DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੰਨੀ ਕਹਾਣੀਆਂ

ਸਖ਼ਤ ਹੁਕਮ ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਚੀਨੀ ਡੋਰ ’ਤੇ ਪੂਰਨ ਪਾਬੰਦੀ ਲਾਉਣ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਤਹਿਤ ਜ਼ਿਲ੍ਹੇ ਦੇ ਆਲ੍ਹਾ ਅਧਿਕਾਰੀ ਦੀ ਮੀਟਿੰਗ ਪੁਲੀਸ ਅਫਸਰਾਂ ਅਤੇ ਸਿਵਲ ਪ੍ਰਸ਼ਾਸਨ ਦੇ ਜ਼ੋਨ ਵਾਈਜ਼ ਲਗਾਏ ਗਏ ਇੰਚਾਰਜਾਂ ਨਾਲ ਹੋਈ। ਇਸ ਮੀਟਿੰਗ...

  • fb
  • twitter
  • whatsapp
  • whatsapp
Advertisement

ਸਖ਼ਤ ਹੁਕਮ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਚੀਨੀ ਡੋਰ ’ਤੇ ਪੂਰਨ ਪਾਬੰਦੀ ਲਾਉਣ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਤਹਿਤ ਜ਼ਿਲ੍ਹੇ ਦੇ ਆਲ੍ਹਾ ਅਧਿਕਾਰੀ ਦੀ ਮੀਟਿੰਗ ਪੁਲੀਸ ਅਫਸਰਾਂ ਅਤੇ ਸਿਵਲ ਪ੍ਰਸ਼ਾਸਨ ਦੇ ਜ਼ੋਨ ਵਾਈਜ਼ ਲਗਾਏ ਗਏ ਇੰਚਾਰਜਾਂ ਨਾਲ ਹੋਈ। ਇਸ ਮੀਟਿੰਗ ਵਿੱਚ ਅਧਿਕਾਰੀ ਨੇ ਸਰਕਾਰ ਵੱਲੋਂ ਮਿਲੇ ਜ਼ੁਬਾਨੀ ਤੇ ਲਿਖਤੀ ਸਖ਼ਤ ਨਿਰਦੇਸ਼ ਇਸ ਵਾਰ ਇੰਨ-ਬਿੰਨ ਲਾਗੂ ਕਰਨ ਲਈ ਹਰ ਜ਼ੋਨ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ। ਉਸ ਨੇ ਨਿਰਦੇਸ਼ ਦਿੱਤੇ ਕਿ ਚੀਨੀ ਡੋਰ ਦੀ ਵਰਤੋਂ ਤੇ ਵਿਕਰੀ ਆਦਿ ਸਬੰਧੀ ਕੋਈ ਵੀ ਕੇਸ ਸਾਹਮਣੇ ਆਇਆ ਤਾਂ ਉਸ ਜ਼ੋਨ ਦੇ ਇੰਚਾਰਜ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਬਣਦੀਆਂ ਧਾਰਾਵਾਂ ਤਹਿਤ ਪਰਚਾ ਵੀ ਦਰਜ ਕਰਵਾਇਆ ਜਾਵੇਗਾ।

Advertisement

ਮੀਟਿੰਗ ਖ਼ਤਮ ਹੁੰਦਿਆਂ ਹੀ ਮੀਟਿੰਗ ਲੈ ਰਹੇ ਅਧਿਕਾਰੀ ਨੇ ਸਿਟੀ ਜ਼ੋਨ ਦੇ ਇੰਚਾਰਜ, ਜੋ ਕਿਸੇ ਥਾਣੇ ਦੇ ਐਸ ਐਚ ਓ ਦੀ ਪੋਸਟ ’ਤੇ ਤਾਇਨਾਤ ਸੀ, ਨੂੰ ਆਪਣੇ ਕੋਲ ਬੁਲਾ ਕੇ ਪਰਦੇ ਨਾਲ ਕਿਹਾ, ‘‘ਇਸ ਤਰ੍ਹਾਂ ਕਰੀਂ ਯਾਰ ਸ਼ਾਮ ਨੂੰ ਇਕ ਗੱਟੂ ਚੀਨੀ ਡੋਰ ਦਾ ਮੇਰੇ ਘਰ ਭੇਜ ਦੇਵੀਂ। ਮੁੰਡਾ ਬਹੁਤ ਜ਼ਿੱਦ ਕਰ ਰਿਹੈ, ਵੇਖੀਂ ਗੱਲ ਬਾਹਰ ਨਾ ਨਿਕਲੇ ਨਹੀਂ ਤਾਂ ਤਵਾ ਬਹੁਤ ਲੱਗੂ ਆਪਣਾ।’’

Advertisement

ਐੱਸ ਐੱਚ ਓ ਮੇਰਾ ਜਿਗਰੀ ਦੋਸਤ ਸੀ, ਜਦੋਂ ਉਸ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਮੈਂ ਕਿੰਨਾ ਹੀ ਚਿਰ ਸੋਚਦਾ ਰਿਹਾ ਕਿ ਇਹ ਕਿਸ ਤਰ੍ਹਾਂ ਦੇ ਸਖ਼ਤ ਹੁਕਮ ਹਨ ਜੋ ਅਧਿਕਾਰੀਆਂ ਵੱਲੋਂ ਹੀ ਤੋੜੇ ਜਾਂਦੇ ਹਨ।

ਸੰਪਰਕ: 99888-11681

* * *

ਭਾਗ ਸਿੰਹਾਂ ਤੇਰੇ ਭਾਗ

ਗੁਰਜਿੰਦਰ ਸਿੰਘ ਸਾਹਦੜਾ

ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਾਡਾ ਪੰਜਾਬੀਆਂ ਦਾ ਮਨ-ਭਾਉਂਦਾ ਖਾਣਾ ਹੈ। ਹੁਣ ਤਾਂ ਬਦਲਦੇ ਸਮੇਂ ਦੇ ਨਾਲ ਘਰਾਂ ਵਿੱਚ ਹੋਰ ਵੀ ਸਾਰੇ ਬਹੁਤ ਪਕਵਾਨ ਬਣਨ ਲੱਗੇ ਨੇ ਪਰ ਪੁਰਾਣੇ ਵੇਲਿਆਂ ਵਿੱਚ ਲੋਕ ਇੱਕੋ ਵਾਰ ਸਾਗ ਬਣਾ ਕੇ ਕਈ-ਕਈ ਦਿਨ ਖਾਂਦੇ ਰਹਿੰਦੇ ਸਨ। ਖਾਸ ਪ੍ਰਾਹੁਣਾ ਆਉਣ ’ਤੇ ਨਵੇਂ ਸਿਰਿਓਂ ਸਾਗ ਧਰ ਲਿਆ ਜਾਂਦਾ। ਜਵਾਈ ਭਾਈ ਆਉਣ ’ਤੇ ਤਾਂ ਆਂਢ-ਗੁਆਂਢ ਵਾਲੇ ਵੀ ਫ਼ਰਜ਼ ਸਮਝਦੇ ਹੋਏ ਆਪ ਹੀ ਘਰ ਪੁੱਜਦਾ ਕਰ ਦਿੰਦੇ ਸਨ।

ਇਵੇਂ ਹੀ ਸਾਗ ਖਾ-ਖਾ ਕੇ ਅੱਕੇ ਹੋਏ ਭਾਗ ਸਿਹੁੰ ਨੇ ਸੋਚਿਆ ਕਿ ਇੱਥੇ ਤਾਂ ਘਰ ਦਿਆਂ ਨੇ ਸੁਣਨੀ ਨੀ, ਕਿਉਂ ਨਾ ਚਾਰ ਦਿਨ ਕਿਤੇ ਸਾਕ ਸਕੀਰੀ/ਪ੍ਰਾਹੁਣਚਾਰੀ ਹੀ ਜਾ ਆਵਾਂ। ਇਹ ਸੋਚ ਕੇ ਉਸ ਨੇ ਆਪਣੀ ਵੱਡੀ ਮਾਸੀ ਦੇ ਗਰਾਂ ਵੱਲ ਚਾਲੇ ਪਾ ਦਿੱਤੇ। ਸੁੱਖ ਨਾਲ ਮਾਸੀ ਦੇ ਚਾਰ ਪੁੱਤ ਤੇ ਚਾਰੇ ਅੱਡੋ-ਅੱਡ। ਸਭ ਤੋਂ ਪਹਿਲਾਂ ਵੱਡੇ ਮਸੇਰ ਦੇ ਗਿਆ। ਪਾਣੀ-ਧਾਣੀ ਪੀ ਕੇ ਉਹਦੇ ਨਾਲ ਖੇਤਾਂ ਵੱਲ ਘੁੰਮਣ ਚਲਿਆ ਗਿਆ ਤਾਂ ਮਗਰੇ ਭਰਜਾਈ ਆ ਪਹੁੰਚੀ ਸਾਗ ਤੋੜਨ। ਉੱਥੋਂ ਈ ਹਿਸਾਬ-ਕਿਤਾਬ ਲਾ ਕੇ ਦੂਜੇ ਮਸੇਰ ਨਾਲ ਉਹਦੇ ਘਰ ਵੱਲ ਆ ਗਿਆ। ਬਾਰ ਵੜਦਿਆਂ ਸਾਰ ਵੇਖਿਆ ਤਾਂ ਭਰਜਾਈ ਬੈਠੀ ਗੰਦਲ਼ਾਂ ਪਈ ਛਿੱਲੇ। ਚਲੋ ਜੀ ਚਾਹ-ਪਾਣੀ ਪੀ ਕੇ ਤੀਜੇ ਮਸੇਰ ਵੱਲ ਹੋ ਤੁਰਿਆ। ਉੱਥੇ ਵੀ ਜਾਣ ਸਾਰ ਚੁੱਲ੍ਹੇ ’ਤੇ ਤੌੜੀ ਰਿੱਝਦੀ ਦਿਖ ਗਈ। ਤਰਕਾਲਾਂ ਦਾ ਵੇਲਾ, ਹੁਣ ਕੀ ਕੀਤਾ ਜਾਵੇ ! ਸਿਆਲਾਂ ਨੂੰ ਰਾਤ ਵੀ ਤਾਂ ਝੱਟ ਪੈ ਜਾਂਦੀ ਏ। ਘਰ ਦੇ ਰੋਟੀ ਪਾਣੀ ਦੀ ਤਿਆਰੀ ਕਰਨ ਲੱਗੇ ਤਾਂ ਮਾਸੀ ਨੂੰ ਮਿਲਣ ਦਾ ਬਹਾਨਾ ਮਾਰ ਕੇ ਚੌਥੇ ਤੇ ਸਭ ਤੋਂ ਛੋਟੇ ਮਸੇਰ ਦੇ ਘਰੇ ਜਾ ਵੜਿਆ। ਓਨੇ ਨੂੰ ਹਨੇਰਾ ਵੀ ਚੰਗੀ ਤਰ੍ਹਾਂ ਪੱਸਰ ਚੁੱਕਾ ਸੀ ਤੇ ਘਰ ਦੇ ਜੀਅ ਰੋਟੀ ਖਾਣ ਲਈ ਪੂਰੀ ਤਿਆਰੀ ਵਿੱਚ ਬੈਠੇ ਸਨ। ਆਪਣੇ ਨਾਲ ਹੀ ਓਨ੍ਹਾਂ ਜਦੋਂ ਮੂੜ੍ਹੇ ਤੇ ਬੈਠੇ ਭਾਗ ਸਿੰਘ ਨੂੰ ਥਾਲੀ ਫੜਾਈ ਤਾਂ ਥਾਲ ਵਿੱਚ ਮੱਕੀ ਦੀਆਂ ਰੋਟੀਆਂ ਤੇ ਪਿਆ ਧੜੀ ਦਾ ਸਾਗ ਵੇਖ ਕੇ ਭਾਗ ਸਿੰਘ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, ‘‘ਭਾਗ ਸਿਹਾਂ ਤੇਰੇ ਭਾਗ, ਜਿੱਥੇ ਜਾਵੇਂ ਉੱਥੇ ਸਾਗ”।

ਸੰਪਰਕ: 98153-02341

***

ਸਿਆਣੇ ਦਾ ਕਿਹਾ ਤੇ ਔਲਾ ਦਾ ਖਾਧਾ

ਰਜਵਿੰਦਰ ਪਾਲ ਸ਼ਰਮਾ

ਸਾਮਾਨ ਨਾਲ ਭਰੀ ਟਰਾਲੀ ਦੇਖ ਜਗਤਾਰ ਦਾ ਪਿਤਾ ਮੰਗਲ ਸਿੰਘ ਕਹਿਣ ਲੱਗਿਆ, ‘‘ਪੁੱਤ ਵਜ਼ਨ ਘੱਟ ਪਾ ਲਿਆ ਕਰ। ਕੁੱਝ ਨਹੀਂ ਹੁੰਦਾ, ਦੋ ਰੁਪਏ ਘੱਟ ਬਣ ਜਾਣਗੇ।’’ ‘‘ਬਾਪੂ ਤੂੰ ਐਵੈਂ ਨਾ ਕਰੀ ਜਾਇਆ ਕਰ, ਚੁੱਪ ਕਰਕੇ ਬਹਿ ਜਾ।’’ ਜਗਤਾਰ ਨੇ ਗੁੱਸੇ ਵਿੱਚ ਬਾਪੂ ਨੂੰ ਕਿਹਾ। ਅਗਲੇ ਦਿਨ ਜਦੋਂ ਜਗਤਾਰ ਟਰਾਲੀ ਘਰੋਂ ਬਾਹਰ ਕੱਢਣ ਲੱਗਿਆ ਤਾਂ ਭਾਰ ਜ਼ਿਆਦਾ ਹੋਣ ਕਰਕੇ ਟਰਾਲੀ ਮਿੱਟੀ ਵਿੱਚ ਬੈਠ ਗਈ। ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਪਰ ਟਰਾਲੀ ਨਾ ਨਿਕਲੀ। ਹਾਰ ਕੇ ਇੱਕ ਹੋਰ ਖਾਲੀ ਟਰਾਲੀ ਮੰਗਵਾ ਕੇ ਭਰੀ ਟਰਾਲੀ ਦਾ ਵਜ਼ਨ ਘੱਟ ਕੀਤਾ, ਫ਼ਿਰ ਕਿਤੇ ਜਾ ਕੇ ਟਰਾਲੀ ਬਾਹਰ ਨਿਕਲੀ। ਬੈਠਕ ਵਿੱਚ ਬੇਵੱਸ ਪਿਆ ਮੰਗਲ ਸਿੰਘ ਇਹ ਸਾਰਾ ਕੁੱਝ ਦੇਖ ਰਿਹਾ ਸੀ। ਮਨ ਵਿੱਚ ਸੋਚਣ ਲੱਗਿਆ, ਪਹਿਲਾਂ ਹੀ ਜ਼ੇਕਰ ਵਜ਼ਨ ਟਰਾਲੀ ਦੇ ਹਿਸਾਬ ਨਾਲ ਪਾ ਲਿਆ ਜਾਂਦਾ ਤਾਂ ਆਹ ਜੋ ਖੱਜਲ-ਖੁਆਰੀ ਸਵੇਰ ਦੀ ਹੋਈ ਆ ਇਹ ਨਾ ਹੁੰਦੀ। ਚਲੋ ਭਾਈ ਕੀ ਕੀਤਾ ਜਾ ਸਕਦਾ। ਸਿਆਣੇ ਦਾ ਕਿਹਾ ਤੇ ਔਲਾ ਦਾ ਖਾਧਾ ਬਾਅਦ ਵਿੱਚ ਹੀ ਪਤਾ ਲੱਗਦੈ।

ਸੰਪਰਕ: 70873-67969

* * *

ਧੀਆਂ ਧਿਆਣੀਆਂ

ਕਰਮਜੀਤ ਕੌਰ

‘‘ਸੁਣਿਓ ਜੀ, ਉੱਠ ਕੇ ਚਾਹ ਪੀ ਲਓ’’ ਰਾਜਿੰਦਰ ਸਰ੍ਹਾਣੇ ਵਾਲੇ ਪਾਸੇ ਖੜ੍ਹੀ ਪਾਲ ਨੂੰ ਉਠਾਉਣ ਦਾ ਯਤਨ ਕਰ ਰਹੀ ਸੀ। ਮੈੜਾਂ ਭੰਨਦਾ ਪਾਲ ਮੰਜੇ ਤੋਂ ਉੱਠ ਖੜੋਇਆ ਤੇ ਦਾਤਣ ਕਰਨ ਤੁਰ ਗਿਆ। ਮੂੰਹ ਹੱਥ ਧੋ ਕੇ ਵਿਹਲਾ ਹੋ ਪਾਲ ਚਾਹ ਪੀਣ ਲਈ ਮੰਜੇ ’ਤੇ ਆ ਬੈਠਿਆ। ਰਾਜਿੰਦਰ ਨੇ ਉਸ ਨੂੰ ਚਾਹ ਦਾ ਕੱਪ ਫੜਾ ਕੇ ਗੱਲ ਤੋਰੀ, ‘‘ਮਖਿਆ ਜੀ, ਅੱਜ ਤੁਸੀਂ ਪਿੰਡ ਰੁਲਦੂ ਬਾਹਮਣ ਦੇ ਘਰ ਜਾ ਕੇ ਉਨ੍ਹਾਂ ਦੇ ਮੁੰਡੇ ਬਾਰੇ ਸਾਰਾ ਕੁਝ ਪਤਾ ਕਰ ਕੇ ਆਵੋ।’’ ਉਹ ਗੁਆਂਢ ਵਿੱਚ ਰਹਿੰਦੀ ਬਾਹਮਣਾਂ ਦੀ ਧੀ ਦਾ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ। ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ, ਜਿਸ ਕਰਕੇ ਰਾਜਿੰਦਰ ਉਸ ਦੀ ਵਧੇਰੇ ਚਿੰਤਾ ਕਰਦੀ ਸੀ।

ਪਾਲ ਹਾਲੇ ਜੱਕੋ-ਤੱਕੀ ਵਿੱਚ ਹੀ ਸੀ ਤਾਂ ਰਾਜਿੰਦਰ ਨੇ ਉਸ ਨੂੰ ਪੱਕਾ ਕਰਨ ਲਈ ਮੁੜ ਕਿਹਾ, ‘‘ਧੀਆਂ ਧਿਆਣੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੀ। ਕੀ ਪਤਾ ਰੱਬ ਤੁਹਾਡੇ ਹੱਥੋਂ ਕਿਸੇ ਦਾ ਭਲਾ ਹੀ ਕਰਾ ਦਵੇ।’’ ਰਾਜਿੰਦਰ ਦੀ ਗੱਲ ਮੰਨ ਕੇ ਪਾਲ ਤਿਆਰ ਹੋਇਆ ਤੇ ਸਕੂਟਰ ਚੁੱਕ ਕੇ ਪਿੰਡ ਵੱਲ ਨੂੰ ਹੋ ਤੁਰਿਆ। ਦੋ ਕੁ ਪਿੰਡ ਪਹਿਲਾਂ, ਜਦੋਂ ਪਾਲ ਬੱਸ ਅੱਡੇ ਤੋਂ ਲੰਘਣ ਲੱਗਾ ਤਾਂ ਅਚਨਚੇਤ 22 ਕੁ ਸਾਲਾਂ ਦੀ ਇੱਕ ਕੁੜੀ ਨੇ ਹੱਥ ਦੇ ਕੇ ਉਸ ਨੂੰ ਰੁਕਣ ਦੀ ਮਿੰਨਤ ਕੀਤੀ। ਪਾਲ ਨੇ ਸਕੂਟਰ ਰੋਕਿਆ ਤਾਂ ਕੁੜੀ ਨੇ ਉਸ ਨੂੰ ਅਗਲੇ ਪਿੰਡ ਤੱਕ ਛੱਡਣ ਲਈ ਤਰਲਾ ਕੀਤਾ ਕਿਉਂਕਿ ਉਸ ਦੀ ਬੱਸ ਲੰਘ ਗਈ ਸੀ। ਉਥੇ ਨੇੜੇ ਬੈਠੇ ਕੁਝ ਬਜ਼ੁਰਗਾਂ ਨੇ ਵੀ ਪਾਲ ਨੂੰ ਕੁੜੀ ਦੀ ਮਦਦ ਕਰਨ ਦੀ ਅਪੀਲ ਕੀਤੀ। ਪਾਲ ਨਾਂਹ ਨਾ ਕਰ ਸਕਿਆ ਤੇ ਉਸ ਕੁੜੀ ਨੂੰ ਸਕੂਟਰ ਪਿੱਛੇ ਬਿਠਾ ਕੇ ਪਿੰਡ ਵੱਲ ਤੁਰ ਪਿਆ। ਰਾਹ ਵਿੱਚ ਪਾਲ ਦੇ ਪੁੱਛਣ ’ਤੇ ਕੁੜੀ ਨੇ ਦੱਸਿਆ ਕਿ ਉਹ ਪੇਕੇ ਪਿੰਡ ਤੋਂ ਸਹੁਰੇ ਪਿੰਡ ਜਾ ਰਹੀ ਹੈ। ਪਾਲ ਦੇ ਇਹ ਪੁੱਛਣ ’ਤੇ ਕਿ ਉਹ ਇਕੱਲੀ ਕਿਉਂ ਜਾ ਰਹੀ ਹੈ, ਉਸ ਨੂੰ ਕੋਈ ਲੈਣ ਕਿਉਂ ਨ੍ਹੀਂ ਆਇਆ ? ਤਾਂ ਜਵਾਬ ਵਿੱਚ ਕੁੜੀ ਨੇ ਥੋੜ੍ਹੀ ਉਦਾਸੀ ਨਾਲ ਕਿਹਾ, ‘‘ਮੈ ਤਾਂ ਵੀਰੇ ਰੁੱਸ ਕੇ ਆਈ ਸੀ ਆਪਣੇ ਘਰ। ਮੇਰਾ ਘਰਵਾਲਾ ਸ਼ਰਾਬ ਪੀ ਕੇ ਮੈਨੂੰ ਨਿੱਤ ਕੁੱਟਦਾ ਸੀ, ਹਰ ਗੱਲ ’ਤੇ ਲੜਾਈ ਕਰਦਾ ਸੀ।’’ ਕੁੜੀ ਦੀ ਗੱਲ ਸੁਣ ਪਾਲ ਨੇ ਸਕੂਟਰ ਹੌਲੀ ਕਰ ਉਤਸੁਕਤਾ ਨਾਲ ਪੁੱਛਿਆ, ‘‘ਭਾਈ ਬੀਬਾ ਫਿਰ ਤੁੂੰ ਕਿਉਂ ਮੁੜ ਉਸ ਨਰਕ ਵਿੱਚ ਜਾ ਰਹੀ ਏਂ ਜਿਥੇ ਤੇਰੀ ਕਦਰ ਹੀ ਨ੍ਹੀਂ?’’ ਪਾਲ ਦੀ ਗੱਲ ਵਿੱਚ ਹੀ ਰੋਕ ਕੇ ਕੁੜੀ ਨੇ ਕਿਹਾ, ‘‘ਕੀ ਕਰਾਂ ਵੀਰਿਆ, ਮੈਂ ਤਾਂ ਨਾ ਜਾਂਦੀ ਪਰ ਨਿੱਕੇ ਦੋ ਜਵਾਕ ਵੀ ਉਥੇ ਈ ਨੇ। ਉਨ੍ਹਾਂ ਮਾਰੀ ਮੁੜਨ ਲੱਗੀ ਆਂ।’’ ਅਗਲੇ ਬੱਸ ਅੱਡੇ ’ਤੇ ਕੁੜੀ ਨੇ ਪਾਲ ਨੂੰ ਸਕੂਟਰ ਰੋਕਣ ਲਈ ਕਿਹਾ। ਅੱਗੇ ਮਾੜਕੂ ਜਿਹਾ ਉਸ ਦਾ ਘਰਵਾਲਾ ਸਿਰ ’ਤੇ ਪਰਨਾ ਲਪੇਟੀ ਖੜ੍ਹਾ ਸੀ। ਪਾਲ ਨੂੰ ਇੰਜ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਆਪਣੀ ਭੈਣ ਨੂੰ ਸਹੁਰੇ ਘਰ ਛੱਡਣ ਆਇਆ ਹੋਵੇ। ਜਿਵੇਂ ਹੀ ਲੜਕੀ ਦੇ ਘਰਵਾਲੇ ਨੇ ਅੱਗੇ ਵਧ ਕੇ ਕੁੜੀ ਦੇ ਹੱਥੋਂ ਬੈਗ ਫੜਿਆ ਤਾਂ ਪਾਲ ਉਸ ਨੂੰ ਲਾਹਨਤਾਂ ਪਾਉਂਦਾ ਹੋਇਆ ਝਿੜਕਣ ਲੱਗਿਆ। ਪਾਲ ਨੇ ਉਸ ਵੱਲ ਘਸੁੰਨ ਵੱਟਦਿਆਂ ਚਿਤਾਵਨੀ ਦਿੱਤੀ, ‘‘ਜੇ ਤੂੰ ਅੱਜ ਤੋਂ ਬਾਅਦ ਕਦੇ ਸਾਡੀ ਧੀ ’ਤੇ ਹੱਥ ਚੁੱਕਿਆ ਤਾਂ ਤੇਰੀ ਖੈਰ ਨ੍ਹੀਂ।’’ ਕੁੜੀ ਦਾ ਘਰਵਾਲਾ ਡਰਦਾ ਹੋਇਆ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗ ਪਿਆ। ਉਸ ਕੰਨ ਫੜ ਕੇ ਆਖ਼ਿਆ, ‘‘ਬਾਈ ਜੀ ਮੁਆਫ਼ੀ ਦੇ ਦਿਓ, ਮੈਂ ਨ੍ਹੀਂ ਹੱਥ ਚੁੱਕਦਾ ਅੱਜ ਤੋਂ ਬਾਅਦ।’’ ਇਸ ਮਗਰੋਂ ਕੁੜੀ ਆਪਣੇ ਘਰਵਾਲੇ ਨਾਲ ਪਿੰਡ ਵੱਲ ਤੁਰ ਪਈ। ਪਾਲ ਕਿੰਨਾ ਚਿਰ ਉਨ੍ਹਾਂ ਨੂੰ ਜਾਂਦਿਆਂ ਨੂੰ ਵੇਖਦਾ ਰਿਹਾ। ਹੁਣ ਪਾਲ ਖੁਸ਼ ਸੀ ਤੇ ਆਪਣੇ ਆਪ ’ਤੇ ਮਾਣ ਮਹਿਸੂਸ ਕਰ ਰਿਹਾ ਸੀ। ਉਸ ਨੂੰ ਰਾਜਿੰਦਰ ਦੇ ਕਹੇ ਬੋਲ ਯਾਦ ਆ ਰਹੇ ਸਨ, ‘‘ਧੀਆਂ ਧਿਆਣੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੀ। ਕੀ ਪਤਾ ਰੱਬ ਤੁਹਾਡੇ ਹੱਥੋਂ ਕਿਸੇ ਦਾ ਭਲਾ ਹੀ ਕਰਾ ਦਵੇ।’’

ਸੰਪਰਕ: 70099-23030

***

ਫ਼ੈਸਲੇ

ਐਡਵੋਕੇਟ ਗੁਰਤੇਜ ਸਿੰਘ ਖੁਡਾਲ

ਕਾਲਾ ਝਿਊਰ ਦਾ ਲੜਕਾ ਬਹੁਤ ਬਿਮਾਰ ਸੀ। ਹਾਲਤ ਵਿੱਚ ਸੁਧਾਰ ਨਾ ਹੁੰਦਾ ਵੇਖ ਕਿਸਾਨ ਜੰਟਾ ਸਿੰਘ ਨੇ ਉਸ ਨੂੰ ਸਲਾਹ ਦਿੱਤੀ, ‘‘ਚੰਡੀਗੜ੍ਹ ਦਿਖਾ ਆਉਨੇ ਆਂ।’’ ਝਿਊਰ ਦਾ ਹੱਥ ਤੰਗ ਹੋਣ ਕਰਕੇ ਉਸ ਲਈ ਇਹ ਸਫ਼ਰ ਕਰਨਾ ਸੁਖਾਲਾ ਨਹੀਂ ਸੀ। ਪਰ ਉਹ ਜੰਟਾ ਸਿੰਘ ਦੇ ਸਮਝਾਉਣ ’ਤੇ ਲੜਕੇ ਨੂੰ ਚੰਡੀਗੜ੍ਹ ਲਿਜਾਣ ਲਈ ਰਾਜ਼ੀ ਹੋ ਗਿਆ। ਸਵੇਰੇ ਜਦੋਂ ਜੰਟਾ ਸਿੰਘ, ਕਾਲਾ ਤੇ ਉਸ ਦਾ ਲੜਕਾ ਸਰਕਾਰੀ ਬੱਸ ਚੜ੍ਹੇ ਤੇ ਜੰਟਾ ਸਿੰਘ ਨੇ ਤਿੰਨਾਂ ਦੀ ਟਿਕਟ ਕਟਾਈ। ਸਫ਼ਰ ਲੰਬਾ ਹੋਣ ਕਰ ਕੇ ਟਿਕਟ ਮਹਿੰਗੀ ਸੀ ਪਰ ਜੰਟਾ ਸਿੰਘ ਨੂੰ ਕਾਲੇ ਤੋਂ ਪੈਸੇ ਲੈਣੇ ਸਹੀ ਨਾ ਲੱਗੇ।

ਅਗਲੇ ਸਟੌਪ ਤੋਂ ਪਿੰਡ ਦੇ ਜ਼ੈਲਦਾਰਾਂ ਦੀ ਨੂੰਹ, ਜੋ ਚੰਡੀਗੜ੍ਹ ਡਾਕਟਰ ਲੱਗੀ ਹੈ, ਚੜ੍ਹੀ ਤੇ ਬਿਨਾ ਟਿਕਟ ਲਿਆਂ ਬੈਠ ਗਈ। ਅਗਲੇ ਪਿੰਡੋਂ ਪਟਿਆਲੇ ਪ੍ਰੋਫੈਸਰ ਲੱਗੀ ਬੰਤ ਸਿੰਘ ਦੀ ਧੀ ਤੇ ਪਵਨ ਕੁਮਾਰ ਮਾਸਟਰ ਦੀ ਘਰਵਾਲੀ, ਜੋ ਬੈਂਕ ਵਿੱਚ ਕੰਮ ਕਰਦੀ ਹੈ, ਇਕੱਠੀਆਂ ਚੜ੍ਹੀਆਂ। ਜੰਟਾ ਸਿੰਘ ਸੋਚਦਾ ਹੋਇਆ ਕਾਲੇ ਨੂੰ ਕਹਿਣ ਲੱਗਾ, ‘‘ਇਹ ਤਿੰਨੇ ਸਰਕਾਰੀ ਨੌਕਰੀ ਕਰਦੀਆਂ ਹਨ, ਤਨਖ਼ਾਹਾਂ ਵੀ ਲੱਖ ਸਵਾ ਲੱਖ ਤੋਂ ਹੇਠਾਂ ਨਹੀਂ ਹੋਣਗੀਆਂ, ਘਰ ਬਾਰ ਵੀ ਵਧੀਆ ਹੈ ਪਰ ਸਰਕਾਰ ਇਨ੍ਹਾਂ ਤੋਂ ਟਿਕਟ ਦੇ ਪੈਸੇ ਨਹੀਂ ਲੈਂਦੀ। ਦੂਜੇ ਪਾਸੇ ਤੇਰੇ-ਮੇਰੇ ਵਰਗੇ ਲੋਕ ਹਨ, ਜਿਨ੍ਹਾਂ ਕੋਲ ਕਈ ਵਾਰ ਦੂਜੇ ਡੰਗ ਦੀ ਰੋਟੀ ਦਾ ਰਾਸ਼ਨ ਵੀ ਨਹੀਂ ਹੁੰਦਾ। ਇਹ ਬਿਮਾਰੀ ਲਈ ਦਵਾ ਦਾਰੂ ਲੈਣ ਜਾਣ ਤੋਂ ਵੀ ਸੰਕੋਚ ਕਰਦੇ ਹਨ।’’

ਕਾਲੇ ਝਿਊਰ ਨੇ ਸਿਰ ਤੋਂ ਲੱਥਦਾ ਜਾ ਰਿਹਾ ਪਰਨਾ ਮੁੜ ਸਵਾਰ ਕੇ ਬੰਨ੍ਹਦਿਆਂ ਕਿਹਾ, ‘ਛੱਡ ਸਰਦਾਰਾ, ਇਹ ਸਰਕਾਰਾਂ ਲੋੜ ਦੇਖ ਕੇ ਨ੍ਹੀਂ ਸਗੋਂ ਵੋਟ ਦੇਖ ਦੇ ਸਹੂਲਤਾਂ ਦਿੰਦੀਆਂ ਨੇ।’’

ਸੰਪਰਕ: 94641-29118

* * *

Advertisement
×