ਮਿੰਨੀ ਕਹਾਣੀਆਂ
ਫ਼ਿਕਰਮੰਦ ਮਾਪੇ ਗੁਰਪ੍ਰੀਤ ਸਿੰਘ ਜਖਵਾਲੀ ਮੋਹਨ ਹੁਣ ਦਸਵੀਂ ਕਰਕੇ ਅਗਲੀ ਪੜ੍ਹਾਈ ਕਰਨ ਲੱਗ ਪਿਆ ਸੀ। ਇੱਕ ਪਾਸੇ ਉਸ ਦੇ ਮਾਤਾ-ਪਿਤਾ ਆਪਣੇ ਪੁੱਤਰ ਦੀ ਪੜ੍ਹਾਈ ਵਿੱਚ ਦਿਲਚਸਪੀ ਨੂੰ ਲੈ ਕੇ ਬਹੁਤ ਖੁਸ਼ ਸਨ ਪਰ ਦੂਜੇ ਪਾਸੇ ਦਿਨੋਂ ਦਿਨ ਵਧਦੀ ਜਾ ਰਹੀ...
ਫ਼ਿਕਰਮੰਦ ਮਾਪੇ
ਗੁਰਪ੍ਰੀਤ ਸਿੰਘ ਜਖਵਾਲੀ
ਮੋਹਨ ਹੁਣ ਦਸਵੀਂ ਕਰਕੇ ਅਗਲੀ ਪੜ੍ਹਾਈ ਕਰਨ ਲੱਗ ਪਿਆ ਸੀ। ਇੱਕ ਪਾਸੇ ਉਸ ਦੇ ਮਾਤਾ-ਪਿਤਾ ਆਪਣੇ ਪੁੱਤਰ ਦੀ ਪੜ੍ਹਾਈ ਵਿੱਚ ਦਿਲਚਸਪੀ ਨੂੰ ਲੈ ਕੇ ਬਹੁਤ ਖੁਸ਼ ਸਨ ਪਰ ਦੂਜੇ ਪਾਸੇ ਦਿਨੋਂ ਦਿਨ ਵਧਦੀ ਜਾ ਰਹੀ ਸੋਸ਼ਲ ਮੀਡੀਆ ਦੀ ਮਾਰ ਅਤੇ ਇੰਟਰਨੈੱਟ ’ਤੇ ਪਈ ਗ਼ਲਤ ਸਮੱਗਰੀ ਦਾ ਵੱਡੇ ਹੋ ਰਹੇ ਬੱਚਿਆਂ ’ਤੇ ਪੈ ਰਹੇ ਅਸਰ ਕਾਰਨ ਉਨ੍ਹਾਂ ਦੀ ਚਿੰਤਾ ਵਧ ਵੀ ਰਹੀ ਸੀ ਕਿਉਂਕਿ ਅਣਭੋਲ ਉਮਰ ਵਿੱਚ ਬੱਚੇ ਕਿਸੇ ਵੀ ਚੀਜ਼ ਮਗਰ ਲੱਗ ਸਕਦੇ ਹਨ।
ਅੱਜ ਮੋਹਨ ਸਕੂਲ ਤੋਂ ਆਇਆ ਤਾਂ ਜਸਪਾਲ ਨੇ ਪਿਆਰ ਨਾਲ ਉਸ ਦੇ ਮੋਢੇ ’ਤੇ ਹੱਥ ਫੇਰਦਿਆਂ ਪੁੱਛਿਆ,“ਮੋਹਨ ਬੇਟਾ, ਸਕੂਲ ਵਿੱਚ ਤੈਨੂੰ ਕੋਈ ਤੰਗ ਪ੍ਰੇਸ਼ਾਨ ਤਾਂ ਨਹੀਂ ਕਰਦਾ ? ਤੇਰੇ ਦੋਸਤ-ਮਿੱਤਰ ਕਿਹੋ ਜਿਹੇ ਹਨ ? ਮੋਹਨ ਹੱਸ ਕੇ ਬੋਲਿਆ, ‘‘ਠੀਕ ਨੇ ਪਾਪਾ ਜੀ, ਅਸੀਂ ਸਾਰੇ ਹੀ ਹੱਸਦੇ-ਖੇਡਦੇ ਹਾਂ ਤੇ ਪੜ੍ਹਾਈ ਕਰਦੇ ਹਾਂ। ਮੋਹਨ ਦੀ ਮਾਂ ਦਲੀਪ ਨੇ ਪਾਣੀ ਦਾ ਗਿਲਾਸ ਲਿਆ ਕੇ ਮੋਹਨ ਨੂੰ ਫੜਾਉਂਦਿਆਂ ਕਿਹਾ, “ਬੇਟਾ, ਇਹ ਉਮਰ ਦਰਿਆ ਵਰਗੀ ਹੁੰਦੀ ਹੈ, ਜੇ ਪਾਣੀ ਨੂੰ ਸਹੀ ਦਿਸ਼ਾ ਮਿਲੇ ਤਾਂ ਖੇਤਾਂ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ ਹੁੰਦੀ ਹੈ, ਪਰ ਜੇਕਰ ਇਸ ਦਾ ਵੇਗ ਗ਼ਲਤ ਹੋਵੇ ਤਾਂ ਇਹੀ ਪਾਣੀ ਤਬਾਹੀ ਵੀ ਲਿਆ ਦਿੰਦਾ ਹੈ।”
ਜਸਪਾਲ ਨੇ ਕਿਹਾ, ‘‘ਪੁੱਤਰ ਦੋਸਤ ਉਹ ਬਣਾਓ ਜੋ ਤੁਹਾਨੂੰ ਪੜ੍ਹਾਈ, ਖੇਡਾਂ ਅਤੇ ਚੰਗੇ ਕੰਮ ਵੱਲ ਲੈ ਜਾਣ। ਜੋ ਗ਼ਲਤ ਆਦਤਾਂ ਸਿਖਾਉਣ, ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਸਲੀ ਦੋਸਤ ਉਹੀ ਹੈ ਜੋ ਗ਼ਲਤ ਕੰਮ ਤੋਂ ਰੋਕੇ।”
ਮੋਹਨ ਨੇ ਗੰਭੀਰ ਹੋ ਕੇ ਸਿਰ ਹਿਲਾਉਂਦਿਆਂ ਕਿਹਾ, ‘‘ਮੈਂ ਵਾਅਦਾ ਕਰਦਾ ਹਾਂ ਕਿ ਚੰਗੀ ਸੰਗਤ ਚੁਣਾਂਗਾ ਅਤੇ ਚੰਗੇ ਰਾਹ ’ਤੇ ਹੀ ਤੁਰਾਗਾ।’’
ਦੋਵੇਂ ਮਾਂ-ਪਿਓ ਦੇ ਚਹਿਰਿਆਂ ’ਤੇ ਮੁਸਕੁਰਾਹਟ ਸੀ। ਦਲੀਪ ਨੇ ਮੋਹਨ ਦੀਆਂ ਗੱਲ੍ਹਾਂ ’ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, ‘‘ਸਾਨੂੰ ਤੇਰੇ ’ਤੇ ਪੂਰਾ ਭਰੋਸਾ ਹੈ ਪੁੱਤ।”
ਸੰਪਰਕ: 98550-36444
* * *
ਮੌਤ
ਹਰਭਿੰਦਰ ਸਿੰਘ ਸੰਧੂ
ਸਾਧ ਸੰਗਤ ਜੀ, ਅਣਹੋਣੀ ਕਦੇ ਵੀ ਨਹੀਂ ਵਾਪਰਦੀ। ਮੌਤ ਦੀ ਚਿੰਤਾ ਬੰਦੇ ਨੂੰ ਕਦੇ ਨਹੀਂ ਕਰਨੀ ਚਾਹੀਦੀ। ਇੱਕ ਘੰਟਾ ਆਪਣੇ ਦੀਵਾਨ ਵਿੱਚ, ‘‘ਮੌਤ ਇੱਕ ਅਟੱਲ ਸੱਚਾਈ ਹੈ’’ ਦੀ ਦੁਹਾਈ ਪਾਉਣ ਵਾਲਾ ਬਾਬਾ ਆਪਣੇ ਕਰੀਬ ਦਸ ਗੰਨਮੈਨਾਂ ਨੂੰ ਲੈ ਕੇ ਅਗਲੇ ਦੀਵਾਨ ਵੱਲ ਰਵਾਨਾ ਹੋ ਗਿਆ।
ਸੰਪਰਕ: 97810-81888
* * *
ਜੰਗ ਦਾ ਦਰਦ
ਗੁਰਪ੍ਰੀਤ ਮਾਨ ਮੌੜ
ਅੱਜ ਜਦ ਸੇਵਾ ਸਿੰਘ ਖੇਤ ਗੇੜਾ ਮਾਰ ਕੇ ਘਰ ਮੁੜਿਆ ਤਾਂ ਘਰ ਦਰਵਾਜ਼ੇ ’ਚ ਮੰਜੇ ’ਤੇ ਬੈਠੇ ਬਾਪੂ ਕਰਤਾਰ ਸਿੰਘ ਦੇ ਚਿਹਰੇ ’ਤੇ ਉਸ ਨੂੰ ਉਦਾਸੀ ਝਲਕਦੀ ਦਿਸੀ। ਮੂੰਹ ਹੱਥ ਧੋ ਜਦ ਉਹ ਬਾਪੂ ਕੋਲ ਆਇਆ ਤਾਂ ਉਸ ਨੇ ਬਾਪੂ ਨੂੰ ਪੁੱਛਿਆ ਬਾਪੂ ਜੀ ਕੀ ਗੱਲ ਅੱਜ ਉਦਾਸ ਲੱਗ ਰਹੇ ਹੋ।
ਇਹ ਗੱਲ ਸੁਣ ਕਰਤਾਰ ਸਿੰਘ ਦੀਆਂ ਅੱਖਾਂ ਭਰ ਆਈਆਂ। ਉਸ ਦੇ ਬੋਲ ਸਨ ਕਿ ਪੁੱਤਰਾਂ ਅਸੀਂ ਆਪਣੇ ਵੇਲੇ ਜੰਗ ਦਾ ਦਰਦ ਹੰਢਾਇਆ ਤੇ ਹੱਡ ਤੋੜਵੀਂ ਮਿਹਨਤ ਕਰ ਤਹਾਨੂੰ ਪੈਰਾਂ ਸਿਰ ਕੀਤਾ ਹੈ। ਹੁਣ ਆਹ ਜਿਹੜੀ ਜੰਗ ਮੁਲਕਾਂ ਦੀ ਇਕ ਦੂਜੇ ਨੂੰ ਜਿੱਤਣ ਹਰਾਉਣ ਦੀ ਲੱਗ ਗਈ ਇਸ ਦਾ ਦਰਦ ਮੇਰੇ ਤੋਂ ਨਹੀਂ ਹੰਢਾਇਆ ਜਾਣਾ। ਇਹ ਜੰਗ ਦਾ ਦਰਦ ਕਿਤੇ ਮੈਨੂੰ ਨਾ ਲੈ ਬੈਠੇ। ਇਹ ਗੱਲ ਕਹਿ ਕਰਤਾਰ ਸਿੰਘ ਉਪਰ ਅਸਮਾਨ ਵੱਲ ਦੇਖ ਮੰਜੇ ’ਤੇ ਲੰਮਾ ਪੈ ਗਿਆ।
ਸੰਪਰਕ: 98761-98000
* * *
ਸੁਰਗ ਦੇ ਝੂਟੇ
ਜਗਦੇਵ ਸ਼ਰਮਾ ਬੁਗਰਾ
‘‘ਜੈਲੋ ! ਅੱਜ ਨ੍ਹੀਂ ਮੈਂ ਦਿਹਾੜੀ ਜਾਂਦਾ।’’
‘‘ਕਿਉਂ ? ਕੀ ਗੱਲ, ਢਿੱਲਾ ਮੱਠੈਂ ? , ਚਾਹ ਬਣਾ ਕੇ ਦੇਵਾਂ? ਨਿਰਮਲ ਦਿਓਂ ਕੋਈ ਦਵਾਈ ਲਿਆ ਕੇ ਦੇਵਾਂ ਜੇ ਚਿੱਤ ਜਿਆਦਾ ਖਰਾਬ ਐ ?’’ ਫਿਕਰ ’ਚ ਪਈ ਜੈਲੋ ਨੇ ਇੱਕੋ ਸਾਹੇ ਕਈ ਸਵਾਲ ਕਰ ਦਿੱਤੇ ਸਨ। ‘‘ਨਹੀਂ , ਇਹੋ ਜਿਹੀ ਕੋਈ ਗੱਲ ਨ੍ਹੀਂ। ਨੌ ਬਰ ਨੌ ਆਂ ਮੈਂ। ਅੱਜ ਮੈਂ ਦੀਪੇ ਅਤੇ ਸੀਪੇ ਨੂੰ ਦਸਹਿਰੇ ਦਾ ਮੇਲਾ ਦਿਖਾ ਕੇ ਲਿਆਵਾਂਗਾ।’’ ਬੰਤੇ ਨੇ ਦਿਲ ਦੀ ਗੱਲ ਕਹੀ।
‘‘ਆਹ ਵੀ ਠੀਕ ਆ, ਜ਼ਰੂਰੀ ਤਾਂ ਨ੍ਹੀਂ ਰੋਜ਼ ਈ ਮਰਨੈ। ਕਦੇ ਕਦੇ ਸਰੀਰ ਨੂੰ ਆਰਾਮ ਵੀ ਚਾਹੀਦੈ। ਨਾਲੇ ਜੁਆਕਾਂ ਦਾ ਚਾਓ ਪੂਰਾ ਹੋਜੂ।’’ ਜੈਲੋ ਦੀ ਸਲਾਹ ਵੀ ਬੰਤੇ ਵਾਲੀ ਹੀ ਸੀ।
ਬੰਤਾ ਛੇ ਸਾਲਾਂ ਦੇ ਪ੍ਰਦੀਪ ਤੇ ਪੰਜ ਸਾਲਾਂ ਦੇ ਸ਼ਿਵਦੀਪ ਨੂੰ ਸਾਈਕਲ ’ਤੇ ਅੱਗੇ-ਪਿੱਛੇ ਬਹਾ ਕੇ ਮੇਲਾ ਦਿਖਾਉਣ ਲੈ ਗਿਆ। ਪਿਓ ਨਾਲ ਮੇਲਾ ਦੇਖਣ ਆਏ ਦੀਪਾ ਤੇ ਸੀਪਾ ਅੱਜ ਖ਼ੁਦ ਨੂੰ ਕਿਸੇ ਬਾਦਸ਼ਾਹ ਦੇ ਪੁੱਤਰਾਂ ਵਰਗੇ ਸਮਝ ਰਹੇ ਸਨ। ਉਨ੍ਹਾਂ ਘੁੰਮ ਫਿਰ ਕੇ ਮੇਲਾ ਦੇਖਿਆ, ਝੂਟੇ ਲਏ, ਬਰਫ ਦੇ ਗੋਲੇ ਖਾਧੇ, ਬੰਤੇ ਨੇ ਦੋ ਰੁਪਏ ਦੀਆਂ ਜਲੇਬੀਆਂ ਲੈ ਕੇ ਖੁਆਈਆਂ। ਸ਼ਾਮ ਢਲਣ ਤੱਕ ਦੋਵਾਂ ਨੇ ਆਪਣੇ ਪਿਓ ਨਾਲ ਬਹੁਤ ਮਜ਼ੇ ਕੀਤੇ। ਅੱਜ ਆਪਣੇ ਪਿਓ ਦੀ ਸਾਈਕਲ ’ਤੇ ਬੈਠੇ ਦੀਪਾ ਤੇ ਸੀਪਾ ਜਿਵੇਂ ਸੁਰਗ ਦੇ ਝੂਟੇ ਲੈ ਕੇ ਪਰਤੇ ਸਨ।
ਸਮਾਂ ਬੀਤਦਾ ਗਿਆ। ਦੋਵੇਂ ਭਰਾ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ’ਤੇ ਹੋ ਗਏ। ਜ਼ਿੰਦਗੀ ’ਚ ਸਭ ਕੁਝ ਹਾਸਲ ਹੋ ਗਿਆ, ਹੇਠਾਂ ਕਾਰ, ਸ਼ਹਿਰ ਵਿੱਚ ਕੋਠੀ, ਸਾਰੀਆਂ ਸੁੱਖ ਸਹੂਲਤਾਂ, ਪਰ ਇੱਕ ਘਾਟ ਸੀ ਜੋ ਹੁਣ ਕਦੇ ਪੂਰੀ ਨਹੀਂ ਸੀ ਹੋ ਸਕਦੀ।
ਹੁਣ ਉਨ੍ਹਾਂ ਨੂੰ ਉਹ ਸੁਰਗ ਦੇ ਝੂਟੇ ਦਿਵਾਉਣ ਵਾਲਾ ਪਿਓ ਉਨ੍ਹਾਂ ਦੇ ਸਿਰ ’ਤੇ ਨਹੀਂ ਸੀ ਰਿਹਾ।
ਸੰਪਰਕ: 98727-87243
* * *
ਫ਼ਰਕ
ਪੱਲਵੀ ਖਿੱਪਲ
ਇੰਦਰ ਆਪਣੀ ਭੈਣ ਜੱਸੀ ਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਚਾਹੁੰਦਾ ਸੀ। ਸਿਰ ’ਤੇ ਪਿਓ ਨਾ ਹੋਣ ਕਰਕੇ ਉਸ ਨੇ ਜੱਸੀ ਦਾ ਵਿਆਹ ਖ਼ੁਦ ਸਾਰੀ ਜ਼ਿੰਮੇਵਾਰੀ ਚੁੱਕ ਕੇ ਬੜੀ ਧੂਮਧਾਮ ਨਾਲ ਕੀਤਾ। ਵਿਆਹ ਤੋਂ ਬਾਅਦ ਜੱਸੀ ਦਾ ਫੋਨ ਤਾਂ ਤਕਰੀਬਨ ਰੋਜ਼ ਆਉਂਦਾ ਪਰ ਉਹ ਰਹਿਣ ਲਈ ਬਹੁਤ ਘੱਟ ਆਈ। ਉਂਝ ਸਹੁਰੇ ਘਰ ਉਹ ਬਹੁਤ ਖੁਸ਼ ਸੀ ਕਿਉਂਕਿ ਜਦੋਂ ਵੀ ਉਸ ਦਾ ਫੋਨ ਆਉਂਦਾ ਤਾਂ ਜੱਸੀ ਦੀਆਂ ਗੱਲਾਂ ’ਚੋਂ ਖੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ। ਮਾਂ ਨੂੰ ਵੀ ਸਕੂਨ ਸੀ ਕਿ ਉਸ ਦੀ ਧੀ ਸਹੁਰੇ ਘਰ ਖੁਸ਼ ਹੈ। ਕਰਦੇ ਕਰਾਉਂਦੇ ਸਾਲ ਬੀਤ ਗਿਆ। ਹੁਣ ਇੰਦਰ ਦਾ ਵੀ ਵਿਆਹ ਹੋ ਗਿਆ। ਇੰਦਰ ਦੀ ਵਹੁਟੀ ਰਮਨ ਬੜੀ ਹੀ ਸੋਹਣੀ ਤੇ ਸੁਸ਼ੀਲ ਸੀ।
ਵਿਆਹ ਦੇ ਸਾਰੇ ਰਸਮ-ਰਿਵਾਜ ਖੁਸ਼ੀ ਖੁਸ਼ੀ ਨੇਪਰੇ ਚੜ੍ਹੇ। ਦੋ-ਚਾਰ ਦਿਨਾਂ ਵਿੱਚ ਹੀ ਸਾਰੇ ਰਿਸ਼ਤੇਦਾਰ ਘਰੋ-ਘਰੀਂ ਮੁੜ ਗਏ। ਜੱਸੀ ਵੀ ਆਪਣੇ ਸਹੁਰੇ ਚਲੀ ਗਈ। ਇੰਦਰ ਨੂੰ ਇਹ ਚੰਗਾ ਨਾ ਲੱਗਿਆ ਕਿ ਉਸ ਦੀ ਭੈਣ ਹਫ਼ਤਾ ਵੀ ਉਸ ਕੋਲ ਨਹੀਂ ਸੀ ਰਹੀ। ਆਪਣੀ ਭੈਣ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਇੰਦਰ ਨੇ ਆਪਣੀ ਮਾਂ ਨੂੰ ਕਿਹਾ, ‘‘ਵੇਖ ਲਓ ਮੰਮੀ, ਜੱਸੀ ਨੂੰ ਮੈਂ ਆਖਿਆ ਵੀ ਸੀ ਕਿ ਕੁਝ ਦਿਨ ਰੁਕ ਜਾਵੇ ਪਰ ਉਸ ਮੇਰੀ ਇੱਕ ਨਹੀਂ ਮੰਨੀ। ਉਹ ਤਾਂ ਬੱਸ ਸਹੁਰਿਆਂ ਦੀ ਹੀ ਬਣ ਕੇ ਰਹਿ ਗਈ ਹੈ।’’ ਕੁਝ ਦਿਨਾਂ ਬਾਅਦ ਇੰਦਰ ਦੇ ਦਫ਼ਤਰ ਜਾਣ ਤੋਂ ਪਹਿਲਾਂ ਮਾਂ ਨੇ ਆਖਿਆ, ‘‘ਬੇਟਾ ਨੂੰ ਰਮਨ ਨੂੰ ਕੁਝ ਦਿਨਾਂ ਲਈ ਇਸ ਦੇ ਪੇਕੇ ਘਰ ਛੱਡ ਆ, ਉਹ ਵੀ ਇਸ ਨੂੰ ਯਾਦ ਕਰਦੇ ਹੋਣਗੇ। ਆਪਣੀ ਮਾਂ ਦੀ ਗੱਲ ਵਿੱਚ ਹੀ ਟੋਕ ਕੇ ਇੰਦਰ ਬੋਲ ਪਿਆ, ‘‘ਲੈ ਮੰਮੀ 25 ਸਾਲ ਉਥੇ ਹੀ ਰਹੀ ਹੈ, ਕਿਹੜਾ ਇਸ ਨੂੰ ਉਨ੍ਹਾਂ ਦਾ ਮੂੰਹ ਭੁੱਲ...’’ ਇੰਨਾ ਬੋਲਦਿਆਂ ਜਿਵੇਂ ਇੰਦਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ। ਉਸ ਨੇ ਰਮਨ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, ‘‘ਤੂੰ ਸ਼ਾਮ ਨੂੰ ਤਿਆਰ ਰਹੀਂ ਰਮਨ, ਮੈਂ ਦਫ਼ਤਰ ਤੋਂ ਆ ਕੇ ਤੈਨੂੰ ਘਰੇ ਛੱਡ ਆਵਾਂਗਾ।’’ ਰਮਨ ਦੀਆਂ ਅੱਖਾਂ ਵਿੱਚ ਖੁਸ਼ੀ ਦੇਖ ਇੰਦਰ ਦੀ ਮਾਂ ਦੇ ਦਿਲ ਨੂੰ ਧਰਵਾਸਾ ਮਿਲਿਆ ਸੀ।
* * *

