ਮਿਨੀ ਕਹਾਣੀਆਂ
ਸਰਵਰ ਡਾਊਨ ਕਮਲਜੀਤ ਕੌਰ ਗੁੰਮਟੀ ਸਵੇਰੇ ਛੇ ਵਜੇ ਹੀ ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੁੱਕਿਆ। ਅੱਗੋਂ ਆਂਗਣਵਾੜੀ ਵਾਲੇ ਭੈਣ ਜੀ ਬੋਲੇ, ‘‘ਦੀਦੀ, ਤੁਸੀਂ ਆ ਕੇ ਆਪਣਾ ਫਾਰਮ ਔਨਲਾਈਨ ਕਰਵਾ ਜਾਓ। ਹੁਣ ਸਰਵਰ ਚੱਲ ਰਿਹਾ ਹੈ।’’ ਮੈਂ ਕਿਹਾ, ‘‘ਮੈਂ...
ਸਰਵਰ ਡਾਊਨ
ਕਮਲਜੀਤ ਕੌਰ ਗੁੰਮਟੀ
ਸਵੇਰੇ ਛੇ ਵਜੇ ਹੀ ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੁੱਕਿਆ। ਅੱਗੋਂ ਆਂਗਣਵਾੜੀ ਵਾਲੇ ਭੈਣ ਜੀ ਬੋਲੇ, ‘‘ਦੀਦੀ, ਤੁਸੀਂ ਆ ਕੇ ਆਪਣਾ ਫਾਰਮ ਔਨਲਾਈਨ ਕਰਵਾ ਜਾਓ। ਹੁਣ ਸਰਵਰ ਚੱਲ ਰਿਹਾ ਹੈ।’’
ਮੈਂ ਕਿਹਾ, ‘‘ਮੈਂ ਜਲਦੀ ਹੀ ਘਰ ਦਾ ਕੰਮ ਨਿਬੇੜ ਕੇ ਪਹੁੰਚਦੀ ਹਾਂ।’’ ਮੈਨੂੰ ਕੰਮ ਨਿਬੇੜਦਿਆਂ 8 ਵੱਜ ਗਏ। ਮੈਂ ਨਹਾ ਧੋ ਕੇ ਆਂਗਣਵਾੜੀ ਸੈਂਟਰ ਪਹੁੰਚ ਗਈ। ਸਵੇਰ ਦੇ ਨੌਂ ਕੁ ਵਜੇ ਤੱਕ ਪਿੰਡ ਦੇ ਆਂਗਣਵਾੜੀ ਸੈਂਟਰ ਦੇ ਬਾਹਰ ਮੇਲੇ ਵਰਗਾ ਮਾਹੌਲ ਬਣ ਚੁੱਕਾ ਸੀ। ਹੱਥਾਂ ਵਿੱਚ ਆਧਾਰ ਕਾਰਡ, ਬੈਂਕ ਦੀਆਂ ਕਾਪੀਆਂ ਅਤੇ ਵੋਟਰ ਕਾਰਡਾਂ ਦੀਆਂ ਫੋਟੋਸਟੇਟ ਕਾਪੀਆਂ ਫੜੀ ਮਾਵਾਂ-ਧੀਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਹਰ ਕਿਸੇ ਦੀ ਅੱਖ ਵਿੱਚ ‘ਸਰਕਾਰੀ ਹਜ਼ਾਰ ਰੁਪਏ’ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ।
ਅੰਦਰ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠੀ ਕਰਮਜੀਤ (ਵਰਕਰ) ਦੇ ਚਿਹਰੇ ’ਤੇ ਜੰਗ ਜਿੱਤਣ ਵਰਗੀ ਗੰਭੀਰਤਾ ਸੀ। ਉਸ ਨੇ ਡੂੰਘਾ ਸਾਹ ਲਿਆ, ਉਂਗਲਾਂ ਸਿੱਧੀਆਂ ਕੀਤੀਆਂ ਅਤੇ ਜਿਉਂ ਹੀ ਸਰਕਾਰੀ ਪੋਰਟਲ ’ਤੇ ਕਲਿੱਕ ਕੀਤਾ, ਸਕਰੀਨ ’ਤੇ ਨੀਲੇ ਰੰਗ ਦਾ ਚੱਕਰ ਘੁੰਮਣ ਲੱਗ ਪਿਆ।
‘‘ਲੈ ਭੈਣੇ, ਕਰਮਾਂ ਵਾਲੀਏ! ਮੇਰਾ ਫਾਰਮ ਪਹਿਲਾਂ ਪਾ ਦੇ, ਮੈਂ ਮੱਝ ਚੋਣੀ ਐ, ਇੱਕ ਡੰਗ ਮਿਲਦੀ ਹੈ। ਨਾਲੇ ਪੁੱਤ ਹੁਣ ਮੇਰਾ ਤਾਂ ਸੱਤਵਾਂ ਗੇੜਾ ਏ ਤੇਰੇ ਕੋਲ।’’ ਬਾਹਰੋਂ ਕਰਤਾਰ ਕੌਰ ਨੇ ਖਿੜਕੀ ਰਾਹੀਂ ਆਵਾਜ਼ ਮਾਰੀ।
ਕਰਮਜੀਤ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਤਾਈ, ਬਸ ਦੋ ਮਿੰਟ... ਸਰਵਰ ਹੌਲੀ ਚੱਲ ਰਿਹਾ ਹੈ।’’
ਪਰ ਉਹ ‘ਦੋ ਮਿੰਟ’ ਕਦੋਂ ਦੋ ਘੰਟਿਆਂ ਵਿੱਚ ਬਦਲ ਗਏ, ਪਤਾ ਹੀ ਨਹੀਂ ਲੱਗਿਆ। ਕੰਪਿਊਟਰ ਦੀ ਸਕਰੀਨ ’ਤੇ ਉਹ ਨੀਲਾ ਚੱਕਰ ਇਸ ਤਰ੍ਹਾਂ ਘੁੰਮ ਰਿਹਾ ਸੀ, ਜਿਵੇਂ ਪੂਰੇ ਪੰਜਾਬ ਦੀ ਆਰਥਿਕਤਾ ਦਾ ਪਹੀਆ ਉਸੇ ਵਿੱਚ ਫਸਿਆ ਹੋਵੇ। ਵੈੱਬਸਾਈਟ ਇਸ ਤਰ੍ਹਾਂ ਚੁੱਪ ਹੋ ਜਾਂਦੀ ਜਿਵੇਂ ਮੌਨ ਵਰਤ ਰੱਖਿਆ ਹੋਵੇ। ਦੁਪਹਿਰ ਦੇ ਇੱਕ ਵੱਜ ਚੁੱਕੇ ਸਨ। ਬਾਹਰ ਗਰਮੀ ਅਤੇ ਬੇਸਬਰੀ ਵਧ ਰਹੀ ਸੀ। ਤਾਇਆ ਵੀ ਤਾਈ ਨੂੰ ਚਾਰ ਕੁ ਗਾਲ੍ਹਾਂ ਸੁਣਾ ਗਿਆ ਸੀ ਆ ਕੇ। ‘‘ਨੀ ਕੁੜੇ, ਕੁਝ ਪੱਲੇ ਪਾਉਂਗੇ ਵੀ ਕਿ ਬੱਸ ਆਹ ’ਗੂਠੇ ਈ ਲਵਾਉਣੇ ਨੇ?’’ ਇੱਕ ਹੋਰ ਬੀਬੀ ਨੇ ਅੱਕ ਕੇ ਹਾਕ ਮਾਰੀ।
ਇੱਧਰ ਅੰਦਰ ਸਰਵਰ ਦੀ ਰਫ਼ਤਾਰ ਦੇ ਉਲਟ ਕਰਮਜੀਤ ਦਾ ਬਲੱਡ ਪ੍ਰੈੱਸ਼ਰ ਪੂਰੀ ਰਫ਼ਤਾਰ ਨਾਲ ਵਧ ਰਿਹਾ ਸੀ। ਉਸ ਦੀਆਂ ਅੱਖਾਂ ਸਾਹਮਣੇ ਹੁਣ ਕੰਪਿਊਟਰ ਦੀ ਸਕਰੀਨ ਘੁੰਮਣ ਲੱਗ ਪਈ ਸੀ। ਸਵੇਰ ਦੀ ਕੁਰਸੀ ’ਤੇ ਬੈਠੀ ਉਹ ਪਾਣੀ ਪੀਣ ਲਈ ਵੀ ਨਹੀਂ ਸੀ ਉੱਠ ਸਕੀ। ਤੀਜੀ ਵਾਰ ਜਦੋਂ ਉਸ ਨੇ ‘ਸਬਮਿਟ’ ਦਾ ਬਟਨ ਦੱਬਿਆ ਤਾਂ ਅੱਗੋਂ ਲਿਖਿਆ ਆਇਆ- ਸੈਸ਼ਨ ਐਕਸਪਾਇਰਡ।
ਇਹ ਪੜ੍ਹਦਿਆਂ ਹੀ ਕਰਮਜੀਤ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੂੰ ਇੰਜ ਲੱਗਿਆ ਜਿਵੇਂ ਸਰਵਰ ਨੇ ਉਸ ਦੇ ਦਿਮਾਗ਼ ਦੀ ਨਸ ਹੀ ਖਿੱਚ ਦਿੱਤੀ ਹੋਵੇ। ਉਸ ਦੇ ਹੱਥ ਕੰਬੇ, ਅੱਖਾਂ ਅੱਗੇ ਹਨੇਰਾ ਆਇਆ ਤੇ ਉਹ ‘ਹਾਏ ਸਰਵਰ...’ ਕਹਿੰਦੀ ਹੋਈ ਬੇਹੋਸ਼ ਹੋ ਕੇ ਕੁਰਸੀ ਤੋਂ ਹੇਠਾਂ ਫਰਸ਼ ’ਤੇ ਡਿੱਗ ਗਈ।
ਦਫ਼ਤਰ ਵਿੱਚ ਰੌਲਾ ਪੈ ਗਿਆ। ਪਾਣੀ ਦੇ ਛਿੱਟੇ ਮਾਰੇ ਗਏ, ਪੱਖਾ ਤੇਜ਼ ਕੀਤਾ ਗਿਆ। ਕੋਈ ਭੱਜ ਕੇ ਪਿੰਡ ਦੇ ਡਾਕਟਰ ਨੂੰ ਬੁਲਾ ਲਿਆਇਆ।
ਡਾਕਟਰ ਨੇ ਆਉਂਦਿਆਂ ਹੀ ਕਰਮਜੀਤ ਦੀ ਨਬਜ਼ ਟੋਹੀ, ਸਟੈਥੋਸਕੋਪ ਲਾਇਆ ਅਤੇ ਬੜੀ ਗੰਭੀਰਤਾ ਨਾਲ ਬੋਲਿਆ, ‘‘ਮਰੀਜ਼ ਨੂੰ ਕੋਈ ਬਿਮਾਰੀ ਨਹੀਂ ਹੈ। ਬੱਸ ਇਸ ਦੇ ਦਿਮਾਗ਼ ’ਤੇ ਲੋਡ ਜ਼ਿਆਦਾ ਪੈ ਗਿਆ ਹੈ। ਇਸ ਨੂੰ ਹੋਸ਼ ਵਿੱਚ ਲਿਆਉਣ ਲਈ ਗਲੂਕੋਜ਼ ਦੀ ਬੋਤਲ ਲਾਉਣੀ ਪਵੇਗੀ।’’
ਬਾਹਰ ਖੜ੍ਹੀਆਂ ਮਾਵਾਂ-ਧੀਆਂ ਵਿੱਚੋਂ ਇੱਕ ਸਿਆਣੀ ਮਾਈ ਨੇ ਹਉਕਾ ਭਰਦਿਆਂ ਕਿਹਾ, ‘‘ਵੇਖ ਲਓ ਭਾਈ, ਸਰਕਾਰ ਨੇ ਹਜ਼ਾਰ ਰੁਪੱਈਆ ਮਾਵਾਂ-ਧੀਆਂ ਨੂੰ ਦੇਣਾ ਸੀ, ਪਰ ਵਿਚਾਰੀ ਮੁਲਾਜ਼ਮ ਧੀ ਹੋਸ਼ ਹੀ ਗੁਆ ਬੈਠੀ। ਹੁਣ ਇਸ ਦੇ ਇਲਾਜ ’ਤੇ ਦੋ ਹਜ਼ਾਰ ਲੱਗ ਜਾਊ।’’
ਸੰਪਰਕ: 94171-63426
* * *
ਨਵੀਂ ਅਫਸਰ
ਅਜੀਤ ਖੰਨਾ
ਰਾਮੂ ਨੂੰ ਬਿਹਾਰ ਤੋਂ ਪੰਜਾਬ ਆਏ ਨੂੰ ਦਸ ਵਰ੍ਹੇ ਹੋ ਚੁੱਕੇ ਸਨ। ਘਰ ’ਚ ਪੈਸੇ ਦੀ ਤੰਗੀ-ਤੁਰਸ਼ੀ ਕਾਰਨ ਉਹ ਪੰਜਾਬ ਆ ਵਸਿਆ ਸੀ। ਉਸ ਦੇ ਚਾਰ ਬੱਚੇ ਸਨ, ਜੋ ਹਾਲੇ ਨਿੱਕੇ ਸਨ। ਇਸ ਕਰਕੇ ਘਰ ਦਾ ਖਰਚ ਬਹੁਤਾ ਨਹੀਂ ਸੀ। ਰੋਜ਼ੀ-ਰੋਟੀ ਵਾਸਤੇ ਉਹ ਸ਼ਹਿਰ ਦੀ ਇੱਕ ਨਾਮੀ ਮਾਰਕੀਟ ’ਚ ਡੋਸੇ ਵਗੈਰਾ ਦੀ ਰੇਹੜੀ ਲਾਉਂਦਾ ਸੀ। ਸ਼ੁਰੂ-ਸ਼ੁਰੂ ’ਚ ਉਸ ਨੂੰ ਕੋਈ ਬਹੁਤੀ ਕਮਾਈ ਨਹੀਂ ਸੀ ਹੁੰਦੀ, ਜਿਸ ਕਰਕੇ ਉਸ ਨੇ ਆਪਣੇ ਤਿੰਨੋਂ ਬੱਚੇ ਸਰਕਾਰੀ ਸਕੂਲ ’ਚ ਦਾਖਲ ਕਰਵਾ ਦਿੱਤੇ ਸਨ। ਹੌਲੀ-ਹੌਲੀ ਉਸ ਦਾ ਕੰਮ ਵਾਹਵਾ ਚੱਲ ਪਿਆ, ਜਿਸ ਕਰਕੇ ਉਸ ਦੇ ਘਰ ਦਾ ਗੁਜ਼ਾਰਾ ਚੰਗਾ ਚੱਲਣ ਲੱਗਿਆ। ਬੱਚੇ ਵੀ ਵੱਡੇ ਹੋ ਗਏ ਸਨ। ਰੇਹੜੀ ਤੋਂ ਚੰਗੀ ਕਮਾਈ ਹੋਣ ਕਰਕੇ ਉਸ ਨੇ ਆਪਣਾ ਘਰ ਵੀ ਖਰੀਦ ਲਿਆ ਸੀ।
ਉਧਰ ਨਵੇਂ ਸਾਲ ਲਈ ਤਿੰਨੇ ਬੱਚਿਆਂ ਦੀ ਦਾਖਲਾ ਫੀਸ ਭਰਨ ਦਾ ਵਕਤ ਆ ਗਿਆ ਸੀ। ਹੱਥ ਸੁਖਾਲਾ ਹੋਣ ਕਰਕੇ ਰਾਮੂ ਦੀ ਪਤਨੀ ਉਜਵਲ ਭਵਿੱਖ ਵਾਸਤੇ ਆਪਣੇ ਬੱਚਿਆਂ ਨੂੰ ਕੌਨਵੈਂਟ ਸਕੂਲ ’ਚ ਦਾਖਲ ਕਰਵਾਉਣ ਬਾਰੇ ਸੋਚਣ ਲੱਗੀ। ਇੰਨੇ ਨੂੰ ਰਾਮੂ ਰੇਹੜੀ ਲੈ ਕੇ ਘਰ ਪਰਤ ਆਇਆ। ਪਤਨੀ ਦੇ ਪੁੱਛਣ ’ਤੇ ਰਾਮੂ ਨੇ ਦੱਸਿਆ ਕਿ ਸ਼ਹਿਰ ’ਚ ਨਵੀਂ ਅਫਸਰ ਆਈ ਹੈ। ਉਸ ਵੱਲੋਂ ਸਾਰੇ ਸ਼ਹਿਰ ’ਚੋਂ ਰੇਹੜੀਆਂ ਚੁਕਵਾ ਦਿੱਤੀਆਂ ਗਈਆਂ ਹਨ, ਹੁਣ ਸ਼ਹਿਰ ’ਚ ਕਿਤੇ ਰੇਹੜੀ ਨਹੀਂ ਲੱਗ ਸਕੇਗੀ। ਰਾਮੂ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਦੀ ਪਤਨੀ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਬੱਚਿਆਂ ਨੂੰ ਕੌਨਵੈਂਟ ਸਕੂਲ ’ਚ ਦਾਖਲ ਕਰਵਾਉਣ ਦੀਆਂ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ।
ਸੰਪਰਕ: 76967-54669

