DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਿਨੀ ਕਹਾਣੀਆਂ

ਤੂੜੀ ਦੀ ਕੰਡ ਕੁਲਵੰਤ ਘੋਲੀਆ ਆਖ਼ਰੀ ਹੰਭਲਾ ਮਾਰ ਬਿੰਦਰ ਨੇ ਪੰਡ ਸਿਰ ’ਤੇ ਧਰ ਲਈ। ਇੱਕ ਹੱਥ ਪੰਡ ਨੂੰ ਤੇ ਦੂਜਾ ਲੱਕ ’ਤੇ ਧਰ ਸਿੱਧਾ ਖਲੋ ਗਿਆ। ‘‘ਲੱਗਦਾ ਅੱਜ ਤਾਂ ਆਥਣ ਵੀ ਸਾਰਾ ਦਿਨ ਸਿਰ ’ਤੇ ਪੰਡਾਂ ਨਾਲ ਹੀ ਹੋਈ...

  • fb
  • twitter
  • whatsapp
  • whatsapp
Advertisement

ਤੂੜੀ ਦੀ ਕੰਡ

ਕੁਲਵੰਤ ਘੋਲੀਆ

ਆਖ਼ਰੀ ਹੰਭਲਾ ਮਾਰ ਬਿੰਦਰ ਨੇ ਪੰਡ ਸਿਰ ’ਤੇ ਧਰ ਲਈ। ਇੱਕ ਹੱਥ ਪੰਡ ਨੂੰ ਤੇ ਦੂਜਾ ਲੱਕ ’ਤੇ ਧਰ ਸਿੱਧਾ ਖਲੋ ਗਿਆ। ‘‘ਲੱਗਦਾ ਅੱਜ ਤਾਂ ਆਥਣ ਵੀ ਸਾਰਾ ਦਿਨ ਸਿਰ ’ਤੇ ਪੰਡਾਂ ਨਾਲ ਹੀ ਹੋਈ ਲੱਗਦੀ ਐ ਬਿੰਦਰ ਸਿੰਹਾਂ।’’ ਸਿਰ ਤੋਂ ਖਿਸਕ ਅੱਖਾਂ ਤੇ ਮੱਥੇ ਉੱਤੇ ਢਲਕੇ ਪਰਨੇ ਵਿੱਚੋਂ ਬਿੰਦਰ ਨੇ ਭਰਵੱਟਿਆਂ ਨੂੰ ਦੋ-ਤਿੰਨ ਵਾਰ ਉਤਾਂਹ-ਠਾਂਹ ਜਿਹਾ ਕਰ ਉੱਡਦੀ ਧੂੜ ਵਿੱਚੋਂ ਇਹ ਗੱਲ ਪੁੱਛਣ ਵਾਲੇ ਦੀ ਮਸਾਂ ਪਛਾਣ ਕੱਢੀ ਕਿ ਇਹ ਤਾਂ ਉਸ ਦਾ ਜਮਾਤੀ ਸਰਦਾਰਾਂ ਦਾ ਨਰੈਣ ਸਿੰਹੁ ਹੈ। ਉਸ ਨੂੰ ਪਛਾਣ ਕੇ ਬੋਲਿਆ, ‘‘ਆਹੋ ਆਹੋ ਸਰਦਾਰਾ, ਸਾਡੀ ਆਥਣ ਸਵੇਰ ਹੋਰਾਂ ਨਾਲੋਂ ਵੱਖਰੀ ਹੀ ਚੜ੍ਹਦੀ-ਛਿਪਦੀ ਏ।’’

Advertisement

‘‘ਵੇਖ ਲੈ ਬਿੰਦਰਾ, ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦੈ। ਹਾਲੇ ਕੱਲ੍ਹ ਹੀ ਤਾਂ ਚੜ੍ਹਦੀ ਜਵਾਨੀ ਦੀਆਂ ਗੱਲਾਂ ਹੁੰਦੀਆਂ ਸਨ। ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ ਕਿਸੇ ਵਿਰਲੇ ਟਾਵੇਂ ਮੁੰਡੇ ਦੇ ਹੀ ਬਣਦੀਆਂ ਸੀ। ਤੇਰੀਆਂ ਲਾਲ ਸੁਰਖ ਅੱਖਾਂ ਵਿੱਚੋਂ ਜਿਵੇਂ ਸੂਰਜ ਚੜ੍ਹਦਾ ਹੋਵੇ। ਟ੍ਹੌਰ ਹੁੰਦੀ ਸੀ ਤੇਰੀ ਬਿੰਦਰ ਸਿੰਹਾਂ।’’

Advertisement

‘‘ਆਹੋ ਸਰਦਾਰਾ, ਬੱਸ ਸਮੇਂ ਸਮੇਂ ਦੀਆਂ ਗੱਲਾਂ ਨੇ। ਬਾਕੀ ਆਪੋ-ਆਪਣੇ ਕਰਮ। ਬੰਦਾ ਤਾਂ ਜ਼ੋਰ ਬਥੇਰਾ ਲਾਉਂਦੈ, ਪਰ ਆਹ ਜੀਅ ਦਾ ਜੰਜਾਲ ਬਣੀ ਗ਼ਰੀਬੀ ਪੀੜ੍ਹੀਆਂ ਤੱਕ ਰੋਲ ਛੱਡਦੀ ਐ, ਸਰਦਾਰਾ। ਬੰਦਾ ਐਸੀ ਘੁੰਮਣਘੇਰੀ ’ਚ ਫਸਦੈ ਕਿ ਸਾਰੀ ਉਮਰ ਪੈਰ ਨਹੀਂ ਲੱਗਦੇ।’’ ਬਿੰਦਰ ਨੇ ਸਿਰੋਂ ਲਾਹ ਕੇ ਤੂੜੀ ਦੀ ਪੰਡ ਕੋਠੇ ਅੰਦਰ ਖੋਲ੍ਹ ਦਿੱਤੀ। ਤੂੜੀ ਕਰਕੇ ਚਾਰੇ ਪਾਸੇ ਗਰਦਾ ਹੋ ਗਿਆ। ਜਦੋਂ ਬਿੰਦਰ ਨੇ ਅੱਖਾਂ ਮੂਹਰੇ ਦੋ-ਤਿੰਨ ਵਾਰ ਹੱਥ ਮਾਰ ਧੂੜ ਨੂੰ ਹਟਾ ਕੇ ਵੇਖਿਆ ਤਾਂ ਸਰਦਾਰ ਆਪਣੇ ਰਾਹ ਵੱਲ ਹੋ ਤੁਰਿਆ ਸੀ।

ਆਥਣ ਵੀ ਗੂੜ੍ਹੀ ਹੋ ਗਈ ਸੀ। ਘਰ ਵੜਦਿਆਂ ਕੰਧੋਲੀ ਦੇ ਨਾਲ ਕਿੱਲੀ ’ਤੇ ਟੰਗਿਆ ਛੋਟਾ ਜਿਹਾ ਸ਼ੀਸ਼ਾ, ਜਿਵੇਂ ਅੱਜ ਬਿੰਦਰ ਨੂੰ ਆਵਾਜ਼ ਮਾਰ ਰਿਹਾ ਹੋਵੇ। ਸਰਦਾਰ ਦੀ ਕਹੀ ਗੱਲ ਵਾਰ-ਵਾਰ ਉਸ ਦੇ ਦਿਮਾਗ਼ ਵਿੱਚ ਘੁੰਮ ਰਹੀ ਸੀ। ‘ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ’ ਵਾਲੀ ਗੱਲ ਨੇ ਬਿੰਦਰ ਨੂੰ ਕਿਸੇ ਸਰੂਰ ਨਾਲ ਭਰ ਦਿੱਤਾ।

ਹਿੱਕ ਚੌੜੀ ਕਰ ਬਿੰਦਰ ਸ਼ੀਸ਼ੇ ਮੂਹਰੇ ਖਲੋ ਗਿਆ। ਉਸ ਨੇ ਅੱਜ ਬੜੀ ਡੂੰਘੀ ਨਜ਼ਰ ਨਾਲ ਸ਼ੀਸ਼ਾ ਵੇਖਿਆ, ਜਿਵੇਂ ਸਰਦਾਰ ਦੀਆਂ ਆਖੀਆਂ ਗੱਲਾਂ ਨੂੰ ਕਿਸੇ ਕੋਨੇ ਵਿੱਚੋਂ ਭਾਲ ਰਿਹਾ ਹੋਵੇ। ਮਨ ਖ਼ੁਸ਼ੀ ਨਾਲ ਭਰ ਗਿਆ। ਜਵਾਨੀ ਫਿਰ ਪਰਤ ਆਈ ਜਾਪੀ। ਅੱਖਾਂ ਵਿੱਚ ਸੂਰਜ ਚੜ੍ਹ ਆਇਆ ਤੇ ਮੁੱਛਾਂ ’ਤੇ ਹੱਥ ਦੇ ਮਾਰਿਆ। ‘ਗੱਲਾਂ ਤਾਂ ਹੋਣੀਆਂ ਹੀ ਸੀ ਬਿੰਦਰ ਸਿੰਹਾਂ,’ ਅੰਦਰੋਂ ਅੰਦਰੀ ਕਿੰਨੇ ਹੀ ਖ਼ਿਆਲ ਆ ਜਾ ਰਹੇ ਸਨ।

ਮੁੱਛਾਂ ਤੋਂ ਹੱਥ ਹਟਾ ਕੇ ਦਾੜ੍ਹੀ ਵਿੱਚ ਮਾਰਿਆ। ਉਹ ਕਾਲੇ ਨਾਗ ਦੀ ਪੂਛ ਵਰਗੀਆਂ ਮੁੱਛਾਂ, ਅੱਧ ਚਿੱਟੀ ਦਾੜੀ ਨਾਲ ਹੀ ਕਿਧਰੇ ਇੱਕ-ਮਿੱਕ ਹੋ ਗਈਆਂ। ਚੜ੍ਹੀ ਜਵਾਨੀ ਦੀ ਲੋਰ ਇਕਦਮ ਆਥਣ ਵਾਂਗ ਢਲ ਗਈ।

ਦਾੜੀ ਵਿੱਚੋਂ ਉੱਡ ਤੂੜੀ ਦੀ ਕੰਡ ਨੇ ਜਿਵੇਂ ਲਾਲ ਸੁਰਖ ਅੱਖਾਂ ਵਿੱਚ ਵੜ, ਕੁਝ ਪਲ ਲਈ ਚੜ੍ਹੇ ਸੂਰਜ ਨੂੰ ਡੋਬ ਦਿੱਤਾ ਹੋਵੇ।

ਸੰਪਰਕ: 88378-72337

* * *

ਕੁਦਰਤ ਦਾ ‘ਕ੍ਰਾਸ’

ਸੁਮੀਤ ਮਿੱਤਲ

ਮਾਲਵੇ ਦੇ ਪਿੰਡਾਂ ਦੀ ਇੱਕ ਠੰਢੀ-ਸੀਤ ਸਵੇਰ ਸੀ। ਧੁੰਦ ਦੀ ਚਿੱਟੀ ਚਾਦਰ ਹੌਲੀ-ਹੌਲੀ ਖੇਤਾਂ ਤੋਂ ਸਰਕ ਰਹੀ ਸੀ। ਗੁਰਨਾਮ ਹਰ ਰੋਜ਼ ਦੀ ਤਰ੍ਹਾਂ ਆਪਣਾ ਥੈਲਾ ਮੋਢੇ ’ਤੇ ਟੰਗੀ ਗਿੱਦੜਬਾਹਾ ਦੇ ਰੇਲਵੇ ਸਟੇਸ਼ਨ ’ਤੇ ਆ ਖੜ੍ਹਿਆ। ਉਸ ਦਾ ਰੋਜ਼ ਦਾ ਨੇਮ ਸੀ- ਬਠਿੰਡੇ ਆਪਣੇ ਕੰਮ ’ਤੇ ਜਾਣ ਲਈ ਸਵੇਰ ਵਾਲੀ ਗੱਡੀ ਫੜਨ ਦਾ। ਰਾਹ ਵਿੱਚ ਇੱਕ ਛੋਟਾ ਜਿਹਾ ਸਟੇਸ਼ਨ ਆਉਂਦਾ ਸੀ ਬੱਲੂਆਣਾ। ਉੱਥੇ ਅਕਸਰ ਗੱਡੀ ‘ਕ੍ਰਾਸ’ ਲਈ ਰੁਕ ਜਾਂਦੀ ਤਾਂ ਜੋ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਗੱਡੀ ਲੰਘ ਸਕੇ। ਗੁਰਨਾਮ ਨੂੰ ਇਹ ਰੁਕਾਵਟ ਜ਼ਰਾ ਵੀ ਰਾਸ ਨਹੀਂ ਸੀ ਆਉਂਦੀ। ਜਿਉਂ ਹੀ ਗੱਡੀ ਉੱਥੇ ਰੁਕਦੀ, ਉਹ ਖਿਝ ਕੇ ਖਿੜਕੀ ਵਿੱਚੋਂ ਬਾਹਰ ਝਾਕਦਾ ਤੇ ਬੁੜਬੁੜਾਉਂਦਾ:

‘‘ਓ ਯਾਰ, ਇਨ੍ਹਾਂ ਦਾ ਰੋਜ਼ ਦਾ ਹੀ ਕੰਮ ਐ! ਐਵੇਂ ਖਾਲੀ ਪਟਰੀ ’ਤੇ ਗੱਡੀ ਖੜ੍ਹੀ ਕਰ ਲੈਂਦੇ ਨੇ। ਸਿੱਧੀ ਬਠਿੰਡੇ ਲੈ ਜਾਣ ਤਾਂ ਬੰਦਾ ਵੇਲੇ ਸਿਰ ਕੰਮ ’ਤੇ ਪਹੁੰਚੇ।’’

ਆਲੇ-ਦੁਆਲੇ ਬੈਠੇ ਮੁਸਾਫ਼ਰ ਕਦੇ ਉਸ ਵੱਲ ਵੇਖ ਕੇ ਹੱਸ ਪੈਂਦੇ ਤੇ ਕਦੇ ਅਣਗੌਲਿਆ ਕਰ ਦਿੰਦੇ, ਪਰ ਗੁਰਨਾਮ ਦੇ ਮੱਥੇ ਦੀਆਂ ਤਿਊੜੀਆਂ ਬਰਕਰਾਰ ਰਹਿੰਦੀਆਂ।

ਇੱਕ ਦਿਨ ਸਥਿਤੀ ਬਦਲ ਗਈ। ਗੱਡੀ ਗਿੱਦੜਬਾਹਾ ਤੋਂ ਚੱਲੀ ਹੀ ਸੀ ਕਿ ਬੱਲੂਆਣਾ ਪਹੁੰਚਦਿਆਂ-ਪਹੁੰਚਦਿਆਂ ਗੁਰਨਾਮ ਦੀ ਛਾਤੀ ਵਿੱਚ ਅਚਾਨਕ ਇੱਕ ਤੇਜ਼ ਚੀਸ ਪਈ। ਉਸ ਦੇ ਹੱਥ ਕੰਬਣ ਲੱਗੇ, ਮੱਥੇ ’ਤੇ ਮੁੜ੍ਹਕਾ ਆ ਗਿਆ ਤੇ ਸਾਹ ਲੈਣਾ ਵੀ ਔਖਾ ਹੋ ਗਿਆ। ਉਸ ਨੇ ਬੜੀ ਮੁਸ਼ਕਿਲ ਨਾਲ ਗੁਆਂਢੀ ਸਵਾਰੀ ਦੀ ਬਾਂਹ ਫੜੀ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘‘ਸਾਹ ਘੁੱਟ ਰਿਹੈ... ਕੁਝ ਠੀਕ ਨਹੀਂ ਲੱਗ ਰਿਹਾ...।’’

ਕੁਦਰਤ ਦਾ ਕ੍ਰਿਸ਼ਮਾ ਵੇਖੋ, ਠੀਕ ਉਸੇ ਪਲ ਗੱਡੀ ਬੱਲੂਆਣਾ ਸਟੇਸ਼ਨ ’ਤੇ ਕ੍ਰਾਸ ਲਈ ਰੁਕ ਗਈ। ਸਵਾਰੀਆਂ ਨੇ ਫੁਰਤੀ ਵਿਖਾਈ ਅਤੇ ਗੁਰਨਾਮ ਨੂੰ ਸਹਾਰਾ ਦੇ ਕੇ ਹੇਠਾਂ ਲਾਹ ਲਿਆ। ਕਿਸੇ ਨੇ ਰੌਲਾ ਪਾਇਆ, ‘‘ਸਟੇਸ਼ਨ ਦੇ ਬਿਲਕੁਲ ਸਾਹਮਣੇ ਡਿਸਪੈਂਸਰੀ ਹੈ, ਡਾਕਟਰ ਵੀ ਮੌਜੂਦ ਐ, ਜਲਦੀ ਕਰੋ!’’

ਡਾਕਟਰ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ, ਜ਼ਰੂਰੀ ਟੀਕਾ ਲਾਇਆ ਤੇ ਗੁਰਨਾਮ ਦੀ ਹਾਲਤ ਨੂੰ ਸਥਿਰ ਕੀਤਾ। ਕੁਝ ਦੇਰ ਬਾਅਦ ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਤੇ ਸਾਹ ਸੌਖਾ ਹੋਇਆ ਤਾਂ ਡਾਕਟਰ ਨੇ ਕਿਹਾ, ‘‘ਕਿਸਮਤ ਵਾਲਾ ਸੀ ਤੂੰ ਗੁਰਨਾਮ ਸਿੰਹਾਂ... ਤੈਨੂੰ ਦਿਲ ਦਾ ਦੌਰਾ ਪਿਆ ਸੀ। ਜੇ ਗੱਡੀ ਨਾ ਰੁਕਦੀ ਤੇ ਤੈਨੂੰ ਅਗਲੇ ਅੱਧੇ ਘੰਟੇ ਤੱਕ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਜਾਨ ਬਚਾਉਣੀ ਬਹੁਤ ਔਖੀ ਸੀ।’’

ਇਹ ਸੁਣ ਕੇ ਗੁਰਨਾਮ ਸੁੰਨ ਹੋ ਗਿਆ। ਉਸ ਦੇ ਕੰਨਾਂ ਵਿੱਚ ਬੱਲੂਆਣਾ ਸਟੇਸ਼ਨ ਦਾ ਨਾਂ ਗੂੰਜ ਰਿਹਾ ਸੀ। ਜਿਸ ਰੁਕਾਵਟ ਨੂੰ ਉਹ ਸਾਲਾਂ ਤੋਂ ਕੋਸਦਾ ਆ ਰਿਹਾ ਸੀ, ਅੱਜ ਉਸੇ ‘ਕ੍ਰਾਸ’ ਨੇ ਉਸਦੀ ਜ਼ਿੰਦਗੀ ਦਾ ਕ੍ਰਾਸ ਟਾਲ ਦਿੱਤਾ ਸੀ।

ਕੁਝ ਦਿਨਾਂ ਬਾਅਦ ਗੁਰਨਾਮ ਮੁੜ ਉਸੇ ਗੱਡੀ ਵਿੱਚ ਸਵਾਰ ਸੀ। ਬੱਲੂਆਣਾ ਸਟੇਸ਼ਨ ਆਇਆ ਤੇ ਗੱਡੀ ਫਿਰ ਰੁਕ ਗਈ। ਇਸ ਵਾਰ ਗੁਰਨਾਮ ਦੇ ਚਿਹਰੇ ’ਤੇ ਖਿਝ ਨਹੀਂ ਸੀ। ਨਾਲ ਬੈਠਾ ਇੱਕ ਨੌਜਵਾਨ ਗੁੱਸੇ ਵਿੱਚ ਬੋਲਿਆ, ‘‘ਲਓ ਦੱਸੋ! ਫਿਰ ਖੜ੍ਹੀ ਕਰ ਦਿੱਤੀ... ਇਹ ਕ੍ਰਾਸ ਸਾਡਾ ਟਾਈਮ ਬਹੁਤ ਖਰਾਬ ਕਰਦੈ।’’

ਗੁਰਨਾਮ ਨੇ ਸ਼ਾਂਤੀ ਨਾਲ ਉਸ ਵੱਲ ਵੇਖਿਆ, ਮੁਸਕਰਾਇਆ ਤੇ ਕਿਹਾ, ‘‘ਛੋਟੇ ਵੀਰ, ਗੁੱਸਾ ਨਾ ਕਰ... ਕਈ ਵਾਰ ਜ਼ਿੰਦਗੀ ਵਿੱਚ ਆਈ ਹਲਕੀ ਜਿਹੀ ਖੜੋਤ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਮਨੁੱਖ ਦੋ ਪਲ ਸੁਖ ਦਾ ਸਾਹ ਲੈ ਸਕੇ।’’

ਗੱਡੀ ਚੱਲ ਪਈ। ਗੁਰਨਾਮ ਖਿੜਕੀ ਰਾਹੀਂ ਬਾਹਰ ਖੇਤਾਂ ਦੀ ਹਰਿਆਵਲ ਨੂੰ ਨਿਹਾਰ ਰਿਹਾ ਸੀ। ਅੱਜ ਉਸ ਨੂੰ ਸਮਝ ਆ ਗਿਆ ਸੀ ਕਿ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਮੇਸ਼ਾ ਬੁਰੀਆਂ ਨਹੀਂ ਹੁੰਦੀਆਂ, ਕਈ ਵਾਰ ਉਹ ਕੁਦਰਤ ਦਾ ਸਾਡੇ ਲਈ ਸਭ ਤੋਂ ਵੱਡਾ ਤੋਹਫ਼ਾ ਹੁੰਦੀਆਂ ਹਨ।

ਸੰਪਰਕ: 001-732-754-2952

* * *

ਗੜ੍ਹੇਮਾਰੀ

ਗੁਰਪ੍ਰੀਤ ਮਾਨ ਮੌੜ

ਸੁਖਮੀਤ ਅੱਜ ਬੜੇ ਹੀ ਚਾਅ ਨਾਲ ਆਪਣੀ ਧੀ ਦੇ ਵਿਆਹ ਸਬੰਧੀ ਕੁਝ ਜ਼ਰੂਰੀ ਸਾਮਾਨ ਲੈਣ ਸ਼ਹਿਰ ਜਾ ਰਿਹਾ ਸੀ। ਭਾਵੇਂ ਮੌਸਮ ਥੋੜ੍ਹਾ ਖਰਾਬ ਸੀ, ਪਰ ਉਸ ਨੇ ਸੋਚਿਆ ਕਿ ਕਾਰ ’ਤੇ ਹੀ ਜਾਣਾ ਹੈ ਤੇ ਅੱਜ ਦਾ ਕੰਮ ਕੱਲ੍ਹ ’ਤੇ ਕਿਉਂ ਛੱਡਣਾ! ਕੁਝ ਦਿਨਾਂ ਤੱਕ ਖੇਤ ਕਣਕ ਦੀ ਫ਼ਸਲ ਵੱਢਣ ਲਈ ਕੰਬਾਈਨ ਵੀ ਲੱਗਣੀ ਸੀ।

ਸ਼ਹਿਰ ਸਾਰਾ ਕੰਮ ਨਿਬੇੜ ਕੇ ਉਹ ਪਿੰਡ ਵੱਲ ਵਾਪਸ ਆ ਰਿਹਾ ਸੀ ਤਾਂ ਇਕਦਮ ਤੇਜ਼ ਮੀਂਹ ਤੇ ਗੜੇ ਸ਼ੁਰੂ ਹੋ ਗਏ ਤਾਂ ਉਸ ਨੇ ਕਾਰ ਸੜਕ ਦੇ ਇੱਕ ਪਾਸੇ ਰੋਕ ਲਈ। ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਸਾਹਮਣੇ ਖੜ੍ਹੀ ਕਣਕ ਦੀ ਸੁਨਹਿਰੀ ਫ਼ਸਲ ਨੂੰ ਗੜਿਆਂ ਦੀ ਚਿੱਟੀ ਚਾਦਰ ਨੇ ਦੱਬ ਲਿਆ। ਸੁਖਮੀਤ ਦੇ ਮਨ ਵਿੱਚ ਧੀ ਦੇ ਵਿਆਹ ਲਈ ਉੱਠੇ ਚਾਅ ਪਲਾਂ ਵਿੱਚ ਹੀ ਡੂੰਘੀਆਂ ਫ਼ਿਕਰਾਂ ਨੇ ਮੁਕਾ ਦਿੱਤੇ ਸਨ। ਕੁਦਰਤ ਦਾ ਭਾਣਾ ਮੰਨ ਸੁਖਮੀਤ ਨੇ ਇੱਕ ਲੰਮਾ ਹਾਉਕਾ ਲਿਆ ਤੇ ਗੱਡੀ ਘਰ ਵੱਲ ਮੋੜ ਲਈ।

ਸੰਪਰਕ: 98761-98000

Advertisement
×