DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

23 ਮਾਰਚ: ਇਨਕਲਾਬ ਜਿਨ੍ਹਾਂ ਦਾ ਨਾਅਰਾ...

ਹਰ ਵਰ੍ਹੇ 23 ਮਾਰਚ ਨੂੰ ਦੇਸ਼ ਤਿੰਨ ਨੌਜਵਾਨਾਂ ਨੂੰ ਯਾਦ ਕਰਦਾ ਹੈ। ਉਹ ਨੌਜਵਾਨ ਜਿਨ੍ਹਾਂ ਨੇ ਫਾਂਸੀ ਦੇ ਤਖ਼ਤੇ ਨੂੰ ਇਤਿਹਾਸ ਦਾ ਮੰਚ ਬਣਾ ਦਿੱਤਾ। 1931 ਦੇ ਸੋਮਵਾਰ ਦੀ ਉਸ ਸ਼ਾਮ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ, ਸੁਖਦੇਵ ਥਾਪਰ...

  • fb
  • twitter
  • whatsapp
  • whatsapp
Advertisement

ਹਰ ਵਰ੍ਹੇ 23 ਮਾਰਚ ਨੂੰ ਦੇਸ਼ ਤਿੰਨ ਨੌਜਵਾਨਾਂ ਨੂੰ ਯਾਦ ਕਰਦਾ ਹੈ। ਉਹ ਨੌਜਵਾਨ ਜਿਨ੍ਹਾਂ ਨੇ ਫਾਂਸੀ ਦੇ ਤਖ਼ਤੇ ਨੂੰ ਇਤਿਹਾਸ ਦਾ ਮੰਚ ਬਣਾ ਦਿੱਤਾ। 1931 ਦੇ ਸੋਮਵਾਰ ਦੀ ਉਸ ਸ਼ਾਮ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਹਰੀ ਰਾਜਗੁਰੂ ਨੂੰ ਬਰਤਾਨਵੀ ਸਰਕਾਰ ਨੇ ਫਾਂਸੀ ਦੇ ਦਿੱਤੀ। ਉਹ ਅਜੇ ਉਮਰ ਦੇ ਵੀਹਵੇਂ ਵਰ੍ਹਿਆਂ ਵਿੱਚ ਹੀ ਸਨ, ਪਰ ਉਨ੍ਹਾਂ ਦੀ ਮੌਤ ਨਿੱਜ ਤੋਂ ਉੱਠ ਕੇ ਇੱਕ ਕੌਮੀ ਯਾਦ ਬਣ ਗਈ। ਲਗਭਗ ਇੱਕ ਸਦੀ ਬਾਅਦ ਵੀ ਉਨ੍ਹਾਂ ਦੇ ਨਾਂ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ; ਉਹ ਭਾਰਤ ਦੀ ਨੈਤਿਕ ਕਲਪਨਾ ਵਿੱਚ ਇੱਕ ਜੀਵੰਤ ਹਾਜ਼ਰੀ ਹਨ। ਉਨ੍ਹਾਂ ਦੀ ਸ਼ਹਾਦਤ ਨਿਰੀ ਕੁਰਬਾਨੀ ਨਹੀਂ ਸੀ, ਸਗੋਂ ਇੱਕ ਅਜਿਹੀ ਆਜ਼ਾਦੀ ਦੀ ਕਲਪਨਾ ਦਾ ਉੱਚ ਬਿੰਦੂ ਸੀ ਜੋ ਹਿੰਮਤ, ਵਿਚਾਰਾਂ ਅਤੇ ਨਿਆਂ ਦੀ ਡੂੰਘੀ ਲਗਨ ’ਤੇ ਖੜੋਤੀ ਸੀ।

ਭਗਤ ਸਿੰਘ ਦੀ ਸ਼ਹਾਦਤ ਨੂੰ ਅਕਸਰ ਉਨ੍ਹਾਂ ਨਾਟਕੀ ਘਟਨਾਵਾਂ ਰਾਹੀਂ ਯਾਦ ਕੀਤਾ ਜਾਂਦਾ ਹੈ, ਜਿਹੜੀਆਂ ਉਸ ਦੇ ਇਨਕਲਾਬੀ ਅਤੇ ਰਾਜਨੀਤਕ ਸਫ਼ਰ ਨੂੰ ਚਿੰਨ੍ਹਤ ਕਰਦੀਆਂ ਹਨ, ਜਿਨ੍ਹਾਂ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਦਸੰਬਰ 1928 ਵਿੱਚ ਸਾਂਡਰਸ ਦੀ ਹੱਤਿਆ, ਦਮਨਕਾਰੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਅਪਰੈਲ 1929 ਵਿੱਚ ਦਿੱਲੀ ਅਸੈਂਬਲੀ ਵਿੱਚ ਬੰਬ ਧਮਾਕੇ ਅਤੇ ਰਾਜਨੀਤਕ ਕੈਦੀਆਂ ਨਾਲ ਹੁੰਦੀ ਬਦਸਲੂਕੀ ਨੂੰ ਰੋਕਣ ਲਈ ਜੇਲ੍ਹ ਵਿੱਚ ਕੀਤੀਆਂ ਭੁੱਖ ਹੜਤਾਲਾਂ ਆਦਿ ਸ਼ਾਮਿਲ ਹਨ। ਪਰ ਇਹ ਘਟਨਾਵਾਂ ਇੱਕ ਵੱਡੇ ਬੌਧਿਕ ਸਫ਼ਰ ਦੀ ਝਲਕ ਮਾਤਰ ਸਨ। ਪਿਸਤੌਲ, ਬੰਬ ਅਤੇ ਨਾਅਰੇ ਵਾਲੇ ਇਨਕਲਾਬੀ ਦੀ ਤਸਵੀਰ ਦੇ ਪਿੱਛੇ ਇੱਕ ਬੇਚੈਨ ਦਿਮਾਗ਼ ਸੀ, ਜਿਹੜਾ ਨਿੱਠ ਕੇ ਪੜ੍ਹਦਾ ਸੀ, ਲਿਖਦਾ ਸੀ, ਬਹਿਸ ਕਰਦਾ ਸੀ, ਸਥਾਪਤੀ ਦੇ ਹਰ ਰੂਪ ਨੂੰ ਸਵਾਲ ਕਰਦਾ ਸੀ ਅਤੇ ਆਜ਼ਾਦੀ ਦੇ ਅਰਥਾਂ ਤੇ ਉਨ੍ਹਾਂ ਦੇ ਵਿਸਤਾਰ ਬਾਰੇ ਲਗਾਤਾਰ ਸੋਚਦਾ ਸੀ।

Advertisement

ਭਗਤ ਸਿੰਘ ਦਾ ਜਨਮ 1907 ਵਿੱਚ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿਹੜਾ ਰਾਸ਼ਟਰੀ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਬਚਪਨ ਤੋਂ ਹੀ ਕੈਦ, ਕੁਰਬਾਨੀ ਅਤੇ ਵਿਰੋਧ ਦੀਆਂ ਕਹਾਣੀਆਂ ਸੁਣਦਾ ਵੱਡਾ ਹੋਇਆ ਸੀ। ਉਸ ਦੀ ਰਾਜਨੀਤਕ ਚੇਤਨਾ ਕੋਈ ਅਚਾਨਕ ਨਹੀਂ ਬਣੀ ਸਗੋਂ ਹੌਲੀ-ਹੌਲੀ ਵਿਕਸਿਤ ਹੋਈ। 1919 ਦੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨੇ ਉਸ ਦੇ ਬਾਲ ਮਨ ’ਤੇ ਡੂੰਘਾ ਅਸਰ ਪਾਇਆ।

Advertisement

ਅਸਹਿਯੋਗ ਅੰਦੋਲਨ ਦੌਰਾਨ ਡੀ ਏ ਵੀ ਸਕੂਲ ਛੱਡ ਕੇ ਉਹ ਲਾਲਾ ਲਾਜਪਤ ਰਾਏ ਵੱਲੋਂ ਸਥਾਪਤ ਨੈਸ਼ਨਲ ਕਾਲਜ ਨਾਲ ਆ ਜੁੜਿਆ। ਇਹ ਕਾਲਜ ਬਰਤਾਨਵੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਰਾਸ਼ਟਰੀ ਚੇਤਨਾ ਵਾਲੀ ਪੀੜ੍ਹੀ ਤਿਆਰ ਕਰਨ ਲਈ ਬਣਾਇਆ ਗਿਆ ਸੀ। ਇੱਥੋਂ ਦੇ ਅਧਿਆਪਕਾਂ ਨੇ ਉਸ ਨੂੰ ਖੁੱਲ੍ਹੀ ਸੋਚ ਅਤੇ ਰਾਜਨੀਤਕ ਚਰਚਾ ਲਈ ਉਤਸ਼ਾਹਿਤ ਕੀਤਾ। ਇੱਥੇ ਹੀ ਸੁਖਦੇਵ ਨਾਲ ਨੇੜਤਾ ਬਣੀ, ਜਿਹੜਾ ਉਸ ਦਾ ਸਭ ਤੋਂ ਨੇੜਲਾ ਸਾਥੀ ਬਣਿਆ।

ਸੰਨ 1923 ਵਿੱਚ ਅੱਲ੍ਹੜ ਉਮਰੇ ਹੀ ਉਹ ਆਪਣਾ ਘਰ ਛੱਡ ਗਿਆ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ, ਜਿਸ ਤੋਂ ਕੋਈ ਵਾਪਸੀ ਨਾ ਹੋਈ। ਘਰ ਵਿੱਚ ਪੈ ਰਹੇ ਵਿਆਹ ਕਰਵਾਉਣ ਦੇ ਦਬਾਅ ਤੋਂ ਟਲਦਿਆਂ ਉਹ ਕਾਨਪੁਰ ਚਲਾ ਗਿਆ ਅਤੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਰਾਜਨੀਤਕ ਕੰਮ ਲਈ ਸਮਰਪਿਤ ਕਰ ਦਿੱਤੀ। ਉੱਥੇ ਉਹ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜ ਗਿਆ ਅਤੇ ਸਚਿੰਦਰ ਨਾਥ ਸਾਨਿਆਲ ਅਤੇ ਜੋਗੇਸ਼ ਚੈਟਰਜੀ ਵਰਗੇ ਇਨਕਲਾਬੀਆਂ ਦੀ ਸੰਗਤ ਵਿੱਚ ਇਤਿਹਾਸ ਅਤੇ ਰਾਜਨੀਤੀ ਦਾ ਅਧਿਐਨ ਕਰਨ ਲੱਗਿਆ। ਉਸ ਨੇ ਦੁਨੀਆ ਭਰ ਦੇ ਇਨਕਲਾਬਾਂ ਦਾ ਇਤਿਹਾਸ ਪੜ੍ਹਿਆ- ਫਰਾਂਸੀਸੀ ਇਨਕਲਾਬ, ਰੂਸੀ ਇਨਕਲਾਬ, ਅਨਾਰਕੀ ਅਤੇ ਸਮਾਜਵਾਦ। ਇਹ ਅਧਿਐਨ ਉਸ ਦੀ ਸੋਚ ਨੂੰ ਵਿਸਥਾਰ ਦਿੰਦਾ ਗਿਆ ਅਤੇ ਉਹ ਸਮਝਣ ਲੱਗਿਆ ਕਿ ਆਜ਼ਾਦੀ ਦੀ ਲੜਾਈ ਸਿਰਫ਼ ਰਾਜਨੀਤਕ ਹਕੂਮਤ ਦੇ ਖ਼ਿਲਾਫ਼ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਅਨਿਆਂ ਦੇ ਖ਼ਿਲਾਫ਼ ਵੀ ਹੈ।

ਇਸ ਸੋਝੀ ਨਾਲ ਭਗਤ ਸਿੰਘ ਦਾ ਸਮੇਂ ਦੇ ਇਨਕਲਾਬੀਆਂ ਤੋਂ ਵਖਰੇਵਾਂ ਹੋਣ ਲੱਗਿਆ, ਜਿਹੜੇ ਐਕਸ਼ਨ ਵਿੱਚ ਹੀ ਯਕੀਨ ਰੱਖਦੇ ਸਨ। ਉਸ ਦਾ ਵਿਸ਼ਵਾਸ ਬੱਝਣ ਲੱਗਾ ਕਿ ਬਦਲਾਅ ਦੀ ਅਸਲ ਤਾਕਤ ਵਿਚਾਰ ਹਨ, ਤਲਵਾਰ ਨਹੀਂ। ਕਾਨਪੁਰ ਵਿੱਚ ਰਹਿੰਦਿਆਂ ਉਹ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਜੁੜਿਆ, ਜੋ ‘ਪ੍ਰਤਾਪ’ ਦੇ ਸੰਪਾਦਕ ਸਨ। ਪ੍ਰੈੱਸ ਵਿੱਚ ਕੰਮ ਕਰਦਿਆਂ ਉਸ ਨੇ ਪੱਤਰਕਾਰੀ ਅਤੇ ਰਾਜਨੀਤਕ ਲੇਖਨ ’ਚ ਮੁਹਾਰਤ ਹਾਸਲ ਕਰ ਲਈ। ਫਰਜ਼ੀ ਨਾਵਾਂ ਹੇਠ ਅਨੇਕਾਂ ਲੇਖ ਲਿਖੇ, ਜਿਨ੍ਹਾਂ ਵਿੱਚ ਭਾਸ਼ਾ, ਸੰਸਕ੍ਰਿਤੀ, ਨੌਜਵਾਨੀ ਅਤੇ ਅੰਤਰਰਾਸ਼ਟਰੀ ਇਨਕਲਾਬਾਂ ਬਾਰੇ ਵਿਚਾਰ ਕੀਤਾ। ਇਹ ਲੇਖ ਅਜਿਹੇ ਨੌਜਵਾਨ ਦੀ ਝਲਕ ਦਿੰਦੇ ਹਨ, ਜਿਹੜਾ ਰਾਸ਼ਟਰਵਾਦ ਨੂੰ ਮਨੁੱਖਤਾ ਦੇ ਵੱਡੇ ਆਦਰਸ਼ ਨਾਲ ਜੋੜਨਾ ਚਾਹੁੰਦਾ ਸੀ।

ਬਾਅਦ ਵਿੱਚ ਉਸ ਦੀ ਲਿਖਤ ਹੋਰ ਗਹਿਰੀ ਹੋ ਗਈ। ‘ਮੈਂ ਨਾਸਤਿਕ ਕਿਉਂ ਹਾਂ’, ‘ਨੌਜਵਾਨ ਰਾਜਨੀਤਕ ਕਾਰਕੁਨਾਂ ਨੂੰ ਪੱਤਰ’ ਵਿੱਚ ਉਹ ਅੰਧ-ਵਿਸ਼ਵਾਸ ਦਾ ਵਿਰੋਧ ਕਰਦਾ ਹੈ ਅਤੇ ਤਰਕਸੰਗਤ ਸੋਚ ਦੀ ਵਕਾਲਤ ਕਰਦਾ ਹੈ। ਉਹ ਲਿਖਦਾ ਹੈ:

‘ਬੇਰਹਿਮ ਆਲੋਚਨਾ ਅਤੇ ਸੁਤੰਤਰ ਵਿਚਾਰ ਇਨਕਲਾਬੀ ਸੋਚ ਦੇ ਅਟੁੱਟ ਅੰਗ ਹਨ।’

ਇਹ ਵਾਕ ਭਗਤ ਸਿੰਘ ਦੀ ਸੋਚ ਦਾ ਕੇਂਦਰ ਦਰਸਾਉਂਦਾ ਹੈ। ਉਸ ਦਾ ਵਿਸ਼ਵਾਸ ਸੀ ਕਿ ਇੱਕ ਇਨਕਲਾਬੀ ਨੂੰ ਨਾ ਸਿਰਫ਼ ਬੇਇਨਸਾਫ਼ੀ ਦਾ ਵਿਰੋਧ ਕਰਨਾ ਚਾਹੀਦਾ ਹੈ, ਪਰ ਪੁਰਾਤਨ ਵਿਸ਼ਵਾਸਾਂ ਅਤੇ ਸਮਾਜਿਕ ਵਿਤਕਰਿਆਂ ’ਤੇ ਵੀ ਕਿੰਤੂ ਕਰਨਾ ਚਾਹੀਦਾ ਹੈ।

ਭਾਵੇਂ ਭਗਤ ਸਿੰਘ ਦਾ ਯਕੀਨ ਵਿਚਾਰਾਂ ਦੀ ਪ੍ਰਮੁੱਖਤਾ ਵਿੱਚ ਬੱਝ ਗਿਆ ਸੀ, ਪਰ ਨਾਟਕੀ ਕਾਰਵਾਈ ਦੀ ਲੋੜ ਨੂੰ ਵੀ ਉਸ ਨੇ ਦਰਕਿਨਾਰ ਨਹੀਂ ਕੀਤਾ। ਉਸ ਅਨੁਸਾਰ ਲੋਕਾਂ ਦੀ ਚੇਤਨਾ ਜਗਾਉਣ ਲਈ ਸਮੇਂ-ਸਮੇਂ ਅਜਿਹੀ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ। ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਇਸ ਦੀ ਲੋੜ ਮਹਿਸੂਸ ਕਰਦਿਆਂ ਦੋ ਕਾਰਵਾਈਆਂ ਕੀਤੀਆਂ।

ਲਾਹੌਰ ਵਿੱਚ ਸਾਂਡਰਸ ਦੀ ਹੱਤਿਆ ਲਾਲਾ ਲਾਜਪਤ ਰਾਏ ਦੀ ਅੰਨ੍ਹੇਵਾਹ ਕੀਤੇ ਲਾਠੀਚਾਰਜ ਨਾਲ ਹੋਈ ਮੌਤ ਦੇ ਬਦਲੇ ਵਜੋਂ ਕੀਤੀ ਗਈ। ਇਹ ਕਾਰਵਾਈ ਬਰਤਾਨਵੀ ਤਾਕਤ ਨੂੰ ਪ੍ਰਤੀਕਾਤਮਕ ਵੰਗਾਰ ਦੇਣ ਲਈ ਕੀਤੀ ਗਈ ਸੀ। ਭਗਤ ਸਿੰਘ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਘਟਨਾ ਉਸ ਅਤੇ ਬਟੁਕੇਸ਼ਵਰ ਦੱਤ ਵੱਲੋਂ ਅਸੈਂਬਲੀ ਵਿੱਚ 8 ਅਪਰੈਲ 1929 ਨੂੰ ਬੰਬ ਸੁੱਟਣਾ ਸੀ। ਇਹ ਬੰਬ ਜਾਣਬੁੱਝ ਕੇ ਬਹੁਤ ਘੱਟ ਤਾਕਤ ਦੇ ਬਣਾਏ ਗਏ ਸਨ ਤਾਂ ਜੋ ਇਨ੍ਹਾਂ ਨਾਲ ਕੋਈ ਜਾਨੀ ਨੁਕਸਾਨ ਨਾ ਹੋਵੇ। ਇਨ੍ਹਾਂ ਦਾ ਕਾਰਜ ਧਮਾਕਾ ਕਰਨਾ ਅਤੇ ਤਮਾਸ਼ਾ ਖੜ੍ਹਾ ਕਰਨਾ ਸੀ। ਧਮਾਕੇ ਤੋਂ ਤੁਰੰਤ ਬਾਅਦ ਦੋਵਾਂ ਇਨਕਲਾਬੀਆਂ ਨੇ ਗ੍ਰਿਫ਼ਤਾਰੀ ਦੇ ਦਿੱਤੀ।

ਉਨ੍ਹਾਂ ਦਾ ਇਰਾਦਾ ਸਾਫ਼ ਸੀ ਕਿ ਉਨ੍ਹਾਂ ਅਦਾਲਤ ਨੂੰ ਰਾਜਨੀਤਕ ਮੰਚ ਦੇ ਤੌਰ ’ਤੇ ਇਸਤੇਮਾਲ ਕਰਨਾ ਸੀ। ਬੰਬ ਧਮਾਕੇ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਵਾਲੇ ਅਸੈਂਬਲੀ ਹਾਲ ਵਿੱਚ ਪਰਚੇ ਸੁੱਟੇ:

‘‘ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ।’’

ਮੁਕੱਦਮੇ ਦੀ ਕਾਰਵਾਈ ਦੌਰਾਨ ਉਨ੍ਹਾਂ ਆਪਣਾ ਇਤਿਹਾਸਕ ਬਿਆਨ ਜਾਰੀ ਕੀਤਾ, ਜਿਸ ਦੀ ਸਾਰੇ ਦੇਸ਼ ਵਿੱਚ ਪ੍ਰਸ਼ੰਸਾ ਹੋਈ। ਉਨ੍ਹਾਂ ਨੇ ਆਪਣੇ ਮਕਸਦ ਨੂੰ ਸਪੱਸ਼ਟ ਕੀਤਾ। ਮੁਕੱਦਮੇ ਦੀ ਕਾਰਵਾਈ ਅਪਰਾਧਕ ਮਾਮਲੇ ਤੋਂ ਬਦਲ ਕੇ ਸਿਆਸੀ ਬਹਿਸ ਬਣ ਗਈ।

ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਅਤੇ ਜਲਾਵਤਨੀ ਦੀ ਸਜ਼ਾ ਉਪਰੰਤ ਭਗਤ ਸਿੰਘ ਅਤੇ ਦੱਤ ਨੂੰ ਸਾਂਡਰਸ ਹੱਤਿਆ ਦੇ ਮਾਮਲੇ ਵਿੱਚ ਮੁਕੱਦਮਾ ਚਲਾਉਣ ਲਈ ਪੰਜਾਬ ਭੇਜ ਦਿੱਤਾ ਗਿਆ, ਜਿੱਥੇ ਸੁਖਦੇਵ ਅਤੇ ਹੋਰ ਸਾਥੀਆਂ ਨਾਲ ਉਨ੍ਹਾਂ ’ਤੇ ਲਾਹੌਰ ਸਾਜ਼ਿਸ਼ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ, ਜਿਸ ਨੂੰ ਜਲਦ ਹੀ ਸਪੈਸ਼ਲ ਮੈਜਿਸਟਰੇਟ ਦੀ ਅਦਾਲਤ ਤੋਂ ਬਦਲ ਕੇ ਸਪੈਸ਼ਲ ਟ੍ਰਿਬਿਊਨਲ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਰਾਜਨੀਤਕ ਕੈਦੀਆਂ ਨਾਲ ਬਰਾਬਰੀ ਦੇ ਵਿਹਾਰ ਲਈ ਯਾਦਗਾਰੀ ਭੁੱਖ ਹੜਤਾਲਾਂ ਕੀਤੀਆਂ। ਪੂਰੇ ਦੇਸ਼ ਦਾ ਧਿਆਨ ਇਨ੍ਹਾਂ ਵੱਲ ਖਿੱਚਿਆ ਗਿਆ। ਇਸ ਦੌਰਾਨ ਸਾਥੀ ਜੀਤੇਂਦਰ ਦਾਸ ਦੀ ਸ਼ਹਾਦਤ ਹੋਈ। ਭੁੱਖ ਹੜਤਾਲ ਨੇ ਬਰਤਾਨਵੀ ਜੇਲ੍ਹਾਂ ਦੀ ਦੁਰਦਸ਼ਾ ਨੂੰ ਬੇਪਰਦ ਕੀਤਾ ਅਤੇ ਇਨਕਲਾਬੀਆਂ ਦੇ ਨੈਤਿਕ ਤੇ ਦ੍ਰਿੜ੍ਹ ਇਰਾਦਿਆਂ ਦਾ ਪ੍ਰਗਟਾਵਾ ਕੀਤਾ।

ਇਸ ਸਮੇਂ ਦੌਰਾਨ ਭਗਤ ਸਿੰਘ ਨੇ ਜੇਲ੍ਹ ਵਿੱਚ ਨਿੱਠ ਕੇ ਅਧਿਐਨ ਕੀਤਾ ਅਤੇ ਉਸ ਦੀਆਂ ਬਹੁਤ ਸਾਰੀਆਂ ਮਹੱਤਵਰਪੂਰਨ ਲਿਖਤਾਂ ਇਸ ਸਮੇਂ ਦੀਆਂ ਹੀ ਹਨ। ਜੇਲ੍ਹ ਵਿੱਚ ਉਸ ਦੇ ਵਿਚਾਰਾਂ ਵਿੱਚ ਬੌਧਿਕ ਦ੍ਰਿੜ੍ਹਤਾ ਆਈ ਅਤੇ ਇਨਕਲਾਬ, ਸਮਾਜਵਾਦ ਤੇ ਤਰਕਵਾਦ ਬਾਰੇ ਉਸ ਦੀ ਸੋਚ ਸਪੱਸ਼ਟ ਹੁੰਦੀ ਗਈ।

ਇੱਕ ਲਿਖਤ ਵਿੱਚ ਉਸ ਨੇ ਜਿਹੜੀ ਪਰਿਭਾਸ਼ਾ ਲਿਖੀ ਉਹ ਉਸ ਦੀ ਵਿਰਾਸਤ ਦਾ ਕੇਂਦਰੀ ਧੁਰਾ ਦਰਸਾਉਂਦੀ ਹੈ:

‘ਇਨਕਲਾਬ ਦਾ ਅਰਥ ਲਾਜ਼ਮੀ ਨਹੀਂ ਕਿ ਖ਼ੂਨੀ ਟਕਰਾਉ ਹੋਵੇ। ਇਹ ਬੰਬ ਅਤੇ ਪਿਸਤੌਲ ਦਾ ਮਤ ਨਹੀਂ ਹੈ। ਇਨਕਲਾਬ ਤੋਂ ਸਾਡਾ ਭਾਵ ਅੰਤ ਵਿੱਚ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਹੈ, ਜਿੱਥੇ ਪ੍ਰੋਲੇਤਾਰੀ ਦੀ ਪ੍ਰਭੁਤਾ ਦਾ ਬੋਲਬਾਲਾ ਹੋਵੇ।’

ਇਸ ਬਿਆਨ ਦਾ ਸਿੱਧਾ ਜਿਹਾ ਅਰਥ ਹੈ ਕਿ ਭਗਤ ਸਿੰਘ ਦੇ ਇਨਕਲਾਬ ਦਾ ਵਿਚਾਰ ਨਿਰੋਲ ਵਿਨਾਸ਼ ਕਰਨਾ ਨਹੀਂ ਸੀ। ਇਹ ਮੂਲ ਰੂਪ ਵਿੱਚ ਇੱਕ ਇਨਸਾਫ਼ ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨਾ ਅਤੇ ਹਰ ਤਰ੍ਹਾਂ ਦੇ ਸੋਸ਼ਣ ਦਾ ਅੰਤ ਕਰਨਾ ਸੀ।

23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਹਕੂਮਤ ਨੇ ਫਾਂਸੀ ਵੀ ਗੁਪਤ ਢੰਗ ਨਾਲ ਸ਼ਾਮ ਵੇਲੇ ਦਿੱਤੀ ਅਤੇ ਕਾਹਲੀ ਨਾਲ ਲਾਸ਼ਾਂ ਦਾ ਸਸਕਾਰ ਵੀ ਕੋਈ 60 ਮੀਲ ਦੂਰ ਫਿਰੋਜ਼ਪੁਰ ਨੇੜੇ ਸਤਲੁਜ ਦੇ ਕੰਢੇ ਕਰ ਦਿੱਤਾ। ਉਨ੍ਹਾਂ ਦੀ ਫਾਂਸੀ ਦੀ ਖ਼ਬਰ ਜਲਦੀ ਹੀ ਚਾਰੇ ਪਾਸੇ ਫੈਲ ਗਈ ਅਤੇ ਲੋਕ ਰਾਤ ਨੂੰ ਹੀ ਦਾਹ ਸੰਸਕਾਰ ਵਾਲੀ ਥਾਂ ’ਤੇ ਪੁੱਜ ਗਏ। ਚਾਰੇ ਪਾਸੇ ਸੋਗ ਅਤੇ ਗੁੱਸੇ ਦਾ ਮਾਹੌਲ ਬਣ ਗਿਆ।

ਫਾਂਸੀ ਦਾ ਸਮਾਂ ਭਾਰਤੀ ਨੇਤਾਵਾਂ ਅਤੇ ਅੰਗਰੇਜ਼ ਸਰਕਾਰ ਦਰਮਿਆਨ ਹੋ ਰਹੀ ਗੱਲਬਾਤ ਦਾ ਸੀ। ਇਸ ਨੇ ਅੰਗਰੇਜ਼ ਸਰਕਾਰ ਦਾ ਕਰੂਰ ਚਿਹਰਾ ਨੰਗਾ ਕਰ ਦਿੱਤਾ ਸੀ। ਪਰ ਮੌਤ ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਨਾ ਕਰਵਾ ਸਕੀ। ਸ਼ਹਾਦਤ ਨੇ ਭਗਤ ਸਿੰਘ ਨੂੰ ਇੱਕ ਨੈਤਿਕ ਪ੍ਰਤੀਕ ਵਿੱਚ ਬਦਲ ਦਿੱਤਾ, ਜਿਸ ਦਾ ਪ੍ਰਭਾਵ ਇਨਕਲਾਬੀ ਦਾਇਰੇ ਤੋਂ ਕਿਤੇ ਬਾਹਰ ਆਮ ਲੋਕਾਈ ਤੱਕ ਸੀ। ਗੀਤਾਂ, ਕਵਿਤਾਵਾਂ, ਕਿੱਸਿਆਂ, ਨਾਟਕਾਂ ਅਤੇ ਬੋਲੀਆਂ ਆਦਿ ਦੀ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਰਚਨਾ ਹੋਈ, ਜਿਹੜੇ ਗਲੀ-ਗਲੀ, ਮੁਹੱਲੇ-ਮੁਹੱਲੇ ਹਰ ਸਭਾ-ਸੱਥ ਵਿੱਚ ਗਾਏ ਜਾਣ ਲੱਗੇ ਅਤੇ ਉਸ ਦੀ ਯਾਦ ਰੰਗੀਨ ਤਸਵੀਰਾਂ ਅਤੇ ਕੈਲੰਡਰਾਂ ਰਾਹੀਂ ਹਰ ਪਿੰਡ-ਸ਼ਹਿਰ ਦੇ ਘਰਾਂ ਦੀਆਂ ਦੀਵਾਰਾਂ ’ਤੇ ਦਿਸਣ ਲੱਗੀ।

ਭਗਤ ਸਿੰਘ ਦੀ ਵਿਰਾਸਤ ਅਜਿਹੇ ਆਦਰਸ਼ਾਂ ’ਤੇ ਟਿਕੀ ਹੋਈ ਹੈ, ਜਿਹੜੇ ਅੱਜ ਵੀ ਸੋਚਣ ਅਤੇ ਵਿਚਾਰ ਕਰਨ ਲਈ ਮਜਬੂਰ ਕਰਦੇ ਹਨ।

ਸਭ ਤੋਂ ਪਹਿਲਾ ਸੀ ਆਜ਼ਾਦੀ ਪ੍ਰਤੀ ਅਟੱਲ ਨਿਸ਼ਠਾ। ਉਹ ਮੰਨਦਾ ਸੀ ਕਿ ਗ਼ੁਲਾਮੀ ਸਿਰਫ਼ ਰਾਜਨੀਤਕ ਹਾਲਾਤ ਨਹੀਂ ਸਗੋਂ ਮਨੁੱਖੀ ਮਰਯਾਦਾ ਦਾ ਅਪਮਾਨ ਹੈ ਅਤੇ ਦਮਨ ਦਾ ਹਰ ਢੰਗ ਨਾਲ ਵਿਰੋਧ ਹੋਣਾ ਚਾਹੀਦਾ ਹੈ।

ਦੂਜਾ ਉਸ ਦਾ ਬੌਧਿਕ ਅਨੁਸ਼ਾਸਨ ਸੀ। ਉਸ ਦੀ ਨੌਜਵਾਨਾਂ ਨੂੰ ਸਲਾਹ ਸੀ ਕਿ ਰਾਜਨੀਤੀ ਨਿਰੋਲ ਜਜ਼ਬੇ ਨਾਲ ਨਹੀਂ, ਗਿਆਨ ਅਤੇ ਅਧਿਐਨ ਨਾਲ ਚੱਲਦੀ ਹੈ।

ਤੀਜਾ ਉਸ ਦਾ ਸਮਾਜਿਕ ਨਿਆਂ ਦਾ ਸੁਪਨਾ ਸੀ। ਉਸ ਲਈ ਆਜ਼ਾਦੀ ਦਾ ਅਰਥ ਤਦ ਹੀ ਪੂਰਾ ਹੋਣਾ ਸੀ ਜਦੋਂ ਸੋਸ਼ਣ ਦਾ ਅੰਤ ਅਤੇ ਸਮਾਜ ਵਿੱਚ ਸਮਾਨਤਾ ਕਾਇਮ ਹੋਵੇ। ਚੌਥਾ ਸੀ ਧਰਮ-ਨਿਰਪੇਖਤਾ ਅਤੇ ਤਰਕਸੰਗਤ ਸੋਚ; ਉਹ ਧਾਰਮਿਕ ਵੰਡ ਅਤੇ ਅੰਧ-ਵਿਸ਼ਵਾਸ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਸੀ।

ਉਸ ਨੇ ਜੇਲ ਨੋਟਬੁੱਕ ਵਿੱਚ ਲਿਖਿਆ ਹੈ:

‘ਜੀਵਨ ਦਾ ਮਕਸਦ ਮਨ ਨੂੰ ਕਾਬੂ ਕਰਨਾ ਨਹੀਂ, ਸਗੋਂ ਉਸ ਦਾ ਸਮੂਹਿਕ ਵਿਕਾਸ ਕਰਨਾ ਹੈ।’

ਲਗਭਗ ਇੱਕ ਸਦੀ ਬਾਅਦ ਵੀ ਭਗਤ ਸਿੰਘ ਭਾਰਤ ਦੇ ਸਭ ਤੋਂ ਪ੍ਰੇਰਣਾਦਾਇਕ ਸ਼ਹੀਦਾਂ ਵਿੱਚੋਂ ਇੱਕ ਹੈ। ਉਸ ਦੀ ਖਿੱਚ ਉਸ ਦੇ ਨੌਜਵਾਨ ਹੋਣ ਕਰਕੇ ਵੀ ਹੈ। ਉਹ ਉਸ ਪੀੜ੍ਹੀ ਦੇ ਨੌਜਵਾਨਾਂ ਦੇ ਹੌਸਲੇ ਦੀ ਰਹਿਨੁਮਾਈ ਕਰਦਾ ਹੈ, ਜਿਨ੍ਹਾਂ ਬਰਤਾਨਵੀ ਤਾਕਤ ਨਾਲ ਟਾਕਰੇ ਵਿੱਚ ਅਸਾਧਾਰਨ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ।

ਭਗਤ ਸਿੰਘ ਦੀ ਲੋਕਾਂ ਵਿੱਚ ਚਾਹਤ ਉਸ ਦੇ ਵਿਚਾਰਾਂ ਕਰਕੇ ਜ਼ਿਆਦਾ ਹੈ। ਉਹ ਸਿਰਫ਼ ਬਗ਼ਾਵਤ ਦਾ ਪ੍ਰਤੀਕ ਨਹੀਂ ਸੀ। ਉਹ ਅਜਿਹਾ ਵਿਚਾਰਕ ਸੀ, ਜਿਸ ਨੇ ਆਜ਼ਾਦੀ ਨੂੰ ਰਾਜਨੀਤਕ, ਸਮਾਜਿਕ ਅਤੇ ਨੈਤਿਕ ਸੰਦਰਭ ਵਿੱਚ ਵਿਚਾਰਿਆ।

ਉਸ ਦੀਆਂ ਲਿਖਤਾਂ ਅੱਜ ਵੀ ਇਨਸਾਫ਼, ਗ਼ੈਰ-ਬਰਾਬਰੀ ਅਤੇ ਰਾਜਨੀਤਕ ਪਹਿਲਕਦਮੀ ਦੀਆਂ ਜ਼ਿੰਮੇਵਾਰੀਆਂ ਬਾਰੇ ਸਵਾਲ ਕਰਦੀਆਂ ਹਨ। ਉਸ ਦੀਆਂ ਲਿਖਤਾਂ ਯਾਦ ਦਿਵਾਉਂਦੀਆਂ ਹਨ ਕਿ ਆਜ਼ਾਦੀ ਬਾਹਰਲੀਆਂ ਤਾਕਤਾਂ ਦੇ ਰਾਜ ਦੇ ਮੁੱਕ ਜਾਣ ਨਾਲ ਨਹੀਂ ਆ ਜਾਂਦੀ ਸਗੋਂ ਅਜਿਹੇ ਸਮਾਜ ਦੀ ਸਥਾਪਨਾ ਦੀ ਵੀ ਮੰਗ ਕਰਦੀ ਹੈ, ਜਿਹੜਾ ਬਰਾਬਰੀ ਅਤੇ ਤਰਕ ’ਤੇ ਆਧਾਰਿਤ ਹੋਵੇ।

ਸ਼ਹੀਦੀ ਦਿਹਾੜਾ ਇਸ ਲਈ ਸਿਰਫ਼ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਨਹੀਂ ਸਗੋਂ ਉਨ੍ਹਾਂ ਦੇ ਵਿਚਾਰਾਂ ਅਤੇ ਵਿਰਾਸਤ ਨੂੰ ਦੁਬਾਰਾ ਦੁਹਰਾਉਣ ਦਾ ਵੀ ਹੈ। ਇਹ ਪਲ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਉਨ੍ਹਾਂ ਨੌਜਵਾਨਾਂ ਨੇ ਵੀ ਸਿਰਜਿਆ, ਜਿਹੜੇ ਨਵੇਂ ਭਵਿੱਖ ਦੀ ਕਲਪਨਾ ਕਰਨ ਦੀ ਹਿੰਮਤ ਰੱਖਦੇ ਸਨ ਅਤੇ ਉਸ ਲਈ ਜਾਨਾਂ ਵਾਰਨ ਲਈ ਤਿਆਰ ਸਨ।

ਭਗਤ ਸਿੰਘ ਨੇ ਲਿਖਿਆ ਸੀ ਕਿ ਇਨਕਲਾਬ ਸਵਾਲ ਕਰਨ ਦੀ ਭਾਵਨਾ ਅਤੇ ਬੇਇਨਸਾਫ਼ੀ ਨੂੰ ਵੰਗਾਰਨ ਦੇ ਹੌਸਲੇ ਤੋਂ ਪੈਦਾ ਹੁੰਦਾ ਹੈ। ਉਸ ਦੀ ਅਜਿਹੀ ਭਾਵਨਾ ਉਸ ਦੀ ਯਾਦ ਨੂੰ ਹਰ ਸਮੇਂ ਦੁਹਰਾਉਂਦੀ ਰਹਿੰਦੀ ਹੈ।

ਹਰ ਵਰ੍ਹੇ 23 ਮਾਰਚ ਨੂੰ ਅਸੀਂ ਸ਼ਹੀਦਾਂ ਨੂੰ ਯਾਦ ਕਰਦਿਆਂ ਸਿਰ ਝੁਕਾਉਂਦੇ ਹਾਂ। ਉਨ੍ਹਾਂ ਦੀ ਆਵਾਜ਼ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਕੋਈ ਸਥਿਰ ਪ੍ਰਾਪਤੀ ਨਹੀਂ, ਸਗੋਂ ਲਗਾਤਾਰ ਜਾਗਰੂਕਤਾ ਅਤੇ ਨੈਤਿਕ ਜ਼ਿੰਮੇਵਾਰੀ ਦੀ ਮੰਗ ਕਰਦੀ ਹੈ। ਸ਼ਹੀਦਾਂ ਨੂੰ ਨਮਨ ਕਰਦਿਆਂ ਸਾਡੇ ਸਾਹਮਣੇ ਇਹ ਵੀ ਪ੍ਰਸ਼ਨ ਆਉਂਦਾ ਹੈ ਕਿ ਕੀ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵੰਤ ਰੱਖ ਰਹੇ ਹਾਂ, ਜਿਨ੍ਹਾਂ ਲਈ ਉਨ੍ਹਾਂ ਜਾਨਾਂ ਨਿਛਾਵਰ ਕੀਤੀਆਂ? ਸ਼ਹੀਦ ਸਾਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਆਜ਼ਾਦੀ ਸਿਰਫ਼ ਰਾਜਨੀਤਿਕ ਹਕੀਕਤ ਨਹੀਂ ਸਗੋਂ ਨੈਤਿਕ ਜ਼ਿੰਮੇਵਾਰੀ ਵੀ ਹੈ। ਜਿਸ ਦੀ ਸੰਭਾਲ ਹਰ ਦੇਸ਼ ਵਾਸੀ ਦਾ ਫ਼ਰਜ਼ ਹੈ।

ਸੰਪਰਕ: 98150-00873

Advertisement
×