ਮਿਨੀ ਕਹਾਣੀਆਂ
ਉਦਾਸ ਵਿਹੜੇ ਦਾ ਦਰਦ ਓਮਕਾਰ ਸੂਦ ਬਹੋਨਾ ਜਦੋਂ ਮਕਾਨ ਬਣਾਇਆ ਸੀ ਤਾਂ ਚਿਰਾਗ਼ ਦੀਨ ਨੇ ਲੋੜ ਅਨੁਸਾਰ ਖੁੱਲ੍ਹਾ ਵਿਹੜਾ ਛੱਡਿਆ ਸੀ। ਉਹ ਅਕਸਰ ਕਹਿੰਦਾ ਹੁੰਦਾ ਸੀ ਕਿ ਵਿਹੜੇ ਦੀ ਆਪਣੀ ਹੀ ਮੌਜ ਹੁੰਦੀ ਹੈ। ਅੰਦਰਲੇ ਬੰਦ ਕਮਰਿਆਂ ਦੀ ਘੁੱਟਣ ਨਾਲੋਂ...
ਉਦਾਸ ਵਿਹੜੇ ਦਾ ਦਰਦ
ਓਮਕਾਰ ਸੂਦ ਬਹੋਨਾ
ਜਦੋਂ ਮਕਾਨ ਬਣਾਇਆ ਸੀ ਤਾਂ ਚਿਰਾਗ਼ ਦੀਨ ਨੇ ਲੋੜ ਅਨੁਸਾਰ ਖੁੱਲ੍ਹਾ ਵਿਹੜਾ ਛੱਡਿਆ ਸੀ। ਉਹ ਅਕਸਰ ਕਹਿੰਦਾ ਹੁੰਦਾ ਸੀ ਕਿ ਵਿਹੜੇ ਦੀ ਆਪਣੀ ਹੀ ਮੌਜ ਹੁੰਦੀ ਹੈ। ਅੰਦਰਲੇ ਬੰਦ ਕਮਰਿਆਂ ਦੀ ਘੁੱਟਣ ਨਾਲੋਂ ਖੁੱਲ੍ਹੇ ਵਿਹੜੇ ਵਿੱਚ ਗ਼ਮਲਿਆਂ ਕੋਲ ਮੰਜੀ ਜਾਂ ਕੁਰਸੀ ਡਾਹ ਕੇ ਬੈਠਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਉਸ ਦਾ ਮੰਨਣਾ ਸੀ ਕਿ ਵਿਹੜਾ ਘਰ ਦੇ ਫੇਫੜਿਆਂ ਵਾਂਗ ਹੁੰਦਾ ਹੈ, ਜਿੱਥੇ ਇਨਸਾਨ ਖੁੱਲ੍ਹ ਕੇ ਸਾਹ ਲੈ ਸਕਦਾ ਹੈ। ਪਰ ਅੱਜ ਚਿਰਾਗ਼ ਦੀਨ ਉਸੇ ਵਿਹੜੇ ਵਿੱਚ ਬੈਠਾ ਇੱਕ ਅਜੀਬ ਜਿਹੀ ਚੁੱਪ ਅਤੇ ਉਦਾਸੀ ਮਹਿਸੂਸ ਕਰ ਰਿਹਾ ਹੈ। ਉਸ ਨੂੰ ਅੱਜ ਸਮਝ ਆਇਆ ਕਿ ਕੰਧਾਂ-ਕੋਠਿਆਂ ਨੂੰ ‘ਘਰ’ ਬਣਾਉਣ ਵਾਲੀ ਰੂਹ ਜਦੋਂ ਢਿੱਲੀ ਪੈ ਜਾਵੇ ਤਾਂ ਵਿਹੜੇ ਦੀ ਰੌਣਕ ਵੀ ਫਿੱਕੀ ਪੈ ਜਾਂਦੀ ਹੈ।
ਉਸ ਦੀ ਪਤਨੀ ਮਾਲਾ ਰੋਜ਼ ਸਵੇਰੇ ਚਾਰ ਵਜੇ ਉੱਠਦੀ ਸੀ। ਉਸ ਦੇ ਉੱਠਣ ਨਾਲ ਹੀ ਘਰ ਵਿੱਚ ਜੀਵਨ ਧੜਕਣ ਲੱਗਦਾ। ਰਸੋਈ ਵਿੱਚੋਂ ਆਉਂਦੀ ਬਰਤਨਾਂ ਦੀ ਮੱਧਮ ਜਿਹੀ ਆਵਾਜ਼ ਇਸ ਗੱਲ ਦੀ ਗਵਾਹੀ ਹੁੰਦੀ ਸੀ ਕਿ ਦਿਨ ਦਾ ਆਗਾਜ਼ ਹੋ ਚੁੱਕਾ ਹੈ। ਉਹ ਆਵਾਜ਼ ਕੋਈ ਸ਼ੋਰ ਨਹੀਂ, ਸਗੋਂ ਇੱਕ ਅਜਿਹਾ ਸੰਗੀਤ ਸੀ ਜੋ ਸੁੱਤੇ ਹੋਏ ਜੀਆਂ ਨੂੰ ਜਗਾਉਂਦਾ ਸੀ। ਡਿਊਟੀ ਜਾਣ ਵਾਲੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਹੀ ਸਭ ਦੇ ਟਿਫਨ ਪੈਕ ਹੋ ਜਾਂਦੇ ਸਨ। ਬੱਚੇ ਉੱਠਦੇ, ਨਹਾਉਂਦੇ, ਤਿਆਰ ਹੁੰਦੇ ਅਤੇ ਆਪਣਾ-ਆਪਣਾ ਟਿਫਨ ਚੁੱਕ ਕੇ ਤੁਰ ਜਾਂਦੇ। ਮਾਲਾ ਚਿਰਾਗ਼ ਦੀਨ ਨੂੰ ਵੀ ਵਕਤ ਸਿਰ ਚਾਹ ਪੁੱਛਦੀ ਅਤੇ ਉਸ ਦੇ ਹਾਂ ਕਹਿਣ ’ਤੇ ਚਾਹ ਦੇ ਨਾਲ ਨਮਕੀਨ ਜਾਂ ਬਿਸਕੁਟ ਟ੍ਰੇਅ ਵਿੱਚ ਸਲੀਕੇ ਨਾਲ ਰੱਖ ਕੇ ਦੇ ਜਾਂਦੀ। ਮਾਲਾ ਦੇ ਹੱਥਾਂ ਦੀ ਚਾਹ ਵਿੱਚ ਸਿਰਫ਼ ਖੰਡ-ਪੱਤੀ ਨਹੀਂ ਸਗੋਂ ਬੇਅੰਤ ਅਪਣੱਤ ਅਤੇ ਸਤਿਕਾਰ ਹੁੰਦਾ ਸੀ। ਉਹ ਖ਼ੁਦ ਸਾਰੇ ਕੰਮ ਨਿਪਟਾ ਕੇ ਅੱਠ ਵਜੇ ਨਹਾ-ਧੋ ਕੇ ਚਾਹ ਦਾ ਕੱਪ ਫੜਦੀ ਸੀ। ਰਸੋਈ ਤੋਂ ਵਿਹਲੀ ਹੋ ਕੇ ਉਹ ਝਾੜੂ ਚੁੱਕ ਕੇ ਵਿਹੜੇ ਵਿੱਚ ਆ ਜਾਂਦੀ।
ਪਾਣੀ ਦਾ ਛਿੜਕਾਅ ਕਰਕੇ ਜਦੋਂ ਉਹ ਝਾੜੂ ਫੇਰਦੀ ਤਾਂ ਮਿੱਟੀ ਦੀ ਭਿੰਨੀ-ਭਿੰਨੀ ਖ਼ੁਸ਼ਬੂ ਪੂਰੇ ਘਰ ਵਿੱਚ ਫੈਲ ਜਾਂਦੀ। ਵਿਹੜੇ ਤੋਂ ਲੈ ਕੇ ਗੇਟ ਦੇ ਬਾਹਰ ਤੱਕ ਸਫ਼ਾਈ ਦੀ ਇੱਕ ਅਜੀਬ ਝਲਕ ਅਤੇ ਤਾਜ਼ਗੀ ਨਜ਼ਰ ਆਉਂਦੀ ਸੀ। ਗ਼ਮਲਿਆਂ ਵਿੱਚ ਲੱਗੇ ਫੁੱਲ ਵੀ ਉਸ ਨੂੰ ਦੇਖ ਕੇ ਇੰਝ ਖਿੜਦੇ ਸਨ ਜਿਵੇਂ ਆਪਣੀ ਮਾਂ ਨੂੰ ਦੇਖ ਕੇ ਬੱਚੇ ਮੁਸਕਰਾਉਂਦੇ ਹਨ। ਮਾਲਾ ਉਨ੍ਹਾਂ ਬੂਟਿਆਂ ਨਾਲ ਇੰਝ ਗੱਲਾਂ ਕਰਦੀ ਸੀ ਜਿਵੇਂ ਉਹ ਪਰਿਵਾਰ ਦੇ ਜੀਅ ਹੋਣ। ਕਦੇ ਕਿਸੇ ਸੁੱਕੀ ਟਾਹਣੀ ਨੂੰ ਪਿਆਰ ਨਾਲ ਛਾਂਟਣਾ, ਕਦੇ ਕਿਸੇ ਮੁਰਝਾਏ ਫੁੱਲ ਨੂੰ ਪਲੋਸਣਾ, ਉਸ ਦਾ ਵਿਹੜੇ ਨਾਲ ਇੱਕ ਰੂਹਾਨੀ ਰਿਸ਼ਤਾ ਸੀ, ਪਰ ਹੁਣ ਕੁਝ ਦਿਨਾਂ ਤੋਂ ਸਭ ਬਦਲ ਗਿਆ ਹੈ। ਚਿਰਾਗ਼ ਦੀਨ ਦੀ ਪਤਨੀ ਬਿਮਾਰ ਹੈ। ਗੁਰਦੇ ਦੀ ਪੱਥਰੀ ਦੇ ਅਪਰੇਸ਼ਨ ਕਾਰਨ ਡਾਕਟਰ ਨੇ ਡੇਢ ਮਹੀਨੇ ਦਾ ਮੁਕੰਮਲ ਆਰਾਮ ਦੱਸਿਆ ਹੈ। ਉਸ ਦੇ ਬਿਸਤਰ ’ਤੇ ਪੈਣ ਸਾਰ ਜਿਵੇਂ ਘਰ ਦੀ ਰਫ਼ਤਾਰ ਹੀ ਰੁਕ ਗਈ ਹੈ। ਹੁਣ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ। ਨੂੰਹ, ਜੋ ਪਹਿਲਾਂ ਅੱਠ ਵਜੇ ਤੱਕ ਸੁੱਤੀ ਰਹਿੰਦੀ ਸੀ, ਹੁਣ ਅਣਮੰਨੇ ਮਨ ਨਾਲ ਉੱਠਦੀ ਹੈ। ਉਸ ਦੇ ਕਦਮਾਂ ਵਿੱਚ ਉਹ ਫ਼ੁਰਤੀ ਨਹੀਂ ਸਗੋਂ ਇੱਕ ਮਜਬੂਰੀ ਜਿਹੀ ਝਲਕਦੀ ਹੈ।
ਉਹ ਰਸੋਈ ਵਿੱਚ ਆ ਕੇ ਗੈਸ ਬਾਲਦੀ ਹੈ ਅਤੇ ਮਸ਼ੀਨ ਵਾਂਗ ਰੋਟੀਆਂ ਇਕੱਠੀਆਂ ਹੀ ਪਕਾ ਕੇ ਰੱਖ ਜਾਂਦੀ ਹੈ। ਉਹ ਖਾਣਾ ਨਹੀਂ ਬਣਾਉਂਦੀ ਸਗੋਂ ਸਿਰਫ਼ ਡਿਊਟੀ ਨਿਭਾਉਂਦੀ ਹੈ। ਅਣਮੰਨੇ ਮਨ ਨਾਲ ਕੋਈ ਦਾਲ-ਸਬਜ਼ੀ ਬਣਾ ਕੇ ਉਹ ਆਪਣੇ ਕਮਰੇ ਵਿੱਚ ਜਾ ਕੇ ਲੇਟ ਜਾਂਦੀ ਹੈ। ਫਿਰ ਘੰਟਾ-ਘੰਟਾ ਪੇਕੇ ਫੋਨ ’ਤੇ ਗੱਲਾਂ ਚੱਲਦੀਆਂ ਹਨ, ਸ਼ਿਕਾਇਤਾਂ ਅਤੇ ਥਕਾਵਟ ਦਾ ਜ਼ਿਕਰ ਹੁੰਦਾ ਹੈ। ਚਾਹ ਵੀ ਹੁਣ ਮੰਗਣ ’ਤੇ ਹੀ ਮਿਲਦੀ ਹੈ। ਉਹ ਵੀ ਬਿਨਾਂ ਉਸ ਪਿਆਰ ਅਤੇ ਸਲੀਕੇ ਤੋਂ, ਜੋ ਮਾਲਾ ਦੇ ਹੱਥਾਂ ਦੀ ਚਾਹ ਵਿੱਚ ਹੁੰਦਾ ਸੀ। ਟਰੇਅ ਵਿੱਚ ਰੱਖਿਆ ਕੱਪ ਜਿਵੇਂ ਚੀਕ-ਚੀਕ ਕੇ ਕਹਿ ਰਿਹਾ ਹੋਵੇ ਕਿ ਇਹ ਚਾਹ ਦਿਲੋਂ ਨਹੀਂ ਬਣਾਈ ਗਈ। ਕੱਪ ਦੇ ਕਿਨਾਰੇ ਲੱਗੇ ਪੁਰਾਣੀ ਚਾਹ ਦੇ ਦਾਗ਼ ਜਿਵੇਂ ਮਾਲਾ ਦੇ ਸਾਫ਼ ਕੱਪਾਂ ਅਤੇ ਸਲੀਕੇ ਦਾ ਮਜ਼ਾਕ ਉਡਾ ਰਹੇ ਹੋਣ, ਜਿਸ ਨੂੰ ਉਸ ਨੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਸੀ।
ਵਿਹੜੇ ਵਿੱਚ ਝਾੜੂ ਲੱਗੇ ਨੂੰ ਜਿਵੇਂ ਮੁੱਦਤ ਬੀਤ ਗਈ ਹੋਵੇ। ਕੂੜਾ ਜਿਉਂ ਦਾ ਤਿਉਂ ਬਿਖਰਿਆ ਰਹਿੰਦਾ ਹੈ। ਸੁੱਕੇ ਪੱਤੇ ਹਵਾ ਨਾਲ ਇੱਧਰ-ਉੱਧਰ ਉੱਡਦੇ ਫਿਰਦੇ ਹਨ, ਜਿਵੇਂ ਕਿਸੇ ਸਹਾਰੇ ਦੀ ਭਾਲ ਵਿੱਚ ਹੋਣ। ਗ਼ਮਲਿਆਂ ਦੇ ਪੌਦੇ ਮੁਰਝਾ ਗਏ ਹਨ, ਉਨ੍ਹਾਂ ਨੂੰ ਪਾਣੀ ਦੇਣ ਵਾਲਾ ਹੱਥ ਹੁਣ ਖ਼ੁਦ ਬੇਵੱਸ ਹੈ। ਉਹ ਚਹਿਲ-ਪਹਿਲ, ਉਹ ਬਰਕਤ ਜਿਵੇਂ ਗਾਇਬ ਹੋ ਗਈ ਹੈ। ਚਿਰਾਗ਼ ਦੀਨ ਨੂੰ ਮਹਿਸੂਸ ਹੋਇਆ ਕਿ ਮਾਲਾ ਸਿਰਫ਼ ਕੰਮ ਨਹੀਂ ਸੀ ਕਰਦੀ, ਉਹ ਪੂਰੇ ਘਰ ਦਾ ਸੰਤੁਲਨ ਸੀ। ਜਦੋਂ ਉਹ ਤੰਦਰੁਸਤ ਸੀ ਤਾਂ ਘਰ ਦਾ ਕੋਈ ਵੀ ਕੰਮ ਬੋਝ ਨਹੀਂ ਸੀ ਲੱਗਦਾ। ਬੱਚਿਆਂ ਦੇ ਹਾਸੇ, ਰਸੋਈ ਦੀ ਮਹਿਕ ਅਤੇ ਵਿਹੜੇ ਦੀ ਤਾਜ਼ਗੀ ਸਭ ਉਸ ਦੇ ਆਲੇ-ਦੁਆਲੇ ਘੁੰਮਦੇ ਸਨ। ਹੁਣ ਜਦੋਂ ਉਹ ਬਿਸਤਰ ’ਤੇ ਹੈ ਤਾਂ ਲੱਗਦਾ ਹੈ ਜਿਵੇਂ ਘਰ ਦੀ ਛੱਤ ਤਾਂ ਹੈ, ਪਰ ਦੀਵਾਰਾਂ ਵਿੱਚੋਂ ਨਿੱਘ ਖ਼ਤਮ ਹੋ ਗਿਆ ਹੈ।
ਨੂੰਹ ਦੀ ਚੁੱਪ ਅਤੇ ਖਿੱਝ ਨੇ ਘਰ ਦੀ ਹਵਾ ਵਿੱਚ ਇੱਕ ਅਜੀਬ ਜਿਹੀ ਕੜਵਾਹਟ ਘੋਲ ਦਿੱਤੀ ਹੈ। ਬੱਚੇ ਹੁਣ ਸਿਰਫ਼ ਖਾਣਾ ਖਾ ਕੇ ਆਪਣੇ ਕਮਰਿਆਂ ਵਿੱਚ ਵੜ ਜਾਂਦੇ ਹਨ, ਵਿਹੜੇ ਵਿੱਚ ਬੈਠਣ ਦਾ ਹੁਣ ਕਿਸੇ ਦਾ ਮਨ ਨਹੀਂ ਕਰਦਾ। ਚਿਰਾਗ਼ ਦੀਨ ਨੂੰ ਅੱਜ ਸਮਝ ਆਇਆ ਕਿ ਵਿਹੜਾ ਸਿਰਫ਼ ਇੱਟਾਂ, ਸੀਮੇਂਟ ਅਤੇ ਰੇਤੇ ਦਾ ਬਣਿਆ ਇੱਕ ਖਾਲੀ ਹਿੱਸਾ ਨਹੀਂ ਹੁੰਦਾ। ਵਿਹੜਾ ਤਾਂ ਉਸ ਇਨਸਾਨ ਦੀ ਮਿਹਨਤ, ਸਿਰੜ ਅਤੇ ਪਿਆਰ ਨਾਲ ਹੱਸਦਾ ਹੈ, ਜੋ ਇਸ ਨੂੰ ਆਪਣੀ ਰੂਹ ਦਾ ਹਿੱਸਾ ਸਮਝ ਕੇ ਸੰਵਾਰਦਾ ਹੈ। ਮਾਲਾ ਸਿਰਫ਼ ਰਸੋਈ ਨਹੀਂ ਚਲਾਉਂਦੀ ਸੀ, ਸਗੋਂ ਉਹ ਪੂਰੇ ਘਰ ਦੇ ਵਾਤਾਵਰਣ ਨੂੰ ਆਪਣੇ ਸਲੀਕੇ ਨਾਲ ਜਿਊਂਦਾ ਰੱਖਦੀ ਸੀ। ਉਸ ਦੇ ਬਿਸਤਰ ’ਤੇ ਪੈਣ ਨਾਲ ਇੰਝ ਲੱਗਦਾ ਹੈ ਜਿਵੇਂ ਪੂਰਾ ਵਿਹੜਾ ਹੀ ਉਦਾਸ ਹੋ ਗਿਆ ਹੋਵੇ। ਮਕਾਨ ਤਾਂ ਉੱਥੇ ਹੀ ਹੈ, ਪਰ ਉਸ ਵਿੱਚੋਂ ਘਰ ਵਰਗੀ ਮਹਿਕ ਗਾਇਬ ਹੈ। ਚਿਰਾਗ਼ ਦੀਨ ਨੇ ਇੱਕ ਲੰਮਾ ਹਾਉਕਾ ਭਰਿਆ ਅਤੇ ਮਾਲਾ ਦੇ ਕਮਰੇ ਵੱਲ ਤੱਕਿਆ। ਉਸ ਨੇ ਸੋਚਿਆ, ‘ਕਾਸ਼! ਘਰ ਦੇ ਬਾਕੀ ਜੀਅ ਵੀ ਇਹ ਸਮਝ ਸਕਦੇ ਕਿ ਘਰ ਸਿਰਫ਼ ਸਹੂਲਤਾਂ ਲੈਣ ਦੀ ਥਾਂ ਨਹੀਂ ਸਗੋਂ ਮਿਲ ਕੇ ਜ਼ਿੰਮੇਵਾਰੀਆਂ ਨਿਭਾਉਣ ਅਤੇ ਇੱਕ-ਦੂਜੇ ਦੇ ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਰੱਖਣ ਦਾ ਨਾਂ ਹੈ।’ ਇਹ ਸੋਚਦਿਆਂ-ਸੋਚਦਿਆਂ ਚਿਰਾਗ਼ ਦੀਨ ਨੇ ਆਪਣੇ ਦੁਖਦੇ ਗੋਡਿਆਂ ’ਤੇ ਹੱਥ ਰੱਖਿਆ ਅਤੇ ਝਾੜੂ ਚੁੱਕ ਕੇ ਵਿਹੜਾ ਹੂੰਝਣਾ ਸ਼ੁਰੂ ਕਰ ਦਿੱਤਾ। ਉਸ ਦੇ ਗੋਡਿਆਂ ਦੀ ਚੀਸ ਉਸ ਨੂੰ ਰੁਆ ਰਹੀ ਸੀ।
ਸੰਪਰਕ: 96540-36080
* * *
ਬਚਾਅ
ਰਾਜ ਕੌਰ ਕਮਾਲਪੁਰ
ਸੋਹਣੀ ਸੁਨੱਖੀ ਚੰਨੋ ਜਿਸ ਦੇ ਲੜ ਲਾਈ, ਉਹ ਸਿਰੇ ਦਾ ਨਸ਼ੇੜੀ ਨਿਕਲਿਆ। ਜੋ ਕੁਝ ਪੇਕਿਆਂ ਨੇ ਦਾਜ ’ਚ ਦਿੱਤਾ, ਉਹ ਵੀ ਵੇਚ ਕੇ ਖਾ ਗਿਆ। ਜੇ ਘਰ ਦੇ ਕੋਈ ਦੁੱਧ ਪੀਣ ਨੂੰ ਮੱਝ ਵਗੈਰਾ ਦਿੰਦੇ ਤਾਂ ਘਾਟਾ ਪਾ ਕੇ ਵੇਚ ਦਿੰਦਾ। ਸਾਲ ਕੁ ਬਾਅਦ ਚੰਨੋ ਦੇ ਘਰ ਲੜਕਾ ਹੋਇਆ। ਉਸ ਨੂੰ ਆਸ ਸੀ ਕਿ ਸ਼ਾਇਦ ਉਸ ਦਾ ਪਤੀ ਹੁਣ ਸੁਧਰ ਜਾਵੇਗਾ ਤੇ ਉਸ ਦਾ ਘਰ ਤਬਾਹ ਹੋਣ ਤੋਂ ਬਚ ਜਾਵੇਗਾ, ਪਰ ਅਜਿਹਾ ਨਾ ਹੋਇਆ। ਉਸ ਦਾ ਪਤੀ ਤਾਂ ਹੁਣ ਜ਼ਮੀਨ ਨੂੰ ਵੀ ਵਾਢਾ ਲਾ ਬੈਠਾ ਸੀ। ਹੌਲੀ-ਹੌਲੀ ਘਰ ਦੇ ਹਾਲਾਤ ਇੰਨੇ ਬਦਤਰ ਹੋ ਗਏ ਕਿ ਮਾਂ-ਪੁੱਤ ਨੂੰ ਫਾਕੇ ਕੱਟਣੇ ਪੈਂਦੇ। ਅਖੀਰ ਦੁਖੀ ਹੋ ਕੇ ਪੇਕੇ ਘਰ ਚਲੀ ਗਈ। ਉੱਥੇ ਵੀ ਉਹ ਇਹੀ ਸੋਚ ਕੇ ਦਿਨ-ਕਟੀ ਕਰਦੀ ਰਹੀ ਕਿ ਇੱਕ ਦਿਨ ਉਸ ਦਾ ਪੁੱਤ ਵੱਡਾ ਹੋ ਕੇ ਉਸ ਦਾ ਸਹਾਰਾ ਬਣੇਗਾ, ਪਰ ਸ਼ਾਇਦ ਚੰਨੋ ਦੇ ਭਾਗਾਂ ਵਿੱਚ ਇਹ ਸੁਖ ਵੀ ਨਹੀਂ ਸੀ। ਉਸ ਨੇ ਬਚੇ ਚਾਅ ਨਾਲ ਆਪਣੇ ਪੁੱਤਰ ਦਾ ਨਾ ਸਰਵਣ ਰੱਖਿਆ ਸੀ, ਪਰ ਸਰਵਣ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਉਹ ਆਪਣੀ ਮਾਂ ਤੇ ਨਾਨਕੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਹੁੰਦਾ ਗਿਆ। ਨਸ਼ਿਆਂ ਦੀ ਗੁੜ੍ਹਤੀ ਸ਼ਾਇਦ ਉਸ ਨੂੰ ਆਪਣੇ ਪਿਓ ਤੋਂ ਹੀ ਮਿਲ ਗਈ ਸੀ। ਦਿਨ, ਹਫ਼ਤੇ, ਸਾਲ, ਗੱਲ ਕੀ ਬਸ ਹੁਣ ਉਹ ਹਰ ਵੇਲੇ ਨਸ਼ੇ ’ਚ ਡੁੱਬਿਆ ਹੀ ਲੱਭਦਾ।
ਆਂਢ-ਗੁਆਂਢ, ਰਿਸ਼ਤੇਦਾਰ ਸਭ ਚੰਨੋ ਨੂੰ ਸਰਵਣ ਦਾ ਵਿਆਹ ਕਰਵਾਉਣ ਦੀ ਸਲਾਹ ਦਿੰਦੇ। ਉਨ੍ਹਾਂ ਦਾ ਆਖਣਾ ਸੀ ਕਿ ਕਬੀਲਦਾਰੀ ਦਾ ਬੋਝ ਸਰਵਣ ਨੂੰ ਆਪੇ ਸਿੱਧੇ ਰਾਹ ਪਾ ਦੇਵੇਗਾ, ਪਰ ਅਜਿਹੀਆਂ ਉਮੀਦਾਂ ਪਿਛਲਾ ਕੌੜਾ ਸੱਚ ਤਾਂ ਚੰਨੋ ਖ਼ੁਦ ਸਾਰੀ ਉਮਰ ਭੋਗਦੀ ਆਈ ਸੀ। ਜਿਸ ਕਬੀਲਦਾਰੀ ਨੇ ਉਸ ਦੇ ਪਤੀ ਨੂੰ ਸਿੱਧੇ ਰਾਹ ਪਾਉਣਾ ਸੀ, ਉਸੇ ਕਬੀਲਦਾਰੀ ਨੇ ਅਖ਼ੀਰ ਚੰਨੋ ਨੂੰ ਹੀ ਆ ਘੇਰਿਆ ਸੀ। ਇਸ ਲਈ ਚੰਨੋ ਨੇ ਹੁਣ ਆਪਣਾ ਦਿਲ ਕੈੜਾ ਕੀਤਾ ਤੇ ਫ਼ੈਸਲਾ ਸੁਣਾਇਆ, ‘‘ਮੈਂ ਆਪਣੇ ਹੱਥੀਂ ਕਿਸੇ ਦੀ ਬੇਦੋਸ਼ੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ। ਇਸ ਲਈ ਮੈਂ ਆਪਣੇ ਪੁੱਤ ਦਾ ਵਿਆਹ ਨਹੀਂ ਕਰਾਂਗੀ।’’ ਚੰਨੋ ਦੇ ਅੰਦਰ ਇਸ ਫ਼ੈਸਲੇ ਨੇ ਇੱਕ ਵੱਖਰੀ ਤਸੱਲੀ ਭਰ ਦਿੱਤੀ।
* * *

