ਮਿਨੀ ਕਹਾਣੀਆਂ
ਟੁੱਕ ਸੰਦੀਪ ਕੌਰ ਰੱਜੀ ਬਚਪਨ ਤੋਂ ਹੀ ਮੋਹ-ਪਿਆਰ ਦੀ ਠੰਢੀ ਮਿੱਠੀ ਛਾਂ ’ਚ ਪਲੀ ਸੀ। ਨਿੱਕੀ ਹੁੰਦੀ ਨੂੰ ਲਾਡ ਲਡਾਉਂਦਿਆਂ ਉਸ ਦੇ ਮੂੰਹ ’ਚ ਟੁੱਕ ਦੀਆਂ ਬੁਰਕੀਆਂ ਪਾਈਆਂ ਜਾਂਦੀਆਂ| ਫਿਰ ਹੌਲੀ-ਹੌਲੀ ਬੇਬੇ-ਬਾਪੂ ਨੇ ਰੋਟੀ ਦੀਆਂ ਬੁਰਕੀਆਂ ਥਾਲ ’ਚ ਰੱਖਣੀਆਂ ਸ਼ੁਰੂ...
ਟੁੱਕ
ਸੰਦੀਪ ਕੌਰ
ਰੱਜੀ ਬਚਪਨ ਤੋਂ ਹੀ ਮੋਹ-ਪਿਆਰ ਦੀ ਠੰਢੀ ਮਿੱਠੀ ਛਾਂ ’ਚ ਪਲੀ ਸੀ। ਨਿੱਕੀ ਹੁੰਦੀ ਨੂੰ ਲਾਡ ਲਡਾਉਂਦਿਆਂ ਉਸ ਦੇ ਮੂੰਹ ’ਚ ਟੁੱਕ ਦੀਆਂ ਬੁਰਕੀਆਂ ਪਾਈਆਂ ਜਾਂਦੀਆਂ| ਫਿਰ ਹੌਲੀ-ਹੌਲੀ ਬੇਬੇ-ਬਾਪੂ ਨੇ ਰੋਟੀ ਦੀਆਂ ਬੁਰਕੀਆਂ ਥਾਲ ’ਚ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਰੱਜੀ ਨੂੰ ਆਪਣੇ ਆਪ ਰੋਟੀ ਖਾਣੀ ਆ ਜਾਵੇ। ਇਸੇ ਤਰ੍ਹਾਂ ਵਰ੍ਹੇ ਬੀਤਦੇ ਗਏ, ਰੱਜੀ ਰੋਟੀ ਬਣਾਉਣ ਤੋਂ ਰੋਟੀ ਕਮਾਉਣ ਤੱਕ ਸਭ ਸਿੱਖ ਗਈ।
ਬੇਸ਼ੱਕ, ਉਹ ਸੁਰੱਖਿਅਤ ਹੱਥਾਂ ’ਚ ਪਲੀ ਸੀ, ਪਰ ਹੁਣ ਦੁਨੀਆ ਵਿੱਚ ਵਿਚਰਦਿਆਂ ਸਹਿਜੇ ਸਹਿਜੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦਾ ਢੰਗ ਵੀ ਉਸ ਨੇ ਸਿੱਖ ਲਿਆ ਸੀ। ਜਵਾਨ ਹੋਈ ਧੀ ਲਈ ਮਾਪਿਆਂ ਨੇ ਚਾਵਾਂ ਨਾਲ ਉਮਦਾ ਵਰ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਅਤੇ ਖ਼ੂਬ ਦੁਆਵਾਂ ਦਿੱਤੀਆਂ।
ਵਿਆਹ ਮਗਰੋਂ ਸਹੁਰੇ ਘਰ ਲਿਆਕਤ ਨਾਲ ਵਿਚਰਦੀ ਉਹ ਕਦੇ ਆਪਣੇ ਨਿਆਣਿਆਂ ਦੇ ਮੂੰਹ ’ਚ ਰੋਟੀ ਦੀ ਬੁਰਕੀ ਪਾਉਂਦੀ ਅਤੇ ਕਦੇ ਉਮਰ ਦੇ ਆਖ਼ਰੀ ਪੜਾਅ ’ਤੇ ਬੈਠੀ ਸੱਸ ਦੇ ਮੂੰਹ ’ਚ ਬੁਰਕੀਆਂ ਪਾਉਂਦੀ।
ਸਮਾਂ ਬੀਤਦਾ ਗਿਆ। ਬੀਤਦੇ ਸਮੇਂ ਨਾਲ ਉਸ ਨੇ ਆਪਣਾ ਸੁਹੱਪਣ ਲਿਆਕਤ ਦੇ ਲੇਪ ਨਾਲ ਖ਼ੂਬ ਨਿਖਾਰਿਆ।
ਇਸ ਤਰ੍ਹਾਂ ਰੱਜੀ ਦੀ ਉਮਰ ਵੀ ਹੁਣ ਜ਼ਿੰਦਗੀ ਦੇ ਸਭ ਖੁਰਦਰੇ, ਪੱਧਰੇ, ਟੇਢੇ-ਸਿੱਧੇ ਰਾਹਾਂ ਤੋਂ ਲੰਘਦੀ ਹੋਈ ਤਿੰਨ ਘੱਟ ਸੌ ਵਰ੍ਹਿਆਂ ਤੱਕ ਅੱਪੜ ਗਈ ਸੀ।
ਅੱਜ ਜਦੋਂ ਵਰਾਂਡੇ ’ਚ ਮੰਜੇ ’ਤੇ ਬਿਠਾ ਕੇ ਰੱਜੀ ਦੀ ਰੀੜ੍ਹ ਦੀ ਹੱਡੀ ਨੂੰ ਪੁੱਤਰ ਸਹਾਰਾ ਦਿੱਤਾ ਅਤੇ ਨੂੰਹ ਰੱਜੀ ਦੇ ਮੂੰਹ ’ਚ ਟੁੱਕ ਦੀ ਬੁਰਕੀ ਪਾਈ ਤਾਂ ਇਹ ਬੁਰਕੀ ਆਪਣੇ ਮੂੰਹ ’ਚੋਂ ਸੰਘ ਤੱਕ ਲਿਜਾਣ ਲਈ ਸ਼ਾਇਦ ਰੱਜੀ ਕੋਲ ਸਮਾਂ ਥੁੜ ਗਿਆ ਸੀ ਜਾਂ ਫਿਰ ਇੰਞ ਕਹਿ ਲਈਏ ਕਿ ਅਕਾਲ ਪੁਰਖ ਵੱਲੋਂ ਕੋਈ ਸੱਦਾ ਆ ਗਿਆ ਸੀ। ਟੁੱਕ ਦੀ ਬੁਰਕੀ ਦਾ ਇਹ ਚੱਕਰ ਅੱਜ ਜਿਵੇਂ ਹੀ ਪੂਰਾ ਹੋਇਆ ਤਾਂ ਰੱਜੀ ਵੀ ਪੂਰੀ ਹੋ ਗਈ।
ਈ-ਮੇਲ: sndeepk282@gmail.com
* * *
ਕੀਹਨੂੰ ਪੁੱਛੀਏ
ਲਾਭ ਸਿੰਘ ਸ਼ੇਰਗਿੱਲ ਬਡਰੁੱਖਾਂ
ਬੇਸ਼ੱਕ ਪਹਿਲਾਂ ਵੀ ਜਿੰਨਾ ਬਣਦਾ ਸੀ ਓਨਾ ਕਰਦੇ ਰਹਿੰਦੇ ਸਨ, ਪਰ ਕੁਝ ਦਿਨਾਂ ਤੋਂ ਧਰਮ ਸਿੰਹੁ ਆਪਣੇ ਨੂੰਹ-ਪੁੱਤ ਨੂੰ ਕਹਿਣ ਦੀ ਬਜਾਇ ਆਪਣਾ ਕੰਮ ਆਪ ਕਰਨ ਲੱਗ ਪਿਆ। ਜਦੋਂ ਦੋਵੇਂ ਡਿਊਟੀ ਤੋਂ ਵਾਪਸ ਆਉਂਦੇ ਤਾਂ ਉਹ ਉਨ੍ਹਾਂ ਲਈ ਚਾਹ ਵੀ ਬਣਾ ਦਿੰਦਾ। ਚਾਹ ਪਾਣੀ ਪੀਂਦਿਆਂ ਸਾਰ ਪਿੰਕੀ ਦੇ ਮੰਮੀ ਡੈਡੀ ਆਪਣੇ ਪਤਾ ਨਹੀਂ ਕਿਹੜੇ ਕਾਗਜ਼ ਪੱਤਰਾਂ ਦੇ ਕੰਮ ਲੱਗ ਜਾਂਦੇ।
ਪਿੰਕੀ ਰੋਜ਼ ਦੇਖਦੀ, ਪਰ ਅੱਜ ਉਸ ਨੇ ਦਾਦੂ ਪਾਪਾ ਨੂੰ ਪੁੱਛ ਹੀ ਲਿਆ, ‘‘ਦਾਦੂ, ਤੁਸੀਂ ਹੁਣ ਮੰਮੀ ਡੈਡੀ ਦਾ ਇੰਨਾ ਖ਼ਿਆਲ ਕਿਉਂ ਰੱਖਣ ਲੱਗ ਪਏ?’’
ਧਰਮ ਸਿੰਹੁ ਪਿੰਕੀ ਦੇ ਭੋਲੇਪਣ ਵਿਚਲੀ ਉਤਸੁਕਤਾ ਨੂੰ ਸਪੱਸ਼ਟ ਦੇਖ ਰਿਹਾ ਸੀ।
‘‘ਪੁੱਤ, ਜਦੋਂ ਤੇਰੇ ਇਮਤਿਹਾਨ ਹੁੰਦੇ ਨੇ ਤੇਰੇ ਮੰਮੀ ਡੈਡੀ ਤੈਨੂੰ ਪੜ੍ਹਾਉਂਦੇ ਨੇ ਤੇ ਤੇਰੇ ਖਾਣ-ਪੀਣ ਦਾ ਖ਼ਿਆਲ ਰੱਖਦੇ ਨੇ ਨਾ! ਉਵੇਂ ਮੈਨੂੰ ਵੀ ਇਨ੍ਹਾਂ ਦੀ ਫ਼ਿਕਰ ਐ। ਇਨ੍ਹਾਂ ਦਾ ਵੀ ਇਮਤਿਹਾਨ ਐ।’’
ਪਿੰਕੀ ਨੇ ਹੈਰਾਨ ਹੁੰਦੇ ਹੋਏ ਪੁੱਛਿਆ, ‘‘ਦਾਦੂ, ਹੁਣ ਇੰਨੇ ਵੱਡਿਆਂ-ਵੱਡਿਆਂ ਮੰਮੀ ਡੈਡੀ ਵਰਗਿਆਂ ਦਾ ਇਹ ਕਿਹੜਾ ਪੇਪਰ ਹੋਣ ਲੱਗ ਪਿਆ?’’
‘‘ਇਹਨੂੰ ਟੈੱਟ ਕਹਿੰਦੇ ਨੇ ਪੁੱਤ।’’
‘‘ਦਾਦੂ, ਮੰਮੀ ਡੈਡੀ ਕਿਉਂ ਦੇ ਰਹੇ ਨੇ ਇਹ?’’
ਧਰਮ ਸਿੰਹੁ ਪਿੰਕੀ ਨੂੰ ਕਿਵੇਂ ਆਖੇ ਕਿ ਕਈ-ਕਈ ਵਰ੍ਹੇ ਪੜ੍ਹਾ ਚੁੱਕੇ ਅਧਿਆਪਕਾਂ ਦੀ ਕਾਬਲੀਅਤ ਦੀ ਪਰਖ਼ ਕੀਤੀ ਜਾਣੀ ਹੈ। ਕੀ ਪਹਿਲਾਂ ਜਿਹੜੀਆਂ ਪ੍ਰਕਿਰਿਆਵਾਂ ਵਿਚਦੀ ਲੰਘ ਕੇ ਉਹ ਅਧਿਆਪਕ ਬਣੇ ਸਨ ਉਹ ਕਾਫ਼ੀ ਨਹੀਂ ਸਨ? ਜੇ ਕਾਫ਼ੀ ਨਹੀਂ ਸਨ ਤਾਂ ਇੰਨੇ ਸਾਲ ਬੱਚਿਆਂ ਦਾ ਭਵਿੱਖ ਉਨ੍ਹਾਂ ਦੇ ਹੱਥ ਕਿਉਂ ਦਿੱਤਾ? ਉਸ ਨੂੰ ਆਪਣੇ ਅੰਦਰ ਉੱਠਦੇ ਸਵਾਲਾਂ ਦੇ ਜਵਾਬ ਨਹੀਂ ਸੀ ਲੱਭ ਰਹੇ, ਪਿੰਕੀ ਨੂੰ ਕਿਵੇਂ ਸਮਝਾਉਂਦਾ।
‘‘ਦਾਦੂ, ਦੱਸੋ ਨਾ!’’ ਪਿੰਕੀ ਨੇ ਦਾਦੇ ਦੀ ਬਾਂਹ ਫੜ ਕੇ ਝੰਜੋੜਦਿਆਂ ਆਖਿਆ।
ਦਾਦਾ ਚੁੱਪ ਸੀ, ਸੋਚ ਰਿਹਾ ਸੀ ਕਿ ਇਸ ਦਾ ਜਵਾਬ ਕੀਹਨੂੰ ਪੁੱਛੇ?
ਸੰਪਰਕ: 86995-35708
* * *
ਮਨ ਦੀ ਰੌਸ਼ਨੀ
ਰਵਨਜੋਤ ਕੌਰ ਸਿੱਧੂ ਰਾਵੀ
ਅਜੇ ਪਹੁ-ਫੁੱਟਾਲਾ ਹੋ ਰਿਹਾ ਸੀ। ਪਿੰਡ ‘ਸਰਘੀ’ ਦੀਆਂ ਗਲੀਆਂ ਵਿੱਚ ਹਾਲੇ ਚੁੱਪ ਪਸਰੀ ਹੋਈ ਸੀ, ਪਰ ਕੁਦਰਤ ਆਪਣਾ ਰਾਗ ਛੇੜ ਚੁੱਕੀ ਸੀ। ਅੰਮ੍ਰਿਤ ਵੇਲੇ ਦੀ ਠੰਢੀ ਹਵਾ ਸਰ੍ਹੋਂ ਦੇ ਪੀਲੇ ਫੁੱਲਾਂ ਨੂੰ ਚੁੰਮ ਕੇ ਗੁਜ਼ਰ ਰਹੀ ਸੀ, ਜਿਸ ਨਾਲ ਪੂਰੀ ਫਿਜ਼ਾ ਵਿੱਚ ਇੱਕ ਅਜੀਬ ਜਿਹੀ ਮਿੱਠੀ ਮਹਿਕ ਘੁਲੀ ਹੋਈ ਸੀ। ਟਾਹਲੀਆਂ ’ਤੇ ਬੈਠੇ ਪੰਛੀਆਂ ਨੇ ਚਹਿਕਣਾ ਸ਼ੁਰੂ ਕਰ ਦਿੱਤਾ ਸੀ। ਖੇਤਾਂ ਵਿੱਚ ਖੜ੍ਹੀ ਕਣਕ ਦੀਆਂ ਬੱਲੀਆਂ ’ਤੇ ਤਰੇਲ ਦੀਆਂ ਬੂੰਦਾਂ ਇੰਝ ਚਮਕ ਰਹੀਆਂ ਸਨ ਜਿਵੇਂ ਕੁਦਰਤ ਨੇ ਰਾਤੋ-ਰਾਤ ਮੋਤੀ ਬੀਜ ਦਿੱਤੇ ਹੋਣ।
ਪਿੰਡ ਦੇ ਬਾਹਰਵਾਰ, ਜਿੱਥੇ ਨਹਿਰ ਦੀ ਇੱਕ ਪਤਲੀ ਜਿਹੀ ਸੂਈ ਵਗਦੀ ਸੀ, ਉੱਥੇ ਇੱਕ ਪੁਰਾਣਾ ਪਰ ਬੇਹੱਦ ਸਾਫ਼-ਸੁਥਰਾ ਕੱਚਾ ਘਰ ਸੀ। ਇਹ ਘਰ ਸੀ ਜਸਵੀਰ ਕੌਰ ਦਾ। ਜਸਵੀਰ, ਜਿਸ ਨੂੰ ਪਿੰਡ ਵਾਲੇ ‘ਬੀਬੀ ਜਸ’ ਕਹਿੰਦੇ ਸਨ, ਅੱਜ ਮਹਿਲਾ ਦਿਵਸ ਦੀ ਸਵੇਰ ਨੂੰ ਆਪਣੇ ਵਿਹੜੇ ਵਿੱਚ ਲੱਗੇ ਨਿੰਮ ਦੇ ਹੇਠਾਂ ਬੈਠੀ ਦੁੱਧ ਰਿੜਕ ਰਹੀ ਸੀ। ਮਧਾਣੀ ਦੀ ਘੁੰਮ-ਘੁੰਮ ਦੀ ਆਵਾਜ਼ ਨਹਿਰ ਦੇ ਪਾਣੀ ਦੀ ਕਲ-ਕਲ ਨਾਲ ਮਿਲ ਕੇ ਸੰਗੀਤ ਪੈਦਾ ਕਰ ਰਹੀ ਸੀ। ਜਸਵੀਰ ਦੀ ਉਮਰ ਕੋਈ ਪੰਜਾਹ ਦੇ ਕਰੀਬ ਸੀ, ਪਰ ਉਸ ਦੇ ਚਿਹਰੇ ਦੀਆਂ ਝੁਰੜੀਆਂ ਵਿੱਚੋਂ ਤਜਰਬੇ ਦੀ ਇੱਕ ਡੂੰਘੀ ਚਮਕ ਝਲਕਦੀ ਸੀ। ਉਹ ਹਮੇਸ਼ਾ ਕਹਿੰਦੀ, ‘‘ਔਰਤ ਮਿੱਟੀ ਵਰਗੀ ਹੁੰਦੀ ਹੈ, ਜਿੰਨਾ ਮਰਜ਼ੀ ਗੋਡ ਲਵੋ, ਉਸ ਨੇ ਫ਼ਸਲ ਹੀ ਦੇਣੀ ਹੈ।’’
ਪੰਦਰਾਂ ਸਾਲ ਪਹਿਲਾਂ, ਜਸਵੀਰ ਦੀ ਜ਼ਿੰਦਗੀ ਵਿੱਚ ਅਜਿਹਾ ਪੱਤਝੜ ਆਇਆ ਕਿ ਸਭ ਕੁਝ ਸੁੱਕ ਗਿਆ। ਉਸ ਦਾ ਪਤੀ ਨਸ਼ਿਆਂ ਦੀ ਭੇਟ ਚੜ੍ਹ ਗਿਆ ਅਤੇ ਪਿੱਛੇ ਛੱਡ ਗਿਆ ਕਰਜ਼ੇ ਦੀਆਂ ਪੰਡਾਂ ਅਤੇ ਦੋ ਛੋਟੀਆਂ ਧੀਆਂ। ਪਿੰਡ ਦੇ ਪੰਚਾਂ-ਸਰਪੰਚਾਂ ਨੇ ਸਲਾਹ ਦਿੱਤੀ, ‘‘ਜਸਵੀਰ, ਜ਼ਮੀਨ ਵੇਚ ਦੇ ਤੇ ਕਿਸੇ ਸ਼ਹਿਰ ਜਾ ਕੇ ਮਜ਼ਦੂਰੀ ਕਰ ਲੈ। ਔਰਤ ਤੋਂ ਖੇਤੀ ਨਹੀਂ ਹੁੰਦੀ।’’
ਪਰ ਜਸਵੀਰ ਨੇ ਉਸ ਦਿਨ ਨਹਿਰ ਦੇ ਕੰਢੇ ਖੜ੍ਹੇ ਹੋ ਕੇ ਇੱਕ ਸਹੁੰ ਖਾਧੀ ਸੀ। ਉਸ ਨੇ ਪਾਣੀ ਦੀ ਲਹਿਰ ਵੱਲ ਦੇਖਿਆ, ਜੋ ਰਾਹ ’ਚ ਆ ਰਹੇ ਪੱਥਰਾਂ ਨੂੰ ਚੀਰ ਕੇ ਅੱਗੇ ਵਧ ਰਹੀ ਸੀ। ਉਸ ਨੇ ਸੋਚਿਆ ਜੇ ਇਹ ਪਾਣੀ ਰਸਤਾ ਬਣਾ ਸਕਦਾ ਹੈ ਤਾਂ ਉਹ ਕਿਉਂ ਨਹੀਂ? ਉਸ ਦੀ ਜ਼ਮੀਨ ਦਾ ਇੱਕ ਵੱਡਾ ਹਿੱਸਾ ਕੱਲਰ ਸੀ। ਲੋਕ ਕਹਿੰਦੇ ਸਨ ਉੱਥੇ ਘਾਹ ਵੀ ਨਹੀਂ ਉੱਗੇਗਾ। ਪਰ ਜਸਵੀਰ ਨੇ ਉਸ ਬੰਜਰ ਜ਼ਮੀਨ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਉਹ ਰੋਜ਼ ਸਵੇਰੇ ਉੱਠਦੀ ਤੇ ਖੁਦ ਹੱਥੀਂ ਕਹੀ ਚਲਾਉਂਦੀ। ਉਸ ਦੇ ਪੈਰਾਂ ਦੀਆਂ ਬਿਆਈਆਂ ਵਿੱਚੋਂ ਖੂਨ ਰਿਸਦਾ, ਪਰ ਉਸ ਦੀਆਂ ਅੱਖਾਂ ਵਿੱਚ ਆਪਣੀਆਂ ਧੀਆਂ ਦੇ ਸੁਪਨੇ ਪਲ ਰਹੇ ਸਨ।
ਉਸ ਨੇ ਰਸਾਇਣਕ ਖਾਦਾਂ ਦੀ ਥਾਂ ਕੁਦਰਤੀ ਖੇਤੀ ਨੂੰ ਚੁਣਿਆ। ਉਸ ਨੇ ਪਿੰਡ ਦੀਆਂ ਹੋਰ ਜ਼ਰੂਰਤਮੰਦ ਔਰਤਾਂ ਨੂੰ ਇਕੱਠਾ ਕੀਤਾ। ਉਹ ਰਾਤਾਂ ਨੂੰ ਦੀਵੇ ਦੀ ਲੋਅ ਵਿੱਚ ਬੈਠ ਕੇ ਉਨ੍ਹਾਂ ਨੂੰ ਪੜ੍ਹਾਉਂਦੀ ਅਤੇ ਦਿਨ ਵੇਲੇ ਖੇਤਾਂ ਵਿੱਚ ਮਿਹਨਤ ਕਰਦੀ। ਲਗਦਾ ਸੀ ਜਿਵੇਂ ਕੁਦਰਤ ਵੀ ਉਸ ਦੀ ਮਿਹਨਤ ਦੇਖ ਕੇ ਪਿਘਲ ਗਈ ਹੋਵੇ। ਜੋ ਜ਼ਮੀਨ ਕਦੇ ਰੜੇ ਮੈਦਾਨ ਵਰਗੀ ਸੀ, ਅੱਜ ਉੱਥੇ ਬਾਗ਼ ਲਹਿਰਾ ਰਿਹਾ ਸੀ।
ਅੱਜ ਦੇ ਦਿਨ ਪਿੰਡ ਦੇ ਸਕੂਲ ਵਿੱਚ ਇੱਕ ਬਹੁਤ ਵੱਡਾ ਸਮਾਗਮ ਸੀ। ਸ਼ਹਿਰੋਂ ਵੱਡੇ ਅਫ਼ਸਰ ਆਏ ਸਨ। ਜਸਵੀਰ ਨੂੰ ਉੱਥੇ ਸਨਮਾਨਿਤ ਕੀਤਾ ਜਾਣਾ ਸੀ। ਜਦੋਂ ਉਹ ਸਟੇਜ ’ਤੇ ਪਹੁੰਚੀ ਤਾਂ ਉਸ ਨੇ ਸਿਰ ਉੱਤੇ ਸਾਦੀ ਖੱਦਰ ਦੀ ਚੁੰਨੀ ਲਈ ਹੋਈ ਸੀ। ਉਸ ਦੇ ਹੱਥਾਂ ਦੀ ਸਖ਼ਤ ਚਮੜੀ ਉਸ ਦੇ ਸੰਘਰਸ਼ ਤੇ ਸਿਰੜ ਦੀ ਗਵਾਹੀ ਭਰਦੀ ਸੀ। ਜਦੋਂ ਉਸ ਨੂੰ ਮਾਈਕ ਫੜਾਇਆ ਗਿਆ ਤਾਂ ਪੂਰੇ ਪੰਡਾਲ ਵਿੱਚ ਸੁੰਨ ਪੱਸਰ ਗਈ।
ਜਸਵੀਰ ਬੋਲੀ, ‘‘ਲੋਕ ਕਹਿੰਦੇ ਨੇ ਅੱਜ ਔਰਤਾਂ ਦਾ ਦਿਨ ਹੈ। ਮੈਂ ਪੁੱਛਦੀ ਹਾਂ, ਕਿਹੜਾ ਦਿਨ ਔਰਤ ਦਾ ਨਹੀਂ ਹੈ? ਜਦੋਂ ਅਸੀਂ ਸਵੇਰੇ ਉੱਠ ਕੇ ਚੁੱਲ੍ਹਾ ਬਾਲਦੀਆਂ ਹਾਂ ਤਾਂ ਉਹ ਦਿਨ ਸਾਡਾ ਹੀ ਤਾਂ ਹੁੰਦਾ ਹੈ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚ ਵੀ ਹੱਸਣਾ ਸਿਖਾਉਂਦੀਆਂ ਹਾਂ ਤਾਂ ਉਹ ਪਲ ਵੀ ਸਾਡਾ ਹੀ ਹੁੰਦਾ ਹੈ। ਔਰਤ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਸਾਲ ਵਿੱਚ ਇੱਕ ਦਿਨ ਯਾਦ ਕੀਤਾ ਜਾਵੇ। ਉਹ ਤਾਂ ਉਹ ਧਰਤੀ ਹੈ ਜਿਸ ਉੱਤੇ ਸਾਰੀ ਮਨੁੱਖਤਾ ਟਿਕੀ ਹੋਈ ਹੈ। ਮੈਂ ਬੰਜਰ ਜ਼ਮੀਨ ਨੂੰ ਹਰਿਆਵਲ ਵਿੱਚ ਬਦਲਿਆ ਕਿਉਂਕਿ ਮੈਂ ਮੰਨ ਲਿਆ ਸੀ ਕਿ ਬੰਜਰ ਜ਼ਮੀਨ ਨਹੀਂ, ਬੰਜਰ ਤਾਂ ਬੰਦੇ ਦੀ ਸੋਚ ਹੁੰਦੀ ਹੈ।’’
ਪਰਛਾਵੇਂ ਲੰਮੇ ਹੋ ਰਹੇ ਸਨ। ਜਸਵੀਰ ਨਹਿਰ ਦੇ ਕੰਢੇ ਬੈਠ ਗਈ। ਸੂਰਜ ਡੁੱਬ ਰਿਹਾ ਸੀ ਅਤੇ ਅਸਮਾਨ ਵਿੱਚ ਕੇਸਰੀ, ਗੁਲਾਬੀ ਅਤੇ ਜਾਮਣੀ ਰੰਗਾਂ ਦੀ ਇੱਕ ਅਦਭੁਤ ਚਿੱਤਰਕਾਰੀ ਉੱਘੜ ਆਈ ਸੀ। ਉਸ ਦੀ ਧੀ ਨੇ ਘਰ ਦੇ ਅੱਗੇ ਇੱਕ ਬੋਰਡ ਲਾ ਦਿੱਤਾ ਜਿਸ ’ਤੇ ਲਿਖਿਆ ਸੀ ‘ਜਸਵੀਰ ਕੌਰ: ਕੁਦਰਤ ਦੀ ਧੀ ਦਾ ਘਰ’। ਜਸਵੀਰ ਨੇ ਮਹਿਸੂਸ ਕੀਤਾ ਕਿ ਔਰਤ ਦੀ ਅਸਲੀ ਆਜ਼ਾਦੀ ਕਿਸੇ ਹੋਰ ’ਤੇ ਨਿਰਭਰ ਹੋਣ ਵਿੱਚ ਨਹੀਂ, ਸਗੋਂ ਆਪਣੇ ਆਪ ਨੂੰ ਪਛਾਣਨ ਵਿੱਚ ਹੈ। ਉਹ ਜਾਣਦੀ ਸੀ ਕਿ ਸੰਘਰਸ਼ ਨਾਲ ਹੀ ਜ਼ਿੰਦਗੀ ਦੀ ਜੰਗ ਜਿੱਤੀ ਜਾ ਸਕਦੀ ਹੈ ਤੇ ਇਹੀ ਜਿੱਤ ਅੱਗੋਂ ਲੱਖਾਂ ਜਸਵੀਰਾਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ।
ਸੰਪਰਕ: 82830-66125
