DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਦਿਆ ਤੇਰੀਆਂ ਦਸ ਦੇਹਾਂ...!

ਐਤਵਾਰ ਦਾ ਦਿਨ ਸੀ। ਵੱਟਸਐਪ ’ਤੇ ਫੋਨ ਆਇਆ, ‘‘ਕੀ ਹਾਲ ਐ ਜੀ, ਪਛਾਣਿਆ ਨ੍ਹੀਂ?’’ ਮੇਰਾ ਧਿਆਨ ਇਕਦਮ ਉਨ੍ਹਾਂ ਫਰਾਡ ਕਾਲਾਂ ਵੱਲ ਗਿਆ ਜਿਸ ਰਾਹੀਂ ਪਹਿਲਾਂ ਕਾਲ ਕਰਨ ਵਾਲਾ ਪੁੱਛਦਾ ਹੈ, ‘‘ਪਛਾਣਿਆ?’’ ਫਿਰ ਦੱਸਦਾ ਹੈ, ‘‘ਮੈਂ ਆਪਣੇ ਇੱਕ ਮਿੱਤਰ ਨੂੰ ਪੈਸੇ...

  • fb
  • twitter
  • whatsapp
  • whatsapp
Advertisement

ਐਤਵਾਰ ਦਾ ਦਿਨ ਸੀ। ਵੱਟਸਐਪ ’ਤੇ ਫੋਨ ਆਇਆ, ‘‘ਕੀ ਹਾਲ ਐ ਜੀ, ਪਛਾਣਿਆ ਨ੍ਹੀਂ?’’ ਮੇਰਾ ਧਿਆਨ ਇਕਦਮ ਉਨ੍ਹਾਂ ਫਰਾਡ ਕਾਲਾਂ ਵੱਲ ਗਿਆ ਜਿਸ ਰਾਹੀਂ ਪਹਿਲਾਂ ਕਾਲ ਕਰਨ ਵਾਲਾ ਪੁੱਛਦਾ ਹੈ, ‘‘ਪਛਾਣਿਆ?’’ ਫਿਰ ਦੱਸਦਾ ਹੈ, ‘‘ਮੈਂ ਆਪਣੇ ਇੱਕ ਮਿੱਤਰ ਨੂੰ ਪੈਸੇ ਭੇਜਣੇ ਹਨ, ਤੁਸੀਂ ਮੈਨੂੰ ਆਪਣਾ ਅਕਾਊਂਟ ਨੰਬਰ ਭੇਜੋ, ਮੈਂ ਇੱਧਰੋਂ ਮਨੀ ਟਰਾਂਸਫਰ ਕਰ ਦਿਆਂਗਾ। ਮੇਰਾ ਮਿੱਤਰ ਆ ਕੇ ਲੈ ਜਾਏਗਾ।’’ ਇਸ ਤੋਂ ਪਹਿਲਾਂ ਉਹ ਤੁਹਾਡੇ ਨਾਲ ਕੋਈ ਨਾ ਕੋਈ ਰਿਸ਼ਤੇਦਾਰੀ ਪੈਦਾ ਕਰ ਚੁੱਕਿਆ ਹੁੰਦਾ ਹੈ। ਜਿਵੇਂ ਹੀ ਤੁਸੀਂ ਆਪਣਾ ਅਕਾਊਂਟ ਨੰਬਰ ਭੇਜਦੇ ਹੋ, ਉਹ ਤੁਹਾਡਾ ਬੈਂਕ ਖਾਤਾ ਸਾਫ਼ ਕਰ ਚੁੱਕਿਆ ਹੁੰਦਾ ਹੈ। ਇਸ ਜਾਲ ਵਿੱਚ ਕੋਈ ਨਾ ਕੋਈ ਫਸ ਜਾਂਦਾ ਹੈ।

ਅਜਿਹੀ ਠੱਗੀ ਤੋਂ ਹੁਣ ਬਹੁਤ ਲੋਕ ਵਾਕਫ਼ ਹੋ ਚੁੱਕੇ ਹਨ। ਮੈਂ ਉਸ ਨੂੰ ਤਾੜਨਾ ਕੀਤੀ, ‘‘ਫੋਨ ਬੰਦ ਕਰ, ਤੇਰੀ ਦਾਲ਼ ਇੱਥੇ ਨਹੀਂ ਗਲਣੀ।’’

Advertisement

ਫੋਨ ਕਰਨ ਵਾਲਾ ਹੱਸ ਪਿਆ, ‘‘ਓ ਭਾ’ਜੀ ਮੈਂ ਬੀ ਸੀ ਭਾਰਤੀ ਬੋਲਦਾਂ।’’

Advertisement

‘‘ਮੈਂ ਕਿਸੇ ਬੀ ਸੀ ਭਾਰਤੀ ਨੂੰ ਨਹੀਂ ਜਾਣਦਾ,’’ ਮੈਂ ਕਿਹਾ।

‘‘ਅਫਲਾਤੂ ਵਾਲੇ ਬਿਧੀ ਚੰਦ ਨੂੰ ਜਾਣਦੈਂ?’’

ਮੈਂ ਸੋਚੀਂ ਪੈ ਗਿਆ। ਇਹ ਤਾਂ ਕਈ ਸਾਲ ਪਹਿਲਾਂ ਦੀਆਂ ਗੱਲਾਂ ਨੇ। ਮੇਰੇ ਵੱਲੋਂ ਕੋਈ ਜਵਾਬ ਨਾ ਸੁਣ ਕੇ ਉਹ ਫਿਰ ਬੋਲਿਆ, ‘‘ਉਹੀ ਹਾਂ ਮੈਂ, ਬਿਧੀ ਚੰਦ, ਉਰਫ਼ ਬੀ ਸੀ ਭਾਰਤੀ।’’

‘‘ਤੂੰ ਤਾਂ ਕੈਨੇਡਾ ਚਲਾ ਗਿਆ ਸੀ?’’ ‘‘ਹਾਂ, ਵਾਪਸ ਆ ਗਿਆਂ। ਘਰ ਈ ਹੈਂ ਤੂੰ?’’ ‘‘ਘਰ ਹੀ ਆਂ। ਡਾਕਟਰ ਨੇ ਸਫ਼ਰ ਕਰਨ ਦੀ ਮਨਾਹੀ ਕੀਤੀ ਹੈ।’’ ‘‘ਮੈਂ ਮਿਲਣ ਆ ਰਿਹਾਂ।’’

ਤੇ ਉਸ ਨੇ ਮੇਰੀ ਹਾਂ, ਨਾਂਹ ਜਾਣੇ ਬਗ਼ੈਰ ਫੋਨ ਕੱਟ ਦਿੱਤਾ।

ਮੈਂ ਹੈਰਾਨ ਕਿ ਉਹ ਨਾਰਾਜ਼ ਹੋ ਗਿਆ ਜਾਂ ਉਂਜ ਹੀ ਬਾਹਰ ਰਹਿ ਕੇ ਲੋੜ ਜੋਗੀ ਗੱਲ ਕਰਨੀ ਸਿੱਖ ਗਿਆ। ਫਿਰ ਸੋਚਿਆ ਨਾਰਾਜ਼ ਹੋਣ ਵਾਲੇ ਦਿਨ ਤਾਂ ਉਹ ਜੰਮਿਆ ਹੀ ਨਹੀਂ, ਚਲੋ ਵੇਖੀ ਜਾਊ। ਮੈਂ ਫਿਰ ਆਪਣੀ ਕਿਤਾਬ ਪੜ੍ਹਨ ਲੱਗ ਪਿਆ।

ਪੱਚੀ-ਤੀਹ ਮਿੰਟਾਂ ਬਾਅਦ ਘਰ ਦੀ ਘੰਟੀ ਵੱਜੀ। ਦਿਨ ਵੇਲੇ ਅਕਸਰ ਘਰ ਦੀ ਚੌਕੀਦਾਰੀ ਮੇਰੇ ਕੋਲ ਹੀ ਹੁੰਦੀ ਹੈ ਜਾਂ ਕਹਿ ਸਕਦਾਂ, ਮੇਰਾ ਤਾਂ ਇੱਥੇ ਵੀ ਕੈਨੇਡਾ ਬਣਿਆ ਹੋਇਆ ਹੈ। ਬੱਚੇ ਪੜ੍ਹਾਈ ’ਤੇ ਜਾਂ ਜੌਬ ’ਤੇ, ਬਾਬਾ ਘਰ ਦੀ ਰਾਖੀ ’ਤੇ। ਮੈਂ ਜਾ ਕੇ ਬੂਹਾ ਖੋਲ੍ਹਿਆ, ਬਾਹਰ ਇੱਕ ਓਪਰਾ ਜਿਹਾ, ਦਾੜ੍ਹੀ-ਮੁੱਛ ਸਫ਼ਾ-ਚੱਟ, ਉਂਜ ਸਜਿਆ-ਫਬਿਆ, ਐੱਨ ਆਰ ਆਈ ਜਾਪਦਾ ਬੰਦਾ ਖੜ੍ਹਾ ਮੁਸਕਰਾਉਣ ਲੱਗਾ।

ਮੈਂ ਜਕੋਤੱਕੀ ਵਿੱਚ ਸੀ, ਉਹ ਬੋਲਿਆ, ‘‘ਤੂੰ ਵੀ ਖਾ ਗਿਆ ਭੁਲੇਖਾ! ਮੈਂ ਬਿਧੀ ਚੰਦ, ਬੀ ਸੀ ਭਾਰਤੀ।’’

‘‘ਆਈਏ ਆਈਏ, ਅਜੇ ਵੀ ਤੂੰ ਆਪਣੇ ਲੱਛਣਾਂ ਤੋਂ ਬਾਜ਼ ਨ੍ਹੀਂ ਆਇਆ।’’ ਇਹ ਸੁਣ ਕੇ ਉਸ ਨੇ ਮੈਨੂੰ ਜੱਫੀ ਪਾ ਲਈ ਤੇ ਬੋਲਿਆ, ‘‘ਵੇਖਦਾ ਜਾਹ, ਥੋੜ੍ਹੇ ਦਿਨਾਂ ’ਚ ਈ ਆਪਾਂ ਪਹਿਲਾਂ ਵਾਲੇ ਰੂਪ ’ਚ ਆ ਜਾਣੈ। ਵੈਸੇ ਤੂੰ ਮੇਰੇ ’ਤੇ ਇਲਜ਼ਾਮ ਲਾ ਰਿਹੈਂ।’’

‘‘ਇਲਜ਼ਾਮ ਲਾਵਾਂ ਨਾ? ਜਹਾਜ਼ ਚੜ੍ਹਾਇਆ ਤੈਨੂੰ ਕਿਹੜੇ ਰੂਪ ’ਚ ਤੇ ਵਾਪਸ ਆਇਐਂ ਕਿਹੜੇ ਰੂਪ ’ਚ! ਸਿਆਸੀ ਲੀਡਰਾਂ ਵਾਂਗੂ ਝੱਟ ਪਾਲਾ ਬਦਲ ਲੈਨੈਂ।’’

ਅੰਦਰ ਲੰਘ ਕੇ ਪਹਿਲਾਂ ਉਸ ਨੇ ਡਰਾਇੰਗ ਰੂਮ ਦਾ ਜਾਇਜ਼ਾ ਲਿਆ। ਮਾਣ ਪੱਤਰ, ਸਨਮਾਨ ਪੱਤਰ, ਮੋਮੈਂਟੋ ਵੇਖ ਕੇ ਬੋਲਿਆ, ‘‘ਸਭਾਵਾਂ, ਅਕਾਦਮੀਆਂ ਨਾਲ ਥੋਕ ’ਚ ਈ ਠੇਕਾ ਕੀਤਾ ਲਗਦੈ।’’

‘‘ਇਨ੍ਹਾਂ ਦੇ ਪਿੱਛੇ 50 ਸਾਲਾਂ ਦੀ ਮਿਹਨਤ ਹੈ। ਅੱਧੀ ਸਦੀ ਬਣਦੀ ਹੈ। ਤੇਰੇ ਆਂਗੂ ਲੋਕਾਂ ਨੂੰ ਬੁੱਧੂ ਨ੍ਹੀਂ ਬਣਾਇਆ।’’ ਮੈਂ ਹੱਸਿਆ ਤਾਂ ਬਿਧੀ ਚੰਦ ਤੋਂ ਬੀ ਸੀ ਭਾਰਤੀ ਬਣਿਆ ਉਹ ਵੀ ਕੱਚਾ ਜਿਹਾ ਹੁੰਦਾ ਹੱਸਣ ਲੱਗਾ।

‘‘ਕੀ ਖੱਟ ਕੇ ਲਿਆਇਐਂ ਕੈਨੇਡਾ ਤੋਂ?’’ ਮੈਂ ਪੁੱਛਿਆ।

‘‘ਉੱਥੇ ਪ੍ਰਵਚਨ ਕੀਤੇ, ਸਮਾਜ ਸੇਵਾ ਕੀਤੀ। ਮਨਮੁਖਾਂ ਨੂੰ ਰੱਬ ਦੇ ਰਾਹ ਪਾਇਆ। ਤੇ ਫਿਰ...’’

ਮੈਂ ਟੋਕਿਆ, ‘‘ਆਪ ਤਾਂ ਤੂੰ ਰੱਬ ਦੇ ਬੰਦੇ ਵਾਲਾ ਭੇਸ ਕੈਨੇਡਾ ਹੀ ਛੱਡ ਆਇਐਂ।’’

‘‘ਬੰਦੇ ਦੀ ਜੂਨ ਦੀਆਂ ਦਸ ਦੇਹਾਂ ਹੁੰਦੀਐ। ਸਾਰੀਆਂ ਮਾਣਨੀਆਂ ਚਾਹੀਦੀਆਂ ਨੇ। ਤੇਰੇ ਵਰਗੇ ਇੱਕ ਜੂਨ ਈ ਹੰਢਾ ਕੇ ਤੁਰ ਜਾਂਦੇ ਨੇ। ਬੰਦਿਆ ਤੇਰੀਆਂ ਦਸ ਦੇਹਾਂ, ਇੱਕੋ ਗਈ ਵਿਹਾਅ, ਨੌਂ ਕਿੱਧਰ ਗਈਆਂ। ਪਤਾ ਹੈ ਦਸ ਦੇਹਾਂ ਦਾ?’’ ਬਿਧੀ ਚੰਦ ਮੇਰੇ ਵੱਲ ਚੁਣੌਤੀ ਭਰੀ ਨਜ਼ਰ ਨਾਲ ਝਾਕਿਆ।

‘‘ਮੈਨੂੰ ਤਾਂ ਲੱਗਦੈ ਤੂੰ ਦਸ ਦੇਹਾਂ ਤੋਂ ਵੀ ਵਧੇਰੇ ਹੰਢਾਅ ਆਇਐਂ।’’

ਮੇਰੀ ਗੱਲ ’ਤੇ ਉਹ ਹੱਸਿਆ, ਫਿਰ ਕਿਹਾ, ‘‘ਬੇਸ਼ੱਕ ਮੈਂ ਰੂਪ ਬਦਲ ਲਿਐ, ਪਰ ਮੈਂ ਪਹਿਲਾਂ ਵਾਲਾ ਬਿਧੀ ਚੰਦ ਹੀ ਹਾਂ। ਸਵੇਰੇ ਸ਼ਾਮ ਰੱਬ ਦਾ ਨਾਂ ਲੈਂਦਾ ਹਾਂ। ਧਰਮ ਨੇ ਜੀਵਨ ਦੇ ਵੱਖ-ਵੱਖ ਦਸ ਪੜਾਵਾਂ ਬਾਰੇ ਦੱਸਿਐ, ਤੈਨੂੰ ਇਹ ਗੱਲਾਂ ਜਾਣਨੀਆਂ ਚਾਹੀਦੀਆਂ ਨੇ।’’

ਮੈਂ ਕਿਹਾ, ‘‘ਗੁਲਜ਼ਾਰ ਕਹਿੰਦਾ ਹੈ, ਦੁਨੀਆ ਉਹ ਕਿਤਾਬ ਹੈ ਜੋ ਕਦੇ ਵੀ ਪੜ੍ਹੀ ਨਹੀਂ ਜਾ ਸਕਦੀ, ਪਰ ਜ਼ਮਾਨਾ ਉਹ ਅਧਿਆਪਕ ਹੈ ਜੋ ਸਭ ਕੁਝ ਸਿਖਾ ਦਿੰਦਾ ਹੈ। ਫਿਰ ਵੀ ਮੈਂ ਤੇਰੀਆਂ ਦਸ ਦੇਹਾਂ ਬਾਰੇ ਜਾਣਨਾ ਚਾਹਾਂਗਾ।’’

‘‘ਦੇਖ, ਆਪਣੇ ਲੋਕ ਅਮਰੀਕਾ-ਕੈਨੇਡਾ ਵਰਗੇ ਭਾਵੇਂ ਕਿੰਨੇ ਹੀ ਵਿਕਸਤ ਮੁਲਕਾਂ ਵਿੱਚ ਰਹਿੰਦੇ ਹੋਣ, ਵਹਿਮਾਂ ਭਰਮਾਂ ਵਿੱਚ ਉਹ ਆਪਣੇ ਲੋਕਾਂ ਤੋਂ ਵੀ ਵੱਧ ਫਸੇ ਹੋਏ ਨੇ। ਉਂਜ ਦੋਹੀਂ ਪਾਸੀਂ ਹਾਲ ਇੱਕੋ ਜਿਹਾ ਹੀ ਹੈ।’’

‘‘ਇੱਕੋ ਜਿਹਾ ਹਾਲ ਤੋਂ ਕੀ ਮਤਲਬ?’’ ਮੈਂ ਪੁੱਛਿਆ।

‘‘ਮਤਲਬ ਆਪਸ ਵਿੱਚ ਮੋਹ-ਪਿਆਰ, ਈਰਖਾ, ਘ੍ਰਿਣਾ, ਮਾਰਾ-ਮਾਰੀ। ਇੱਕ ਸ਼ਿਅਰ ਹੈ ਨਾ:

ਐ ਆਸਮਾਨ ਤੇਰੇ ਖ਼ੁਦਾ ਕਾ ਨਹੀਂ ਹੈ ਖ਼ੌਫ਼ ਹਮੇਂ,

ਐ ਜ਼ਮੀਨ ਤੇਰੇ ਬੰਦੋਂ ਸੇ ਅਬ ਡਰ ਲਗਤਾ ਹੈ।

ਓਧਰ ਵੀ ਧੋਬੀ ਦਾ ਕੁੱਤਾ ਕਿਸੇ ਘਰ ਘਾਟ ਦਾ ਨਹੀਂ ਹੁੰਦਾ, ਇੱਧਰ ਵੀ ਨਹੀਂ ਹੁੰਦਾ। ਵੈਸੇ ਦੇਖਿਆ ਜਾਵੇ ਤਾਂ ਅੱਜਕੱਲ੍ਹ ਅਸੀਂ ਉਨ੍ਹਾਂ ਨਾਲੋਂ ਬਹੁਤ ਅੱਗੇ ਹਾਂ। ਵੇਖ ਨਾ, ਸਾਡਾ ਰੁਪਿਆ ਛਾਲਾਂ ਮਾਰਦਾ 96 ਰੁਪਏ ਪਾਰ ਕਰ ਗਿਆ, ਡਾਲਰ ਦੇ ਮੁਕਾਬਲੇ। ਕਿੱਥੇ ਇੱਕ ਡਾਲਰ, ਕਿੱਥੇ 96 ਰੁਪਏ। ਅਸੀਂ ਜਲਦੀ ਸੈਂਚਰੀ ਮਾਰ ਦੇਣੀ ਐ।’

‘‘ਮੈਂ ਤਾਂ ਸੋਚਿਆ ਸੀ, ਕੈਨੇਡਾ ਗਿਆ ਹੋਇਐਂ, ਹੁਣ ਬੰਦਾ ਬਣ ਕੇ ਮੁੜੇਂਗਾ, ਪਰ ਤੂੰ ਤਾਂ ਪਹਿਲਾਂ ਨਾਲੋਂ ਵੀ...।’’

ਉਸ ਨੇ ਕਾਹਲੀ ਨਾਲ ਟੋਕਿਆ, ‘‘ਤੂੰ ਜੋ ਮਰਜ਼ੀ ਆਖ, ਪਹਿਲਾਂ ਮੈਂ ਸਿਰਫ਼ ਆਪਣੇ ਬਾਰੇ ਸੋਚਦਾ ਹੁੰਦਾ ਸੀ। ਹੁਣ ਮੈਂ ਦੇਸ਼ ਬਾਰੇ ਸੋਚਦਾਂ। ਪੱਕਾ ਰਾਸ਼ਟਰਵਾਦੀ।’’

‘‘ਤੂੰ ਰਾਸ਼ਟਰਵਾਦੀ ਬਣ ਜਾਂ ਨਿੱਜਵਾਦੀ, ਪਰ ਤੂੰ ਪਹਿਲਾਂ ਨਾਲੋਂ ਵੀ ਵਿਗੜ ਕੇ ਪਰਤਿਐਂ। ਮੰਨ ਚਾਹੇ ਨਾ ਮੰਨ।’’

‘‘ਮੰਨਣਾ ਪੈਣੈ ਤੇ ਪਰਖ ਵੀ ਆਇਆਂ। ਕਬੀਰ ਕਹਿੰਦਾ ਹੈ: ਨਾ ਗਿਆਨ ਮੇਂ ਨਾ ਧਿਆਨ ਮੇਂ ਨਾ ਪੋਥੀ ਮੇਂ, ਕਬੀਰ ਰੱਬ ਮਿਲਤਾ ਹੈ ਰੋਟੀ ਮੇਂ।’’

‘‘ਪਰ ਇੱਥੇ ਤਾਂ ਦੂਜਿਆਂ ਨੂੰ ਉੱਲੂ ਬਣਾ ਕੇ ਰੋਟੀ ਮਿਲਦੀ ਹੈ, ਤੂੰ ਇਹੋ ਕੁਝ ਕਰਦਾ ਹੀ ਗਿਆ ਸੀ ਇੱਥੋਂ,’’ ਮੈਂ ਛੇੜਿਆ।

‘‘ਮੈਂ ਕੋਈ ਲੰਮੀ ਚੌੜੀ ਦਲੀਲ ਨ੍ਹੀਂ ਦੇਣੀ। ਇੰਨਾ ਕੁ ਸਿੱਖ ਆਇਆਂ, ਲੰਮਾ ਧਾਗਾ ਤੇ ਲੰਮੀ ਜ਼ੁਬਾਨ ਹਰ ਥਾਂ ਸਮੱਸਿਆ ਪੈਦਾ ਕਰਦੇ ਹਨ। ਮੈਂ ਆਪਣੇ ਮੁੰਡਿਆਂ ਦਾ ਹਾਲ ਵੇਖ ਆਇਆਂ। ਉਨ੍ਹਾਂ ਦਾ ਹਾਲ ਇਹ ਹੈ, ਠੰਢ ’ਚ ਹੱਥ ਕੰਮ ਨ੍ਹੀਂ ਕਰਦੇ, ਘੁਮੰਡ ’ਚ ਦਿਮਾਗ਼ ਕੰਮ ਨ੍ਹੀਂ ਕਰਦਾ। ਪਰ ਸਹੀ ਗੱਲ ਇਹ ਹੈ, ਜੋ ਸੁਖ ਛੱਜੂ ਦੇ ਚੌਬਾਰੇ, ਉਹ ਨਾ ਬਲਖ਼ ਨਾ ਬੁਖਾਰੇ।’’

ਮੈਂ ਉਸ ਵੱਲ ਨੀਝ ਲਾ ਕੇ ਤੱਕਣ ਲੱਗਾ ਤਾਂ ਉਹ ਸ਼ਰਮਿੰਦਗੀ ਰਲੀ ਹਾਸੀ ਹੱਸਦਾ ਬੋਲਿਆ, ‘‘ਮੈਂ ਉਹੀ ਹਾਂ ਯਾਰ, ਕੀ ਹੋਇਆ ਜੇਕਰ ਬੀ ਸੀ ਭਾਰਤੀ ਹੋ ਗਿਆ ਤਾਂ?’’

‘‘ਤੂੰ ਸੱਤ ਸਮੁੰਦਰ ਪਾਰ ਤਾਂ ਭਾਵੇਂ ਘੁੰਮ ਆਇਐਂ ਪਰ ਤੂੰ ਵਾਰਿਸ ਸ਼ਾਹ ਨੂੰ ਝੂਠਾ ਨ੍ਹੀਂ ਪੈਣ ਦਿੱਤਾ। ਬੰਦੇ ਨੂੰ ਭਾਵੇਂ ਪੋਰੀਆਂ ਪੋਰੀਆਂ ਕੱਟ ਦੇਈਏ, ਆਦਤਾਂ ਨ੍ਹੀਂ ਜਾਂਦੀਆਂ।’’

‘‘ਭਲੇ ਵੇਲੇ ਯਾਦ ਕਰਾਇਆ, ਆਦਤਾਂ ਤਾਂ ਆਪਣੇ ਬਜ਼ੁਰਗ ਨ੍ਹੀਂ ਛੱਡ ਸਕੇ। ਮੈਂ ਵੀ ਜਦੋਂ ਦਿੱਲੀ ਤੋਂ ਜਹਾਜ਼ ਚੜ੍ਹਨ ਲੱਗਿਆ ਸੀ ਤਾਂ ਸੱਪ ਵਾਂਗ ਇੱਥੋਂ ਦੀ ਕੁੰਜ ਏਅਰਪੋਰਟ ’ਤੇ ਹੀ ਲਾਹ ਕੇ ਸੁੱਟ ਗਿਆ ਸੀ। ਪਰ ਉੱਥੇ ਪਾਰਕਾਂ ਵਿੱਚ ਆਪਣੇ ਬਜ਼ੁਰਗ ਪੰਜਾਬ ਅਤੇ ਆਪਣੇ ਦੇਸ਼ ਬਾਰੇ ਬਹਿਸਾਂ ਨੂੰ ਰਿੜਕਣ ’ਚ ਪਾਈ ਰੱਖਦੇ ਨੇ, ਫੇਰ ਮੈਂ ਵੀ ਉਨ੍ਹਾਂ ਦੇ ਰੰਗ ਵਿੱਚ ਰੰਗਿਆ ਗਿਆ।’’

‘‘ਕਰਦਾ ਕੀ ਸੀ ਤੂੰ ਉੱਥੇ?’’

‘‘ਕਰਨਾ ਕੀ ਸੀ, ਪੰਜਾਬ ਤੋਂ ਗ੍ਰਹਿਣ ਕੀਤਾ ਗਿਆਨ ਵੰਡਣ ਲੱਗਾ, ਸੰਗਤ ਪੈਰੀਂ ਹੱਥ ਲਾਉਣ ਲੱਗ ਪਈ। ਸੰਗਤ ਦੇ ਘਰਾਂ ’ਚੋਂ ਪ੍ਰੀਤੀ ਭੋਜ ਦੇ ਸੱਦੇ ਆਉਣ ਲੱਗੇ। ਲੋਕ ਆਪਣੀਆਂ ਪਰਿਵਾਰਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਮੇਰੇ ਕੋਲ ਆਉਂਦੇ। ਬੀਬੀਆਂ, ਮਾਈਆਂ ਆਪਣੀਆਂ ਨਿੱਜੀ ਸਮੱਸਿਆਵਾਂ ਦੱਸਣ ਆਉਂਦੀਆਂ। ਮੈਂ ਡਰ ਗਿਆ। ਪੰਜਾਬ ਵਾਲਾ ਮੇਰੇ ਅੰਦਰਲਾ ਬਿਧੀ ਚੰਦ ਅਜੇ ਮਰਿਆ ਨਹੀਂ ਸੀ। ਮੈਂ ਸੋਚਿਆ ਇਹ ਮਰਵਾਊ ਮੈਨੂੰ। ਮੈਂ ਟਿਕਟ ਕਨਫਰਮ ਕਰਵਾਈ। ਦਿੱਲੀ ਉਤਰਿਆ। ਪਹਿਲਾਂ ਆਪਣਾ ਰੂਪ ਬਦਲਿਆ, ਹੁਣ ਤੇਰੇ ਸਾਹਮਣੇ ਬੈਠਾਂ।’’ ਉਸ ਨੇ ਸੌਖਾ ਸੌਖਾ ਮਹਿਸੂਸ ਕਰਦਿਆਂ ਲੰਮਾ ਸਾਹ ਖਿੱਚ ਕੇ ਛੱਡਿਆ।

‘‘ਤੂੰ ਸੰਗਤ ’ਚ ਵਿਖਿਆਨ ਕੀ ਦਿੰਦਾ ਸੀ ਤੇ ਸੁਣਦੇ ਸੀ ਤੇਰੀ ਗੱਲ ਉਹ?’’ ਮੈਂ ਪੁੱਛਿਆ।

‘‘ਸੁਣਦੇ ਕਿਉਂ ਨਹੀਂ ਸੀ, ਜੇ ਮੈਂ ਪੰਜਾਬ ਨਾ ਆਉਂਦਾ ਤਾਂ ਮੈਨੂੰ ਉਨ੍ਹਾਂ ਨੇ ਬਾਬਾ ਬਣਾ ਛੱਡਣਾ ਸੀ। ਸੱਚੀ ਗੱਲ ਹੈ, ਮੈਨੂੰ ਤਾਂ ਆਪਣਾ ਪਾਲ਼ਾ ਮਾਰਦਾ ਸੀ ਤਾਂ ਹੀ ਮੌਕਾ ਮਿਲਦਿਆਂ ਹੀ ਨਿਕਲ ਆਇਆ ਉੱਥੋਂ।’’

‘‘ਤੂੰ ਦੱਸਦਾ ਕੀ ਸੀ, ਸੌਰੀ, ਪ੍ਰਵਚਨ ਕੀ ਦਿੰਦਾ ਸੀ?’’ ਮੈਂ ਕੁਝ ਕੁਝ ਗੰਭੀਰ ਬਣਦਿਆਂ ਪੁੱਛਿਆ।

‘‘ਦੇਖ, ਇਹ ਤਾਂ ਤੈਨੂੰ ਪਤਾ ਹੀ ਹੈ, ਧਰਮ ਕਰਮ ਦਾ ਗਿਆਨ ਮੈਨੂੰ ਬਹੁਤੇ ਧਾਰਮਿਕ ਤੇ ਦੁਨਿਆਵੀ ਲੋਕਾਂ ਨਾਲੋਂ ਵਧੇਰੇ ਹੈ। ਧਾਰਮਿਕ ਸਾਹਿਤ ’ਚ ਦ੍ਰਿਸ਼ਟਾਂਤ ਬਹੁਤ ਨੇ, ਖੋਜਣ ਵਾਲੀ ਅੱਖ ਅਤੇ ਬੁੱਧੀ ਚਾਹੀਦੀ ਹੈ। ਸ਼ਾਇਦ ਮੈਂ ਤੇਰੀ ਵੀ ਜਾਣਕਾਰੀ ਵਿੱਚ ਵਾਧਾ ਕਰ ਦਿਆਂ...,’’ ਗੱਲਾਂ ਕਰਦਿਆਂ ਉਸ ਨੇ ਆਪਣਾ ਰੁਮਾਲ ਕੱਢ ਕੇ ਸਿਰ ਢੱਕ ਲਿਆ, ਪੈਰਾਂ ਵਿੱਚੋਂ ਜੁੱਤੀ ਅਤੇ ਜੁਰਾਬਾਂ ਲਾਹ ਕੇ ਇੱਕ ਪਾਸੇ ਰੱਖ ਕੇ ਅੱਖਾਂ ਬੰਦ ਕਰ ਲਈਆਂ। ਮੈਂ ਉਸ ਦੀਆਂ ਹਰਕਤਾਂ ਤਾੜਨ ਲੱਗਾ। ਇੰਨੇ ਵਿੱਚ ਉਹ ਹੱਥ ਜੋੜ ਕੇ ਮੈਨੂੰ ਹੀ ਪ੍ਰਵਚਨ ਦੇਣ ਲੱਗਾ। ਸਾਰਾ ਕੁਝ ਬੋਲ ਹਟਣ ਮਗਰੋਂ ਬੀ ਸੀ ਭਾਰਤੀ ਨੇ ਅੱਖਾਂ ਖੋਲ੍ਹੀਆਂ। ਮੇਰੇ ਵੱਲ ਬੇਯਕੀਨੀ ਜਿਹੀ ਨਾਲ ਤੱਕਿਆ, ਜਿਵੇਂ ਨਜ਼ਰਾਂ ਨਾਲ ਹੀ ਪੁੱਛਦਾ ਹੋਵੇ, ਕੀ ਸਮਝਿਆ। ਫਿਰ ਬੋਲਿਆ, ‘‘ਇਸ ਦ੍ਰਿਸ਼ਟਾਂਤ ਰਾਹੀਂ ਮਨੁੱਖੀ ਜਨਮ ਦੀਆਂ ਦਸ ਦੇਹਾਂ ਜਾਂ ਦਸ ਪੜਾਵਾਂ ਬਾਰੇ ਸਮਝਾਇਆ ਗਿਆ ਹੈ। ਇਹ ਵੀ ਦੱਸਿਆ ਹੈ ਕਿ ਆਖ਼ਰੀ ਪੜਾਅ ’ਤੇ ਜਾ ਕੇ ਦੇਹੀ ਦਾ ਹੰਸ ਸੁਆਹ ਹੋ ਜਾਂਦਾ ਹੈ। ਜਦ ਮੈਂ ਉੱਥੇ ਇਸ ਦੇ ਅਰਥ ਵਿਸਥਾਰ ਨਾਲ ਦੱਸਦਾ ਸਾਂ ਤਾਂ ਸੰਗਤਾਂ ਹੱਥ ਜੋੜ ਕੇ ਰੱਬ ਦਾ ਨਾਂ ਲੈਣ ਲੱਗ ਜਾਂਦੀਆਂ ਸਨ।’’

‘‘ਫੇਰ ਆ ਕਿਉਂ ਗਿਆ ਉੱਥੋਂ, ਤੇਰੀ ਪੂਰੀ ਭੱਲ ਬਣੀ ਹੋਈ ਸੀ?’’ ਮੈਂ ਉਸ ਤੋਂ ਪਹਿਲੀ ਵਾਰ ਪ੍ਰਭਾਵਿਤ ਹੋਣ ਲੱਗਿਆ ਸੀ।

‘‘ਭਰਾ ਮੇਰਿਆ, ਮੈਨੂੰ ਆਪਣਾ ਤਾਂ ਪਤਾ ਸੀ, ਇੱਥੇ ਕੀ ਕੁਝ ਕਰਦਾ ਗਿਆ ਸਾਂ। ਅੰਦਰਲਾ ਬਿਧੀਆ ਮਰਿਆ ਨਹੀਂ ਹਾਲੇ। ਮੇਰਾ ਤਾਂ ਉਹ ਹਾਲ ਹੈ:

ਗਿਆਨ ਵਿਹੂਣਾ ਗਾਵੈ ਗੀਤ।।

ਉਂਜ ਮੈਂ ਬੜਾ ਕੁਝ ਨਵਾਂ ਸਿੱਖ ਆਇਆਂ ਉੱਥੋਂ। ਸਿੱਖਿਆ ਵੀ ਆਪਣੇ ਨੇਤਾਵਾਂ ਤੋਂ ਹੀ ਹੈ। ਬਾਹਰ ਜਾਓ ਤਾਂ ਜ਼ਰੂਰੀ ਨਹੀਂ ਮਹਿੰਗੇ ਤੋਹਫ਼ੇ ਲੈ ਕੇ ਜਾਓ। ਟੌਫੀਆਂ ਦੇ ਇੱਕ ਪੈਕੇਟ ਨਾਲ ਵੀ ਮਸਲੇ ਨਜਿੱਠੇ ਜਾ ਸਕਦੇ ਨੇ। ਫੜ੍ਹਾਂ ਪੂਰੀਆਂ ਮਾਰੋ, ਉਂਜ ਭਾਵੇਂ 80-90 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਦੇ ਹੋਵੋ। ਉੱਥੇ ਪਾਰਕਾਂ ’ਚ ਬੈਠੇ ਬੁੜ੍ਹੇ ਪੂਰਾ ਤਬਸਰਾ ਕਰਦੇ ਹਨ, ਭੁੱਖਮਰੀ ’ਚ ਸਾਡਾ ਦੇਸ਼ ਕਿੰਨ੍ਹਵੇਂ ਸਥਾਨ ’ਤੇ ਹੈ, ਕੁਰੱਪਸ਼ਨ ਵਿੱਚ ਕਿੰਨ੍ਹਵੇਂ ਨੰਬਰ ’ਤੇ, ਪ੍ਰੈੱਸ ਦੀ ਆਜ਼ਾਦੀ ਵਿੱਚ ਕਿੰਨ੍ਹਵੇਂ ਨੰਬਰ ’ਤੇ...’’ ਉਹ ਹੱਸਿਆ, ‘‘ਇਸ ਤਰ੍ਹਾਂ ਮੇਰੇ ਵੱਲ ਕੀ ਝਾਕਦੈਂ, ਅਜੇ ਤਾਂ ਮੈਂ ਦੱਸਿਆ ਨ੍ਹੀਂ ਬਈ ਡਾਲਰ ਦੇ ਮੁਕਾਬਲੇ ਆਪਾਂ ਕਿਵੇਂ ਲਗਾਤਾਰ ਵਿਕਾਸ ਕਰ ਰਹੇ ਹਾਂ।’’ ਮੈਂ ਹੈਰਾਨ ਸੀ, ਇਹ ਉਹੀ ਬਿਧੀਆ ਹੈ, ਜਿਹੜਾ ਮਾਲਸ਼ਾਂ ਕਰਦਾ ਗਿਆ ਸੀ ਇੱਥੋਂ।

‘‘ਕੀ ਸੋਚਣ ਲੱਗ ਪਿਆ?’’ ਉਸ ਨੇ ਪੁੱਛਿਆ।

‘‘ਮੈਂ ਤੇਰੇ ’ਚੋਂ ਪੁਰਾਣਾ ਬਿਧੀਆ ਖੋਜਦਾਂ।’’

‘‘ਉਹ ਤਾਂ ਛੱਡ ਆਇਆਂ। ਇਹ ਸੋਚ ਕੇ ਆਇਆਂ ਬਈ, ਹੁਣ ਤਾਂ ਦੂਜਿਆਂ ਦੀ ਸੇਵਾ ਕਰੂੰਗਾ। ਨੇਤਾ ਬਣਨ ਦੇ ਸਾਰੇ ਗੁਣ ਨੇ ਮੇਰੇ ’ਚ। ਲੋੜ ਪੈਣ ’ਤੇ ਮੈਂ ਆਪਣਾ ਰੂਪ ਬਦਲ ਸਕਦਾਂ, ਪਾਰਟੀ ਬਦਲ ਸਕਦਾਂ, ਬਿਨਾਂ ਮਤਲਬ ਤੋਂ ਹੱਸ ਸਕਦਾਂ, ਰੋ ਸਕਦਾਂ। ਨੌਟੰਕੀ ਕਰ ਸਕਦਾਂ ਜਾਣੀ ਮੈਂ ਹਰ ਤਰ੍ਹਾਂ ਦੇ ਬੰਦਿਆਂ ਦੀਆਂ ਅੱਖਾਂ ’ਚ ਘੱਟਾ ਪਾ ਸਕਦਾਂ...।’’

ਮੈਂ ਬੁੱਧੂ ਜਿਹਾ ਬਣਿਆ, ਬਿਧੀਆ ਉਰਫ਼ ਬੀ ਸੀ ਭਾਰਤੀ ਵੱਲ ਤੱਕਦਾ ਰਹਿ ਗਿਆ।

ਸੰਪਰਕ: 98147-83069

Advertisement
×