DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਾਨਣ

ਜਮਾਤ ’ਚ ਜਾਂਦਿਆਂ ਹੀ ਉੱਚੀ ਆਵਾਜ਼ ਗੂੰਜੀ, ‘‘ਕਲਾਸ ਸਟੈਂਡ- ਜੈ ਹਿੰਦ।’’ ਮੈਂ ਕਿਹਾ, ‘‘ਬੈਠੋ ਬੱਚਿਓ, ਕੀ ਹਾਲ ਐ ਤੁਹਾਡਾ ਸਭ ਦਾ? ਆਸ ਕਰਦਾ ਹਾਂ ਕਿ ਸਾਰੇ ਰਾਜ਼ੀ-ਖ਼ੁਸ਼ੀ ਹੋਵੋਗੇ।’’ ਬੱਚੇ ਬੋਲੇ, ‘‘ਹਾਂਜੀ ਮਾਸਟਰ ਜੀ, ਅਸੀਂ ਠੀਕ ਹਾਂ ਜੀ।’’ ਇਹ ਮੇਰੇ ਨੇੜਲੇ...

  • fb
  • twitter
  • whatsapp
  • whatsapp
Advertisement

ਜਮਾਤ ’ਚ ਜਾਂਦਿਆਂ ਹੀ ਉੱਚੀ ਆਵਾਜ਼ ਗੂੰਜੀ, ‘‘ਕਲਾਸ ਸਟੈਂਡ- ਜੈ ਹਿੰਦ।’’ ਮੈਂ ਕਿਹਾ, ‘‘ਬੈਠੋ ਬੱਚਿਓ, ਕੀ ਹਾਲ ਐ ਤੁਹਾਡਾ ਸਭ ਦਾ? ਆਸ ਕਰਦਾ ਹਾਂ ਕਿ ਸਾਰੇ ਰਾਜ਼ੀ-ਖ਼ੁਸ਼ੀ ਹੋਵੋਗੇ।’’ ਬੱਚੇ ਬੋਲੇ, ‘‘ਹਾਂਜੀ ਮਾਸਟਰ ਜੀ, ਅਸੀਂ ਠੀਕ ਹਾਂ ਜੀ।’’ ਇਹ ਮੇਰੇ ਨੇੜਲੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਹਿਲੀ ਜਮਾਤ ਦਾ ਕਮਰਾ ਸੀ, ਜੋ ਸਕੂਲ ਅੰਦਰ ਜਾਂਦਿਆਂ ਸਭ ਤੋਂ ਪਹਿਲਾਂ ਆਉਂਦਾ ਸੀ। ਉਸ ਤੋਂ ਅਗਾਂਹ ਵੱਡੀਆਂ ਜਮਾਤਾਂ ਦੇ ਕਮਰੇ ਸਨ... ਦੂਜੀ, ਤੀਜੀ, ਚੌਥੀ ਤੇ ਪੰਜਵੀਂ। ਸਾਰੇ ਕਮਰੇ ਚਾਰਦੀਵਾਰੀ ਦੇ ਨਾਲ ਕੁਝ ਵਿੱਥ ’ਤੇ ਬਣੇ ਸਨ। ਕਮਰਿਆਂ ਦੀਆਂ ਬਾਰੀਆਂ ਬਾਹਰ ਵੱਲ ਨੂੰ ਖੁੱਲ਼੍ਹਦੀਆਂ ਸਨ, ਜਿਨ੍ਹਾਂ ਰਾਹੀਂ ਬਾਹਰਲੀ ਫਿਰਨੀ ਤੋਂ ਪਰ੍ਹੇ ਦੂਰ ਪਿੰਡ ਦੇ ਘਰ ਅਤੇ ਝੌਂਪੜੀ-ਢਾਰਿਆਂ ਵਾਲੇ ਨਜ਼ਰੀਂ ਪੈਂਦੇ ਸਨ।

ਮੈਂ ਆਖਣ ਲੱਗਿਆ, ‘‘ਬੱਚਿਓ, ਅੱਜ ਜੋ ਪਾਠ ਤੁਹਾਨੂੰ ਪੜ੍ਹਾਇਆ ਜਾਵੇਗਾ ਉਹ ਹੈ, ਵਿੱਦਿਆ ਦੀ ਸਾਡੇ ਜੀਵਨ ਵਿੱਚ ਮਹੱਤਤਾ।’ ਬੱਚਿਓ, ਵਿੱਦਿਆ ਸਾਡੇ ਜੀਵਨ ਵਿੱਚ ਬਹੁਤ ਖ਼ਾਸ ਮਹੱਤਵ ਰੱਖਦੀ ਹੈ, ਵਿੱਦਿਆ ਚਾਨਣ ਹੈ ਤੇ ਇਸ ਚਾਨਣ ਤੋਂ ਬਗ਼ੈਰ ਸਾਡਾ ਜੀਵਨ ਹਨੇਰੇ ਵਾਂਗ ਹੈ, ਸਾਡੇ ਜੀਵਨ ਦਾ ਐਸਾ ਕੋਈ ਖੇਤਰ ਨਹੀਂ ਜਿੱਥੇ ਵਿੱਦਿਆ ਕੰਮ ਨਹੀਂ ਆਉਂਦੀ, ਵਿੱਦਿਆ ਹੀ ਸਾਨੂੰ ਲਿਖਣਾ-ਪੜ੍ਹਨਾ ਸਿਖਾਉਂਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖੀ ਜੀਵਨ ਵਿਅਰਥ ਹੈ।’’ ਸਾਰੇ ਬੱਚੇ ਟਾਟਾਂ ’ਤੇ ਬੈਠੇ ਨੀਝ ਨਾਲ ਮੇਰੇ ਬੋਲਾਂ ਨੂੰ ਸੁਣ ਰਹੇ ਸਨ। ਬੋਲਦੇ-ਬੋਲਦੇ ਜਦੋਂ ਮੈਂ ਕਲਾਸ ਦੇ ਵਿਚਾਲਿਓਂ ਲੰਘ ਕੇ ਪਿਛਲੇ ਬੱਚਿਆਂ ਤੱਕ ਗਿਆ ਤਾਂ ਮੈਂ ਦੇਖਿਆ ਕਿ ਕੰਧ ਤੋਂ ਕੋਈ ਬਾਰੀ ਰਾਹੀਂ ਅੰਦਰ ਦੇਖ ਰਿਹਾ ਹੈ, ਜੋ ਅਚਾਨਕ ਮੇਰਾ ਧਿਆਨ ਪੈਣ ’ਤੇ ਹੇਠਾਂ ਹੋ ਗਿਆ। ਮੈਂ ਜਗਿਆਸਾ ਨਾਲ ਥੋੜ੍ਹਾ ਹੋਰ ਅਗਾਂਹ ਹੋ ਕੇ ਬਾਰੀ ਨੇੜਿਓਂ ਬਾਹਰ ਵੱਲ ਦੇਖਿਆ ਤਾਂ ਇੱਕ ਛੋਟਾ ਜਿਹਾ ਲੜਕਾ ਜੋ ਮਸਾਂ ਛੇ-ਸੱਤ ਸਾਲ ਦਾ ਹੋਵੇਗਾ, ਗੰਧਲੇ ਜਿਹੇ ਪਾਟੇ ਪੁਰਾਣੇ ਕੱਪੜੇ ਪਹਿਨੀ ਮੋਢੇ ’ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਿਫ਼ਾਫ਼ੇ ਤੇ ਪਲਾਸਟਿਕ ਦੇ ਟੁੱਟੇ-ਭੱਜੇ ਸਾਮਾਨ ਨਾਲ ਭਰਿਆ ਭਾਰੀ ਤੋੜਾ ਚੁੱਕੀ ਕੰਧ ਤੋਂ ਦੂਰ ਤੁਰਿਆ ਜਾ ਰਿਹਾ ਸੀ, ਜੋ ਉਸ ਦੇ ਕੱਦ ਤੋਂ ਸ਼ਾਇਦ ਥੋੜ੍ਹਾ ਵੱਡਾ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਨੂੰ ਦੇਖ ਲਿਆ ਹੈ। ਭਾਵੇਂ ਹੁਣ ਵੀ ਮੈਂ ਉਸ ਨੂੰ ਦੇਖ ਰਿਹਾ ਸਾਂ, ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਦੇਖਿਆ। ਸ਼ਾਇਦ ਬੇਆਸ ਜਿਹੇ ਮਨ ਨਾਲ ਉਹ ਤੁਰਿਆ ਜਾ ਰਿਹਾ ਸੀ। ਮੈਂ ਵੀ ਕਲਾਸ ਅੰਦਰੋਂ ਬਾਰੀ ’ਚੋਂ ਉਸ ਨੂੰ ਆਵਾਜ਼ ਮਾਰਨਾ ਵਾਜਬ ਨਾ ਸਮਝਿਆ। ਏਨੀ ਛੋਟੀ ਉਮਰੇ ਬਾਲ ਮਜ਼ਦੂਰੀ ਕਰਦੇ ਉਸ ਛੋਟੇ ਬੱਚੇ ਬਾਰੇ ਸੋਚਦਿਆਂ ਡੂੰਘੀਆਂ ਸੋਚਾਂ ’ਚ ਗੁਆਚਿਆ ਮੈਂ ਮੁੜ ਬੱਚਿਆਂ ਨੂੰ ਪੜ੍ਹਾਉਣ ਵਿੱਚ ਰੁੱਝ ਗਿਆ। ਅਗਲੇ ਦਿਨ ਫਿਰ ਕਲਾਸ ਸ਼ੁਰੂ ਹੋ ਗਈ। ਮੈਂ ਕਿਹਾ ਬੱਚਿਓ, ‘‘ਤੁਸੀਂ ਪੈਂਤੀ ਤੇ ਮੁਹਾਰਨੀ ਪਹਿਲਾਂ ਹੀ ਪੜ੍ਹ ਚੁੱਕੇ ਹੋ। ਅੱਜ ਮੈਂ ਤੁਹਾਨੂੰ ਸਾਡੇ ਜੀਵਨ ਵਿੱਚ ਸਦਾਚਾਰਕ ਗੁਣਾਂ ਦੇ ਮਹੱਤਵ ਬਾਰੇ ਦੱਸਾਂਗਾ। ਸਭ ਤੋਂ ਵੱਡਾ ਸਦਾਚਾਰਕ ਗੁਣ ਹੈ ਆਗਿਆਕਾਰੀ ਬਣਨਾ। ਆਗਿਆਕਾਰੀ ਬਣਨ ਦਾ ਅਰਥ ਹੈ- ਆਗਿਆ ਦਾ ਪਾਲਣ ਕਰਨਾ। ਆਪਣੇ ਤੋਂ ਵਡੇਰਿਆਂ, ਭਾਵੇਂ ਉਹ ਤੁਹਾਡੇ ਮਾਤਾ-ਪਿਤਾ, ਅਧਿਆਪਕ, ਭੈਣ-ਭਰਾ ਜਾਂ ਰਿਸ਼ਤੇਦਾਰ ਹੋਣ, ਦਾ ਕਹਿਣਾ ਮੰਨਣ ਵਾਲੇ ਨੂੰ ਆਗਿਆਕਾਰੀ ਕਹਿੰਦੇ ਹਨ।’’ ਪੜ੍ਹਾ ਤਾਂ ਮੈਂ ਆਪਣੀ ਜਮਾਤ ਨੂੰ ਰਿਹਾ ਸੀ, ਪਰ ਮੈਂ ਕੱਲ੍ਹ ਵਾਲੇ ਉਸ ਛੋਟੇ ਲੜਕੇ ਬਾਰੇ ਸੋਚ ਰਿਹਾ ਸੀ ਤੇ ਵਾਰ-ਵਾਰ ਬਾਰੀ ’ਚੋਂ ਬਾਹਰ ਕੰਧ ਵੱਲ ਤੱਕਦਿਆਂ ਖ਼ੁਦ ਨੂੰ ਸਵਾਲ ਵੀ ਕਰ ਰਿਹਾ ਸਾਂ ਕਿ ਉਹ ਛੋਟਾ ਲੜਕਾ ਅੱਜ ਕਿਉਂ ਨਹੀਂ ਆਇਆ?

Advertisement

ਸ਼ਾਇਦ ਮੇਰੇ ਦੇਖਣ ’ਤੇ ਉਹ ਡਰ ਗਿਆ ਹੋਵੇਗਾ, ਪਰ ਉਹ ਰੋਜ਼ ਆਉਂਦਾ ਸੀ। ਚਾਰਦੀਵਾਰੀ ਦੀ ਕੰਧ ਉਸ ਦੇ ਕੱਦ ਤੋਂ ਛੋਟੀ ਹੋਣ ਕਾਰਨ ਮੈਂ ਜੋ ਕੁਝ ਪੜ੍ਹਾਉਂਦਾ ਜਾਂ ਬਲੈਕਬੋਰਡ ’ਤੇ ਲਿਖਦਾ ਸੀ, ਉਹ ਸਭ ਕੁਝ ਆਪਣੀ ਠੋਡੀ ਦੋਵੇਂ ਹੱਥਾਂ ਦੇ ਉੱਪਰ ਟਿਕਾ ਕੇ ਕੰਧ ’ਤੇ ਮੂੰਹ ਰੱਖ ਸਭ ਕੁਝ ਸੁਣਦਾ ਤੇ ਦੇਖਦਾ ਰਹਿੰਦਾ ਸੀ। ਦੁਪਹਿਰ ਬੀਤ ਗਈ, ਛੁੱਟੀ ਦਾ ਸਮਾਂ ਹੋ ਗਿਆ ਪਰ ਉਹ ਛੋਟਾ ਲੜਕਾ ਨਾ ਆਇਆ। ਆਖ਼ਰਕਾਰ ਛੁੱਟੀ ਦੀ ਘੰਟੀ ਵੱਜੀ। ਮੈਂ ਸਕੂਟਰ ਸਟਾਰਟ ਕੀਤਾ ਤੇ ਸਕੂਲ ਤੋਂ ਬਾਹਰਲੇ ਗੇਟ ਤੋਂ ਜਾਣ ਲੱਗੇ ਨੇ ਬੇਆਸ ਮਨ ਨਾਲ ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਉਹੀ ਛੋਟਾ ਲੜਕਾ ਚਾਰਦੀਵਾਰੀ ਤੋਂ ਥੋੜ੍ਹੀ ਦੂਰ ਪਲਾਸਟਿਕ ਦੀਆਂ ਟੁੱਟੀਆਂ-ਭੱਜੀਆਂ ਖਾਲੀ ਬੋਤਲਾਂ ਚੁੱਕਦਾ ਦਿਖਾਈ ਦਿੱਤਾ। ਮੈਂ ਉਸ ਵੱਲ ਸਕੂਟਰ ਤੋਰ ਲਿਆ। ਮੈਨੂੰ ਆਉਂਦਿਆਂ ਦੇਖ ਕੇ ਉਹ ਤੇਜ਼-ਤੇਜ਼ ਤੁਰਨ ਲੱਗਾ, ਜਿਵੇਂ ਮੇਰੇ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੋਵੇ। ਮੇਰੇ ਨੇੜੇ ਪਹੁੰਚਣ ’ਤੇ ਉਹ ਡੁਸਕਣ ਲੱਗਾ। ਸ਼ਾਇਦ ਡਰ ਗਿਆ ਸੀ ਕਿ ਕਿਤੇ ਮੈਂ ਉਸ ਨੂੰ ਸਕੂਲ ਦੀ ਕੰਧ ਉੱਪਰੋਂ ਝਾਕਣ ਕਰਕੇ ਮਾਰਾਂਗਾ। ਉਹ ਭੱਜਣ ਹੀ ਲੱਗਾ ਸੀ ਕਿ ਮੈਂ ਉਸ ਦੀ ਬਾਂਹ ਫੜ ਲਈ। ਉਸ ਨੇ ਘਬਰਾ ਕੇ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਹ ਡਰ ਗਿਆ ਤੇ ਬੋਲਿਆ, ‘‘ਮੈਂ ਕੁਝ ਨਹੀਂ ਕੀਤਾ, ਮੈਂ ਕੁਝ ਨ੍ਹੀਂ ਕੀਤਾ ਜੀ।’’ ਮੈਂ ਉਸ ਦੇ ਮੋਢੇ ’ਤੇ ਪਿਆਰ ਨਾਲ ਹੱਥ ਫੇਰ ਕੇ ਸ਼ਾਂਤ ਕਰਦਿਆਂ ਕਿਹਾ, ‘‘ਬੇਟਾ ਡਰ ਨਾ, ਤੂੰ ਕੁਝ ਨ੍ਹੀਂ ਕੀਤਾ ਮੈਨੂੰ ਵੀ ਪਤੈ।’’

Advertisement

ਉਹ ਆਪਣੀਆਂ ਅੱਖਾਂ ਮਲੀ ਜਾ ਰਿਹਾ ਸੀ। ਮੈਂ ਉਸ ਦੇ ਹੱਥ ਪਰ੍ਹੇ ਕਰਕੇ ਪੁੱਛਿਆ, ‘‘ਬੇਟਾ, ਤੂੰ ਏਥੇ ਰੋਜ਼ ਆਉਂਦੈਂ?’’ ਉਸ ਨੇ ਗਲੇਡੂ ਅੱਖਾਂ ਵਿੱਚ ਭਰ ‘ਹਾਂ’ ਵਿੱਚ ਸਿਰ ਹਿਲਾਇਆ। ਮੈਂ ਫਿਰ ਪੁੱਛਿਆ, ‘‘ਤੈਨੂੰ ਇੱਥੇ ਆਉਣਾ ਚੰਗਾ ਲੱਗਦੈ?’’ ਉਸ ਨੇ ਫਿਰ ‘ਹਾਂ’ ਵਿੱਚ ਸਿਰ ਹਿਲਾਇਆ। ਮੈਂ ਪੁੱਛਿਆ, ‘‘ਤੂੰ ਪੜ੍ਹਨਾ ਚਾਹੁੰਦੈਂ?’’ ਇਸ ਵਾਰ ਉਸ ਨੇ ‘ਨਾਂਹ’ ਵਿੱਚ ਸਿਰ ਹਿਲਾਇਆ। ਮੈਂ ਹੈਰਾਨੀ ਨਾਲ ਪੁੱਛਿਆ, ‘‘ਕਿਉਂ ਬੇਟਾ! ਤੈਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ?’’ ਉਸ ਨੇ ਕਿਹਾ, ‘‘ਬਾਪੂ ਕਹਿੰਦਾ ਤੂੰ ਕਬਾੜ ’ਕੱਠਾ ਕਰਨਾ ਏਂ, ਆਪਾਂ ਨ੍ਹੀਂ ਪੜ੍ਹਨਾ, ਘਰ ਰੋਟੀ ਕਿਵੇਂ ਬਣੂੰਗੀ! ਤੂੰ ਆਪਣੇ ਵੱਡੇ ਭਰਾ ਤੇ ਮੇਰੇ ਨਾਲ ਕੰਮ ਕਰਾਇਆ ਕਰ।’’ ਮੈਂ ਉਸ ਨੂੰ ਪੁੱਛਿਆ, ‘‘ਬੇਟਾ, ਤੂੰ ਰਹਿੰਦਾ ਕਿੱਥੇ ਐਂ?’’ ਉਸ ਬਾਂਹ ਵਧਾ ਕੇ ਪਿੰਡ ਦੇ ਦੂਜੇ ਪਾਸੇ ਬਣੇ ਝੌਂਪੜੀਆਂ ਤੇ ਢਾਰਿਆਂ ਵੱਲ ਇਸ਼ਾਰਾ ਕੀਤਾ। ਮੈਨੂੰ ਹੁਣ ਸਭ ਕੁਝ ਸਾਫ਼ ਸਮਝ ਪੈ ਰਿਹਾ ਸੀ। ਉਸ ਦਾ ਬਾਪ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਸੀ ਤੇ ਲੜਕੇ ਦਾ ਵੱਡਾ ਭਰਾ ਵੀ ਪੜ੍ਹਿਆ ਨਹੀਂ ਸੀ। ਗ਼ਰੀਬੀ ਕਾਰਨ ਉਸ ਨੂੰ ਕਬਾੜ ਇਕੱਠਾ ਕਰਨ ਲਈ ਉਸ ਦੇ ਬਾਪ ਨੇ ਲਾਇਆ ਸੀ। ਗੁਰਬਤ ਤੇ ਬੇਵੱਸੀ ਕਾਰਨ ਉਹ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਸੀ, ਜੋ ਉਸ ਲਈ ਨਾ ਤਾਂ ਉਮਰ ਪੱਖੋਂ ਤੇ ਨਾ ਹੀ ਸਰੀਰ ਪੱਖੋਂ ਕਰਨ ਵਾਲਾ ਕੰਮ ਸੀ।

ਉਹ ਬੱਚਾ ਆਪਣੇ ਭਵਿੱਖੀ ਸੁਪਨਿਆਂ ਤੇ ਗੁਰਬਤ ਦੇ ਦੋ ਪੁੜਾਂ ਵਿਚਾਲੇ ਫਸਿਆ ਪਿਆ ਸੀ, ਜਿਸ ਦਾ ਉਸ ਨੂੰ ਜ਼ਰਾ ਵੀ ਇਲਮ ਨਹੀਂ ਸੀ। ਮੇਰਾ ਮਨ ਬਹੁਤ ਉਦਾਸ ਹੋਇਆ ਤੇ ਮਨ ਹੀ ਮਨ ਉਸ ਦੀ ਮਦਦ ਕਰਨ ਦੀ ਸੋਚਣ ਲੱਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੀ ਮਦਦ ਕਿਵੇਂ ਕੀਤੀ ਜਾਵੇ। ਮੈਂ ਆਪਣੇ ਆਪ ਨੂੰ ਕਿੰਨੇ ਹੀ ਸਵਾਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ, ਜਿਸ ਦਾ ਕੋਈ ਹੱਲ ਮੈਨੂੰ ਅਜੇ ਸੁੱਝ ਨਹੀਂ ਰਿਹਾ ਸੀ। ਅਜੇ ਮੈਂ ਸੋਚਾਂ-ਫ਼ਿਕਰਾਂ ਵਿੱਚ ਗੁਆਚਿਆ ਉਸ ਵੱਲੋਂ ਪਾਸਾ ਵੱਟ ਘਰ ਨੂੰ ਮੁੜਨ ਹੀ ਲੱਗਾ ਸੀ ਕਿ ਇੱਕ ਨਿੱਕੇ ਜਿਹੇ ਹੱਥ ਨੇ ਪੋਲੇ ਜਿਹੇ ਮੇਰੀ ਉਂਗਲ ਫੜੀ, ਜੋ ਮਿੱਟੀ ਤੇ ਕਾਲਖ ਨਾਲ ਲਿਬੜਿਆ ਹੋਇਆ ਸੀ ਪਰ ਉਸ ਦੀ ਕੋਮਲ ਛੋਹ ਨੇ ਮੇਰੇ ਮਨ ਨੂੰ ਅਜੀਬ ਜਿਹੀ ਖ਼ੁਸ਼ੀ ਦਿੱਤੀ। ਮੈਨੂੰ ਲੱਗਿਆ ਜਿਵੇਂ ਮੇਰੇ ਪੁੱਤਰ ਅੰਬਰ ਨੇ ਮੇਰੀ ਉਂਗਲ ਫੜੀ ਹੋਵੇ, ਜੋ ਰੋਜ਼ ਬਾਹਰ ਲਿਜਾਣ ਲਈ ਜ਼ਿੱਦ ਕਰਦਾ ਹੈ। ਮੈਂ ਤੇਜ਼ੀ ਨਾਲ ਮੁੜ ਕੇ ਪਿੱਛੇ ਦੇਖਿਆ ਕਿ ਉਹੀ ਛੋਟਾ ਲੜਕਾ ਮੇਰੀ ਉਂਗਲ ਫੜੀ ਖੜ੍ਹਾ ਸੀ, ਜੋ ਕੁਝ ਕਹਿਣਾ ਚਾਹੁੰਦਾ ਸੀ। ਉਹ ਹੌਲੀ ਜਿਹੀ ਬੋਲਿਆ, ‘‘ਮੈਨੂੰ ਵੀ ਚਾਨਣ ਚਾਹੀਦੈ।’’

ਅਚਾਨਕ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਜਿੱਥੇ ਇਹ ਲੜਕਾ ਰਹਿੰਦਾ ਸੀ ਉੱਥੇ ਰਹਿਣ ਵਾਲਿਆਂ ਨੂੰ ਅਕਸਰ ਪਾਣੀ, ਬਿਜਲੀ ਦੀ ਸਪਲਾਈ ਨਹੀਂ ਮਿਲਦੀ ਤੇ ਸ਼ਾਇਦ ਇਹ ਬਿਜਲੀ ਦੇ ਬੱਲਬ ਜਾਂ ਟਿਊਬ ਲਾਈਟ ਦੀ ਗੱਲ ਕਰਦਾ ਹੈ, ਪਰ ਉਹ ਬੋਲਿਆ, ‘‘ਤੁਸੀਂ ਕੱਲ੍ਹ ਜੋ ਪੜ੍ਹਾਇਆ ਮੈਂ ਸਭ ਸੁਣਿਆ ਸੀ... ਮੈਨੂੰ ਵੀ ਚਾਨਣ ਚਾਹੀਦੈ। ਵਿੱਦਿਆ ਵਾਲਾ ਚਾਨਣ, ਤੁਸੀਂ ਦਿਓਗੇ ਮੈਨੂੰ ਵੀ ਚਾਨਣ?’’ ਮੈਂ ਇੱਕ ਟੱਕ ਉਸ ਦੇ ਚਿਹਰੇ ਵੱਲ ਦੇਖਣ ਲੱਗਾ। ਉਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਦੋ ਚਿਰਾਗਾਂ ਵਾਂਗ ਚਮਕ ਰਹੀਆਂ ਸਨ ਤੇ ਉਸ ਦਾ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਚਿਹਰਾ ਇਉਂ ਲੱਗਦਾ ਸੀ ਜਿਵੇਂ ਸੂਰਜ ਗਰਦੋ-ਗੁਬਾਰ ਓਹਲਿਓਂ ਚਮਕਾਂ ਮਾਰਨ ਲਈ ਕਾਹਲਾ ਹੋਵੇ। ਉਸ ਦੀ ਪੜ੍ਹਨ ਦੀ ਤੀਬਰ ਚਾਹ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ। ਉਸ ਦੀਆਂ ਅੱਖਾਂ ਵਿੱਚ ਆਤਮ-ਵਿਸ਼ਵਾਸ ਤੇ ਪੜ੍ਹਨ ਦੀ ਇੱਛਾ ਦੇਖ ਕੇ ਮੈਥੋਂ ਰਿਹਾ ਨਾ ਗਿਆ। ਮੈਂ ਉਸ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਦਾ ਤਹੱਈਆ ਕਰ ਕੇ ਉਸ ਨੂੰ ਮਗਰ ਬਿਠਾ ਸਕੂਟਰ ਉਸ ਦੇ ਘਰ ਵੱਲ ਤੋਰ ਲਿਆ।

ਸੰਪਰਕ: 98723-34944, 88376-44027

Advertisement
×