DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਹਾਤਮਾ ਗਾਂਧੀ: ਆਜ਼ਾਦੀ ਦੇ ਜਸ਼ਨ ਤੇ ਵੰਡ ਦਾ ਦਰਦ

ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਜਨਮੇ ਦੇਸ਼ ਦੇ ਮਹਾਨ ਨਾਇਕ ਤੇ ਰਾਸ਼ਟਰ ਪਿਤਾ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਵਕਾਲਤ ਕਰਨ ਲਈ ਭੇਜਿਆ ਗਿਆ। ਵਕਾਲਤ ਮੁਕੰਮਲ ਹੋਣ ਮਗਰੋਂ ਉਨ੍ਹਾਂ...

  • fb
  • twitter
  • whatsapp
  • whatsapp
Advertisement

ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਜਨਮੇ ਦੇਸ਼ ਦੇ ਮਹਾਨ ਨਾਇਕ ਤੇ ਰਾਸ਼ਟਰ ਪਿਤਾ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਵਕਾਲਤ ਕਰਨ ਲਈ ਭੇਜਿਆ ਗਿਆ। ਵਕਾਲਤ ਮੁਕੰਮਲ ਹੋਣ ਮਗਰੋਂ ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿੱਚ ਇੱਕ ਕੰਪਨੀ ਦੇ ਸਲਾਹਕਾਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਗਾਂਧੀ ਜੀ ਨੇ ਉੱਥੇ ਭਾਰਤੀਆਂ ਨਾਲ ਹੁੰਦੇ ਮਾੜੇ ਵਿਹਾਰ ਨੂੰ ਅੱਖੀਂ ਦੇਖਿਆ ਅਤੇ ਆਪਣੇ ਪਿੰਡੇ ’ਤੇ ਹੰਢਾਇਆ। ਉਨ੍ਹਾਂ ਨੂੰ ‘ਕੁਲੀ ਬੈਰਿਸਟਰ’ ਕਹਿ ਕੇ ਸੱਦਿਆ ਜਾਣ ਲੱਗਿਆ ਅਤੇ ਕਈ ਵਾਰ ਅਜਿਹਾ ਭੈੜਾ ਵਿਹਾਰ ਸਹਿਣ ਕਰਨਾ ਪਿਆ, ਜਿਸ ਕਾਰਨ ਗਾਂਧੀ ਜੀ ਨੇ ਭਾਰਤੀਆਂ ਦੇ ਮਾਣ- ਸਨਮਾਨ ਦੀ ਬਹਾਲੀ ਲਈ ਸੰਘਰਸ਼ ਵਿੱਢਣ ਦਾ ਮਨ ਬਣਾਇਆ। ਦੱਖਣੀ ਅਫਰੀਕਾ ਵਿੱਚ ਭਾਰਤੀਆਂ ਦੀ ਹਾਲਤ ਸੁਧਾਰਨ ਲਈ ਮੁਹਿੰਮ ਚਲਾਉਣ ਉਪਰੰਤ ਗਾਂਧੀ ਜੀ ਨੇ ਭਾਰਤ ਪਰਤ ਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਆਰੰਭ ਕੀਤਾ। ਇਸ ਸੰਘਰਸ਼ ਤਹਿਤ ਗਾਂਧੀ ਜੀ ਨੇ ਅਹਿੰਸਾ ਦਾ ਰਾਹ ਅਪਣਾਉਂਦਿਆਂ ‘ਨਾ-ਮਿਲਵਰਤਨ ਅੰਦੋਲਨ’, ‘ਡਾਂਡੀ ਮਾਰਚ’, ‘1932 ਦਾ ਵਰਤ’ ਅਤੇ ‘ਭਾਰਤ ਛੱਡੋ ਅੰਦੋਲਨ’ ਚਲਾ ਕੇ ਆਜ਼ਾਦੀ ਦੀ ਲੜਾਈ ਲਈ ਭਾਰਤੀਆਂ ਨੂੰ ਲਾਮਬੰਦ ਕੀਤਾ। ਗਾਂਧੀ ਜੀ ਦੇ ਇਨ੍ਹਾਂ ਅੰਦੋਲਨਾਂ ਨੂੰ ਲੋਕਾਂ ਨੇ ਭਰਵਾਂ ਸਹਿਯੋਗ ਦਿੱਤਾ। ਲੰਮੇ ਸੰਘਰਸ਼ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੀ ਆਜ਼ਾਦੀ ਦਾ ਐਲਾਨ ਤਾਂ ਕਰ ਦਿੱਤਾ ਪਰ ਗਿਣੀ-ਮਿੱਥੀ ਸਾਜਿਸ਼ ਤਹਿਤ ਭਾਰਤ ਦੋ ਭਾਗਾਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ। ਭਾਵੇਂ ਇਸ ਵੰਡ ਨੂੰ ਰੋਕਣ ਲਈ ਕੋਸ਼ਿਸ਼ਾਂ ਵੀ ਹੋਈਆਂ ਪਰ ਇਹ ਸਫ਼ਲ ਨਾ ਹੋ ਸਕੀਆਂ। ਅਖੀਰ ਦੇਸ਼ ਦੀ ਵੰਡ ਨੂੰ ਪ੍ਰਵਾਨ ਕਰ ਲਿਆ ਗਿਆ ਜਿਸ ਅਨੁਸਾਰ ਪੰਜਾਬ ਅਤੇ ਬੰਗਾਲ ਵੰਡੇ ਜਾਣੇ ਸਨ ਪਰ ਗਾਂਧੀ ਜੀ ਨੂੰ ਦੇਸ਼ ਦੀ ਵੰਡ ਪ੍ਰਵਾਨ ਨਹੀਂ ਸੀ ਅਤੇ ਉਨ੍ਹਾਂ ਨੇ ਆਜ਼ਾਦੀ ਦੇ ਜਸ਼ਨਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ।

15 ਅਗਸਤ, 1947 ਦੀ ਅੱਧੀ ਰਾਤ ਨੂੰ ਜਦੋਂ ਘੜੀ ’ਤੇ 12 ਵੱਜੇ ਤਾਂ ਦੇਸ਼ ਵਾਸੀਆਂ ਲਈ ਨਵਾਂ ਦਿਨ ਚੜ੍ਹਿਆ। ਲਾਰਡ ਮਾਊਂਟਬੈਟਨ ਨੇ ਪਾਰਲੀਮੈਂਟ ਹਾਊਸ ਦੇ ਹਾਲ ਕਮਰੇ ਵਿੱਚ ਆਜ਼ਾਦੀ ਦਾ ਐਲਾਨਨਾਮਾ ਪੜ੍ਹਿਆ। ਦੇਸ਼ ਭਰ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਗਏ। ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਭਾਸ਼ਣ ਵਿੱਚ ਮਹਾਤਮਾ ਗਾਂਧੀ ਨੂੰ ਆਜ਼ਾਦੀ ਦੇ ਸੰਘਰਸ਼ ਦਾ ਨਾਇਕ ਕਹਿ ਕੇ ਵਡਿਆਇਆ। ਦੇਸ਼ ਵਿੱਚ ਦੀਪਮਾਲਾ ਕੀਤੀ ਗਈ, ਜਲੂਸ ਕੱਢੇ ਗਏ, ਰੈਲੀਆਂ ਕੀਤੀਆਂ ਗਈਆਂ ਅਤੇ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ ਗਿਆ। ਭਾਰੀ ਗਿਣਤੀ ਵਿੱਚ ਲੋਕਾਂ ਨੇ ਇਨ੍ਹਾਂ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਪਰ ਇਨ੍ਹਾਂ ਜਸ਼ਨਾਂ ਤੇ ਰਸਮਾਂ ਵਿੱਚ ਆਜ਼ਾਦੀ ਲਈ ਸੰਘਰਸ਼ ਕਰਨ ਵਾਲਾ ਮਹਾਨਾਇਕ ਸ਼ਾਮਲ ਨਹੀਂ ਸੀ। ਗਾਂਧੀ ਜੀ ਨਾ ਤਾਂ ਦਿੱਲੀ ਗਏ ਅਤੇ ਨਾ ਹੀ ਉਨ੍ਹਾਂ ਨੇ ਆਪਣਾ ਕੋਈ ਸੰਦੇਸ਼ ਭੇਜਿਆ। ਇੱਕ ਪਾਸੇ ਰਾਸ਼ਟਰ ਆਜ਼ਾਦੀ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਸੀ ਜਦਕਿ ਦੂਜੇ ਪਾਸੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਮਹਾਤਮਾ ਗਾਂਧੀ ਉਦਾਸ ਸਨ। ਇਸ ਉਦਾਸੀ ਦਾ ਕਾਰਨ ਉਨ੍ਹਾਂ ਸਾਹਮਣੇ ਉਸ ਆਜ਼ਾਦ ਭਾਰਤ ਦਾ ਨਾ ਹੋਣਾ ਸੀ, ਜਿਸ ਲਈ ਉਨ੍ਹਾਂ ਨੇ ਲੜਾਈ ਲੜੀ ਸੀ।

Advertisement

ਆਜ਼ਾਦੀ ਵਾਲੇ ਦਿਨ ਗਾਂਧੀ ਜੀ ਨੇ ਸਾਰਾ ਦਿਨ ਵਰਤ ਰੱਖਿਆ, ਪ੍ਰਾਰਥਨਾ ਕੀਤੀ ਅਤੇ ਸਾਰਾ ਦਿਨ ਲੋਕਾਂ ਵਿਚਕਾਰ ਰਹਿ ਕੇ ਬਿਤਾਇਆ। ਇਸੇ ਦਿਨ ਪੰਜਾਬ ਤੇ ਕੋਲਕਾਤਾ ਵਿੱਚ ਫਸਾਦ ਸ਼ੁਰੂ ਹੋ ਗਏ। ਇਹ ਸੁਣ ਕੇ ਗਾਂਧੀ ਜੀ ਹੋਰ ਪ੍ਰੇਸ਼ਾਨ ਹੋ ਗਏ। ਕੋਲਕਾਤਾ ’ਚ ਤਣਾਅ ਵਾਲੀ ਸਥਿਤੀ ਨੂੰ ਕਾਬੂ ਕਰਨ ਲਈ ਗਾਂਧੀ ਜੀ ਨਿਰੰਤਰ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹਿੰਸਾ ਰੋਕਣ ਲਈ ਆਪਣਾ ਪ੍ਰਭਾਵ ਵਰਤਿਆ। ਉਨ੍ਹਾਂ ਦੀ ਮੌਜੂਦਗੀ ਅਤੇ ਲਗਾਤਾਰ ਸ਼ਾਂਤੀ ਦੇ ਯਤਨਾਂ ਨੇ ਮਾਹੌਲ ’ਤੇ ਮਹੱਤਵਪੂਰਨ ਪ੍ਰਭਾਵ ਪਾਇਆ। ਉਨ੍ਹਾਂ ਦੀ ਨਜ਼ਰ ਵਿੱਚ ਅਸਲ ਆਜ਼ਾਦੀ ਉਦੋਂ ਸੰਪੂਰਨ ਹੋਣੀ ਸੀ ਜਦੋਂ ਇੱਕ ਮਨੁੱਖ ਦੂਜੇ ਮਨੁੱਖ ਨੂੰ ਧਰਮ ਜਾਂ ਜਾਤ ਦੇ ਆਧਾਰ ’ਤੇ ਆਪਣਾ ਦੁਸ਼ਮਣ ਸਮਝਣਾ ਛੱਡ ਦੇਵੇ। ਮਹਾਤਮਾ ਗਾਂਧੀ ਅਨੁਸਾਰ ਆਜ਼ਾਦੀ ਦਾ ਅਰਥ ਆਪਣੇ ਹੀ ਗੁਆਂਢੀ ਦੇ ਖ਼ੂਨ ਨਾਲ ਹੱਥ ਰੰਗਣਾ ਕਿਸੇ ਵੀ ਸੂਰਤ ਵਿੱਚ ਨਹੀਂ ਸੀ ਹੋ ਸਕਦਾ। ਸਭ ਕੋਸ਼ਿਸ਼ਾਂ ਦੇ ਬਾਵਜੂਦ ਤਣਾਅ ਤੇ ਹਿੰਸਾ ਜਾਰੀ ਰਹੀ ਤੇ ਵੱਡੀ ਗਿਣਤੀ ’ਚ ਹਿੰਦੂ-ਸਿੱਖ ਹਿੰਦੁਸਤਾਨ ਵੱਲ ਆ ਰਹੇ ਸਨ ਜਦਕਿ ਮੁਸਲਮਾਨ ਹਿੰਦੁਸਤਾਨ ਛੱਡ ਕੇ ਪਾਕਿਸਤਾਨ ’ਚ ਦਾਖ਼ਲ ਹੋ ਰਹੇ ਸਨ। ਵੰਡ ਮੌਕੇ ਹੋਈ ਹਿੰਸਾ ਨੇ ਮਨੁੱਖਤਾ ਨੂੰ ਲਹੂ-ਲੁਹਾਨ ਕਰ ਦਿੱਤਾ। ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਦੌਰਾਨ ਹੀ ਵੰਡ ਦੀ ਤ੍ਰਾਸਦੀ ਲੋਕਾਂ ਦੇ ਘਰ ਉਜਾੜ ਰਹੀ ਸੀ। ਭੁੱਖੇ-ਪਿਆਸੇ ਤੇ ਬਿਮਾਰ ਬੱਚੇ, ਔੌਰਤਾਂ ਤੇ ਬਜ਼ੁਰਗ ਨਸਲੀ ਹਮਲਿਆਂ ਨੂੰ ਸਹਿੰਦੇ ਰਸਤਿਆਂ ਵਿੱਚ ਲੁੱਟ-ਖਸੁੱਟ ਦਾ ਸ਼ਿਕਾਰ ਹੋਏ। ਇਹ ਸਭ ਦੇਖ ਕੇ ਗਾਂਧੀ ਜੀ ਦਾ ਮਨ ਰੋ ਉੱਠਿਆ।

Advertisement

ਆਜ਼ਾਦੀ ਵਾਲੇ ਦਿਨ ਇੱਕ ਪਾਸੇ ਲਾਲ ਕਿਲ੍ਹੇ ’ਤੇ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਮਹਾਤਮਾ ਗਾਂਧੀ ਮਨੁੱਖੀ ਦਿਲਾਂ ਵਿੱਚ ਬੁਝ ਰਹੀ ਸਾਂਝ ਦੀ ਜੋਤ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਉਨ੍ਹਾਂ ਲਈ ਰਾਸ਼ਟਰ ਦੀ ਆਜ਼ਾਦੀ ਸਿਰਫ਼ ਰਾਜਨੀਤਕ ਸੱਤਾ ਦੀ ਤਬਦੀਲੀ ਨਹੀਂ ਸੀ ਸਗੋਂ ਉਹ ਅਜਿਹੇ ਭਾਰਤ ਦਾ ਸੁਪਨਾ ਦੇਖਦੇ ਆ ਰਹੇ ਸਨ ਜਿਸ ਵਿੱਚ ਹਰ ਧਰਮ, ਹਰ ਵਰਗ ਅਤੇ ਹਰ ਮਨੁੱਖ ਨੂੰ ਬਰਾਬਰ ਸਨਮਾਨ ਮਿਲੇ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪੈਦਾ ਹੋਏ ਧਰਮ ਆਧਾਰਿਤ ਤਣਾਅ ਨੂੰ ਰੋਕਣ ਲਈ ਗਾਂਧੀ ਜੀ ਨੇ ਮਰਨ ਵਰਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਮਰਨ ਵਰਤ ਕਾਰਨ ਗਾਂਧੀ ਜੀ ਦੀ ਹਾਲਤ ਖ਼ਰਾਬ ਹੋਣ ਲੱਗੀ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਾਰਿਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਅਮਨ ਸਥਾਪਿਤ ਕਰਨ ਦਾ ਭਰੋਸਾ ਦੇਣ ’ਤੇ ਗਾਂਧੀ ਜੀ ਨੇ ਮਰਨ ਵਰਤ ਖ਼ਤਮ ਕੀਤਾ। ਪਰ ਕੁਝ ਲੋਕ ਮਰਨ ਵਰਤ ਅਤੇ ਹੋਰ ਸਖ਼ਤ ਕਦਮਾਂ ਕਾਰਨ ਮਹਾਤਮਾ ਗਾਂਧੀ ਤੋਂ ਨਾਰਾਜ਼ ਸਨ। ਸ਼ਾਇਦ ਇਸੇ ਕਾਰਨ ਪਹਿਲਾਂ ਉਸ ਪ੍ਰਾਰਥਨਾ ਸਭਾ ਵਿੱਚ ਗਾਂਧੀ ਜੀ ਤੋਂ ਕੁਝ ਦੂਰੀ ’ਤੇ ਬੰਬ ਫਟਿਆ, ਜਿਸ ਵਿੱਚ ਉਹ ਰੋਜ਼ਾਨਾ ਸ਼ਿਰਕਤ ਕਰਦੇ ਸਨ ਪਰ ਗਾਂਧੀ ਜੀ ਡਰੇ ਨਹੀਂ ਸਗੋਂ ਪ੍ਰਾਰਥਨਾ ਸਭਾ ਵਿੱਚ ਰੋਜ਼ਾਨਾ ਸ਼ਾਮਲ ਹੋਣ ਲਈ ਅੜੇ ਰਹੇ।

30 ਜਨਵਰੀ 1948 ਨੂੰ ਜਦੋਂ ਗਾਂਧੀ ਜੀ ਪ੍ਰਾਰਥਨਾ ਸਭਾ ਵਿੱਚ ਸ਼ਾਮਿਲ ਹੋਣ ਲਈ ਆਪਣੀਆਂ ਭਤੀਜੀਆਂ ਆਭਾ ਤੇ ਮੰਨੂ ਦੇ ਮੋਢਿਆਂ ਦਾ ਸਹਾਰਾ ਲੈ ਕੇ ਪਹੁੰਚੇ ਤਾਂ ਇੱਕ ਵਿਅਕਤੀ ਕਾਹਲੀ-ਕਾਹਲੀ ਉਨ੍ਹਾਂ ਵੱਲ ਵਧਿਆ ਅਤੇ ਸਿਰ ਝੁਕਾਉਣ ਦਾ ਦਿਖਾਵਾ ਕਰਦਿਆਂ ਹੀ ਪਿਸਤੌਲ ਨਾਲ ਤਿੰਨ ਗੋਲੀਆਂ ਗਾਂਧੀ ਜੀ ’ਤੇ ਚਲਾਈਆਂ। ਗੋਲੀ ਲੱਗਣ ਕਾਰਨ ਗਾਂਧੀ ਜੀ ਥਾਂ ’ਤੇ ਹੀ ਢੇਰੀ ਹੋ ਗਏ ਅਤੇ ਸੰਸਾਰ ਤੋਂ ਕੂਚ ਕਰ ਗਏ। ਅੱਜ ਵੀ ਜਦੋਂ 15 ਅਗਸਤ ਵਾਲੇ ਦਿਨ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ ਤਾਂ ਇੱਕ ਗੁੱਝਾ ਸਵਾਲ ਹਰ ਦੇਸ਼ ਵਾਸੀ ਦੇ ਮਨ ਵਿੱਚ ਉੱਭਰਦਾ ਹੈ ਕਿ ‘ਕੀ ਸਿਰਫ਼ ਸਰਹੱਦਾਂ ਅਤੇ ਹਕੂਮਤਾਂ ਬਦਲ ਜਾਣ ਨਾਲ ਮਨੁੱਖ ਸੱਚਮੁੱਚ ਆਜ਼ਾਦ ਹੋ ਜਾਂਦਾ ਹੈ?’ ਹਰ ਸਾਲ ਮਨਾਏ ਜਾਂਦੇ ਆਜ਼ਾਦੀ ਦੇ ਜਸ਼ਨਾਂ ਦੀ ਹਰ ਝਲਕ ਸਾਨੂੰ ਇਤਿਹਾਸ ਦਾ ਇੱਕ ਵੱਖਰਾ ਚਿਹਰਾ ਦਿਖਾਉਂਦੀ ਹੈ। ਆਜ਼ਾਦੀ ਦੇ ਜਸ਼ਨ ਦੀਆਂ ਤਸਵੀਰਾਂ ਵਿੱਚ ਤਿਰੰਗਾ, ਭੀੜ ਅਤੇ ਖੁਸ਼ੀਆਂ ਨਜ਼ਰ ਆਉਂਦੀਆਂ ਹਨ ਪਰ ਗਾਂਧੀ ਦੀ ਤਸਵੀਰ ਸਾਨੂੰ ਉਸ ਸਮੇਂ ਦੀ ਹਿੰਸਾ ਤੇ ਵੰਡ ਦੇ ਜ਼ਖ਼ਮ ਵੀ ਦਿਖਾਉਂਦੀ ਹੈ, ਜਿਨ੍ਹਾਂ ਨੂੰ ਕੋਈ ਵੀ ਭਰ ਨਹੀਂ ਸਕਿਆ।

ਇਸੇ ਲਈ ਦੇਸ਼ ਦੀ ਆਜ਼ਾਦੀ, ਏਕਤਾ ਤੇ ਅਖੰਡਤਾ ਵਿੱਚ ਗਾਂਧੀ ਜੀ ਦੀ ਭੂਮਿਕਾ ਨੂੰ ਯਾਦ ਕਰਨਾ ਕਾਫ਼ੀ ਨਹੀਂ ਹੈ ਸਗੋਂ ਆਜ਼ਾਦੀ ਦੇ ਅਸਲ ਮਨੋਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਵੀ ਜ਼ਰੂਰੀ ਹੈ। ਆਜ਼ਾਦੀ ਸਿਰਫ਼ ਬਾਹਰੀ ਗੁਲਾਮੀ ਤੋਂ ਮੁਕਤੀ ਨਹੀਂ ਸਗੋਂ ਇਹ ਨਫ਼ਰਤ, ਹਿੰਸਾ, ਡਰ, ਭੇਦ-ਭਾਵ ਅਤੇ ਮਨੁੱਖ ਨੂੰ ਮਨੁੱਖ ਤੋਂ ਵੱਖ ਕਰਨ ਵਾਲੀ ਸੋਚ ਤੋਂ ਮੁਕਤੀ ਵੀ ਹੈ। ਅੱਜ ਵੀ ਮਹਾਤਮਾ ਗਾਂਧੀ ਦੀ ਤਸਵੀਰ ਸਾਨੂੰ ਪੁੱਛਦੀ ਹੈ ਕਿ ਆਜ਼ਾਦੀ ਦੀ ਵਿਰਾਸਤ ਨੂੰ ਦੇਸ਼ ਨੇ ਕਿੰਨਾ ਕੁ ਸਮਝਿਆ ਹੈ। ਸ਼ਾਇਦ ਮਹਾਤਮਾ ਗਾਂਧੀ ਲਈ ਸਭ ਤੋਂ ਵੱਡਾ ਜਸ਼ਨ ਉਸ ਦਿਨ ਹੋਵੇਗਾ, ਜਿਸ ਦਿਨ ਕਿਸੇ ਵੀ ਭਾਰਤੀ ਨੂੰ ਆਪਣੇ ਹੀ ਦੇਸ਼ ਵਿੱਚ ਆਪਣੇ ਧਰਮ ਜਾਂ ਪਛਾਣ ਕਰਕੇ ਡਰਨਾ ਨਹੀਂ ਪਵੇਗਾ, ਗੁਆਂਢੀ ਹੀ ਗੁਆਂਢੀ ਦਾ ਦੁਸ਼ਮਣ ਨਹੀਂ ਹੋਵੇਗਾ ਅਤੇ ਮਨੁੱਖਤਾ ਹਰ ਪਛਾਣ ਤੋਂ ਉੱਪਰ ਹੋਵੇਗੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸੋਚ ਵਾਲੇ ਭਾਰਤ ਦੇਸ਼ ਤੇ ਸਮਾਜ ਦਾ ਨਿਰਮਾਣ ਕਰਨ ਲਈ ਅੱਜ ਵੀ ਠੋਸ ਯਤਨਾਂ ਦੀ ਲੋੜ ਹੈ। ਇਹ ਯਤਨ ਹੀ ਅਸਲ ਆਜ਼ਾਦ ਭਾਰਤ ਦੀ ਨੀਂਹ ਰੱਖ ਸਕਦੇ ਹਨ। ਅੱਜ ਜਦੋਂ ਦੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਜਿਹੇ ਸਮੇਂ ਮਹਾਤਮਾ ਗਾਂਧੀ ਦੀ ਸੋਚ ’ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਹੀ ਉਨ੍ਹਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

ਸੰਪਰਕ: 98140-44995

Advertisement
×