DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੀਆਂ ਜੀ

ਬਾਬਾ ਜੀ, ਥੋਡਾ ਧੂਲਕੋਟ ਸਲਾਮਤ ਹੈ ਤੇ ਉਹਦੇ ਸਾਰੇ ਨੇੜਲੇ ਤੇ ਦੂਰ ਦੇ ਸਾਰੇ ਪਿੰਡ ਛਪਾਰ, ਘੁੰਗਰਾਣਾ, ਕਾਲਖ਼, ਜੁੜਾਹਾਂ, ਰੰਗੂਵਾਲ, ਲਤਾਲਾ, ਜੜਤੌਲੀ ਤੇ ਰਸੂਲਪੁਰ ਘੁੱਗ ਵੱਸਦੇ ਨੇ, ਹਾਂ ਪਰ ਇੱਥੇ ਸਰਦਾਰ ਹੁਣ ਕਿਸੇ ਨੂੰ ‘ਮੀਆਂ ਜੀ’ ਕਹਿ ਕੇ ਨ੍ਹੀਂ ਬੁਲਾਉਂਦੇ...

  • fb
  • twitter
  • whatsapp
  • whatsapp
Advertisement

ਬਾਬਾ ਜੀ, ਥੋਡਾ ਧੂਲਕੋਟ ਸਲਾਮਤ ਹੈ ਤੇ ਉਹਦੇ ਸਾਰੇ ਨੇੜਲੇ ਤੇ ਦੂਰ ਦੇ ਸਾਰੇ ਪਿੰਡ ਛਪਾਰ, ਘੁੰਗਰਾਣਾ, ਕਾਲਖ਼, ਜੁੜਾਹਾਂ, ਰੰਗੂਵਾਲ, ਲਤਾਲਾ, ਜੜਤੌਲੀ ਤੇ ਰਸੂਲਪੁਰ ਘੁੱਗ ਵੱਸਦੇ ਨੇ, ਹਾਂ ਪਰ ਇੱਥੇ ਸਰਦਾਰ ਹੁਣ ਕਿਸੇ ਨੂੰ ‘ਮੀਆਂ ਜੀ’ ਕਹਿ ਕੇ ਨ੍ਹੀਂ ਬੁਲਾਉਂਦੇ ਕਿਉਂਕਿ ਤੁਸੀਂ ਸਾਰੇ ਉੱਧਰ ਜੋ ਚਲੇ ਗਏ। ਹੁਣ ਇੱਧਰ ਸਾਨੂੰ ਵੀ ਓਨੀ ਇੱਜ਼ਤ ਨਾਲ ‘ਸਰਦਾਰ ਜੀ’ ਕੋਈ ਨ੍ਹੀਂ ਕਹਿੰਦਾ, ਜਿਵੇਂ ਤੁਸੀਂ ਸਾਰੇ ਕਹਿੰਦੇ ਸੀ। ਉਂਝ, ਤੁਹਾਡੀਆਂ ਦੋਵੇਂ ਮਸੀਤਾਂ ਹੈਗੀਆਂ ਕਿਸੇ ਨਾ ਕਿਸੇ ਰੂਪ ਵਿੱਚ, ਇੱਕ ਮਸੀਤ ਦਾ ਕਾਫ਼ੀ ਹਿੱਸਾ ਪਿੰਡ ਵਾਲਿਆਂ ਨਹੀਂ ਢਾਹਿਆ ਤੇ ਉਹਦੇ ਪਿੱਛੇ ਹੀ ਗੁਰਦੁਆਰਾ ਬਣਾ ਲਿਆ। ਵੰਡ ਤੋਂ ਬਾਅਦ ਬਹੁਤ ਸਾਲ ਤੱਕ ਪਿੰਡ ਦੇ ਲੋਕ ਉਸ ਹਿੱਸੇ ’ਚ ਨਵੇਂ ਬਣੇ ਗੁਰਦੁਆਰੇ ਦੇ ਵਿਚਾਲੇ ਭੀੜੇ ਲਾਂਘੇ ’ਚੋਂ ਹੀ ਲੰਘਦੇ ਰਹੇ, ਪਰ ਫੇਰ ਤੁਹਾਡੇ ਕਿਸੇ ਸਰਦਾਰ ਜੀ ਦੇ ਕਹਿਣ ’ਤੇ ਉਸ ਹਿੱਸੇ ਨੂੰ ਡਿਉੜੀ ਬਣਾ ਲਿਆ ਗਿਆ। ਉਹ ਡਿਉੜੀ ਜੋ ਮਸੀਤ ਹੀ ਆ ਤੁਹਾਡੀ... ਬੜੀ ਸੋਹਣੀ ਲੱਗਦੀ ਐ ਗੁਰਦੁਆਰੇ ਦੇ ਨਾਲ... ਮੈਂ ਜਦ ਵੀ ਮੱਥਾ ਟੇਕਣ ਜਾਂਦੀ ਉੱਥੇ, ਉਸੇ ਡਿਉੜੀ ਨੂੰ ਨਿਹਾਰਦੀ ਹਾਂ। ਉਸ ਦੇ ਦੋਵੇਂ ਪਾਸੇ ਟਾਕੀਨੁਮਾ ਛੋਟੀਆਂ ਜਿਹੀਆਂ ਅਲਮਾਰੀਆਂ ਨੇ ਸਾਮਾਨ ਰੱਖਣ ਲਈ... ਬਾਬਾ ਜੀ ਹੁਣ ’ਤੇ ਬੜਾ ਸੋਹਣਾ ਰੰਗ ਕਰਾ ਕੇ ਹੇਠਾਂ ਪੱਥਰ ਲਾ ਦਿੱਤਾ ਏ। ਦੂਜੀ ਮਸੀਤ ਦਾ ਵੀ ਗੁੰਬਦ ਹੈ, ਜੇ ਮੈਂ ਹੁਣ ਪਿੰਡ ਹੁੰਦੀ, ਆਪ ਫੋਟੋਗ੍ਰਾਫ਼ੀ ਕਰਦੀ...! ਜੋ ਤੁਸੀਂ ਗੁਰਦੁਆਰੇ ਦਾ ਜ਼ਿਕਰ ਕੀਤਾ, ਉਹ ਸਾਰੇ ਪਿੰਡ ਦਾ ਸਾਂਝਾ ਇੱਕੋ ਗੁਰਦੁਆਰਾ ਸੀ ਪਰ ਹੁਣ ਉਹ ਗੋਤਾਂ ਦੇ ਹਿਸਾਬ ਨਾਲ ਹੋ ਗਿਆ ਹੈ।

ਪੱਤੀਆਂ ਦੇ ਹਿਸਾਬ ਨਾਲ ਪਿੰਡ ਵਾਲਿਆਂ ਹੋਰ ਗੁਰਦੁਆਰਾ ਵੀ ਬਣਾ ਲਿਆ, ਜਿਸ ਗੁਰਦੁਆਰੇ ਦੀ ਤੁਸੀਂ ਗੱਲ ਕੀਤੀ ਉਹਨੂੰ ਹੁਣ ਸੰਧੂਆਂ ਦਾ ਗੁਰਦੁਆਰਾ ਕਹਿੰਦੇ ਆ! ਬਾਬਾ ਜੀ, ਤੁਹਾਡੀਆਂ ਪੱਤੀਆਂ ਮੰਝਾਂ ਪੱਤੀ ਤੇ ਬਰਿਆਹਾਂ ਪੱਤੀ ਤੁਹਾਡੇ ਨਾਲ ਹੀ ਇੱਧਰ ਚਲੀਆਂ ਗਈਆਂ... ਹੁਣ ਸੰਧੂ ਪੱਤੀ ਤੇ ਧਾਲੀਵਾਲਾਂ ਦੀ ਪੱਤੀ ਹੀ ਰਹਿ ਗਈਆਂ... ਤੁਹਾਡੇ ਵੱਲੋਂ ਆਏ ਸਾਡੇ ਹੁਣ ਰਫ਼ਿਊਜ਼ੀ ਨੇ ਤੇ ਉਨ੍ਹਾਂ ਵਿਚਾਰਿਆਂ ਦੀ ਅਲੱਗ ਹੀ ਦੁਨੀਆ ਆ ਤੇ ਹਾਂ ਸੱਚ ਇਹ ਜੋ ਮਸੀਤ ਦੀ ਡਿਉੜੀ ਵਾਲਾ ਗੁਰਦੁਆਰਾ, ਇਹ ਇਨ੍ਹਾਂ ਪਿਆਰਿਆਂ ਦਾ ਐ ਹੁਣ। ਹੁਣ ਬਾਬਾ ਜੀ ਉਹ ਮੋਹ-ਪਿਆਰ, ਇੱਜ਼ਤ-ਮਾਣ ਨ੍ਹੀਂ ਰਿਹਾ, ਮੰਨੋ ਵੰਡ ਨੇ ਜਿਵੇਂ ਸਭ ਧਰਤੀ ਵੀਰਾਨੀ ਕਰ ਛੱਡੀ, ਮਨ ਵੀ ਵੀਰਾਨੇ, ਬੰਜਰ ਹੋ ਗਏ, ਅੱਧੇ-ਅੱਧੇ ਜੋ ਵੰਡੇ ਗਏ। ਹੁਣ ਉਹ ਥੋਡੇ ਵੇਲਿਆਂ ਵਾਲੀ ਠੰਢੀ ਹਵਾ ਨ੍ਹੀਂ ਵਗਦੀ... ਨਾ ਹੀ ਕੋਈ ਖ਼ੇਲਾਂ ਵਿੱਚ ਪਾਣੀ ਭਰ ਕੇ ਕਿਸੇ ਦੇ ਡੰਗਰਾਂ ਨੂੰ ਪਾਣੀ ਪੀਣ ਲਈ ਛੱਡਦੈ।

Advertisement

ਰੇਲਗੱਡੀ ਉਹੀ ਆ, ਟੇਸ਼ਨ ਵੀ ਉਹੀ ਆ, ਮੰਡੀ ਅਹਿਮਦਗੜ੍ਹ ਦੀ ਸ਼ਾਨ ਆ ਉਹ ਪਰ ਹੁਣ ਗੱਡੀ ਇੱਧਰ-ਇੱਧਰ ਹੀ ਰਹਿੰਦੀ ਆ, ਅੱਗੇ ਵੱਲ ਨੂੰ ਜਾਂਦੀ ਹੀ ਨਹੀਂ। ਉੱਥੇ ਕੁ ਹੀ ਓਨੀ ਕੁ ਧਰਤੀ ’ਤੇ ਗੇੜੇ ਦਿੰਦੀ ਰਹਿੰਦੀ ਐ...! ਕਾਸ਼! ਰੇਲਗੱਡੀ ਨੂੰ ਅਸੀਂ ਕਹਿ ਸਕਦੇ ਹੋਈਏ ਕਿ ਅੱਗੇ ਨੂੰ ਵਧ ਜਾ: ਮੋਢਿਆਂ ’ਤੇ ਚੁੱਕ ਕੇ ਤੂੰ ਵਿਛੜੇ ਮਿਲਾਉਨੀ ਏਂ,

Advertisement

ਮੈਨੂੰ ਦੱਸ ਵੈਰਨੇ ਤੂੰ ਕਿਉਂ ਤੜਫਾਉਨੀ ਏਂ,

ਬਹਿ ਗਈ ਏਂ ਲਾ ਕੇ ਡੇਰਾ ਨ੍ਹੀਂ ਟੁੱਟ ਜਾਏਂ ਰੇਲਗੱਡੀਏ!

ਹੁਣ ਛਪਾਰ ਦੇ ਮੇਲੇ ’ਤੇ ਦੁਕਾਨਾਂ ਤਾਂ ਲੱਗਦੀਆਂ ਪਰ ਨਾ ਤਾਂ ਕੋਈ ਲਾਹੌਰ ਤੋਂ ਆਉਂਦਾ ਦੁਕਾਨ ਸਜਾਉਣ ਤੇ ਨਾ ਹੀ ਦਿੱਲੀਓਂ... ਹੁਣ ਕੋਈ ਕਬੱਡੀ ਵਾਲਾ ਵੀ ਉਹ ਨ੍ਹੀਂ ਰਿਹਾ ਤੇ ਕੁਸ਼ਤੀਆਂ ਵਾਲੇ ਲੋਪ ਹੋ ਗਏ ਜਿਵੇਂ ਵੰਡ ਨੇ ਇਸ ਧਰਤੀ ’ਤੇ ਦੋ ਹਿੱਸੇ ਨ੍ਹੀਂ ਕੀਤੇ, ਬੜਾ ਕੁਝ ਹਿੱਸੇ ਕਰ-ਕਰ ਕੇ ਤੋੜ ਦਿੱਤਾ, ਖਿੰਡਾ ਦਿੱਤਾ ਹੋਵੇ। ਪਿੱਛੇ ਬਸ ਪੀੜ੍ਹੀਆਂ ਦੇ ਹਿੱਸੇ ਅਸਹਿ ਪੀੜ ਹੀ ਰਹਿ ਗਈ ਏ ਆਪਦਾ ਘਰ-ਦਰ ਦੇਖਣ ਦੀ। ਬੰਦੇ ਤਾਂ ਤਕਰੀਬਨ ਸਭ ਮੁੱਕ ਹੀ ਗਏ, ਕੌਣ ਇੱਧਰ-ਉੱਧਰ ਜਾ ਕੇ ਆਪਣਿਆਂ ਦੇ ਹਮਸਾਏ ਲੱਭੇ...

ਮਿੱਟੀ ਨਾ ਫ਼ਰੋਲ ਜੋਗੀਆ, ਨਹੀਂਓ ਲੱਭਣੇ ਲਾਲ ਗਵਾਚੇ!

ਬਹੁਤ ਲੋਕ ਇਸੇ ਵਿਜੋਗ ਵਿੱਚ ਦੁਨੀਆ ਤੋਂ ਚਲੇ ਗਏ, ਆਪਦੇ ਪਿੰਡ ਨੂੰ ਆਵਾਜ਼ਾਂ ਮਾਰ-ਮਾਰ ਸਾਹ ਹੀ ਗੁਆਚ ਗਏ ਵਿਚਾਰਿਆਂ ਦੇ...!

Advertisement
×