ਮਿੰਨੀ ਕਹਾਣੀਆਂ
ਪਿੰਜਰਾ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਇੱਕ ਚੂਹੇ ਨੇ ਮੈਨੂੰ ਕਈ ਦਿਨਾਂ ਤੋਂ ਪ੍ਰੇਸ਼ਾਨ ਕੀਤਾ ਹੋਇਆ ਸੀ। ਕਦੇ ਉਹ ਛਾਬੇ ’ਚ ਪਈਆਂ ਮੇਰੀਆਂ ਰੋਟੀਆਂ ਪੋਣੇ ਸਣੇ ਟੁੱਕ ਜਾਂਦਾ, ਕਦੇ ਮੇਰੇ ਕਾਗਜ਼ ਤੇ ਕੱਪੜੇ ਆਦਿ ਵੀ ਟੁੱਕ ਜਾਂਦਾ। ਗੱਲ ਕੀ, ਰੋਜ਼...
ਪਿੰਜਰਾ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਇੱਕ ਚੂਹੇ ਨੇ ਮੈਨੂੰ ਕਈ ਦਿਨਾਂ ਤੋਂ ਪ੍ਰੇਸ਼ਾਨ ਕੀਤਾ ਹੋਇਆ ਸੀ। ਕਦੇ ਉਹ ਛਾਬੇ ’ਚ ਪਈਆਂ ਮੇਰੀਆਂ ਰੋਟੀਆਂ ਪੋਣੇ ਸਣੇ ਟੁੱਕ ਜਾਂਦਾ, ਕਦੇ ਮੇਰੇ ਕਾਗਜ਼ ਤੇ ਕੱਪੜੇ ਆਦਿ ਵੀ ਟੁੱਕ ਜਾਂਦਾ। ਗੱਲ ਕੀ, ਰੋਜ਼ ਕੋਈ ਨਾ ਕੋਈ ਨੁਕਸਾਨ ਝੱਲਣਾ ਪੈ ਰਿਹਾ ਸੀ। ਮੈਂ ਤੰਗ ਆ ਕੇ ਇੱਕ ਦਿਨ ਰੋਟੀ ਦੀ ਬੁਰਕੀ ਲਾ ਕੇ ਪਿੰਜਰਾ ਫਿੱਟ ਕਰ ਦਿੱਤਾ ਤੇ ਬੱਤੀ ਬੁਝਾ ਕੇ ਸੌਂ ਗਿਆ। ਹਾਲੇ ਮੈਨੂੰ ਪਏ ਨੂੰ ਅੱਧਾ ਕੁ ਘੰਟਾ ਹੀ ਬੀਤਿਆ ਸੀ ਕਿ ਮੈਨੂੰ ‘ਫਟੱਕ’ ਦੀ ਆਵਾਜ਼ ਆਈ। ਮੈਂ ਕਮਰੇ ਦੀ ਬੱਤੀ ਜਗਾ ਕੇ ਵੇਖਿਆ ਤਾਂ ਮੇਰੇ ਸਾਮਾਨ ਨੂੰ ਤਹਿਸ-ਨਹਿਸ ਕਰ ਕੇ ਮੈਨੂੰ ਪ੍ਰੇਸ਼ਾਨ ਕਰ ਦੇਣ ਵਾਲਾ ਉਹ ਚੂਹਾ ਲੋਹੇ ਦੇ ਮਜ਼ਬੂਤ ਪਿੰਜਰੇ ਵਿਚ ਫਸ ਚੁੱਕਾ ਸੀ ਤੇ ਆਪਣੇ ਦੰਦਾਂ ਤੇ ਹੱਥਾਂ-ਪੈਰਾਂ ਨਾਲ ਪਿੰਜਰੇ ਨੂੰ ਤੋੜ ਕੇ ਉਸ ਵਿੱਚੋਂ ਬਾਹਰ ਨਿਕਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ।
ਮੈਂ ਪਿੰਜਰੇ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਮੁੜ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਿਉਂਕਿ ਦਿਨ ਚੜ੍ਹਨ ਨੂੰ ਕੁਝ ਕੁ ਘੰਟੇ ਬਾਕੀ ਸਨ ਤੇ ਕੰਮ ’ਤੇ ਜਾਣ ਤੋਂ ਪਹਿਲਾਂ ਮੈਂ ਇਸ ਚੂਹੇ ਨੂੰ ਕਿਧਰੇ ਦੂਰ-ਦੁਰਾਡੇ ਛੱਡ ਕੇ ਵੀ ਆਉਣਾ ਸੀ। ਘੰਟਾ ਕੁ ਮੈਂ ਇਧਰ-ਉਧਰ ਪਾਸੇ ਮਾਰਦਿਆਂ ਲੰਘਾ ਦਿੱਤਾ ਪਰ ਉਸ ਚੂਹੇ ਦੇ ਰੌਲੇ ਕਾਰਨ ਨੀਂਦ ਮੇਰੀਆਂ ਅੱਖਾਂ ਵਿੱਚੋਂ ਉੱਡ ਚੁੱਕੀ ਸੀ। ਕੋਈ ਹੋਰ ਚਾਰਾ ਨਾ ਚੱਲਦਾ ਵੇਖ ਮੈਂ ਬੱਤੀ ਮੁੜ ਜਗਾ ਦਿੱਤੀ ਤੇ ਉਸ ਪਿੰਜਰੇ ਕੋਲ ਜਾ ਕੇ ਉਸ ਚੂਹੇ ਨੂੰ ਵੇਖਣ ਲੱਗ ਪਿਆ। ਮੈਨੂੰ ਇੰਜ ਲੱਗਾ ਜਿਵੇਂ ਉਸ ਚੂਹੇ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਕਹਿ ਰਿਹਾ ਹੋਵੇ ਕਿ ਮੈਨੂੰ ਜਾ ਲੈਣ ਦਿਓ, ਮੇਰੇ ਨਿੱਕੇ ਨਿੱਕੇ ਬੱਚੇ ਹਨ, ਮੈਂ ਉਨ੍ਹਾਂ ਵਾਸਤੇ ਰੋਟੀ ਲੈਣ ਲਈ ਘਰੋਂ ਨਿਕਲਿਆਂ ਸਾਂ, ਪਤਾ ਨਹੀਂ ਸੀ ਕਿ ਰੋਟੀ ਦੀ ਭਾਲ ਮੈਨੂੰ ਇੰਜ ਪਿੰਜਰੇ ਦੀ ਕੈਦ ਵਿੱਚ ਲੈ ਆਵੇਗੀ।
ਮੈਂ ਬੈਠਾ ਪਿੰਜਰੇ ਵਿੱਚ ਤਰਲੋ-ਮੱਛੀ ਹੋ ਰਹੇ ਉਸ ਚੂਹੇ ਵੱਲ ਦੇਖੀ ਜਾ ਰਿਹਾ ਸੀ। ਮੈਨੂੰ ਆਪਣੀ ਹਾਲਤ ਕੁਝ ਕੁਝ ਉਸ ਚੂਹੇ ਵਰਗੀ ਹੀ ਲੱਗੀ। ਮੈਂ ਵੀ ਤਾਂ ਆਪਣੀ ਪਤਨੀ, ਦੋ ਧੀਆਂ ਤੇ ਬਜ਼ੁਰਗ ਮਾਂ-ਬਾਪ ਦੀ ਫ਼ਿਕਰ ਲੈ ਕੇ ਆਪਣਾ ਘਰ-ਬਾਰ ਗਹਿਣੇ ਰੱਖ ਦਿੱਤਾ ਸੀ ਤੇ ਕਰਜ਼ੇ ਦੀ ਪੰਡ ਚੁੱਕ ਕੇ ਅਮਰੀਕਾ ਆ ਗਿਆ ਸੀ। ਅਮਰੀਕਾ ਆ ਕੇ ਮੈਨੂੰ ਪਤਾ ਲੱਗਾ ਸੀ ਕਿ ਇੱਥੇ ਜ਼ਿੰਦਗੀ ਜਿਊਣੀ ਤੇ ਰੋਟੀ ਕਮਾਉਣੀ ਓਨੀ ਸੌਖੀ ਨਹੀਂ ਸੀ, ਜਿੰਨੀ ਮੈਨੂੰ ਲੱਗਦੀ ਸੀ। ਦਿਨ-ਰਾਤ ਹੱਡ-ਭੰਨ੍ਹਵੀਂ ਮਿਹਨਤ ਕਰਕੇ ਤੇ ਆਪਣਾ ਪੇਟ ਕੱਟ-ਕੱਟ ਕੇ ਮੈਂ ਡਾਲਰ ਜੋੜਦਾ ਸਾਂ ਤੇ ਪਿੱਛੇ ਆਪਣੇ ਪਰਿਵਾਰ ਨੂੰ ਭੇਜਦਾ ਸਾਂ। ਲੋਕਾਂ ਦੇ ਭਾਣੇ ਮੈਂ ਅਮਰੀਕਾ ਵਿੱਚ ਐਸ਼ ਕਰਦਾ ਸਾਂ, ਪਰ ਮੈਂ ਤਾਂ ਬਸ ਇੱਕ ਮਸ਼ੀਨ ਵਾਂਗ ਕੰਮ ਕਰੀ ਜਾ ਰਿਹਾ ਸਾਂ। ਮੈਂ ਇੱਥੇ ਇਕੱਲਾ ਸੀ ਆਪਣੇ ਪਰਿਵਾਰ ਤੋਂ ਦੂਰ। ਆਪਣਿਆਂ ਤੋਂ ਬਿਨਾਂ ਜਿਊਣਾ ਕਿੰਨਾ ਔਖਾ ਹੁੰਦਾ ਹੈ, ਇਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ। ਸਿਰ ’ਤੇ ਕਰਜ਼ੇ ਦੀ ਪੰਡ ਤੇ ਅੱਖਾਂ ਵਿੱਚ ਧੀਆਂ ਦਾ ਭਵਿੱਖ ਸੰਵਾਰਨ ਦੇ ਸੁਫ਼ਨੇ ਲੈ ਕੇ ਇੱਥੇ ਅਮਰੀਕਾ ਵਿੱਚ ਕਰੜਾ ਸੰਘਰਸ਼ ਕਰਦਿਆਂ ਮੈਨੂੰ ਛੇਤੀ ਹੀ ਅਹਿਸਾਸ ਹੋ ਗਿਆ ਸੀ ਕਿ ਮੈਂ ਅਮਰੀਕਾ ਰੂਪੀ ਇਸ ਸੋਨੇ ਦੇ ਪਿੰਜਰੇ ’ਚ ਆਣ ਵੜਿਆ ਸੀ, ਜਿੱਥੋਂ ਮੈਂ ਚਾਹ ਕੇ ਵੀ ਨਿਕਲ ਨਹੀਂ ਸੀ ਸਕਦਾ।
ਲੋਹੇ ਦੇ ਪਿੰਜਰੇ ’ਚ ਬੰਦ ਤੇ ਆਜ਼ਾਦ ਹੋਣ ਲਈ ਛਟਪਟਾ ਰਹੇ ਉਸ ਚੂਹੇ ਦੇ ਖੜਾਕ ਨੇ ਮੇਰੇ ਇਨ੍ਹਾਂ ਖ਼ਿਆਲਾਂ ਦੀ ਲੜੀ ਵਿਚਾਲਿਓਂ ਹੀ ਤੋੜ ਦਿੱਤੀ ਤੇ ਭਾਵਨਾਵਾਂ ਦੇ ਆਵੇਗ ਵਿੱਚ ਮੇਰੇ ਹੱਥ ਉਸ ਪਿੰਜਰੇ ਵੱਲ ਵਧ ਗਏ। ਮੈਂ ਪਿੰਜਰੇ ਦਾ ਫਾਟਕ ਖੋਲ੍ਹ ਦਿੱਤਾ। ਮੈਨੂੰ ਜਾਪਿਆ ਜਿਵੇਂ ਚੂਹਾ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਪੂਰੀ ਰਫ਼ਤਾਰ ਨਾਲ ਦੌੜਿਆ ਹੋਵੇ। ਮੈਂ ਹੁਣ ਕੁਝ ਸਹਿਜ ਮਹਿਸੂਸ ਕਰ ਰਿਹਾ ਸਾਂ।
ਸੰਪਰਕ: 97816-46008
* * *
ਯੋਗਤਾ ਦੀ ਕਰਾਮਾਤ
ਯਸ਼ਪਾਲ ਮਾਨਵੀ
ਉਸ ਉਪਰੋਥਲੀ ਦੋ ਧੀਆਂ ਜੰਮੀਆਂ। ਘਰ ਦਾ ਮਾਹੌਲ ਪਹਿਲਾਂ ਹੀ ਤਣਾਅ ਭਰਪੂਰ ਸੀ। ਧੀਆਂ ਦੇ ਨਾਲੋ ਨਾਲ ਜਨਮ ਨੇ ਤਣਾਅ ਹੋਰ ਡਾਢਾ ਕਰ ਦਿੱਤਾ। ਇਨ੍ਹਾਂ ਦੀ ਮਾਂ ਦੋ ਵਾਰ ਵਿਆਹੀ ਜਾਣ ਦੇ ਬਾਵਜੂਦ ਤਲਾਕ ਹੋਣ ਮਗਰੋਂ ਤੀਜੀ ਵਾਰੀ ਵਿਆਹੀ ਗਈ ਸੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਕਈ ਬਹੁਤ ਹੀ ਸਖ਼ਤ ਸਮਝੌਤੇ ਵੀ ਕਰਨੇ ਪੈਂਦੇ ਹਨ। ਉਸ ਵਿੱਚ ਕੋਈ ਮਾਨਸਿਕ ਵਿਕਾਰ ਸੀ ਜਿਸ ਕਾਰਨ ਉਹ ਵਿਆਹ ਪਿੱਛੋਂ ਤੁਰੰਤ ਬੀਮਾਰ ਹੋ ਜਾਂਦੀ। ਡਾਕਟਰੀ ਇਲਾਜ ਨਾਲ ਸਥਿਤੀ ਤਾਂ ਸੰਭਲੀ ਪਰ ਪਰਿਵਾਰਕ ਵਾਧੇ ਨੇ ਭਵਿੱਖ ਲਈ ਹੋਰ ਚਿੰਤਾ ਖੜ੍ਹੀ ਕਰ ਦਿੱਤੀ। ਜਿਸ ਨਾਲ ਵਿਆਹੀ ਸੀ ਉਹ ਕੋਈ ਖ਼ਾਸ ਕੰਮ-ਕਾਰ ਨਹੀਂ ਸੀ ਕਰਦਾ। ਧੀ ਦੀ ਪ੍ਰੇਸ਼ਾਨੀ ਤੋਂ ਬੇਵੱਸ ਹੋਏ ਮਾਪਿਆਂ ਨੇ ਦੋਵੇਂ ਦੋਹਤੀਆਂ ਤੇ ਧੀ ਨੂੰ ਘਰ ਬਿਠਾ ਲਿਆ ਤੇ ਜਵਾਈ ਨਾਲ ਸਦਾ ਸਦਾ ਲਈ ਨਾਤਾ ਤੋੜ ਦਿੱਤਾ।
ਸਮਾਂ ਲੰਘਦਾ ਗਿਆ। ਕੁੜੀਆਂ ਸਕੂਲੇ ਪੜ੍ਹਨ ਲੱਗੀਆਂ। ਨਾਨਕਿਆਂ ਦੇ ਹੱਥ ਵੱਸ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣਾ ਸੀ, ਸੋ ਉਨ੍ਹਾਂ ਇਸ ਕੰਮ ਵਿੱਚ ਕੋਈ ਕਸਰ ਨਾ ਛੱਡੀ। ਦੋਵੇਂ ਬੱਚੀਆਂ ਵੀ ਪੜ੍ਹਾਈ-ਲਿਖਾਈ ਵਿੱਚ ਬਹੁਤ ਹੁਸ਼ਿਆਰ ਨਿਕਲੀਆਂ। ਸਕੂਲੀ ਪੜ੍ਹਾਈ ਪਿੱਛੋਂ ਦੋਵਾਂ ਨੇ ਕਾਮਰਸ ਵਿੱਚ ਦਾਖ਼ਲਾ ਲੈ ਲਿਆ, ਦੋਵੇਂ ਹੀ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੀਆਂ ਸਨ। ਇਸ ਤੋਂ ਪਹਿਲਾਂ ਦੋਵਾਂ ਦੇ ਮਾਮੇ ਨੇ 1994-95ਵਿਆਂ ਵਿੱਚ ਸੀ ਏ ਕੀਤੀ ਸੀ। ਉਸ ਵੇਲੇ ਸੀ ਏ ਦੀ ਪਾਸ ਫ਼ੀਸਦ ਬਹੁਤ ਘੱਟ ਹੋਇਆ ਕਰਦੀ ਸੀ। ਅਕਸਰ ਲੋਕ ਕਿਹਾ ਕਰਦੇ ਸਨ ਕਿ ਡਾਕਟਰ ਬਣਨਾ ਸੀ ਏ ਬਣਨ ਨਾਲੋਂ ਕਿਤੇ ਸੌਖਾ ਕੰਮ ਹੈ। ਵਿਦਿਆਰਥੀਆਂ ਨੂੰ ਤਾਂ ਇਉਂ ਲਗਦਾ ਸੀ ਕਿ ਜੇ ਰੱਬ ਵੀ ਸੀ ਏ ਦਾ ਇਮਤਿਹਾਨ ਦੇਵੇ ਤਾਂ ਸ਼ਾਇਦ ਪਹਿਲੀ ਵਾਰ ਵਿੱਚ ਪਾਸ ਨਾ ਹੋ ਸਕੇ।
ਕਾਮਰਸ ਵਿੱਚ ਗਰੈਜੂਏਸ਼ਨ ਤੋਂ ਬਾਅਦ ਦੋਵੇਂ ਜਣੀਆਂ ਇਕੱਠੀਆਂ ਇੱਕੋ ਕਮਰੇ ਵਿੱਚ ਪੈਂਦੀਆਂ, ਪੜ੍ਹਦੀਆਂ ਅਤੇ ਉਨ੍ਹਾਂ ਦੇ ਕਮਰੇ ਦੀਆਂ ਕੰਧਾਂ ਉੱਤੇ ਥਾਂ ਪੁਰ ਥਾਂ ਪੜ੍ਹਾਈ ਨਾਲ ਸਬੰਧਤ ਚਾਰਟ ਆਦਿ ਲੱਗੇ ਹੁੰਦੇ। ਸੀ ਏ ਦੇ ਗਰੁੱਪ ਕਦੇ ਪਹਿਲੀ ਵਾਰ, ਕਦੇ ਦੂਜੀ ਵਾਰ ਨਿਕਲਦੇ-ਨਿਕਲਦੇ ਛੋਟੀ ਸੀ ਏ ਪਹਿਲਾਂ ਕਰ ਗਈ ਅਤੇ ਵੱਡੀ ਨੂੰ ਇੱਕ ਸਾਲ ਸੀ ਏ ਕਰਨ ਵਿੱਚ ਹੋਰ ਲੱਗਿਆ।ਉਹ ਹੁਣ 30 ਵਰ੍ਹਿਆਂ ਨੂੰ ਢੁੱਕ ਗਈਆਂ ਸਨ। ਯੋਗਤਾ ਤਾਂ ਪੂਰੀ ਹੋ ਗਈ। ਸਵੈ-ਨਿਰਭਰਤਾ ਦਾ ਮਸਲਾ ਹੱਲ ਹੋ ਗਿਆ ਸੀ। ਪਰ ਘਰ ਵਿੱਚ ਜਦੋਂ ਵੀ ਉਨ੍ਹਾਂ ਦੇ ਵਿਆਹ ਦੀ ਗੱਲ ਤੁਰਦੀ ਤਾਂ ਦੋਵੇਂ ਬਹੁਤ ਨਾਰਾਜ਼ ਹੋ ਜਾਂਦੀਆਂ। ਅਖੀਰ ਉਨ੍ਹਾਂ ਵਿਆਹ ਦੀ ਗੱਲ ਤੋਰਨੀ ਬੰਦ ਕਰ ਦਿੱਤੀ ਗਈ। ਹੁਣ ਦੋਵੇਂ ਭੈਣਾਂਂ ਗੁੜਗਾਂਵ ਵਿੱਚ ਨੌਕਰੀ ਕਰਨ ਲੱਗ ਪਈਆਂ ਸਨ। ਇੱਕ ਦਿਨ ਦੋਵਾਂ ਵਿੱਚੋਂ ਨਿੱਕੀ ਨੇ ਘਰ ਫੋਨ ਕਰਕੇ ਦੱਸਿਆ ਕਿ ਉਸ ਨੇ ਇੱਕ ਲੜਕਾ ਪਸੰਦ ਕਰ ਲਿਆ ਹੈ। ਸਾਰੀ ਤਿਆਰੀ ਉਨ੍ਹਾਂ ਕਰ ਲਈ ਹੈ, ਬਸ ਘਰ ਦੇ ਇੱਕ ਵਾਰ ਲੜਕੇ ਦੇ ਪਰਿਵਾਰ ਨਾਲ ਗੱਲਬਾਤ ਕਰ ਲੈਣ। ਉਮਰ ਦੀ ਪਕਿਆਈ ਕਰਕੇ ਕਿਸੇ ਨੇ ਕਿੰਤੂ ਨਾ ਕੀਤੀ। ਸਹਿਮਤੀ ਮਿਲ ਗਈ ਤਾਂ ਸ਼ਗਨ ਵਾਲੇ ਦਿਨ ਰਿਸ਼ਤੇਦਾਰ ਲੋੜੀਂਦਾ ਸਾਜ਼ੋ-ਸਮਾਨ ਲੈ ਕੇ ਪਹੁੰਚ ਗਏ। ਲੜਕਾ ਵੀ ਉਸ ਦਫ਼ਤਰ ਵਿੱਚ ਹੀ ਕੰਮ ਕਰਦਾ ਸੀ ਤੇ ਨਿੱਕੀ ਦਾ ਅਫ਼ਸਰ ਸੀ। ਅਸੀਂ ਸਾਰੇ ਪੈਲੇਸ ਵਿੱਚ ਇਕੱਤਰ ਹੋਏ। ਦੋਵੇਂ ਪਰਿਵਾਰਾਂ ਦੇ ਜੀਅ ਤੇ ਹੋਰ ਰਿਸ਼ਤੇਦਾਰ ਰਲ ਮਿਲ ਕੇ ਗੱਲਾਂ-ਬਾਤਾਂ ਕਰ ਰਹੇ ਸਨ। ਰਸਮਾਂ ਅਦਾ ਕੀਤੀਆਂ ਗਈਆਂ। ਹਾਸਾ-ਠੱਠਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਸਭ ਇੱਕ ਦੂਜੇ ਨਾਲ ਘੁਲਣ-ਮਿਲਣ ਲੱਗੇ।
ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਜਿਹੜਾ ਮੁੰਡਾ ਨਿੱਕੀ ਨੇ ਲੱਭਿਆ ਸੀ, ਉਹ ਨਿੱਘੇ ਸੁਭਾਅ ਵਾਲਾ ਸੀ। ਉਹ ਹਰ ਕਿਸੇ ਨਾਲ ਪੂਰੀ ਅਪਣੱਤ ਨਾਲ ਪੇਸ਼ ਆ ਰਿਹਾ ਸੀ ਤੇ ਇੱਧਰ ਅਸੀਂ ਸਾਰੇ ਹੀ ਉਸ ਦੀ ਸ਼ਖ਼ਸੀਅਤ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਸਾਂ।
ਮੁੰਡੇ ਦੇ ਮਾਪਿਆਂ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਕੁੜੀ ਨੂੰ ਇੰਜ ਗਲਵੱਕੜੀ ਵਿੱਚ ਲਿਆ ਹੋਇਆ ਸੀ ਜਿਵੇਂ ਕੋਈ ਪਰੀ ਉਨ੍ਹਾਂ ਦੇ ਹੱਥ ਆ ਗਈ ਹੋਵੇ। ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ। ਨਿੱਕੀ ਦੀ ਗ੍ਰਹਿਸਥੀ ਦੀ ਡੋਰ ਉਸ ਦੇ ਆਪਣੇ ਹੱਥ ਵਿੱਚ ਸੀ। ਵੱਡੀ ਨੂੰ ਵੀ ਇੰਝ ਹੀ ਲੜਕਾ ਪਸੰਦ ਆਇਆ ਤਾਂ ਉਸ ਦਾ ਵੀ ਘਰ ਵਸ ਗਿਆ। ਦੋਵੇਂ ਧੀਆਂ ਸੁਖੀ ਵਸਣ ਲੱਗੀਆਂ। ਮਾਂ ਦੇ ਦਿਲ ਨੂੰ ਚੈਨ ਮਿਲ ਗਿਆ ਸੀ। ਧੀਆਂ ਇੰਨੀਆਂ ਲਾਇਕ ਸਨ ਕਿ ਜ਼ਿੰਦਗੀ ਦੀ ਹਰ ਖੁਸ਼ੀ ਉਨ੍ਹਾਂ ਆਪਣੀ ਮਾਂ ਅਤੇ ਨਾਨਕੇ ਪਰਿਵਾਰ ਦੇ ਹਰ ਜੀਅ ਦੀ ਝੋਲੀ ਪਾ ਦਿੱਤੀ ਸੀ। ਦੋਵੇਂ ਧੀਆਂ ਨੇ ਆਪਣੀ ਲਗਨ, ਮਿਹਨਤ ਤੇ ਲਿਆਕਤ ਨਾਲ ਆਪਣੀ ਤੇ ਆਪਣੀ ਮਾਂ ਦੀ ਜ਼ਿੰਦਗੀ ਸਵਾਰ ਲਈ ਸੀ। ਇਹ ਉਨ੍ਹਾਂ ਦੀ ਯੋਗਤਾ ਦੀ ਕਰਾਮਾਤ ਹੀ ਸੀ ਕਿ ਅੱਜ ਉਹ ਪੁੱਤਰਾਂ ਨਾਲੋਂ ਵੀ ਵੱਧ ਆਪਣੀ ਮਾਂ ਦਾ ਖਿਆਲ ਰੱਖ ਰਹੀਆਂ ਸਨ।
ਸੰਪਰਕ: 94635-86655

