DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਨੀ ਕਹਾਣੀਆਂ

ਸਰਪੰਚੀ ਇਕਬਾਲ ਸਿੰਘ ਹਮਜਾਪੁਰ ਚਿੰਤੋ ਰੂੜੀ ’ਤੇ ਗੋਹਾ ਸੁੱਟ ਕੇ ਮੁੜਨ ਲੱਗੀ ਸੀ ਕਿ ਅੱਗਿਓਂ ਗਲ਼ੀ ਵਿੱਚ ਸਰਪੰਚੀ ਦੀਆਂ ਵੋਟਾਂ ਮੰਗਣ ਵਾਲੇ ਟੱਕਰ ਗਏ। ਜਿਸ ਦਿਨ ਦਾ ਚੋਣਾਂ ਦਾ ਐਲਾਨ ਹੋਇਆ ਸੀ, ਉਸੇ ਦਿਨ ਤੋਂ ਪਿੰਡ ਵਿੱਚ ਗਹਿਮਾ-ਗਹਿਮੀ ਸੀ। ਵੋਟਾਂ...

  • fb
  • twitter
  • whatsapp
  • whatsapp
Advertisement

ਸਰਪੰਚੀ

ਇਕਬਾਲ ਸਿੰਘ ਹਮਜਾਪੁਰ

ਚਿੰਤੋ ਰੂੜੀ ’ਤੇ ਗੋਹਾ ਸੁੱਟ ਕੇ ਮੁੜਨ ਲੱਗੀ ਸੀ ਕਿ ਅੱਗਿਓਂ ਗਲ਼ੀ ਵਿੱਚ ਸਰਪੰਚੀ ਦੀਆਂ ਵੋਟਾਂ ਮੰਗਣ ਵਾਲੇ ਟੱਕਰ ਗਏ। ਜਿਸ ਦਿਨ ਦਾ ਚੋਣਾਂ ਦਾ ਐਲਾਨ ਹੋਇਆ ਸੀ, ਉਸੇ ਦਿਨ ਤੋਂ ਪਿੰਡ ਵਿੱਚ ਗਹਿਮਾ-ਗਹਿਮੀ ਸੀ। ਵੋਟਾਂ ਮੰਗਣ ਵਾਲੇ ਗਲੀਆਂ ਕੱਛਦੇ ਫਿਰਦੇ ਸਨ। ਵਿਹਲੜਾਂ ਤੇ ਨਸ਼ੇੜੀਆਂ ਨੂੰ ਮੌਜਾਂ ਲੱਗ ਗਈਆਂ ਸਨ। ‘‘ਚਾਚੀ, ਸਾਡਾ ਖਿਆਲ ਰੱਖੀਂ। ਨਾਲੇ ਚਾਚੀ ਤੂੰ ਵੱਡੀ ਏਂ, ਆਸ਼ੀਰਵਾਦ ਦੇ ਕਿ ਮੈਂ ਜਿੱਤ ਜਾਵਾਂ।’’ ਸਰਪੰਚੀ ਲਈ ਖੜ੍ਹੇ ਸਤਿਪਾਲ ਨੇ ਚਿੰਤੋ ਨੂੰ ਆਖਿਆ।

Advertisement

‘‘ਪੁੱਤ! ਮੇਰੀ ’ਕੱਲੀ ਦੀ ਵੋਟ ਨਾਲ ਕੋਈ ਫ਼ਰਕ ਨਹੀਂ ਪੈਣਾ। ਮੈਂ ਵੋਟ ਤੈਨੂੰ ਹੀ ਪਾ ਦੇਵਾਂਗੀ। ਰਹੀ ਗੱਲ ਆਸ਼ੀਰਵਾਦ ਦੀ, ਤੈਨੂੰ ਕੋਈ ਹਰਾ ਨਹੀਂ ਸਕਦਾ। ਤੂੰ ਤਾਂ ਸਾਰਾ ਪਿੰਡ ਬੰਨ੍ਹ ਲਿਆ।’’ ਚਿੰਤੋ ਨੇ ਗੋਹੇ ਵਾਲੀ ਟੋਕਰੀ ਝਾੜਦਿਆਂ ਆਖਿਆ।

Advertisement

‘‘ਚਾਚੀ, ਮੈਂ ਪਿੰਡ ਬੰਨ੍ਹਿਆ ਹੀ ਨਹੀਂ, ਪਿੰਡ ਨੂੰ ਵਿਕਾਸ ਵੱਲ ਵੀ ਲੈ ਕੇ ਜਾਊਂਗਾ।’’ ਸਤਿਪਾਲ ਨੇ ਚਿੰਤੋ ਨੂੰ ਭਰੋਸਾ ਦਿਵਾਉਣ ਦਾ ਯਤਨ ਕੀਤਾ। ਚਿੰਤੋ ਆਪਣੇ ਕੰਮ ’ਚ ਲੱਗੀ ਆਪਮੁਹਾਰੇ ਬੋਲ ਪਈ, ‘‘ਪੁੱਤ! ਪਿੰਡ ਨੂੰ ਤਾਂ ਤੂੰ ਵਿਕਾਸ ਵੱਲ ਲੈ ਜਾਵੇਂਗਾ, ਪਰ ਆਹ ਵੋਟਾਂ ਪਿੱਛੇ ਜਿਹੜੀ ਸ਼ਰਾਬ ਤੁਸੀਂ ਘਰ ਘਰ ਪਏ ਵੰਡਦੇ ਓ, ਪਿੰਡ ਦੇ ਵਿਕਾਸ ਤੋਂ ਪਹਿਲਾਂ ਕਈ ਘਰ ਡੁੱਬ ਜ਼ਰੂਰ ਜਾਣਗੇ।’’

ਸਤਿਪਾਲ ਚਾਚੀ ਚਿੰਤੋ ਦੀ ਗੱਲ ਸੁਣ ਕੇ ਛਿੱਥਾ ਜਿਹਾ ਪੈਂਦਾ ਸਾਥੀਆਂ ਸਮੇਤ ਅਗਲੀ ਗਲੀ ਵੱਲ ਤੁਰ ਗਿਆ।

ਸੰਪਰਕ: 94165-92149

* * *

ਉੱਲੂ

ਤਰਸੇਮ ਸਿੰਘ ਭੰਗੂ

‘‘ਕਦਰਦਾਨ, ਮਿਹਰਬਾਨ, ਨਿਗ੍ਹਾਬਾਨ, ਸਿਆਣੇ ਅਤੇ ਸੂਝਵਾਨ ਭੈਣੋਂ, ਭਰਾਵੋ, ਬਜ਼ੁਰਗੋ, ਮਾਤਾਓ ਤੇ ਬੱਚਿਓ, ਇੱਕ ਮਿੰਟ ਧਿਆਨ ਦੇਣਾ ਜੀ।’’ ਇੱਕ ਬਾਊਨੁਮਾ ਬੰਦਾ ਆਪਣੇ ਬੈਗ ’ਚੋਂ ਤਿੰਨ-ਚਾਰ ਪੈਕੇਟ ਕੱਢ ਵਿੱਚ ਹੱਥ ਫੜ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਮੁਖਾਤਿਬ ਹੋਇਆ।

‘‘ਸਾਡੀ ਕੰਪਨੀ ਨੇ ਇੱਕ ਆਲ ਇਨ ਵਨ ਕੀਟਨਾਸ਼ਕ ਦਵਾਈ ਤਿਆਰ ਕੀਤੀ ਹੈ। ਘਰ ਦੀ ਬਗੀਚੀ ਵਾਸਤੇ ਥੋੜ੍ਹੀ ਜ਼ਰੂਰਤ ਲਈ ਹੁਣ ਤੁਹਾਨੂੰ ਵੱਡਾ ਪੈਕੇਟ ਖਰੀਦਣ ਦੀ ਲੋੜ ਨਹੀਂ। ਇਹ ਦਵਾਈ ਹਰੇਕ ਬਿਮਾਰੀ ਨੂੰ ਖ਼ਤਮ ਕਰਨ ਦੇ ਸਮਰੱਥ ਹੈ। ਮੇਰਾ ਮਤਲਬ ਹੈ ਆਲ ਇਨ ਵਨ ਦਾ ਛਿੜਕਾਅ ਕਰਦਿਆਂ ਹੀ ਕੀੜੇ-ਮਕੌੜੇ, ਮੱਛਰ-ਮੱਖੀਆਂ ਤੇ ਚੂਹੇ ਘਰ ’ਚੋਂ ਖ਼ਤਮ, ਬੰਦੇ ਦੇ ਚੱਖਦਿਆਂ ਬੰਦਾ ਖ਼ਤਮ, ਮੁੱਕਦੀ ਗੱਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖ਼ਤਮ ਪਰ ਧਿਆਨ ਰਹੇ ਚੱਖਣੀ ਨਹੀਂ।’’ ਲਗਾਤਾਰ ਬੋਲਣ ਤੋਂ ਬਾਅਦ ਅਖੀਰ ਵਿੱਚ ਵਿਕਰੇਤਾ ਨੇ ਸੁਚੇਤ ਵੀ ਕੀਤਾ।

‘‘ਸਾਡੀ ਇਸ ਕੀਟਨਾਸ਼ਕ ਦਵਾਈ ਦਾ ਪੈਕੇਟ ਤੁਸੀਂ ਬਾਜ਼ਾਰੋਂ ਖਰੀਦੋਗੇ ਤਾਂ ਤੁਹਾਨੂੰ 20-25 ਰੁਪਏ ਤੋਂ ਘੱਟ ਨਹੀਂ ਮਿਲੇਗਾ। ਸਾਡੀ ਕੰਪਨੀ ਨੇ ਮਸ਼ਹੂਰੀ ਵਾਸਤੇ ਇਸ ਦੀ ਕੀਮਤ ਨਾਂ-ਮਾਤਰ ਹੀ ਰੱਖੀ ਹੈ। ਇੱਕ ਤਰ੍ਹਾਂ ਮੁਫ਼ਤ ਦੇ ਬਰਾਬਰ, ਇੱਕ ਪੈਕੇਟ ਦੀ ਕੀਮਤ ਸਿਰਫ਼ ਦਸ ਰੁਪਏ, ਦਸ ਰੁਪਏ, ਦਸ ਰੁਪਏ।’’ ਉਸ ਆਦਮੀ ਨੇ ਹੱਥ ਵਿੱਚ ਫੜੇ ਪੈਕੇਟ ਉੱਤੇ ਚੁੱਕ ਕੇ ਹਵਾ ਵਿੱਚ ਲਹਿਰਾਏ।

‘‘ਕੰਪਨੀ ਵੱਲੋਂ ਇੱਕ ਪੈਕੇਟ ਨਾਲ ਇੱਕ ਮੁਫ਼ਤ ਅਤੇ ਦੋ ਪੈਕੇਟਾਂ ਨਾਲ ਤਿੰਨ ਪੈਕੇਟ ਮੁਫ਼ਤ ਦੇਣ ਦੀ ਆਪਸ਼ਨ ਵੀ ਦਿੱਤੀ ਹੈ। ਦਵਾਈ ਅਸਰ ਨਾ ਕਰੇ ਤਾਂ ਖਾਲੀ ਪੈਕੇਟ ਵਿਖਾ ਕੇ ਦੁੱਗਣੇ ਪੈਸੇ ਜਦੋਂ ਮਰਜ਼ੀ ਲੈ ਸਕਦੇ ਹੋ। ਤੁਹਾਡਾ ਵੀਰ ਇੱਥੇ ਹੀ ਮਿਲੇਗਾ।’’

ਉਸੇ ਰਫ਼ਤਾਰ ’ਚ ਬੋਲਦਿਆਂ ਹੱਥ ਖੜ੍ਹਾ ਕਰ ਕੇ ਪਿਛਲੇ ਪਾਸੇ ਇਸ਼ਾਰਾ ਕਰਦਿਆਂ, ‘‘ਇੱਕ ਮਿੰਟ ਵੀਰ ਜੀ ਆਉਂਦਾਂ।’’ ਜਿਸ ਦਾ ਭਾਵ ਸੀ ਕਿ ਬੱਸ ਦੀਆਂ ਪਿਛਲੀਆਂ ਸੀਟਾਂ ’ਤੇ ਕੋਈ ਖਰੀਦਦਾਰ ਕਾਹਲਾ ਹੈ। ਉਸ ਤੋਂ ਪਹਿਲਾਂ ਹੀ ਇੱਕ, ਦੋ, ਤਿੰਨ, ਗੱਲ ਕੀ ਦਵਾਈ ਦੇ ਸਾਰੇ ਪੈਕੇਟ ਹੱਥੋ-ਹੱਥ ਵਿਕ ਗਏ। ਪਿੱਛੇ ਪਹੁੰਚਣ ਤੋਂ ਪਹਿਲਾਂ ਹੀ ਖਾਲੀ ਬੈਗ ਅਤੇ ਪੈਸੇ ਸੰਭਾਲਦਾ ਦਵਾਈ ਵਿਕਰੇਤਾ ਅਗਲੇਰੀ ਮੰਜ਼ਿਲ ਨੂੰ ਸਰਕ ਰਹੀ ਬੱਸ ਦੀ ਪਿਛਲੀ ਬਾਰੀ ’ਚੋਂ ਥੱਲੇ ਲਹਿ ਗਿਆ। ਪਿਛਲੇ ਪਾਸੇ ਤੋਂ ਉੱਠ ਕੇ ਇੱਕ ਦੇਸੀ ਜਿਹਾ ਬੰਦਾ ਅੱਗੇ ਆਇਆ ਤੇ ਬੋਲਿਆ, ‘‘ਭਰਾਵੋ, ਤੁਸੀਂ ਵੀ ਮੇਰੇ ਵਾਂਗ ਠੱਗੇ ਗਏ ਜੇ, ਮੈਂ ਵੀ ਪਿਛਲੇ ਹਫ਼ਤੇ ਜ਼ਿੰਦਗੀ ਤੋਂ ਦੁਖੀ ਹੋ ਕੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਰਨ ਲਈ ਇਹੋ ਜਿਹੇ ਕੋਲੋਂ ਇਹੀ ਦਵਾਈ ਵਧੀਆ ਸਮਝ ਦੋ ਪੈਕੇਟ ਲੈ ਗਿਆ ਸੀ। ਬੜੇ ਆਰਾਮ ਨਾਲ ਦੋਵੇਂ ਪੈਕੇਟ ਗਿਲਾਸ ’ਚ ਪਾ ਘੋਲ ਕੇ ਪੀ ਗਿਆ ਸੀ। ਨਤੀਜਾ, ਤੁਹਾਡੇ ਸਾਹਮਣੇ ਸਾਬਤ-ਸਬੂਤ ਖਲੋਤਾ ਹਾਂ। ਮਿੱਤਰੋ, ਅੱਜਕੱਲ੍ਹ ਜ਼ਹਿਰ ਵੀ ਨਕਲੀ ਹੈ। ਜੇ ਕਿਸੇ ਨੇ ਮੇਰੇ ਵਾਂਗ ਖਰੀਦਿਆ ਹੈ ਤਾਂ ਖਾਣ ਤੋਂ ਪਹਿਲਾਂ ਵੇਚਣ ਵਾਲੇ ਨੂੰ ਫੜੋ ਜਾ ਕੇ।’’

ਬੱਸ ਵਿੱਚ ਬੈਠੇ ਸਾਰੇ ਖਰੀਦਦਾਰ ਇੱਕ ਦੂਜੇ ਵੱਲ ਉੱਲੂਆਂ ਵਾਂਗ ਝਾਕ ਰਹੇ ਸਨ।

ਸੰਪਰਕ: 94656-56214

* * *

ਜੁਗਨੂੰ

ਬਚਿੱਤਰ ਜਟਾਣਾ

ਜੁਗਨੂੰ ਚੰਗੇ ਘਰ ਦਾ ਮੁੰਡਾ ਸੀ। ਉਸ ਦਾ ਬਾਪ ਬਹੁਤ ਮਿਹਨਤੀ ਸੀ ਤੇ ਮਾਂ ਵੀ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ। ਦੋਵਾਂ ਨੇ ਜੁਗਨੂੰ ਦੀ ਪਰਵਰਿਸ਼ ਬਹੁਤ ਸੋਹਣੇ ਢੰਗ ਨਾਲ ਕੀਤੀ ਸੀ। ਜੁਗਨੂੰ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸ਼ਹਿਰ ਕਾਲਜ ਵਿੱਚ ਦਾਖ਼ਲਾ ਲਿਆ ਤੇ ਇਸ ਦੌਰਾਨ ਉਹ ਖੇਡਾਂ ਵਿੱਚ ਵੀ ਕਾਫ਼ੀ ਅੱਗੇ ਰਿਹਾ। ਉਹ ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਵਿੱਚ ਹਰਮਨ ਪਿਆਰਾ ਸੀ।

ਕੁਝ ਸਮੇਂ ਬਾਅਦ ਉਹ ਅਜਿਹੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਵੀ ਆਇਆ, ਜੋ ਨਸ਼ੇ ਕਰਦੇ ਸਨ ਤੇ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਨੂੰ ਵੀ ਨਸ਼ਿਆਂ ਦੀ ਲਤ ਲੱਗ ਗਈ। ਉਹ ਅਕਸਰ ਹੀ ਆਪਣੇ ਪਿਤਾ ਤੋਂ ਪੈਸੇ ਦੀ ਮੰਗ ਕਰਦਾ ਤੇ ਕਾਲਜ ਵਿੱਚ ਵੀ ਲੜਾਈ ਝਗੜੇ ਕਰਨ ਲੱਗ ਪਿਆ। ਉਸ ਦੇ ਪਿਤਾ ਨੂੰ ਭਿਣਕ ਪਈ ਕਿ ਜੁਗਨੂੰ ਨਸ਼ੇ ਕਰਦਾ ਹੈ ਤੇ ਚੋਰੀਆਂ ਵੀ ਕਰਨ ਲੱਗ ਪਿਆ ਹੈ। ਉਹ ਤੁਰੰਤ ਜੁਗਨੂੰ ਨੂੰ ਸ਼ਹਿਰ ਤੋਂ ਘਰ ਲੈ ਆਇਆ। ਮਾਪਿਆਂ ਨੇ ਬਹੁਤ ਹੀ ਪਿਆਰ ਤੇ ਧੀਰਜ ਨਾਲ ਕਈ ਦਿਨ ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਉਸ ਦੀ ਮਾਂ ਨੇ ਰੋਂਦਿਆਂ ਜੁਗਨੂੰ ਨੂੰ ਵਾਸਤਾ ਪਾਇਆ। ਜੁਗਨੂੰ ਵੀ ਦਿਲੋਂ ਨਸ਼ਿਆਂ ਦੀ ਮਾੜੀ ਆਦਤ ਛੱਡਣਾ ਹੀ ਚਾਹੁੰਦਾ ਸੀ। ਉਸ ਆਪਣੇ ਮਾਤਾ-ਪਿਤਾ ਨੂੰ ਵਾਅਦਾ ਕੀਤਾ ਕਿ ਉਹ ਅੱਗੋਂ ਕਦੇ ਵੀ ਨਸ਼ੇ ਨਹੀਂ ਕਰੇਗਾ। ਉਸ ਨੇ ਅਗਲੇ ਕਈ ਹਫ਼ਤੇ ਘਰ ਵਿੱਚ ਮਾਂ-ਬਾਪ ਨਾਲ ਹੀ ਬਿਤਾਏ। ਹਾਲੇ ਬਹੁਤੀ ਦੇਰ ਨਹੀਂ ਸੀ ਹੋਈ, ਇਸ ਕਰਕੇ ਹੌਲੀ ਹੌਲੀ ਉਹ ਨਸ਼ਿਆਂ ਦੀ ਕੈਦ ’ਚੋਂ ਮੁਕਤ ਹੋ ਗਿਆ।

ਜੁਗਨੂੰ ਕੰਮ ਵਿੱਚ ਆਪਣੇ ਪਿਤਾ ਤੇ ਮਾਂ ਦੋਵਾਂ ਦਾ ਹੱਥ ਵੀ ਵਟਾਉਂਦਾ। ਬਾਕੀ ਦੀ ਪੜ੍ਹਾਈ ਉਸ ਨੇ ਮੁੜ ਕਾਲਜ ਜਾਣ ਦੀ ਥਾਂ ਪ੍ਰਾਈਵੇਟ ਪੇਪਰ ਦੇ ਕੇ ਪੂਰੀ ਕੀਤੀ। ਉਹ ਹੁਣ ਵੀ ਖੇਡਾਂ ਖੇਡਦਾ ਸੀ। ਰੋਜ਼ ਸਵੇਰੇ ਸੈਰ ਲਈ ਉੱਠਦਾ ਸੀ। ਤੰਦਰੁਸਤ ਰਹਿਣ ਲਈ ਰੋਜ਼ ਕਸਰਤ ਵੀ ਕਰਦਾ ਸੀ। ਹੁਣ ਜੁਗਨੂੰ ਆਪਣੇ ਨਾਲ ਦੇ ਮਿੱਤਰਾਂ ਨੂੰ ਵੀ ਨਸ਼ਿਆਂ ਤੋਂ ਸਦਾ ਦੂਰ ਰਹਿਣ ਲਈ ਪ੍ਰੇਰਦਾ। ਉਸ ਦੇ ਇਸ ਬਦਲਾਅ ਨਾਲ ਹੁਣ ਉਸ ਦੇ ਮਾਤਾ-ਪਿਤਾ ਵੀ ਸੁੱਖ ਨਾਲ ਜ਼ਿੰਦਗੀ ਜਿਊਂ ਰਹੇ ਹਨ।

ਈ-ਮੇਲ: bsjattana13@gmail.com

Advertisement
×