DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ ਸੰਸਾਰ

ਕਿਸੇ ਵੀ ਭਾਸ਼ਾ ਦਾ ਸਾਹਿਤ ਪੜ੍ਹਨਾ ਕਿਸੇ ਇੱਕ ਵਰਗ ਜਾਂ ਪੇਸ਼ੇ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹਰ ਮਨੁੱਖ ਦੇ ਅੰਦਰਲੇ ਜਗਤ ਨੂੰ ਰੌਸ਼ਨ ਕਰਨ ਵਾਲੀ ਇੱਕ ਅਨਮੋਲ ਧਰੋਹਰ ਹੈ, ਜਿਸ ਵਿੱਚੋਂ ਹਰ ਕੋਈ ਆਪਣੀ ਸਮਝ ਅਤੇ ਰੁਚੀ ਅਨੁਸਾਰ ਲਾਭ...

  • fb
  • twitter
  • whatsapp
  • whatsapp
Advertisement

ਕਿਸੇ ਵੀ ਭਾਸ਼ਾ ਦਾ ਸਾਹਿਤ ਪੜ੍ਹਨਾ ਕਿਸੇ ਇੱਕ ਵਰਗ ਜਾਂ ਪੇਸ਼ੇ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹਰ ਮਨੁੱਖ ਦੇ ਅੰਦਰਲੇ ਜਗਤ ਨੂੰ ਰੌਸ਼ਨ ਕਰਨ ਵਾਲੀ ਇੱਕ ਅਨਮੋਲ ਧਰੋਹਰ ਹੈ, ਜਿਸ ਵਿੱਚੋਂ ਹਰ ਕੋਈ ਆਪਣੀ ਸਮਝ ਅਤੇ ਰੁਚੀ ਅਨੁਸਾਰ ਲਾਭ ਉਠਾ ਸਕਦਾ ਹੈ। ਪ੍ਰਸਿੱਧ ਹਿੰਦੀ ਲੇਖਕ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਹੈ, “ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਇਸ ਵਿੱਚ ਉਹੀ ਦਿਸਦਾ ਹੈ, ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ।” ਇਸ ਗੱਲ ਦਾ ਭਾਵ ਹੈ ਕਿ ਸਾਹਿਤ ਸਾਡੇ ਆਸ-ਪਾਸ ਵਾਪਰਦੀਆਂ ਬਾਹਰੀ ਸਮਾਜਿਕ, ਰਾਜਨੀਤਕ ਤੇ ਆਰਥਿਕ ਘਟਨਾਵਾਂ ਪ੍ਰਤੀ ਅੰਦਰੂਨੀ ਭਾਵਨਾਵਾਂ ਅਤੇ ਸੱਚਾਈਆਂ ਨੂੰ ਸਾਫ਼-ਸੁਥਰੇ ਢੰਗ ਨਾਲ ਦਰਸਾਉਂਦਾ ਹੈ। ਸਾਹਿਤ ਪੜ੍ਹਨ ਨਾਲ ਸਾਡੀ ਸੋਚ ਵਿੱਚ ਵਿਸਥਾਰ ਹੁੰਦਾ ਹੈ। ਉਦਾਹਰਣ ਵਜੋਂ, ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਵਿੱਚ ਵੰਡ ਦੇ ਦਰਦ ਨੂੰ ਜਿਸ ਤਰ੍ਹਾਂ ਬਿਆਨ ਕੀਤਾ ਗਿਆ ਹੈ, ਉਹ ਪੜ੍ਹ ਕੇ ਪਾਠਕ ਉਸ ਸਮੇਂ ਦੇ ਦੁੱਖ ਨੂੰ ਮਹਿਸੂਸ ਕਰ ਸਕਦਾ ਹੈ। ਇਸੇ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਪ੍ਰੇਮ ਅਤੇ ਵਿਛੋੜੇ ਦੀ ਗਹਿਰਾਈ ਸਾਨੂੰ ਅੰਦਰ ਤੱਕ ਛੂਹ ਜਾਂਦੀ ਹੈ। ਇਸ ਧਾਰਾ ਨੂੰ ਅੱਗੇ ਵਧਾਉਂਦਿਆਂ ਪਾਸ਼ ਨੇ ਆਪਣੇ ਕਾਵਿ ਸਾਹਿਤ ਰਾਹੀਂ ਸਮਾਜਿਕ ਅਨਿਆਂ ਅਤੇ ਜ਼ੁਲਮ ਖ਼ਿਲਾਫ਼ ਬੇਖ਼ੌਫ਼ ਆਵਾਜ਼ ਬੁਲੰਦ ਕੀਤੀ ਹੈ। ਉਸ ਦੀ ਪ੍ਰਸਿੱਧ ਕਵਿਤਾ ‘ਸਭ ਤੋਂ ਖ਼ਤਰਨਾਕ’ ਅੱਜ ਵੀ ਮਨੁੱਖੀ ਸੰਵੇਦਨਸ਼ੀਲਤਾ ਨੂੰ ਜਗਾਉਂਦੀ ਹੈ। ਇਸੇ ਤਰ੍ਹਾਂ ਸੰਤ ਰਾਮ ਉਦਾਸੀ ਨੇ ਗ਼ਰੀਬੀ, ਮਜ਼ਦੂਰ ਵਰਗ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਗੀਤਾਂ ਵਿੱਚ ਬਿਆਨ ਕਰ ਕੇ ਸਾਹਿਤ ਨੂੰ ਲੋਕਾਂ ਨਾਲ ਜੋੜਿਆ। ਇਹ ਦੋਵੇਂ ਕਵੀ ਸਾਬਿਤ ਕਰਦੇ ਹਨ ਕਿ ਸਾਹਿਤ ਸਿਰਫ਼ ਸੁੰਦਰ ਸ਼ਬਦ ਨਹੀਂ, ਸਗੋਂ ਸਮਾਜਿਕ ਸਚਾਈ ਦੀ ਬੁਲੰਦ ਆਵਾਜ਼ ਵੀ ਹੈ।

ਸਾਹਿਤ ਸਾਨੂੰ ਦੂਜਿਆਂ ਦੇ ਅਨੁਭਵਾਂ ਨਾਲ ਜੋੜਦਾ ਹੈ। ਸਾਹਿਤ ਕਿਸੇ ਇੱਕ ਪੇਸ਼ੇ ਜਾਂ ਭਾਸ਼ਾ ਦੀ ਸੀਮਾ ਵਿੱਚ ਕੈਦ ਨਹੀਂ ਕਿ ਭਾਸ਼ਾ ਜਾਂ ਸਾਹਿਤ ਪੜ੍ਹਾਉਣ ਵਾਲਾ ਹੀ ਸਾਹਿਤਕਾਰ ਹੋ ਸਕਦਾ ਹੈ ਸਗੋਂ ਆਪਣੇ ਆਸ-ਪਾਸ ਦੀਆਂ ਘਟਨਾਵਾਂ ਬਾਰੇ ਜਾਗਰੂਕ ਹਰ ਵਿਅਕਤੀ ਸਾਹਿਤ ਰਚ ਸਕਦਾ ਹੈ। ਸਾਡੇ ਆਸ-ਪਾਸ ਵੀ ਅਨੇਕਾਂ ਜੀਵੰਤ ਉਦਾਹਰਣਾਂ ਹਨ, ਇੱਕ ਕਿਸਾਨ ਆਪਣੇ ਖੇਤਾਂ ਵਿੱਚ ਮਿਹਨਤ ਕਰਦਿਆਂ ਜੀਵਨ ਦੇ ਅਸਲੀ ਰੰਗ ਦੇਖਦਾ ਹੈ ਅਤੇ ਉਨ੍ਹਾਂ ਨੂੰ ਲੋਕ ਗੀਤਾਂ ਵਿੱਚ ਬਿਆਨ ਕਰਦਾ ਹੈ। ਇੱਕ ਮਜ਼ਦੂਰ ਆਪਣੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਦੇ ਦੁੱਖ-ਸੁੱਖ ਨੂੰ ਸ਼ਬਦਾਂ ਵਿੱਚ ਉਤਾਰ ਸਕਦਾ ਹੈ। ਇੱਕ ਡਰਾਈਵਰ, ਇੱਕ ਦੁਕਾਨਦਾਰ, ਕੋਈ ਵੀ ਹੋਵੇ, ਹਰ ਕਿਸੇ ਦੇ ਅੰਦਰ ਇੱਕ ਕਹਾਣੀ ਹੁੰਦੀ ਹੈ। ਇਹ ਸਾਰੀਆਂ ਕਹਾਣੀਆਂ ਮਿਲ ਕੇ ਸਾਹਿਤ ਬਣਾਉਂਦੀਆਂ ਹਨ। ਸਾਨੂੰ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਸੰਸਾਰ ਸਾਹਿਤ ਵਿੱਚ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਐਂਟਨ ਚੈਖਵ ਡਾਕਟਰ ਸੀ, ਪਰ ਉਸ ਨੇ ਦੁਨੀਆ ਨੂੰ ਸ਼ਾਨਦਾਰ ਕਹਾਣੀਆਂ ਦਿੱਤੀਆਂ। ਹਰਿਵੰਸ਼ ਰਾਏ ਬੱਚਨ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਕਵਿਤਾ ਰਾਹੀਂ ਅਮਰ ਕਰ ਦਿੱਤਾ।

Advertisement

ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਕਵੀਆਂ ਜਾਂ ਲੇਖਕਾਂ ਦੀਆਂ ਉਦਾਹਰਣਾਂ ਵੀ ਹਨ ਜਿਨ੍ਹਾਂ ਦਾ ਮੁੱਖ ਪੇਸ਼ਾ ਇੰਜੀਨੀਅਰਿੰਗ ਜਾਂ ਕਿਸੇ ਹੋਰ ਵਿਸ਼ੇ ਨਾਲ ਸਬੰਧਿਤ ਸੀ, ਪਰ ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਅਣਮੁੱਲਾ ਸਾਹਿਤਕ ਖ਼ਜ਼ਾਨਾ ਦਿੱਤਾ ਹੈ। ਇਨ੍ਹਾਂ ਵਿੱਚੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਡੀ ਉਦਾਹਰਣ ਹਨ, ਜਿਨ੍ਹਾਂ ਨੇ ਥੌਮਸਨ ਕਾਲਜ ਔਫ ਇੰਜੀਨੀਅਰਿੰਗ (ਜੋ ਅੱਜਕਲ੍ਹ ਆਈ ਆਈ ਟੀ ਰੁੜਕੀ ਵਜੋਂ ਮਸ਼ਹੂਰ ਹੈ) ਤੋਂ ਸਿਵਿਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਨੇ ਆਪਣੀਆਂ ਲਿਖਤਾਂ ਨਾਲ ਪੰਜਾਬੀ ਸਾਹਿਤ ਨੂੰ ਬੜੀ ਅਮੀਰੀ ਬਖ਼ਸ਼ੀ। ਪ੍ਰੋ. ਪੂਰਨ ਸਿੰਘ ਨੇ ਟੋਕੀਓ

Advertisement

ਯੂਨੀਵਰਸਿਟੀ ਤੋਂ ਭਾਵੇਂ ਇੰਡਸਟਰੀਅਲ ਕੈਮਿਸਟਰੀ ਦੀ ਡਿਗਰੀ ਹਾਸਲ ਕੀਤੀ ਸੀ, ਪਰ ਉਨ੍ਹਾਂ ਨੇ ਆਪਣੇ ਫੀਲਡ ਦੇ ਨਾਲ-ਨਾਲ ਪੰਜਾਬੀ ਸਾਹਿਤ ’ਚ ਵੀ ਵੱਡਾ ਯੋਗਦਾਨ ਪਾਇਆ। ਬਾਵਾ ਬੁੱਧ ਸਿੰਘ ਨੇ ਆਈ ਆਈ ਟੀ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਅਤੇ ਖੋਜ ਦਾ ਮੁੱਢ ਬੰਨ੍ਹਿਆ। ਮੇਰੇ ਇੱਕ ਪ੍ਰੋਫੈਸਰ ਦੋਸਤ ਦਾ ਪੜ੍ਹਾਉਣ ਦਾ ਵਿਸ਼ਾ ਸਾਹਿਤ ਦਾ ਨਹੀਂ ਹੈ, ਪਰ ਉਸ ਨੇ ਮੇਰੇ ਦੁਆਰਾ ਕਵਿਤਾ ਲਿਖਣ ਉੱਤੇ ਮੈਨੂੰ ਇੱਕ ਦਿਨ ਕਿਹਾ “ਤੂੰ ਛੱਡ ਯਾਰ! ਕਵਿਤਾ-ਕਵੂਤਾ ਤਾਂ ਅੱਜਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀ ਲਿਖੀ ਜਾਂਦੀ ਹੈ।” ਅੱਜ ਦੇ ਯੁੱਗ ਵਿੱਚ, ਜਿੱਥੇ ਤਕਨਾਲੋਜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਮਨੁੱਖੀ ਰੁਝਾਨ ਬਦਲ ਰਹੇ ਹਨ, ਉੱਥੇ ਸਾਹਿਤ ਨਾਲ ਸਾਡਾ ਨਾਤਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਇਹ ਸਾਡੀ ਸੋਚ ਨੂੰ ਗਹਿਰਾਈ ਦਿੰਦਾ, ਸਾਨੂੰ ਸੰਵੇਦਨਸ਼ੀਲ ਬਣਾਉਂਦਾ ਅਤੇ ਜੀਵਨ ਨੂੰ ਸਮਝਣ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਜਾਂ ਹੋਰ ਸੰਸਥਾਵਾਂ ਵਿੱਚ ਲੱਗਦੇ ਪੁਸਤਕ ਮੇਲੇ ਅਤੇ ਸਾਹਿਤਕ ਉਤਸਵ ਸਾਨੂੰ ਯਾਦ ਦਿਵਾਉਂਦੇ ਹਨ ਕਿ ਕਿਤਾਬਾਂ ਸਿਰਫ਼ ਪੰਨੇ ਨਹੀਂ, ਸਗੋਂ ਅਨੁਭਵਾਂ ਅਤੇ ਗਿਆਨ ਦੀ ਦੁਨੀਆ ਹਨ। ਸਾਨੂੰ ਨਾ ਸਿਰਫ਼ ਆਪਣੇ ਲਈ, ਸਗੋਂ ਆਉਣ ਵਾਲੀ ਪੀੜ੍ਹੀ ਲਈ ਵੀ ਸਾਹਿਤ ਨਾਲ ਜੋੜ ਬਣਾਉਣਾ ਚਾਹੀਦਾ ਹੈ। ਅੰਤ ਵਿੱਚ ਇਹ ਕਹਿਣਾ ਉਚਿਤ ਹੋਵੇਗਾ ਕਿ ਸਾਹਿਤ ਪੜ੍ਹਨਾ ਅਤੇ ਲਿਖਣਾ ਮਹਿਜ਼ ਸ਼ੌਕ ਨਹੀਂ, ਸਗੋਂ ਜ਼ਿੰਮੇਵਾਰੀ ਹੈ। ਜਦੋਂ ਅਸੀਂ ਸਾਹਿਤ ਨਾਲ ਜੁੜਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸੰਵਾਰਦੇ ਹਾਂ ਅਤੇ ਸਮਾਜ ਨੂੰ ਵੀ ਇੱਕ ਸੁਚੱਜੀ ਦਿਸ਼ਾ ਦਿੰਦੇ ਹਾਂ। ਅਖੀਰ ਵਿੱਚ ਇਹ ਕਹਿਣਾ ਉਚਿਤ ਹੈ ਕਿ ਸਾਹਿਤ ਪੜ੍ਹਨਾ ਅਤੇ ਲਿਖਣਾ ਮਹਿਜ਼ ਸ਼ੌਕ ਨਹੀਂ, ਸਗੋਂ ਇੱਕ ਲੋੜ ਹੈ। ਸੱਭਿਆਚਾਰਕ ਤੌਰ ’ਤੇ ਅਮੀਰ ਅਤੇ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਲਈ ਇਹ ਲਾਜ਼ਮੀ ਹੈ ਕਿ ਅਸੀਂ ਸਾਹਿਤ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਬਣਾਈਏ।

* ਸਹਾਇਕ ਪ੍ਰੋਫੈਸਰ, ਮਕੈਨੀਕਲ ਇੰਜਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 81466-46477

Advertisement
×