵਾਰ ਹੋ ਚੁੱਕੀ ਹੈ। ਇਸ ਕਰ ਕੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਮਾੜੀ ਜਿਹੀ ਚਿਣਗ ਕਿਤੇ ਭਾਂਬੜ ਨਾ ਬਣ ਜਾਵੇ। ਅੱਜ ਮਾਂ ਫਿਰ ਰੋਟੀ ਖਾ ਕੇ ਹਟੀ ਏ। ਅੱਧੀ ਰੋਟੀ ਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਬਣਾ ਦਿੱਤੀਆਂ ਨੇ। ਗੁਟਾਰਾਂ ਆ ਗਈਆਂ ਨੇ। ਮੈਂ ਮਾਂ ਕੋਲ ਜਾ ਕੇ ਬੈਠਦਾ ਹਾਂ। ਮੈਂ ਆਪਣਾ ਪੂਰਾ ਮਨ ਬਣਾ ਲਿਆ ਹੈ ਕਿ ਅੱਜ ਬੇਅਦਬੀ ਵਾਲੀ ਗੱਲ ਕਹਿ ਹੀ ਦੇਣੀ ਹੈ। ਫਿਰ ਸੋਚਦਾ ਹਾਂ ਕਿ ਮਾਂ ਕਿਤੇ ਇਹ ਨਾ ਸੋਚੇ, ‘ਪੁੱਤ, ਹੁਣ ਮੈਂ ਤੈਨੂੰ ਵੀ ਭਾਰ ਲੱਗਣ ਲੱਗ ਪਈ।’

ਮੈਂ ਕਹਿਣੋਂ ਰੁਕ ਜਾਂਦਾ ਹਾਂ। ਮਾਂ ਨਿੱਕੀਆਂ ਨਿੱਕੀਆਂ ਬੁਰਕੀਆਂ ਖਿੰਡਾ ਦਿੰਦੀ ਹੈ। ਗੁਟਾਰਾਂ ਚੁਗਣਾ ਸ਼ੁਰੂ ਕਰ ਦਿੰਦੀਆਂ ਨੇ। ਮੈਂ ਗਹੁ ਨਾਲ ਗੁਟਾਰਾਂ ਨੂੰ ਦੇਖਦਾ ਹਾਂ। ਦੇਖਦਾ ਦੇਖਦਾ ਸੁੰਨ ਜਿਹਾ ਹੋ ਜਾਂਦਾ ਹਾਂ।

ਦੋਹੇਂ ਗੁਟਾਰਾਂ ਦੀ ਇੱਕ ਇੱਕ ਲੱਤ ਨਹੀਂ। ਹੇਠਾਂ ਬਹਿ ਕੇ ਬੁਰਕੀ ਚੁੱਕ ਕੇ ਹਿੰਮਤ ਨਾਲ ਉੱਠਦੀਆਂ ਨੇ ਫੇਰ ਬਹਿ ਕੇ ਬੁਰਕੀ ਚੁੱਕਦੀਆਂ ਫੇਰ ਹਿੰਮਤ ਨਾਲ ਉੱਠਦੀਆਂ ਨੇ। ਮੇਰਾ ਮਨ ਭਰ ਆਉਂਦਾ ਹੈ।

ਜੋ ਕੁਝ ਮੈਂ ਮਾਂ ਨੂੰ ਕਹਿਣਾ ਚਾਹੁੰਦਾ ਸੀ ਸ਼ਬਦ ਮੇਰੇ ਮੂੰਹ ਵਿੱਚ ਹੀ ਜੰਮ ਗਏ।

* * *

ਮੁੱਖ ਮਹਿਮਾਨ

ਗੁਰਮੀਤ ਸਿੰਘ ਸੋਹੀ

ਸਾਹਿਤ ਸਮਾਗਮ ਦਾ ਹਾਲ ਭਰਿਆ ਹੋਇਆ ਸੀ। ਮੰਚ ’ਤੇ ਪ੍ਰਧਾਨਗੀ ਮੰਡਲ ਦੇ ਮੈਂਬਰ ਗੰਭੀਰ ਚਿਹਰਿਆਂ ਨਾਲ ਬੈਠੇ ਸਨ ਅਤੇ ਹੇਠਾਂ ਦਰਸ਼ਕ ਤਾਲੀਆਂ ਵਜਾ ਰਹੇ ਸਨ। ਸਟੇਜ ਸੈਕਟਰੀ ਮਾਈਕ ’ਤੇ ਬੜੇ ਜੋਸ਼ ਨਾਲ ਹਰ ਕਵੀ ਤੇ ਲੇਖਕ ਦੀ ਜਾਣ-ਪਛਾਣ ਕਰਵਾ ਰਿਹਾ ਸੀ। ਪਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮੁੱਖ ਮਹਿਮਾਨ ਨੂੰ ਇਹ ਗੱਲ ਚੁੱਭ ਰਹੀ ਸੀ ਕਿ ਲੋਕਾਂ ਦੀ ਨਜ਼ਰ ਉਸ ਤੋਂ ਵੱਧ ਸਟੇਜ ਸੈਕਟਰੀ ’ਤੇ ਸੀ। ਜਦੋਂ ਵੀ ਸਟੇਜ ਸੈਕਟਰੀ ਕਿਸੇ ਦਾ ਨਾਮ ਉਤਸ਼ਾਹ ਨਾਲ ਲੈਂਦਾ ਤਾਂ ਮੁੱਖ ਮਹਿਮਾਨ ਆਪਣੀ ਕੁਰਸੀ ’ਤੇ ਹਿੱਲਦਾ ਤੇ ਘੜੀ ਵੇਖਣ ਲੱਗ ਪੈਂਦਾ।

ਅਖੀਰ ਵਿੱਚ ਸਟੇਜ ਸੈਕਟਰੀ ਨੇ ਕਿਹਾ, “ਹੁਣ ਮੈਂ ਅੱਜ ਦੇ ਮੁੱਖ ਮਹਿਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ।” ਮੁੱਖ ਮਹਿਮਾਨ ਮਾਈਕ ਕੋਲ ਆਇਆ ਤੇ ਹੌਲੀ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ “ਅੱਜਕੱਲ੍ਹ ਸਮਾਗਮਾਂ ਵਿੱਚ ਬੋਲਣ ਵਾਲਿਆਂ ਨਾਲੋਂ ਸੁਣਨ ਵਾਲੇ ਜ਼ਿਆਦਾ ਚਮਕਦੇ ਨੇ।” ਹਾਲ ਵਿੱਚ ਹੌਲਾ ਜਿਹਾ ਹਾਸਾ ਫੈਲ ਗਿਆ। ਸਟੇਜ ਸੈਕਟਰੀ ਨੇ ਵੀ ਤੁਰੰਤ ਜਵਾਬ ਦਿੱਤਾ, “ਜੀ ਪਰ ਕਈ ਵਾਰੀ ਮੰਚ ’ਤੇ ਬੈਠੇ ਲੋਕ ਚੁੱਪ ਰਹਿ ਕੇ ਵੀ ਸਭ ਕੁਝ ਕਹਿ ਜਾਂਦੇ ਨੇ।” ਹੁਣ ਹਾਲ ਵਿੱਚ ਤਾਲੀਆਂ ਹੋਰ ਜ਼ੋਰ ਨਾਲ ਵੱਜੀਆਂ। ਪ੍ਰਧਾਨਗੀ ਮੰਡਲ ਦੇ ਚਿਹਰੇ ਸਖ਼ਤ ਹੋ ਗਏ, ਪਰ ਸਟੇਜ ਸੈਕਟਰੀ ਦੀ ਆਵਾਜ਼ ਹੋਰ ਬੁਲੰਦ ਹੋ ਗਈ। ਸਮਾਗਮ ਮੁੱਕ ਗਿਆ, ਪਰ ਦਰਸ਼ਕਾਂ ਨੂੰ ਕਵਿਤਾਵਾਂ ਘੱਟ ਤੇ ਮੰਚ ਦੀ ਖਾਮੋਸ਼ ਲੜਾਈ ਵੱਧ ਯਾਦ ਰਹੀ।

ਸੰਪਰਕ: 92179-81404

* * *

Advertisement
×