DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੈਂ ਤੇ ਉਹ

ਕੰਵਲ ਮੁਸ਼ਤਾਕ ਦੀਨਾਨਗਰ (ਗੁਰਦਾਸਪੁਰ) ’ਚ ਜਨਮਿਆ ਪਰ ਦੇਸ਼ ਵੰਡ ਕਾਰਨ ਉਸ ਦੇ ਜਨਮ ਦੇ ਸਾਲ ਹੀ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ। ਉਹ ਲਹਿੰਦੇ ਪੰਜਾਬ ’ਚ ਵੱਸਦਾ ਉਰਦੂ ਤੇ ਪੰਜਾਬੀ ਭਾਸ਼ਾ ਦਾ ਸਾਹਿਤਕਾਰ ਸੀ। ਪਾਕਿਸਤਾਨ ਦੀ ਪੰਜਾਬੀ ਤਨਜ਼ੀਮ ਨੂੰ ਪਰਣਾਏ ਕੰਵਲ...

  • fb
  • twitter
  • whatsapp
  • whatsapp
Advertisement

ਕੰਵਲ ਮੁਸ਼ਤਾਕ ਦੀਨਾਨਗਰ (ਗੁਰਦਾਸਪੁਰ) ’ਚ ਜਨਮਿਆ ਪਰ ਦੇਸ਼ ਵੰਡ ਕਾਰਨ ਉਸ ਦੇ ਜਨਮ ਦੇ ਸਾਲ ਹੀ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ। ਉਹ ਲਹਿੰਦੇ ਪੰਜਾਬ ’ਚ ਵੱਸਦਾ ਉਰਦੂ ਤੇ ਪੰਜਾਬੀ ਭਾਸ਼ਾ ਦਾ ਸਾਹਿਤਕਾਰ ਸੀ। ਪਾਕਿਸਤਾਨ ਦੀ ਪੰਜਾਬੀ ਤਨਜ਼ੀਮ ਨੂੰ ਪਰਣਾਏ ਕੰਵਲ ਮੁਸ਼ਤਾਕ ਨੇ ਨਿੱਕੀ ਕਹਾਣੀ, ਲੇਖ ਤੇ ਕਵਿਤਾਵਾਂ ਰਚੀਆਂ। ਉਸ ਦੀ ਹਥਲੀ ਕਹਾਣੀ ‘ਮੈਂ ਤੇ ਉਹ’ ਨੂੰ ਪੰਜਾਬੀ ਰੂਪ ਬਲਰਾਜ ਧਾਰੀਵਾਲ (ਸੰਪਰਕ: 98783-17796) ਨੇ ਦਿੱਤਾ ਹੈ।

ਸੂਰਜ ਦੀ ਲਾਲੀ ਵਿੱਚ ਸਿਆਹੀ ਪੂਰੀ ਤਰ੍ਹਾਂ ਘੁਲ ਗਈ ਸੀ। ਜਦੋਂ ਮੈਂ ਲਾਰੀ ਅੱਡੇ ਪੁੱਜਾ ਤਾਂ ਨੂਰਪੁਰ ਜਾਣ ਵਾਲੀ ਆਖ਼ਰੀ ਬੱਸ ਅੱਡਿਓਂ ਬਾਹਰ ਨਿਕਲ ਰਹੀ ਸੀ। ਕਲੀਨਰ ਅੱਡੇ ’ਤੇ ਟਾਵੀਆਂ-ਟੱਲੀਆਂ ਸਵਾਰੀਆਂ ਨੂੰ ਘਸਮੈਲੇ ਚਾਨਣ ਵਿੱਚ ਵਾਰ ਵਾਰ ‘ਨੂਰਪੁਰ-ਨੂਰਪੁਰ ਚੱਲਿਆ ਜੇ’ ਦੀਆਂ ਆਵਾਜ਼ਾਂ ਮਾਰ ਰਿਹਾ ਸੀ।

Advertisement

ਮੈਂ ਮਲਕੜੇ ਜਿਹੇ ਖੱਬੇ ਪਾਸੇ ਹੋ ਕੇ ਆਪਣੇ ਸਵਾਰੀ ਹੋਣ ਦਾ ਇਸ਼ਾਰਾ ਕੀਤਾ।

Advertisement

ਕਲੀਨਰ ਦੀਆਂ ਨਜ਼ਰਾਂ ਜਿਵੇਂ ਮੇਰੇ ’ਤੇ ਹੀ ਗੱਡੀਆਂ ਹੋਈਆਂ ਸਨ। ਉਹਨੇ ਮੇਰਾ ਹੱਥ ਹਿਲਦਾ ਤੱਕ ਕੇ ਬੂਹੇ ’ਤੇ ਦੋ ਤਿੰਨ ਥੱਪੜ ਮਾਰੇ ਤੇ ਤੁਰਦੀ ਲਾਰੀ ਤੋਂ ਛਾਲ ਮਾਰ ਦਿੱਤੀ। ਡਰਾਈਵਰ ਨੇ ਮੇਰੇ ਪੈਰਾਂ ’ਤੇ ਆ ਕੇ ਬ੍ਰੇਕ ਲਾ ਦਿੱਤੀ।

ਮੈਂ ਛੇਤੀ ਨਾਲ ਲਾਰੀ ’ਤੇ ਚੜ੍ਹ ਗਿਆ ਕਿਉਂ ਜੋ ਮੇਰੇ ਕੋਲ ਕੋਈ ਟੀਨ, ਟਰੰਕ ਤਾਂ ਦੂਰ ਦੀ ਗੱਲ ਏ, ਹੱਥ ਵਿੱਚ ਉਸ ਪਲ ਮੇਰਾ ਥੈਲਾ ਵੀ ਨਹੀਂ ਸੀ, ਜਿਹੜਾ ਮੇਰੇ ਅੰਗ-ਸੰਗ ਸੀ। ਮੇਰੇ ਵਿੱਚ ਪ੍ਰਾਹੁਣਿਆਂ ਵਾਲੀ ਕੋਈ ਗੱਲ ਨਹੀਂ ਸੀ। ਮੇਰੇ ਸਹੁਰਿਆਂ ਮੂਜਬ ਪਿੰਡਾਂ ਵਿੱਚ ਪ੍ਰਾਹੁਣਾ ਉਹਨੂੰ ਕਿਹਾ ਜਾਂਦਾ ਏ, ਜੀਹਨੇ ਆਪਣੇ ਭਾਰ ਤੋਂ ਬਹੁਤਾ ਭਾਰ ਆਪਣੇ ’ਤੇ ਲੱਦਿਆ ਹੋਵੇ ਤੇ ਆਪਣੇ ਖਲਾਰ ਤੋਂ ਬਹੁਤਾ ਖਲਾਰ ਪਾਇਆ ਹੋਵੇ। ਉਨ੍ਹਾਂ ਨੂੰ ਤੱਕ ਕੇ ਮੈਨੂੰ ਬੜੀ ਖਿਝ ਆਉਂਦੀ ਏ ਕਿਉਂ ਜੋ ਇਹ ਆਪ ਤਾਂ ਵਖ਼ਤ ਵਿੱਚ ਫਸੇ ਹੋਏ ਹੁੰਦੇ ਨੇ, ਦੂਜਿਆਂ ਨੂੰ ਵੀ ਔਕੜ ਵਿੱਚ ਫਸਾ ਦੇਂਦੇ ਨੇ। ਮੇਰੇ ਕੋਲ ਬਹੁਤਾ ਹੋਇਆ ਤਾਂ ਇੱਕ ਥੈਲਾ ਹੁੰਦਾ ਏ, ਜਿਸ ਵਿੱਚ ਇੱਕ ਅੱਧ ਕਿਤਾਬ ਜਾਂ ਰਸਾਲਾ ਹੁੰਦਾ ਏ। ਲਿਖੇ ਵਰਕੇ ਹੁੰਦੇ ਨੇ, ਪਰ ਜਾਂਦੀ ਵਾਰੀ ਉਹ ਥੈਲਾ ਵੀ ਮੈਂ ਰਾਹ ਵਿੱਚ ਹੀ ਖੋਖੇ ’ਤੇ ਭੁੱਲ ਗਿਆ ਸਾਂ, ਜਿੱਥੋਂ ਮੈਂ ਚਾਹ ਦਾ ਕੱਪ ਪੀਤਾ ਤੇ ਸਿਗਰਟਾਂ ਦੀ ਇੱਕ ਡੱਬੀ ਲਈ ਸੀ।

ਜਦੋਂ ਮੈਂ ਆਪਣੇ ਸਹੁਰੇ ਅੱਪੜਿਆ ਮੇਰੀ ਸੱਸ ਹੀ ਪਹਿਲਾਂ ਮੱਥੇ ਲੱਗੀ ਤੇ ਹੈਰਾਨ ਹੋ ਕੇ ਪੁੱਛਿਆ, ‘‘ਹਾ- ਹਾਏ ਵੇ ਕੀ ਬਾਹੀਂ ਲਮਕਾਈ ਟੁਰਿਆ ਆਉਂਦਾ ਏਂ, ਕਿਸੇ ਆਂਢ-ਗੁਆਂਢ ਨੇ ਵੇਖਿਆ ਹੋਣਾ ਏ ਤੇ ਕੀ ਸੋਚਿਆ ਹੋਣਾ ਏ ਪਈ ਪਟਵਾਰੀਆਂ ਦਾ ਜਵਾਈ-ਭਾਈ ਹੋ ਕੇ ਸੱਖਣੇ ਹੱਥ ਸਹੁਰੇ ਟੁਰਿਆ ਆਉਂਦਾ ਏ! ਨਾ ਬੀਬਾ ਸਾਨੂੰ ਤਾਂ ਬੜੀ ਨਮੋਸ਼ੀ ਆਉਂਦੀ ਏ।’’

ਇਸ ਪਲ ਮੈਨੂੰ ਪਤਾ ਲੱਗਾ ਪਈ ਕਿ ਮੈਂ ਆਪਣਾ ਥੈਲਾ ਵੀ ਰਾਹ ਵਿੱਚ ਕਿਧਰੇ ਭੁੱਲ ਆਇਆ ਵਾਂ। ਮੈਂ ਉਨ੍ਹੀਂ ਪੈਰੀਂ ਮੁੜਨ ਲੱਗਾ।

‘‘ਕਿੱਥੇ ਚੱਲੇ ਓ?’’ ਮੇਰੀ ਬੀਵੀ ਵੀ ਆਪਣੀ ਮਾਂ ਦੀ ਆਵਾਜ਼ ਸੁਣ ਕੇ ਵਿਹੜੇ ਵਿੱਚ ਆ ਗਈ ਸੀ।

ਮੈਂ ਕਿਹਾ, ‘‘ਮੇਰਾ ਖ਼ਿਆਲ ਏ ਮੈਂ ਲਾਰੀ ਅੱਡੇ ਵਾਲੇ ਖੋਖੇ ’ਤੇ ਥੈਲਾ ਭੁੱਲ ਆਇਆ ਵਾਂ। ਮੈਂ ਹੁਣੇ ਲੈ ਕੇ ਆਉਂਦਾ ਵਾਂ।’’

‘‘ਰਹਿਣ ਦਿਉ, ਚੰਗਾ ਹੋਇਆ! ਉਹਦੇ ਵਿੱਚ ਕੀ ਸੀ, ਉਹੀ ਕੋਰੇ ਤੇ ਕਾਲੇ ਕਾਗਤਾਂ ਦਾ ਰੁੱਗ ਹੋਣਾ ਏ।’’

‘‘ਉਹਦੇ ਵਿੱਚ ਮੇਰੀਆਂ ਲਿਖੀਆਂ ਕਹਾਣੀਆਂ ਸਨ, ਜਿਹੜੀਆਂ ਮੈਂ ਬਹੁਤ ਔਕੜਾਂ ਨਾਲ ਲਿਖੀਆਂ ਸਨ।’’

‘‘ਇਹਦਾ ਮਤਲਬ ਇਹ ਹੋਇਆ ਪਈ ਤੁਹਾਡਾ ਦਿਮਾਗ਼ ਹਾਲੇ ਠੀਕ ਨਹੀਂ ਹੋਇਆ। ਤੁਹਾਨੂੰ ਹਾਲੇ ਵੀ ਮੇਰੇ ਨਾਲੋਂ ਝੂਠੀਆਂ ਕਹਾਣੀਆਂ ਕਿੱਸੇ ਪਿਆਰੇ ਨੇ। ਕੀ ਦੇਂਦੀਆਂ ਨੇ ਇਹ ਤੈਨੂੰ! ਪੈਸੇ ਪੈਸੇ ਦੀ ਮੁਥਾਜੀ, ਕੌਡੀ ਕੌਡੀ ਦਾ ਤਰਸ! ਇਨ੍ਹਾਂ ਕਿੱਸਿਆਂ ਨੇ ਨਾ ਤੁਹਾਨੂੰ ਆਪਣੇ ਜੋਗਾ ਰਹਿਣ ਦੇਣਾ ਏ, ਨਾ ਕਿਸੇ ਜੋਗਾ। ਬੰਦਾ ਜਿਹੜਾ ਵੀ ਕੰਮ ਕਰੇ ਉਹਨੂੰ ਵਿੱਥ ’ਤੇ ਰੱਖ ਕੇ ਕਰੇ।’’

‘‘ਨਹੀਂ ਬੰਦੇ ਨੂੰ ਉਹ ਕੰਮ ਆਪਣੇ ਲਹੂ ਮਾਸ ਵਿੱਚ ਰਚਾ ਲੈਣਾ ਚਾਹੀਦਾ ਏ।’’

‘‘ਤਦੇ ਤੁਸੀਂ ਕੋਈ ਦੂਜਾ ਕੰਮ ਨਹੀਂ ਕੀਤਾ। ਪੜ੍ਹਿਆ ਲਿਖਿਆ ਵੇਖ ਕੇ ਕੀਤਾ ਸੀ, ਮੈਂ ਤਾਂ ਤੇਰੇ ਤੋਂ ਸਗੋਂ ਗਰਕ ਹੋ ਗਈ ਆਂ। ਤੂੰ ਕਾਗਤਾਂ ਤੋਂ ਬਾਹਰ ਈ ਨਹੀਂ ਆਉਂਦਾ।’’

ਮੈਂ ਜਾਣ ਗਿਆ ਸੀ ਪਈ ਉਨ੍ਹਾਂ ਦੀਆਂ ਖੋਪੜੀਆਂ ਵਿੱਚ ਦਿਮਾਗ਼ ਨਹੀਂ, ਜਿਹੜਾ ਸੋਚੇ ਤੇ ਸਮਝੇ। ਮੈਂ ਕਿੱਡਾ ਵੱਡਾ ਫ਼ਨਕਾਰ ਆਂ, ਉਸ ਨੂੰ ਇਸ ਗੱਲ ਦਾ ਨਹੀਂ ਪਤਾ। ਇਹ ਮੇਰੀ ਰੂਹ ਨੂੰ ਸਰੀਰ ਵਿੱਚ ਕੈਦ ਰੱਖਣਾ ਚਾਹੁੰਦੀ ਏ। ਮੈਂ ਬਿੱਟ ਬਿੱਟ ਕਦੇ ਆਪਣੀ ਬੀਵੀ ਵੱਲ ਤੇ ਕਦੇ ਆਪਣੀ ਸੱਸ ਵੱਲ ਤੱਕ ਰਿਹਾ ਸਾਂ ਤੇ ਕਦੇ ਆਪਣੀ ਚਹੁੰ ਵਰ੍ਹਿਆਂ ਦੀ ਧੀ ਵੱਲ, ਜਿਹੜੀ ਮੈਨੂੰ ਤੱਕ ਕੇ ਸਭ ਕੁਝ ਭੁੱਲ ਭੁਲਾ ਕੇ ਮੇਰੀਆਂ ਲੱਤਾਂ ਨਾਲ ਚਿੰਬੜ ਗਈ ਸੀ। ਇੱਕ ਸੋਚ ਦੀਆਂ ਤਿੰਨ ਪੀੜ੍ਹੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਸਨ।

ਮੈਂ ਆਪਣੇ-ਆਪ ਨੂੰ ਉਨ੍ਹਾਂ ਤੋਂ ਵੱਖ ਕਰਕੇ ਵੇਖਦਾ ਸਾਂ। ਮੈਂ ਉਨ੍ਹਾਂ ਲਈ ਕੁਝ ਵੀ ਨਹੀਂ ਸਾਂ, ਪਰ ਦੂਜਿਆਂ ਲਈ ਸਭ ਕੁਝ ਸਾਂ। ਇਸ ਲਈ ਮੈਂ ਬੜਾ ਤਾਅ ਖਾ ਕੇ ਕਿਹਾ, ‘‘ਮੈਂ ਉਨ੍ਹੀਂ ਪੈਰੀਂ ਪਰਤ ਜਾਂਦਾ ਹਾਂ।’’

‘‘ਤੈਨੂੰ ਆਪਣੀ ਪਈ ਏ ਤੇ ਸਾਨੂੰ ਸਭ ਦੀ।’’

ਮੈਂ ਛੇਤੀ ਨਾਲ ਲਾਰੀ ਅੱਡੇ ਅੱਪੜਿਆ ਕਿਉਂ ਜੋ ਹਾਲੀ ਅਖ਼ੀਰਲੀ ਲਾਰੀ ਦੇ ਜਾਣ ਦਾ ਵੇਲਾ ਹੈ ਸੀ।

ਲਾਰੀ ਦੀਆਂ ਅਗਲੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ। ਇੱਕ ਅੱਧ ਸਵਾਰੀ ਨਾਲ ਬਹਿਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਮੈਂ ਬੂਹੇ ਦੇ ਨਾਲ ਪਿਛਲੀ ਦੋ ਵਾਲੀ ਸੀਟ ’ਤੇ ਬਹਿ ਗਿਆ, ਜਿੱਥੇ ਕਲੀਨਰ ਬਹਿੰਦਾ ਏ, ਪਰ ਉਹ ਏਸ ਵੇਲੇ ਟਿਕਟਾਂ ਦੇ ਪੈਸੇ ਲੈ ਰਿਹਾ ਸੀ। ਨਾਲੇ ਮੈਨੂੰ ਪਤਾ ਸੀ ਬੱਧੋਵਾਲੀ ਵਾਲੀ ਪੁਲੀ ’ਤੇ ਰਾਹ ਦੀਆਂ ਸਾਰੀਆਂ ਸਵਾਰੀਆਂ ਉੱਤਰ ਜਾਣੀਆਂ ਨੇ, ਜਿਨ੍ਹਾਂ ਨੇ ਲਾਰੀ ਵਿੱਚ ਘੜਮੱਸ ਪਾਈ ਹੋਈ ਏ। ਇਸ ਲਈ ਮੈਂ ਬਾਰੀ ਵਾਲੇ ਪਾਸੇ ਹੋ ਕੇ ਬਹਿ ਗਿਆ। ਮੇਰੇ ਅੰਦਰ ਬੜੀ ਖਿੱਝ ਤੇ ਕੌੜ ਸੀ, ਜੀਹਦਾ ਮੈਂ ਸਿਗਰਟ ਫੂਕ ਕੇ ਉਪਾਅ ਕਰ ਰਿਹਾ ਸਾਂ। ਮੈਂ ਸਿੱਧਾ ਘਰ ਨੂਰਪੁਰ ਜਾ ਕੇ ਆਪਣਾ ਆਖ਼ਰੀ ਫ਼ੈਸਲਾ ਕਰਨਾ ਸੀ ਪਈ ਉਹ ਬੀਵੀ ਜਿਹੜੀ ਹਯਾਤੀ ਦਾ ਸੰਗ ਹੁੰਦੀ ਏ ਇੱਕ ਗੱਡੀ ਦੇ ਦੋ ਪਹੀਆਂ ਵਾਂਗ, ਪਰ ਉਹ ਕਿਵੇਂ ਰਾਹ ਵਿੱਚ ਨਾਲ ਟੁਰਨ ਤੋਂ ਮੁਨਕਰ ਹੋ ਗਈ। ਇੰਜ ਮੇਰਾ ਹਯਾਤੀ ਦਾ ਪੈਂਡਾ ਖਰਾ ਨਹੀਂ, ਖੋਟਾ ਕਰ ਰਹੀ ਏ। ਇਸ ਲਈ ਮੈਨੂੰ ਇਸ ਤੋਂ ਵੱਖ ਹੋ ਜਾਣਾ ਚਾਹੀਦਾ ਏ। ਖ਼ੈਰ, ਮੈਂ ਸੋਚਿਆ ਕਿ ਰਾਹ ਵਿੱਚ ਨਵੇਂ ਪਿੰਡ ਉਤਰ ਕੇ ਅੱਜ ਦੀ ਰਾਤ ਮਾਸਟਰ ਨਿਆਜ਼ ਕੋਲ ਹੀ ਕੱਟਾਂਗਾ। ਰਾਤ ਨੂੰ ਗੱਪਾਂ ਮਾਰਾਂਗੇ। ਉਹਦੇ ਕੋਲੋਂ ਨਵੇਂ ਸ਼ਿਅਰ ਸੁਣਾਂਗਾ। ਕਹਾਣੀਆਂ ਵੀ ਵਾਹਵਾ ਲਿਖਦਾ ਏ, ਪਰ ਕਹਿੰਦਾ ਏ, ‘‘ਜਦੋਂ ਦੀਆਂ ਮੈਂ ਤੇਰੀਆਂ ਲਿਖਤਾਂ ਪੜ੍ਹਨ ਲੱਗਾ ਆਂ, ਮੈਂ ਕਹਾਣੀਆਂ ਲਿਖਣੀਆਂ ਬੰਦ ਕਰ ਦਿੱਤੀਆਂ ਨੇ। ਉਹ ਇਸ ਲਈ ਪਈ ਤੈਨੂੰ ਕਹਾਣੀ ਬੁਣਨ ਦਾ ਵੱਲ ਵੀ ਆਉਂਦਾ ਏ ਤੇ ਗੱਲ ਕਰਨ ਦਾ ਚੱਜ ਵੀ।’’ ਕਿੱਡਾ ਵੱਡਾ ਨਾਂ ਏ ਮਾਸਟਰ ਨਿਆਜ਼ ਦਾ, ਪਰ ਮੈਨੂੰ ਉਹ ਬੜਾ ਵਡਿਆਉਂਦਾ ਏ। ‘ਕੁਝ ਚਿਰ ਬਾਅਦ ਆਪਣੇ ਕਾਲਜ ਵਿੱਚ ਪ੍ਰੋਫੈਸਰ ਲੱਗ ਜਾਣਾ ਏ। ਬਸ ਕਿਸੇ ਕਾਲਜ ਵਿੱਚ ਪੰਜਾਬੀ ਦੀਆਂ ਸੀਟਾਂ ਨਿਕਲਣ ਦੀ ਦੇਰ ਏ,’ ਹਾਲੇ ਮੈਂ ਇਹ ਸੋਚ ਹੀ ਰਿਹਾ ਸਾਂ ਕਿ ਕਲੀਨਰ ਮੇਰੇ ਸਿਰ ’ਤੇ ਆਣ ਖਲੋਤਾ ਤੇ ਕਿਹਾ, ‘‘ਜੀ ਕਿੱਥੇ ਜਾਣਾ ?’’

‘‘ਨਵੇਂ ਪਿੰਡ।’’

ਮੈਂ ਉਹਨੂੰ ਪੰਜਾਹ ਦਾ ਨੋਟ ਫੜਾਇਆ। ਉਹਨੇ ਰੁਪਏ ਹੱਥੋਂ ਤੇ ਅਠਿਆਨੀ ਕੁੜਤੇ ਦੇ ਥੱਲਿਓਂ ਸਲੂਕੇ ਦੇ ਬੋਝੇ ਵਿੱਚੋਂ ਕੱਢ ਕੇ ਫੜਾਈ। ਮੈਂ ਤਾਕੀ ਥਾਣੀ ਬਾਹਰ ਵੱਲ ਵੇਖਿਆ, ਸਾਹਮਣੇ ਬੱਧੋਵਾਲੀ ਪੁਲੀ ਨਜ਼ਰੀਂ ਪਈ, ਜਿਸ ’ਤੇ ਕੋਈ ਤਿੰਨ ਔਰਤਾਂ ਕੋਈ ਸੱਤ ਕੁ ਬਾਲ ਲੈ ਕੇ ਖਲੋਤੀਆਂ ਹੋਈਆਂ ਸਨ। ਉਨ੍ਹਾਂ ਨਾਲ ਇੱਕ ਬੁੱਢਾ ਠੇਰਾ ਬਾਬਾ ਸੀ। ਉਨ੍ਹਾਂ ਸਾਰਿਆਂ ਦੇ ਪਿੱਛੇ ਇੱਕ ਮੇਰੇ ਜਿਹਾ ਕੱਦ ਤੇ ਮੇਰੀ ਜਿੰਨੀ ਉਮਰ ਦਾ ਬੰਦਾ ਖਲੋਤਾ ਸੀ। ਉਸ ਦੇ ਹੱਥ ਵਿੱਚ ਥੈਲਾ ਸੀ, ਬਿਲਕੁਲ ਮੇਰੇ ਥੈਲੇ ਵਰਗਾ। ਬੱਸ ਪੁਲੀ ’ਤੇ ਖਲੋ ਗਈ। ਮੈਂ ਸੀਟ ’ਤੇ ਬੈਠਾ ਜੱਕੋ-ਤੱਕੀ ਵਿੱਚ ਸਾਂ ਪਈ ਆਵਾਜ਼ ਮਾਰਾਂ ਕਿ ਉਹ ਥੈਲਾ ਤਾਂ ਮੇਰਾ ਏ।

ਮੈਂ ਤੱਕਿਆ ਪਈ ਉਹ ਵੀ ਲਾਰੀ ਵਿੱਚ ਚੜ੍ਹਨਾ ਚਾਹੁੰਦਾ ਏ। ਇਹ ਵੇਖ ਕੇ ਮੈਂ ਖਾਲੀ ਸੀਟ ’ਤੇ ਹੱਥ ਰੱਖ ਦਿੱਤਾ ਪਈ ਕਿਧਰੇ ਹੋਰ ਹੀ ਕੋਈ ਨਾ ਆ ਕੇ ਬਹਿ ਜਾਵੇ। ਸਵਾਰੀਆਂ ਦੇ ਉਤਰਨ ਤੇ ਚੜ੍ਹਨ ਤੋਂ ਬਾਅਦ ਉਹ ਬੜੇ ਆਰਾਮ ਨਾਲ ਲਾਰੀ ’ਤੇ ਚੜ੍ਹਿਆ। ਉਹਨੇ ਬਹਿਣ ਲਈ ਏਧਰ ਉਧਰ ਤੱਕਿਆ ਪਰ ਮੈਂ ਉਹਨੂੰ ਆਪਣੇ ਨਾਲ ਬਹਿਣ ਲਈ ਇਸ਼ਾਰਾ ਕੀਤਾ।

ਉਹ ਹੱਸਦਾ ਹੋਇਆ ਮੇਰੇ ਨਾਲ ਬਹਿ ਗਿਆ। ਮੈਂ ਅੱਖ ਬਚਾ ਕੇ ਵਾਰ-ਵਾਰ ਥੈਲੇ ਨੂੰ ਵੇਖ ਰਿਹਾ ਸਾਂ। ਕੋਈ ਨਿਸ਼ਾਨੀ ਕੋਈ ਨਿਸ਼ਾਨ ਨਜ਼ਰ ਆਵੇ ਤੇ ਮੈਂ ਉਹਨੂੰ ਫੜਾਂ। ਮੇਰਾ ਥੈਲਾ ਵੀ ਕਰੋਸ਼ੀਏ ਨਾਲ ਕੱਢਿਆ ਹੋਇਆ ਸੀ। ਉਸ ਉੱਤੇ ਜਿਹੜੀਆਂ ਫੁੱਲ ਪੱਤੀਆਂ ਤੇ ਜਿਹੜੇ ਰੰਗ ਦੀਆਂ ਵੇਲਾਂ ਡੱਬੀਆਂ ਬਣੀਆਂ ਹੋਈਆਂ ਸਨ, ਉਹੋ ਸਾਰਾ ਕੁਝ ਇਹਦੇ ਉੱਤੇ ਵੀ ਸੀ, ਪਰ ਉਹਦਾ ਥੈਲਾ ਮੇਰੇ ਥੈਲੇ ਤੋਂ ਸਾਫ਼ ਸੁਥਰਾ ਸੀ ਯਾਨੀ ਮੇਰਾ ਥੈਲਾ ਕੁਝ ਮੈਲਾ ਜਿਹਾ ਸੀ। ਦੋ ਢਾਈ ਘੰਟੇ ਵਿੱਚ ਉਹ ਧੋ ਕੇ ਸੁਕਾਇਆ ਨਹੀਂ ਜਾ ਸਕਦਾ। ਹਾੜ੍ਹ ਜੇਠ ਹੁੰਦਾ ਤਾਂ ਵੱਖਰੀ ਗੱਲ ਸੀ, ਇਹ ਤਾਂ ਫੱਗਣ ਦਾ ਮਹੀਨਾ ਏ।

ਮੈਂ ਉਸ ਨਾਲ ਗੱਲ ਟੋਰਨ ਲਈ ਪੁੱਛਿਆ, ‘‘ਕੀ ਤੁਸੀਂ ਸ਼ਾਦੀਵਾਲ ਦੇ ਓ?’’

‘‘ਦਫ਼ਾ ਕਰੋ ਜੀ, ਇਸ ਪਿੰਡ ਨੂੰ,’’ ਉਸ ਨੇ ਖਿਝ ਕੇ ਜਵਾਬ ਦਿੱਤਾ, ‘‘ਇਹਦੇ ਬੰਦਿਆਂ ਦਾ ਖ਼ੂਨ ਬੜਾ ਚਿੱਟਾ ਏ। ਬੁੱਢੀਆਂ ਦੇ ਨੱਕ ਦੇ ਠੂੰਹੇ ਈ ਨਹੀਂ ਮਾਣ। ਮੈਂ ਤਾਂ ਭੁੱਲ ਗਿਆ ਇੱਥੇ ਸਹੁਰੇ ਬਣਾ ਕੇ।’’

‘‘ਸੱਚਮੁੱਚ ਤੁਸੀਂ ਇਸ ਪਿੰਡ ਦੇ ਨਹੀਂ?’’

‘‘ਨਹੀਂ ਨਹੀਂ।’’

‘‘ਕਿੱਥੋਂ ਦੇ ਓ?’’

‘‘ਨੂਰਪੁਰ ਦੇ।’’

‘‘ਉੱਥੇ ਕਿੱਥੇ ਕਰਕੇ ਰਹਿੰਦੇ ਓ?’’

‘‘ਕੱਟੜੀ ਨੱਥੇ ਸ਼ਾਹ।’’

‘‘ਕੱਟੜੀ ਨੱਥੇ ਸ਼ਾਹ?’’

ਮੈਂ ਉਹਨੂੰ ਹੈਰਾਨੀ ਨਾਲ ਵੇਖਿਆ ਪਈ ਉਹ ਕੁਫ਼ਰ ਬਕ ਰਿਹਾ ਏ। ਪਹਿਲਾਂ ਤੇ ਉਹਨੇ ਨੂਰਪੁਰ ਦਾ ਕਹਿ ਕੇ ਮੈਨੂੰ ਹੈਰਾਨ ਕਰ ਦਿੱਤਾ ਕਿਉਂ ਜੋ ਮੈਂ ਨੂਰਪੁਰ ਦੇ ਸਾਰਿਆਂ ਬੰਦਿਆਂ ਨੂੰ ਜਾਣਦਾ ਹਾਂ ਤੇ ਨੂਰਪੁਰ ਦੇ ਸਾਰੇ ਮੈਨੂੰ ਜਾਣਦੇ ਨੇ ਪਰ ਸ਼ਾਇਦ ਇਹੋ ਹੀ ਅਜਿਹਾ ਬੰਦਾ ਹੋਵੇ ਜੀਹਨੂੰ ਆਪਣੇ ਤੋਂ ਵੱਖ ਕਿਸੇ ਦਾ ਪਤਾ ਹੀ ਨਾ ਹੋਵੇ ਪਰ ਜਦੋਂ ਉਹਨੇ ਕੱਟੜੀ ਨੱਥੇ ਸ਼ਾਹ ਦਾ ਨਾਂ ਲਿਆ ਤੇ ਮੈਨੂੰ ਸੱਪ ਜਿਹਾ ਸੁੰਘ ਗਿਆ ਕਿਉਂ ਜੋ ਕੱਟੜੀ ਨੱਥੇ ਸ਼ਾਹ ’ਤੇ ਮੈਂ ਆਪ ਰਹਿੰਦਾ ਵਾਂ। ਅਸੀਂ ਉੱਥੋਂ ਦੇ ਜੱਦੀ ਪੁਸ਼ਤੀ ਹਾਂ, ਕੋਈ ਪਨਾਹਗੀਰ ਨਹੀਂ। ਕੋਈ ਮੈਨੂੰ ਮੇਰੇ ਪਿਉ ਦੇ ਹਵਾਲੇ ਨਾਲ ਤੇ ਕੋਈ ਦਾਦੇ ਵੱਲੋਂ ਜਾਣਦਾ ਏ। ਸੋਚਿਆ, ਇਹ ਕਿਸ ਨੱਥੇ ਸ਼ਾਹ ਦੀ ਕੱਟੜੀ ਦਾ ਰਹਿਣ ਵਾਲਾ ਏ? ਸ਼ਾਇਦ ਨਵਾਂ ਆਇਆ ਹੋਵੇ ਕਿਉਂ ਜੋ ਜਦ ਦਾ ਇਹ ਪਿੰਡ ਘਾਟ ਮੰਡੀ ਬਸਤੀ ਬਣ ਗਿਆ ਏ ਤਰ੍ਹਾਂ ਤਰ੍ਹਾਂ ਦੀਆਂ ਜਿਣਸਾਂ ਵਾਂਗ ਤਰ੍ਹਾਂ ਤਰ੍ਹਾਂ ਦੇ ਲੋਕ ਵੀ ਆ ਵੱਸੇ ਨੇ। ਹੁਣ ਤਾਂ ਇਹਦਾ ਖਲਾਰ ਬਹੁਤ ਹੋ ਗਿਆ ਏ। ਇਸ ਲਈ ਓਪਰੇ ਤੇ ਆਪਣੇ ਦੀ ਸਿਆਣ ਖੁੱਸ ਗਈ ਏ।

‘‘ਕੀ ਤੁਸੀਂ ਇੱਥੇ ਨਵੇਂ ਆਏ ਓ?’’

‘‘ਨਹੀਂ ਜੀ, ਅਸੀਂ ਤਾਂ ਜੱਦੀ ਪੁਸ਼ਤੀ ਇੱਥੋਂ ਦੇ ਰਹਿਣ ਵਾਲੇ ਆਂ।’’

‘‘ਤੁਹਾਡਾ ਨਾਂ?’’

‘‘ਅਸਲਮ ਨੂਰਪੁਰਾ।’’

‘‘ਕੀ ਕਰਦੇ ਜੇ?’’

‘‘ਮੈਂ ਪੰਜਾਬੀ ਦਾ ਲਿਖਾਰੀ ਆਂ।’’

‘‘ਕੀ ਲਿਖਦੇ ਜੇ?’’

‘‘ਕਹਾਣੀਆਂ...।’’

ਮੈਨੂੰ ਤੇ ਇੰਜ ਲੱਗਾ ਉਹ ਬੰਦਾ ਮੇਰਾ ਪੂਰੀ ਤਰ੍ਹਾਂ ਜਾਣੂ ਏ ਤੇ ਮੇਰਾ ਮੌਜੂ ਬਣਾ ਰਿਹਾ ਏ। ਇਸ ਲਈ ਮੈਂ ਵੀ ਉਹਦਾ ਗੁੱਡਾ ਬੰਨ੍ਹਣ ਲਈ ਪੁੱਛਿਆ, ‘‘ਅੱਜਕੱਲ੍ਹ ਕੀ ਲਿਖਿਆ ਜਾ ਰਿਹਾ ਏ?’’

‘‘ਕੁਝ ਸੁੱਝਦਾ ਹੀ ਨਹੀਂ। ਅੱਜਕੱਲ੍ਹ ਮੈਂ ਕਹਾਣੀ ਲਿਖਣ ਦੀ ਬਜਾਏ ਖ਼ੁਦ ਕਹਾਣੀ ਬਣ ਰਿਹਾ ਵਾਂ ਜਾਂ ਕਹਾਣੀ ਮੈਨੂੰ ਲਿਖਣਾ ਚਾਹੁੰਦੀ ਏ।’’

ਉਹਦਾ ਇਹ ਆਖਣਾ ਇੰਜ ਦਾ ਸੀ ਪਈ ਉਹ ਤਾਂ ਜਿਵੇਂ ਮੇਰੇ ਅੰਦਰ ਬੈਠਾ ਹੋਇਆ ਏ। ਮੈਂ ਉਹਨੂੰ ਫੇਰ ਪੁੱਛਿਆ, ‘‘ਤੁਸੀਂ ਕਹਾਣੀ ਲਿਖਣ ’ਤੇ ਯਕੀਨ ਰੱਖਦੇ ਓ ਕਿ ਕਹਾਣੀ ਬਣਨ ’ਤੇ?’’

ਉਹਨੇ ਕਿਹਾ, ‘‘ਕਹਾਣੀ ਲਿਖਣ ਵਾਲਾ ਕਹਾਣੀ ਨਹੀਂ ਬਣਦਾ। ਲਿਖਣਾ ਕਿਸੇ ਦੀ ਜ਼ਾਤ ਦਾ ਪਹਿਰਾ ਦੇਣ ਵਰਗਾ ਹੁੰਦਾ ਏ। ਪਹਿਰਾ ਦੇਣਾ ਚਾਕਰੀ ਏ। ਚਾਕਰ ਕਦੇ ਮਾਲਕ ਨਹੀਂ ਬਣਦਾ।’’

ਏਨੇ ਚਿਰ ਵਿੱਚ ਨਵੇਂ ਪਿੰਡ ਦੀਆਂ ਬੱਤੀਆਂ ਰੁੱਖਾਂ ਦੇ ਓਹਲੇ ਹਨੇਰੇ ਵਿੱਚ ਜੁਗਨੂੰ ਵਾਂਗ ਚਮਕਣ ਲੱਗ ਪਈਆਂ। ਲਾਰੀ ਅੱਡੇ ਅੱਪੜ ਕੇ ਮੈਂ ਉਸ ਨਾਲ ਗੱਲ ਕੀਤੇ ਬਿਨਾਂ ਹੀ ਲਾਰੀ ਤੋਂ ਲਹਿ ਆਇਆ। ਲਾਰੀ ਅੱਗੇ ਟੁਰ ਗਈ। ਮੈਂ ਹਨੇਰੇ ਵਿੱਚ ਖਲੋਤਾ ਰਹਿ ਗਿਆ।

ਬੋਝੇ ਵਿਚੋਂ ਸਿਗਰਟ ਕੱਢ ਕੇ ਬੁੱਲ੍ਹਾਂ ਵਿੱਚ ਰੱਖ ਕੇ ਜਲਾਉਣ ਲਈ ਤੀਲੀ ਡੱਬੀ ਵਿੱਚੋਂ ਕੱਢੀ ਤੇ ਹਾਲੇ ਮਸਾਲੇ ’ਤੇ ਰਗੜਨ ਈ ਲੱਗਾ ਸਾਂ ਪਈ ਹੱਥਾਂ ਦੇ ਕੋਲ ਵਿੱਚ ਇੱਕ ਬਲਦੀ ਤੀਲੀ ਮੇਰੇ ਮੋਢਿਆਂ ਤੋਂ ਵਲਾ ਕੇ ਮੇਰੇ ਮੂੰਹ ਕੋਲ ਅੱਪੜੀ, ਮੈਂ ਸਿਗਰਟ ਲਾਈ ਤੇ ਮੂੰਹ ਭੁਆ ਕੇ ਤੱਕਿਆ। ਮੇਰੇ ਸਾਹਮਣੇ ਇੱਕ ਵਾਰ ਫੇਰ ਉਹ ਖਲੋਤਾ ਸੀ।

‘‘ਤੂੰ?’’ ਮੇਰੇ ਮੂੰਹੋਂ ਬਸ ਏਨਾ ਈ ਨਿਕਲਿਆ।

‘‘ਆਹੋ,’’ ਉਹਨੇ ਲਾਪ੍ਰਵਾਹੀ ਜਿਹੀ ਵਿਖਾਈ।

‘‘ਪਰ ਤੂੰ ਤੇ ਨੂਰਪੁਰ ਜਾਣਾ ਸੀ?’’

‘‘ਪਰ ਨਵੇਂ ਪਿੰਡ ਮੇਰਾ ਇੱਕ ਦੋਸਤ ਏ। ਰਾਤ ਉਹਦੇ ਕੋਲ ਟਿਕਾਂਗਾ। ਸਵੇਰੇ ਉੱਠ ਕੇ ਜਾਵਾਂਗਾ।’’

‘‘ਅੱਛਾ, ਜਾ ਫੇਰ,’’ ਮੈਂ ਕਿਹਾ ਤੇ ਉਹ ਮਾਸਟਰ ਨਿਆਜ਼ ਦੇ ਘਰ ਜਾਣ ਵਾਲੀ ਰਾਹ ’ਤੇ ਟੁਰ ਪਿਆ।

ਸੜਕ ਪਾਰ ਕਰਕੇ ਮੈਂ ਫਿਰ ਆਪਣੇ ਸਹੁਰੇ ਘਰ ਸ਼ਾਦੀਵਾਲ ਜਾਣ ਵਾਲੀ ਬੱਸ ਦੀ ਉਡੀਕ ਵਿੱਚ ਖਲੋ ਗਿਆ, ਇਹ ਜਾਣਦਿਆਂ ਹੋਇਆਂ ਪਈ ਅਖ਼ੀਰੀ ਬਸ ਵੀ ਚਲੀ ਗਈ ਏ। ਮੈਂ ਤਾਂ ਸਵੇਰੇ ਪਹਿਲੀ ਬੱਸ ਵਿੱਚ ਜਾਣ ਲਈ ਖਲੋ ਗਿਆ ਵਾਂ; ਕਿਉਂ ਜੋ ਮੈਂ ਜਾਣ ਗਿਆ ਵਾਂ ਕਿ ਕਹਾਣੀ ਬਣਨ ਤੋਂ ਕਹਾਣੀ ਲਿਖਣਾ ਮੁਸ਼ਕਿਲ ਏ।

Advertisement
×