DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉਰਦੂ ਕਹਾਣੀ: ਚਾਨਣ

ਸਾਡੇ ਘਰ ਦੇ ਸਾਹਮਣੇ ਇੱਕ ਪੱਕੀ ਸੜਕ ਏ ਤੇ ਇੱਕ ਸੜਕ ਵੱਖੀ ਦੇ ਨੇੜਿਓਂ ਵੀ ਲੰਘਦੀ ਏ। ਇਹੋ ਵੱਖੀ ਵਾਲੀ ਸੜਕ ਸ਼ਾਹਦੀਨ ਮਕੀਮ ਨੂੰ ਜਾਂਦੀ ਏ ਤੇ ਸਾਹਮਣੇ ਵਾਲੀ ਸੜਕ ਫਿਰੋਜ਼ਪੁਰ ਨੂੰ। ਜਿੱਥੇ ਇਹ ਦੋਵੇਂ ਸੜਕਾਂ ਮਿਲਦੀਆਂ ਨੇ, ਉੱਥੇ ਇੱਕ...

  • fb
  • twitter
  • whatsapp
  • whatsapp
Advertisement

ਸਾਡੇ ਘਰ ਦੇ ਸਾਹਮਣੇ ਇੱਕ ਪੱਕੀ ਸੜਕ ਏ ਤੇ ਇੱਕ ਸੜਕ ਵੱਖੀ ਦੇ ਨੇੜਿਓਂ ਵੀ ਲੰਘਦੀ ਏ। ਇਹੋ ਵੱਖੀ ਵਾਲੀ ਸੜਕ ਸ਼ਾਹਦੀਨ ਮਕੀਮ ਨੂੰ ਜਾਂਦੀ ਏ ਤੇ ਸਾਹਮਣੇ ਵਾਲੀ ਸੜਕ ਫਿਰੋਜ਼ਪੁਰ ਨੂੰ। ਜਿੱਥੇ ਇਹ ਦੋਵੇਂ ਸੜਕਾਂ ਮਿਲਦੀਆਂ ਨੇ, ਉੱਥੇ ਇੱਕ ਮਾਰਕੀਟ ਏ। ਮਾਰਕੀਟ ਦੇ ਪਿਛਲੇ ਪਾਸੇ ਇੱਕ ਬਸਤੀ ਏ, ਜਿੱਥੇ ਨਿੱਕੇ-ਨਿੱਕੇ ਮਿੱਟੀ ਦੇ ਘਰ ਨੇ। ਇਹ ਬੜੀ ਗੰਦੀ ਬਸਤੀ ਏ। ਭੀੜੀਆਂ ਗਲੀਆਂ ਤੇ ਤੰਗ ਜਿਹੇ ਘਰ ਦੇਖ ਕੇ ਮੇਰਾ ਤੇ ਸਾਹ ਘੁਟਣ ਲੱਗ ਪੈਂਦਾ ਏ। ਇਨ੍ਹਾਂ ਘਰਾਂ ਵਿੱਚ ਏਨਾ ਹਨੇਰਾ ਏ ਪਈ ਵਰ੍ਹਿਆਂ ਤੋਂ ਇਕਮਿਕ ਰਹਿ ਰਹੇ ਲੋਕ ਵੀ ਇੱਕ-ਦੂਜੇ ਨੂੰ ਨਹੀਂ ਸਿਆਣਦੇ। ਇਹਦੀ ਵਜ੍ਹਾ ਇਹ ਤੇ ਨਹੀਂ ਪਈ ਇਹ ਸੂਰਜ ਦੀ ਅੱਖ ਉੱਘੜਨ ਤੋਂ ਪਹਿਲਾਂ ਮਿਹਨਤ ਮਜ਼ਦੂਰੀ ਨੂੰ ਟੁਰ ਜਾਂਦੇ ਨੇ ਅਤੇ ਡੂੰਘੀਆਂ ਸ਼ਾਮਾਂ ਪਏ ਥੱਕ ਟੁੱਟ ਕੇ ਪਰਤਦੇ ਨੇ, ਪਰ ਉਨ੍ਹਾਂ ਦੀਆਂ ਜ਼ਨਾਨੀਆਂ ਤੇ ਬੱਚੇ ਉਨ੍ਹਾਂ ਹਨੇਰੇ ਭਰੀਆਂ ਗਲੀਆਂ ’ਚੋਂ ਲੋਅ ਲੱਭਦੇ ਫਿਰਦੇ ਨੇ। ਰਾਜੂ ਨਿੱਕੀ ਜਿਹੀ ਸੰਦੂਕੜੀ ਕੱਛੇ ਮਾਰ ਕੇ ਸਾਹਮਣੇ ਵਾਲੀ ਮਾਰਕੀਟ ਵਿੱਚ ਆ ਬਹਿੰਦਾ ਤੇ ਸਾਰਾ ਦਿਨ ਬੂਟ ਪਾਲਿਸ਼ ਦਾ ਧੰਦਾ ਕਰਦਾ, ਪਰ ਕੁਝ ਦਿਨਾਂ ਤੋਂ ਇੱਕ ਮੈਲੀ ਜਿਹੀ ਲੀਰ ਹੱਥ ਵਿੱਚ ਫੜ ਕੇ ਮਾਰਕੀਟ ਵਿੱਚ ਆਉਣ ਵਾਲੀਆਂ ਕਾਰਾਂ, ਰਿਕਸ਼ਿਆਂ ਤੇ ਟੈਕਸੀਆਂ ਨੂੰ ਪੂੰਝਣ ਲੱਗ ਪਿਆ। ਮੈਂ ਕਿਹਾ, ‘‘ਓਏ ਰਾਜੂ, ਬੂਟ ਪਾਲਸ਼ ਵਾਲਾ ਕੰਮ ਕਿਉਂ ਛੱਡਿਆ ਈ?’’ ਉਹਨੇ ਬੜੀ ਲਾਪ੍ਰਵਾਹੀ ਨਾਲ ਜਵਾਬ ਦਿੱਤਾ, ‘‘ਇਹ ਕੰਮ ਸਿਰਫ਼ ਪਠਾਣ ਕਰ ਸਕਦੇ ਨੇ। ਉਨ੍ਹਾਂ ਕੋਲੋਂ ਬਾਊ ਛੇ ਆਨੇ ਦੀ ਪਾਲਸ਼ ਕਰਵਾ ਲੈਂਦੇ ਨੇ, ਪਰ ਸਾਨੂੰ ਦਵਾਨੀ ਦਿੰਦਿਆਂ ਚੀਕਦੇ ਨੇ। ਠੀਕ ਏ ਭਾਅ! ਉਹ ਇਨ੍ਹਾਂ ਨੂੰ ਜੁੱਤੀ ਵਿੱਚੋਂ ਮੂੰਹ ਜੋ ਦਿਖਾ ਦਿੰਦੇ ਨੇ।’’

ਪਰਸੋਂ ਜਦੋਂ ਮੈਂ ਉਹਨੂੰ ਮੰਗਦਿਆਂ ਦੇਖਿਆ ਤਾਂ ਮੈਂ ਆਪੇ ਤੋਂ ਬਾਹਰ ਹੋ ਗਿਆ। ਮੈਂ ਉਹਨੂੰ ਕਿਹਾ, ‘‘ਕੋਈ ਗ਼ੈਰਤ ਵਾਲਾ ਕੰਮ ਕਰ। ਚੱਲ ਮੈਂ ਤੈਨੂੰ ਆਪਣੇ ਚਾਚੇ ਦੀ ਦੁਕਾਨ ’ਤੇ ਛੱਡ ਆਵਾਂ। ਰੋਜ਼ ਦੇ ਤਿੰਨ ਰੁਪਏ ਮਿਲ ਜਾਇਆ ਕਰਨਗੇ, ਨਾਲੇ ਮੋਟਰਾਂ ਦਾ ਕੰਮ ਵੀ ਸਿੱਖ ਜਾਵੇਂਗਾ।’’ ਉਹਨੇ ਕਿਹਾ, ‘‘ਇਹ ਕੰਮ ਸਭ ਤੋਂ ਇੱਜ਼ਤ ਵਾਲਾ ਏ ਬਾਊ। ਜੀਹਦੇ ਕੋਲੋਂ ਨਹੀਂ ਹੁੰਦਾ ਉਹ ਮੁਆਫ਼ੀ ਮੰਗ ਲੈਂਦਾ ਏ, ਨਾਲੇ ਇਹਦੇ ਵਿੱਚ ਉਧਾਰ ਨਹੀਂ। ਨਗਦ ਤੇ ਨਗਦੀ ਦਾ ਸੌਦਾ ਏ। ਹਰ ਵੇਲੇ ਮੁੱਠ ਗਰਮ ਤੇ ਸੀਨਾ ਠੰਢਾ।’’ ਮੈਂ ਬਿੱਟ-ਬਿੱਟ ਉਹਦਾ ਮੂੰਹ ਤੱਕਣ ਲੱਗ ਪਿਆ। ਉਹ ਠਾਹ-ਠਾਹ ਕਰਕੇ ਹੱਸਿਆ ਤੇ ਅਗਾਂਹ ਟੁਰ ਗਿਆ। ਮੈਂ ਸੋਚਿਆ, ‘ਇਹਦਾ ਕਸੂਰ ਨਹੀਂ, ਇਹਦਾ ਮਾਹੌਲ ਈ ਇੰਜ ਦਾ ਏ।’

Advertisement

ਰਹੀਮਾ ਵੀ ਇਸੇ ਬਸਤੀ ਦਾ ਵਸਨੀਕ ਸੀ। ਉਹ ਅੰਨ੍ਹਾ ਸੀ ਤੇ ਫਿਰੋਜ਼ਪੁਰ ਜਾਣ ਵਾਲੀ ਸੜਕ ਦੇ ਕੰਢੇ ਵਿੰਗੀ ਟਾਹਲੀ ਥੱਲੇ ਰੇਹੜੀ ’ਤੇ ਖੱਟੀਆਂ-ਮਿੱਠੀਆਂ ਗੋਲੀਆਂ, ਰਬੜ ਦੀਆਂ ਗੇਂਦਾਂ, ਕੱਚ ਦੇ ਖਿਡੌਣੇ ਤੇ ਨਿੱਕੇ-ਵੱਡੇ ਸ਼ੀਸ਼ੇ ਵੇਚਦਾ। ਰਹੀਮੇ ਦੀ ਭੈਣ ਇਹ ਰੇਹੜੀ ਏਥੇ ਲੈ ਆਉਂਦੀ ਤੇ ਹਰ ਵੇਲੇ ਉਸ ਨਾਲ ਪ੍ਰਛਾਵੇਂ ਵਾਂਗ ਰਹਿੰਦੀ। ਦੋਵਾਂ ਵਿੱਚ ਕੁਝ ਇੰਜ ਦਾ ਰਿਸ਼ਤਾ ਸੀ, ਜਿਵੇਂ ਅੱਖ ਤੇ ਲੋਅ, ਦਿਲ ਤੇ ਧੜਕਣ, ਫੁੱਲ ਤੇ ਖੁਸ਼ਬੂ ਦਾ ਹੁੰਦਾ ਏ। ਅੱਜ ਜਦੋਂ ਮੈਂ ਉਹਦੀ ਰੇਹੜੀ ਕੋਲ ਗਿਆ, ਉਹ ਚੁੱਪ-ਚਾਪ ਰੇਹੜੀ ਮੂਹਰੇ ਖਲੋਤਾ ਸੀ। ਉਹ ਅੱਜ ’ਕੱਲਾ ਸੀ। ਮੈਨੂੰ ਕੁਝ ਇੰਜ ਲੱਗਾ, ਜਿਵੇਂ ਅੱਖ ਤਾਂ ਹੈ ਪਰ ਲੋਅ ਨਹੀਂ, ਦਿਲ ਤਾਂ ਹੈ ਪਰ ਧੜਕਣ ਨਹੀਂ, ਫੁੱਲ ਤਾਂ ਹੈ ਪਰ ਖੁਸ਼ਬੂ ਨਹੀਂ। ਮੈਂ ਰਹੀਮੇ ਨੂੰ ਪੁੱਛਿਆ, ‘‘ਕੀ ਗੱਲ ਏ ਯਾਰ, ਅੱਜ ਤੂੰ ਬੜਾ ਉਦਾਸ ਏਂ?’’ ਉਹਨੇ ਜਵਾਬ ਦਿੱਤਾ, ‘‘ਬੱਸ ਯਾਰ, ਅੱਜਕੱਲ੍ਹ ਬੜੀ ਘੱਟ ਵਿਕਰੀ ਹੁੰਦੀ ਏ। ਸੋਚਦਾ ਹਾਂ ਕੋਈ ਹੋਰ ਕੰਮ ਕੀਤਾ ਜਾਵੇ।’’ ਉਸੇ ਵੇਲੇ ਮੈਨੂੰ ਰਾਜੂ ਯਾਦ ਆ ਗਿਆ, ਨਾਲੇ ਇਹ ਵੀ ਤਾਂ ਉਸੇ ਬਸਤੀ ਦਾ ਵਸਨੀਕ ਏ। ਇਹ ਸੋਚ ਕੇ ਮੈਂ ਕਿਹਾ, ‘‘ਰਹੀਮੇ! ਤੂੰ ਵੀ ਰਾਜੂ ਵਰਗਾ ਕੰਮ ਫੜ ਲੈ। ਨਾਲੇ ਤੂੰ ਤਾਂ ਅੰਨ੍ਹਾ ਏਂ, ਤੂੰ ਤਾਂ ਉਹਦੇ ਨਾਲੋਂ ਬਹੁਤੇ ਪੈਸੇ ਕਮਾ ਸਕਦਾ ਏਂ।’’ ‘‘ਨਹੀਂ-ਨਹੀਂ, ਬਾਊ, ਇੰਜ ਨਾ ਕਹੋ’’, ਉਹ ਇੰਜ ਛਿੱਥਾ ਪਿਆ ਜਿਵੇਂ ਮੈਂ ਉਹਨੂੰ ਗਾਲ੍ਹ ਕੱਢੀ ਹੋਵੇ, ਉਸ ਬਸਤੀ ਤੋਂ ਵੀ ਗੰਦੀ ਜਿੱਥੇ ਉਹ ਰਹਿੰਦਾ ਏ। ਗੁੱਸੇ ਨਾਲ ਉਹਦਾ ਸਰੀਰ ਕੰਬਣ ਲੱਗਾ। ‘‘ਮ... ਮੇਰੇ... ਕੋਲ ਅੱਖਾਂ... ਈ ਨਹੀਂ ਨਾ ਹੈਗੀਆਂ... ਲੋਅ ਤਾਂ ਹੈਗੀ... ਏ ਨਾ? ਅੱਖਾਂ ਦੇ ਦੀਵੇ ਬੁਝ... ਸਕਦੇ ਨੇ ਪਰ ਅੱਖਾਂ ਦੇ ਅੰਦਰ ਦੀ ਲੋਅ ਕਦੀ ਨਹੀਂ ਬੁਝ ਸਕਦੀ... ਕਦੀ ਨਹੀਂ ਬੁਝਦੀ... ਤੇ ਜੇ ਬੁਝ ਜਾਵੇ ਤਾਂ ਫੇਰ ਅੱਖਾਂ ਚਾਨਣ ਨਹੀਂ ਖਿਲਾਰਦੀਆਂ... ਫੇਰ ਬੰਦੇ ਨੂੰ ਦੁਨੀਆ ਕੀ, ਆਪਣਾ-ਆਪ ਨਜ਼ਰ ਨਹੀਂ ਆਉਂਦਾ... ਆਪਣਾ-ਆਪ। ਮੇਰੀ ਨਫ਼ਰਤ ਦਾ ਦੀਵਾ ਇੱਕੋ ਬੁੱਲੇ ਨਾਲ ਬੁਝੇਗਾ।’’ ਗਾਲ੍ਹਾਂ ਦੀ ਵਾਛੜ ਮੈਨੂੰ ਭਿਉਂ ਗਈ। ਮੈਂ ਲੂਣ ਵਾਂਗ ਖੁਰਿਆ ਨਹੀਂ, ਰੂੰ ਵਾਂਗ ਭਾਰਾ ਜ਼ਰੂਰ ਹੋ ਗਿਆ ਸਾਂ। ਹੁਣ ਮੈਂ ਸਮਝ ਗਿਆ ਸਾਂ, ਪਈ ਇਹ ਇਨਸਾਨ ਕਿਸੇ ਨਾ ਕਿਸੇ ਰੰਗ ਵਿੱਚ ਜਾਗਦਾ ਏ।

Advertisement

ਇੱਕ ਸਵੇਰ ਰਹੀਮੇ ਨੂੰ ਬੜਾ ਮਸੋਸਿਆ ਹੋਇਆ ਦੇਖ ਕੇ ਮੈਂ ਕਿਹਾ, ‘‘ਯਾਰ ਹੁਣ ਤਾਂ ਕੋਈ ਨਾ ਕੋਈ ਗਾਹਕ ਆ ਈ ਜਾਂਦਾ ਏ, ਹੁਣ ਤੈਨੂੰ ਕਾਹਦਾ ਉਦਰੇਵਾਂ ਏਂ?’’ ‘‘ਗਾਹਕ ਨੂੰ ਛੱਡ ਬਾਊ, ਪਰਸੋਂ ਦੀ ਮੇਰੀ ਮਾਂ ਦੀ ਨੌਕਰੀ ਛੁੱਟ ਗਈ ਏ।’’ ‘‘ਪਰ ਕਿਉਂ?’’ ਮੈਂ ਹੈਰਾਨੀ ਨਾਲ ਪੁੱਛਿਆ। ਉਹਨੇ ਦੁੱਖ ਭਰੇ ਲਹਿਜੇ ਵਿੱਚ ਕਿਹਾ, ‘‘ਚਾਹ ਦਾ ਸੈੱਟ ਟੁੱਟ ਗਿਆ ਸੀ, ਜਿਹੜਾ ਕੋਠੀ ਵਾਲਿਆਂ ਬਾਹਰੋਂ ਮੰਗਵਾਇਆ ਸੀ। ਬਾਊ, ਲੋਹੇ ਦਾ ਜ਼ਮਾਨਾ ਕਿੰਨਾ ਚੰਗਾ ਸੀ। ਜਦ ਕੋਈ ਭਾਂਡਾ ਡਿੱਗਦਾ ਸੀ ਤਾਂ ਕਿਸੇ ਮੁਟਿਆਰ ਦੀ ਝਾਂਜਰ ਵਾਂਗ ਛਣਕ ਕੇ ਚੁੱਪ ਹੋ ਜਾਂਦਾ ਸੀ। ਅੱਜਕੱਲ੍ਹ ਸ਼ੀਸ਼ੇ ਦੇ ਭਾਂਡੇ ਨੇ ਤੇ ਫ਼ਰਸ਼ ਵੀ ਪੱਕਾ। ਇਹ ਡਿੱਗਦੇ ਮਗਰੋਂ ਨੇ ਤੇ ਟੁੱਟ ਪਹਿਲਾਂ ਜਾਂਦੇ ਨੇ।’’ ਇਹ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਮੇਰੇ ਕੋਲੋਂ ਏਸ ਤੋਂ ਅੱਗੇ ਕੁਝ ਨਾ ਸੁਣਿਆ ਗਿਆ। ਘਰ ਪਰਤ ਆਇਆ ਤੇ ਚਾਦਰ ਤਾਣ ਕੇ ਸੌਂ ਗਿਆ। ਲੌਢੇ ਵੇਲੇ ਇੱਕ ਜ਼ਰੂਰੀ ਕੰਮ ਲਈ ਜਾਣਾ ਸੀ। ਮੈਂ ਭੁੱਲ ਗਿਆ ਸਾਂ, ਪਰ ਜਦੋਂ ਮੈਨੂੰ ਚੇਤਾ ਆਇਆ ਤੇ ਮੈਂ ਮੰਜੇ ਤੋਂ ਰਬੜ ਦੀ ਗੇਂਦ ਵਾਂਗ ਭੁੜਕਿਆ। ਮੈਨੂੰ ਚੇਤਾ ਨਾ ਆਉਂਦਾ ਤਾਂ ਫੇਰ ਪੂਰੇ ਤਿੰਨ ਸੌ ਰੁਪਏ ਦਾ ਨੁਕਸਾਨ ਹੋ ਜਾਣਾ ਸੀ। ਮੈਂ ਛੇਤੀ ਨਾਲ ਪੈਂਟ ਤੇ ਕਮੀਜ਼ ਦੇ ਖੀਸਿਆਂ ਨੂੰ ਫੋਲਣਾ ਸ਼ੁਰੂ ਕੀਤਾ ਤੇ ਇੱਕ ਨੁੱਕਰ ਤੋਂ ਇੱਕ ਰੁਪਿਆ ਲੱਭ ਗਿਆ। ਟੈਕਸੀ, ਰਿਕਸ਼ੇ ’ਤੇ ਤਾਂ ਜਾਣੋਂ ਰਿਹਾ। ਸਿਰਫ਼ ਬੱਸ ਦਾ ਸੋਚ ਕੇ ਕਮਰੇ ਵਿੱਚੋਂ ਨਿਕਲਿਆ। ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ, ਕੰਘੀ ਵਾਹੀ ਤੇ ਬਾਹਰ ਆ ਗਿਆ। ਵਿਹੜੇ ਵਿੱਚ ਛੀਮੂ, ਨੰਨੂ ਤੇ ਬਾਲਾ ਗੇਂਦ-ਬੱਲੇ ਨਾਲ ਖੇਡ ਰਹੇ ਸਨ। ਉਹ ਮੈਨੂੰ ਦੇਖਦਿਆਂ ਹੀ ਮੇਰੇ ਵੱਲ ਨੱਸੇ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਉਨ੍ਹਾਂ ਨਾਲ ਖੇਡਾਂ। ਮੈਂ ਉਨ੍ਹਾਂ ਦੀ ਜ਼ਿੱਦ ਤੋਂ ਵਾਕਫ਼ ਸਾਂ। ਏਸ ਲਈ ਛੇਤੀ ਹਾਰ ਮੰਨ ਲਈ। ਬਾਲੇ ਨੇ ਗੇਂਦ ਸੁੱਟੀ, ਮੈਂ ਹਿੱਟ ਮਾਰੀ ਤਾਂ ਗੇਂਦ ਦੇ ਦੋ ਟੋਟੇ ਹੋ ਗਏ ਤੇ ਆਸਮਾਨ ਵਿੱਚ ਪਰ-ਕਟੀ ਇੱਲ ਵਾਂਗ ਉੱਡਣ ਲੱਗ ਪਈ। ‘‘ਸਾਨੂੰ ਨਵੀਂ ਗੇਂਦ ਲੈ ਦਿਓ’’, ਉਹ ਤਿੰਨੇ ਮੈਨੂੰ ਜੋਕਾਂ ਵਾਂਗ ਚਿੰਬੜ ਗਏ, ਜਿਵੇਂ ਮੇਰੀ ਸਾਰੀ ਰੱਤ ਚੂਸ ਲੈਣੀ ਹੋਵੇ। ਜੋਕਾਂ ਚਿੰਬੜ ਜਾਣ ’ਤੇ ਰੱਤ ਪੀਣ ਬਿਨਾਂ ਲਹਿ ਜਾਣ, ਇਹ ਕਦੇ ਨਹੀਂ ਹੋਇਆ। ਰੁਪਏ ਵਿੱਚੋਂ ਅਠਿਆਨੀ ਦੀ ਅਣਿਆਈ ਮੌਤ ਦਾ ਮੈਨੂੰ ਬੜਾ ਦੁੱਖ ਹੋਇਆ। ‘‘ਚਲੋ ਮੈਂ ਤੁਹਾਨੂੰ ਨਵੀਂ ਗੇਂਦ ਲੈ ਦੇਵਾਂ,’’ ਮੈਂ ਆਖਿਆ ਤੇ ਉਨ੍ਹਾਂ ਨੂੰ ਰਹੀਮੇ ਕੋਲ ਲੈ ਗਿਆ। ਉਸ ਨੂੰ ਕਿਹਾ, ‘‘ਯਾਰ, ਇੱਕ ਅਠਿਆਨੀ ਵਾਲੀ ਗੇਂਦ ਦੇਵੀਂ।’’ ਰਹੀਮੇ ਨੇ ਛੇਤੀ ਨਾਲ ਪਲਾਸਟਿਕ ਦੇ ਲਿਫ਼ਾਫੇ ਵਿੱਚੋਂ ਰਬੜ ਦੀ ਗੇਂਦ ਕੱਢੀ। ਬਾਲੇ ਨੇ ਝਪੱਟਾ ਮਾਰ ਕੇ ਖੋਹ ਲਈ ਤੇ ਸ਼ੂਟ ਵੱਟ ਦਿੱਤੀ। ਛੀਮੂ ਤੇ ਨੰਨੂ ਤਾੜੀਆਂ ਮਾਰਦਿਆਂ ਦੌੜ ਗਏ। ‘‘ਇਹ ਲੈ ਪੈਸੇ,’’ ਮੈਂ ਰੁਪੱਈਆ ਫੜਾਇਆ। ਉਹਨੇ ਜੁਆਬ ਦਿੱਤਾ, ‘‘ਰਹਿਣ ਦੇ ਬਾਊ। ਇਹ ਵੀ ਤਾਂ ਆਪਣੇ ਈ ਬੱਚੇ ਨੇ।’’ ‘‘ਨਹੀਂ ਨਹੀਂ, ਰਹੀਮੇ ਇਹ ਲੈ।’’ ਰਹੀਮੇ ਨੇ ਸ਼ਰਮਾਉਂਦਿਆਂ ਹੱਥ ਨਾਲ ਰੁਪੱਈਆ ਫੜਿਆ, ਕੁੜਤਾ ਚੁੱਕ ਕੇ ਸਲੂਕੇ ਦੇ ਬੋਝੇ ਵਿੱਚ ਰੱਖ ਲਿਆ। ਨੋਟ ਉਹ ਸਲੂਕੇ ਦੇ ਬੋਝੇ ਵਿੱਚ ਰੱਖਦਾ ਸੀ। ਕੁੜਤੇ ਦੀ ਵੱਖੀ ਵਾਲੇ ਖੀਸੇ ਦੇ ਭਾਨ ’ਚੋਂ ਉਂਗਲੀਆਂ ਦੇ ਪੋਟਿਆਂ ਨਾਲ ਇੱਕ ਅਠਿਆਨੀ ਕੱਢ ਕੇ ਮੈਨੂੰ ਫੜਾਉਂਦਿਆਂ ਕਿਹਾ, ‘‘ਬਾਊ! ਅੱਜ ਬੜੀ ਵਿਕਰੀ ਹੋਈ ਏ। ਪੂਰੇ ਤਿੰਨ ਰੁਪਏ ਵੱਟੇ ਨੇ। ਸਵੇਰੇ ਤੂੰ ਜੋ ਫੇਰਾ ਪਾਇਆ ਸੀ। ਤੂੰ ਬੜਾ ਭਾਗਾਂ ਵਾਲਾ ਏਂ। ਹੁਣੇ ਤੇਰੇ ਵਰਗਾ ਇੱਕ ਬਾਊ ਆਇਆ ਸੀ, ਉਹ ਦੁਆਨੀ ਵਾਲੀਆਂ ਦੋ ਗੇਂਦਾਂ ਤੇ ਚਵਾਨੀ ਵਾਲਾ ਇੱਕ ਸ਼ੀਸ਼ਾ ਲੈ ਗਿਆ ਏ। ਇਹ ਅਠਿਆਨੀ ਉਸੇ ਬਾਊ ਕੋਲੋਂ ਵੱਟੀ ਏ।’’ ਮੈਂ ਰਹੀਮੇ ਵੱਲ ਬਿੱਟ ਬਿੱਟ ਦੇਖਣ ਲੱਗ ਪਿਆ। ਉਹਦਾ ਚਿਹਰਾ ਖ਼ੁਸ਼ੀ ਨਾਲ ਲਾਲ ਸੂਹਾ ਹੋ ਗਿਆ ਸੀ। ਮੈਂ ਸੋਚਣ ਲੱਗ ਪਿਆ ਕਿ ਝੂਠੀ ਲੋਅ ਚਿਹਰੇ ’ਤੇ ਕਿੰਨਾ ਚਾਨਣ ਖਲਾਰ ਦਿੰਦੀ ਏ। ਕੀ ਇਹਦੇ ਚਿਹਰੇ ’ਤੇ ਉਸ ਦੀਵੇ ਦੀ ਲੋਅ ਤਾਂ ਨਹੀਂ, ਜਿਹੜਾ ਅਖ਼ੀਰੀ ਸਾਹ ਭਰ ਕੇ ਬੁਝ ਜਾਂਦਾ ਏ? ਨਹੀਂ, ਮੈਂ ਇਹ ਦੀਵਾ ਨਹੀਂ ਬੁਝਣ ਦੇਵਾਂਗਾ। ਜੇ ਮੈਂ ਜੋਕਾਂ ਨੂੰ ਰੱਤ ਪਿਆ ਸਕਦਾ ਹਾਂ ਤੇ ਏਸ ਦੀਵੇ ਨੂੰ ਲਹੂ ਦੇ ਕੇ ਬਾਲ ਵੀ ਸਕਦਾ ਹਾਂ। ‘‘ਕੀ ਗੱਲ ਏ ਬਾਊ ਚੁੱਪ ਕਿਉਂ ਏਂ?’’ ‘‘ਨਹੀਂ ਨਹੀਂ ਰਹੀਮੇ, ਕੋਈ ਗੱਲ ਨਹੀਂ। ਮੈਨੂੰ ਕਾਹਲੀ ਏ, ਮੈਂ ਫੇਰ ਆਵਾਂਗਾ।’’ ਮੈਂ ਖੋਟੀ ਅਠਿਆਨੀ, ਜਿਹੜੀ ਦਸ ਪੈਸੇ ਵਾਲੇ ਵੱਡੇ ਆਨੇ ਦੀਆਂ ਨੁੱਕਰਾਂ ਘਸਾ ਕੇ ਬਣਾਈ ਹੋਈ ਸੀ, ਮੁੱਠੀ ਵਿੱਚ ਰੱਖ ਕੇ ਚੁੱਪ-ਚੁਪੀਤਾ ਪੈਦਲ ਹੀ ਟੁਰ ਪਿਆ।

- ਪੰਜਾਬੀ ਰੂਪ: ਬਲਰਾਜ ਧਾਰੀਵਾਲ

ਸੰਪਰਕ: 98783-17796

Advertisement
×