DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਜਲੀ ਬੋਰਡ ਜ਼ਿੰਦਾਬਾਦ...!

ਸਾਲ 2004 ਵਿੱਚ ਮੈਂ ਬਤੌਰ ਐੱਸ ਡੀ ਓ ਮਹਿਲਾਂ ਚੌਕ ਸਬ-ਡਿਵੀਜ਼ਨ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਸਾਂ। ਜਦੋਂ ਮੈਂ ਇਸ ਦਫ਼ਤਰ ’ਚ ਜੁਆਇਨ ਕੀਤਾ ਤਾਂ ਜੀਰੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸੀ। ਝੋਨੇ ਦਾ ਸੀਜ਼ਨ ਕਿਸਾਨਾਂ ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ...

  • fb
  • twitter
  • whatsapp
  • whatsapp
Advertisement

ਸਾਲ 2004 ਵਿੱਚ ਮੈਂ ਬਤੌਰ ਐੱਸ ਡੀ ਓ ਮਹਿਲਾਂ ਚੌਕ ਸਬ-ਡਿਵੀਜ਼ਨ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਸਾਂ। ਜਦੋਂ ਮੈਂ ਇਸ ਦਫ਼ਤਰ ’ਚ ਜੁਆਇਨ ਕੀਤਾ ਤਾਂ ਜੀਰੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸੀ। ਝੋਨੇ ਦਾ ਸੀਜ਼ਨ ਕਿਸਾਨਾਂ ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਬਹੁਤ ਚੁਣੌਤੀਪੂਰਨ ਹੁੰਦਾ ਹੈ। ਕਹਿਰ ਦੀ ਗਰਮੀ ਵਿੱਚ ਪਿੰਡਾਂ ’ਚ ਬਿਜਲੀ ਦੇਣੀ ਅਤੇ ਹਰ ਇੱਕ ਖੇਤ ਵਿੱਚ ਬਿਜਲੀ ਪਹੁੰਚਦੀ ਕਰਨੀ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮਿਲਦੀ ਹੈ। ਆਮ ਤੌਰ ’ਤੇ ਬਿਜਲੀਘਰ ਦੋ ਜਾਂ ਤਿੰਨ ਗਰੁੱਪਾਂ ਵਿੱਚ ਅੱਠ-ਅੱਠ ਘੰਟੇ ਬਿਜਲੀ ਦਿੰਦੇ ਹਨ। ਜੇਕਰ ਕੋਈ ਗਰਿੱਡ ਤਿੰਨ ਗਰੁੱਪਾਂ ਵਿੱਚ ਚੱਲ ਰਿਹਾ ਹੈ ਤਾਂ ਅੱਠ ਘੰਟੇ ਪਹਿਲਾਂ, ਅੱਠ ਘੰਟੇ ਬਾਅਦ ਵਿੱਚ ਅਤੇ ਅੱਠ ਘੰਟੇ ਅੰਤ ’ਚ ਕਿਸਾਨਾਂ ਨੂੰ ਬਿਜਲੀ ਦਿੰਦਾ ਹੈ। ਬਿਜਲੀ ਲਾਈਨਾਂ ਅਤੇ ਗਰਿੱਡ 24 ਘੰਟੇ ਪੂਰੀ ਸਮਰੱਥਾ ਨਾਲ ਕੰਮ ਕਰਦੇ ਹਨ। ਅਜੋਕੇ ਦੌਰ ’ਚ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਬਹੁਤ ਥੋੜ੍ਹੇ ਅਮਲੇ ਨਾਲ ਕੰਮ ਚਲਾਉਣਾ ਪੈ ਰਿਹਾ ਹੈ, ਜਿਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਕਰਮਚਾਰੀ ਅਤੇ ਅਧਿਕਾਰੀ ਬਹੁਤ ਦਬਾਅ ਵਿੱਚ ਹੁੰਦੇ ਹਨ। ਖ਼ੈਰ, ਮੈਨੂੰ ਵੀ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਬਿਜਲੀ ਦੀਆਂ ਕੁਝ ਲਾਈਨਾਂ ਦਾ ਓਵਰਲੋਡ ਹੋਣਾ ਵੀ ਸ਼ਾਮਿਲ ਸੀ। ਹਾਲਾਂਕਿ ਕੁਝ ਲਾਈਨਾਂ ਦਾ ਕੰਮ ਮੇਰੇ ਆਉਣ ਤੋਂ ਪਹਿਲਾਂ ਦਾ ਚੱਲ ਰਿਹਾ ਸੀ ਅਤੇ ਕੁਝ ਦਾ ਮੈਂ ਆ ਕੇ ਸ਼ੁਰੂ ਕਰਵਾਇਆ। ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜ ਗਿਆ ਤਾਂ ਚਾਰੇ ਪਾਸੇ ਬਿਜਲੀ ਦੀ ਮੰਗ ਵਧ ਗਈ। ਉਸ ਸਾਲ ਬਹੁਤ ਗਰਮੀ ਪੈ ਰਹੀ ਸੀ ਅਤੇ ਝੋਨੇ ਦੀ ਲੁਆਈ ਨੇ ਬਿਜਲੀ ਦੀ ਮੰਗ ਇਕਦਮ ਵਧਾ ਦਿੱਤੀ। ਇੱਕ ਪਾਸੇ ਖੇਤਾਂ ਵਿੱਚ ਮੋਟਰਾਂ ਦਾ ਲੋਡ ਅਤੇ ਦੂਜੇ ਪਾਸੇ ਘਰੇਲੂ ਖ਼ਪਤਕਾਰਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਕਾਰਨ ਮੈਂ ਦਬਾਅ ਵਿੱਚ ਸਾਂ।

ਇੱਕ ਦਿਨ ਮੇਰੇ ਪਾਸ ਮਹਿਲਾਂ ਚੌਕ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਸੱਜਣ ਆਏ। ਮੈਂ ਦੁਪਹਿਰ ਦਾ ਖਾਣਾ ਖਾਣ ਹੀ ਲੱਗਾ ਸੀ ਕਿ ਸਰਪੰਚ ਹੋਰੀਂ ਮੇਰੇ ਕਮਰੇ ਵਿੱਚ ਆ ਗਏ। ਸੇਵਾਦਾਰ ਨੂੰ ਹਦਾਇਤ ਸੀ ਕਿ ਮੇਰੇ ਕਮਰੇ ਵਿੱਚ ਆਉਣ ਲੱਗਿਆਂ ਕਿਸੇ ਨੂੰ ਰੋਕਣਾ ਨਹੀਂ। ਮੈਂ ਸਰਪੰਚ ਅਤੇ ਹੋਰ ਸੱਜਣਾਂ ਨੂੰ ਦਫਤਰ ਵਿੱਚ ਜੀ ਆਇਆਂ ਆਖਿਆ। ਮੈਂ ਸਰਪੰਚ ਨੂੰ ਪੁੱਛਿਆ, ‘‘ਦੱਸੋ ਜੀ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਅਤੇ ਕੀ ਦਿੱਕਤ ਹੈ?’’ ਸਰਪੰਚ ਨੇ ਭਰੇ ਮਨ ਨਾਲ ਕਿਹਾ, ‘‘ਐੱਸ ਡੀ ਓ ਸਾਬ੍ਹ, ਅਸੀਂ ਮਾਰੇ ਜਾਵਾਂਗੇ, ਸਾਡਾ ਬਹੁਤ ਨੁਕਸਾਨ ਹੋ ਜਾਵੇਗਾ।’’ ਮੈਂ ਫਿਰ ਪੁੱਛਿਆ, ‘‘ਸਰਪੰਚ ਸਾਬ੍ਹ, ਦੱਸੋ ਤਾਂ ਸਹੀ ਗੱਲ ਕੀ ਹੋਈ?’’ ਸਰਪੰਚ ਹੋਰਾਂ ਨੇ ਦੱਸਿਆ, ‘‘ਸਾਡੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਲਾਈਨ ਓਵਰਲੋਡ ਹੈ ਅਤੇ ਉਹ ਚੱਲ ਨਹੀਂ ਰਹੀ, ਜਿਸ ਕਰਕੇ ਅਸੀਂ ਸਾਰੇ ਪ੍ਰੇਸ਼ਾਨ ਹਾਂ ਕਿਉਂਕਿ ਸਾਡੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।’’ ਮੈਂ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਸੇਵਾਦਾਰ ਨੂੰ ਪਹਿਲਾਂ ਪਾਣੀ ਤੇ ਫਿਰ ਚਾਹ ਪਿਲਾਉਣ ਲਈ ਕਿਹਾ। ਮੈਂ ਆਪਣੀ ਰੋਟੀ ਵਾਲਾ ਡੱਬਾ ਇੱਕ ਪਾਸੇ ਰੱਖ ਦਿੱਤਾ। ਸਰਪੰਚ ਅਤੇ ਬਾਕੀ ਸੱਜਣਾਂ ਦੀ ਗੱਲ ਸੁਣ ਕੇ ਮੈਂ ਖ਼ੁਦ ਪ੍ਰੇਸ਼ਾਨੀ ਵਿੱਚ ਆ ਗਿਆ ਕਿ ਇਨ੍ਹਾਂ ਲੋਕਾਂ ਦੀ ਬਿਜਲੀ ਸਪਲਾਈ ਕਿਉਂ ਨਹੀਂ ਚੱਲ ਰਹੀ। ਮੈਂ ਸਬੰਧਿਤ ਜੂਨੀਅਰ ਇੰਜੀਨੀਅਰ ਨੂੰ ਬੁਲਾਇਆ ਅਤੇ ਉਸ ਨੇ ਦੱਸਿਆ, ‘‘ਇਸ ਫੀਡਰ ’ਤੇ ਇਕਦਮ ਲੋਕਾਂ ਵੱਲੋਂ ਵਧਾਏ ਗਏ ਮੋਟਰਾਂ ਦੇ ਲੋਡ ਕਾਰਨ ਲਾਈਨ ਦਾ ਲੋਡ ਵਧ ਗਿਆ ਹੈ, ਜਿਸ ਕਰਕੇ ਇਹ ਲਾਈਨ ਵਾਰ-ਵਾਰ ਟਰਿਪ ਕਰ ਰਹੀ ਹੈ।’’ ਸਰਪੰਚ ਨੇ ਭਾਵੁਕ ਹੁੰਦਿਆਂ ਕਿਹਾ, ‘‘ਜੇਕਰ ਸਾਡੀ ਬਿਜਲੀ ਸਪਲਾਈ ਲਾਈਨ ਨਾ ਚੱਲੀ ਤਾਂ ਅਸੀਂ ਸਾਰੇ ਕਿਸਾਨ ਭਰਾ ਬਰਬਾਦ ਹੋ ਜਾਵਾਂਗੇ।’’ ਮੈਂ ਇਕਦਮ ਸਰਪੰਚ ਨੂੰ ਜਜ਼ਬਾਤੀ ਹੁੰਦਿਆਂ ਕਹਿ ਦਿੱਤਾ, ‘‘ਸਰਪੰਚ ਸਾਬ੍ਹ, ਜਦੋਂ ਤੱਕ ਤੁਹਾਡੀਆਂ ਮੋਟਰਾਂ ਨਹੀਂ ਚੱਲਦੀਆਂ ਮੈਂ ਉਦੋਂ ਤੱਕ ਰੋਟੀ ਨਹੀਂ ਖਾਵਾਂਗਾ। ਤੁਸੀਂ ਹੁਣ ਆਪਣੇ ਘਰ ਜਾਓ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਲਾਈਨ ਕਿਸ ਤਰ੍ਹਾਂ ਚੱਲੇਗੀ।’’ ਉਪਰੰਤ ਮੈਂ ਆਪਣੇ ਦਫ਼ਤਰ ਦੇ ਇੱਕ ਤਜਰਬੇਕਾਰ ਅਤੇ ਪੁਰਾਣੇ ਜੂਨੀਅਰ ਇੰਜੀਨੀਅਰ ਹਰਚਰਨ ਸਿੰਘ ਨੂੰ ਬੁਲਾਇਆ। ਉਸ ਨੂੰ ਸਾਰੇ ਸਿਸਟਮ ਬਾਰੇ ਪਤਾ ਸੀ। ਮੈਂ ਹਰਚਰਨ ਸਿੰਘ ਨੂੰ ਕਿਹਾ, ‘‘ਆਪਾਂ ਹਾਕਮ ਸਿੰਘ ਵੜਿੰਗ ਵਾਲੀ ਲਾਈਨ ਨੂੰ ਚਾਲੂ ਕਰਨਾ ਹੈ ਅਤੇ ਰਾਤੋ-ਰਾਤ ਅੰਡਰ ਲੋਡ ਕਰਨੀ ਹੈ।’’

Advertisement

ਮੈਂ ਅਤੇ ਹਰਚਰਨ ਸਿੰਘ ਮੇਰੇ ਮੋਟਰਸਾਈਕਲ ’ਤੇ ਖੇਤਾਂ ਵਿੱਚ ਓਵਰਲੋਡ ਲਾਈਨ ਦਾ ਨਕਸ਼ਾ ਲੈ ਕੇ ਉਸ ਨੂੰ ਅੰਡਰ ਲੋਡ ਕਰਨ ਦੀ ਤਜਵੀਜ਼ ਤਿਆਰ ਕਰਨ ਲਈ ਚਲੇ ਗਏ। ਮੈਂ ਰੋਟੀ ਵਾਲਾ ਡੱਬਾ ਫਾਈਲਾਂ ਵਾਲੇ ਰੈਕ ਵਿੱਚ ਰੱਖ ਦਿੱਤਾ ਸੀ। ਤਕਰੀਬਨ ਤਿੰਨ-ਚਾਰ ਘੰਟੇ ਪੂਰਾ ਦੁਪਹਿਰਾ ਫੀਲਡ ਵਿੱਚ ਘੁੰਮ ਕੇ ਅਸੀਂ ਉਸ ਲਾਈਨ ਨੂੰ ਚਲਾਉਣ ਦੀ ਤਜਵੀਜ਼ ਤਿਆਰ ਕਰਕੇ ਵਾਪਸ ਦਫ਼ਤਰ ਪੁੱਜੇ। ਉਦੋਂ ਤੱਕ ਸ਼ਾਮ ਦੇ 5 ਵੱਜ ਚੁੱਕੇ ਸਨ ਅਤੇ ਕਰਮਚਾਰੀ ਆਪੋ-ਆਪਣੇ ਘਰ ਜਾਣ ਦੀ ਤਿਆਰੀ ਕਰਨ ਕਰ ਰਹੇ ਸਨ। ਮੈਂ ਸਾਰੇ ਜੂਨੀਅਰ ਇੰਜੀਨੀਅਰਾਂ ਨੂੰ ਬੁਲਾਇਆ ਅਤੇ ਆਪਣੀ ਤਜਵੀਜ਼ ਸਾਂਝੀ ਕੀਤੀ। ਉਨ੍ਹਾਂ ਨੂੰ ਹਦਾਇਤ ਕੀਤੀ, ‘‘ਕੋਈ ਵੀ ਜੂਨੀਅਰ ਇੰਜੀਨੀਅਰ ਅਤੇ ਉਨ੍ਹਾਂ ਦਾ ਕਰਮਚਾਰੀ ਅੱਜ ਮੇਰੇ ਤੋਂ ਪੁੱਛੇ ਬਗ਼ੈਰ ਘਰ ਨਹੀਂ ਜਾਵੇਗਾ। ਆਪਾਂ ਇਸ ਤਜਵੀਜ਼ ਅਨੁਸਾਰ ਰਾਤੋ-ਰਾਤ ਲਿੰਕ ਲਾਈਨ ਦੀ ਉਸਾਰੀ ਕਰਨੀ ਹੈ, ਜਿਸ ਨਾਲ ਸਰਪੰਚ ਤੇ ਹੋਰਨਾਂ ਦੀਆਂ ਮੋਟਰਾਂ ਵਾਲਾ ਫੀਡਰ ਅੰਡਰ ਲੋਡ ਹੋ ਜਾਵੇਗਾ।’’ ਮੈਂ ਉਨ੍ਹਾਂ ਨੂੰ ਕਿਹਾ, ‘‘ਜਿਸ ਕੋਲ ਜੋ ਵੀ ਸਾਮਾਨ ਹੈ ਉਹ ਆਪਣਾ ਸਾਮਾਨ ਗੱਡੀ ਵਿੱਚ ਲੱਦ ਕੇ ਕੰਮ ਵਾਲੀ ਸਾਈਟ ’ਤੇ ਪਹੁੰਚ ਜਾਵੇ।’’ ਇੱਕ ਢਿੱਲੜ ਜੂਨੀਅਰ ਇੰਜੀਨੀਅਰ ਨੇ ਆਪਣੇ ਆਲਸੀਪਣ ਦਾ ਸਬੂਤ ਦਿੰਦਿਆਂ ਕਿਹਾ, ‘‘ਆਪਾਂ ਇਹ ਕੰਮ ਸਵੇਰੇ ਕਰ ਲਵਾਂਗੇ।’’ ਮੈਂ ਉਸ ਨੂੰ ਕਿਹਾ, ‘‘ਮੈਂ ਸਰਪੰਚ ਅਤੇ ਮੋਹਤਬਰਾਂ ਨਾਲ ਵਾਅਦਾ ਕਰ ਚੁੱਕਾ ਹਾਂ ਕਿ ਰੋਟੀ ਉਦੋਂ ਹੀ ਖਾਵਾਂਗਾ ਜਦੋਂ ਇਹ ਓਵਰਲੋਡ ਬਿਜਲੀ ਸਪਲਾਈ ਲਾਈਨ ਅੰਡਰਲੋਡ ਹੋ ਕੇ ਚੱਲੇਗੀ।’’

Advertisement

ਇਉਂ ਅਸੀਂ ਤਕਰੀਬਨ ਰਾਤ 9 ਵਜੇ ਟਰੈਕਟਰਾਂ ਦੀਆਂ ਲਾਈਟਾਂ ਅਤੇ ਟਾਰਚਾਂ ਨਾਲ ਉਕਤ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕ ਵੀ ਸਾਡੇ ਨਾਲ ਲੱਗ ਗਏ ਅਤੇ ਸਰਪੰਚ ਹੋਰੀਂ ਖ਼ੁਦ ਵੀ ਸਾਡੇ ਨਾਲ ਕੰਮ ਵਿੱਚ ਜੁਟ ਗਏ। ਅਸੀਂ ਤੜਕੇ ਕਰੀਬ ਤਿੰਨ ਵਜੇ ਲਿੰਕ ਲਾਈਨ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ। ਜਦੋਂ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਬੋਲਿਆ, ਉਦੋਂ ਸਾਡੀ ਲਾਈਨ ਦੀ ਉਸਾਰੀ ਮੁਕੰਮਲ ਹੋ ਕੇ ਗਰਿੱਡ ਤੋਂ ਚਾਲੂ ਹੋ ਗਈ। ਇਸ ਦੌਰਾਨ ਸਰਪੰਚ ਅਤੇ ਮੋਹਤਬਰਾਂ ਨੇ ਖ਼ੁਸ਼ੀ ਵਿੱਚ ‘ਬਿਜਲੀ ਬੋਰਡ ਜ਼ਿੰਦਾਬਾਦ’ ਦੇ ਨਾਅਰੇ ਲਏ। ਇਨ੍ਹਾਂ ਨਾਅਰਿਆਂ ਨੇ ਰਾਤ ਦੀ ਸਾਡੀ ਸਾਰੀ ਥਕਾਵਟ ਦੂਰ ਕਰ ਦਿੱਤੀ ਅਤੇ ਸਾਡੇ ਸਾਰਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਛਾਅ ਗਈ। ਸਰਪੰਚ ਨੇ ਕਿਹਾ, ‘‘ਐੱਸ ਡੀ ਓ ਸਾਬ੍ਹ, ਇਹ ਤਾਂ ਰਿਕਾਰਡ ਬਣ ਗਿਆ।’’ ਉਨ੍ਹਾਂ ਸਾਡਾ ਸਾਰੇ ਕਰਮਚਾਰੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਫਿਰ ਮੈਂ ਦੁਪਹਿਰ ਵਾਲੀ ਟਿਫਨ ’ਚ ਪਈ ਰੋਟੀ ਖਾਧੀ, ਜੋ ਬਹੁਤ ਸੁਆਦ ਲੱਗੀ।

ਅਗਲੇ ਦਿਨ ਸਵੇਰੇ ਮੈਂ ਇੱਕ ਜੂਨੀਅਰ ਇੰਜੀਨੀਅਰ ਦੀ ਡਿਊਟੀ ਲਾਈ ਕਿ ਜਿਸ ਲਾਈਨ ਦੀ ਉਸਾਰੀ ਆਪਣੇ ਦਫ਼ਤਰ ਵੱਲੋਂ ਰਾਤ ਕੀਤੀ ਗਈ ਹੈ ਉਸ ਦਾ ਬਣਦਾ ਐਸਟੀਮੇਟ ਬਣਾ ਕੇ ਐਕਸੀਅਨ ਹੋਰਾਂ ਤੋਂ ਪਾਸ ਕਰਵਾ ਲਿਆ ਜਾਵੇ। ਐਸਟੀਮੇਟ ਬਣਵਾ ਕੇ ਮੈਂ ਖ਼ੁਦ ਤਖਮੀਨਾ ਹੱਥ ਦਸਤੀ ਲੈ ਕੇ ਐਕਸੀਅਨ ਹੋਰਾਂ ਕੋਲ ਚਲਾ ਗਿਆ ਅਤੇ ਸਾਰੀ ਘਟਨਾ ਉਨ੍ਹਾਂ ਨੂੰ ਦੱਸੀ ਤਾਂ ਉਨ੍ਹਾਂ ਐਸਟੀਮੇਟ ਪਾਸ ਕਰ ਦਿੱਤਾ ਅਤੇ ਸ਼ਾਬਾਸ਼ ਦਿੱਤੀ। ਅਗਲੇ ਦਿਨ ਅਸੀਂ ਸਟੋਰ ’ਚੋਂ ਸਾਮਾਨ ਕਢਵਾ ਕੇ ਇਸ ਕੰਮ ਨੂੰ ਨਿਯਮਿਤ ਕਰ ਦਿੱਤਾ। ਇਹ ਘਟਨਾ ਅੱਜ ਤਕਰੀਬਨ 22 ਸਾਲ ਬਾਅਦ ਤਾਜ਼ਾ ਹੋ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਸਰਪੰਚ ਹਾਕਮ ਸਿੰਘ ਵੜਿੰਗ ਦੀ ਮੌਤ ਹੋ ਗਈ ਹੈ। ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਹਨ ਤਾਂ ਨਾ ਕੇਵਲ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫ਼ਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਸਗੋਂ ਮਨ ਨੂੰ ਬਹੁਤ ਤਸੱਲੀ ਤੇ ਖੁਸ਼ੀ ਵੀ ਮਿਲਦੀ ਹੈ

ਸੰਪਰਕ: 94175-50795

Advertisement
×