ਬਜ਼ਾਰੂ ਮਰਦ

ਬਜ਼ਾਰੂ ਮਰਦ

ਗੁਰਮੀਨ ਕੌਰ

ਕਥਾ ਪ੍ਰਵਾਹ

‘‘ਮੰਮੀ! ਆਪਣੇ ਪਿੱਛੇ ਹਵੇਲੀ ਵਾਲਿਆਂ ਦੇ ਇੱਕ ਨਵੀਂ ਕਿਰਾਏਦਾਰ ਆਈ ਐ।’’ ਮੈਂ ਕੋਠੇ ’ਤੇ ਕੱਪੜੇ ਸੁੱਕਣੇ ਪਾ ਕੇ ਆਈ ਨੇ ਆਪਣੇ ਵੱਲੋਂ ਮਾਂ ਨੂੰ ਰਸੋਈ ਵਿੱਚ ਕੰਮ ਕਰਦੀ ਨੂੰ ਨਵੀਂ ਜਾਣਕਾਰੀ ਦਿੱਤੀ ਸੀ, ਪਰ ਮਾਂ ਨੂੰ ਇਸ ਬਾਰੇ ਪਹਿਲਾਂ ਦਾ ਹੀ ਪਤਾ ਸੀ।

‘‘ਆਹੋ! ਪਤਾ ਮੈਨੂੰ। ਕੱਲ੍ਹ ਸਵਿੰਦਰ ਭੈਣ ਜੀ ਨੇ ਦੱਸਿਆ ਸੀ।’’ ਉਸ ਨੇ ਦਾਲ ਵਾਲਾ ਕੁੱਕਰ ਗੈਸ ’ਤੇ ਰੱਖਦਿਆਂ ਕਿਹਾ।

‘‘ਇੱਕ ਤਾਂ ਸਵਿੰਦਰ ਭੈਣ ਜੀ ਨੂੰ ਕੋਈ ਗੱਲ ਨਾ ਪਤਾ ਹੋਵੇ ਇੰਝ ਕਦੇ ਹੋ ਸਕਦੈ।’’ ਮੈਨੂੰ ਆਪਣੀ ਸਾਹਮਣੇ ਘਰ ਵਾਲੀ ਗੁਆਂਢਣ ’ਤੇ ਗੁੱਸਾ ਆਇਆ ਕਿਉਂਕਿ ਉਸ ਨੇ ਮੇਰੀ ਤਾਜ਼ਾ ਖ਼ਬਰ ਨੂੰ ਬੇਹਾ ਬਣਾ ਦਿੱਤਾ ਸੀ। ਮੈਂ ਵੈਸੇ ਵੀ ਉਸ ਦਾ ਨਾਮ ਸੀ.ਆਈ.ਡੀ ਰੱਖਿਆ ਹੋਇਆ ਸੀ ਕਿਉਂਕਿ ਉਸ ਨੂੰ ਸਾਰੇ ਮੁਹੱਲੇ ਦੀ ਖ਼ਬਰ ਹੁੰਦੀ ਸੀ ਅਤੇ ਓਹੀ ਸਾਰੀ ਖ਼ਬਰ ਮਾਂ ਨੂੰ ਦੇ ਕੇ ਜਾਂਦੀ ਸੀ। ਕਿਉਂਕਿ ਮਾਂ ਦੀ ਆਦਤ ਸੀ ਘੱਟ ਬਾਹਰ ਜਾਣ ਦੀ, ਇਸ ਲਈ ਉਸ ਨੂੰ ਏਧਰ-ਓਧਰ ਦੀ ਗੱਲ ਘੱਟ ਹੀ ਪਤਾ ਹੁੰਦੀ ਸੀ।

‘‘ਪਰ ਗੱਲ ਸੁਣ ਮੇਰੀ।’’ ਮੈਂ ਹੱਥ ਵਿੱਚ ਫੜਿਆ ਹੋਇਆ ਟੱਬ ਰੱਖਣ ਲਈ ਰਸੋਈ ਵਿੱਚੋਂ ਬਾਹਰ ਨਿਕਲਣ ਲੱਗੀ ਤਾਂ ਮਾਂ ਨੇ ਪਿੱਛੋਂ ਆਵਾਜ਼ ਮਾਰੀ।

‘‘ਤੂੰ ਨਾ ਐਵੇਂ ਬਹੁਤਾ ਕੋਈ ਧਿਆਨ ਦੇਵੀਂ ਉਹਦੇ ਵੱਲ। ਚੰਗੀ ਜਨਾਨੀ ਨੀ ਸੁਣੀ ਉਹ।’’ ਮਾਂ ਨੇ ਹਿਦਾਇਤ ਕੀਤੀ।

‘‘ਕਿਉਂ ਚੰਗੀ ਕਿਉਂ ਨਹੀਂ?’’ ਮੈਂ ਹੈਰਾਨ ਜਿਹੀ ਹੋ ਕੇ ਪੁੱਛਿਆ।

‘‘ਬਸ ਕਹਿਤਾ ਨਾ ਤੈਨੂੰ! ਭੈਣ ਜੀ ਦੱਸ ਕੇ ਗਏ ਸੀ। ਪਤਾ ਨਹੀਂ ਕਿੱਥੋਂ ਦੀ ਐ, ਬੰਬੇ ਕਲਕੱਤੇ ਵੱਲ ਦੀ। ਚੰਗੀ ਨਹੀਂ ਐ।’’ ਮਾਂ ਨੇ ਖੁੱਲ੍ਹ ਕੇ ਤਾਂ ਕੁਝ ਨਾ ਦੱਸਿਆ, ਪਰ ਦੋ-ਤਿੰਨ ਵਾਰ ਇਹ ਜ਼ਰੂਰ ਕਹਿ ਦਿੱਤਾ ਕਿ ਚੰਗੀ ਨਹੀਂ।

ਸਾਡੇ ਘਰ ਦੇ ਪਿਛਲੇ ਬੰਨੇ ਇੱਕ ਪੁਰਾਣੀ ਹਵੇਲੀ ਸੀ। ਘੇਰੇ-ਘੇਰੇ ਕੋਈ 10-12 ਕਮਰੇ ਹੋਣੇ ਨੇ ਤੇ ਵਿਚਕਾਰ ਖੁੱਲ੍ਹਾ ਵਿਹੜਾ। ਬਾਹਰਲੇ ਗੇਟ ਦੇ ਬਿਲਕੁਲ ਨਾਲ ਨਹਾਉਣ ਲਈ ਗੁਸਲਖਾਨਾ ਤੇ ਪਖਾਨਾ ਸੀ। ਕਮਰਿਆਂ ਦੇ ਅੱਗੇ ਲੰਬੇ ਦਾ ਲੰਬਾ ਵਰਾਂਡਾ। ਇਹ ਵੱਡੇ ਸਰਦਾਰਾਂ ਦੀ ਹਵੇਲੀ ਵੱਜਦੀ ਸੀ ਤੇ ਬੜੀ ਪੁਰਾਣੀ ਸੀ। ਆਪ ਤਾਂ ਉਨ੍ਹਾਂ ਦਾ ਪਰਿਵਾਰ ਬੜੇ ਚਿਰ ਦਾ ਬਾਹਰ ਅਮਰੀਕਾ ਰਹਿੰਦਾ ਸੀ ਤੇ ਜਦੋਂ ਕਿਤੇ ਉਹ ਕਦੇ-ਕਦਾਈਂ ਆਉਂਦੇ ਤਾਂ ਆਪਣੇ ਖੇਤਾਂ ਵਿੱਚ ਬਣੀ ਨਵੀਂ ਕੋਠੀ ਵਿੱਚ ਰਹਿੰਦੇ। ਪਰ ਉਨ੍ਹਾਂ ਪੁਰਾਣੀ ਹਵੇਲੀ ਨਹੀਂ ਸੀ ਢਾਹੀ। ਓਹਦੀ ਜ਼ਿੰਮੇਵਾਰੀ ਆਪਣੇ ਕਿਸੇ ਸੱਜਣ-ਮਿੱਤਰ ਨੂੰ ਦੇ ਛੱਡੀ ਸੀ ਤੇ ਉਹ ਕਮਰਿਆਂ ਨੂੰ ਕਿਰਾਏ ’ਤੇ ਚਾੜ੍ਹ ਛੱਡਦਾ ਸੀ।

ਪਤਾ ਨਹੀਂ ਕਿਉਂ, ਪਰ ਮੈਨੂੰ ਉਸ ਨਵੀਂ ਆਈ ਕਿਰਾਏਦਾਰਨੀ ਵਿੱਚ ਬੜੀ ਦਿਲਚਸਪੀ ਜਿਹੀ ਹੋ ਗਈ ਸੀ। ਮੈਂ ਜਦੋਂ ਵੀ ਕੱਪੜੇ ਸੁੱਕਣੇ ਪਾਉਣ ਲਾਹੁਣ ਜਾਂਦੀ ਤਾਂ ਔਖੀ ਹੋ ਕੇ ਬਨੇਰੇ ’ਤੇ ਖਲੋ ਕੇ ਉਸ ਨੂੰ ਵੇਖਣ ਦੀ ਕੋਸ਼ਿਸ਼ ਕਰਦੀ। ਕਈ ਵਾਰ ਤਾਂ ਉਹ ਮੈਨੂੰ ਅੰਨ-ਪਾਣੀ ਕਰਦੀ ਦਿਸ ਜਾਂਦੀ, ਪਰ ਕਦੇ-ਕਦੇ ਮੈਨੂੰ ਇੰਤਜ਼ਾਰ ਕਰਨਾ ਪੈਂਦਾ ਉਸ ਨੂੰ ਵੇਖਣ ਲਈ। ਟਾਈਮ ਲੱਗ ਜਾਣ ’ਤੇ ਝਿੜਕਾਂ ਵੀ ਪੈਂਦੀਆਂ, ਪਰ ਮੈਂ ਕੋਈ ਆਨਾ-ਬਹਾਨਾ ਲਾ ਦਿੰਦੀ ਕਿ ਸਿੰਮੀ (ਮੇਰੀ ਸਹੇਲੀ) ਮਿਲ ਗਈ ਸੀ ਛੱਤ ’ਤੇ। ਉਹਨੇ ਗੱਲੀਂ ਲਾ ਲਿਆ ਸੀ।

ਵੈਸੇ ਉਹ ਨਵੀਂ ਕਿਰਾਏਦਾਰਨੀ ਹੈ ਤਾਂ ਥੋੜ੍ਹੀ ਅਜੀਬ ਜਿਹੀ ਹੀ ਸੀ। ਪੰਜਾਹ ਕੁ ਸਾਲ ਦੇ ਲਾਗੇ ਬੰਨੇ ਹੋਣੀ ਐ। ਕਦੇ ਤਾਂ ਉਹ ਇੰਝ ਤਿਆਰ ਹੋਈ ਹੁੰਦੀ ਜਿਵੇਂ ਕਿਤੇ ਹੁਣੇ ਈ ਡੋਲੇ ਵਿੱਚੋਂ ਕੱਢੀ ਹੋਵੇ। ਲਾਲ ਰੰਗ ਦੀ ਸਾੜ੍ਹੀ ਪਾਈ ਹੁੰਦੀ ਉਸ ਨੇ, ਪੈਰਾਂ ’ਤੇ ਹੱਥਾਂ ਉੱਤੇ ਲਾਲ ਜਿਹੀ ਮਹਿੰਦੀ ਦਾ ਲੇਪ ਕੀਤਾ ਹੁੰਦਾ, ਵੱਡੇ-ਵੱਡੇ ਬੋਰਾਂ ਵਾਲੀਆਂ ਝਾਂਜਰਾਂ, ਪੈਰਾਂ ਦੀਆਂ ਉਂਗਲਾਂ ਵਿੱਚ ਬਿਛੂਏ, ਹੱਥਾਂ ਵਿੱਚ ਲਾਲ ਚੂੜੀਆਂ, ਉਨਾਭੀ ਰੰਗ ਦੀ ਸੁਰਖੀ, ਮੋਟੀ ਧਾਰੀ ਵਾਲਾ ਕੱਜਲ, ਵੱਡੀ ਸਾਰੀ ਲਾਲ ਬਿੰਦੀ, ਏਡਾ ਲੰਬਾ ਤਾਲੂ ਤੱਕ ਸੰਧੂਰ, ਕੰਨਾਂ ਵਿੱਚ ਵੱਡੇ-ਵੱਡੇ ਝੁਮਕੇ ਤੇ ਵਾਲਾਂ ਵਿੱਚ ਚਿੱਟੇ ਫੁੱਲਾਂ ਦੇ ਗਜਰੇ। ਪਰ ਕਦੇ-ਕਦੇ ਉਸ ਨੇ ਐਨ ਦੁੱਧ ਵਰਗੀ ਚਿੱਟੀ ਸਾੜ੍ਹੀ ਲਾਈ ਹੁੰਦੀ ਅਤੇ ਕੋਈ ਵੀ ਹਾਰ-ਸ਼ਿੰਗਾਰ ਨਾ ਕੀਤਾ ਹੁੰਦਾ, ਜਿਵੇਂ ਹੁਣੇ-ਹੁਣੇ ਵਿਧਵਾ ਹੋਈ ਹੋਵੇ। ਇਸ ਗੱਲੋਂ ਉਹ ਮੈਨੂੰ ਬੜੀ ਅਜੀਬ ਲੱਗਦੀ। ਮੇਰੇ ਮਨ ਵਿੱਚ ਉਸ ਬਾਰੇ ਜਾਨਣ ਦੀ ਇੱਛਾ ਵਧਦੀ ਜਾ ਰਹੀ ਸੀ, ਪਰ ਮਾਂ ਤੋਂ ਡਰਦੀ ਮੈਂ ਉਸ ਨੂੰ ਮਿਲਣ ਨਾ ਜਾਂਦੀ। ਵੈਸੇ ਵੀ ਮਾਂ ਅੱਗੇ ਵੀ ਵਰਜਦੀ ਹੁੰਦੀ ਸੀ ਕਿ ਓਧਰ ਨਾ ਕਿਸੇ ਨਾਲ ਸਹੇਲਪੁਣਾ ਪਾਈਂ, ਭਾਂਤ-ਭਾਂਤ ਦੇ ਕਿਰਾਏਦਾਰ ਐ, ਕੀ ਪਤਾ ਕੋਈ ਕਿੱਥੋਂ ਆਇਆ ਕਿੱਥੋਂ ਨਹੀਂ। ਪਰ ਇਸ ਨੂੰ ਮਿਲਣ ਤਾਂ ਮਾਂ ਨੇ ਬਿਲਕੁਲ ਨਹੀਂ ਸੀ ਜਾਣ ਦੇਣਾ ਕਿਉਂ ਜੋ ਉਹ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਉਹ ‘‘ਚੰਗੀ ਨਹੀਂ’’।

ਮੈਂ ਮਨ ਹੀ ਮਨ ਉਸ ਨੂੰ ਆਨੇ-ਬਹਾਨੇ ਬੁਲਾਉਣ ਬਾਰੇ ਸੋਚਦੀ, ਪਰ ਕਿੰਝ ਬੁਲਾਵਾਂ ਇਹ ਸਮਝ ਨਾ ਆਉਂਦੀ। ਇੱਕ ਦਿਨ ਮੈਂ ਸ਼ਾਮ ਨੂੰ ਵੈਸੇ ਛੱਤ ਉੱਪਰ ਟਹਿਲਣ ਨੂੰ ਚਲੀ ਗਈ ਸੀ। ਮਾਂ ਗੁਰਦੁਆਰੇ ਗਈ ਹੋਈ ਸੀ। ਮੈਂ ਬਨੇਰੇ ’ਤੇ ਉਸ ਨੂੰ ਦੇਖਣ ਲਈ ਖੜ੍ਹੀ ਸੀ। ਉਹ ਵਰਾਂਡੇ ਵਿੱਚ ਸਟੋਵ ਬਾਲ ਰਹੀ ਸੀ। ਕੋਲ ਹੀ ਇੱਕ ਨਿੱਕੀ ਜਿਹੀ ਕੜਾਹੀ ਪਈ ਸੀ ਤੇ ਇੱਕ-ਦੋ ਭਾਂਡੇ ਹੋਰ ਪਏ ਸਨ। ਓਹਨੇ ਬੜੀ ਸਾਦੀ ਜਿਹੀ ਕ੍ਰੀਮ ਸਾੜ੍ਹੀ ਬੰਨ੍ਹੀ ਹੋਈ ਸੀ, ਸਾੜ੍ਹੀ ਦੇ ਪੱਲੇ ਨੂੰ ਲੱਕ ਨਾਲ ਬੰਨ੍ਹਿਆ ਹੋਇਆ ਸੀ ਤੇ ਵਾਲਾਂ ਦਾ ਢਿੱਲਾ ਜਿਹਾ ਜੂੜਾ। ਮੈਂ ਉਸ ਨੂੰ ਹੌਲੀ ਜਿਹੀ ਆਵਾਜ਼ ਮਾਰੀ, ‘‘ਆਂਟੀ...’’

ਪਰ ਉਹ ਕੰਮ ਵਿੱਚ ਰੁੱਝੀ ਰਹੀ। ਪਤਾ ਨਹੀਂ ਉਸ ਨੂੰ ਸੁਣਿਆ ਨਹੀਂ ਸੀ ਕਿ ਵੈਸੇ ਧਿਆਨ ਨਹੀਂ ਸੀ ਦਿੱਤਾ। ਮੈਂ ਥੋੜ੍ਹੇ ਜਿਹੇ ਜ਼ੋਰ ਨਾਲ ਦੁਬਾਰਾ ਆਵਾਜ਼ ਮਾਰੀ, ‘‘ਆਂਟੀ...!’’

ਇਸ ਵਾਰ ਉਸ ਨੇ ਉੱਪਰ ਮੇਰੇ ਵੱਲ ਵੇਖਿਆ। ਮੈਂ ਚਿਹਰੇ ’ਤੇ ਬੜੀ ਵੱਡੀ ਮੁਸਕਾਨ ਲਿਆ ਕੇ ਉਸ ਦਾ ਸਾਰਾ ਧਿਆਨ ਆਪਣੇ ਵੱਲ ਖਿੱਚਣਾ ਚਾਹਿਆ, ਪਰ ਉਸ ਨੇ ਬਸ ਇੱਕ ਛਿਣ ਮੇਰੇ ਵੱਲ ਵੇਖਿਆ ਤੇ ਬਿਨਾ ਕਿਸੇ ਪ੍ਰਤੀਕਿਰਿਆ ਦੇ ਫਿਰ ਸਟੋਵ ਵਿੱਚ ਹਵਾ ਭਰਨ ਲੱਗ ਗਈ ਸੀ। ਮੈਂ ਸ਼ਰਮਿੰਦਿਆਂ ਵਾਂਗੂੰ ਬਨੇਰੇ ਤੋਂ ਪਿਛਾਂਹ ਹਟ ਗਈ। ਹੁਣ ਤਕਰੀਬਨ ਮੇਰਾ ਇਹ ਰੋਜ਼ ਦਾ ਹੀ ਨੇਮ ਹੋ ਗਿਆ ਸੀ, ਜਦੋਂ ਵੀ ਮਾਂ ਗੁਰਦੁਆਰੇ ਜਾਂਦੀ, ਮੈਂ ਛੱਤ ’ਤੇ ਟਹਿਲਣ ਦੇ ਬਹਾਨੇ ਉਸ ਨੂੰ ਬੁਲਾਉਣ ਲੱਗ ਜਾਂਦੀ, ਪਰ ਹਰ ਵਾਰ ਦੀ ਤਰ੍ਹਾਂ ਮੇਰੇ ਹੱਥ ਨਿਰਾਸ਼ਾ ਹੀ ਲੱਗਦੀ।

ਮੈਨੂੰ ਗੁੱਸਾ ਤਾਂ ਬੜਾ ਆਉਂਦਾ ਕਿ ਇਹਨੂੰ ਤਾਂ ਭੋਰਾ ਅਕਲ ਨਹੀਂ ਕਿ ਚਾਹੇ ਕੋਈ ਅਣਜਾਣ ਹੀ ਹੋਵੇ, ਪਰ ਜੇ ਕੋਈ ਹੱਸ ਕੇ ਬੁਲਾ ਰਿਹਾ ਹੈ ਤਾਂ ਘੱਟੋ-ਘੱਟ ਤੂੰ ਹੋਰ ਨਹੀਂ ਤਾਂ ਅੱਗੋਂ ਮਾੜਾ ਮੋਟਾ ਹੱਸ ਹੀ ਪੈ।

ਇੱਕ ਦਿਨ ਮੈਂ ਸ਼ਾਮ ਨੂੰ ਜਦੋਂ ਉਸ ਨੂੰ ਆਵਾਜ਼ ਮਾਰੀ ਤਾਂ ਆਂਟੀ ਦੀ ਬਜਾਏ ਅੰਮਾ ਕਹਿ ਦਿੱਤਾ, ‘‘ਅੰਮਾ! ਸੁਣੋ ਕਿਆ ਪਕਾ ਰਹੀ ਹੋ ਆਜ?’’ ਮੈਂ ਹਿੰਦੀ ’ਚ ਇਸ ਲਈ ਪੁੱਛਿਆ ਕਿਉਂਕਿ ਮੈਨੂੰ ਮਹਿਸੂਸ ਹੋਇਆ ਸੀ ਕਿ ਉਸ ਨੂੰ ਪੰਜਾਬੀ ਨਹੀਂ ਆਉਂਦੀ ਹੋਣੀ। ਬਸ ਮੇਰੇ ਅੰਮਾ ਕਹਿਣ ਦੀ ਦੇਰ ਸੀ ਉਹ ਤਾਂ ਜਿਵੇਂ ਚੰਡੀ ਦਾ ਰੂਪ ਧਾਰ ਗਈ ਸੀ ਤੇ ਲਾਲ-ਲਾਲ ਅੱਖਾਂ ਕੱਢਦੀ ਮੈਨੂੰ ਆਖਣ ਲੱਗੀ, ‘‘ਅੰਮਾ ਕਿਸੇ ਬੋਲੀ ਤੂ? ਤੇਰੇ ਕੋ ਔਰ ਕੋਈ ਕਾਮ ਨਹੀਂ ਕਿਆ? ਆ ਜਾਤੀ ਹੈ ਹਰ ਸ਼ਾਮ ਮੇਰੇ ਕੋ ਤੰਗ ਕਰਨੇ।’’ ਤੇ ਹੋਰ ਪਤਾ ਨਹੀਂ ਕੀ-ਕੀ ਬੋਲਦੀ ਉਹ ਆਪਣੇ ਅੰਦਰ ਜਾ ਵੜੀ। ਮੈਨੂੰ ਬੜਾ ਜ਼ਿਆਦਾ ਗੁੱਸਾ ਆਇਆ। ਜੀਅ ਕੀਤਾ ਚੰਗੀਆਂ ਸੁਣਾਵਾਂ ਕਿ ਆਖ਼ਰ ਮੈਂ ਤੈਨੂੰ ਐਸਾ ਕੀ ਕਹਿ ਦਿੱਤਾ, ਪਰ ਮੈਂ ਬਿਨਾਂ ਕੁਝ ਬੋਲੇ ਹੇਠਾਂ ਆ ਗਈ। ਇਸ ਰਵੱਈਏ ਬਾਰੇ ਮਾਂ ਨੂੰ ਵੀ ਤਾਂ ਨਹੀਂ ਸੀ ਦੱਸ ਸਕਦੀ ਕਿਉਂਕਿ ਮੇਰੀ ਚੰਗੀ ਖੁੰਬ ਠੱਪੀ ਜਾਣੀ ਸੀ। ਹੋਰ ਤਾਂ ਹੋਰ ਮੇਰੇ ਛੱਤ ਉੱਪਰ ਜਾਣ ’ਤੇ ਵੀ ਪਾਬੰਦੀ ਲੱਗ ਜਾਣੀ ਸੀ। ਪਰ ਉਸ ਦਿਨ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਂ ਸਾਰੀ ਰਾਤ ਉਸ ਬਾਰੇ ਹੀ ਸੋਚਦੀ ਰਹੀ ਕਿ ਆਖ਼ਰ ਉਸ ਨੂੰ ਏਨਾ ਗੁੱਸਾ ਆਇਆ ਕਿਉਂ ਸੀ।

ਫੇਰ ਮੈਂ ਦੋ-ਤਿੰਨ ਦਿਨ ਟਹਿਲਣ ਲਈ ਛੱਤ ’ਤੇ ਨਾ ਗਈ। ਇੱਕ ਦਿਨ ਮੈਂ ਸਵੇਰੇ ਜਦੋਂ ਕੱਪੜੇ ਸੁੱਕਣੇ ਪਾਉਣ ਲਈ ਉੱਪਰ ਗਈ ਤਾਂ ਮੈਂ ਸਰਸਰੀ ਬਨੇਰੇ ਵੱਲ ਨੂੰ ਹੋਈ, ਉਹ ਸਟੋਵ ’ਤੇ ਕੁਝ ਧਰ ਕੇ ਬੈਠੀ ਸੀ ਨਿੱਕੀ ਜਿਹੀ ਪਤੀਲੀ ਵਿੱਚ। ਮੈਂ ਜਿਉਂ ਹੀ ਪਿਛਾਂਹ ਨੂੰ ਮੁੜਨ ਲੱਗੀ, ਉਹ ਉਤਾਂਹ ਮੇਰੇ ਵੱਲ ਵੇਖ ਕੇ ਹੱਸ ਪਈ। ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗ ਗਿਆ ਸੀ ਕਿ ਮੈਂ ਬਨੇਰੇ ਉੱਤੇ ਖੜ੍ਹੀ ਸਾਂ। ਪਰ ਉਹਦੀ ਮੁਸਕਾਨ ਨਾਲ ਮੈਂ ਬਾਗੋ-ਬਾਗ ਹੋ ਗਈ ਜਿਵੇਂ ਕੋਈ ਖ਼ਜ਼ਾਨਾ ਮੇਰੇ ਹੱਥ ਲੱਗ ਗਿਆ ਹੋਵੇ। ਮੈਨੂੰ ਇੰਝ ਲੱਗਾ ਜਿਵੇਂ ਉਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਹੋਵੇ ਕਿ ‘‘ਆਜਾ ਕੁੜੇ! ਚਾਹ ਧਰੀ ਮੈਂ, ਤੂੰ ਵੀ ਆ ਕੇ ਪੀ ਲੈ।’’ ਤੇ ਇਹ ਸੋਚ ਕੇ ਮੇਰਾ ਆਪਣਾ ਹਾਸਾ ਨਿਕਲ ਗਿਆ। ਹੁਣ ਮੈਂ ਮਨ ਵਿੱਚ ਉਸ ਨੂੰ ਮਿਲਣ ਜਾਣ ਦੀਆਂ ਸਕੀਮਾਂ ਘੜਨ ਲੱਗੀ ਸੀ ਕਿ ਅੱਜ ਸ਼ਾਮ ਨੂੰ ਜਦੋਂ ਮਾਂ ਗੁਰਦੁਆਰੇ ਜਾਊਗੀ ਤਾਂ ਮੈਂ ਜ਼ਰੂਰ ਉਸ ਨੂੰ ਮਿਲਣ ਜਾਵਾਂਗੀ, ਚਾਹੇ ਬਿੰਦ ਦੀ ਬਿੰਦ ਹੀ ਕਿਉਂ ਨਾ ਜਾਵਾਂ। 

ਸ਼ਾਮ ਨੂੰ ਜਦੋਂ ਮਾਂ ਗੁਰਦੁਆਰੇ ਚਲੀ ਗਈ ਤਾਂ ਮੈਂ ਉਹਦੇ ਮਗਰੇ-ਮਗਰ ਹੀ ਹਵੇਲੀ ਵਾਲਿਆਂ ਦੀ ਗਲੀ ਮੁੜ ਗਈ। ਮੈਂ ਇੱਕ ਕੌਲੀ ਵਿੱਚ ਤੋਰੀਆਂ ਦੀ ਸਬਜ਼ੀ ਪਾ ਲਈ ਸੀ ਜੋ ਮਾਂ ਨੇ ਤਾਜ਼ਾ-ਤਾਜ਼ਾ ਹੀ ਬਣਾਈ ਸੀ। ਭਾਵੇਂ ਕਿ ਇਹ ਕੋਈ ਖ਼ਾਸ ਸੁਗਾਤ ਨਹੀਂ ਸੀ, ਪਰ ਮੈਨੂੰ ਇੱਕ ਬਹਾਨੇ ਜਿਹੇ ਦੀ ਵੀ ਲੋੜ ਸੀ ਉਸ ਕੋਲ ਜਾਣ ਲਈ। ਮੈਂ ਸਾਰੇ ਕਮਰੇ ਲੰਘਦੀ ਹੋਈ ਉਹਦੇ ਕਮਰੇ ਵਿੱਚ ਚਲੀ ਗਈ। ਉਹ ਬੈਠੀ ਆਪਣੀ ਕਿਸੇ ਸਾੜ੍ਹੀ ਨੂੰ ਧਾਗੇ ਨਾਲ ਸਿਓਂ ਰਹੀ ਸੀ, ਖੌਰੇ ਉੱਧੜ ਗਈ ਹੋਵੇ। ਮੈਨੂੰ ਵੇਖ ਕੇ ਉਹ ਇਕਦਮ ਤ੍ਰਭਕ ਗਈ।

‘‘ਆਂਟੀ! ਯੇਹ ਸਬਜ਼ੀ।’’ ਮੈਂ ਮੁਸਕਰਾ ਕੇ ਕਿਹਾ।

ਉਹ ਬਿਨਾਂ ਕੁਝ ਬੋਲੇ ਬਿਟਰ-ਬਿਟਰ ਮੈਨੂੰ ਦੇਖੀ ਜਾ ਰਹੀ ਸੀ, ਪਰ ਮੈਂ ਪੂਰੀ ਢੀਠ ਹੀ ਸੀ। ਉਸ ਦੇ ਬਿਨਾਂ ਕਹੇ ਉਸ ਦੇ ਮੰਜੇ ’ਤੇ ਬੈਠ ਗਈ ਅਤੇ ਉਸ ਦੇ ਕਮਰੇ ਦਾ ਮੁਆਇਨਾ ਕਰਨ ਲੱਗੀ। ਉਸ ਦੇ ਕਮਰੇ ਵਿੱਚ ਸਿਰਫ਼ ਗਿਣਤੀ ਦੀਆਂ ਕੁਝ ਕੁ ਚੀਜ਼ਾਂ ਸਨ, ਜਿਵੇਂ ਇੱਕ ਭੈੜਾ ਜਿਹਾ ਲੋਹੇ ਦਾ ਟਰੰਕ, ਇੱਕ ਟੁੱਟੀ ਜਿਹੀ ਮੰਜੀ ਜਿਸ ਉਪਰ ਮੈਂ ਬੈਠੀ ਹੋਈ ਸੀ, ਇੱਕ ਛੋਟਾ ਸ਼ੀਸ਼ਾ ਟੰਗਿਆ ਹੋਇਆ ਸੀ ਤੇ ਉਸ ਅੱਗੇ ਬਣੀ ਅੰਗੀਠੀ ’ਤੇ ਉਸ ਦਾ ਥੋੜ੍ਹਾ ਜਿਹਾ ਹਾਰ-ਸ਼ਿੰਗਾਰ ਦਾ ਸਾਮਾਨ ਪਿਆ ਸੀ। ਕਮਰੇ ਦੀ ਇੱਕ ਨੁੱਕਰ ਵਿੱਚ ਮੈਲਾ ਜਿਹਾ ਘੜਾ ਪਿਆ ਸੀ ਤੇ ਉਸ ਦੇ ਉਪਰ ਹੀ ਇੱਕ ਗਲਾਸ ਮੂਧਾ ਵੱਜਾ ਸੀ। ਮੈਂ ਕੁਝ ਹੋਰ ਵੇਖਦੀ, ਪਰ ਉਸ ਦੀ ਆਵਾਜ਼ ਨੇ ਮੇਰਾ ਧਿਆਨ ਤੋੜ ਦਿੱਤਾ, ‘‘ਕਿਊਂ ਆਈ ਹੋ? ਜਾਓ ਅਬ ਦੁਬਾਰਾ ਨਾ ਆਨਾ।’’ ਉਹ ਜਿਵੇਂ ਡਰੀ ਜਿਹੀ ਹੋਈ ਮੈਨੂੰ ਕਹਿ ਰਹੀ ਸੀ।

‘‘ਯੇਹ ਸਬਜ਼ੀ।’’ ਮੈਂ ਫਿਰ ਦੁਹਰਾਇਆ।

‘‘ਨਹੀਂ ਚਾਹੀਏ। ਪਰ ਗੁੜੀਆ ਦੁਬਾਰਾ ਇਧਰ ਮਤ ਆਨਾ।’’ ਇਸ ਵਾਰ ਉਸ ਦੇ ਬੋਲਾਂ ਵਿੱਚ ਜਿਵੇਂ ਇੱਕ ਤਰਲਾ ਸੀ।

ਮੈਂ ਚੁੱਪਚਾਪ ਵਾਪਸ ਮੁੜ ਆਈ ਸਾਂ, ਪਰ ਉਸ ਦੇ ਕਹੇ ਸ਼ਬਦ ਮੇਰੇ ਕੰਨਾਂ ਵਿੱਚ ਗੂੰਜੀ ਜਾ ਰਹੇ ਸਨ: ‘‘ਪਰ ਗੁੜੀਆ ਦੁਬਾਰਾ ਇਧਰ ਮਤ ਆਨਾ।’’

ਮੈਂ ਸੋਚ ਰਹੀ ਸੀ ਕਿ ਸ਼ਾਇਦ ਉਸ ਨੂੰ ਵੀ ਪਤਾ ਲੱਗ ਗਿਆ ਹੋਵੇ ਕਿ ਲੋਕ ਉਸ ਨੂੰ ‘ਚੰਗੀ’ ਨਹੀਂ ਸਮਝਦੇ, ਇਸੇ ਲਈ ਉਸ ਨੇ ਮੈਨੂੰ ਰੋਕਿਆ ਹੋਵੇ। ਪਰ ਜੇ ਇਹ ਚੰਗੀ ਨਹੀਂ ਤਾਂ ਫੇਰ ਮੈਨੂੰ ਕਿਉਂ ਰੋਕਦੀ ਸਗੋਂ ਆਪਣੇ ਘਰ ਬੁਲਾ ਕੇ ਬਦਨਾਮ ਕਰਦੀ। ਇਹ ਲੋਕ ਕਿਵੇਂ ਇਹ ਤੈਅ ਕਰ ਲੈਂਦੇ ਹਨ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ।

ਮੈਂ ਹੁਣ ਦਿਨ ਰਾਤ ਉਸ ਬਾਰੇ ਸੋਚਦੀ ਰਹਿੰਦੀ। ਪਤਾ ਨਹੀਂ ਕਿਉਂ, ਪਰ ਉਹ ਮੇਰੇ ਦਿਮਾਗ਼ ’ਤੇ ਹਾਵੀ ਜਿਹੀ ਹੋ ਗਈ ਸੀ। ਮੈਂ ਉਸ ਬਾਰੇ ਜਾਨਣਾ ਚਾਹੁੰਦੀ ਸੀ। ਉਸ ਦੀ ਜ਼ਿੰਦਗੀ ਬਾਰੇ, ਘਰ-ਪਰਿਵਾਰ ਬਾਰੇ, ਕਿੱਥੋਂ ਆਈ ਹੈ, ਇੱਥੇ ਕਿਉਂ ਰਹਿੰਦੀ ਹੈ ਅਤੇ ਇੱਕ ਗੱਲ ਜੋ ਜਾਨਣ ਲਈ ਮੈਂ ਤਰਲੋ-ਮੱਛੀ ਹੋ ਰਹੀ ਸੀ, ਉਹ ਇਹ ਸੀ ਕਿ ਲੋਕ ਉਸ ਨੂੰ ‘ਚੰਗੀ’ ਕਿਉਂ ਨਹੀਂ ਸਮਝਦੇ।

ਇਕ ਦਿਨ ਐਤਵਾਰ ਦੀ ਗੱਲ ਹੈ। ਮੰਮੀ-ਡੈਡੀ ਰਿਸ਼ਤੇਦਾਰੀ ਵਿੱਚ ਕਿਤੇ ਗਏ ਹੋਏ ਸੀ। ਵੀਰ ਆਪਣੇ ਕਿਸੇ ਦੋਸਤ ਵੱਲ ਤੇ ਮੈਂ ਕਾਲਜ ਤੋਂ ਛੁੱਟੀ ਹੋਣ ਕਰਕੇ ਘਰ ਹੀ ਸੀ। ਮੇਰੇ ਦਿਲ ਨੂੰ ਚੈਨ ਨਹੀਂ ਸੀ ਪੈ ਰਿਹਾ। ਇਸ ਲਈ ਮੈਂ ਬਾਹਰਲੇ ਬੂਹੇ ਨੂੰ ਜਿੰਦਾ ਮਾਰ ਵੱਡੀ ਹਵੇਲੀ ਉਸ ਨੂੰ ਮਿਲਣ ਚਲੀ ਗਈ। ਸਵੇਰ ਦੇ 11 ਕੁ ਵੱਜੇ ਸੀ। ਉਹ ਸ਼ਾਇਦ ਕੰਮ ਧੰਦਾ ਨਿਬੇੜ ਕੇ ਆਰਾਮ ਕਰ ਰਹੀ ਸੀ, ਦਰਵਾਜ਼ਾ ਢੁੱਕਾ ਹੋਇਆ ਸੀ। ਮੈਂ ਰਤਾ ਕੁ ਦਰਵਾਜ਼ੇ ’ਤੇ ਖੜਾਕ ਕਰ ਕੇ ਬੂਹਾ ਖੋਲ੍ਹ ਅੰਦਰ ਲੰਘ ਗਈ।

‘‘ਤੂ ਫਿਰ ਆ ਗਈ?’’ ਉਹ ਹੈਰਾਨ ਸੀ ਕਿ ਪਤਾ ਨਹੀਂ ਗੁੱਸੇ ਵਿੱਚ ਸੀ।

‘‘ਮੈਨੇ ਪੂਛਨਾ ਥਾ ਕੁਛ।’’ ਇਸ ਵਾਰ ਮੇਰੀ ਗੱਲ ਵਿੱਚ ਤਰਲਾ ਸੀ।

‘‘ਕਿਊਂ ਹਾਥ ਧੋ ਕਰ ਪੀਛੇ ਪੜ ਗਈ ਹੋ ਮੇਰੇ। ਤੇਰੀ ਅੰਮਾ ਕੋ ਪਤਾ ਹੈ ਕਿ ਤੂ ਇਧਰ ਆਤੀ ਹੈ ਬਾਰ-ਬਾਰ।’’ ਉਹ ਪੂਰੇ ਤੈਸ਼ ਵਿੱਚ ਬੋਲ ਰਹੀ ਸੀ।

‘‘ਨਹੀਂ।’’ ਮੈਂ ਮਾਂ ਦੀ ਧਮਕੀ ਸੁਣ ਕੇ ਡਰ ਗਈ ਸਾਂ ਬਈ ਜੇ ਕਿਧਰੇ ਇਹਨੇ ਮਾਂ ਨੂੰ ਦੱਸ ਦਿੱਤਾ ਤਾਂ...। ਫੇਰ ਮੈਂ ਥੋੜ੍ਹਾ ਸੰਭਲ ਜਿਹੇ ਕੇ ਬੋਲੀ, ‘‘ਮੈਂ ਕਹਾਣੀਆਂ ਲਿਖਤੀ ਹੂੰ। ਤੁਮ ਭੀ ਬਤਾਓ ਨਾ ਕੁਛ ਅਪਨੇ ਬਾਰੇ ਮੇਂ। ਕਹਾਂ ਸੇ ਆਈ ਹੋ, ਘਰ ਮੇਂ ਕੌਣ-ਕੌਣ ਹੈ। ਮੈਂ ਲਿਖੂੰਗੀ ਤੁਮ੍ਹਾਰੇ ਬਾਰੇ ਮੇਂ।’’ ਕਹਾਣੀ ਲਿਖਣ ਵਾਲੀ ਗੱਲ ਮੈਂ ਉਸ ਨੂੰ ਝੂਠ ਹੀ ਕਹਿ ਦਿੱਤੀ ਸੀ, ਪਰ ਉਹ ਇਸ ਗੱਲ ’ਤੇ ਇੰਝ ਖਿੜਖਿੜਾ ਕੇ ਹੱਸੀ ਜਿਵੇਂ ਕੋਈ ਛੋਟੇ ਬੱਚੇ ਦੀਆਂ ਝੱਲ-ਵਲੱਲੀਆਂ ਗੱਲਾਂ ’ਤੇ ਹੱਸਦਾ ਹੈ। ਮੈਨੂੰ ਬੜੀ ਸ਼ਰਮ ਜਿਹੀ ਆਈ, ਪਰ ਮੈਂ ਫਿਰ ਵੀ ਢੀਠ ਜਿਹੀ ਬਣ ਕੇ ਕਿਹਾ, ‘‘ਹਸਤੀ ਕਿਆ ਹੋ। ਐਸਾ ਭੀ ਕਿਆ ਹੈ ਜੋ ਇਤਨਾ ਭਾਉ ਖਾ ਰਹੀ ਹੋ। ਅੱਛਾ! ਚਲੋ ਮੈਂ ਨਹੀਂ ਲਿਖੂੰਗੀ ਔਰ ਨਾ ਕਿਸੀ ਕੋ ਬਤਾਊਂਗੀ। ਅਬ ਤੋ ਬਤਾਓ ਕੁਛ ਅਪਨੇ ਬਾਰੇ ਮੇਂ।’’

ਉਸ ਨੂੰ ਸ਼ਾਇਦ ਇਹ ਗੱਲ ਮਹਿਸੂਸ ਹੋ ਗਈ ਸੀ ਕਿ ਮੈਂ ਉਹਦੀ ਕਹਾਣੀ ਸੁਣੇ ਬਿਨਾਂ ਨਹੀਂ ਹਿੱਲਣਾ ਜਾਂ ਫੇਰ ਕਿਸੇ ਨੇ ਪਹਿਲੀ ਵਾਰ ਉਸ ਬਾਰੇ ਕੁਝ ਜਾਨਣਾ ਚਾਹਿਆ ਸੀ। ਇਸ ਲਈ ਉਸ ਨੇ ਇੱਕ ਲੰਮਾ ਸਾਰਾ ਸਾਹ ਲਿਆ ਤੇ ਫੇਰ ਬੋਲੀ, ‘‘ਚੌਦਾਂ ਬਰਸ ਕੀ ਥੀ ਮੈਂ ਜਬ ਬਾਪੂ ਬੇਚ ਆਇਆ ਥਾ ਇਕ ਦਲਾਲ ਕੋ।’’ ਉਸ ਨੇ ਸ਼ਾਇਦ ਸਹਿਜੇ ਹੀ ਇਹ ਗੱਲ ਕਹਿ ਦਿੱਤੀ ਸੀ, ਪਰ ਇਹ ਸੁਣ ਕੇ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ ਸਨ।

‘‘ਹਮ ਚਾਰ ਬਹਿਨੇਂ ਥੀ ਔਰ ਦੋ ਭਾਈ ਥੇ। ਸਬ ਮੇਰੇ ਸੇ ਛੋਟੇ। ਉਸ ਸਾਲ ਸੂਖਾ ਪੜਾ ਥਾ, ਕੋਈ ਮਜ਼ਦੂਰੀ ਭੀ ਨਾ ਮਿਲੀ ਥੀ ਕਹੀਂ ਅੰਮਾ ਔਰ ਬਾਪੂ ਕੋ। ਖਾਣੇ ਕੇ ਲਾਲੇ ਪੜ ਗਏ ਥੇ। ਏਕ ਦਿਨ ਏਕ ਮੋਟਾ ਸਾ ਆਦਮੀ ਆਇਆ ਬਾਪੂ ਕੇ ਸਾਥ, ਵੋ ਬੜੀ ਗੰਦੀ ਸੀ ਨਜ਼ਰ ਸੇ ਮੁਝੇ ਘੂਰੀ ਜਾ ਰਹਾ ਥਾ। ਕੋਈ ਪਾਂਚ ਦਸ ਮਿੰਟ ਉਸ ਨੇ ਕੋਈ ਬਾਤ ਕੀ ਹੋਗੀ ਔਰ ਫਿਰ ਬਾਪੂ ਨੇ ਮੁਝੇ ਉਸ ਕੇ ਸਾਥ ਜਾਨੇ ਕੋ ਕਹਾ। ਮੈਨੇ ਪੂਛਾ ਕਹਾਂ ਤੋ ਕਹਿਨੇ ਲਗਾ ਸ਼ਹਿਰ ਮੇਂ ਕਿਸੀ ਸੇਠਾਨੀ ਕੇ ਘਰ ਕਾਮ ਪਰ ਲਗਾਏਗਾ। ਵੋ ਮੁਝੇ ਅਪਨੇ ਸਾਥ ਲੇ ਗਯਾ, ਪਰ ਕਿਸੀ ਕੇ ਘਰ ਨਹੀਂ ਬਲਕਿ ਕਿਸੀ ਕੋਠੇ ਪੇ ਲੇ ਗਿਆ ਥਾ, ਰਮਸ਼ਾ ਬਾਈ ਕੇ ਕੋਠੇ ਪੇ। ਮੈਂ ਬੜਾ ਰੋਈ, ਚਿਲਾਈ ਕਿ ਮੁਝੇ ਵਾਪਿਸ ਜਾਨਾ ਹੈ, ਪਰ ਕਿਸੀ ਨੇ ਨਾ ਸੁਨਾ, ਉਲਟਾ ਮੁਝੇ ਮਾਰਤੇ ਪੀਟਤੇ। ਏਕ ਸਾਲ ਤੱਕ ਮੈਂ ਸਿਰਫ਼ ਨਾਚਤੀ ਥੀ, ਮੁਜਰਾ ਕਰਤੀ ਥੀ। ਫਿਰ ਮੇਰੇ ਭੀ ਗ੍ਰਾਹਕ ਲਗਨੇ ਸ਼ੁਰੂ ਹੋ ਗਏ। 18-20 ਸਾਲ ਕੇ ਕਿਸ਼ੋਰ ਸੇ ਲੇਕਰ 35-40 ਸਾਲ ਤੱਕ ਕੇ ਆਦਮੀ ਆਤੇ, ਮੇਰਾ ਭਾਵ ਤੈਅ ਕਰਤੇ ਔਰ...।’’ ਉਹ ਏਨਾ ਦੱਸ ਕੇ ਰੁਕ ਗਈ। ਪਤਾ ਨਹੀਂ ਅਗਲੀ ਗੱਲ ਉਸ ਦੇ ਮੂੰਹੋਂ ਨਹੀਂ ਸੀ ਨਿਕਲੀ ਜਾਂ ਉਹ ਕੱਢਣਾ ਨਹੀਂ ਸੀ ਚਾਹੁੰਦੀ।

‘‘ਫਿਰ ਜੈਸੇ-ਜੈਸੇ ਮੇਰੀ ਉਮਰ ਬੜਤੀ ਗਈ, ਮੇਰੇ ਗ੍ਰਾਹਕ ਕਮ ਹੋਤੇ ਗਏ। ਅਬ ਚਾਲੀਸ ਸੇ ਊਪਰ ਕੇ ਮਰਦ ਹੀ ਆਤੇ ਥੇ ਔਰ ਫਿਰ ਧੀਰੇ-ਧੀਰੇ ਬਿਲਕੁਲ ਬੰਦ ਹੋ ਗਏ। ਅਬ ਰਮਸ਼ਾ ਬਾਈ ਕੋ ਮੇਰਾ ਕੋਠੇ ਪੇ ਰਹਿਨਾ ਅੱਛਾ ਨਹੀਂ ਲਗਤਾ ਥਾ ਕਿਊਂਕਿ ਅਬ ਮੈਂ ਕਮਾ ਕਰ ਨਹੀਂ ਥੀ ਦੇਤੀ। ਏਕ ਦਿਨ ਏਕ ਟਰੱਕ ਡਰਾਈਵਰ ਥਾ ਪੰਜਾਬ ਕਾ, ਉਸ ਕੀ ਸ਼ਾਦੀ ਨਹੀਂ ਹੂਈ ਥੀ, ਵੋ ਮੁਝੇ ਬਾਈ ਸੇ ਖਰੀਦ ਲਾਇਆ। ਵੋ ਮੁਝੇ ਅਪਨੇ ਘਰ ਲੇ ਆਇਆ ਪੰਜਾਬ। ਏਕ ਦਿਨ ਮੈਨੇ ਉਸਸੇ ਕਹਾ ਕਿ ਅਬ ਜਬ ਤੂਨੇ ਮੁਝੇ ਅਪਨੇ ਘਰ ਹੀ ਰਖਨਾ ਹੈ ਤੋ ਮੁਝਸੇ ਸ਼ਾਦੀ ਕਰਲੇ। ਵੋ ਬੜੀ ਜ਼ੋਰ ਸੇ ਹੰਸਾ ਔਰ ਟੂਟੀ-ਫੂਟੀ ਹਿੰਦੀ ਮੇਂ ਬੋਲਾ, ਤੇਰੀ ਲੋੜ ਦੋ ਵਕਤ ਕੀ ਰੋਟੀ ਹੈ ਔਰ ਮੇਰੀ ਇੱਕ ਔਰਤ। ਤੂ ਅਪਨੀ ਲੋੜ ਪੂਰੀ ਕਰ ਔਰ ਮੈਂ ਅਪਨੀ। ਵੈਸੇ ਵੀ ਬਜ਼ਾਰੂ ਔਰਤੋਂ ਸੇ ਸ਼ਾਦੀ ਕੌਨ ਕਰਤਾ ਹੈ? ਫਿਰ ਚਾਰ-ਪਾਂਚ ਸਾਲ ਬਾਅਦ ਉਸ ਕੀ ਭੀ ਮੌਤ ਹੋ ਗਈ ਇਕ ਸੜਕ ਹਾਦਸੇ ਮੇਂ। ਉਸ ਕੇ ਭਾਈ ਔਰ ਭਾਬੀ ਨੇ ਮੁਝੇ ਘਰ ਸੇ ਨਿਕਾਲ ਦੀਆ। ਮੇਰੇ ਪਾਸ ਕੁਝ ਪੈਸੇ ਜਮਾਂ ਥੇ, ਵੋ ਘਰ ਚਲਾਣੇ ਕੋ ਜੋ ਭੀ ਪੈਸੇ ਦੇਤਾ, ਮੈਂ ਕੁਛ ਨਾ ਕੁਛ ਉਸ ਮੇਂ ਸੇ ਬਚਾ ਲੇਤੀ ਥੀ। ਕੁਛ ਦਿਨ ਤੋ ਏਕ ਗੁਰਦੁਆਰੇ ਮੇਂ ਰਹੀ। ਅਬ ਕਿਸੀ ਨੇ ਬਤਾਇਆ ਥਾ ਕਿ ਯਹਾਂ ਪਰ ਕਿਰਾਏ ਕਾ ਕਮਰਾ ਹੈ ਸਸਤੇ ਮੇਂ ਤੋਂ ਯਹਾਂ ਆ ਗਈ। ਤੁਮ੍ਹਾਰੇ ਘਰ ਕੇ ਸਾਮਨੇ ਵਾਲੇ ਘਰ ਮੇਂ ਜੋ ਰਹਿਤੇ ਹੈਂ ਨਾ, ਵੋ ਉਸ ਟਰੱਕ ਡਰਾਈਵਰ ਕਾ ਦੋਸਤ ਥਾ, ਏਕ-ਦੋ ਬਾਰ ਗਿਆ ਥਾ ਉਸ ਕੇ ਸਾਥ ਘਰ ਔਰ ਇਸ ਨੇ ਭੀ ਮੇਰੇ ਸਾਥ...।’’ ਅਤੇ ਉਹ ਫਿਰ ਚੁੱਪ ਹੋ ਗਈ। ਉਸ ਨੇ ਇਹ ਗੱਲ ਸਵਿੰਦਰ ਆਂਟੀ ਦੇ ਘਰਵਾਲੇ ਬਾਰੇ ਦੱਸੀ ਸੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਉਹ ਮੈਨੂੰ ਗੁੰਮਸੁੰਮ ਬੈਠੀ ਨੂੰ ਵੇਖ ਕੇ ਫੇਰ ਬੋਲੀ, ‘‘ਤੂ ਬਤਾ ਗੁੜੀਆ! ਬਜ਼ਾਰੂ ਵੋ ਔਰਤੇਂ ਹੋਤੀ ਹੈ ਜਿਨਕੋ ਜਬਰਦਸਤੀ ਬੇਚ ਦੀਆ ਜਾਤਾ ਹੈ ਔਰ ਵੋ ਮਜਬੂਰ ਹੋਕਰ ਰੋਜ਼ ਅਪਨੇ ਜਿਸਮ ਕੋ ਨਾ ਚਾਹਤੇ ਹੂਏ ਭੀ ਪੇਸ਼ ਕਰਤੀ ਹੈਂ ਜਾਂ ਬਜ਼ਾਰੂ ਵੋ ਮਰਦ ਹੋਤੇ ਹੈਂ ਜੋ ਉਨ ਔਰਤੋਂ ਕੋ ਖ੍ਰੀਦਣੇ ਕੇ ਲੀਏ ਉਸ ਬਜ਼ਾਰ ਮੇਂ ਆਤੇ ਹੈਂ। ਉਨ ਕੀ ਤੋ ਕੋਈ ਮਜਬੂਰੀ ਨਹੀਂ ਹੋਤੀ। ਘਰ ਮੇਂ ਬੀਵੀ-ਬੱਚੋਂ ਕੋ ਛੋੜਕਰ ਹਮਾਰੇ ਪਾਸ ਆਤੇ ਹੈਂ। ਫਿਰ ਬਜ਼ਾਰੂ ਔਰਤ ਹੂਈ ਯਾਂ ਮਰਦ?’’ ਫਿਰ ਉਹ ਕੁਝ ਨਾ ਬੋਲੀ, ਪਰ ਉਸ ਨੇ ਇੱਕ ਬੜਾ ਵੱਡਾ ਸਵਾਲ ਮੇਰੇ ਅੱਗੇ ਰੱਖ ਦਿੱਤਾ। ਸਿਰਫ਼ ਮੇਰੇ ਅੱਗੇ ਹੀ ਨਹੀਂ, ਸਾਰੇ ਸਮਾਜ ਦੇ ਅੱਗੇ ਅਤੇ ਜਿਵੇਂ ਉਸ ਦੀ ਆਵਾਜ਼ ਉੱਚੀ ਹੋ ਕੇ ਆਸਮਾਨ ਵਿੱਚ ਫੈਲ ਗਈ ਹੋਵੇ ਤੇ ਵਾਰ-ਵਾਰ ਦੁਹਰਾ ਰਹੀ ਹੋਵੇ ਕਿ ‘‘ਫਿਰ ਬਜ਼ਾਰੂ ਔਰਤ ਹੂਈ ਸਾਂ ਮਰਦ?’’

ਸੰਪਰਕ: 94637-61800

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All