DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਲੋ ਇਸ ਵਾਰ ਮਰ ਕੇ ਦੇਖੀਏ

ਤੁਸੀਂ ਵੀ ਕਹੋਗੇ ਕਿ ਇਹ ਕੀ ਮੂਰਖਾਨਾ ਸਿਰਲੇਖ ਹੋਇਆ ਭਲਾ? ਕੌਣ ਮਰਨਾ ਚਾਹੁੰਦੈ? ਮੂਰਖ ਵੀ ਇਸ ਮਾਮਲੇ ’ਚ ਬਹੁਤ ਸਿਆਣਾ ਹੁੰਦੈ ਕਿਉਂਕਿ ਕੋਈ ਮੂਰਖ ਵੀ ਮਰਨਾ ਨਹੀਂ ਲੋਚਦਾ। ਫਿਰ ਮੇਰੇ ਵਰਗਾ ‘ਸਿਆਣਾ-ਬਿਆਣਾ’ ਅਜਿਹੀ ਮੂਰਖਾਨਾ ਹਰਕਤ ਕਰਨ ਬਾਰੇ ਕਿਉਂ ਸੋਚੂ? ਵੈਸੇ...

  • fb
  • twitter
  • whatsapp
  • whatsapp
Advertisement

ਤੁਸੀਂ ਵੀ ਕਹੋਗੇ ਕਿ ਇਹ ਕੀ ਮੂਰਖਾਨਾ ਸਿਰਲੇਖ ਹੋਇਆ ਭਲਾ? ਕੌਣ ਮਰਨਾ ਚਾਹੁੰਦੈ? ਮੂਰਖ ਵੀ ਇਸ ਮਾਮਲੇ ’ਚ ਬਹੁਤ ਸਿਆਣਾ ਹੁੰਦੈ ਕਿਉਂਕਿ ਕੋਈ ਮੂਰਖ ਵੀ ਮਰਨਾ ਨਹੀਂ ਲੋਚਦਾ। ਫਿਰ ਮੇਰੇ ਵਰਗਾ ‘ਸਿਆਣਾ-ਬਿਆਣਾ’ ਅਜਿਹੀ ਮੂਰਖਾਨਾ ਹਰਕਤ ਕਰਨ ਬਾਰੇ ਕਿਉਂ ਸੋਚੂ? ਵੈਸੇ ਹਰ ਮੂਰਖ ਹੀ ਆਪਣੇ ਆਪ ਨੂੰ ਸਿਆਣਾ-ਬਿਆਣਾ ਸਮਝਦੈ।

ਤੁਸੀਂ ਇਹ ਵੀ ਕਹੋਗੇ ਕਿ ਭਲਾ ਮਰ ਕੇ ਵੀ ਕਦੀ ਕੋਈ ਆਪਣਾ ਮਰਨਾ ਦੇਖ ਸਕਦੈ। ਤੁਸੀਂ ਬਿਲਕੁਲ ਠੀਕ ਕਿਹਾ ਹੈ, ਪਰ ਗ਼ਲਤ ਮੈਂ ਵੀ ਨਹੀਂ ਕਿਹਾ। ਜਾਣੀ, ‘ਤਾਇਆ ਤੇਲੂ ਵੀ ਠੀਕ ਤੇ ਚਾਚੀ ਚਿੰਤੀ ਵੀ ਗ਼ਲਤ ਨਹੀਂ।’ ਦਰਅਸਲ, ਇਸ ਸਿਰਲੇਖ ਦਾ ਸਬੰਧ ਵਹਿਮਾਂ-ਭਰਮਾਂ ਨਾਲ ਹੈ। ਅਸੀਂ ਬੇਸ਼ੱਕ ‘ਵਿਸ਼ਵਗੁਰੂ’ ਬਣ ਗਏ ਹਾਂ ਪਰ ਵਿਗਿਆਨਕ ਸੋਚ ਤੋਂ ਹਾਲੇ ਵੀ ਵਿਰਵੇ ਹੀ ਹਾਂ। ਪਰਾਭੌਤਿਕ ਸ਼ਕਤੀਆਂ, ਜੋਤਸ਼ੀਆਂ-ਪਾਂਧਿਆਂ, ਪੁੱਛਾਂ-ਪੱਤਰੀਆਂ, ਰਾਹੂ-ਕੇਤੂ, ਧਾਗੇ-ਤਵੀਤ, ਓਝਿਆਂ-ਝਾੜਿਆਂ, ਮੜ੍ਹੀਆਂ-ਮਸਾਣਾਂ, ਭੂੁਤ-ਪ੍ਰੇਤ ਆਦਿ ਵਿੱਚ ਸਾਡਾ ਹਾਲੇ ਵੀ ਪੂਰਾ ਵਿਸ਼ਵਾਸ ਹੈ।

Advertisement

ਇਹ ਵਹਿਮ-ਭਰਮ ਸਾਡੇ ਚੌਗਿਰਦੇ ਵਿੱਚ ਰਚੇ ਵਸੇ ਰਹੇ ਹਨ। ਘਰੋਂ ਨਿਕਲਣ ਵੇਲੇ ਜੇ ਕੋਈ ਛਿੱਕ ਮਾਰ ਦਿੰਦਾ ਤਾਂ ਬਜ਼ੁਰਗ ਪਹਿਲਾਂ ਕਹਿੰਦੇ ‘ਤੇਰਾ ਨੱਕ ਸੜ ਜਾਏ’ ਤੇ ਫਿਰ ਘਰ ਵਾਪਸ ਜਾ ਕੇ ਜੁੱਤੀ ਲਾਹ ਕੇ, ਕੁਝ ਮਿੱਠਾ (ਗੁੜ ਆਦਿ) ਖਾਣ ਮਗਰੋਂ ਫਿਰ ਬਾਹਰ ਜਾਂਦੇ। ਕਈ ਵਾਰ ਦੂਸਰੀ ਛਿੱਕ ਦੀ ਉਡੀਕ ਕਰਦੇ ਰਹਿੰਦੇ। ਮਨੌਤ ਸੀ ਕਿ ਜੇ ਦੋ ਛਿੱਕਾਂ ਵੱਜ ਜਾਣ ਤਾਂ ਫਿਰ ਕੋਈ ਵਹਿਮ ਨਹੀਂ, ਵਰਨਾ ਤੁਰਨ ਲੱਗਿਆਂ ਇੱਕ ਛਿੱਕ ਦਾ ਵੱਜਣਾ ਬੜਾ ਨਹਿਸ਼ ਮੰਨਿਆ ਜਾਂਦਾ ਰਿਹਾ ਹੈ।

Advertisement

ਇੱਕ ਇਹ ਵੀ ਵਹਿਮ ਹੈ ਕਿ ਜੇ ਬਿੱਲੀ ਰਾਹ ਕੱਟ ਜਾਵੇ ਤਾਂ ਸਮਝੋ ਖ਼ੈਰ ਨਹੀਂ। ਮੇਰਾ ਇੱਕ ਡਰਾਈਵਰ ਸੀ, ਪਾਠ-ਪੂਜਾ ਕਰਨ ਵਾਲਾ ਭਲਾ ਬੰਦਾ। ਇੱਕ ਵਾਰ ਮੈਂ ਆਪਣੇ ਪਰਿਵਾਰ ਨਾਲ ਇੱਕ ਪਹਾੜੀ ਇਲਾਕੇ ਦੀ ਸੈਰ ’ਤੇ ਗਏ। ਕਾਰ ਇੱਕ ਹਿੱਲ ਸਟੇਸ਼ਨ ਤੋਂ ਕਿਸੇ ਦੂਸਰੇ ਸੈਲਾਨੀ ਸਥਾਨ ਵੱਲ ਜਾ ਰਹੀ ਸੀ ਕਿ ਡਰਾਈਵਰ ਨੇ ਅਚਾਨਕ ਬਰੇਕ ਮਾਰੀ। ਫਿਰ ਪਿਛਲਾ ਗੇਅਰ ਪਾ ਕੇ ਉਸ ਕਾਰ ਥੋੜ੍ਹੀ ਪਿੱਛੇ ਕਰ ਲਈ ਤੇ ਕੁਝ ਬੁੜਬੁੜਾਉਣ ਲੱਗ ਪਿਆ। ਮੈਂ ਸੋਚਿਆ ਕਿ ਪਹਾੜੀ ਇਲਾਕਾ ਹੈ, ਚੜ੍ਹਾਈ ਕਾਰਨ ਸ਼ਾਇਦ ਕਾਰ ਦਾ ਇੰਜਣ ਗਰਮ ਹੋ ਗਿਆ ਹੋਣੈ ਜਾਂ ਕੋਈ ਹੋਰ ਨੁਕਸ ਪੈ ਗਿਆ ਹੋਣੈ। ਅਸੀਂ ਡਰਾਈਵਰ ਨੂੰ ਪੁੱਛਿਆ ਕਿ ਕੀ ਹੋਇਆ? ਉਸ ਦਾ ਜਵਾਬ ਸੁਣ ਕੇ ਅਸੀਂ ਹੈਰਾਨ ਰਹਿ ਗਏ। ‘‘ਜੀ, ਅੱਗੋਂ ਬਿੱਲੀ ਰਾਹ ਕੱਟ ਗਈ ਸੀ। ਮੈਂ ਕਾਰ ਥੋੜ੍ਹੀ ਪਿਛਾਂਹ ਕਰ ਕੇ ਮੰਤਰ ਉਚਾਰੇ ਨੇ ਤੇ ਹੁਣ ਅੱਗੇ ਚੱਲਾਂਗੇ।’’ ਉਸ ਨੇ ਆਪਣੇ ਬੁੜਬਣਾਉਣ ਦੀ ਵਜਾਹਤ ਕਰਦਿਆਂ ਦੱਸਿਆ। ਜਦ ਮੈਂ ਉਸ ਨੂੰ ਕਿਹਾ ਕਿ ਅਸੀਂ ਅਜਿਹੇ ਵਹਿਮ ਨਹੀਂ ਕਰਦੇ। ਇੱਕ ਨਿਮਾਣੀ ਜਿਹੀ ਬਿੱਲੀ ਭਲਾ ਕਿਸੇ ਦਾ ਕੀ ਵਿਗਾੜ ਦਊ ਤਾਂ ਉਸ ਭੋਲੇ ਭਾਅ ਜਵਾਬ ਦਿੱਤਾ, ‘‘ਜੀ ਤੁਹਾਡਾ ਤਾਂ ਪਤਾ ਨਹੀਂ ਪਰ ਤੁਹਾਡੇ ਨਾਲ ਮੈਂ ਵੀ ਹਾਂ ਤੇ ਮੈਨੂੰ ਬਿੱਲੀ ਦੇ ਰਾਹ ਕੱਟਣ ਦਾ ਬੜਾ ਵਹਿਮ ਹੈ। ਸੋ, ਮੈਂ ਤਾਂ ਅਜਿਹੇ ਸਮੇਂ ਏਦਾਂ ਈ ਕਰਦਾ ਹੁੰਦਾ ਹਾਂ।’’

ਆਉ, ਜ਼ਰਾ ਹੁਣ ਹਥਲੇ ਸਿਰਲੇਖ ਵੱਲ ਮੁੜੀਏ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਮੈਨੂੰ ਜੋਤਸ਼ੀਆਂ ਵਿੱਚ ਉੱਕਾ ਹੀ ਭਰੋਸਾ ਨਹੀਂ। ਦੱਖਣੀ ਭਾਰਤੀ ਅੰਗਰੇਜ਼ੀ ਲੇਖਕ ਆਰ ਕੇ ਨਾਰਾਇਣ ਦੀ ਇੱਕ ਕਹਾਣੀ ‘ਨਜੂਮੀ ਦਾ ਦਿਨ’ (ਐਨ ਐਸਟਰੋਲੌਜਰ’ਜ਼ ਡੇਅ), ਜੋ ਮੈਂ ਜਮਾਤ ਵਿੱਚ ਪੜ੍ਹਾਉਂਦਾ ਰਿਹਾ ਹਾਂ, ਵਿੱਚ ਲੇਖਕ ਇੱਕ ਜੋਤਸ਼ੀ ਬਾਰੇ ਕਹਿੰਦਾ ਹੈ ਕਿ ਉਸ ਨੂੰ ਜੋਤਿਸ਼ ਵਿੱਦਿਆ ਬਾਰੇ ਇੱਲ ਦਾ ਨਾਂ ਕੋਕੋ ਨਹੀਂ ਆਉਂਦਾ ਪਰ ਉਸ ਨੂੰ ਮਨੁੱਖੀ ਮੁਸੀਬਤਾਂ ਦਾ ਮੁਲਾਂਕਣ ਕਰਨਾ ਆਉਂਦਾ ਸੀ। ਉਹ ਜਾਣਦਾ ਸੀ ਕਿ ਸ਼ਾਦੀ-ਵਿਆਹ, ਪੈਸਾ-ਧੇਲਾ ਅਤੇ ਮਨੁੱਖੀ ਰਿਸ਼ਤਿਆਂ ਦਾ ਉਲਝਿਆ ਤਾਣਾ-ਪੇਟਾ ਹੀ ਮਨੁੱਖੀ ਸਮੱਸਿਆਵਾਂ ਦਾ ਕਾਰਨ ਹੁੰਦੇ ਹਨ। ਸੋ, ਇਸ ਆਮ ਸੂਝ ਸਹਾਰੇ ਉਹ ਆਪਣਾ ਬੁੱਤਾ ਸਾਰੀ ਜਾਂਦਾ ਸੀ। ਲੇਖਕ ਦਾ ਨਜੂਮੀ ਬਾਰੇ ਇਹ ਮੁਲਾਂਕਣ ਹੈ ਵੀ ਨਿੱਗਰ ਤੇ ਖ਼ਰਾ।

ਇੱਕ ਵਾਰ ਮੇਰਾ ਇੱਕ ਮਿੱਤਰ ਮੈਨੂੰ ਆਪਣੇ ਨਾਲ ਇੱਕ ਨਾਮੀ ਜੋਤਸ਼ੀ ਕੋਲ ਲੈ ਗਿਆ। ਮੇਰੇ ਦਾਦਾ ਜੀ ਨੇ ਮੇਰੀ ਜਨਮ ਪੱਤਰੀ ਬਣਵਾਈ ਸੀ, ਜਿਸ ਦੀ ਲਿਖਤ ’ਚ ਮੇਰੇ ਉੱਜਵਲ ਭਵਿੱਖ ਦੀ ਪੇਸ਼ੀਨਗੋਈ ਕੀਤੀ ਗਈ ਸੀ। ਮੈਂ ਬਿਨਾਂ ਜੋਤਸ਼ੀ ਨੂੰ ਇਹ ਦੱਸਿਆਂ ਕਿ ਇਹ ਮੇਰੀ ਪੱਤਰੀ ਹੈ, ਫੜਾ ਦਿੱਤੀ। ਖਾਕਿਆਂ/ਖਾਨਿਆਂ ਨੂੰ ਪੜ੍ਹਨ ਮਗਰੋਂ ਜੋਤਸ਼ੀ ਨੇ ਮੇਰੇ ਬਾਰੇ ਅਜਿਹੀਆਂ ‘ਸੁੰਦਰ ਸੁੰਦਰ’ ਦਿਲ-ਕੰਬਾਊ ਗੱਲਾਂ ਦੱਸੀਆਂ ਕਿ ਮੈਨੂੰ ਧਰਤੀ ਵਿਹਲ ਨਾ ਦੇਵੇ। ਅਖੇ, ਇਹ ਸ਼ਖ਼ਸ ਪੰਜਵੀਂ ਤੋਂ ਵੱਧ ਨਹੀਂ ਪੜ੍ਹਿਆ ਹੋਣਾ, ਸ਼ਰਾਬੀ ਅਤੇ ਵਿਭਚਾਰੀ ਹੈ। ਜਦੋਂ ਮੈਂ ਆਖਿਆ ਕਿ ਇਹ ਦੱਸੇ ਗਏ ਲੱਛਣ ਇਸ ਪੱਤਰੀ ਧਾਰਕ ਵਿੱਚ ਉੱਕਾ ਹੀ ਨਹੀਂ ਹਨ ਤਾਂ ਉਸ ਮੇਰੇ ਵੱਲ ਉਹ ਜਨਮ ਪੱਤਰੀ ਵਗਾਹ ਮਾਰੀ ਤੇ ਇਸ ਨੂੰ ਗ਼ਲਤ ਦੱਸਦਿਆਂ ਇੱਕ ਨਵੀਂ ਜਨਮ ਕੁੰਡਲੀ ਬਣਵਾਉਣ ਲਈ ਕਿਹਾ।

ਹੁਣ ਨਵੀਂ ਕੁੰਡਲੀ ਵਿਚਲੀ ਭਵਿੱਖਬਾਣੀ ਵੀ ਸੁਣ ਲਓ, ‘‘ਇਹ ਵਰ੍ਹਾ ਕੁੰਡਲੀ ਧਾਰਕ ਲਈ ਬਹੁਤ ਹੀ ਖ਼ਤਰਨਾਕ ਹੈ, ਮੌਤ ਦਾ ਯੋਗ ਹੈ। ਸਾਲ ਦੇ ਆਖਰੀ ਮਹੀਨੇ (ਭਾਵ 1980 ਵਿੱਚ) ਜਾਂ ਤਾਂ ਇਸ ਨੂੰ ਕੋਈ ਕਤਲ ਕਰ ਦੇਵੇਗਾ ਜਾਂ ਇਹ ਜੇਲ੍ਹ ਜਾਵੇਗਾ।’’ ਫਿਰ ਦੱਸੇ ਇਸ ਤੋਂ ਬਚਣ ਦੇ ਰਾਹ। ਬਹਰਹਾਲ ਮੈਂ ਤਾਂ ਉਪਾਅ ਸਵਾਹ ਹੀ ਕਰਨੇ ਸਨ, ਅੱਜ ਸੁਖ ਨਾਲ 85 ਸਾਲ ਦੀ ਉਮਰ ਹੈ ਮੇਰੀ, ਪਰ ਜੋਤਸ਼ੀ ਜੀ ਖ਼ੁਦ ਅਗਲੇ ਦੋ ਸਾਲਾਂ ਬਾਅਦ ਚਲਾਣਾ ਕਰ ਗਏ ਸਨ।

ਖ਼ੈਰ, ਇਸ ਸਬੰਧੀ ਪਹਿਲਾਂ ਇੱਕ ਵਾਰ ਮੇਰੇ ਪਾਪਾ ਜੀ ਨੇ ਵੀ ਮੈਨੂੰ ਹਦਾਇਤ ਕੀਤੀ ਸੀ ਕਿ ਇਕੱਤੀ ਦਸੰਬਰ ਦੀ ਰਾਤ ਨੂੰ ਮੈਂ ਘਰੋਂ ਨਾ ਨਿਕਲਾਂ, ਮਾੜਾ ਸੰਯੋਗ ਹੈ। ਵੈਸੇ ਤਾਂ ਮੇਰੇ ਲਈ ਇਹ ਗੱਲ ਆਈ-ਚਲਾਈ ਹੀ ਸੀ, ਪਰ ਹੌਲੀ ਹੌਲੀ ਇਸ ਤਰੀਕ ਦਾ ਅਸਰ ਮੇਰੇ ’ਤੇ ਹੋਣ ਲੱਗਿਆ। ਇਹ ਗੱਲ ਮੇਰੇ ਜ਼ਿਹਨ ਦੇ ਕਿਸੇ ਹਨੇਰੇ ਕੋਨੇ ਵਿੱਚ ਪਈ ਸੀ, ਪਰ ਇਸ ਦਾ ਅਸਰ ਸਪੱਸ਼ਟ ਰੂਪ ਵਿੱਚ ਮੇਰੀ ਮਾਨਸਿਕਤਾ ’ਤੇ ਪੈਣ ਲੱਗ ਪਿਆ ਸੀ। ਅਸਰ ਇਸ ਕਦਰ ਕੇ ਮੈਂ ਆਨੇ-ਬਹਾਨੇ 31 ਦਸੰਬਰ ਨੂੰ ਘਰੋਂ ਬਾਹਰ ਜਾਣ ਤੋਂ ਬਚਣ ਲੱਗ ਪਿਆ। ਉਂਜ ਵੀ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਐਨੀ ਕੋਈ ਆਦਤ ਨਹੀਂ ਸੀ, ਪਰ ਅੱਜਕੱਲ੍ਹ ਬੱਚੇ ਬਾਹਰ ਖਾਣਾ ਖਾਣ ਜਾਣ ਦਾ ਪ੍ਰੋਗਰਾਮ ਉਲੀਕ ਲੈਂਦੇ ਨੇ। ਪਿਛਲੇ ਸਾਲ ਵੀ ਨਵੇਂ ਸਾਲ ਦੀ ਪੂਰਬਲੀ ਸੰਧਿਆ ਮੌਕੇ ਬੱਚਿਆਂ ਨੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਤੋਂ ਕੁਝ ਸਮਾਂ ਪਹਿਲਾਂ ਮੇਰੇ ਜ਼ਿਹਨ ਵਿੱਚ ਇਹ ਗੱਲ ਮੁੜ ਤਾਜ਼ਾ ਹੋ ਗਈ ਕਿ 31 ਦਸੰਬਰ ਨੂੰ ਮੈਨੂੰ ਘਰੋਂ ਬਾਹਰ ਨਾ ਜਾਣ ਲਈ ਕਿਹਾ ਗਿਆ ਸੀ, ਪਰ ਇਸ ਵਾਰ ਮੈਂ ਇਹ ‘ਅਸ਼ੁੱਭ’ ਕਾਰਜ ਕਰ ਲੈਣ ਦੀ ਠਾਣ ਚੁੱਕਿਆ ਸਾਂ। ਮਨ ਵਿੱਚ ਸੋਚਿਆ, ਵੱਧ ਤੋਂ ਵੱਧ ਮਰ ਹੀ ਜਾਵਾਂਗਾ, ਚਲੋ ਇਸ ਵਾਰ ਮਰ ਕੇ ਹੀ ਵੇਖਿਆ ਜਾਵੇ। ਮੈਂ ਬੱਚਿਆਂ ਨਾਲ ਬਾਹਰ ਖਾਣਾ ਖਾਣ ਚਲਾ ਗਿਆ। ਖਾਣਾ ਵੀ ਖਾਧਾ ਤੇ ਬੱਚਿਆਂ ਨਾਲ ਜੀਅ ਭਰ ਕੇ ਮੌਜ ਮਸਤੀ ਵੀ ਕੀਤੀ। ਨਵਾਂ ਸਾਲ ਵੀ ਚੜ੍ਹਿਆ, ਮੈਂ ਹਾਲੇ ਵੀ ਜਿਊਂਦਾ ਹਾਂ ਤੇ ਹੁਣ ਹਰ ਉਸ ਕੰਮ ਨੂੰ ਕਰ ਕੇ ਵੇਖਣ ਦਾ ਹੀਆ ਰੱਖਦਾ ਹਾਂ, ਜਿਨ੍ਹਾਂ ਨਾਲ ਸਾਨੂੰ ਕਈ ਦਹਾਕਿਆਂ ਤੋਂ ਮਰਨ ਦਾ ਖ਼ੌਫ਼ ਦਿੱਤਾ ਗਿਆ ਹੈ। ਸੋ ਮੈਂ ਹੁਣ ‘ਮਰ ਕੇ ਵੇਖਣ’ ਦੇ ਹਰ ਮੌਕੇ ਦਾ ਪੂਰੀ ਜ਼ਿੰਦਾਦਿਲੀ ਨਾਲ ਲੁਤਫ਼ ਉਠਾਉਂਦਾ ਹਾਂ। ਆਓ ਜ਼ਰਾ ਅਪਾਣੇ ਜੰਗਾਲੇ ਦਿਮਾਗ਼ਾਂ ਦੀ ਸਫ਼ਾਈ ਕਰਕੇ ਚਲੋ ਇਸ ਵਾਰ ਮਰ ਕੇ ਦੇਖੀਏ।

ਸੰਪਰਕ: 98766-55055

Advertisement
×