ਕ੍ਰਿਸ਼ਨ ਕੁਮਾਰ ਰੱਤੂ
ਜੰਗਾਂ ਸਦਾ ਹਾਕਮ ਛੇੜਦੇ ਆਏ ਹਨ ਪਰ ਇਨ੍ਹਾਂ ਦਾ ਖ਼ਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਵਿਸ਼ਵ ਇਤਿਹਾਸ ਗਵਾਹ ਹੈ ਕਿ ਕੋਈ ਵੀ ਜੰਗ ਕਦੇ ਮਸਲਿਆਂ ਦਾ ਹੱਲ ਨਹੀਂ ਦੇ ਸਕੀ ਸਗੋਂ ਖ਼ੁਦ ਇਕ ਮਸਲਾ ਬਣ ਗਈ। ਜੰਗ ਪੂਰੀ ਦੁਨੀਆ ਲਈ ਖ਼ਤਰਨਾਕ ਵਰਤਾਰਾ ਹੈ। ਯੂਕਰੇਨ ਦੇ ਕਵੀਆਂ ਨੇ ਜੰਗ ਬਾਰੇ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ।
ਬਾਰੂਦ ਦਾ ਧੂੰਆਂ ਹੈ
ਮੌਤ ਦੀ ਦਹਿਸ਼ਤ ਹੈ ਚੁਫ਼ੇਰੇ
ਮਲਬੇ ’ਚ ਦਬ ਗਈ ਹੈ,
ਜ਼ਿੰਦਗੀ…
ਬਾਰੂਦ ਦੇ ਇਸ ਧੂੰਏਂ ’ਚ ਵੀ
ਅੱਖਰਾਂ ਦਾ ਤੰਦੂਰ ਬਲੇ…
– ਲੁਦਮੀਲਾ ਖਰਸਨਸਕੀ ਦੀ ਲੰਬੀ ਕਵਿਤਾ ’ਚੋਂ।
ਯੂਕਰੇਨ ਦੀ ਧਰਤੀ ’ਤੇ ਬੰਬਾਂ ਤੇ ਮਿਜ਼ਾਈਲਾਂ ਦੇ ਹਮਲਿਆਂ ਨੇ ਤਬਾਹੀ ਦੇ ਦ੍ਰਿਸ਼ ਆਮ ਕਰ ਦਿੱਤੇ ਹਨ। ਜੰਗ ਦੋ ਦੇਸ਼ਾਂ ਵਿਚ ਹੁੰਦੀ ਹੈ ਪਰ ਮਨੁੱਖਤਾ ਦੀ ਤਬਾਹੀ ਦਾ ਮੰਜ਼ਰ ਇਤਿਹਾਸ ਨੂੰ ਬਦਲਦਾ ਹੈ। ਇਹ ਜੰਗ ਹੁਣ ਪੂਰੀ ਦੁਨੀਆਂ ਲਈ ਖ਼ਤਰਾ ਹੈ।
ਜੰਗ ਕਦੇ ਵੀ ਕੋਈ ਮਸਲਾ ਹੱਲ ਨਹੀਂ ਕਰ ਸਕਦੀ। ਵਿਸ਼ਵ ਇਤਿਹਾਸ ਗਵਾਹ ਹੈ ਕਿ ਕੋਈ ਵੀ ਜੰਗ ਮਸਲਿਆਂ ਦਾ ਹੱਲ ਨਹੀਂ ਦੇ ਸਕੀ ਸਗੋਂ ਖ਼ੁਦ ਇਕ ਮਸਲਾ ਬਣ ਗਈ। ਯੂਕਰੇਨ ਤੇ ਰੂਸ ਦੀ ਇਸ ਜੰਗ ਵਿਚ ਇੱਕੀਵੀਂ ਸਦੀ ਦੌਰਾਨ ਜਿਵੇਂ ਜਾਨੀ ਮਾਲੀ ਤਬਾਹੀ ਹੋ ਰਹੀ ਹੈ ਉਹ ਪੂਰੀ ਦੁਨੀਆ ਲਈ ਖ਼ਤਰਨਾਕ ਵਰਤਾਰਾ ਹੈ। ਪੂਰੀ ਦੁਨੀਆ ਸੰਚਾਰ ਮਾਧਿਅਮਾਂ ਰਾਹੀਂ ਇਸ ਜੰਗ ’ਚ ਸ਼ਾਮਿਲ ਹੈ।
ਯੂਕਰੇਨ ਦਾ ਇਤਿਹਾਸ
ਇਹ ਖਿੱਤਾ ਸਦਾ ਹੀ ਯੁੱਧਾਂ ਦਾ ਖੇਤਰ ਰਿਹਾ ਹੈ। ਇਸ ਦੇ ਬਾਵਜੂਦ ਆਪਣੇ ਸਭਿਆਚਾਰ ਤੇ ਸਾਹਿਤ ਕਲਾ ਪ੍ਰਤੀ ਵੀ ਸੁਚੇਤ ਰਿਹਾ ਹੈ। 10ਵੀਂ ਸਦੀ ਤੋਂ ਲੈ ਕੇ ਹੁਣ ਤੱਕ ਇੱਥੇ ਯੁੱਧ ਤੇ ਸਾਹਿਤ ਇਤਿਹਾਸ ਦੀ ਨਵੀਂ ਪਰਿਭਾਸ਼ਾ ਤੇ ਗਾਥਾ ਲਿਖਦੇ ਰਹੇ ਹਨ। ਇੱਥੋਂ ਦੇ ਸਾਹਿਤ ਦੀ ਸਦੀਆਂ ਦੀ ਵਿਰਾਸਤ ਹੈ।
ਸਰਗੋਸ਼ੀਆ ਵਰਗੀ ਯੂਕਰੇਨੀ ਚਿੰਤਕ ਜੰਗ ਨੂੰ ਬਿਆਨ ਕਰਦੀ ਹੈ। ਉਸ ਦੇ ਸ਼ਬਦ ਪੜ੍ਹਦਿਆਂ ਯੂਕਰੇਨ ’ਚ ਅੱਖਰਾਂ ਪ੍ਰਤੀ ਸੰਜੀਦਗੀ ਤੁਹਾਡਾ ਮੱਲੋਮੱਲੀ ਧਿਆਨ ਖਿੱਚੇਗੀ:
‘‘ਕੁਝ ਲੋਕ ਇਕੱਠੇ ਹੋ ਕੇ
ਬੁਣਦੇ ਨੇ ਮੌਤ ਦੀ ਸ਼ਬਦਾਵਲੀ।
ਇਨ੍ਹੀਂ ਦਿਨੀਂ ਧਮਾਕੇ ਹੋ ਰਹੇ ਹਨ, ਹਰ ਪਾਸੇ।’’
ਪੂਰੀ ਦੁਨੀਆਂ ਵਿਚ ਫੈਲੇ ਹੋਏ ਯੂਕਰੇਨੀ ਮੂਲ ਦੇ ਕਵੀਆਂ, ਸਾਹਿਤਕਾਰਾਂ ਅਤੇ ਚਿੰਤਕਾਂ ਨੇ ਮੌਜੂਦਾ ਵਿਵਾਦ ਬਾਰੇ ਲਿਖਿਆ ਹੈ। ਦਰਅਸਲ, ਇਸ ਖਿੱਤੇ ਦੀ ਆਜ਼ਾਦੀ ਬਾਰੇ ਹਮੇਸ਼ਾ ਕਸ਼ਮਕਸ਼ ਚਲਦੀ ਰਹੀ ਹੈ। ਆਪਣੀ ਪੁਸਤਕ ‘ਕੈਟੇਲਾਗ ਆਫ ਸ਼ਿਪਸ’ ਵਿਚ ਸਰਹੀ ਜ਼ੇਡਨ ਨੇ ਲਿਖਿਆ ਸੀ:
ਹੁਣ ਮੈਂ ਆਪਣੀ ਧਰਤੀ ਦਾ ਸਵਰਗ ਵੇਖਾਂ
ਇਸ ਦੀਆਂ ਰੁੱਤਾਂ, ਮੌਸਮ ਤੇ ਆਕਾਸ਼
ਬਾਰਿਸ਼ ਤੇ ਬਰਫ਼ ਵਿਚ ਵੀ
ਸੁਲਗਦੀ ਹੈ ਆਜ਼ਾਦੀ ਦੀ ਅੱਗ।
ਇਹ ਮਹਿਜ਼ ਸ਼ਬਦ ਨਹੀਂ ਹਨ। ਬਹੁਤ ਸਾਰੇ ਯੂਕਰੇਨੀ ਲੇਖਕ ਰੂਸ ਦੇ ਇਸ ਵਾਰ ਹੋਏ ਹਮਲੇ ਤੋਂ ਦੁਖੀ ਹਨ ਅਤੇ ਉਨ੍ਹਾਂ ਨੇ ਫੇਸਬੁੱਕ ਤੇ ਹੋਰ ਸਾਧਨਾਂ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਤਿੱਖੇ ਸ਼ਬਦਾਂ ਵਿਚ ਬਿਆਨ ਕੀਤਾ ਹੈ।
ਸਾਡੇ ਦੇਸ਼ ਦੇ ਪ੍ਰਸਿੱਧ ਕਵੀ ਦੁਸ਼ਿਅੰਤ ਕੁਮਾਰ ਨੇ ਵੀ ਜੰਗ ਦੇ ਇਸ ਤਰ੍ਹਾਂ ਦੇ ਮੰਜ਼ਰ ਬਾਰੇ ਖ਼ੂਬ ਲਿਖਿਆ ਹੈ:
ਕੌਨ ਸ਼ਾਸਨ ਸੇ ਕਹੇਗਾ, ਕੌਨ ਪੂਛੇਗਾ,
ਏਕ ਚਿੜੀਆ ਇਨ ਧਮਾਕੋਂ ਸੇ ਸਿਹਰਤੀ ਹੈ।
ਯੂਕਰੇਨ ਦੇ ਪਿਛਲੇ 30 ਸਾਲਾਂ ਦੇ ਸਾਹਿਤ ਬਾਰੇ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਵਿਦਰੋਹ ਇਸ ਦੇ ਸ਼ਬਦਾਂ ਵਿਚ ਜਿਊਂਦਾ ਹੈ ਅਤੇ ਖ਼ੁਦਮੁਖ਼ਤਾਰੀ ਇਕ ਵੱਖਰੀ ਤਰ੍ਹਾਂ ਨਾਲ ਸਾਹਿਤ ਅਤੇ ਕਲਾ ਦੀਆਂ ਸਭ ਵਿਧਾਵਾਂ ਵਿਚ ਦਿਸਦੀ ਹੈ। ਪੂਰੀ ਦੁਨੀਆਂ ਨੂੰ ਦਿੱਕਤ ਇਹ ਹੈ ਕਿ ਰੂਸੀ, ਯੂਕਰੇਨੀ ਤੇ ਦੂਸਰੀਆਂ ਭਾਸ਼ਾਵਾਂ ਵਿਚ ਮਿਲਦੇ ਸਾਹਿਤ ਦੇ ਇਨ੍ਹਾਂ ਰੂਪਾਂ ਦਾ ਅਨੁਵਾਦ ਹੋ ਕੇ ਵਿਸ਼ਵ ਤੱਕ ਪਹੁੰਚਿਆ ਹੀ ਨਹੀਂ ਹੈ। ਪਰ ਜੋ ਕੁਝ ਮਿਲਦਾ ਹੈ, ਉਸ ਵਿਚ ਵੀ ਲਾਜਵਾਬ ਰਚਨਾਵਾਂ ਮਿਲਦੀਆਂ ਹਨ। ਇੱਥੇ ਲਿਖਣ ਦਾ ਇਕ ਵੱਖਰਾ ਮਿਜਾਜ਼ ਹੈ ਤੇ ਇਸ ਦੇਸ਼ ਦੀ ਪਛਾਣ ਸਾਰੀਆਂ ਲਿਖਤਾਂ ਵਿਚ ਨਿਵੇਕਲੇ ਰੂਪ ਵਿਚ ਪ੍ਰਗਟ ਹੁੰਦੀ ਹੈ।
ਪਿਛਲੇ ਵਰ੍ਹੇ ਮੈਨੂੰ ਇਕ ਯੂਕਰੇਨੀ ਲੇਖਕ ਦੋਸਤ ਨੇ ਨਵੀਂ ਯੂਕਰੇਨੀ ਕਵਿੱਤਰੀ ਲਿਊਬਾ ਯਾਖ਼ਿਮਚੁਕ ਦੀ ਕਿਤਾਬ ‘ਐਪਰੀਕੋਟ ਆਫ ਡੋਨਾਬਸ’ ਭੇਜੀ ਤਾਂ ਉਸ ਨੂੰ ਪੜ੍ਹਦਿਆਂ ਜਜ਼ਬਾਤਾਂ ਦਾ ਵੇਗ ਤੁਹਾਨੂੰ ਕਵੀ ਦੀਆਂ ਭਾਵਨਾਵਾਂ ਨਾਲ ਇਕਸੁਰ ਕਰ ਦਿੰਦਾ ਹੈ। ਲਿਊਬਾ ਡੋਨਾਬਸ ’ਚ ਪੈਦਾ ਹੋਈ ਸੀ ਜਿਸ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇ ਦਿੱਤੀ ਗਈ। ਲੁਹਾਂਸਕ ਪੀਪਲਜ਼ ਰਿਪਬਲਿਕ। ਇਕ ਹੋਰ ਲੇਖਕ ਸਰਗੇਈ ਜਗਦਾਨ ਵੀ ਕਮਾਲ ਦੀ ਕਵਿਤਾ ਲਿਖਦਾ ਹੈ।
ਯੂਕਰੇਨੀ ਸਾਹਿਤ ਦੇ ਦੂਸਰੇ ਚਰਚਿਤ ਨਾਵਾਂ ਵਿਚ ਹਾਲਿਆਨਾ ਕਰੁਕ, ਮਰੀਅਨ ਕਿਆਨੋਵਸਕਾ, ਕੈਟਰੀਨਾ ਕਲਿਆਲਕੋ, ਮੈਸਿਕ ਰੋਸੋਚਿੰਸਨਕੀ ਅਤੇ ਵੱਡੇ ਨਾਵਾਂ ਵਿਚ ਵਾਸਿਲ ਹੋਲੋਬੋਰੋਦਕੋ ਵਿਸ਼ੇਸ਼ ਰੂਪ ’ਚ ਉਹ ਲੇਖਕ ਹਨ ਜਿਨ੍ਹਾਂ ਦੀਆਂ ਰਚਨਾਵਾਂ ਖ਼ੂਬ ਪੜ੍ਹੀਆਂ ਜਾਂਦੀਆਂ ਹਨ।
ਯੂਕਰੇਨੀ ਸਾਹਿਤ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿਚ ਵਿਚਾਰ ਤੇ ਦਰਸ਼ਨ ਦੀ ਪ੍ਰਮੁੱਖਤਾ ਹੈ ਜੋ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਹੁਣ ਨਹੀਂ ਮਿਲਦੀ। ਇਹੀ ਵਜ੍ਹਾ ਹੈ ਕਿ ਇਸ ਖਿੱਤੇ ਦੇ ਸਾਹਿਤ ਵਿਚ ਗਹਿਰੀਆਂ ਰਮਜ਼ਾਂ ਹਨ। ‘ਮੇਰਾ ਦਾਗ਼ਿਸਤਾਨ’ ਦੇ ਲੇਖਕ ਅਤੇ ਪ੍ਰਸਿੱਧ ਕਵੀ ਰਸੂਲ ਹਮਜ਼ਾਤੋਵ ਦਾ ਕੀ ਮੁਕਾਬਲਾ ਹੈ।
ਸਾਹਿਤ ਦੀ ਇਸ ਧਾਰਾ ਵਿਚ ਦਰਸ਼ਨ, ਦੇਸ਼, ਜ਼ਮੀਨ ਤੇ ਲੋਕਾਂ ਦਾ ਜ਼ਿਕਰ ਹੈ ਜੋ ਯੂਕਰੇਨੀ ਭਾਸ਼ਾ ਦਾ ਮੂਲ ਹੈ। ਇਸ ਵਿਚ ਯੂਕਰੇਨੀ ਪੋਲਿਸ਼ ਭਾਸ਼ਾ ਦੇ ਨਾਲ ਨਾਲ ਦੂਸਰੀਆਂ ਰੂਸੀ ਤੇ ਸਲੋਵਾਕੀ ਭਾਸ਼ਾਵਾਂ ਦੇ ਸ਼ਬਦ ਵੀ ਮਿਲਦੇ ਹਨ। ਇਹ ਸਰਲਿਕ ਲਿਪੀ ਹੈ ਜੋ ਨੌਵੀਂ ਤੇ ਦਸਵੀਂ ਸਦੀ ਵਿਚ ਰੂਸੀ ਤੇ ਸਲੋਵਾਕੀ ਭਾਸ਼ਾਈ ਵਿਦਵਾਨਾਂ ਨੇ ਤਿਆਰ ਕੀਤੀ ਸੀ।
ਅਸਲ ਵਿਚ ਯੂਕਰੇਨੀ ਭਾਸ਼ਾ ਦਾ ਇਤਿਹਾਸ ਵੇਖੀਏ ਤਾਂ ਇਹ 988-1240 ਤੋਂ ਸ਼ੁਰੂ ਕਰਨਾ ਹੋਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਦਾ ਕੇਂਦਰ ਕੀਵ ਅੱਜ ਦੇ ਯੂਕਰੇਨ ਦੀ ਰਾਜਧਾਨੀ ਹੈ। ਅੱਜ ਦਾ ਕੀਵ ਤਬਾਹੀ ਦਾ ਮੰਜ਼ਰ ਪੇਸ਼ ਕਰਦਾ ਹੈ। ਇਹ ਦਹਿਸ਼ਤ ਤੇ ਬਾਰੂਦ ਦੇ ਧੂੰਏਂ ’ਚ ਲਿਪਟਿਆ ਹੋਇਆ ਹੈ।
ਬਾਈਜੇਂਟਾਟਾਇਨ, ਇਸਾਈ ਤੇ ਲਾਤੀਨੀ ਗਣਰਾਜ ਨੇ ਇਸ ਦੀ ਸੱਤਾ ਦੀ ਚਾਬੀ ਸੇਂਟ ਸੋਫੀਆ ਕੈਥੇਡਰੀਅਲ ਕੋਲ ਰੱਖੀ ਹੈ। ਇੱਥੇ ਮੰਗੋਲ ਜਾਂ ਤਾਤਰ ਵੀ ਸ਼ਾਸਨ ਕਰਦੇ ਰਹੇ ਅਤੇ ਇੱਥੋਂ ਦੀ ਭਾਸ਼ਾ ’ਤੇ ਮੰਗੋਲੀ ਭਾਸ਼ਾ ਦਾ ਅਸਰ ਵੀ ਵਿਖਾਈ ਦਿੰਦਾ ਹੈ।
ਇਸ ਧਰਤੀ ’ਤੇ 15ਵੀਂ ਤੇ 16ਵੀਂ ਸਦੀ ’ਚ ਨਾਟ-ਪਰੰਪਰਾ ਮਿਲਦੀ ਹੈ। 1722-1794 ਦੌਰਾਨ ਵਿਅੰਗ ਪ੍ਰਧਾਨ ਬੈਲੇ ਵੀ ਇਸ ਦੀ ਪਛਾਣ ਰਹੇ ਹਨ। ਪਰ 1871-1931 ਤਕ ਦੀ ਪ੍ਰਸਿੱਧ ਕਵਿੱਤਰੀ ਲੇਸੇਆ ਉਰੈਨਕਾ ਤੇ ਫਰਾਂਕੋ ਯੂਕਰੇਨੀ ਦੀਆਂ ਰਚਨਾਵਾਂ ਵਿਚ ਆਜ਼ਾਦੀ ਦਾ ਬਖਾਨ ਮਿਲਦਾ ਹੈ।
1480-1598 ਤੱਕ ਮਸਕਵਾ ਅਰਥਾਤ ਮਾਸਕੋ ਵਾਇਟ ਸਮਾਂ ਭਾਵ ਪੀਟਰਸਬਰਗ ਦੇ ਰੂਸੀ ਸਾਹਿਤ ਦਾ ਇਹ 1917 ਤੱਕ ਦਾ ਸਮਾਂ ਹੈ ਜਿਸ ਦੌਰਾਨ ਬਿਹਤਰੀਨ ਸਾਹਿਤ ਰਚਿਆ ਗਿਆ। ਯੂਕਰੇਨੀ ਭਾਸ਼ਾ ਦਾ ਪ੍ਰਸਿੱਧ ਕਵੀ ਤਾਰਸ ਸੈਵੋਚੈਕੋ ਇਕ ਸਮੇਂ ਇੱਥੇ ਪਣਪੇ ਰਾਸ਼ਟਰਵਾਦ ਪੱਖੀ ਕਵੀ ਰਿਹਾ ਹੈ ਜਿਸ ਨੇ ਲਿਖਿਆ ਸੀ:
ਸਮਾਂ ਸਾਡਾ ਹੋਵੇਗਾ
ਅਸੀਂ ਹੁਣ ਜੀਵਾਂਗੇ
ਕਿਉਂਕਿ ਹੁਣ ਮਾਸਕੋ ਸਾਡਾ ਹੈ
ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ
ਰੂਸ, ਕ੍ਰੀਮੀਆ ਤੇ ਯੂਕਰੇਨ ਨੂੰ ਇਕ ਹੀ ਮੰਨਿਆ ਗਿਆ ਹੈ। ਕੀਵ ਪੁਰਾਤਨ ਸ਼ਹਿਰ ਹੈ। ਯੂਕਰੇਨ ਕਦੇ ਬਾਲਸ਼ਵਿਕ ਯੂਕਰੇਨ ਵੀ ਰਿਹਾ ਹੈ। ਯੂਕਰੇਨ ਵਿਚ ਰਹਿ ਰਹੇ ਰੂਸੀ, ਬੇਲਾਰੂਸੀ, ਅਲਦੋਵਿਨ, ਯਹੂਦੀ ਭਾਸ਼ਾਵਾਂ ਦੇ ਲੋਕ ਵੀ ਸਾਹਿਤ ਦੀਆਂ ਰਚਨਾਵਾਂ ਵਿਚ ਹੁਣ ਯੂਕਰੇਨ ਦਾ ਜ਼ਿਕਰ ਕਰਦੇ ਹਨ। ਮੌਜੂਦਾ ਜੰਗ ਬਾਰੇ ਇਆ ਕੀਵਾ, ਬੋਰਿਸ ਖਰਸਨਸਕੀ ਤੇ ਵਸਲਿਆਲ ਮਾਖਨੋ ਦੀਆਂ ਭਾਵਪੂਰਨ ਰਚਨਾਵਾਂ ਵਿਚ ਇਸ ਰੂਸੀ ਹਮਲੇ ਦਾ ਦਰਦ ਵੇਖਿਆ ਜਾ ਸਕਦਾ ਹੈ। ਕੁਝ ਸ਼ਬਦ ਵੇਖੇ ਜਾ ਸਕਦੇ ਹਨ ਜਿਨ੍ਹਾਂ ’ਚ ਦਰਸ਼ਨ ਹੈ:
ਬਹਾਦਰੀ ਚੁੱਪ ਹੈ
ਯੁੱਧ ਹੈ ਸਾਰੇ ਪਾਸੇ
ਮਰ ਰਹੇ ਬੱਚਿਆਂ ਦੀ ਆਵਾਜ਼ ਵੀ
ਤੁਸੀਂ ਨਹੀਂ ਸੁਣੋਗੇ
ਭੁੱਖਾ ਬਿਮਾਰ ਬੱਚਾ ਜਿਵੇਂ ਹੀ ਤੁਹਾਨੂੰ ਵੇਖੇਗਾ
ਉਹ ਪੁੱਛੇਗਾ, ਤੁਹਾਨੂੰ
ਮੇਰੇ ਮਾਂ, ਬਾਪ ਕਿੱਥੇ ਨੇ
ਕੀ ਤੁਸੀਂ ਦੱਸੋਗੇ, ਉਸ ਨੂੰ
ਕਿ ਉਸ ਦੇਸ਼ ਲਈ ਲੜ ਕੇ ਮਰ ਗਏ ਨੇ।
…
ਕੀ ਤੁਸੀਂ ਕਦੇ ਖ਼ੁਦ ਨੂੰ ਦੱਸ ਪਾਓਗੇ
ਕਿ ਸੱਚਾਈ ਕੀ ਹੈ
ਤੇ ਇਸ ਯੁੱਧ ਵਿਚ ਕੌਣ ਹਾਰਿਆ ਹੈ।
ਇਸ ਤਰ੍ਹਾਂ ਦੀਆਂ ਰਚਨਾਵਾਂ ਵਿਚ ਦਰਸ਼ਨ ਪ੍ਰਧਾਨ ਹੈ ਜੋ ਤੁਹਾਨੂੰ ਉਸ ਦੀਆਂ ਭਾਵਨਾਵਾਂ ਨਾਲ ਜੋੜਦਾ ਹੈ। ਮੈਨੂੰ ਮਰਹੂਮ ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼ ਯਾਦ ਆਉਂਦਾ ਹੈ ਜਿਸ ਨੇ ਕਦੇ ਲਿਖਿਆ ਸੀ:
ਇਹ ਧਰਤੀ ਸੋਖ਼ ਲੈਂਦੀ ਹੈ
ਸ਼ਹੀਦਾਂ ਦੀਆਂ ਲਾਸ਼ਾਂ ਦੀ ਸਾਰੀ ਚਮੜੀ
ਇਹ ਜੋ ਜ਼ਖ਼ਮ ਹਨ
ਲੂਣ ਤੇ ਪਾਣੀ ਦੇ
ਇਹ ਆਜ਼ਾਦੀ ਦੇ ਨਿਸ਼ਾਨ ਹਨ
ਜੋ ਮਰਨ ਤੋਂ ਬਾਅਦ ਵੀ ਸਦੀਆਂ ਤੀਕ
ਕਬਰਾਂ ਦੀਆਂ ਲਾਸ਼ਾਂ ’ਤੇ ਉਕਰੇ ਰਹਿਣਗੇ।
ਯੂਕਰੇਨੀ ਕਵਿੱਤਰੀ ਇਆ ਕੀਵਾ ਨੇ ‘ਵਰਡਜ਼ ਵਿਦ ਬਾਰਡਰਜ਼’ ਵਿਚ ਸੱਚ ਹੀ ਲਿਖਿਆ ਹੈ:
ਇਹ ਜੋ ਬੰਬ ਧਮਾਕੇ ਖਰਕੀਵ ’ਚ ਹਨ
ਤੁਸੀਂ ਕੀ ਸੋਚਦੇ ਹੋ
ਤਬਾਹ ਹੋ ਗਈ ਖਰਕੀਵ ਦੀ ਧਰਤੀ
ਇਹ ਲੱਖਾਂ ਸੂਰਜਮੁਖੀਆਂ ਦੀ ਧਰਤੀ ਹੈ
ਤੁਹਾਡੀਆਂ ਅੱਖਾਂ ਦਾ ਖ਼ੂਨ ਜਦੋਂ ਉਤਰੇਗਾ
ਤਾਂ ਤੁਹਾਡੀ ਆਤਮਾ ਤੁਹਾਨੂੰ ਪੁੱਛੇਗੀ
ਇਸ ਧਰਤੀ ਨੇ ਤੁਹਾਡਾ ਕੀ ਵਿਗਾੜਿਆ ਸੀ।
ਇਆ ਨੇ ਛੇ ਵਰ੍ਹੇ ਖ਼ੁਦ ਰਫਿਊਜੀ ਦੇ ਤੌਰ ’ਤੇ ਬਿਤਾਏ ਹਨ ਤੇ ਯੁੱਧ ਦੀ ਇਹ ਦ੍ਰਿਸ਼ਾਵਲੀ ਉਸ ਦੇ ਦਿਲ ਤੇ ਦਿਮਾਗ਼ ’ਚ ਹਮੇਸ਼ਾ ਤਾਜ਼ਾ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਕਵਿਤਾ ਹੀ ਅਸਲ ਵਿਚ ਉਸ ਦੀ ਜ਼ਿੰਦਗੀ ਹੈ।
‘ਕੀਵ ਪੋਸਟ’ ’ਚ ਛਪੀ ਡਿਨਅਲ ਜਦੋਰੋਜਹਨਕੀ ਦੀ ਕਵਿਤਾ ‘ਲੈਟਰ ਟੂ ਯੂਕਰੇਨ’ ਦੇ ਸ਼ਬਦ ਕੁਝ ਇਸ ਤਰ੍ਹਾਂ ਹਨ:
ਯੂਕਰੇਨ ਨੂੰ
ਖ਼ਤਾਂ ਦਾ ਸਿਰਨਾਵਾਂ
ਹੁਣ ਭੁੱਲ ਗਿਐ
ਮੈਂ ਜੇ ਸਿਰਨਾਵਾਂ ਲਿਖਾਂ
ਤਾਂ ਲਿਖਾਂਗੀ…
ਉਹ ਧਰਤੀ
ਜਿੱਥੇ ਹੁਣ ਬੰਬਾਂ ਦੀ ਬਾਰਿਸ਼ ਹੈ
ਮਲਵੇ ਦੀ ਤਬਾਹੀ
ਦਹਿਸ਼ਤ ਦਾ ਧੂੰਆਂ ਹੈ
ਉਹੀ ਤਾਂ ਹੈ
ਮੇਰਾ ਯੂਕਰੇਨ।
ਕਵਿੱਤਰੀ ਖੇਰ ਸਨੋਸਨਕੀ ‘ਮਾਈ ਹਾਰਟ ਬਲੀਡਿੰਗ’ ਨਾਂ ਦੀ ਕਵਿਤਾ ਵਿਚ ਲਿਖਦੀ ਹੈ:
ਮੈਂ ਨਿਊਯਾਰਕ ਦੀ
ਧਰਤੀ ’ਤੇ ਹਾਂ
ਇਹ ਸੁਪਨਿਆਂ ਦਾ ਸ਼ਹਿਰ ਹੈ
ਡਾਲਰ ਤੇ ਚਕਾਚੌਂਧ ਹੈ
ਪਰ ਮੇਰੀਆਂ ਅੱਖਾਂ ਵਿਚ ਹੈ
ਕੀਵ ਦਾ ਸੁਪਨਾ
ਦਿਲ ਵਿਚ ਯੂਕਰੇਨ ਦੀ ਧਰਤੀ ਦੇ ਫੁੱਲ
ਤੇ ਖੁਸ਼ਬੋ…
ਇਹ ਫਿਰ ਖਿੜਨਗੇ
ਮੇਰਾ ਦਿਲ ਫਿਰ ਖ਼ੂਨ ਨਾਲ ਲਿਖੇਗਾ ਕਵਿਤਾ
ਤੇ ਅੱਖਰਾਂ ’ਚ ਹੋਵੇਗਾ
ਕੀਵ, ਮੇਰਾ ਸ਼ਹਿਰ!
ਇਕ ਹੋਰ ਵੱਡੀ ਲੇਖਕ ਲੁਦਮੀਲਾ ਖਰਸਨਸਕੀ ਨੇ ਲਿਖਿਆ ਹੈ:
ਇਹ ਸਿਪਾਹੀ ਤਾਂ ਚਲੇ ਜਾਣਗੇ
ਉਹਦਾ ਨਾਂ ਲਿਖਿਆ ਜਾਵੇਗਾ
ਪੱਥਰਾਂ ’ਤੇ
ਤੇ ਫਿਰ ਫੁੱਲਾਂ ਦੀ ਇੰਤਜ਼ਾਰ ’ਚ
ਉਹ ਸਿਤਾਰੇ ਬਣ ਜਾਣਗੇ
ਯੂਕਰੇਨ ਦੀ ਧਰਤੀ ਦੇ।
ਇਹੋ ਜਿਹੀਆਂ ਕਵਿਤਾਵਾਂ ’ਚ ਦੇਸ਼ ਧਰਤੀ ਦਾ ਇਕ ਜਲਵਾ ਹੈ। ਵੱਡੀ ਕਵਿੱਤਰੀ ਮਾਰੀਆ ਮਿਰਗਲੀਨ ਦੇ ਲਿਖੇ ਸ਼ਬਦ ਵੇਖੋ:
ਕਦੇ ਇਤਿਹਾਸ ਦੀਆਂ ਪੁਸਤਕਾਂ ’ਚ
ਜ਼ਿਕਰ ਆਵੇਗਾ
ਸਫ਼ੇ ਬੋਲਣਗੇ
ਦੱਸਣਗੇ-
ਯੁੱਧ ਵਿਚ ਮਰਨ ਵਾਲਿਆਂ ਦਾ ਇਤਿਹਾਸ
ਹੁਣ ਇਹ ਅੰਨ੍ਹਾ ਸਮਾਂ ਹੈ
ਤੇ ਦਿਲਾਂ ’ਚ ਹੈ ਨਫ਼ਰਤ
ਮੈਂ ਇਸ ਸ਼ਹਿਰ ’ਚ ਹੁਣ
ਚੁੱਪਚਾਪ ਵੇਖ ਰਹੀ ਹਾਂ
ਸੰਨਾਟਾ ਤੇ ਉਦਾਸੀ।
ਹਰ ਜੰਗ ਵਾਂਗ ਇਸ ਜੰਗ ਕਾਰਨ ਵੀ ਮਾਨਵੀ ਤਬਾਹੀ ਹੋ ਰਹੀ ਹੈ ਪਰ ਯੂਕਰੇਨੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਇਸ ਸਾਰੇ ਕੁਝ ਦਾ ਅਸਲੀ ਰੂਪ ਦਿਖਾਇਆ ਹੈ।
ਬਰਟਰੰਡ ਰਸਲ ਨੇ ਇਕ ਵਾਰੀ ਕਿਹਾ ਸੀ ਕਿ ਯੁੱਧ ਇਹ ਕਦੇ ਵੀ ਨਿਰਧਾਰਤ ਨਹੀਂ ਕਰਦਾ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ, ਜੰਗ ਸਿਰਫ਼ ਇਹ ਤੈਅ ਕਰਦੀ ਹੈ ਕਿ ਕੌਣ ਬਚਿਆ ਹੈ।
ਇਹ ਵੀ ਸੱਚ ਹੈ ਕਿ ਹਰ ਯੁੱਗ ਵਿਚ ਕਿਤਾਬਾਂ ਦੀ ਸੋਚ ਹਮੇਸ਼ਾ ਜੰਗ ਦੇ ਸਾਹਮਣੇ ਹੁੰਦੀ ਹੈ ਤੇ ਜੰਗ ਹਾਰਦੀ ਹੈ। ਯੂਕਰੇਨ ਦੀ ਇਸ ਸੱਚਾਈ ’ਤੇ ਇਕ ਸ਼ਿਅਰ ਖ਼ੂਬ ਢੁਕਦਾ ਹੈ:
ਯੇਹ ਜੰਗੋਂ ਕਾ ਮੌਸਮ ਹੈ,
ਤੋਪੋਂ ਕਾ ਮੇਲਾ ਹੈ।
ਆਸਮਾਨ ਮੇਂ ਧੁੰਦ ਹੈ,
ਮੁਲਕ ਅਕੇਲਾ ਹੈ।
ਇਸ ਜੰਗ ਵਿਚ ਹਥਿਆਰਾਂ ਨਾਲ ਲੜ ਰਹੀ ਯੂਕਰੇਨ ਦੀ ਫ਼ੌਜ ਦੇ ਨਾਲ ਨਾਲ ਸ਼ਬਦਾਂ ਦੇ ਜਾਦੂਗਰ ਵੀ ਆਪਣੇ ਗੁੱਸੇ ਦਾ ਇਜ਼ਹਾਰ ਆਪਣੀਆਂ ਰਚਨਾਵਾਂ ਨਾਲ ਕਰ ਰਹੇ ਹਨ। ਇਹ ਹੀ ਲੇਖਕ ਦਾ ਫ਼ਰਜ਼ ਹੈ। ਇਹ ਹੀ ਅੱਖਰਾਂ ਦਾ ਦਰਸ਼ਨ ਹੈ।
ਬਾਰੂਦ ਦੀ ਇਸ ਇਬਾਰਤ ’ਤੇ ਯੂਕਰੇਨੀ ਕਵੀਆਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਅੱਖਰਾਂ ਦੇ ਇਸੇ ਤੰਦੂਰ ਵਿਚ ਆਜ਼ਾਦੀ ਤੇ ਖ਼ੁਦਮੁਖ਼ਤਾਰੀ ਦੇ ਨਗ਼ਮਿਆਂ ਦੀ ਜੋ ਥਾਂ ਹੈ ਉਸ ਦੀ ਸ਼ਲਾਘਾ ਇਤਿਹਾਸ ’ਚ ਦਰਜ ਹੋਵੇਗੀ। ਇਸੇ ਲਈ ਕਿਹਾ ਗਿਆ ਹੈ:
ਕਿਤਨੇ ਖ਼ਵਾਬ ਜਲ ਗਏ
ਕਿਤਨੇ ਖ਼ਵਾਬ ਬਚੇ ਹੈਂ ਜਲਨੇ ਕੋ
ਧਮਾਕੋਂ ਸੇ ਦਹਿਲ ਉਠੇ ਹੈਂ
ਮਜਬੂਰ ਹੈਂ ਰਾਤੋਂ ਕੋ ਆਖੇਂ ਮਲਨੇ ਕੋ।
ਕਾਸ਼! ਜੰਗ ਦੀ ਤਬਾਹੀ ਦੀ ਥਾਂ ਜ਼ਿੰਦਗੀ ਦੀ ਮੁਹੱਬਤ ਦੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ। ਯੂਕਰੇਨੀ ਭਾਸ਼ਾ ਦੀ ਇਕ ਅਖਾਣ ਐਨ ਢੁਕਵੀਂ ਹੈ:
ਜੇਕਰ ਤੁਸੀਂ ਜੀਣਾ ਚਾਹੁੰਦੇ ਹੋ ਤਾਂ
ਘੋੜਿਆਂ ਦੀਆਂ ਟਾਪਾਂ ਨੂੰ ਰਾਤ ਹੋਣ ਤੋਂ
ਪਹਿਚਾਣ ਲੈਣਾ।
ਸਿਰਫ਼ ਸੂਰਜ ਦਾ ਇੰਤਜ਼ਾਰ ਨਾ ਕਰਨਾ
ਉਹ ਤਾਂ ਕੱਲ੍ਹ ਵੀ ਹੋਵੇਗਾ
ਤੁਸੀਂ ਹੋਵੋ ਜਾਂ ਨਾ ਹੋਵੇ।
ਸੰਪਰਕ: 94787-30156