ਅੰਮ੍ਰਿਤ ਕੌਰ ਬਡਰੁੱਖਾਂ
‘‘ਦਾਦੀ! ਆਹ ਦੇਖੋ ਮੰਮੀ ਨੇ ਸਟੇਟਸ ਪਾਇਆ। ‘ਮਾਈ ਸਵੀਟ ਫੈਮਿਲੀ’ ਲਿਖ ਕੇ।’’ ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ।
ਦਾਦੀ ਨੇ ਕੋਲ ਪਏ ਮੇਜ਼ ’ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ। ਪਰ ਦਾਦੀ ਨੇ ਜਿੰਨੀ ਖ਼ੁਸ਼ੀ ਨਾਲ ਐਨਕ ਲਾਈ ਸੀ। ਉਸ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਕਿਤੇ ਉੱਡ-ਪੁੱਡ ਗਈ।
‘‘ਆਹ ਦੇਖੋ! ਮੈਂ, ਪਾਪਾ ਅਤੇ ਮੰਮੀ… ਕਿੰਨੀ ਸੋਹਣੀ ਐ ਨਾ?’’
‘‘ਹਾਂ ਪੁੱਤਰ! ਬਹੁਤ ਸੋਹਣੀ ਐ… ਜਿਉਂਦੇ ਵਸਦੇ ਰਹੋ।’’ ਦਾਦੀ ਨੇ ਐਨਕ ਉਤਾਰਦਿਆਂ ਆਖਿਆ।
ਉਹ ਪੋਤੀ ਵੱਲ ਪਿੱਠ ਕਰ ਕੇ ਲੇਟ ਗਈ। ਮੱਧਮ ਜਿਹੀ ਆਵਾਜ਼ ਵਿੱਚ ਉਸ ਨੇ ਪਤਾ ਨਹੀਂ ਕਿਸ ਨੂੰ ਕਿਹਾ, ‘‘ਮੇਰੇ ਤੋਂ ਬਿਨਾਂ ਹੀ ਸਵੀਟ ਫੈਮਿਲੀ, ਕਿਤੇ ਮੈਂ ਵਾਧੂ ਤਾਂ ਨਹੀਂ ਲੱਗਣ ਲੱਗ ਪਈ, ਫੋਟੋ ਵਿੱਚ ਮੇਰੇ ਤੋਂ ਬਿਨਾਂ ਈ… ਫੈਮਿਲੀ… ਸਵੀਟ ਬਣ ਗਈ। ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ, ਕੋਈ ਤਿੰਨ ਕਰੇ ਕੋਈ ਤੇਰਾਂ ਕਰੇ। ਅਗਲਿਆਂ ਦਾ ਘਰ ਐ, ਪਰ ਬਣਾਇਆ ਤਾਂ ਮੈਂ ਈ ਐ ਕਿੰਨੀਆਂ ਔਖਾਂ ਕੱਟ ਕੇ… ਕੀ ਮੈਂ ਪਰਿਵਾਰ ਦਾ ਹਿੱਸਾ ਨਹੀਂ?’’ ਸਾਹਮਣੇ ਕੰਧ ’ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਦੇਖਣ ਲੱਗੀ ਜਿਸ ਨੂੰ ਦੁਨੀਆਂ ਛੱਡ ਕੇ ਗਏ ਨੂੰ ਤੀਹ ਸਾਲ ਹੋ ਗਏ ਸਨ। ਦੋਵੇਂ ਬੱਚੇ ਬਹੁਤ ਛੋਟੇ ਸਨ। ਜਿਹੜੀਆਂ ਮੁਸ਼ਕਲਾਂ ਨਾਲ ਉਸ ਨੇ ਬੱਚਿਆਂ ਨੂੰ ਪਾਲਿਆ ਤੇ ਪੜ੍ਹਾਇਆ ਸਭ ਅੱਖਾਂ ਅੱਗੇ ਆ ਗਿਆ। ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀਂ ਧਾਰਮਿਕ ਸਥਾਨਾਂ ’ਤੇ ਜਾ ਨੱਕ ਰਗੜੇ। ਪੜ੍ਹਾ ਕੇ ਨੌਕਰੀਆਂ ਕਰਨ ਦੇ ਕਾਬਿਲ ਬਣਾਇਆ। ਪੋਤੀ ਨੂੰ ਉਸ ਨੇ ਰਾਤਾਂ ਜਾਗ ਜਾਗ ਪਾਲਿਆ, ਆਪਣੀ ਢਿੱਡੋਂ ਜੰਮੀ ਔਲਾਦ ਵਾਂਗ। ਘਰ ਦੇ ਕੰਮ ਵੀ ਉਸ ਨੇ ਛੱਡੇ ਨਹੀਂ ਸਨ। ਅੱਧੇ ਕੰਮ ਉਹ ਖ਼ੁਸ਼ੀ ਖ਼ੁਸ਼ੀ ਕਰ ਦਿੰਦੀ। ਆਖਦੀ ਕਿ ਹੱਥ ਪੈਰ ਚਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਹੈ। ਅੱਜ ਉਸ ਨੂੰ ਸਰੀਰ ਵੀ ਥੱਕਿਆ ਥੱਕਿਆ ਲੱਗ ਰਿਹਾ ਸੀ। ਉਸ ਨੂੰ ਜਾਪ ਰਿਹਾ ਸੀ ਜਿਵੇਂ ਚਿਰਾਂ ਤੋਂ ਬਿਮਾਰ ਹੋਵੇ। ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ… ਵਾਰ ਵਾਰ… ਸਵੀਟ ਫੈਮਿਲੀ… ਵਿੱਚ ਆਪਣੇ ਆਪ ਨੂੰ ਲੱਭਦੀ। ਉੱਠਣ ਲੱਗਿਆਂ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ। ਨੂੰਹ ਉਸ ਦੇ ਕਮਰੇ ਵਿੱਚ ਆਈ। ਉਸ ਦਾ ਉਹਨੂੰ ਬੁਲਾਉਣ ਨੂੰ ਜੀਅ ਨਾ ਕੀਤਾ। ਗੁਆਂਢਣਾਂ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ:
‘‘ਜਿੰਨਾ ਮਰਜ਼ੀ ਜ਼ੋਰ ਲਾ ਲਵੋ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ।’’
‘‘ਧੀਆਂ ਕਿਉਂ ਬਣਾਉਣੈ… ਨੂੰਹਾਂ ਈ ਰਹਿਣ ਦਿਓ ਨਾ। ਨੂੰਹਾਂ ਵੀ ਤਾਂ ਪਿਆਰੀਆਂ ਹੁੰਦੀਆਂ ਨੇ।’’ ਉਹ ਹੱਸ ਕੇ ਆਖ ਦਿੰਦੀ। ਅੱਜ ਉਹਨੂੰ ਲੱਗ ਰਿਹਾ ਸੀ ਸ਼ਾਇਦ ਉਹ ਸੱਚ ਹੀ ਕਹਿੰਦੀਆਂ ਸਨ। ਉਹ ਆਪਣੇ ਆਪ ਨੂੰ ਕੋਸ ਰਹੀ ਸੀ।
ਕਦੇ ਸੋਚਦੀ ਐਨੀ ਬੁਰੀ ਵੀ ਨਹੀਂ ਉਸ ਦੀ ਨੂੰਹ। ਠੀਕ ਤਾਂ ਚੱਲ ਰਿਹਾ ਪਰਿਵਾਰ। ਫਿਰ ਗੁਆਂਢਣਾਂ ਦੀਆਂ ਗੱਲਾਂ ਭਾਰੂ ਹੋ ਜਾਂਦੀਆਂ। ਫਿਰ ਸੋਚਦੀ, ‘ਗੁਆਂਢਣਾਂ ਠੀਕ ਈ ਆਖਦੀਆਂ ਸਨ। ਮੈਂ ਈ ਨਹੀਂ ਉਸ ਨੂੰ ਕਦੇ ਕੁਝ ਕਿਹਾ। ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁਣਨਾ ਪਊ। ਮੈਂ ਸੱਚੀਂ ਕਮਲੀ ਆਂ ਜੀਹਨੇ ਆਉਂਦੀ ਨੂੰ ਸਿਰ ’ਤੇ ਬਿਠਾ ਲਿਆ। ਅੱਜ ਮੈਂ ਪਰਿਵਾਰ ਵਿੱਚੋਂ ਕੱਢ ਕੇ ਵਗਾਹ ਮਾਰੀ।’ ‘‘ਹੁਣ ਮੈਂ ਕਿੱਥੇ ਜਾਵਾਂ? ਮੈਨੂੰ ਵੀ ਬੁਲਾ ਲੈ ਹੁਣ।’’ ਉਹ ਪਤੀ ਦੀ ਫੋਟੋ ਵੱਲ ਦੇਖ ਕੇ ਮਨ ਹੀ ਮਨ ਉਸ ਨਾਲ ਗੱਲਾਂ ਕਰ ਰਹੀ ਸੀ। ਉਸ ਦੀਆਂ ਅੱਖਾਂ ਭਰ ਆਈਆਂ। ਇੱਕ ਅੱਖ ਦਾ ਪਾਣੀ ਡੁੱਲ੍ਹ ਗਿਆ ਤੇ ਦੂਜੀ ਦਾ ਪਹਿਲਾਂ ਹੀ ਦੁਪੱਟੇ ਨਾਲ ਸਮੇਟ ਲਿਆ। ਪੋਤੀ ਨੇ ਦੋ ਤਿੰਨ ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਪਰ੍ਹੇ ਨੂੰ ਧੱਕ ਦਿੱਤਾ। ਪੋਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾਂ ਕਰਦੀ ਕਿਉਂਕਿ ਮਾਂ ਪਿਉ ਦੋਵੇਂ ਨੌਕਰੀ ਕਰਦੇ ਸਨ।
‘‘ਦਾਦੀ ਕੀ ਹੋ ਗਿਆ?’’ ਪੋਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਆਖਿਆ।
‘‘ਮੈਨੂੰ ਛੇੜ ਨਾ… ਮੇਰਾ ਮਨ ਨਹੀਂ ਠੀਕ।’’ ਉਸ ਨੇ ਕੁੜੀ ਵੱਲੋਂ ਮੂੰਹ ਫੇਰਦਿਆਂ ਆਖਿਆ। ਕੁੜੀ ਚੁੱਪ ਹੋ ਗਈ। ਮੋਬਾਈਲ ’ਤੇ ਗੇਮ ਖੇਡਦੀ ਖੇਡਦੀ ਥੋੜ੍ਹੀ ਦੇਰ ਬਾਅਦ ਆਪਣੀ ਦਾਦੀ ਵੱਲ ਦੇਖ ਲੈਂਦੀ।
‘‘ਓ ਦਾਦੀ! ਆਹ ਦੇਖੋ ਪਹਿਲੀ ਫੋਟੋ ਤੋਂ ਵੀ ਘੈਂਟ…।’’ ਕੁੜੀ ਨੇ ਦਾਦੀ ਨੂੰ ਐਨਕ ਫੜਾਉਂਦਿਆਂ ਕਿਹਾ।
‘‘ਮੈਂ ਨਹੀਂ ਦੇਖਣੀ… ਫੇਰ ਦੇਖ ਲਊਂ।’’ ਪਰ ਕੁੜੀ ਦੀ ਜ਼ਿੱਦ ਮੂਹਰੇ ਦਾਦੀ ਦੀ ਇੱਕ ਨਾ ਚੱਲੀ।
ਉਹਨੇ ਉਤਰੇ ਜਿਹੇ ਜੀਅ ਨਾਲ ਐਨਕ ਲਾਈ।
‘‘ਦਾਦੀ ਆਹ ਦੇਖੋ… ਤੁਸੀਂ… ਹੇਠਾਂ ਲਿਖਿਆ… ਮੇਰੇ ਪਿਆਰੇ ਪਰਿਵਾਰ ਦੀ ਉਹ ਸ਼ਖ਼ਸੀਅਤ ਜਿਸ ਦੀ ਮਿਹਨਤ ਅਤੇ ਦੁਆਵਾਂ ਸਦਕਾ ਅਸੀਂ ਸਾਰੇ ਖ਼ੁਸ਼ ਹਾਂ। …ਪਹਿਲਾਂ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਇਹ ਫੋਟੋ ਦਿਖਾਉਣੀ ਰਹਿ ਗਈ।’’
ਦਾਦੀ ਦੇ ਚਿਹਰੇ ’ਤੇ ਮੁਸਕਰਾਹਟ ਆਉਣ ਲੱਗੀ। ਉਹ ਵਾਰ ਵਾਰ ਪੜ੍ਹ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਵਾਲੀ ਚਮਕ ਆ ਰਹੀ ਸੀ। ਸੱਚੀਂ ਉਸ ਦੀ ਫੋਟੋ ਬੜੀ ਟੌਹਰ ਵਾਲੀ ਸੀ। ਸੂਟ ਵੀ ਬੜਾ ਸੋਹਣਾ ਜਚਿਆ ਸੀ। ਦੁਪੱਟੇ ਦੇ ਚਾਰੇ ਪਾਸੇ ਬਰੀਕ ਬਰੀਕ ਕਢਾਈ ਸੀ। ਇਹ ਸੂਟ ਵੀ ਤਾਂ ਨੂੰਹ ਨੇ ਧੱਕੇ ਨਾਲ ਲੈ ਕੇ ਦਿੱਤਾ ਸੀ, ਆਖਦੀ ਸੀ, ‘‘ਮੰਮੀ, ਸੋਹਣੇ ਸੋਹਣੇ ਕੱਪੜੇ ਪਾਇਆ ਕਰੋ। ਦੇਖਣ ਵਾਲਾ ਕੀ ਕਹੂਗਾ ਬਈ ਨੂੰਹ ਪੁੱਤ ਸਰਕਾਰੀ ਨੌਕਰੀ ਕਰਦੇ ਨੇ ਮਾਂ ਉਹੀ ਘਸੇ ਪਿਟੇ ਕੱਪੜੇ ਪਾਈ ਫਿਰਦੀ ਐ।’’ ਕੱਪੜਾ ਲੀੜਾ ਜੁੱਤੀ ਜੋੜਾ ਨੂੰਹ ਨੇ ਤਾਂ ਕਦੇ ਕਸਰ ਨਹੀਂ ਛੱਡੀ। ਨਾਲੇ ਜੀਹਨੂੰ ਲੋਕ ਲਾਜ ਦੀ ਪਰਵਾਹ ਹੋਵੇ। ਉਹ ਆਪਣੇ ਫ਼ਰਜ਼ਾਂ ਤੋਂ ਨਹੀਂ ਭੱਜਦਾ ਹੁੰਦਾ। ਕੁਝ ਸਮਾਂ ਦੇਖਦੀ ਰਹੀ। ਫਿਰ ਉਸ ਨੇ ਮੋਬਾਈਲ ਕੁੜੀ ਵੱਲ ਵਧਾਇਆ।
‘‘ਨਹੀਂ ਦਾਦੀ, ਹੁਣ ਮੈਂ ਆਪਣੀ ਕਿਤਾਬ ਪੜ੍ਹਨ ਲੱਗੀ ਆਂ।’’
‘‘ਮੈਂ ਵੀ ਕਿੰਨੀ ਕਮਲ਼ੀ ਆਂ। ਪਤਾ ਨਹੀਂ ਕੀ ਪੁੱਠਾ ਸਿੱਧਾ ਸੋਚੀ ਜਾ ਰਹੀ ਸੀ। ਬੰਤੋ ਦੀ ਨੂੰਹ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲੱਗਣ ਦਿੰਦੀ। ਮੇਰੀ ਨੂੰਹ ਨੇ ਕਦੇ ਨਹੀਂ ਰੋਕਿਆ। ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪੇਕਿਆਂ ਦੇ… ਮੈਨੂੰ ਪੂਰਾ ਮਾਣ ਦਿੰਦੇ ਨੇ। ਹੋਰ ਮੈਨੂੰ ਕੀ ਚਾਹੀਦੈ। ਜੇ ਮੁੰਡਾ ਮੈਨੂੰ ਕਈ ਵਾਰ ਖਿਝਦੈ… ਉਹਨੂੰ ਆਖ ਦਿੰਦੀ ਐ ਕਿ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ। ਬਸ ਕਦੇ ਕਦੇ ਚੁੱਪ ਜਿਹੀ ਹੋ ਜਾਂਦੀ ਐ। ਉਦੋਂ ਪਤਾ ਨਹੀਂ ਕੀ ਹੋ ਜਾਂਦੈ… ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ ਦਰਦ ਸਮੋਣ ਲਈ। ਪੇਕਿਆਂ ਦਾ ਦਰਦ ਸਹੁਰਿਆਂ ਸਾਹਮਣੇ ਨਹੀਂ ਦੱਸਦੀਆਂ ਕਿ ਕੱਲ੍ਹ ਨੂੰ ਕੀ ਪਤੈ ਕਿਹੜੀ ਗੱਲ ਦਾ ਮਿਹਣੇ ਬਣਾ ਕੇ ਮਾਰ ਦੇਣ। ਸਹੁਰਿਆਂ ਦਾ ਭੇਤ ਪੇਕਿਆਂ ਕੋਲ ਨਹੀਂ ਦਿੰਦੀਆਂ। ਪੇਕਿਆਂ ਦੀ ਚੰਗਿਆਈ ਨਾਲ ਸਹੁਰੇ ਘਰ ਵਿੱਚ ਆਦਰ ਮਿਲਦੈ ਅਤੇ ਸਹੁਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਮਾਣ ਮਿਲਦੈ। ਪਰ… ਪਰ ਇਹ ਗੱਲਾਂ ਤਾਂ ਪਿੱਛੇ ਛੁਟ ਗਈਆਂ। ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਐ। ਫੋਨ ਦਾ ਬਟਨ ਦੱਬਣ ਲੱਗਿਆਂ ਸਕਿੰਟ ਵੀ ਨਹੀਂ ਲੱਗਦਾ। ਦੇਖਦਿਆਂ ਦੇਖਦਿਆਂ ਸਭ ਬਦਲ ਗਿਆ। ਮੈਂ ਵੀ ਬਦਲ ਗਈ ਸਾਂ ਅੱਜ ਤਾਂ ਭਾਵੇਂ ਥੋੜ੍ਹੀ ਦੇਰ ਲਈ ਹੀ। ਸਿਰਫ਼ ਇੱਕ ਫੋਟੋ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਚੱਲੀ ਸੀ ਕਿ ਮੇਰੇ ਬੱਚੇ ਮੇਰੀ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ। ਮੈਂ ਤਾਂ ਲੋਕਾਂ ਦੀਆਂ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ‘ਜਵਾਕ ਹੁਣ ਸਾਰਾ ਦਿਨ ਮਾਵਾਂ ਦੇ ਦੁਆਲੇ ਹੀ ਘੁੰਮਦੇ ਰਹਿਣ? ਉਨ੍ਹਾਂ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਨੇ। ਹਾਂ, ਬਣਦਾ ਸਤਿਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ। ਫਿਰ ਮੈਨੂੰ ਤਾਂ ਮਿਲ ਰਿਹਾ…।’’ ਕੁਝ ਸਮਾਂ ਪਹਿਲਾਂ ਉਸ ਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ।
ਉਹ ਇੱਕ ਟੱਕ ਆਪਣੀ ਪੋਤੀ ਵੱਲ ਦੇਖ ਰਹੀ ਸੀ। ਉਸ ਲਈ ਪਿਆਰ ਉਮੜ ਰਿਹਾ ਸੀ।
‘‘ਕਿੰਨਾ ਕੁ ਕੰਮ ਰਹਿ ਗਿਆ ਪੁੱਤ ਤੇਰਾ?’’ ਉਸ ਨੇ ਪੁੱਛਿਆ।
‘‘ਬੱਸ ਦੋ ਮਿੰਟ ਦਾ ਰਹਿ ਗਿਆ।’’ ਕੁੜੀ ਨੇ ਦੋ ਉਂਗਲਾਂ ਖੜ੍ਹੀਆਂ ਕਰਕੇ ਆਖਿਆ। ਉਹ ਉਡੀਕ ਰਹੀ ਸੀ ਕਦੋਂ ਉਸ ਦੀ ਲਾਡਲੀ ਪੋਤੀ ਦਾ ਕੰਮ ਖਤਮ ਹੋਵੇ ਅਤੇ ਉਹ ਉਸ ਨੂੰ ਕੋਲ ਬੁਲਾਵੇ। ਕੰਮ ਖਤਮ ਕਰ ਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਬਸਤੇ ਵਿੱਚ ਪਾਈਆਂ। ਉਹ ਥੋੜ੍ਹਾ ਝਿਜਕਦੀ ਜਿਹੀ ਦਾਦੀ ਕੋਲ ਬਿਨਾਂ ਬੁਲਾਏ ਹੀ ਆ ਗਈ। ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲੀਆਂ ਨਾਲ ਖੇਡ ਰਹੀ ਸੀ। ਫਿਰ ਆਪਣੇ ਹੱਥ ਨਾਲ ਹੱਥ ਜੋੜ ਕੇ ਦੇਖਣ ਲੱਗੀ। ਉਹ ਸੋਚ ਰਹੀ ਸੀ ‘ਬੱਚੇ ਦੀ ਛੋਹ ਵਿੱਚ ਕਿੰਨਾ ਆਨੰਦ ਹੁੰਦੈ। ਮੇਰਾ ਦਿਮਾਗ਼ ਪਤਾ ਨਹੀਂ ਕਿਹੜੇ ਪੁੱਠੇ ਰਾਹ ਤੁਰ ਚੱਲਿਆ ਸੀ।’
‘‘ਮੇਰਾ ਹੱਥ ਅਜੇ ਵੀ ਛੋਟਾ ਐ ਤੁਹਾਡੇ ਹੱਥ ਨਾਲੋਂ।’’ ਕੁੜੀ ਨੇ ਮੂੰਹ ਜਿਹਾ ਫੁਲਾ ਕੇ ਕਿਹਾ। ਦਾਦੀ ਨੇ ਦੋਵਾਂ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਤੇ ਉਸ ਦਾ ਮੱਥਾ ਚੁੰਮ ਲਿਆ ਤੇ ਪਿਆਰ ਨਾਲ ਕਿਹਾ, ‘‘ਅਜੇ ਮੇਰਾ ਪੁੱਤ ਛੋਟਾ ਐ, ਇਸ ਲਈ…।’’
‘‘ਦਾਦੀ! ਤੁਹਾਡਾ ਮਨ ਠੀਕ ਹੋ ਗਿਆ?’’ ਉਸ ਨੇ ਦਾਦੀ ਦੀ ਛਾਤੀ ’ਤੇ ਆਪਣਾ ਸਿਰ ਰੱਖਦਿਆਂ ਆਖਿਆ।
‘‘ਮਨ ਦਾ ਕੀ ਐ… ਕਦੇ ਏਧਰ ਨੂੰ ਘੋੜੇ ਭਜਾ ਲੈਂਦੈ ਕਦੇ ਓਧਰ ਨੂੰ। ਇਹ ਤਾਂ ਡੋਬੇ ਸੋਕੇ ਹੁੰਦਾ ਈ ਰਹਿੰਦੈ। ਇਹ ਮਨ ਦੀ ਖੇਡ ਐ ਸਾਰੀ।’’ ਉਸ ਨੇ ਕੁੜੀ ਦੇ ਸਿਰ ’ਤੇ ਹੱਥ ਫੇਰਦਿਆਂ ਕਿਹਾ। ਕੁੜੀ ਨੂੰ ਭਾਵੇਂ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ। ਪਰ ਉਹ ਖ਼ੁਸ਼ ਸੀ ਕਿ ਦਾਦੀ ਦਾ ਮਨ ਹੁਣ ਠੀਕ ਹੈ।
ਸੰਪਰਕ: 98767-14004