DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਲੋ ਸੁਣੀਏ ਵੀ..!

ਅੱਜ ਦੇ ਸਮੇਂ ਵਿੱਚ ਹਰ ਇਨਸਾਨ ਨੂੰ ਆਪਣੀ ਸੋਚ, ਪਸੰਦ ਅਤੇ ਰਾਜਨੀਤਕ ਜਾਂ ਧਾਰਮਿਕ ਚੋਣ ਦਾ ਪੂਰਾ ਹੱਕ ਹੈ। ਕੋਈ ਕਿਸੇ ਪਾਰਟੀ ਨਾਲ ਜੁੜੇ, ਕਿਸੇ ਸੰਪਰਦਾ ਨਾਲ ਜੁੜੇ ਜਾਂ ਕਿਸੇ ਵੀ ਵਿਚਾਰਧਾਰਾ ਨੂੰ ਮੰਨੇ- ਇਹ ਉਸ ਦੀ ਨਿੱਜੀ ਰਾਏ ਅਤੇ...

  • fb
  • twitter
  • whatsapp
  • whatsapp
Advertisement

ਅੱਜ ਦੇ ਸਮੇਂ ਵਿੱਚ ਹਰ ਇਨਸਾਨ ਨੂੰ ਆਪਣੀ ਸੋਚ, ਪਸੰਦ ਅਤੇ ਰਾਜਨੀਤਕ ਜਾਂ ਧਾਰਮਿਕ ਚੋਣ ਦਾ ਪੂਰਾ ਹੱਕ ਹੈ। ਕੋਈ ਕਿਸੇ ਪਾਰਟੀ ਨਾਲ ਜੁੜੇ, ਕਿਸੇ ਸੰਪਰਦਾ ਨਾਲ ਜੁੜੇ ਜਾਂ ਕਿਸੇ ਵੀ ਵਿਚਾਰਧਾਰਾ ਨੂੰ ਮੰਨੇ- ਇਹ ਉਸ ਦੀ ਨਿੱਜੀ ਰਾਏ ਅਤੇ ਸਮਝ ਦਾ ਫ਼ੈਸਲਾ ਹੁੰਦਾ ਹੈ। ਮਸਲਾ ਉਸ ਵੇਲੇ ਪੈਦਾ ਹੁੰਦਾ ਹੈ ਜਦੋਂ ਇਨਸਾਨ ਸਿਰਫ਼ ਆਪਣੀ ਚੋਣ ਨੂੰ ‘ਸੱਚ’ ਅਤੇ ਬਾਕੀ ਸਭ ਨੂੰ ‘ਗ਼ਲਤ’ ਮੰਨਣ ਲੱਗਦਾ ਹੈ।

ਅੱਜ ਸਮਾਜ ਵਿੱਚ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਆਪਣੇ ਵਿਚਾਰਾਂ ਨਾਲ ਇੰਨੇ ਜੁੜ ਜਾਂਦੇ ਹਨ ਕਿ ਉਨ੍ਹਾਂ ਨੂੰ ਵੱਖਰੀ ਸੋਚ ਰੱਖਣ ਵਾਲਾ ਹਰ ਇਨਸਾਨ ਗ਼ਲਤ ਲੱਗਣ ਲੱਗਦਾ ਹੈ। ਗੱਲਬਾਤ ਦੀ ਥਾਂ ਬਹਿਸਾਂ ਨੇ ਲੈ ਲਈ ਹੈ ਅਤੇ ਸਮਝਣ ਦੀ ਥਾਂ ਸਿਰਫ਼ ਆਪਣੀ ਗੱਲ ਮਨਾਉਣ ਦੀ ਦੌੜ ਲੱਗ ਗਈ ਹੈ। ਸਮਾਜ ਵਿੱਚ ਇਹ ਰੁਝਾਨ ਵਧਣ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਹੈ ਅਸੁਰੱਖਿਆ ਦੀ ਭਾਵਨਾ। ਜਦੋਂ ਇਨਸਾਨ ਅੰਦਰੋਂ ਕਮਜ਼ੋਰ ਹੁੰਦਾ ਹੈ ਤਾਂ ਉਹ ਆਪਣੇ ਧੜੇ ਨੂੰ ਆਪਣੀ ਪਛਾਣ ਬਣਾ ਲੈਂਦਾ ਹੈ। ਫਿਰ ਉਹ ਸੋਚਦਾ ਹੈ ਕਿ ਜੇ ਮੇਰਾ ਧੜਾ ਸਹੀ ਹੈ ਤਾਂ ਮੈਂ ਵੀ ਸਹੀ ਹਾਂ। ਇਸ ਕਰ ਕੇ ਉਹ ਦੂਜਿਆਂ ਦੀ ਆਲੋਚਨਾ ਕਰ ਕੇ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰਦਾ ਹੈ। ਦੂਜਾ ਵੱਡਾ ਕਾਰਨ ਹੈ ਸੋਸ਼ਲ ਮੀਡੀਆ। ਅੱਜ ਹਰ ਕੋਈ ਆਪੋ-ਆਪਣੇ ਵਿਚਾਰਾਂ ਵਾਲੇ ਗਰੁੱਪਾਂ ਵਿੱਚ ਰਹਿੰਦਾ ਹੈ। ਉੱਥੇ ਸਿਰਫ਼ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਜੋ ਉਸ ਦੀ ਸੋਚ ਨਾਲ ਮਿਲਦੀਆਂ ਹਨ। ਹੌਲੀ-ਹੌਲੀ ਉਸ ਨੂੰ ਲੱਗਣ ਲੱਗਦਾ ਹੈ ਕਿ ਸਾਰੀ ਦੁਨੀਆ ਉਸ ਵਾਂਗ ਹੀ ਸੋਚਦੀ ਹੈ। ਇਸ ਤਰ੍ਹਾਂ ਸਹਿਣਸ਼ੀਲਤਾ ਘਟਦੀ ਜਾਂਦੀ ਹੈ। ਤੀਜਾ ਕਾਰਨ ਹੈ ਹੰਕਾਰ। ਜਦੋਂ ਅਸੀਂ ਕਹਿੰਦੇ ਹਾਂ ‘ਅਸੀਂ ਹੀ ਸਹੀ ਹਾਂ’, ਉਸ ਵਿੱਚ ਕਿਤੇ ਨਾ ਕਿਤੇ ਹਉਮੈ ਲੁਕੀ ਹੋਈ ਹੁੰਦੀ ਹੈ। ਸੱਚ ਕਦੇ ਵੀ ਇੱਕ ਪਾਸੇ ਦਾ ਨਹੀਂ ਹੁੰਦਾ। ਹਰ ਗੱਲ ਦੇ ਕਈ ਪੱਖ ਹੁੰਦੇ ਹਨ, ਪਰ ਅਸੀਂ ਸੁਣਨਾ ਛੱਡ ਦਿੱਤਾ ਹੈ ਤੇ ਸਿਰਫ਼ ਬੋਲਣਾ ਸਿੱਖ ਲਿਆ ਹੈ। ਚੌਥਾ ਕਾਰਨ ਹੈ ਜਾਣਕਾਰੀ ਦੀ ਕਮੀ। ਕਈ ਵਾਰ ਲੋਕ ਕਿਸੇ ਵਿਚਾਰਧਾਰਾ ਨਾਲ ਪੂਰੀ ਸਮਝ ਬਿਨਾਂ ਜੁੜ ਜਾਂਦੇ ਹਨ। ਫਿਰ ਉਹ ਉਸ ਦੀ ਅੰਨ੍ਹੀ ਹਮਾਇਤ ਕਰਦੇ ਹਨ, ਭਾਵੇਂ ਗੱਲ ਠੀਕ ਹੋਵੇ ਜਾਂ ਗ਼ਲਤ। ਸੋਚਣ ਦੀ ਥਾਂ ਸਿਰਫ਼ ਪੱਖਪਾਤ ਰਹਿ ਜਾਂਦਾ ਹੈ। ਇੱਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਖਰੀ ਸੋਚ ਨੂੰ ਸਵੀਕਾਰ ਕਰਨਾ ਨਹੀਂ ਸਿਖਾ ਰਹੇ। ਅਸੀਂ ਉਨ੍ਹਾਂ ਨੂੰ ਜਿੱਤਣਾ ਤਾਂ ਸਿਖਾ ਰਹੇ ਹਾਂ, ਪਰ ਸੁਣਨਾ ਨਹੀਂ। ਨਤੀਜੇ ਵਜੋਂ ਛੋਟੀਆਂ-ਛੋਟੀਆਂ ਅਸਹਿਮਤੀਆਂ ਵੀ ਨਫ਼ਰਤ ਵਿੱਚ ਬਦਲ ਰਹੀਆਂ ਹਨ।

Advertisement

ਅਸਲ ਵਿੱਚ ਲੋਕ ਇੱਦਾਂ ਇਸ ਲਈ ਕਰਦੇ ਹਨ ਕਿਉਂਕਿ ਉਹ ਆਪਣੀ ਪਛਾਣ ਨੂੰ ਆਪਣੇ ਵਿਚਾਰਾਂ ਨਾਲ ਜੋੜ ਲੈਂਦੇ ਹਨ। ਜੇ ਕੋਈ ਉਨ੍ਹਾਂ ਦੇ ਵਿਚਾਰਾਂ ਦੀ ਆਲੋਚਨਾ ਕਰੇ ਤਾਂ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਨਿੱਜੀ ਤੌਰ ’ਤੇ ਨਿੰਦਾ ਹੋ ਰਹੀ ਹੋਵੇ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਹਿਮਤੀ ਦੁਸ਼ਮਣੀ ਨਹੀਂ ਹੁੰਦੀ। ਵੱਖਰੀ ਸੋਚ ਹੋਣਾ ਗ਼ਲਤ ਨਹੀਂ ਹੁੰਦਾ। ਇੱਕ ਤੰਦਰੁਸਤ ਸਮਾਜ ਉਹ ਹੁੰਦਾ ਹੈ, ਜਿੱਥੇ ਵੱਖੋ-ਵੱਖ ਵਿਚਾਰ ਇਕੱਠੇ ਰਹਿ ਸਕਣ, ਜਿੱਥੇ ਗੱਲਬਾਤ ਹੋਵੇ, ਤਕਰਾਰ ਨਹੀਂ। ਜਿੱਥੇ ਤਰਕ ਹੋਵੇ, ਪਰ ਤੌਹੀਨ ਨਾ ਹੋਵੇ। ਇਤਿਹਾਸ ਵੀ ਇਹੀ ਦੱਸਦਾ ਹੈ ਕਿ ਜਿਹੜੇ ਸਮਾਜਾਂ ਨੇ ਵੱਖਰੀ ਸੋਚ ਨੂੰ ਸਵੀਕਾਰਿਆ, ਉਹ ਅੱਗੇ ਵਧੇ ਅਤੇ ਜਿਹੜੇ ਸਮਾਜ ਸਿਰਫ਼ ਇੱਕ ਹੀ ਸੋਚ ਨੂੰ ਸੱਚ ਮੰਨਦੇ ਰਹੇ, ਉਹ ਅੰਦਰੋਂ ਕਮਜ਼ੋਰ ਹੋ ਗਏ। ਜੇ ਅਸੀਂ ਸੱਚਮੁੱਚ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ‘ਮੈਂ ਹੀ ਸਹੀ ਹਾਂ’ ਤੋਂ ‘ਚਲੋ ਸੁਣੀਏ ਵੀ’ ਤੱਕ ਦਾ ਸਫ਼ਰ ਤੈਅ ਕਰਨਾ ਪਵੇਗਾ। ਸਮਾਜ ਵੰਡ ਨਾਲ ਨਹੀਂ, ਸਮਝ ਨਾਲ ਬਣਦਾ ਹੈ।

Advertisement

ਸੰਪਰਕ: 84377-62766

Advertisement
×