ਮਿੰਨੀ ਕਹਾਣੀਆਂ
ਕਾਸ਼ ਮੈਂ ਵੀ ਨਿਕੰਮਾ ਹੁੰਦਾ ! ਰਜਵਿੰਦਰ ਪਾਲ ਸ਼ਰਮਾ ਬਿਜਲੀ ਬੋਰਡ ਵਿੱਚ ਕਲਰਕ ਦੀ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਦੀ ਪਿਆਰੀ ਧੀ ਰੀਤ ਦਾ ਅੱਜ ਜਨਮ ਦਿਨ ਸੀ। ਧੀ ਨੇ ਗੁੱਸੇ ਹੁੰਦਿਆਂ ਕਿਹਾ, ਪਾਪਾ ਤੁਸੀਂ ਹਰ ਵਾਰ ਜਨਮ ਦਿਨ ’ਤੇ...
ਕਾਸ਼ ਮੈਂ ਵੀ ਨਿਕੰਮਾ ਹੁੰਦਾ !
ਰਜਵਿੰਦਰ ਪਾਲ ਸ਼ਰਮਾ
ਬਿਜਲੀ ਬੋਰਡ ਵਿੱਚ ਕਲਰਕ ਦੀ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਦੀ ਪਿਆਰੀ ਧੀ ਰੀਤ ਦਾ ਅੱਜ ਜਨਮ ਦਿਨ ਸੀ। ਧੀ ਨੇ ਗੁੱਸੇ ਹੁੰਦਿਆਂ ਕਿਹਾ, ਪਾਪਾ ਤੁਸੀਂ ਹਰ ਵਾਰ ਜਨਮ ਦਿਨ ’ਤੇ ਦਫ਼ਤਰੋਂ ਲੇਟ ਪਹੁੰਚਦੇ ਹੋ। ਧੀ ਦੀ ਗੱਲ ਸੁਣ ਉਸ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਇਸ ਵਾਰ ਕੁਲਦੀਪ ਨੇ ਸਮੇਂ ਸਿਰ ਪਹੁੰਚਣ ਦਾ ਪੂਰਾ ਭਰੋਸਾ ਦਿੱਤਾ। ਦਫ਼ਤਰ ਪਹੁੰਚ ਕੇ ਕੁਲਦੀਪ ਨੇ ਐੱਸ ਡੀ ਓ ਸਾਹਿਬ ਨੂੰ ਬੇਨਤੀ ਕੀਤੀ,‘‘ ਸਰ ਅੱਜ ਘਰ ਜ਼ਰੂਰੀ ਕੰਮ ਹੈ ਸੋ ਚਾਰ ਕੁ ਵਜੇ ਜਾਵਾਂਗਾ।’’
ਕੁਲਦੀਪ ਦੀ ਗੱਲ ਸੁਣ ਕੇ ਐੱਸ ਡੀ ਓ ਨੇ ‘ਹਾਂ’ ਵਿੱਚ ਸਿਰ ਹਿਲਾਇਆ। ਕੁਲਦੀਪ ਬਹੁਤ ਖੁਸ਼ ਸੀ ਕਿ ਚਲੋ ਅੱਜ ਆਪਣੀ ਧੀ ਦਾ ਜਨਮ ਦਿਨ ਪਰਿਵਾਰ ਨਾਲ ਮਨਾਵਾਂਗਾ। ਕੁਲਦੀਪ ਨੇ ਸਾਰਾ ਦਿਨ ਫੁਰਤੀ ਨਾਲ ਕੰਮ ਕਰਕੇ ਸਾਰਾ ਕੰਮ ਨਿਬੇੜ ਦਿੱਤਾ ਸੀ। ਚਾਰ ਵੱਜਣ ਵਾਲੇ ਸਨ। ਕੁਲਦੀਪ ਕੰਪਿਊਟਰ ਬੰਦ ਕਰਕੇ ਦਫ਼ਤਰੋਂ ਤੁਰਨ ਹੀ ਲੱਗਿਆ ਸੀ ਕਿ ਅਚਾਨਕ ਐੱਸ ਡੀ ਓ ਸਾਹਿਬ ਦਾ ਫੋਨ ਆ ਗਿਆ, ‘‘ਕੁਲਦੀਪ ਸਿੰਘ ਤੁਸੀਂ ਰੁਕ ਜਾਓ, ਸ਼ਾਮ ਦੀ ਡਿਊਟੀ ਵਾਲਾ ਅੱਜ ਛੁੱਟੀ ਲੈ ਗਿਆ, ਤੁਸੀਂ ਸਾਰਾ ਕੰਮ ਕਰਕੇ ਹੀ ਜਾਇਓ। ਉਹ ਤਾਂ ਨਿਕੰਮੇ ਨੇ ਜਦੋਂ ਮਰਜ਼ੀ ਛੁੱਟੀ ਲੈ ਲੈਂਦੇ ਨੇ, ਤੁਸੀਂ ਜ਼ਿੰਮੇਵਾਰ ਹੋ। ’’ ਐੱਸ ਡੀ ਓ ਦੀ ਗੱਲ ਸੁਣ ਕੇ ਕੁਲਦੀਪ ਸੁੰਨ ਹੋ ਗਿਆ। ਅੰਦਰੋਂ ਅੰਦਰੀਂ ਗੁੱਸਾ ਪੀਂਦਾ ਹੋਇਆ ਕੁਲਦੀਪ ਸੋਚ ਰਿਹਾ ਸੀ, ‘ਕਾਸ਼ ਮੈਂ ਵੀ ਦੂਜਿਆਂ ਵਾਂਗ ਨਿਕੰਮਾ ਹੁੰਦਾ ਤਾਂ ਅੱਜ ਆਪਣੀ ਧੀ ਦਾ ਜਨਮ ਦਿਨ ਮਨਾ ਰਿਹਾ ਹੁੰਦਾ।’
ਸੰਪਰਕ: 70873-67969
ਅਣਮੁੱਲੀ ਭਾਨ
ਪਰਮਿੰਦਰ ਕੌਰ
ਹਰ ਬਾਪ ਨੂੰ ਆਪਣੇ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰ ਕੇ ਇੱਕ ਰੂਹਾਨੀ ਸਕੂਨ ਮਹਿਸੂਸ ਹੁੰਦਾ ਹੈ। ਇਸੇ ਲਈ ਤਾਂ ਉਹ ਮੀਂਹ, ਹਨੇਰੀ ਦੇ ਧੁੱਪ ਕੁਝ ਵੀ ਨਹੀਂ ਦੇਖਦਾ।
ਗੱਲ ਉਸ ਸਮੇਂ ਦੀ ਹੈ, ਜਦੋਂ ਅਸੀਂ 25 ਪੈਸੇ ਜਾਂ 50 ਪੈਸੇ ਲੈ ਕੇ ਵੀ ਬੜੇ ਖੁਸ਼ ਹੋ ਜਾਂਦੇ ਸੀ। ਪਿਤਾ ਜੀ ਹੌਜ਼ਰੀ ਦਾ ਸਾਮਾਨ ਬਣਾਉਣ ਵਾਲੇ ਕਾਰਖਾਨੇ ਵਿੱਚ ਨੌਕਰੀ ਕਰਦੇ ਸਨ। ਕਾਰਖਾਨਾ ਬਹੁਤ ਦੂਰ ਸੀ ਪਰ ਪਿਤਾ ਜੀ ਮੀਲਾਂ ਦਾ ਸਫਰ ਸਾਈਕਲ ’ਤੇ ਹੀ ਤੈਅ ਕਰ ਲੈਂਦੇ। ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦੇ ਤਾਂ ਉਨ੍ਹਾਂ ਦੇ ਕੁੜਤੇ ਦੀ ਜੇਬ ਵਿੱਚ ਹਰ ਰੋਜ਼ ਕੁਝ ਭਾਨ ਹੁੰਦੀ ਸੀ। ਉਹ ਜਦ ਘਰ ਪਹੁੰਚ ਕੇ ਹੱਥ-ਮੂੰਹ ਧੋ ਕੇ ਕੱਪੜੇ ਬਦਲਦੇ ਤਾਂ ਕੁੜਤਾ ਬਦਲਦਿਆਂ ਕੁੜਤੇ ਦੀ ਜੇਬ ਵਿਚਲੀ ਭਾਨ ਜ਼ਮੀਨ ’ਤੇ ਡਿੱਗ ਜਾਂਦੀ ਤੇ ਅਸੀਂ ਜਿੱਥੇ ਵੀ ਬੈਠੇ ਹੁੰਦੇ, ਭਾਨ ਦਾ ਖੜਕਾ ਸੁਣ ਕੇ ਝੱਟ ਨੱਠੇ ਆਉਂਦੇ ਤੇ ਜ਼ਮੀਨ ’ਤੇ ਡਿੱਗੀ ਸਾਰੀ ਭਾਨ ਚੁੱਕ ਲੈਂਦੇ। ਅਸੀਂ ਖੁਸ਼ੀ ਖੁਸ਼ੀ ਪਿਤਾ ਜੀ ਨੂੰ ਦੱਸਦੇ ਕਿ ਅੱਜ ਮੈਂ ਐਨੀ ਭਾਨ ਇਕੱਠੀ ਕੀਤੀ ਤੇ ਮੈਂ ਐਨੀ। ਪਿਤਾ ਜੀ ਸਾਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਲੈਂਦੇ।
ਇਕੱਠੀ ਕੀਤੀ ਸਾਰੀ ਭਾਨ ਅਸੀਂ ਆਪੋ-ਆਪਣੀਆਂ ਬੁਗਨੀਆਂ ਵਿੱਚ ਪਾ ਲੈਂਦੇ। ਸਾਨੂੰ ਲਗਦਾ ਸੀ ਕਿ ਸ਼ਾਇਦ ਅਗਲੇ ਦਿਨ ਤੋਂ ਪਿਤਾ ਜੀ ਕੁੜਤੇ ਦੀ ਜੇਬ ਵਿੱਚ ਭਾਨ ਪਾਉਣੀ ਛੱਡ ਹੀ ਨਾ ਦੇਣ, ਪਰ ਅਜਿਹਾ ਦਿਨ ਕਦੇ ਨਾ ਆਇਆ। ਰੋਜ਼ਾ ਕੁੜਤੇ ਦੀ ਜੇਬ ਵਿੱਚੋਂ ਭਾਨ ਡਿੱਗਦੀ ਤੇ ਅਸੀਂ ਰੋਜ਼ ਇਕੱਠੀ ਕਰਨ ਲਈ ਦੌੜਦੇ। ਅਸੀਂ ਕੁਝ ਵੀ ਲੈਣਾ ਹੁੰਦਾ ਤਾਂ ਬੁਗਨੀਆਂ ਵਿੱਚ ਇਕੱਠੀ ਕੀਤੀ ਭਾਨ ਆਪਣੀ ਪਿਤਾ ਜੀ ਨੂੰ ਫੜਾ ਦਿੰਦੇ ਤੇ ਉਹ ਉੱਤੋਂ ਹੋਰ ਪੈਸੇ ਪਾ ਕੇ ਸਾਨੂੰ ਸਾਡੀ ਮੰਗੀ ਚੀਜ਼ ਲਿਆ ਦਿੰਦੇ। ਸਾਡੇ ਚਿਹਰੇ ਖੁਸ਼ੀ ਨਾਲ ਖਿੜ ਜਾਂਦੇ ਤੇ ਸਾਡੇ ਖਿੜੇ ਚਿਹਰਿਆਂ ਨੂੰ ਵੇਖ ਪਿਤਾ ਜੀ ਤੇ ਮਾਂ ਦੇ ਚਿਹਰੇ ਵੀ ਖਿੜ ਜਾਂਦੇ। ਅੱਜ ਸਾਡੀਆਂ ਜੇਬਾਂ ਵੱਡੇ ਵੱਡੇ ਨੋਟਾਂ ਨਾਲ ਵੀ ਭਰੀਆਂ ਹੁੰਦੀਆਂ ਹਨ ਪਰ ਉਸ ਭਾਨ ਨੂੰ ਇਕੱਠਾ ਕਰਨ ’ਤੇ ਜੋ ਖੁਸ਼ੀ ਸਾਨੂੰ ਉਦੋਂ ਮਹਿਸੂਸ ਹੁੰਦੀ ਸੀ, ਅੱਜ ਉਹ ਖੁਸ਼ੀ ਨਹੀਂ ਮਿਲਦੀ। ਉਸ ਅਣਮੁੱਲੀ ਭਾਨ ਦਾ ਮੁੱਲ ਪਿਤਾ ਦੀ ਜੀ ਜੇਬ ਵਿੱਚੋਂ ਡਿੱਗਣ ਕਰਕੇ ਹੀ ਸੀ ਸ਼ਾਇਦ।
ਸੰਪਰਕ: 98773-46150
* * *
ਬੋਝ ਨਹੀਂ ਬੋਧ
ਰਵਨਜੋਤ ਕੌਰ ਸਿੱਧੂ
ਮੀਤ ਇੱਕ ਅਜਿਹਾ ਵਿਦਿਆਰਥੀ ਸੀ ਜਿਸ ਨੂੰ ਪੜ੍ਹਾਈ ਦੇ ਪ੍ਰਚੱਲਿਤ ਸਿਸਟਮ ਤਹਿਤ ਭਾਵੇਂ ‘ਔਸਤ’ ਹੀ ਗਰਦਾਨਿਆ ਗਿਆ ਸੀ, ਪਰ ਜਿੱਥੇ ਉਸ ਦੇ ਜਮਾਤੀ ਰੱਟੇ ਮਾਰ ਕੇ ਅੰਕ ਹਾਸਲ ਕਰਨ ਦੀ ਦੌੜ ਵਿੱਚ ਲੱਗੇ ਹੋਏ ਸਨ, ਉੱਥੇ ਮੀਤ ਸਵਾਲਾਂ ਦੇ ਪਿੱਛੇ ਲੁਕੇ ‘ਕਿਉਂ’ ਅਤੇ ‘ਕਿਵੇਂ’ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਉਸ ਦੇ ਡੈਸਕ ਦੀ ਆਖਰੀ ਸੀਟ ਉਸ ਲਈ ਇੱਕ ਅਜਿਹੀ ਖਿੜਕੀ ਸੀ ਜਿੱਥੋਂ ਉਹ ਬਾਹਰ ਦੇ ਦਰੱਖ਼ਤਾਂ ਅਤੇ ਉੱਡਦੇ ਪੰਛੀਆਂ ਵਿੱਚੋਂ ਗਣਿਤ ਦੇ ਫਾਰਮੂਲੇ ਲੱਭਦਾ ਸੀ।
ਉਨ੍ਹਾਂ ਦੇ ਸਕੂਲ ਵਿੱਚ ਨਵੇਂ ਪ੍ਰੋਫੈਸਰ ਅਰਿਦਮਨ ਆਏ। ਉਹ ਆਪਣੀ ਗੰਭੀਰਤਾ ਅਤੇ ਗਹਿਰੀ ਸੋਚ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਇੱਕ ਦਿਨ ਕਲਾਸ ਵਿੱਚ ਐਲਾਨ ਕੀਤਾ, ‘‘ਕੱਲ੍ਹ ਤੁਹਾਡਾ ਸਭ ਤੋਂ ਔਖਾ ਇਮਤਿਹਾਨ ਹੋਵੇਗਾ। ਕੋਈ ਕਿਤਾਬ ਨਹੀਂ, ਕੋਈ ਸਿਲੇਬਸ ਨਹੀਂ। ਮੈਂ ਸਿਰਫ਼ ਇੱਕ ਸਵਾਲ ਪੁੱਛਾਂਗਾ।’’
ਅਗਲੇ ਦਿਨ ਸਾਰੀ ਕਲਾਸ ਡਰੀ ਹੋਈ ਸੀ। ਪ੍ਰੋਫੈਸਰ ਨੇ ਬੋਰਡ ’ਤੇ ਸਿਰਫ਼ ਇੱਕ ਲਕੀਰ ਖਿੱਚੀ ਅਤੇ ਕਿਹਾ, ‘‘ਇਸ ਲਕੀਰ ਨੂੰ ਛੂਹੇ ਬਿਨਾਂ ਛੋਟੀ ਕਰਕੇ ਦਿਖਾਓ।’’
ਸਾਰੇ ਵਿਦਿਆਰਥੀ ਚੁੱਪ ਹੋ ਗਏ। ਕੋਈ ਕਹਿ ਰਿਹਾ ਸੀ ਇਹ ਨਾਮੁਮਕਿਨ ਹੈ, ਕੋਈ ਮਿਟਾਉਣ ਦੇ ਤਰੀਕੇ ਸੋਚ ਰਿਹਾ ਸੀ। ਪਰ ਮੀਤ ਉੱਠਿਆ, ਉਸ ਨੇ ਚਾਕ ਚੁੱਕਿਆ ਅਤੇ ਉਸ ਲਕੀਰ ਦੇ ਬਰਾਬਰ ਇੱਕ ਬਹੁਤ ਵੱਡੀ ਅਤੇ ਗੂੜ੍ਹੀ ਲਕੀਰ ਖਿੱਚ ਦਿੱਤੀ। ਪਹਿਲੀ ਲਕੀਰ ਆਪਣੇ ਆਪ ਛੋਟੀ ਲੱਗਣ ਲੱਗ ਪਈ।
ਪ੍ਰੋਫੈਸਰ ਮੁਸਕੁਰਾ ਕੇ ਬੋਲਿਆ, ‘‘ਮੀਤ, ਤੂੰ ਸਿਰਫ਼ ਇੱਕ ਸਵਾਲ ਹੱਲ ਨਹੀਂ ਕੀਤਾ, ਤੂੰ ਜ਼ਿੰਦਗੀ ਦਾ ਫਲਸਫਾ ਸਮਝ ਲਿਆ ਹੈ। ਦੂਜਿਆਂ ਨੂੰ ਨੀਵਾਂ ਦਿਖਾਉਣ ਜਾਂ ਮਿਟਾਉਣ ਨਾਲੋਂ ਆਪਣੀ ਲਕੀਰ (ਆਪਣੀ ਕਾਬਲੀਅਤ) ਨੂੰ ਵੱਡਾ ਕਰਨਾ ਹੀ ਅਸਲੀ ਫ਼ਤਹਿ ਹੈ।’’
ਇਸ ਘਟਨਾ ਨੇ ਮੀਤ ਦੇ ਅੰਦਰ ਪੜ੍ਹਨ ਲਈ ਇੱਕ ਨਵੀਂ ਤੜਪ ਪੈਦਾ ਕਰ ਦਿੱਤੀ। ਉਹ ਹੁਣ ਸਿਰਫ਼ ਡਿਗਰੀ ਲਈ ਨਹੀਂ, ਸਗੋਂ ਆਪਣੀ ਸਮਝ ਵਧਾਉਣ ਲਈ ਪੜ੍ਹਨ ਲੱਗਾ। ਉਸ ਨੇ ਮਹਿਸੂਸ ਕੀਤਾ ਕਿ ਵਿਦਿਆਰਥੀ ਹੋਣ ਦਾ ਮਤਲਬ ਸਿਰਫ਼ ਸੂਚਨਾਵਾਂ ਇਕੱਠੀਆਂ ਕਰਨਾ ਨਹੀਂ, ਸਗੋਂ ਆਪਣੇ ਮਨ ਦੇ ਕੋਰੇ ਕਾਗਜ਼ ’ਤੇ ਅਨੁਭਵਾਂ ਦੀ ਸਿਆਹੀ ਨਾਲ ਕੁਝ ਲਿਖਣਾ ਹੈ।
ਇੱਕ ਰਾਤ ਜਦੋਂ ਉਹ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਉਸ ਦੀ ਨਜ਼ਰ ਇੱਕ ਪੁਰਾਣੀ ਕਿਤਾਬ ’ਤੇ ਪਈ। ਉਸ ਵਿੱਚ ਲਿਖਿਆ ਸੀ, ‘‘ਵਿੱਦਿਆ ਉਹ ਨਹੀਂ ਜੋ ਸਾਨੂੰ ਦੁਨੀਆ ਬਾਰੇ ਦੱਸਦੀ ਹੈ, ਵਿੱਦਿਆ ਉਹ ਹੈ ਜੋ ਸਾਨੂੰ ਆਪਣੇ ਆਪ ਨਾਲ ਮਿਲਾਉਂਦੀ ਹੈ।’’
ਮੀਤ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ। ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਅੰਦਰ ਵਿਚਾਰਾਂ ਦਾ ਇੱਕ ਵਿਸ਼ਾਲ ਸਮੁੰਦਰ ਹੈ। ਉਹ ਸਮਝ ਗਿਆ ਕਿ ਗਿਆਨ ਬਾਹਰੋਂ ਮਿਲਦਾ ਹੈ ਤੇ ਬੋਧ ਅੰਦਰੋਂ ਉਪਜਦਾ ਹੈ।
ਸੰਪਰਕ: 82830-66125
* * *
ਮਾਇ ਲਾਈਫ
ਦਵਿੰਦਰ ਕੌਰ ਸੰਧੂ
ਵਰ੍ਹਿਆਂ ਮਗਰੋਂ ਪਰਿਵਾਰ ਸਮੇਤ ਆਪਣੇ ਦੇਸ਼ ਪਰਤਿਆ ਤਾਂ ਕੁਝ ਦਿਨ ਘਰ ਰਹਿਣ ਤੋਂ ਬਾਅਦ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਨੂੰ ਮਿਲਣ ਗਏ। ਇੱਕ ਪਰਿਵਾਰ ਨੂੰ ਮਿਲਣ ਗਿਆ ਜਿਥੇ ਦੋ ਭਰਾਵਾਂ ਦੇ ਪਰਿਵਾਰ ਸਾਂਝੇ ਰਹਿੰਦੇ ਸਨ। ਘਰ ਦਾ ਬਜ਼ੁਰਗ ਭੁੱਲ ਜਾਣ ਵਾਲੀ ਬਿਮਾਰੀ ਤੋਂ ਗ੍ਰਸਤ ਅਤੇ ਕੁਝ ਕਮਜ਼ੋਰ ਵੀ ਸੀ। ਸਾਰੇ ਪਰਿਵਾਰ ਦੇ ਬੱਚੇ ਬਜ਼ੁਰਗ ਨਾਲ ਹਾਸਾ ਠੱਠਾ ਕਰ ਉਸ ਨੂੰ ਕੁਝ ਨਾ ਕੁਝ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵੱਡਾ ਪੋਤਰਾ ਬਜ਼ੁਰਗ ਦੇ ਨਾਲ ਹੀ ਲੇਟਿਆ ਹੋਇਆ ਸੀ। ਉਸ ਨੇ ਆਪਣੇ ਫੋਨ ’ਤੇ ਗੁਰਬਾਣੀ ਚਲਾ ਕੇ ਫੋਨ ਬਜ਼ੁਰਗ ਦੇ ਕੰਨ ਨੂੰ ਲਾਇਆ ਤਾਂ ਬਜ਼ੁਰਗ ਨੇ ਕੁਝ ਹਾਂ-ਪੱਖੀ ਹੁੰਗਾਰਾ ਭਰਿਆ ਜਿਸ ਨੂੰ ਵੇਖ ਕੇ ਸਾਰੇ ਬੱਚੇ ਖੁਸ਼ ਹੋ ਰਹੇ ਸਨ। ਵਾਪਸੀ ਸਮੇਂ ਮੇਰੇ ਪੁੱਤਰ ਨੇ ਮੈਨੂੰ ਪੁੱਛਿਆ,‘‘ਪਾਪਾ ਉਹਨਾਂ ਦੇ ਗ੍ਰੈਂਡ ਪਾ ਨੂੰ ਕੀ ਪ੍ਰੋਬਲਮ ਹੈ?’’ ਮੇਰੀ ਪਤਨੀ ਨੇ ਕਿਹਾ ਉਹ ਬੁਢਾਪੇ ਵਿੱਚ ਭੁੱਲ ਜਾਣ ਵਾਲੀ ਬਿਮਾਰੀ ਤੋਂ ਪੀੜਤ ਹਨ। ‘‘ਸਾਰਾ ਪਰਿਵਾਰ ਕਿੰਨੀ ਸੇਵਾ ਕਰ ਰਿਹਾ ਹੈ,’’ ਮੈਂ ਸਹਿਜ ਸੁਭਾਅ ਕਿਹਾ।
ਮੇਰੀ ਅਤੇ ਮੇਰੀ ਪਤਨੀ ਦੀ ਗੱਲ ਸੁਣ ਕੇ ਮੇਰਾ ਪੁੱਤਰ ਬੋਲਿਆ, ‘‘ਪਾਪਾ ਇਨ੍ਹਾਂ ਨੂੰ ਆਪਣੇ ਗ੍ਰੈਂਡ ਪਾ ਨੂੰ ਹੌਸਪੀਟਲ ਵਿੱਚ ਦਾਖ਼ਲ ਕਰਵਾ ਦੇਣਾ ਚਾਹੀਦਾ ਹੈ। ਇਨ੍ਹਾਂ ਦਾ ਕਿੰਨਾ ਸਮਾਂ ਖਰਾਬ ਹੁੰਦਾ ਹੋਵੇਗਾ। ਹੌਸਪੀਟਲ ਵਿੱਚ ਸਾਰੇ ਡਾਕਟਰ ਆਪੇ ਦੇਖ-ਭਾਲ ਕਰ ਲੈਣਗੇ।’’ ਇਹ ਗੱਲ ਸੁਣ ਮੈਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਮੈਂ ਸੋਚਿਆ ਇਹਨੂੰ ਕਿਵੇਂ ਦੱਸਾਂ ਕਿ ਮੇਰਾ ਬਾਪ ਤਾਂ ਬੁੱਢੇ ਹੋ ਚੁੱਕੇ ਬਲਦ ਨੂੰ ਘਰੋਂ ਨਹੀਂ ਸੀ ਜਾਣ ਦਿੰਦਾ ਕਿ ਇਸ ਬੇਜ਼ੁਬਾਨ ਨੇ ਸਾਰੀ ਉਮਰ ਕਮਾਈ ਕੀਤੀ ਹੈ। ਹੁਣ ਇਸ ਉਮਰ ਵਿੱਚ ਇਸ ਨੂੰ ਧੱਕਾ ਨਹੀਂ ਦੇਣਾ ਤੇ ਉਹ ਤਾਂ ਫਿਰ ਇਨਸਾਨ ਹੈ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਲਈ ਹੱਡ-ਤੋੜਵੀਂ ਮਿਹਨਤ ਕਰਕੇ ਆਪਣੇ ਪਰਿਵਾਰ ਲਈ ਵਸੀਲੇ ਪੈਦਾ ਕੀਤੇ। ਧੀਆਂ ਪੁੱਤਰਾਂ ਨੂੰ ਪੜ੍ਹਾਇਆ, ਜ਼ਮੀਨ-ਜਾਇਦਾਦ ਬਣਾਈ, ਪੋਤਰੀ-ਪੋਤਰੀਆਂ ਨੂੰ ਸਾਈਕਲ ’ਤੇ ਬਿਠਾ ਕੇ ਝੂਟੇ ਦਿੱਤੇ। ਪੂਰੇ ਪਰਿਵਾਰ ਲਈ ਆਪਣੀਆਂ ਰੀਝਾਂ ਮਾਰ ਕੇ ਸੁੱਖ ਸਹੂਲਤਾਂ ਪੈਦਾ ਕੀਤੀਆਂ। ਹੁਣ ਉਸ ਨੂੰ ਕਿਵੇਂ ਧੱਕਾ ਦਿੱਤਾ ਜਾ ਸਕਦਾ ਹੈ। ਮੇਰੇ ਮਨ ਵਿੱਚ ਇਹ ਵਿਚਾਰ ਡੂੰਘੀ ਚਿੰਤਾ ਬਣਦੇ ਜਾ ਰਹੇ ਸਨ। ਬੇਟੇ ਨੇ ਆਪਣੇ ਫੋਨ ’ਤੇ ‘ਮਾਇ ਲਾਈਫ’ ਗੀਤ ਲਾਇਆ ਤੇ ਤਾਕੀ ਤੋਂ ਬਾਹਰ ਝਾਕਣ ਲੱਗ ਪਿਆ। ਮੈਂ ਦੂਰ ਕਿਧਰੇ ਡੁੱਬਦੇ ਸੂਰਜ ਵੱਲ ਵੇਖ ਰਿਹਾ ਸੀ।

