ਮਿਨੀ ਕਹਾਣੀਆਂ
ਨੌਕਰ ਦੀ ਲਿਆਕਤ ਮੇਜਰ ਸਿੰਘ ਨਾਭਾ ਇੱਕ ਸੀ ਰਾਜਾ। ਉਹ ਦੁਰਲੱਭ ਵਸਤਾਂ ਦਾ ਬਹੁਤ ਸ਼ੌਕੀਨ ਸੀ। ਇੱਕ ਦਸਤਕਾਰ ਨੇ ਰਾਜੇ ਲਈ ਹੀਰੇ ਮੋਤੀਆਂ ਨਾਲ ਸ਼ਿੰਗਾਰੇ ਦੋ ਫੁੱਲਦਾਨ ਬਣਾ ਕੇ ਭੇਟ ਕੀਤੇ। ਰਾਜੇ ਨੇ ਦਸਤਕਾਰ ਨੂੰ ਤਕੜਾ ਇਨਾਮ ਦਿੱਤਾ ਅਤੇ ਹੁਕਮ...
ਨੌਕਰ ਦੀ ਲਿਆਕਤ
ਮੇਜਰ ਸਿੰਘ ਨਾਭਾ
ਇੱਕ ਸੀ ਰਾਜਾ। ਉਹ ਦੁਰਲੱਭ ਵਸਤਾਂ ਦਾ ਬਹੁਤ ਸ਼ੌਕੀਨ ਸੀ। ਇੱਕ ਦਸਤਕਾਰ ਨੇ ਰਾਜੇ ਲਈ ਹੀਰੇ ਮੋਤੀਆਂ ਨਾਲ ਸ਼ਿੰਗਾਰੇ ਦੋ ਫੁੱਲਦਾਨ ਬਣਾ ਕੇ ਭੇਟ ਕੀਤੇ। ਰਾਜੇ ਨੇ ਦਸਤਕਾਰ ਨੂੰ ਤਕੜਾ ਇਨਾਮ ਦਿੱਤਾ ਅਤੇ ਹੁਕਮ ਦਿੱਤਾ ਕਿ ਇਹੋ ਜਿਹੇ ਫੁੱਲਦਾਨ ਹੋਰ ਕਿਸੇ ਲਈ ਨਾ ਬਣਾਏ ਜਾਣ। ਰਾਜੇ ਨੇ ਮਹਿਲ ਅੰਦਰਲੇ ਸੇਵਕਾਂ ਨੂੰ ਇਨ੍ਹਾਂ ਫੁੱਲਦਾਨਾਂ ਨੂੰ ਸਜਾਉਣ ਅਤੇ ਸੰਭਾਲ ਕੇ ਰੱਖਣ ਲਈ ਕਿਹਾ। ਰਾਜਾ ਸੁਭਾਅ ਦਾ ਬਹੁਤ ਸਖ਼ਤ ਸੀ। ਉਸ ਦਾ ਹੁਕਮ ਸੀ ਕਿ ਫੁੱਲਦਾਨ ਤੋੜਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।
ਇੱਕ ਦਿਨ ਸੇਵਕ ਤੋਂ ਸਫ਼ਾਈ ਵੇਲੇ ਫੁੱਲਦਾਨ ਹੇਠਾਂ ਡਿੱਗ ਕੇ ਟੁੱਟ ਗਿਆ। ਰਾਜੇ ਪਾਸ ਖ਼ਬਰ ਪਹੁੰਚ ਗਈ। ਰਾਜੇ ਨੇ ਉਸ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਫਾਂਸੀ ਦਾ ਦਿਨ ਤੈਅ ਕਰ ਦਿੱਤਾ ਗਿਆ। ਫਾਂਸੀ ਦੇਣ ਤੋਂ ਪਹਿਲਾਂ ਰਾਜੇ ਨੇ ਸੇਵਕ ਦੀ ਆਖ਼ਰੀ ਖਾਹਿਸ਼ ਬਾਰੇ ਪੁੱਛਿਆ। ਉਸ ਨੇ ਆਪਣੀ ਖ਼ਾਹਿਸ਼ ਜ਼ਾਹਿਰ ਕਰਦੇ ਹੋਏ ਕਿਹਾ, ‘‘ਮੈਨੂੰ ਇੱਕ ਵਾਰ ਦੂਜੇ ਫੁੱਲਦਾਨ ਨੂੰ ਵੇਖਣ ਦਾ ਮੌਕਾ ਦਿੱਤਾ ਜਾਵੇ।’’ ਰਾਜੇ ਨੇ ਅਹਿਲਕਾਰ ਨੂੰ ਦੂਸਰਾ ਫੁੱਲਦਾਨ ਲਿਆ ਕੇ ਦੇਣ ਲਈ ਕਿਹਾ। ਅਹਿਲਕਾਰ ਨੇ ਹੁਕਮ ਅਨੁਸਾਰ ਫੁੱਲਦਾਨ ਸੇਵਕ ਨੂੰ ਦੇ ਦਿੱਤਾ। ਉਸ ਨੇ ਫੁੱਲਦਾਨ ਹੱਥ ਵਿੱਚ ਫੜਿਆ ਅਤੇ ਜ਼ੋਰ ਨਾਲ ਧਰਤੀ ’ਤੇ ਸੁੱਟ ਦਿੱਤਾ। ਰਾਜੇ ਨੂੰ ਕਰੋਧ ਚੜ੍ਹ ਗਿਆ। ਉਸ ਨੇ ਪੁੱਛਿਆ, ‘‘ਤੂੰ ਇਹ ਕੀ ਕੀਤਾ ਹੈ?’’
‘‘ਮਹਾਰਾਜ, ਮੈਂ ਇੱਕ ਇਨਸਾਨ ਦੀ ਜਾਨ ਬਚਾਈ ਹੈ। ਜਦੋਂ ਇਹ ਫੁੱਲਦਾਨ ਟੁੱਟਣਾ ਸੀ ਤਾਂ ਇੱਕ ਹੋਰ ਬੰਦੇ ਨੂੰ ਫਾਂਸੀ ਹੋਣੀ ਸੀ, ਮੈਨੂੰ ਤਾਂ ਫਾਂਸੀ ਹੋ ਹੀ ਗਈ ਹੈ, ਪਰ ਕਿਸੇ ਹੋਰ ਦੀ ਜ਼ਿੰਦਗੀ ਜ਼ਰੂਰ ਬਚ ਗਈ ਹੈ।’’
ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਅਤੇ ਸੇਵਕ ਦੀ ਲਿਆਕਤ ਦੇਖ ਕੇ ਉਸ ਨੂੰ ਫਾਂਸੀ ਤੋਂ ਮੁਕਤ ਕਰਨ ਦੇ ਨਾਲ ਨਾਲ ਵੱਡੀ ਰਕਮ ਇਨਾਮ ਵਿੱਚ ਦਿੱਤੀ।
ਸੰਪਰਕ: 94635-53962
* * *
ਮੈਂ ਸਿੰਗਲ ਹਾਂ...
ਗੁਰਪ੍ਰੀਤ ਸਿੰਘ ਜਖਵਾਲੀ
ਕਰਨ ਹਮੇਸ਼ਾ ਹੱਸਦਾ ਰਹਿੰਦਾ। ਦੋਸਤਾਂ ਨਾਲ ਮਜ਼ਾਕ ਕਰਦਾ। ਜਦੋਂ ਗੱਲ ਪਿਆਰ ਦੀ ਆਉਂਦੀ ਤਾਂ ਉਹ ਸਿਰਫ਼ ਇੱਕ ਗੱਲ ਕਹਿੰਦਾ, “ਮੈਂ ਸਿੰਗਲ ਹਾਂ...।”
ਲੋਕ ਹੱਸਦੇ, ਕੋਈ ਮਜ਼ਾਕ ਕਰਦਾ, “ਕੋਈ ਮਿਲਦੀ ਨਹੀਂ ਕਿ... ਕੀ...?”
ਕਰਨ ਵੀ ਹੱਸ ਕੇ ਕਹਿੰਦਾ, “ਮਿਲਦੀਆਂ ਤਾਂ ਬਹੁਤ ਨੇ... ਪਰ ਦਿਲ ਨੂੰ ਨਹੀਂ ਜਚਦੀ ਤੇ ਨਾ ਪਿਆਰੀ ਲੱਗਦੀ ਹੈ।”
ਸੱਚ ਇਹ ਸੀ ਕਿ ਉਹ ਕਿਸੇ ਖ਼ਾਸ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਉਸ ਦਾ ਆਪਣੇ ਆਪ ਨਾਲੋਂ ਵੀ ਵੱਧ ਖ਼ਿਆਲ ਰੱਖੇ। ਇਹ ਕਰਨ ਦਾ ਸੁਪਨਾ ਸੀ ਜਾਂ ਕੋਈ ਹਕੀਕਤ... ਸਭ ਵਕਤ ਦੀਆਂ ਗੱਲਾਂ ਹਨ।
ਕਰਨ ਦੇ ਸੁਪਨੇ ਵੱਡੇ ਸਨ। ਉਹ ਚਾਹੁੰਦਾ ਸੀ ਕਿ ਜਦੋਂ ਵੀ ਉਸ ਦੀ ਜ਼ਿੰਦਗੀ ’ਚ ਕੋਈ ਆਵੇ ਤਾਂ ਉਹ ਸਿਰਫ਼ ਕੁਝ ਸਮੇਂ ਲਈ ਨਾ ਹੋਵੇ, ਸਾਰੀ ਉਮਰ ਲਈ ਹੋਵੇ। ਉਹ ਅਕਸਰ ਰਾਤ ਨੂੰ ਛੱਤ ’ਤੇ ਬੈਠ ਕੇ ਤਾਰੇ ਵੇਖਦਾ ਤੇ ਸੋਚਦਾ, ‘ਕਿਤੇ ਕੋਈ ਤਾਂ ਮੇਰੀ ਆਪਣੀ ਹੋਵੇਗੀ, ਜੋ ਮੇਰੇ ਲਈ ਹੀ ਬਣੀ ਹੋਵੇਗੀ।’
ਕਰਨ ਇੱਕ ਦਿਨ ਸ਼ਹਿਰ ਗਿਆ ਹੋਇਆ ਸੀ। ਕਾਹਲ਼ੀ ਕਾਹਲ਼ੀ ਤੁਰਦਿਆਂ ਬੱਸ ਅੱਡੇ ’ਤੇ ਇੱਕ ਕੁੜੀ ਨਾਲ ਉਸ ਦੀ ਟੱਕਰ ਹੋ ਗਈ। ਕਿਤਾਬਾਂ ਥੱਲੇ ਡਿੱਗ ਗਈਆਂ।
“ਸੌਰੀ...ਸੌਰੀ... ਸੌਰੀ...” ਦੋਵਾਂ ਨੇ ਇਕੱਠੇ ਕਿਹਾ।
ਉਹ ਕੁੜੀ ਸੀ ਰੂਹੀ। ਜਿਵੇਂ ਕੋਈ ਪਰੀ ਜਾਂ ਪਰੀਆਂ ਦੀ ਰਾਣੀ ਜਾਂ ਕਿਸੇ ਰਾਜ ਦੀ ਸ਼ਹਿਜ਼ਾਦੀ...। ਉਸ ਦੀਆਂ ਅੱਖਾਂ ਵਿੱਚ ਬੜਾ ਸਹਿਜ ਸੀ ਤੇ ਪਿਆਰੀ ਜਿਹੀ ਤੱਕਣੀ ’ਚ ਸ਼ਰਮੀਲਾਪਣ, ਜੋ ਸਿੱਧਾ ਦਿਲ ’ਚ ਵੱਸ ਜਾਂਦਾ ਸੀ।
ਉਸ ਦਿਨ ਦੀ ਮੁਲਾਕਾਤ ਤੋਂ ਬਾਅਦ ਉਹ ਅਕਸਰ ਮਿਲ ਜਾਂਦੇ। ਰੂਹੀ ਤੇ ਕਰਨ ਦੀ ਗੱਲਬਾਤ ਸ਼ੁਰੂ ਹੋ ਗਈ। ਹੌਲੀ-ਹੌਲੀ ਉਹ ਹਰ ਰੋਜ਼ ਗੱਲ ਕਰਨ ਲੱਗੇ। ਕਰਨ ਨੇ ਪਹਿਲੀ ਵਾਰ ਕਿਸੇ ਨਾਲ ਦਿਲ ਖੋਲ੍ਹ ਕੇ ਗੱਲ ਕੀਤੀ ਸੀ।
ਰੂਹੀ ਨੇ ਇੱਕ ਦਿਨ ਪੁੱਛਿਆ, ‘‘ਤੁਹਾਡੀ ਕੋਈ ਦੋਸਤ ਕੋਈ ਖ਼ਾਸ...?’’ ਕਰਨ ਨੇ ਹੱਸਦਿਆਂ ਕਿਹਾ, ‘‘ਨਹੀਂ ਜੀ, ਅਜੇ ਤੱਕ ਆਪਾਂ ਤਾਂ ਸਿੰਗਲ ਹਾਂ...।’’ ਰੂਹੀ ਬੋਲੀ, ‘‘ਚੱਲ ਝੂਠਾ ਜਿਹਾ ਤੂੰ ਸਿੰਗਲ... ਮੈਂ ਯਕ਼ੀਨ ਨਹੀਂ ਕਰਦੀ... ਤੂੰ ਅਜੇ ਤੱਕ ਸਿੰਗਲ ਕਿਉਂ ਹੈਂ?”
ਕਰਨ ਹੱਸਿਆ ਤੇ ਬੋਲਿਆ, “ਸ਼ਾਇਦ ਤੇਰਾ ਇੰਤਜ਼ਾਰ ਕਰ ਰਿਹਾ ਸੀ...।”
ਰੂਹੀ ਚੁੱਪ ਹੋ ਗਈ, ਪਰ ਉਸ ਦੀ ਮੁਸਕਾਨ ਸਭ ਕੁਝ ਕਹਿ ਰਹੀ ਸੀ। ਜ਼ੁਬਾਨ ਬੰਦ ਸੀ... ਸਾਹ ਤੇਜ਼ ਤੇਜ਼ ਚੱਲ ਰਹੇ ਸਨ। ਹੁਣ ਦੋਵਾਂ ਦੀ ਜਿਵੇਂ ਜ਼ਿੰਦਗੀ ਹੀ ਬਦਲ ਗਈ ਹੋਵੇ। ਕਾਲਾਂ, ਮੈਸੇਜ, ਹੱਸਣਾ, ਛੋਟੀਆਂ-ਛੋਟੀਆਂ ਗੱਲਾਂ ’ਚ ਖ਼ੁਸ਼ੀ ਲੱਭਣਾ। ਕਰਨ ਆਪਣੇ ਆਪ ਨਾਲ ਗੱਲਾਂ ਕਰਦਾ ਤੇ ਕਹਿੰਦਾ, “ਸ਼ਾਇਦ ਹੁਣ ਮੈਂ ਸਿੰਗਲ ਨਹੀਂ ਰਹਿਣਾ...”
ਕਰਨ ਦੁਨੀਆ ਤੋਂ ਡਰਦਾ ਸੀ। ਇੱਕ ਰੂਹੀ ਹੀ ਸੀ, ਜੋ ਉਸ ਦੇ ਦਿਲ ਦੀ ਧੜਕਣ ਬਣ ਕੇ ਧੜਕ ਰਹੀ ਸੀ। ਉਹ ਕਿਸੇ ਵੀ ਹਾਲਤ ਵਿੱਚ ਉਸ ਨੂੰ ਤੇ ਉਸ ਦਾ ਪਿਆਰ ਗੁਆਉਣਾ ਨਹੀਂ ਸੀ ਚਾਹੁੰਦਾ।
ਕਰਨ ਸੋਚ ਰਿਹਾ ਸੀ ਕਿ ਕੱਲ੍ਹ ਸਮਾਂ ਮਿਲਦਿਆਂ ਸਾਰ ਰੂਹੀ ਨੂੰ ਦਿਲ ਵਾਲੀ ਗੱਲ ਆਖ ਦੇਣੀ ਹੈ... ਪਰ ਬੇਚੈਨੀ ਵੀ ਸੀ ਕਿਧਰੇ ਰੂਹੀ ਗੁੱਸਾ ਨਾ ਕਰ ਜਾਵੇ। ਉਸ ਸ਼ਾਮ ਬਹੁਤ ਹੀ ਤੇਜ਼ ਮੀਂਹ ਪੈ ਰਿਹਾ ਸੀ।
ਕਰਨ ਨੇ ਫੋਨ ਚੁੱਕਿਆ ਤੇ ਹਿੰਮਤ ਕਰਦਿਆਂ ਰੂਹੀ ਦਾ ਨੰਬਰ ਮਿਲਾਇਆ। ਰੂਹੀ ਨੇ ਫੋਨ ਚੁੱਕਿਆ ਤੇ ਬੋਲੀ, ‘‘ਹਾਂ ਕਰਨ ਬੋਲੋ...।’’ ਕਰਨ ਹੈਲੋ ਕਹਿ ਕੇ ਰੁਕ ਗਿਆ ਤੇ ਰੂਹੀ ਬੋਲੀ, ‘‘ਹਾਂ ਜੀ ਬੋਲੋ...।’’ ਕਰਨ ਬੋਲਿਆ, ‘‘ਰੂਹੀ, ਮੈਂ ਗੱਲ ਕਰਨੀ ਏ।’’ ‘‘...ਹਾਂ ਜੀ ਬੋਲੋ, ਫੋਨ ਗੱਲ ਕਰਨ ਲਈ ਹੀ ਹੁੰਦੈ’’ ਤੇ ਹੱਸਣ ਲੱਗੀ। ‘‘ਰੂਹੀ, ਮੈਂ ਤੈਨੂੰ ਬਹੁਤ ਬਹੁਤ ਪਿਆਰ ਕਰਦਾ ਹਾਂ...।” ਰੂਹੀ ਸੁਣਦਿਆਂ ਸਾਰ ਇਕਦਮ ਚੁੱਪ ਹੋ ਗਈ। ਦੋਵੇਂ ਪਾਸੇ ਹੀ ਚੁੱਪ ਛਾ ਗਈ।
ਕੁਝ ਪਲਾਂ ਬਾਅਦ ਰੂਹੀ ਨੇ ਪੁੱਛਿਆ, ‘‘ਮਜ਼ਾਕ ਤਾਂ ਨਹੀਂ ਕਰ ਰਿਹਾ...?’’ ਕਰਨ ਨੇ ਕਿਹਾ, ‘‘ਨਹੀਂ ਰੂਹੀ... ਇਹ ਮਜ਼ਾਕ ਨਹੀਂ...। ਮੇਰੇ ਦਿਲ ਦੀ ਇੱਕ ਮਿੱਠੀ ਜਿਹੀ ਪੀੜ ਦਾ ਇਹ ਦਰਦ ਅੱਜ ਬੁੱਲ੍ਹਾਂ ’ਤੇ ਆ ਗਿਆ।’’ ਰੂਹੀ ਚੁੱਪ ਸੀ ਤੇ ਕਰਨ ਪੁੱਛ ਰਿਹਾ ਸੀ, ‘‘ਤੇਰਾ ਦਿਲ ਕੀ ਕਹਿੰਦਾ ਹੈ?’’ ਰੂਹੀ ਬੋਲੀ, ‘‘ਸਮਝ ਲਓ...’’ ‘‘ਕੀ ਸਮਝਾਂ ਰੂਹੀ...?’’
‘‘ਜੋ ਤੁਹਾਡਾ ਦਿਲ ਸਮਝੇ ਉਹ ਹੀ ਸਮਝ ਲਓ।’’ ਕਰਨ ਬੋਲਿਆ, ‘‘ਫਿਰ ਮੈਂ ਹਾਂ ਸਮਝਾਂ?’’ ਰੂਹੀ ਦਬੀ ਜਿਹੀ ਆਵਾਜ਼ ਵਿੱਚ ਬੋਲੀ, ‘‘ਹਾਂ... ਮੈਂ ਵੀ...।” ਕਰਨ ਖ਼ੁਸ਼ ਸੀ ਜਿਵੇਂ ਕਿਸੇ ਖ਼ਜ਼ਾਨੇ ਦੀ ਚਾਬੀ ਹੱਥ ਲੱਗ ਗਈ ਹੋਵੇ।
ਖ਼ੈਰ, ਹੁਣ ਦੋਵਾਂ ਦੇ ਪਿਆਰ ਦੀ ਜਿਵੇਂ ਕੋਈ ਪਰਖ਼ ਦੀ ਘੜੀ ਸੀ। ਰੂਹੀ ਦੇ ਪਰਿਵਾਰ ਵਾਲੇ ਕੁਝ ਹੋਰ ਹੀ ਸੋਚਦੇ ਸਨ। ਉਹ ਉਸ ਦੀ ਸ਼ਾਦੀ ਕਿਤੇ ਹੋਰ ਕਰਨਾ ਚਾਹੁੰਦੇ ਸਨ, ਪਰ ਰੂਹੀ ਇਸ ਗੱਲੋਂ ਅਣਜਾਣ ਸੀ। ਇਹ ਪਤਾ ਲੱਗਣ ’ਤੇ ਰੂਹੀ ਬਹੁਤ ਪ੍ਰੇਸ਼ਾਨ ਹੋਈ। ਕਾਫ਼ੀ ਕਸ਼ਮਕਸ਼ ਮਗਰੋਂ ਉਹ ਕਰਨ ਨੂੰ ਮਿਲੀ ਤੇ ਸਾਰੀ ਗੱਲਬਾਤ ਦੱਸੀ ਤੇ ਬੋਲੀ, “ਮੈਂ ਕੀ ਕਰਾਂ ਕਰਨ...?” ਉਸ ਨੇ ਰੋ ਕੇ ਪੁੱਛਿਆ।
ਕਰਨ ਨੇ ਉਸ ਦਾ ਹੱਥ ਫੜਿਆ, “ਪਿਆਰ ਸੱਚਾ ਹੈ ਤਾਂ ਅਸੀਂ ਲੜਾਂਗੇ... ਪਰ ਕਿਸੇ ਨੂੰ ਦੁੱਖ ਨਹੀਂ ਦੇਵਾਂਗੇ। ਰੂਹੀ, ਤੂੰ ਮੇਰਾ ਸਾਥ ਦੇਵੇਂਗੀ...?’’
ਰੂਹੀ ਬੋਲੀ, ‘‘ਸੋਚਦੇ ਹਾਂ, ਪਰ ਇੱਕ ਗੱਲ ਹੈ ਕਿ ਅਸੀਂ ਕੋਈ ਵੀ ਕਾਹਲੀ ਨਹੀਂ ਕਰਨੀ। ਸਮੇਂ ਨੂੰ ਆਪਣਾ ਕੰਮ ਕਰਨ ਦਿਉ ਤੇ ਆਪਾਂ ਆਪਣਾ ਕੰਮ ਕਰੀਏ।’’
ਕੁਝ ਮਹੀਨੇ ਲੰਘੇ। ਦੋਵਾਂ ਨੂੰ ਵਿਸ਼ਵਾਸ ਸੀ ਕਿ ਉਹ ਵੱਖ ਨਹੀਂ ਹੋਣਗੇ।
ਕਰਨ ਮੁੜ ਆਪਣੇ ਕੰਮ ’ਚ ਲੱਗ ਗਿਆ, ਪਰ ਦਿਲ ਵਿੱਚ ਰੂਹੀ ਸੀ।
ਇੱਕ ਦਿਨ ਰੂਹੀ ਨੇ ਫੋਨ ਕੀਤਾ, “ਕਰਨ... ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਸੋਚਣ ਲਈ ਸਮਾਂ ਮੰਗਿਆ ਹੈ... ਸ਼ਾਇਦ ਉਹ ਮੰਨ ਜਾਣ।”
ਕਰਨ ਚੁੱਪ ਹੋ ਗਿਆ। ਰੂਹੀ ਬੋਲੀ, ‘‘ਕਰਨ, ਚੁੱਪ ਕਿਉਂ ਹੋ ਗਏ?’’ ਕਰਨ ਬੋਲਿਆ, ‘‘ਤੇਰੇ ਪਿਆਰ ਨੇ ਚੁੱਪ ਕਰਵਾ ਰੱਖਿਆ ਹੈ।’’ ਰੂਹੀ ਦੀਆਂ ਅੱਖਾਂ ’ਚ ਹੰਝੂ ਆ ਗਏ।
ਕੁਝ ਸਮੇਂ ਬਾਅਦ ਦੋਹਾਂ ਦਾ ਵਿਆਹ ਹੋ ਗਿਆ।
ਉਹੀ ਕਰਨ ਜੋ ਕਹਿੰਦਾ ਸੀ ‘ਮੈਂ ਸਿੰਗਲ ਹਾਂ...’, ਹੁਣ ਹੱਸ ਕੇ ਕਹਿਣ ਲੱਗਾ, ‘‘ਰੂਹੀ, ਸ਼ਾਇਦ ਮੈਂ ਤੇਰੇ ਲਈ ਹੀ ਸਿੰਗਲ ਸੀ।’’ ਰੂਹੀ ਹੱਸ ਕੇ ਬੋਲੀ, ‘‘ਹਾਂ ਜੀ, ਸਿੰਗਲ ਹੋਣਾ ਗ਼ਲਤ ਵੀ ਨਹੀਂ, ਕੋਈ ਕਮੀ ਨਹੀਂ... ਸਿੰਗਲ ਇਨਸਾਨ ਆਪਣੇ ਵਰਗੇ ਕਿਸੇ ਸਹੀ ਇਨਸਾਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ।”
ਸੰਪਰਕ: 98550-36444

