ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਨਰਸ

ਡਿਊਟੀ ਤੋਂ ਘਰ ਪਰਤੀ ਰੀਤ ਨੇ ਘਰ ਆਏ ਰਿਸ਼ਤੇਦਾਰ ਦੇਖੇ ਤਾਂ ਫਟਾਫਟ ਨਹਾ-ਧੋ ਕੇ ਉਨ੍ਹਾਂ ਨੂੰ ਮਿਲਣ ਲਈ ਮਹਿਮਾਨ ਕਮਰੇ ’ਚ ਆਈ, ਪਰ ਅੱਗਿਓਂ ਰਿਸ਼ਤੇਦਾਰਾਂ ਨੇ ਉਸ ਨੂੰ ਮਿਲਣ ਲਈ ਕੋਈ ਉਚੇਚ ਨਾ ਦਿਖਾਇਆ। ਰੀਤ ਨੂੰ ਇਹ ਗੱਲ ਕਾਫ਼ੀ ਖਟਕੀ, ਪਰ ਉਸ ਨੇ ਕੁਝ ਵੀ ਜ਼ਾਹਰ ਨਾ ਹੋਣ ਦਿੱਤਾ। ਉਸ ਪਿੱਛੋਂ ਇਨ੍ਹੀਂ ਦਿਨੀਂ ਜੋ ਵੀ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਉਂਦੇ ਸਭ ਦਾ ਰੀਤ ਪ੍ਰਤੀ ਰੁੱਖਾ ਵਤੀਰਾ ਉਸ ਨੂੰ ਪਰੇਸ਼ਾਨ ਕਰ ਦਿੰਦਾ।

ਰੀਤ ਨੇ ਇਕ ਦਿਨ ਆਪਣੀ ਪਰੇਸ਼ਾਨੀ ਮਾਂ ਅੱਗੇ ਜ਼ਾਹਰ ਕੀਤੀ, ‘‘ਮੰਮੀ, ਪਹਿਲਾਂ ਤਾਂ ਮਾਸੀ ਜੀ ਮੈਨੂੰ ਜੱਫੀ ’ਚ ਲੈ ਕੇ ਮਿਲਦੇ ਸੀ ਤੇ ਆਹ ਭੂਆ ਜੀ ਵੀ ਕਦੇ ਕੋਲੋਂ ਨਹੀਂ ਉੱਠਣ ਦਿੰਦੇ ਸੀ। ਪਰ ਹੁਣ ਇਹ ਸਾਰੇ ਢੰਗ ਨਾਲ ਗੱਲ ਵੀ ਨਹੀਂ ਕਰਦੇ!’’ ‘‘ਪੁੱਤ, ਆਹ ਚੰਦਰੀ ਕਰੋਨਾ ਦੀ ਬਿਮਾਰੀ ਨੇ ਅਸਲ ’ਚ ਰਿਸ਼ਤਿਆਂ ’ਚ ਦੂਰੀਆਂ ਪਾ ਦਿੱਤੀਆਂ ਨੇ। ਆਪਣੇ ਸਭ ਰਿਸ਼ਤੇਦਾਰ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਐ।’’ ਮਾਂ ਨੇ ਰੀਤ ਨੂੰ ਧਰਵਾਸ ਦਿੱਤਾ।

‘‘ਫੇਰ ਇੱਥੇ ਤੀਜੇ ਦਿਨ ਲੈਣ ਕੀ ਆਉਂਦੇ ਐ? ਮੰਮੀ, ਇਸ ਵਾਇਰਸ ਨੇ ਤਾਂ ਅਸਲ ’ਚ ਰਿਸ਼ਤਿਆਂ ਦੀ ਪਛਾਣ ਕਰਾ ਦਿੱਤੀ ਐ। ਮੈਂ ਵੀ ਅੱਗੇ ਤੋਂ ਮਾਸੀ ਹੁਣਾਂ ਨਾਲ ਬੋਲਣਾ ਨੀ।’’ ਰੀਤ ਨੇ ਸ਼ਿਕਵਾ ਕੀਤਾ। ‘‘ਪੁੱਤ ਕੀ ਦੱਸਾਂ? ਇਹ ਸਭ ਤੇਰੀ ਨੌਕਰੀ ਕਰਕੇ ਐ। ਅੱਜ ਤਾਂ ਦੁੱਧ ਵਾਲਿਆਂ ਦੇ ਘਰੋਂ ਵੀ ਜਵਾਬ ਮਿਲ ਗਿਆ। ਕਹਿੰਦੇ ਤੁਸੀਂ ਸਾਡੇ ਘਰੇ ਨਾ ਆਇਆ ਕਰੋ ਦੁੱਧ ਲੈਣ। ਥੋਡੀ ਕੁੜੀ ਤਾਂ ਨਰਸ ਐ। ਪਤਾ ਨੀ ਕਿਹੋ ਜਿਹੇ ਮਰੀਜ਼ ਸਾਂਭਦੀ ਐ ਰੋਜ਼।’’ ਮਾਂ ਦੇ ਮੂੰਹੋਂ ਇਹ ਸਭ ਸੁਣ ਕੇ ਰੀਤ ਤੜਫ਼ ਉੱਠੀ। ਉਹ ਸੋਚ ਰਹੀ ਸੀ ਕਿ ਜਿਨ੍ਹਾਂ ਲੋਕਾਂ ਲਈ ਉਹ ਅਤੇ ਉਹਦੇ ਵਰਗੇ ਅਨੇਕਾਂ ਮੁਲਾਜ਼ਮ ਜਾਨ ਤਲੀ ’ਤੇ ਧਰ ਕੇ ਦਿਨ-ਰਾਤ ਕੰਮ ਕਰ ਰਹੇ ਹਨ ਉਹ ਲੋਕ ਉਨ੍ਹਾਂ ਦੇ ਪਰਿਵਾਰਾਂ ਤੋਂ ਵੀ ਕੰਨੀਂ ਕਤਰਾਉਂਦੇ ਹਨ। ਇੰਨੇ ਨੂੰ ਉਸ ਨੇ ਆਪਣੀ ਮਾਂ ਨੂੰ ਗੁਆਂਢਣ ਨਾਲ ਫੋਨ ’ਤੇ ਗੱਲ ਕਰਦਿਆਂ ਸੁਣਿਆ ਜੋ ਰੀਤ ਨੂੰ ਹਸਪਤਾਲ ਵਿਚ ਡਾਕਟਰ ਤੋਂ ਪਰਚੀ ਕਟਵਾਉਣ ਲਈ ਕਹਿ ਰਹੀ ਸੀ। ਰੀਤ ਨੇ ਮਾਂ ਨੂੰ ਵਿੱਚੇ ਟੋਕ ਕੇ ਕਿਹਾ, ‘‘ਮੰਮੀ, ਅੰਟੀ ਨੂੰ ਕਹਿ ਦਿਓ ਸਾਡੀ ਕੁੜੀ ਤੋਂ ਦੂਰ ਹੀ ਰਹੋ ਇਹ ਤਾਂ ਨਰਸ ਐ।’’ ਰੀਤ ਦੀਆਂ ਅੱਖਾਂ ’ਚੋਂ ਹੰਝੂ ਡਿੱਗੇ ਜੋ ਉਸ ਨੇ ਬੜੀ ਚਲਾਕੀ ਨਾਲ ਮਾਂ ਤੋਂ ਲੁਕਾ ਲਏ ਤੇ ਡਿਊਟੀ ਲਈ ਘਰੋਂ ਬਾਹਰ ਹੋ ਗਈ।

- ਜਸਵਿੰਦਰ ਕੌਰ ਦੱਧਾਹੂਰ

ਸੰਪਰਕ: 98144-94984

ਫੋਕੀ ਵਡਿਆਈ

ਕਰਤਾਰ ਸਿੰਹੁ ਸਿਰੇ ਦਾ ਸ਼ਰਾਬੀ ਸੀ। ਉਸ ਨੇ ਆਪਣੀ ਸਾਰੀ ਉਮਰ ਨਸ਼ਿਆਂ ਵਿਚ ਗੁਆ ਲਈ। ਉਸ ਦਾ ਪਰਿਵਾਰ ਸੁੱਖ ਨਾਲ ਵੱਡਾ ਸੀ। ਦੋ ਪੁੱਤਰ ਨੂੰਹਾਂ ਪੋਤੇ ਪੜਪੋਤੇ ਸੀ। ਘਰ ਵਿਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਕਰਤਾਰ ਦੀ ਘਰ ਵਾਲੀ ਬੰਸੋ ਉਸ ਨੂੰ ਸੰਭਾਲਦੀ ਰਹਿੰਦੀ। ਬੇਸ਼ੱਕ ਉਹ ਉਸ ਨੂੰ ਕੁੱਟਦਾ ਮਾਰਦਾ ਰਹਿੰਦਾ, ਪਰ ਉਹ ਸਾਰਾ ਕੁਝ ਇਹ ਸੋਚ ਕੇ ਸਹਿ ਲੈਂਦੀ ਕਿ ‘ਬੇਸ਼ੱਕ ਮਾੜਾ ਸਹੀ, ਫਿਰ ਵੀ ਬੰਦਾ ਤਾਂ ਮੇਰਾ ਹੀ ਐ।’ ਕਰਤਾਰ ਨੇ ਆਪਣੀ ਸਾਰੀ ਜਾਇਦਾਦ ਸ਼ਰਾਬ ਦੇ ਲੇਖੇ ਲਾ ਦਿੱਤੀ। ਕੁਝ ਕੁ ਜ਼ਮੀਨ ਬਚੀ ਸੀ। ਪਰਿਵਾਰ ਦੁੱਧ ਵੇਚ ਕੇ ਅਤੇ ਬਾਕੀ ਬਚੀ ਜ਼ਮੀਨ ’ਤੇ ਵਾਹੀ ਕਰਕੇ ਗੁਜ਼ਾਰਾ ਕਰਦਾ ਸੀ।

ਕਰਤਾਰ ਸਿੰਘ ਜ਼ਿਆਦਾ ਬਿਮਾਰ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਮੌਤ ਦੀਆਂ ਸਾਰੀਆਂ ਰਸਮਾਂ ਨਿਭਾ ਦਿੱਤੀਆਂ। ਭੋਗ ਵਾਲੇ ਦਿਨ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਾਰੇ ਪਿੰਡ ਵਾਲੇ ਤੇ ਸਕੇ ਸਾਕ ਸੰਬੰਧੀ ਪਹੁੰਚੇ ਹੋਏ ਸਨ। ਕਰਤਾਰ ਸਿੰਘ ਦਾ ਇਕ ਦੋਸਤ ਉਸ ਬਾਰੇ ਆਖਣ ਲੱਗਾ, ‘‘ਕਰਤਾਰ ਸਿੰਘ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਸਵਰਗਾਂ ਦੇ ਰਾਹ ਪੈ ਗਿਆ ਹੈ। ਉਸ ਨੇ ਸਾਰੀ ਉਮਰ ਪਰਿਵਾਰ ਦੀ ਦੇਖਭਾਲ ਕੀਤੀ। ਜ਼ਮੀਨਾਂ ਜਾਇਦਾਦਾਂ ਬਣਾਈਆਂ। ਬਹੁਤ ਕਸ਼ਟ ਸਹੇ, ਪਰ ਪਰਿਵਾਰ ’ਤੇ ਕਦੇ ਭੀੜ ਨਹੀਂ ਪੈਣ ਦਿੱਤੀ।’’ ਜਦੋਂ ਬੋਲਣ ਵਾਲਾ ਬੋਲਣੋਂ ਨਾ ਹਟਿਆ ਤਾਂ ਵੱਡੇ ਮੁੰਡੇ ਤੋਂ ਰਿਹਾ ਨਾ ਗਿਆ। ਉਹ ਗੁੱਸੇ ਨਾਲ ਭੜਕ ਕੇ ਉੱਠਿਆ ਤੇ ਆਖਿਆ, ‘‘ਬੱਸ ਕਰ ਚਾਚਾ! ਇਹਨੇ ਸਾਰਾ ਪਰਿਵਾਰ ਤਾਂ ਸੜਕ ’ਤੇ ਲੈ ਆਂਦਾ। ਮੇਰੀ ਮਾਂ ਨੇ 40 ਸਾਲ ਇਹ ਤੋਂ ਕੁੱਟ ਖਾਧੀ। ਚੰਗਾ ਹੋ ਗਿਆ ਮੇਰੀ ਮਾਂ ਆਪਣੀ ਉਮਰ ਦੇ ਬਚੇ ਸਾਲ ਸੁੱਖ ਨਾਲ ਕੱਢ ਲਊ ਤੇ ਅਸੀਂ ਵੀ ਰੋਟੀ ਖਾਂਦੇ ਰਹਿ ਜਾਵਾਂਗੇ। ਇੱਥੇ ਤਾਂ ਉਹਨੇ ਸਾਡੀ ਸਭ ਦੀ ਜ਼ਿੰਦਗੀ ਨੂੰ ਨਰਕ ਬਣਾਈ ਰੱਖਿਆ, ਮਰ ਕੇ ਉਹਨੇ ਕਿਹੜੇ ਸਵਰਗਾਂ ’ਚ ਜਾਣੈਂ।’’ ਸਾਰੇ ਘੁਸਰ ਮੁਸਰ ਕਰਦੇ ਲੰਗਰ ਛਕ ਕੇ ਚਲੇ ਗਏ।

- ਕਮਲ ਬਰਾੜ

ਸੰਪਰਕ: 73077-36899

ਡੰਗਰਾਂ ਨਾਲ ਡੰਗਰ

ਬੀ.ਏ. ਪਾਸ ਸਤਪਾਲ ਨੇ ਨੌਕਰੀ ਲਈ ਕਈ ਵਾਰ ਕਾਗਜ਼ ਭਰੇ, ਪਰ ਕਿਤੇ ਗੱਲ ਨਾ ਬਣੀ। ਉਹ ਹੌਸਲਾ ਕਰਕੇ ਆਪਣੇ ਬਾਪੂ ਨਾਲ ਆਪਣੀ ਚਾਰ ਕੁ ਵਿੱਘੇ ਦੀ ਖੇਤੀ ’ਚ ਹੱਥ ਵਟਾਉਣ ਲੱਗਾ। ਸਾਉਣ ਮਹੀਨੇ ਦਾ ਪਹਿਲਾ ਦਿਨ ਸੀ। ਸਤਪਾਲ ਦੀ ਮਾਂ ਸਵੇਰੇ ਸਵੇਰੇ ਆਸਮਾਨ ਵਿਚ ਕਾਲੇ ਘਨਘੋਰ ਬੱਦਲ ਦੇਖ ਕੇ ਸਤਪਾਲ ਨੂੰ ਉਠਾਉਂਦੀ ਹੋਈ ਬੋਲੀ, ‘‘ਵੇ ਸੱਤੇ...! ਉੱਠ ਦੇਖ ਲੈ ਬੱਦਲ ਕਿਵੇਂ ਚੜ੍ਹਿਆ...। ਉੱਠ ਮੇਰਾ ਪੁੱਤ, ਚਾਹ ਦਾ ਘੁੱਟ ਪੀ ਤੇ ਖੇਤਾਂ ਨੂੰ ਚੱਲ, ਤੇਰਾ ਪਿਓ ਕਦੋਂ ਦਾ ਖੇਤ ਗਿਐ ਚਰੀ ਵੱਢਣ। ਚੱਲ ਉੱਠ ਮੇਰਾ ਪੁੱਤ, ਲਿਆ ਦੋ ਭਾਰ ਖੇਤੋਂ।’’

ਸਤਪਾਲ ਅੱਖਾਂ ਮਲਦਾ ਉਠਿਆ ਤੇ ਨਲਕੇ ਵੱਲ ਹੋ ਤੁਰਿਆ। ਮੂੰਹ ’ਤੇ ਪਾਣੀ ਛਿੱਟੇ ਮਾਰੇ, ਦਾਤਣ ਤੇ ਕੁਰਲੀ ਕਰਕੇ, ਚਾਹ ਪੀ ਕੇ ਤੁਰ ਪਿਆ ਖੇਤ ਨੂੰ। ਖੇਤੋਂ ਚਰੀ ਦੀ ਭਰੀ ਸਿਰ ’ਤੇ ਚੁੱਕੀ ਤੇ ਵਾਪਸ ਘਰ ਨੂੰ ਹੋ ਤੁਰਿਆ। ਅੱਧਵਾਟੇ ਮੀਂਹ ਜ਼ੋਰਾਂ ਨਾਲ ਪੈਣਾ ਸ਼ੁਰੂ ਹੋ ਗਿਆ, ਭਰਵੇਂ ਮੀਂਹ ਕਾਰਨ ਭਰੀ ਵਿਚੋਂ ਰਿਸਦਾ ਪਾਣੀ ਸਤਪਾਲ ਦੇ ਸਿਰ ਥਾਣੀ ਲੰਘ ਕੇ ਕੱਪੜਿਆਂ ਨੂੰ ਗੜੁੱਚ ਕਰ ਗਿਆ। ਖੇਤ ਵਾਲੇ ਕੱਚੇ ਪਹੇ ਤੋਂ ਸੜਕ ’ਤੇ ਚੜ੍ਹਦਿਆਂ ਸਾਹਮਣੇ ਡੇਢ ਕਿੱਲਾ ਜ਼ਮੀਨ ਵੇਚ ਕੇ ਕੈਨੇਡਾ ਭੇਜੇ ਹਰਿੰਦਰ ਦੀ ਮਾਂ ਨਿਰਮਲਾ ਤਾਈ ਛੱਤਰੀ ਲਈ ਹੱਥ ’ਚ ਡੋਲੂ ਫੜੀ ਦੋਧੀ ਤੋਂ ਦੁੱਧ ਲੈਣ ਲਈ ਖੜ੍ਹੀ ਸੀ। ਉਸ ਨੇ ਸਤਪਾਲ ਨੂੰ ਵੇਖਦਿਆਂ ਉਸ ਦੇ ਕਿਸੇ ਚੰਗੀ ਨੌਕਰੀ ’ਤੇ ਲੱਗਣ ਬਾਰੇ ਕਿਹਾ। ਸਤਪਾਲ ‘‘ਤਾਈ! ਕਿੱਥੇ ਮਿਲਦੀ ਐ ਨੌਕਰੀ!’’ ਕਹਿ ਕੇ ਅੱਗੇ ਤੁਰ ਪਿਆ। ਨਿਰਮਲਾ ਤਾਈ ਨੇ ਚੱਬਵੇਂ ਜਿਹੇ ਅੰਦਾਜ਼ ’ਚ ਕਿਹਾ, ‘‘ਡੰਗਰਾਂ ਨਾਲ ਤਾਂ ਡੰਗਰ ਹੋਣਾ ਪੈਂਦਾ ਏ...!’’ ਸਤਪਾਲ ਸੋਚਣ ਲੱਗਾ ਕਿ ਨਿਰਮਲਾ ਤਾਈ ਨੇ ਮੇਰੀ ਪਿੱਠ ਥਾਪੜੀ ਹੈ ਜਾਂ ਮਜ਼ਾਕ ਕੀਤਾ ਹੈ।

- ਰਾਜਵੀਰ ਸਿੰਘ ਚੌਤਾਂ

ਸੰਪਰਕ: 94177-76814

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All