ਸਿਵਿਆਂ ’ਚੋਂ ਮਿਲੀ ਜ਼ਿੰਦਗੀ..!
ਹਫ਼ਤਾ ਪਹਿਲਾਂ ਸਾਡੇ ਗੁਆਂਢੀ ਪਿੰਡ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਗਦੀਪ ਅਫ਼ਸੋਸ ਕਰਨ ਗਿਆ। ਮੁੜਦਾ ਹੋਇਆ ਮੈਨੂੰ ਮਿਲਣ ਆ ਗਿਆ। ‘‘ਸਤਿ ਸ੍ਰੀ ਅਕਾਲ, ਮੈਡਮ ਜੀ’’ ਕਹਿ ਕੇ ਪੈਰੀਂ ਹੱਥ ਲਾਏ। ਜਗਦੀਪ ਨੂੰ ਦੇਖਦਿਆਂ ਮੇਰੀਆਂ ਅੱਖਾਂ...
ਹਫ਼ਤਾ ਪਹਿਲਾਂ ਸਾਡੇ ਗੁਆਂਢੀ ਪਿੰਡ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਗਦੀਪ ਅਫ਼ਸੋਸ ਕਰਨ ਗਿਆ। ਮੁੜਦਾ ਹੋਇਆ ਮੈਨੂੰ ਮਿਲਣ ਆ ਗਿਆ। ‘‘ਸਤਿ ਸ੍ਰੀ ਅਕਾਲ, ਮੈਡਮ ਜੀ’’ ਕਹਿ ਕੇ ਪੈਰੀਂ ਹੱਥ ਲਾਏ। ਜਗਦੀਪ ਨੂੰ ਦੇਖਦਿਆਂ ਮੇਰੀਆਂ ਅੱਖਾਂ ਮੂਹਰੇ ਛੇ ਸਾਲ ਪਹਿਲਾਂ ਦਾ ਉਹ ਸਮਾਂ ਰੀਲ ਵਾਂਗ ਘੁੰਮ ਗਿਆ ਜਦੋਂ ਜਗਦੀਪ ਦੇ ਪਿੰਡ ਚਾਰ ਮਹੀਨਿਆਂ ਵਿੱਚ ਚਾਰ ਮੌਤਾਂ ਹੋਈਆਂ ਸਨ। ਚੋਟੀ ਦੇ ਗੱਭਰੂ, ਸਿਖਰੋਂ ਟੁੱਟੇ। ਸਾਰਾ ਪਿੰਡ ਸੋਗ ’ਚ ਡੁੱਬਿਆ ਰਿਹਾ। ਚਾਰੇ ਹੀ ਮਾਪਿਆਂ ਦੇ ’ਕੱਲੇ-’ਕੱਲੇ ਪੁੱਤ ਸਨ। ਕੋਈ ਵੀਹ ਵਰ੍ਹਿਆਂ ਦਾ, ਕੋਈ ਇੱਕੀਆਂ ਦਾ। ਜਿਸ ਦਿਨ ਚੌਥਾ ਮੋਇਆ, ਪਿੰਡ ਦੀ ਜੂਹ ’ਚ ਬਣੇ ਸ਼ਮਸ਼ਾਨਘਾਟ ਵਿੱਚੋਂ ਉੱਠਦਾ ਧੂੰਆਂ ਜਗਦੀਪ ਨੂੰ ਡਰਾ ਗਿਆ। ਉਂਝ ਤਾਂ ਮੌਤ ਹਰ ਇਨਸਾਨ ਨੂੰ ਆਉਣੀ ਹੈ ਪਰ ਜਦੋਂ ਜਵਾਨੀ ਸਿਵਿਆਂ ’ਚ ਬਲਦੀ ਹੈ ਤਾਂ ਆਸਮਾਨ ਵੀ ਕੰਬ ਉੱਠਦਾ ਹੈ। ਜਗਦੀਪ ਦੂਰ ਇੱਕ ਕਿੱਕਰ ਦੇ ਸੁੱਕੇ ਤਣੇ ਨਾਲ ਢੋਅ ਲਾਈ ਬੈਠਾ ਇਹੀ ਸੋਚ ਰਿਹਾ ਸੀ। ਉਸ ਦੇ ਪੰਜ ਮੈਂਬਰੀ ਦੋਸਤਾਂ ਦੇ ਗਰੁੱਪ ਦਾ ਆਖ਼ਰੀ ਸਾਥੀ, ਕੁਲਵਿੰਦਰ, ਚਿਤਾ ’ਤੇ ਲੇਟਿਆ ਹੋਇਆ ਸੀ। ਅੱਗ ਦੀਆਂ ਲਪਟਾਂ ਜਿਉਂ-ਜਿਉਂ ਉੱਚੀਆਂ ਉੱਠ ਰਹੀਆਂ ਸਨ, ਜਗਦੀਪ ਨੂੰ ਲੱਗ ਰਿਹਾ ਸੀ ਜਿਵੇਂ ਉਹ ਅੱਗ ਕੁਲਵਿੰਦਰ ਨੂੰ ਨਹੀਂ, ਸਗੋਂ ਉਸ ਦੀ ਆਪਣੀ ਹੋਂਦ ਨੂੰ ਸਾੜ ਰਹੀ ਹੋਵੇ। ਚਾਰ ਮਹੀਨਿਆਂ ਵਿੱਚ ਜਗਦੀਪ ਚੌਥੀ ਵਾਰ ਇਸ ਮਨਹੂਸ ਥਾਂ ’ਤੇ ਆਇਆ। ਪਹਿਲਾਂ ਗੁਰਪ੍ਰੀਤ ਗਿਆ, ਫਿਰ ਮਨਵੀਰ, ਉਪਰੰਤ ਸੰਦੀਪ ਤੇ ਹੁਣ ਕੁਲਵਿੰਦਰ ਦੀ ਵਾਰੀ ਸੀ। ਸਾਰਿਆਂ ਦੀ ਮੌਤ ਦਾ ਕਾਰਨ ਇੱਕੋ ਸੀ ‘ਚਿੱਟਾ’, ਜਿਸ ਨੇ ਪੰਜਾਬ ਦੇ ਜਵਾਨਾਂ ਨੂੰ ਸਿਵਿਆਂ ਦੀ ਸੁਆਹ ਬਣਾ ਦਿੱਤਾ। ਕਦੇ ਸਮਾਂ ਸੀ ਜਦੋਂ ਇਹ ਪੰਜੇ ਦੋਸਤ ਪਿੰਡ ਦੀ ਰੌਣਕ ਹੁੰਦੇ ਸਨ। ਕੋਈ ਵੀ ਸਾਂਝਾ ਕੰਮ ਹੁੰਦਾ, ਪੰਜੇ ਮੋਹਰੀ ਹੁੰਦੇ। ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਪੂਰਾ ਹੱਥ ਵਟਾਉਂਦੇ। ਫਿਰ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਕਿਸੇ ਭੈੜੇ ਬੰਦੇ ਨੇ ਚਿੱਟਾ ਇਨ੍ਹਾਂ ਦੇ ਮੂੰਹ ਲੁਆ ਦਿੱਤਾ। ਹੌਲੀ-ਹੌਲੀ ਪਿੰਡ ਦੇ ਬਾਹਰਵਾਰ ਸੂਏ ਦੀ ਪਟੜੀ ’ਤੇ ਬੈਠਣ ਲੱਗ ਪਏ। ਜਗਦੀਪ ਨੂੰ ਯਾਦ ਆਇਆ ਕਿ ਕਿਵੇਂ ਉਹ ਨਸ਼ੇ ਲਈ ਘਰੋਂ ਚੋਰੀਆਂ ਕਰਨ ਲੱਗੇ ਸਨ। ਮਾਂ ਦੇ ਗਹਿਣੇ ਤੇ ਇੱਥੋਂ ਤੱਕ ਘਰ ਦੇ ਭਾਂਡੇ ਵੀ ਨਸ਼ੇ ਦੀ ਭੇਟ ਚੜ੍ਹ ਗਏ।
ਕੁਲਵਿੰਦਰ ਦੀ ਚਿਤਾ ਕੋਲ ਖੜ੍ਹੀ ਉਸ ਦੀ ਬੁੱਢੀ ਮਾਂ ਦੇ ਵੈਣ ਜਗਦੀਪ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਕੁਲਵਿੰਦਰ ਦੇ ਪਿਤਾ ਦੇ ਚਿਹਰੇ ’ਤੇ ਹੰਝੂ ਨਹੀਂ ਸਗੋਂ ਅਜੀਬ ਜਿਹੀ ਨਮੋਸ਼ੀ ਤੇ ਬੇਵਸੀ ਸੀ। ਪਿੰਡ ਵਾਲੇ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ, ‘‘ਨਸ਼ੱਈ ਸੀ, ਚੰਗਾ ਹੋਇਆ ਖਹਿੜਾ ਛੁੱਟ ਗਿਆ, ਨਿੱਤ ਦਾ ਰੋਣਾ ਤਾਂ ਮੁੱਕਿਆ।’’ ਇਹ ਸ਼ਬਦ ਜਗਦੀਪ ਦੇ ਸੀਨੇ ਵਿੱਚ ਤੀਰ ਵਾਂਗ ਚੁਭੇ। ਉਸ ਨੇ ਆਪਣੇ ਹੱਥਾਂ ਵੱਲ ਦੇਖਿਆ, ਜੋ ਨਸ਼ੇ ਦੀ ਤੋੜ ਕਾਰਨ ਕੰਬ ਰਹੇ ਸਨ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਚੁੱਕੀਆਂ ਸਨ ਅਤੇ ਚਿਹਰੇ ਦੀ ਰੌਣਕ ਉੱਡ ਗਈ। ਉਸ ਨੂੰ ਅਹਿਸਾਸ ਹੋਇਆ ਕਿ ਜੇ ਅੱਜ ਉਹ ਨਾ ਸੰਭਲਿਆ ਤਾਂ ਅਗਲੀ ਚਿਤਾ ਉਸ ਦੀ ਬਲੇਗੀ। ਅਗਲਾ ਰੋਣਾ ਉਸ ਦੀ ਮਾਂ ਦਾ ਹੋਵੇਗਾ। ਨਮੋਸ਼ੀ ਉਸ ਦੇ ਪਿਓ ਦੇ ਹਿੱਸੇ ਆਵੇਗੀ। ਸਿਵਿਆਂ ਦਾ ਉਹ ਸੇਕ ਉਸ ਦੇ ਸਰੀਰ ਤੱਕ ਨਹੀਂ, ਸਗੋਂ ਉਸ ਦੀ ਰੂਹ ਤੱਕ ਪਹੁੰਚ ਗਿਆ। ਉਸ ਨੇ ਉਸੇ ਪਲ ਮਨ ਵਿੱਚ ਧਾਰ ਲਿਆ ਕਿ ਉਹ ਆਪਣੇ ਦੋਸਤਾਂ ਵਾਂਗ ਸਿਵਿਆਂ ਦੀ ਸੁਆਹ ਨਹੀਂ ਬਣੇਗਾ।
ਸਿਵਿਆਂ ਤੋਂ ਮੁੜਦਿਆਂ ਜਗਦੀਪ ਸਿੱਧਾ ਆਪਣੇ ਘਰ ਗਿਆ। ਉਹ ਆਪਣੀ ਮਾਂ ਦੇ ਪੈਰ ਫੜ ਕੇ ਉੱਚੀ-ਉੱਚੀ ਰੋਣ ਲੱਗਾ। ‘‘ਮਾਂ, ਮੈਨੂੰ ਬਚਾ ਲੈ... ਮੈਂ ਜਿਊਣਾ ਚਾਹੁੰਦਾ ਹਾਂ, ਮੈਂ ਕੁਲਵਿੰਦਰ ਹੋਰਾਂ ਵਾਂਗ ਮਰਨਾ ਨਹੀਂ ਚਾਹੁੰਦਾ।’’ ਮਾਂ ਕੁਝ ਨਾ ਬੋਲੀ। ਬਸ ਉਹਦੇ ਗਰਮ, ਖਾਰੇ ਹੰਝੂ ਜਗਦੀਪ ਦੇ ਸਿਰ ’ਤੇ ਡਿੱਗੇ। ਉਨ੍ਹਾਂ ਹੰਝੂਆਂ ’ਚ ਚਾਰ ਸਿਵਿਆਂ ਦਾ ਸੇਕ ਸੀ। ਮਾਂ ਨੇ ਆਪਣੇ ਪੁੱਤ ਨੂੰ ਕਾਲਜੇ ਨਾਲ ਲਾਇਆ। ਜਗਦੀਪ ਦੀ ਮਾਂ ਰੋਂਦੀ-ਕੁਰਲਾਉਂਦੀ ਮੇਰੇ ਕੋਲ ਆਈ ਤੇ ਸਾਰੀ ਵਿਥਿਆ ਸੁਣਾਈ ਕਿਉਂਕਿ ਜਗਦੀਪ ਮੇਰਾ ਵਿਦਿਆਰਥੀ ਰਹਿ ਚੁੱਕਿਆ ਸੀ। ਮੈਂ ਆਪਣੇ ਪਤੀ ਨੂੰ ਕਿਹਾ, ‘‘ਆਪਾਂ ਇਨ੍ਹਾਂ ਦੀ ਮਦਦ ਕਰਨੀ ਹੈ।’’ ਪਰਿਵਾਰ ਦੀ ਸਹਿਮਤੀ ਨਾਲ ਜਗਦੀਪ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ। ਅਗਲੇ ਕੁਝ ਮਹੀਨੇ ਜਗਦੀਪ ਲਈ ਕਿਸੇ ਨਰਕ ਤੋਂ ਘੱਟ ਨਹੀਂ ਸਨ। ਜਦੋਂ ਨਸ਼ੇ ਦੀ ਤੋੜ ਲੱਗਦੀ ਤਾਂ ਰਾਤ ਨੂੰ ਸਰੀਰ ਇਸ ਤਰ੍ਹਾਂ ਮਰੋੜੇ ਖਾਂਦਾ ਜਿਵੇਂ ਹਜ਼ਾਰਾਂ ਬਿੱਛੂ ਇੱਕੋ ਵਾਰ ਡੰਗ ਮਾਰ ਰਹੇ ਹੋਣ। ਉਲਟੀਆਂ, ਪਸੀਨਾ, ਜਦੋਂ ਵੀ ਉਸ ਦਾ ਮਨ ਡੋਲਦਾ, ਉਸ ਨੂੰ ਕੁਲਵਿੰਦਰ ਦੀ ਬਲਦੀ ਚਿਤਾ ਤੇ ਉਸ ਦੀ ਮਾਂ ਦੇ ਵੈਣ ਯਾਦ ਆ ਜਾਂਦੇ। ਉੱਥੇ ਉਸ ਨੇ ਡਾਕਟਰੀ ਇਲਾਜ ਦੇ ਨਾਲ-ਨਾਲ ਯੋਗ ਤੇ ਕਿਤਾਬਾਂ ਦਾ ਸਹਾਰਾ ਲਿਆ। ਉਸ ਨੇ ਸਾਹਿਤ ਪੜ੍ਹਨਾ ਸ਼ੁਰੂ ਕੀਤਾ, ਜਿਸ ਨੇ ਉਸ ਦੇ ਅੰਦਰ ਇੱਕ ਨਵਾਂ ਭਰੋਸਾ ਪੈਦਾ ਕੀਤਾ। ਹੌਲੀ-ਹੌਲੀ ਉਸ ਦੇ ਸਰੀਰ ਵਿੱਚ ਜਾਨ ਆਉਣ ਲੱਗੀ ਤੇ ਚਿਹਰੇ ’ਤੇ ਮੁੜ ਜਵਾਨੀ ਦੀ ਲਾਲੀ ਪਰਤ ਆਈ। ਨਸ਼ਾ ਛੁਡਾਊ ਕੇਂਦਰ ਤੋਂ ਪਰਤ ਕੇ ਉਹ ਮੈਨੂੰ ਘਰ ਮਿਲਣ ਆਇਆ। ਉਸ ਨੇ ਮੈਨੂੰ ਸਾਰੀਆਂ ਕਿਤਾਬਾਂ ਦਿਖਾਈਆਂ, ਜੋ ਉਸ ਨੇ ਪੜ੍ਹੀਆਂ ਸਨ।
ਜਗਦੀਪ ਹੁਣ ਨਾ ਸਿਰਫ਼ ਪੂਰੀ ਤਰ੍ਹਾਂ ਤੰਦਰੁਸਤ ਹੈ, ਸਗੋਂ ਉਹ ਆਪਣੇ ਪਿੰਡ ਦਾ ਮਾਰਗਦਰਸ਼ਕ ਬਣ ਗਿਆ ਹੈ। ਉਹ ਪਿੰਡ ਦੇ ਅੱਡੇ ਜਾਂ ਸੂਏ ਦੀ ਪਟੜੀ ’ਤੇ ਬੈਠਣ ਵਾਲੇ ਮੁੰਡਿਆਂ ਕੋਲ ਜਾਂਦਾ ਹੈ, ਉਨ੍ਹਾਂ ਨਾਲ ਦੋਸਤ ਬਣ ਕੇ ਗੱਲ ਕਰਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦਾ ਹੈ। ਜਗਦੀਪ ਅਕਸਰ ਕਹਿੰਦਾ ਹੈ, ‘‘ਜਿਵੇਂ ਮੈਂ ਨਸ਼ਿਆਂ ’ਤੇ ਫ਼ਤਹਿ ਹਾਸਲ ਕੀਤੀ ਹੈ, ਨਸ਼ੇ ਦਾ ਆਦੀ ਹਰ ਇਨਸਾਨ ਕਰ ਸਕਦਾ ਹੈ। ਬਸ ਇਰਾਦਾ ਮਜ਼ਬੂਤ ਹੋਵੇ।’’ ਜਗਦੀਪ ਨੇ ਚੁੱਪ ਤੋੜੀ, ‘‘ਮੈਡਮ...!’’ ਮੈਂ ਤ੍ਰਭਕ ਕੇ ਕਿਹਾ, ‘‘ਆ ਜਗਦੀਪ ਅੰਦਰ ਲੰਘ ਆ।’’ ਜਗਦੀਪ ਮੇਰੇ ਮਗਰ ਹੀ ਘਰ ਦੇ ਅੰਦਰ ਆ ਗਿਆ। ਉਹ ਆਖਣ ਲੱਗਾ, ‘‘ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚੋਂ ਨਿੱਤ ਦੀਆਂ ਖ਼ਬਰਾਂ ਇਹੀ ਹਨ, ‘16-17 ਸਾਲਾ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ।’ ਕਦੇ ਸੰਗਰੂਰ, ਕਦੇ ਬਰਨਾਲਾ, ਕਦੇ ਤਰਨ ਤਾਰਨ। ਵੱਟਸਐਪ, ਫੇਸਬੁੱਕ ’ਤੇ ਦੋ ਦਿਨ ਸਟੇਟਸ ਲੱਗਦੇ ਹਨ, ‘ਆਰ ਆਈ ਪੀ ਵੀਰ’, ਫਿਰ ਸਭ ਭੁੱਲ ਜਾਂਦੇ ਹਨ। ਤੀਜੇ ਦਿਨ ਉਸੇ ਸੂਏ ਦੀ ਪਟੜੀ ’ਤੇ ਨਵੇਂ ਮੁੰਡੇ ਬੈਠੇ ਹੁੰਦੇ ਹਨ। ਮੇਰਾ ਤਾਂ ਖ਼ਬਰਾਂ ਪੜ੍ਹ ਕੇ ਕਲੇਜਾ ਵਲੂੰਧਰਿਆ ਜਾਂਦਾ ਹੈ। ਮੇਰੇ ਦੋਸਤ ਗੁਰਪ੍ਰੀਤ, ਮਨਵੀਰ, ਸੰਦੀਪ, ਕੁਲਵਿੰਦਰ 20-21 ਸਾਲ ਦੇ ਸਨ ਜਦੋਂ ਤੁਰ ਗਏ। ਮੈਂ ਸੋਚਦਾ ਸੀ ਕਿ ਇਸ ਤੋਂ ਮਾੜਾ ਕੀ ਹੋਵੇਗਾ। ਪਰ ਅੱਜ ਨਸ਼ਾ ਸਕੂਲਾਂ ਦੇ ਗੇਟ ਤੱਕ ਪਹੁੰਚ ਗਿਆ। 15-16 ਸਾਲ ਦੇ ਬੱਚੇ, ਜਿਨ੍ਹਾਂ ਨੇ ਅਜੇ ਜ਼ਿੰਦਗੀ ਦੇਖੀ ਵੀ ਨਹੀਂ, ਉਹ ਸਿਵਿਆਂ ਦਾ ਰਾਹ ਫੜ ਰਹੇ ਹਨ। ਨਸ਼ਾ ਛੋਟਿਆਂ ਤੱਕ ਪਹੁੰਚ ਰਿਹਾ ਹੈ ਤੇ ‘ਮੌਤਾਂ ਵੱਡਿਆਂ ਦੀਆਂ’ ਹੋ ਰਹੀਆਂ ਹਨ।’’ ਜਗਦੀਪ ਦੀਆਂ ਗੱਲਾਂ ਸੁਣ ਮੈਂ ਭਾਵੁਕ ਹੋ ਗਈ। ਜਗਦੀਪ ਚਲਾ ਗਿਆ। ਮੈਂ ਇਹੀ ਸੋਚ ਰਹੀ ਸੀ ਕਿ ਸਾਡੇ ਪੁੱਤ-ਧੀਆਂ ਇਸ ਦਲਦਲ ਵਿੱਚ ਕਿਉਂ ਧਸ ਗਏ? ਇਨ੍ਹਾਂ ਨੂੰ ਕਿਵੇਂ ਬਚਾਈਏ? ਨਸ਼ੇ ਦੀ ਓਵਰਡੋਜ਼ ਕਾਰਨ ਹੁੰਦੀਆਂ ਚੜ੍ਹਦੀ ਉਮਰ ਵਾਲੇ ਬੱਚਿਆਂ ਦੀਆਂ ਮੌਤਾਂ ਨੂੰ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ।
ਪੂਰੇ ਪੰਜਾਬ ਦੀ ਗੱਲ ਤਾਂ ਛੱਡੋ, ਸਾਡੇ ਆਪਣੇ ਨੇੜਲੇ ਪਿੰਡਾਂ ਵਿੱਚ ਹੀ ਲਗਾਤਾਰ ਮੌਤਾਂ ਹੋ ਰਹੀਆਂ ਹਨ। ਹੁਣ ਮਾਪਿਆਂ ਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਖਿੜਦੇ ਫੁੱਲਾਂ ਨੂੰ ਸੰਭਾਲਣ। ਸਭ ਤੋਂ ਵੱਡਾ ਦਰਦ, ਇਨ੍ਹਾਂ ’ਚ ਹੁਣ ਸਕੂਲੀ ਬੱਚੇ ਵੀ ਸ਼ਾਮਿਲ ਹੋ ਗਏ ਹਨ। ਨਸ਼ੇ ਦੇ ਸੌਦਾਗਰਾਂ ਨੇ ਜਿਨ੍ਹਾਂ ਖਿੜਦੇ ਫੁੱਲਾਂ ਨੂੰ ਨਸ਼ੇ ਦਾ ਜ਼ਹਿਰ ਦੇ ਕੇ ਤੋੜ ਸੁੱਟਿਆ ਹੈ, ਉਨ੍ਹਾਂ ਨੂੰ ਟਹਿਕਦੇ ਮਹਿਕਦੇ ਰੱਖਣ ਲਈ ਸਾਨੂੰ ਹੰਭਲਾ ਮਾਰਨਾ ਪਵੇਗਾ ਤਾਂ ਹੀ ਅਸੀਂ ਨਸ਼ੇ ’ਤੇ ਫ਼ਤਹਿ ਹਾਸਲ ਕਰ ਸਕਦੇ ਹਾਂ।
ਸੰਪਰਕ: 94171-63426
