ਮਿਨੀ ਕਹਾਣੀਆਂ
ਮੇਜਰ ਦੀ ਆਖ਼ਰੀ ਦੌੜ ਜਤਿੰਦਰ ਸ਼ਰਮਾ ਭੁੱਚੋ ਪ੍ਰਾਇਮਰੀ ਅਧਿਆਪਕ ਵਜੋਂ ਮੇਰੀ ਨੌਕਰੀ ਦੇ ਸੱਤ ਕੁ ਸਾਲ ਬਾਅਦ 2017 ਦੀ ਗੱਲ ਹੈ ਕਿ ਵਿਭਾਗ ਵੱਲੋਂ ਸਕੂਲ ਵਿੱਚ ਦਾਖ਼ਲਾ ਵਧਾਉਣ ਦਾ ਪੂਰਾ ਦਬਾਅ ਸੀ। ਮੈਂ ਅਤੇ ਮੇਰਾ ਸਾਥੀ ਭੋਲਾ ਮਾਸਟਰ ਪਿੰਡ ਦੀਆਂ...
ਮੇਜਰ ਦੀ ਆਖ਼ਰੀ ਦੌੜ
ਜਤਿੰਦਰ ਸ਼ਰਮਾ ਭੁੱਚੋ
ਪ੍ਰਾਇਮਰੀ ਅਧਿਆਪਕ ਵਜੋਂ ਮੇਰੀ ਨੌਕਰੀ ਦੇ ਸੱਤ ਕੁ ਸਾਲ ਬਾਅਦ 2017 ਦੀ ਗੱਲ ਹੈ ਕਿ ਵਿਭਾਗ ਵੱਲੋਂ ਸਕੂਲ ਵਿੱਚ ਦਾਖ਼ਲਾ ਵਧਾਉਣ ਦਾ ਪੂਰਾ ਦਬਾਅ ਸੀ। ਮੈਂ ਅਤੇ ਮੇਰਾ ਸਾਥੀ ਭੋਲਾ ਮਾਸਟਰ ਪਿੰਡ ਦੀਆਂ ਗਲੀਆਂ ਵਿੱਚ ਨਵੇਂ ਬੱਚਿਆਂ ਦੀ ਭਾਲ ਕਰ ਰਹੇ ਸਾਂ। ਪਿੰਡ ਦੀ ਫਿਰਨੀ ਤੇ ਛੱਪੜ ਦੇ ਕੰਢੇ ਕੁਝ ਬਾਹਰੋਂ ਆਏ ਪਰਿਵਾਰਾਂ ਨੇ ਆਪਣੇ ਡੇਰੇ ਲਾਏ ਹੋਏ ਸਨ। ਉੱਥੇ ਖੇਡਦੇ ਬੱਚਿਆਂ ਨੂੰ ਦੇਖ ਕੇ ਅਸੀਂ ਉਨ੍ਹਾਂ ਦੇ ਫਾਰਮ ਭਰੇ ਅਤੇ ਮਾਪਿਆਂ ਨੂੰ ਬੱਚੇ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ।
ਅਗਲੇ ਦਿਨ ਸਕੂਲ ਦੇ ਵਰਾਂਡੇ ਵਿੱਚ ਤਿੰਨ ਬੱਚੇ ਆਪਣੀ ਮਾਂ ਦੇ ਪਿੱਛੇ-ਪਿੱਛੇ ਤੁਰੇ ਆ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਬਹੁਤ ਹੀ ਮਾਸੂਮ ਅਤੇ ਪਿਆਰਾ ਬੱਚਾ ਸੀ ਮੇਜਰ। ਮੇਜਰ ਜਿੰਨਾ ਦੇਖਣ ਵਿੱਚ ਸੋਹਣਾ ਸੀ, ਓਨਾ ਹੀ ਸੁਭਾਅ ਪੱਖੋਂ ਆਗਿਆਕਾਰ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਜਦੋਂ ਮੇਜਰ ਚੌਥੀ ਜਮਾਤ ਵਿੱਚ ਪਹੁੰਚਿਆ ਤਾਂ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਨਿੱਕੀ ਜਿਹੀ ਉਮਰ ਵਿੱਚ ਹੀ ਉਹ ਜ਼ਿੰਮੇਵਾਰੀਆਂ ਦੇ ਬੋਝ ਹੇਠ ਦਬ ਗਿਆ। ਸਵੇਰੇ ਉੱਠ ਕੇ ਘਰਾਂ ਵਿੱਚੋਂ ਚਾਹ ਮੰਗ ਕੇ ਲਿਆਉਣੀ, ਫਿਰ ਪਸ਼ੂਆਂ ਦਾ ਗੋਹਾ-ਕੂੜਾ ਕਰਨਾ। ਭੋਲਾ ਮਾਸਟਰ ਪਿੰਡ ਦਾ ਹੋਣ ਕਰ ਕੇ ਨਿੱਜੀ ਤੌਰ ’ਤੇ ਮੇਜਰ ਦੀ ਹਰ ਸੰਭਵ ਮਦਦ ਕਰਦਾ।
ਪੰਜਵੀਂ ਜਮਾਤ ਵਿੱਚ ਮੇਜਰ ਦਾ ਇੱਕ ਵੱਖਰਾ ਹੀ ਰੂਪ ਸਾਹਮਣੇ ਆਇਆ। ਸਕੂਲ ਵਿੱਚ ਖੇਡ ਗਰਾਊਂਡ ਨਾ ਹੋਣ ਦੇ ਬਾਵਜੂਦ, ਜਦੋਂ ਉਹ ਦੌੜਿਆ ਤਾਂ ਹਵਾਵਾਂ ਨੂੰ ਮਾਤ ਦੇ ਦਿੱਤੀ। ਸੈਂਟਰ ਤੋਂ ਬਲਾਕ ਅਤੇ ਬਲਾਕ ਤੋਂ ਜ਼ਿਲ੍ਹਾ ਪੱਧਰ ਤੱਕ ਉਹ ਪਹਿਲੇ ਸਥਾਨ ’ਤੇ ਰਿਹਾ। ਰਾਜ ਪੱਧਰੀ ਮੁਕਾਬਲਿਆਂ ਵਿੱਚ ਜਦੋਂ ਮੇਜਰ ਨਵਾਂ-ਨਕੋਰ ਟਰੈਕ ਸੂਟ ਪਾ ਕੇ 400 ਮੀਟਰ ਦੀ ਦੌੜ ਲਈ ਖੜ੍ਹਾ ਹੋਇਆ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ। ਉਹ ਪੰਜਾਬ ਜੇਤੂ ਬਣਿਆ। ਪਿੰਡ ਵਾਲਿਆਂ ਅਤੇ ਪੰਚਾਇਤ ਨੇ ਉਸ ਦਾ ਭਰਵਾਂ ਸਵਾਗਤ ਕੀਤਾ, ਪਰ ਮੇਜਰ ਅੱਜ ਵੀ ਉਹੀ ਨਿਮਰ ਬੱਚਾ ਸੀ।
ਮੇਜਰ ਸੱਤਵੀਂ ਜਮਾਤ ਵਿੱਚ ਹੋ ਗਿਆ ਸੀ। ਨਿੱਕੀ ਉਮਰੇ ਮਿਲੀ ਪ੍ਰਸਿੱਧੀ ਉਸ ਦੀ ਗ਼ਰੀਬੀ ਦਾ ਭਾਰ ਹਲਕਾ ਨਾ ਕਰ ਸਕੀ। ਘਰ ਵਿੱਚ ਵੱਡੀ ਭੈਣ ਦੇ ਵਿਆਹ ਦੀ ਚਿੰਤਾ ਉਸ ਨੂੰ ਰਾਤਾਂ ਨੂੰ ਸੌਣ ਨਹੀਂ ਸੀ ਦਿੰਦੀ। ਉਹ ਬੱਚਾ ਜੋ ਸਟੇਡੀਅਮਾਂ ਵਿੱਚ ‘ਹੀਰੋ’ ਸੀ, ਸਵੇਰੇ ਪਿੰਡ ਦੀਆਂ ਬਰੂਹਾਂ ’ਤੇ ‘ਮੰਗਤਾ’ ਬਣ ਕੇ ਖੜ੍ਹਨ ਲਈ ਮਜਬੂਰ ਸੀ। ਸਮਾਜ ਦਾ ਦੋਗਲਾ ਚਿਹਰਾ ਦੇਖੋ ਜਿਨ੍ਹਾਂ ਦੇ ਹੱਥ ਸਟੇਜਾਂ ’ਤੇ ਉਸ ਲਈ ਤਾੜੀਆਂ ਵਜਾਉਂਦੇ ਸਨ, ਉਨ੍ਹਾਂ ਦੀਆਂ ਹੀ ਅੱਖਾਂ ਉਸ ਵੱਲ ਚਾਹ ਦਾ ਬਚਿਆ-ਖੁਚਿਆ ਕੱਪ ਵਧਾਉਂਦੇ ਹੋਏ ਤਰਸ ਜਾਂ ਨਫ਼ਰਤ ਦਿਖਾਉਂਦੀਆਂ ਸਨ।
ਸਕੂਲ ਵਿੱਚ ਉਸ ਦਾ ਜੀਣਾ ਦੁੱਭਰ ਹੋ ਗਿਆ। ਉਸ ਦੇ ਜਮਾਤੀ, ਜੋ ਕਦੇ ਉਸ ਦੀ ਤੇਜ਼ ਰਫ਼ਤਾਰ ਦੇ ਕਾਇਲ ਸਨ, ਹੁਣ ਉਸ ਦੀ ਗ਼ਰੀਬੀ ਦਾ ਮਜ਼ਾਕ ਉਡਾਉਣ ਲੱਗੇ। ਹਰ ਰੋਜ਼ ਉਸ ਦੇ ਕੰਨਾਂ ਵਿੱਚ ਇਹ ਸ਼ਬਦ ਜ਼ਹਿਰ ਵਾਂਗ ਘੁਲਦੇ, ‘ਓਏ ਮੰਗਤਿਆ, ਅੱਜ ਕਿੰਨੇ ਘਰਾਂ ’ਚੋਂ ਰੋਟੀ ਮੰਗੀ ਐ?’, ‘ਦੇਖੋ ਬਈ, ਸਟੇਟ ਚੈਂਪੀਅਨ ਹੁਣ ਚਾਹ ਮੰਗਣ ਚੱਲਿਆ!’ ਮੇਜਰ ਦੇ ਅੰਦਰਲਾ ਖਿਡਾਰੀ ਇਹ ਅਪਮਾਨ ਸਹਿ ਨਾ ਸਕਿਆ। ਉਹ ਜਿਸ ਟਰੈਕ ਸੂਟ ਨੂੰ ਆਪਣੀ ਸ਼ਾਨ ਸਮਝਦਾ ਸੀ, ਹੁਣ ਉਸੇ ਨੂੰ ਪਾ ਕੇ ਸਕੂਲ ਜਾਣ ਤੋਂ ਡਰਨ ਲੱਗਾ। ਉਸ ਨੂੰ ਲੱਗਦਾ ਸੀ ਕਿ ਸਭ ਦੀਆਂ ਨਜ਼ਰਾਂ ਉਸ ਦੇ ਮੈਡਲਾਂ ’ਤੇ ਨਹੀਂ, ਉਸ ਦੀ ਪਾਟੀ ਵਰਦੀ, ਗ਼ਰੀਬੀ ਅਤੇ ਮਾੜੀ ਹਾਲਤ ’ਤੇ ਹਨ।
ਇੱਕ ਦਿਨ ਆਸਮਾਨ ਵਿੱਚ ਗੂੜ੍ਹੇ ਬੱਦਲ ਸਨ। ਮੇਜਰ ਦੇ ਪੈਰ, ਜੋ ਕਦੇ ਬਿਜਲੀ ਵਰਗੀ ਤੇਜ਼ੀ ਨਾਲ ਦੌੜਦੇ ਸਨ, ਅੱਜ ਤਾਅਨਿਆਂ ਦੇ ਬੋਝ ਹੇਠ ਪੂਰੀ ਤਰ੍ਹਾਂ ਮਣਾਂ-ਮੂੰਹੀ ਭਾਰੇ ਹੋ ਚੁੱਕੇ ਸਨ। ਉਸ ਨੇ ਆਖ਼ਰੀ ਵਾਰ ਆਪਣਾ ਉਹ ਨਵਾਂ-ਨਕੋਰ ਟਰੈਕ ਸੂਟ ਦੇਖਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਿਰ ਕੇ ਉਸ ਮੈਡਲ ’ਤੇ ਜਾ ਪਏ, ਜੋ ਹੁਣ ਗ਼ਰੀਬੀ ਦੀ ਧੂੜ ਵਿੱਚ ਆਪਣੀ ਚਮਕ ਗੁਆ ਰਿਹਾ ਸੀ। ਉਸ ਨੇ ਮਹਿਸੂਸ ਕੀਤਾ ਕਿ ਉਹ ਦੁਨੀਆ ਦੀਆਂ ਦੌੜਾਂ ਤਾਂ ਜਿੱਤ ਸਕਦਾ ਹੈ, ਪਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਅਤੇ ਮਿਹਣਿਆਂ ਦੀ ਦੌੜ ਵਿੱਚ ਉਹ ਬੁਰੀ ਤਰ੍ਹਾਂ ਹਾਰ ਰਿਹਾ ਹੈ।
ਅਚਾਨਕ ਖ਼ਬਰ ਮਿਲੀ ਕਿ ਮੇਜਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਹ ਬੱਚਾ ਜੋ ਮੈਦਾਨਾਂ ਵਿੱਚ ਵੱਡੇ-ਵੱਡੇ ਦੌੜਾਕਾਂ ਨੂੰ ਮਾਤ ਦਿੰਦਾ ਸੀ, ਜ਼ਿੰਦਗੀ ਦੇ ‘ਮਿਹਣਿਆਂ ਭਰੇੇ ਟਰੈਕ’ ’ਤੇ ਹਾਰ ਗਿਆ।
ਸੰਪਰਕ: 95014-75400
* * *
ਲੁੱਟ ਖੋਹ
ਬਰਜਿੰਦਰ ਕੌਰ ਬਿਸਰਾਓ
ਹਰਮਨ ਹਾਲੇ ਹਲਕੀ ਉਮਰ ਦਾ ਹੀ ਸੀ, ਜਦੋਂ ਸਕੂਲੇ ਪੜ੍ਹਦਿਆਂ ਉਸ ਦਾ ਉੱਠਣ-ਬੈਠਣ ਅਜਿਹੇ ਮੁੰਡਿਆਂ ਨਾਲ ਹੋ ਗਿਆ, ਜੋ ਸਕੂਲੇ ਪੜ੍ਹਾਈ ਕਰਨ ਨਹੀਂ, ਸਗੋਂ ਆਵਾਰਾਗਰਦੀ ਕਰਨ ਜਾਂਦੇ ਸਨ। ਉਨ੍ਹਾਂ ਨਾਲ ਰਲ ਕੇ ਪੜ੍ਹਾਈ ਵਿੱਚ ਤਾਂ ਉਸ ਦੀ ਹਾਲਤ ਵਿਗੜੀ ਹੀ ਸੀ, ਦਸਵੀਂ ਤੱਕ ਪਹੁੰਚਦਿਆਂ ਉਸ ਨੂੰ ਨਸ਼ੇ ਕਰਨ ਦੀ ਆਦਤ ਵੀ ਪੈ ਗਈ ਸੀ। ਪਹਿਲਾਂ ਪਹਿਲ ਉਸ ਨੇ ਸਵਾਦ ਦੇਖਣ ਦੇ ਇਰਾਦੇ ਨਾਲ ਜਿਨ੍ਹਾਂ ਨਸ਼ਿਆਂ ਨੂੰ ਮੂੰਹ ਲਾਇਆ, ਮਗਰੋਂ ਉਨ੍ਹਾਂ ਦਾ ਹੀ ਗ਼ੁਲਾਮ ਬਣ ਕੇ ਰਹਿ ਗਿਆ। ਹਰਮਨ ਦੇ ਮਾਪਿਆਂ ਨੂੰ ਪਹਿਲਾਂ ਇਸ ਗੱਲ ਦਾ ਅਹਿਸਾਸ ਨਾ ਹੋਇਆ, ਪਰ ਜਦੋਂ ਤੱਕ ਉਨ੍ਹਾਂ ਨੂੰ ਸਮਝ ਆਈ ਉਦੋਂ ਤੱਕ ਉਹ ਦਿਨ ਰਾਤ ਨਸ਼ੇ ਦੀ ਲੋਰ ਵਿੱਚ ਰਹਿਣ ਲੱਗ ਪਿਆ ਸੀ। ਉਨ੍ਹਾਂ ਬਹੁਤ ਯਤਨ ਕੀਤੇ ਕਿ ਹਰਮਨ ਇਨ੍ਹਾਂ ਨਸ਼ਿਆਂ ਦੀ ਮਾਰ ਤੋਂ ਬਾਹਰ ਆ ਜਾਵੇ, ਪਰ ਕਾਮਯਾਬ ਨਾ ਹੋ ਸਕੇ। ਜਿਵੇਂ-ਤਿਵੇਂ ਕਰਕੇ ਉਨ੍ਹਾਂ ਕਹਿ ਕਹਾ ਕੇ ਉਸ ਨੂੰ ਬਾਰ੍ਹਵੀਂ ਪਾਸ ਕਰਵਾਈ। ਜ਼ਿੱਦ ਕਰਕੇ ਕਾਲਜ ਲੱਗ ਗਿਆ, ਪਰ ਦੋ-ਤਿੰਨ ਸਾਲ ਬਰਬਾਦ ਕਰਕੇ ਅਖੀਰ ਪੜ੍ਹਾਈ ਛੱਡ ਦਿੱਤੀ। ਨੇੜਲੇ ਪਿੰਡ ਵਿਆਹੀ ਉਸ ਦੀ ਵੱਡੀ ਭੈਣ ਤੇ ਭਣੋਈਆ ਵੀ ਬਹੁਤ ਸਮਝਾਉਂਦੇ ਸਨ, ਪਰ ਉਸ ਨੇ ਕਿਸੇ ਦੀ ਨਾ ਸੁਣੀ।
ਜ਼ਮੀਨ ਥੋੜ੍ਹੀ ਹੋਣ ਦੇ ਬਾਵਜੂਦ ਹਰਮਨ ਦਾ ਪਿਤਾ ਘਰ ਦਾ ਗੁਜ਼ਾਰਾ ਚੰਗਾ ਚਲਾ ਰਿਹਾ ਸੀ, ਪਰ ਨਸ਼ਿਆਂ ਨੇ ਹਰਮਨ ਦੀ ਮੱਤ ਅਜਿਹੀ ਮਾਰੀ ਸੀ ਕਿ ਹੁਣ ਉਹ ਆਪਣੇ ਪਿਓ ਕੋਲ ਇਹ ਜ਼ਿੱਦ ਕਰਨ ਲੱਗ ਪਿਆ ਸੀ ਕਿ ਜ਼ਮੀਨ ਵੇਚ ਕੇ ਉਸ ਨੂੰ ਕੰਮ ਖੋਲ੍ਹ ਕੇ ਦੇਵੇ। ਘਰੇ ਕਲੇਸ਼ ਰਹਿਣ ਕਰਕੇ ਮਾਪਿਆਂ ਨੇ ਉਸ ਦਾ ਖ਼ਰਚਾ ਪਾਣੀ ਬੰਦ ਕਰ ਦਿੱਤਾ। ਉਨ੍ਹਾਂ ਦਾ ਖ਼ਿਆਲ ਸੀ ਕਿ ਜੇਕਰ ਘਰੋਂ ਨਸ਼ੇ ਲਈ ਪੈਸੇ ਹੀ ਨਾ ਮਿਲਣਗੇ ਤਾਂ ਹੌਲੀ ਹੌਲੀ ਹਰਮਨ ਨਸ਼ਿਆਂ ਤੋਂ ਦੂਰ ਹੋ ਜਾਵੇਗਾ।
ਨਸ਼ਾ ਖਰੀਦਣ ਜੋਗੇ ਪੈਸੇ ਇਕੱਠੇ ਕਰਨ ਲਈ ਉਹ ਆਪਣੇ ਦੋਸਤਾਂ ਨਾਲ ਰਲ ਕੇ ਨਿੱਕੀਆਂ ਮੋਟੀਆਂ ਚੋਰੀਆਂ ਕਰਨ ਲੱਗ ਪਿਆ। ਕਿਸੇ ਦੇ ਖੇਤ ਵਿੱਚੋਂ ਮੋਟਰ ਲਾਹ ਕੇ ਜਾਂ ਕੋਈ ਹੋਰ ਛੋਟਾ ਮੋਟਾ ਸਾਮਾਨ ਚੁੱਕ ਕੇ ਵੇਚ ਆਉਂਦਾ। ਹੁਣ ਸੁਣਨ ਵਿੱਚ ਆਇਆ ਸੀ ਕਿ ਉਹ ਦਾਅ ਲੱਗਦੇ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ। ਸੁੰਨੇ ਰਾਹਾਂ ’ਤੇ ਕਿਸੇ ਇਕੱਲੇ ਰਾਹੀ ਦਾ ਬਟੂਆ ਖੋਹ ਲੈਣਾ, ਛਾਪਾਂ ਛੱਲੇ ਲੁਹਾ ਲੈਣੇ। ਇਹ ਅੱਠ-ਦਸ ਨਸ਼ੇੜੀ ਮੁੰਡੇ ਰਲ਼ ਕੇ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ।
ਇੱਕ ਹਨੇਰੀ ਸ਼ਾਮ ਨੂੰ ਹਰਮਨ ਤੇ ਉਸ ਦੇ ਸਾਥੀਆਂ ਨੇ ਦੋ ਟੋਲੀਆਂ ਬਣਾ ਕੇ ਪਿੰਡ ਕੋਲੋਂ ਲੰਘਦੀ ਨਹਿਰ ਕੋਲ ਅਤੇ ਫਿਰਨੀ ਤੋਂ ਬਾਹਰ ਘਾਤ ਲਾ ਲਈ। ਹਰਮਨ ਨਹਿਰ ਕੋਲ ਸੀ, ਜਿੱਥੇ ਉਨ੍ਹਾਂ ਹਨੇਰਾ ਹੋਣ ਮਗਰੋਂ ਇੱਕ ਸਾਈਕਲ ਸਵਾਰ ਨੂੰ ਰੋਕ ਕੇ ਉਸ ਦੀ ਦਿਹਾੜੀ ਖੋਹ ਲਈ ਤੇ ਉਸ ਦਾ ਸਾਈਕਲ ਵੀ ਖੋਹ ਲਿਆ। ਹਰਮਨ ਤੇ ਉਸ ਦੇ ਦੋਸਤ ਸਾਈਕਲ ਸਵਾਰ ਦੀ ਕੁੱਟ ਮਾਰ ਕਰਕੇ ਉਸ ਨੂੰ ਅੱਧਮੋਇਆ ਕਰਕੇ ਦੌੜ ਗਏ। ਦੂਜੇ ਪਾਸੇ ਫਿਰਨੀ ਕੋਲ ਲੁਕ ਕੇ ਬੈਠੇ ਦੂਜੇ ਟੋਲੇ ਨੇ ਸਕੂਟਰ ’ਤੇ ਇੱਕ ਜੋੜੇ ਨੂੰ ਆਉਂਦਿਆਂ ਵੇਖਿਆ। ਉਨ੍ਹਾਂ ਲੱਕੜ ਦਾ ਇੱਕ ਵੱਡਾ ਤਣਾ ਵਗਾਹ ਕੇ ਸੜਕ ਵੱਲ ਸੁੱਟਿਆ, ਜਿਸ ਨਾਲ ਸਕੂਟਰ ਦਾ ਸੰਤੁਲਨ ਵਿਗੜ ਗਿਆ ਤੇ ਸਵਾਰ ਦੋਵੇਂ ਜੀਅ ਸੜਕ ’ਤੇ ਆਣ ਡਿੱਗੇ। ਹਮਲਾਵਰਾਂ ਨੇ ਦੋਵਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਆਦਮੀ ਦਾ ਪਰਸ, ਘੜੀ ਤੇ ਸਕੂਟਰ ਦੀ ਚਾਬੀ ਖੋਹ ਲਈ ਤੇ ਉਸ ਦੀ ਪਤਨੀ ਦੇ ਗਹਿਣੇ ਖੋਹ ਲਏ। ਦੋਵਾਂ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਨਸ਼ੇੜੀਆਂ ਨੇ ਉਨ੍ਹਾਂ ਦੀ ਕੁੱਟ ਮਾਰ ਕੀਤੀ ਤੇ ਇੱਕ ਨੇ ਉਨ੍ਹਾਂ ਦੇ ਸਿਰਾਂ ’ਤੇ ਇੱਟ ਨਾਲ ਕਈ ਵਾਰ ਕੀਤੇ। ਦੋਵਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਹਮਲਾਵਰ ਸਭ ਕੁਝ ਲੈ ਕੇ ਦੌੜ ਗਏ।
ਅੱਧੀ ਰਾਤ ਨੂੰ ਸਾਰੇ ਨਸ਼ੇੜੀ ਆਪਣੇ ਅੱਡੇ ’ਤੇ ਇਕੱਠੇ ਹੋਏ। ਅੱਜ ਸਾਰੇ ਹੀ ਖ਼ੁਸ਼ ਸਨ ਕਿਉਂਕਿ ਅੱਜ ਉਨ੍ਹਾਂ ਵੱਡਾ ਹੱਥ ਮਾਰਿਆ ਸੀ। ਸਾਰਿਆਂ ਨੇ ਰਲ਼ ਕੇ ਜਸ਼ਨ ਮਨਾਇਆ ਤੇ ਰੱਜ ਕੇ ਨਸ਼ਾ ਕੀਤਾ। ਜਦੋਂ ਅਗਲੀ ਦੁਪਹਿਰ ਤੱਕ ਨਸ਼ਾ ਉਤਰਿਆ ਤਾਂ ਹਰਮਨ ਦੇ ਘਰੋਂ ਬਹੁਤ ਸਾਰੇ ਫੋਨ ਆਏ ਹੋਏ ਸਨ। ਉਸ ਦੀ ਮਾੜੀ ਸੰਗਤ ਕਰਕੇ ਹੁਣ ਉਸ ਦੇ ਮਾਤਾ-ਪਿਤਾ ਉਸ ਨੂੰ ਬੁਲਾਉਣਾ ਛੱਡ ਗਏ ਸਨ, ਇਸ ਕਰਕੇ ਇਹ ਫੋਨ ਕਾਲਾਂ ਵੇਖ ਉਹ ਕਾਫ਼ੀ ਹੈਰਾਨ ਵੀ ਸੀ। ਉਸ ਨੇ ਮਾਂ ਨੂੰ ਫੋਨ ਮਿਲਾਇਆ ਤਾਂ ਪਿੱਛੋਂ ਰੋਣ ਦੀਆਂ ਅਵਾਜ਼ਾਂ ਆ ਰਹੀਆਂ ਸਨ, ਫੋਨ ਗੁਆਂਢਣ ਨੇ ਚੁੱਕਿਆ ਸੀ। ਹਰਮਨ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਰਾਤ ਉਸ ਦੀ ਭੈਣ ਤੇ ਜੀਜੇ ਨੂੰ ਕੁਝ ਲੁਟੇਰਿਆਂ ਨੇ ਰਾਹ ’ਚ ਰੋਕ ਕੇ ਲੁੱਟ ਖੋਹ ਕੀਤੀ ਤੇ ਉਨ੍ਹਾਂ ਦੀ ਬਹੁਤ ਕੁੱਟ ਮਾਰ ਵੀ ਕੀਤੀ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਭੈਣ ਨੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਦਮ ਤੋੜ ਦਿੱਤਾ ਤੇ ਉਸ ਦਾ ਜੀਜਾ ਹਾਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ। ਇਹ ਸਭ ਸੁਣ ਹਰਮਨ ਦੀਆਂ ਅੱਖਾਂ ਸਾਹਮਣੇ ਜਿਵੇਂ ਹਨੇਰਾ ਛਾ ਗਿਆ ਸੀ। ਉਸ ਦੇ ਦਿਮਾਗ਼ ਵਿੱਚ ਇੱਕ ਡੂੰਘੀ ਸੁੰਨ ਪੱਸਰ ਗਈ ਸੀ। ਉਸ ਆਪਣੇ ਦੋਸਤਾਂ ਵੱਲ ਨਿਗਾਹ ਮਾਰੀ, ਜੋ ਹਾਲੇ ਵੀ ਨਸ਼ੇ ਦੀ ਹਾਲਤ ਵਿੱਚ ਅੱਧਮੋਏ ਹੋਏ ਸੁੱਤੇ ਪਏ ਸਨ। ਉਸ ਦਾ ਸਿਰ ਚਕਰਾਉਣ ਲੱਗ ਪਿਆ ਤੇ ਉਹ ਧੜੰਮ ਥੱਲੇ ਡਿੱਗ ਪਿਆ।
ਸੰਪਰਕ: 99889-01324
* * *

