ਕੰਧੜੀ ਉੱਗਿਆ ਫੁੱਲ ਤੱਕਦਿਆਂ
ਸਾਡੇ ਆਲੇ-ਦੁਆਲੇ ਬਹੁਤ ਚੰਗਾ-ਚੰਗਾ ਵਾਪਰਦਾ ਹੈ। ਅਸੀਂ ਕਦੇ ਉਸ ਵੱਲ ਨਿਹਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇਹ ਵੀ ਸੱਚ ਹੈ ਕਿ ਸਾਡੇ ਸਮਾਜ ਵਿੱਚ ਬਹੁਤ ਕੁਝ ਮੰਦਾ ਵੀ ਵਾਪਰਦਾ ਹੈ। ਆਪੋ-ਆਪਣੀ ਤੱਕਣ ਦੀ, ਘੋਖਣ ਦੀ ਦ੍ਰਿਸ਼ਟੀ ਹੈ। ਅਸਲ ਵਿੱਚ ਦ੍ਰਿਸ਼ਟੀ...
ਸਾਡੇ ਆਲੇ-ਦੁਆਲੇ ਬਹੁਤ ਚੰਗਾ-ਚੰਗਾ ਵਾਪਰਦਾ ਹੈ। ਅਸੀਂ ਕਦੇ ਉਸ ਵੱਲ ਨਿਹਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇਹ ਵੀ ਸੱਚ ਹੈ ਕਿ ਸਾਡੇ ਸਮਾਜ ਵਿੱਚ ਬਹੁਤ ਕੁਝ ਮੰਦਾ ਵੀ ਵਾਪਰਦਾ ਹੈ। ਆਪੋ-ਆਪਣੀ ਤੱਕਣ ਦੀ, ਘੋਖਣ ਦੀ ਦ੍ਰਿਸ਼ਟੀ ਹੈ। ਅਸਲ ਵਿੱਚ ਦ੍ਰਿਸ਼ਟੀ ਮਨੁੱਖ ਦੀ ਬੜੀ ਵਿਕਸਿਤ ਸੂਝ ਹੁੰਦੀ ਹੈ। ਇੱਕ ਬੁੱਧੀਜੀਵੀ ਨੇ ਚਿੱਤਰਕਾਰ ਸੋਭਾ ਸਿੰਘ ਨੂੰ ਸਵਾਲ ਕੀਤਾ ਕਿ ਤੁਸੀਂ ਸਮਾਜ ਵਿੱਚ ਹੋਣ ਵਾਲੀਆਂ ਦੁਖਾਂਤਕ ਤੇ ਕਰੁਣਾਮਈ ਘਟਨਾਵਾਂ ਦੇ ਚਿੱਤਰ ਕਿਉਂ ਨਹੀਂ ਬਣਾਉਂਦੇ? ਜਵਾਬ ਬੜਾ ਸਪੱਸ਼ਟ ਸੀ: “ਸਮਾਜ ਪਹਿਲਾਂ ਵੀ ਪੀੜਤ ਹੈ। ਮੈਂ ਸਮਾਜ ਨੂੰ ਸੁੰਦਰ ਤੇ ਸਕੂਨ ਦੇਣ ਵਾਲੀਆਂ ਮੂਰਤਾਂ ਬਣਾਉਣ ਦਾ ਆਸ਼ਕ ਹਾਂ। ਭਾਵੇਂ ਇਹ ਜੀਵਨ ਦਾ ਸੱਚ ਹੈ, ਪਰ ਮੈਨੂੰ ਦੁਖਾਂਤ ਚਿਤਰਨਾ ਔਖਾ ਲੱਗਦਾ ਏ। ਬਤੌਰ ਚਿੱਤਰਕਾਰ ਮੈਂ ਸਮਾਜ ਨੂੰ ਮੁਹੱਬਤ ਅਤੇ ਸੁੰਦਰਤਾ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ। ਲੋਕਾਂ ਨੂੰ ਮੇਰੀਆਂ ਮੂਰਤਾਂ ਵੇਖ ਕੇ ਖ਼ੁਸ਼ੀ ਤੇ ਖੇੜਾ ਮਿਲੇ।”
ਆਪੋ-ਆਪਣੀ ਦ੍ਰਿਸ਼ਟੀ ਵੱਖਰਾ ਸੰਸਾਰ ਸਿਰਜਦੀ ਹੈ। ਕੋਈ ਕਿਸੇ ਵਰਗਾ ਹੋ ਹੀ ਨਹੀਂ ਸਕਦਾ। ਵੰਨ-ਸੁਵੰਨਤਾ ਕੁਦਰਤ ’ਚੋਂ ਮਾਣੀ ਜਾ ਸਕਦੀ ਹੈ। ਕੋਈ ਸਤਰੰਗੀ ਪੀਂਘ ਵੇਖ ਕੇ ਖਿੜ ਉੱਠਦਾ ਤੇ ਕੁਦਰਤ ਦੇ ਰੰਗਾਂ ਤੋਂ ਬਲਿਹਾਰੇ ਹੋ ਉੱਠਦਾ ਹੈ। ਕਿਸੇ ਨੂੰ ਚੰਨ-ਚਾਨਣੀ ਰਾਤ ਮੋਹ ਲੈਂਦੀ ਹੈ। ਕਪਟ ਕਰਨ ਵਾਲਿਆਂ ਲਈ ਮੱਸਿਆ ਦੀ ਰਾਤ ਮਸਾਂ ਆਉਂਦੀ ਏ। ਕਿਸੇ ਨੂੰ ਪੁੱਛਿਆ, ‘‘ਗਲਾਸ ’ਚ ਅੱਧੇ ਹਿੱਸੇ ’ਚ ਪਾਣੀ ਹੈ। ਕੀ ਕਹੋਗੇ?’’ ਉਸ ਨੇ ਉੱਤਰ ਦਿੱਤਾ, ‘‘ਅੱਧਾ ਗਲਾਸ ਖਾਲੀ ਹੈ।’’ ਕਿਸੇ ਹੋਰ ਨੂੰ ਖਾਲੀ ਪਏ ਗਲਾਸ ਬਾਰੇ ਪੁੱਛਿਆ। ਉਸ ਉੱਤਰ ਦਿੱਤਾ, ‘‘ਅੱੱਧਾ ਗਲਾਸ ਹਵਾ ਨਾਲ ਭਰਿਆ ਹੋਇਆ ਹੈ।’’ ਇਹ ਹੈ ਆਪੋ-ਆਪਣੀ ਸੋਚਣ ਦੀ ਦ੍ਰਿਸ਼ਟੀ। ਆਸ਼ਾਵਾਦੀ ਮਨੁੱਖ ਖ਼ੁਸ਼ ਰਹਿੰਦਾ ਤੇ ਆਪਣੇ ਸੁਪਨੇ ਸਾਕਾਰ ਕਰਨ ਵਿੱਚ ਸਫਲ ਹੁੰਦਾ ਹੈ। ਮੈਨੂੰ ਆਪਣੇ ਪਿਤਾ ਜੀ ਦੇ ਪੜ੍ਹਾਉਣ ਦੀ ਵਿਧੀ ਚੇਤੇ ਆਉਂਦੀ ਏ। ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹੁੰਦੇ ਸਨ। ਅੰਗਰੇਜ਼ੀ ਪੜ੍ਹਾਉਣ ’ਚ ਬਹੁਤ ਕਾਬਲ। ਉਨ੍ਹਾਂ ਨੇ ਸਾਨੂੰ ਲਿਖਣ ਵਾਲੀ ਕਾਪੀ ਦੇ ਖੱਬੇ ਹੱਥ ਲਿਖਵਾਉਣਾ: “ਅੱਗੇ ਤੋਂ ਚੰਗਾ।” ਬੱਚੇ ਨੂੰ ਇਹ ਅਹਿਸਾਸ ਕਰਾਉਣਾ ਕਿ ਪਹਿਲਾਂ ਨਾਲੋਂ ਲਿਖਤ ਸੁੰਦਰ ਲਿਖਣੀ ਹੈ। ਇਹ ਉਨ੍ਹਾਂ ਦੀ ਦ੍ਰਿਸ਼ਟੀ ਦਾ ਕਮਾਲ ਸੀ। ਏਦਾਂ ਹੀ ਮੈਨੂੰ ਡਰਾਇੰਗ ਅਧਿਆਪਕ ਕਰਤਾਰ ਸਿੰਘ ਸੁਮੇਰ ਦੀ ਅਧਿਆਪਨ ਵਿਧੀ ਯਾਦ ਆਉਂਦੀ ਹੈ। ਉਹ ਡਰਾਇੰਗ ਪੜ੍ਹਾਉਣ ’ਚ ਬਹੁਤ ਮਾਹਿਰ ਸਨ ਅਤੇ ਉਨ੍ਹਾਂ ਦੇ ਬਣਾਏ ਚਿੱਤਰ ਵੀ ਬਹੁਤ ਸਲਾਹੇ ਜਾਂਦੇ। ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ਵੀ ਛਪਿਆ ਸੀ, ਜਿਸ ਵਿੱਚ ਕਵਿਤਾਵਾਂ ਦੇ ਨਾਲ-ਨਾਲ ਖ਼ੂਬਸੂਰਤ ਢੁਕਵੇਂ ਚਿੱਤਰੇ ਵੀ ਸਨ। ਸ਼ਾਇਦ ਕਾਵਿ-ਸੰਗ੍ਰਹਿ ਦਾ ਨਾਂ ਸੀ ‘ਬੰਦ ਦਰਵਾਜ਼ਾ’। ਜਦੋਂ ਵਿਦਿਆਰਥੀ ਨੇ ਆਪਣੀ ਕੋਈ ਚਿੱਤਰਕਾਰੀ ਉਨ੍ਹਾਂ ਨੂੰ ਵਿਖਾਉਣੀ ਤਾਂ ਉਹ ਆਖਦੇ, “ਅੱਛਾ, ਤੂੰ ਇਹ ਆਪ ਬਣਾਇਐ! ਬਹੁਤ ਕਮਾਲ ਹੈ। ਲੈ ਇਸ ਨੂੰ ਹੋਰ ਸੁੰਦਰ ਬਣਾਈਏ।’’ ਫਿਰ ਉਨ੍ਹਾਂ ਨੇ ਬੱਚੇ ਦੇ ਬਣਾਏ ਚਿੱਤਰ ਨੂੰ ਆਪਣੀ ਪੈਨਸਿਲ ਨਾਲ ਸੋਧ ਦੇਣਾ। “ਹੁਣ ਦੱਸ ਕਿਹੜਾ ਚੰਗਾ ਹੈ।” ਬੱਚੇ ਨੇ ਖ਼ੁਸ਼ ਹੋ ਜਾਣਾ ਤੇ ਅੱਗੋਂ ਹੋਰ ਸੁੰਦਰ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਨੀ। ਇਹ ਉਸਾਰੂ ਤੇ ਉਤਸ਼ਾਹਿਤ ਕਰਨ ਵਾਲੀ ਦ੍ਰਿਸ਼ਟੀ ਮਨੁੱਖ ਨੂੰ ਅੱਗੇ-ਅੱਗੇ ਤੋਰਦੀ ਹੈ। ਉਂਝ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਜਿਹੋ ਜਿਹਾ ਸੋਚੋਗੇ, ਤਿਹੋ ਜਿਹਾ ਹੋਵੇਗਾ। ਸਿਆਣਿਆਂ ਦਾ ਕਹਿਣਾ: ਭਾਈ, ਮੂੰਹੋਂ ਚੰਗੇ ਸ਼ਬਦ ਕੱਢੋ, ਪਤਾ ਨਹੀਂ ਤੁਹਾਡੇ ਬੋਲ ਰੱਬ ਨੂੰ ਕਦੋਂ ਪ੍ਰਵਾਨ ਹੋ ਜਾਣੇ ਨੇ। ਦਰਅਸਲ, ਗੱਲ ਤਾਂ ਚੰਗੀ ਵਿਚਾਰਧਾਰਾ ਗ੍ਰਹਿਣ ਕਰਨ ਦੀ ਹੈ। ਚੰਗਾ ਸੋਚਣ ਅਤੇ ਚੰਗਾ ਬੋਲਣ ਵਾਲੀ ਦ੍ਰਿਸ਼ਟੀ ਅਪਣਾਉਣ ਨਾਲ ਸਮਾਜ ਦੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ। ਕਈ ਵਾਰ ਸਮੱਸਿਆਵਾਂ ਏਨੀਆਂ ਮੁਸ਼ਕਿਲ ਨਹੀਂ ਹੁੰਦੀਆਂ ਕਿ ਉਹ ਹੱਲ ਨਾ ਹੋਵਣ। ਮਨੁੱਖ ਨੇ ਔਕੜਾਂ ਆਪ ਸਹੇੜੀਆਂ ਹੁੰਦੀਆਂ ਨੇ। ਕਿਸੇ ਵੀ ਮਸਲੇ ਨੂੰ ਹੱਲ ਕਰਨ ਤੋਂ ਪਹਿਲਾਂ ਦੂਜੀ ਧਿਰ ਨੂੰ ਸੁਣਨਾ ਵੀ ਜ਼ਰੂਰੀ ਹੈ। ਮਸਲੇ ਸਹਿਜ ਰਿਹਾਂ ਹੀ ਹੱਲ ਹੁੰਦੇ ਹਨ, ਝਗੜ ਕੇ ਨਹੀਂ। ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ: “ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।”
ਗੱਲ ਤਾਂ ਕੰਧੜੀ ’ਚ ਉੱਗੇ ਫੁੱਲ ਦੀ ਕਰਨੀ ਸੀ। ਗਮਲਿਆਂ ਜਾਂ ਕਿਆਰੀਆਂ ’ਚ ਫੁੱਲ-ਬੂਟੇ ਹਰ ਕੋਈ ਲਾਉਂਦਾ ਹੈ। ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਖਿੜੇ ਫੁੱਲਾਂ ਦੀ ਸੁੰਦਰਤਾ ਤੇ ਸੁਗੰਧ ਹਰ ਕਿਸੇ ਨੂੰ ਭਾਉਂਦੀ ਹੈ। ਵੇਖ ਕੇ ਪ੍ਰਕਿਰਤੀ ਨਾਲ ਮੋਹ ਜਾਗਦਾ ਹੈ। ਹਰ ਕਿਸੇ ਨੂੰ ਆਪਣੇ ਲਗਾਏ ਫੁੱਲ-ਬੂਟਿਆਂ ਨਾਲ ਲਗਾਅ ਹੋਣਾ ਕੁਦਰਤੀ ਹੈ। ਗੱਲ ਆਪਣੇ ਆਲੇ-ਦੁਆਲੇ ’ਚੋਂ ਸੁੰਦਰਤਾ ਲੱਭਣ ਦੀ ਹੈ। ਅਚਾਨਕ ਇੱਕ ਦਿਨ ਆਪਣੇ ਘਰ ਦੀ ਕੰਧੜੀ (ਕੰਧ) ਦੇ ਇੱਕ ਨੁੱਕਰੇ, ਮੈਂ ਇੱਕ ਬੂਟੇ ਦੇ ਫੁੱਲ ਖਿੜੇ ਵੇਖ ਕੇ ਬਹੁਤ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ। ਇਹ ਫੁੱਲਾਂ ਦਾ ਬੂਟਾ ਆਪਣੇ-ਆਪ ਖਿੜਿਆ ਹੋਇਆ, ਆਪਣੀ ਹੋਂਦ ਨਾਲ ਟਹਿਕ ਰਿਹਾ ਸੀ। ਕਿਸੇ ਨੇ ਇਸ ਨੂੰ ਬੀਜਿਆ ਨਹੀਂ ਸੀ। ਪੱਕੀ ਇੱਟਾਂ ਦੀ ਕੰਧ ’ਚੋਂ ਕਿਵੇਂ ਉੱਗਿਆ, ਇੱਕ ਪ੍ਰਸ਼ਨ ਪੈਦਾ ਕਰ ਰਿਹਾ ਸੀ। ਇਸ ਨੂੰ ਕਿਸੇ ਨੇ ਪਾਣੀ ਵੀ ਨਹੀਂ ਲਾਇਆ। ਇਹ ਕੁਦਰਤ ਵੱਲੋਂ ਹੀ ਪੈਦਾ ਹੋਇਆ। ਇਸ ਫੁੱਲ-ਬੂਟੇ ਦਾ ਬੀਜ ਕੰਧੜੀ ’ਚੋਂ ਕਿਵੇਂ ਉੱਗਿਆ। ਮੈਨੂੰ ਖੇਤੀਬਾੜੀ ਵਿਸ਼ੇ ਦਾ ਪੜ੍ਹਿਆ ਚੇਤੇ ਆਇਆ ਕਿ ਬੀਜ ਖਿੰਡ-ਖਿੰਡ ਕੇ ਇੱਕ ਥਾਂ ਤੋਂ ਦੂਜੀਆਂ ਥਾਵਾਂ ’ਤੇ ਕਿਵੇਂ ਉੱਗਦੇ ਹਨ? ਕੁਝ ਬੀਜ ਮਨੁੱਖ ਬੀਜਦਾ, ਕੁਝ ਬੀਜ ਪੰਛੀ ਰੁੱਖਾਂ ਦੇ ਫਲ ਖਾਂਦੇ ਤੇ ਆਪਣੀਆਂ ਬਿੱਠਾਂ ਰਾਹੀਂ ਉਗਾਉਣ ’ਚ ਸਹਾਇਤਾ ਕਰਦੇ ਹਨ, ਜਿਵੇਂ ਪਿੱਪਲ ਜਾਂ ਬੋਹੜ ਦੇ ਬਾਟਿਆਂ (ਫਲ) ਨੂੰ ਖਾ ਕੇ ਵੱਖ-ਵੱਖ ਥਾਵਾਂ ’ਤੇ ਬਿੱਠਾਂ ਕਰਦੇ ਤੇ ਉੱਥੇ ਪਿੱਪਲ, ਬੋਹੜ ਜਾਂ ਕਿਸੇ ਹੋਰ ਰੁੱਖ ਦੇ ਬੀਜ ਉੱਗ ਕੇ ਰੁੱਖ ਬਣ ਜਾਂਦੇ। ਕੁਦਰਤੀ ਉੱਗੇ ਰੁੱਖ ਜਾਂ ਜੰਗਲ ਇਸ ਸਿਰਜਣ ਪ੍ਰਕਿਰੀਆ ਦੀ ਮਿਸਾਲ ਹਨ। ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਬੀਜ ਹਵਾ ’ਚ ਉੱਡ ਕੇ ਦੂਜੀਆਂ ਥਾਵਾਂ ’ਤੇ ਪੁੱਜ ਜਾਂਦੇ ਅਤੇ ਸਮਾਂ ਪਾ ਕੇ ਉੱਗ ਜਾਂਦੇ ਹਨ। ਕੰਧੜੀ ’ਚੋਂ ਉੱਗਿਆ ਇਹ ਫੁੱਲ-ਬੂਟਾ ਇੰਝ ਹੀ ਉੱਗਿਆ ਹੋਵੇਗਾ, ਮੈਂ ਸੋਚਣ ਲਗਦਾ ਹਾਂ। ਕੁਝ ਪਸ਼ੂ ਵੀ ਇੰਝ ਬੀਜ ਬਿਖੇਰਨ ’ਚ ਮਦਦ ਕਰਦੇ ਹਨ, ਉਨ੍ਹਾਂ ਦੇ ਮਲ-ਮੂਤਰ ਰਾਹੀਂ ਅਣਪਚੇ ਬੀਜ ਵੱਖ-ਵੱਖ ਥਾਵਾਂ ’ਤੇ ਪੁੱਜ ਜਾਂਦੇ ਹਨ। ਇੰਝ ਬੀਜਾਂ ਦੇ ਉੱਗਣ ਵਿੱਚ ਕਾਇਨਾਤ ’ਚ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਹ ਕਰਤਾਰੀ ਕ੍ਰਿਸ਼ਮਾ ਬੜਾ ਅਦਭੁੱਤ ਹੈ। ਬਾਰਸ਼ ਜਾਂ ਹੜ੍ਹਾਂ ਦੇ ਨਾਲ ਵੀ ਬੀਜ ਰੁੜ੍ਹ ਕੇ ਨਵੀਆਂ ਥਾਵਾਂ ’ਤੇ ਉੱਗ ਜਾਂਦੇ ਹਨ। ਕੁਦਰਤੀ ਤਬਦੀਲੀਆਂ ਰੁੱਖ-ਬੂਟਿਆਂ ਦੇ ਬੀਜਾਂ ਨੂੰ ਵੱਖੋ-ਵੱਖ ਥਾਵਾਂ ’ਤੇ ਪਹੁੰਚਾਉਣ ਵਿੱਚ ਸਹਾਈ ਹੁੰਦੀਆਂ ਹਨ। ਅਣਗੌਲੇ ਖੂਹਾਂ ਤੇ ਖੰਡਰ ਇਮਾਰਤਾਂ ’ਚ ਉੱਗੇ ਰੁੱਖ ਵੇਖੇ ਜਾ ਸਕਦੇ ਹਨ। ਕੁਦਰਤ ਦੀ ਇਹ ਲੀਲ੍ਹਾ ਅਪਰੰਪਾਰ ਹੈ। ਉਗਵਣ ਤੇ ਬਿਨਸਣ ਦਾ ਸਿਲਸਿਲਾ ਆਦਿ-ਕਾਲ ਤੋਂ ਚਲਦਾ ਆ ਰਿਹਾ ਹੈ। ਸੁੰਦਰਤਾ ਦੇ ਦ੍ਰਿਸ਼ ਮਾਣਨਾ ਕੁਦਰਤ ਨੂੰ ਪ੍ਰੇਮ ਕਰਨਾ ਹੈ। ਕੰਧੜੀ ’ਚ ਉੱਗਿਆ ਫੁੱਲ ਮੈਨੂੰ ਕੁਦਰਤ ਦੇ ਬਲਿਹਾਰੇ ਜਾਣ ਦਾ ਸੁਨੇਹਾ ਦੇਂਦਾ ਜਾਪਣ ਲੱਗਦਾ ਹੈ।
ਸੰਪਰਕ: 98151-23900

