ਬੋਲ ਪੁਗਾਈਏ...!
ਬੋਲਾਂ ਦਾ ਮੁੱਲ ਵੀ ਹੁੰਦਾ ਹੈ ਅਤੇ ਵਜ਼ਨ ਵੀ। ਜ਼ੁਬਾਨਾਂ ਦੇ ਸੌਦੇ ਵੀ ਹੁੰਦੇ ਹਨ। ਕਿਸੇ ਵੇਲੇ ਪੰਜਾਬ ਜ਼ੁਬਾਨ ਦੇ ਸਿਰ ’ਤੇ ਚੱਲਦਾ ਸੀ ਤੇ ਬੋਲ ਪੱਥਰ ’ਤੇ ਲੀਕ ਹੁੰਦੇ ਸਨ। ਜੋ ਜ਼ੁਬਾਨ ਤੋਂ ਮੁੱਕਰ ਜਾਂਦਾ ਸੀ, ਉਹ ਸਮਾਜਿਕ ਸਫ਼ਾਂ...
ਬੋਲਾਂ ਦਾ ਮੁੱਲ ਵੀ ਹੁੰਦਾ ਹੈ ਅਤੇ ਵਜ਼ਨ ਵੀ। ਜ਼ੁਬਾਨਾਂ ਦੇ ਸੌਦੇ ਵੀ ਹੁੰਦੇ ਹਨ। ਕਿਸੇ ਵੇਲੇ ਪੰਜਾਬ ਜ਼ੁਬਾਨ ਦੇ ਸਿਰ ’ਤੇ ਚੱਲਦਾ ਸੀ ਤੇ ਬੋਲ ਪੱਥਰ ’ਤੇ ਲੀਕ ਹੁੰਦੇ ਸਨ। ਜੋ ਜ਼ੁਬਾਨ ਤੋਂ ਮੁੱਕਰ ਜਾਂਦਾ ਸੀ, ਉਹ ਸਮਾਜਿਕ ਸਫ਼ਾਂ ਵਿੱਚ ਮਰ ਜਾਂਦਾ ਸੀ। ਵੱਡੇ-ਵੱਡੇ ਘਾਟੇ ਜਰ ਲਏ ਜਾਂਦੇ ਸਨ, ਪਰ ਆਪਣੇ ਬੋਲ ਪੁਗਾਏ ਜਾਂਦੇ ਸਨ। ਰਿਸ਼ਤੇ ਜ਼ੁਬਾਨ ਦੇ ਸਿਰ ’ਤੇ ਸਿਰੇ ਚੜ੍ਹਦੇ ਸਨ। ਮਿੱਠੀ ਅਤੇ ਵਜ਼ਨਦਾਰ ਜ਼ੁਬਾਨ ਦਾ ਬੜਾ ਸਤਿਕਾਰ ਸੀ। ਗ਼ਲਤ ਬੋਲਾਂ ਨੂੰ ਵੱਡਾ ਗੁਨਾਹ ਮੰਨਿਆ ਜਾਂਦਾ ਸੀ। ਜੇ ਕੋਈ ਝੂਠ ਬੋਲਦਾ ਤਾਂ ਇਹਨੂੰ ਕੁਫ਼ਰ ਮੰਨਿਆ ਜਾਂਦਾ ਸੀ। ਜ਼ੁਬਾਨ ਨੈਤਿਕਤਾ ਦੀ ਪ੍ਰਤੀਕ ਸੀ।
ਸਮਾਂ ਬਦਲਿਆ ਅਤੇ ਸਮੇਂ ਦੀ ਤੋਰ ਨਾਲ ਜ਼ੁਬਾਨ ਦਾ ਮੁੱਲ ਵੀ ਘਟਦਾ ਗਿਆ ਅਤੇ ਵਜ਼ਨ ਵੀ। ਅੱਜ ਜ਼ੁਬਾਨ ਦੀ ਥਾਂ ਅਸ਼ਟਾਮਾਂ ਨੇ ਲੈ ਲਈ ਹੈ। ਜ਼ਰੂਰ ਹੀ ਜ਼ੁਬਾਨਾਂ ਫਿਸਲੀਆਂ ਹੋਣਗੀਆਂ। ਪੰਜਾਬ ਦੀ ਬੋਲਬਾਣੀ ਦਾ ਮਿਆਰ ਡਿੱਗ ਚੁੱਕਿਆ ਹੈ। ਜ਼ੁਬਾਨ ‘ਨੌਨ ਸਟੌਪ’ ਹੋ ਚੁੱਕੀ ਹੈ ਅਤੇ ਬੇਲਗ਼ਾਮ ਵੀ। ਇਸ ਨੇ ਪੰਜਾਬ ਦੇ ਸਤਿਕਾਰ ਸੱਭਿਆਚਾਰ ’ਤੇ ਡੂੰਘੀ ਸੱਟ ਮਾਰੀ ਹੈ। ਛੋਟੇ-ਛੋਟੇ ਬੱਚੇ ਵੱਡਿਆਂ ਤੇ ਮਾਪਿਆਂ ਨੂੰ ਮਾੜਾ ਚੰਗਾ ਆਖ ਰਹੇ ਹਨ। ਬੋਲ-ਬਾਣੀ ਦੀ ਪਵਿੱਤਰਤਾ ਦੀ ਗਿਰਾਵਟ ਅੱਜ ਸਿਖ਼ਰ ’ਤੇ ਹੈ। ਜ਼ੁਬਾਨ ਦੀ ਗਿਰਾਵਟ ਕਰਕੇ ਸਤਿਕਾਰ ਸਮਾਜ ਦੇ ਹਰ ਖੇਤਰ ’ਚੋਂ ਮਨਫ਼ੀ ਹੋ ਰਿਹਾ ਹੈ। ਆਉਣ ਵਾਲੀ ਪੀੜ੍ਹੀ ਦਾ ਸਭ ਤੋਂ ਵੱਡਾ ਉਲਾਂਭਾ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਜ਼ੁਬਾਨ ਵਿੱਚ ਗਿਰਾਵਟ ਹੋਵੇਗੀ। ਇਸ ਪੀੜ੍ਹੀ ਦਾ ਸਭ ਤੋਂ ਵੱਡਾ ਉਲਾਂਭਾ ਰਾਜਨੀਤਕ ਅਤੇ ਧਾਰਮਿਕ ਸਮਾਜ ਨੂੰ ਵੀ ਹੋਵੇਗਾ। ਸਭ ਤੋਂ ਵੱਡੀ ਜ਼ੁਬਾਨ ਜ਼ਾਬਤੇ ਦੀ ਉਲੰਘਣਾ ਇਨ੍ਹਾਂ ਦੋਵਾਂ ਕਰਕੇ ਹੋਈ ਹੈ। ਸਿਸਟਮ ਨੂੰ ਚਲਾਉਣ ਵਾਲੇ ਇਨ੍ਹਾਂ ਲੋਕਾਂ ਦੀਆਂ ਜ਼ੁਬਾਨਾਂ ਨੇ ਸਤਿਕਾਰ ਸੱਭਿਆਚਾਰ ਨੂੰ ਸਭ ਤੋਂ ਵੱਡੀ ਢਾਹ ਲਾਈ ਹੈ। ਇਹ ਲੋਕ ਨੈਤਿਕ ਕਦਰਾਂ ਕੀਮਤਾਂ ਦੇ ਦੋਸ਼ੀ ਅਤੇ ਕਾਤਲ ਹਨ। ਕੀ ਨੈਤਿਕਤਾ ਦੇ ਖੇਤਰ ਵਿੱਚ ਧਰਮ ਨੇ ਆਪਣਾ ਫਰਜ਼ ਨਿਭਾਇਆ? ਕੀ ਸਿਆਸਤ ਨੇ ਨੈਤਿਕਤਾ ਦੇ ਖੇਤਰ ਵਿੱਚ ਆਪਣਾ ਫਰਜ਼ ਨਿਭਾਇਆ? ਇਨ੍ਹਾਂ ਸਵਾਲਾਂ ਦਾ ਮੰਥਨ ਇਨ੍ਹਾਂ ਦੋਵਾਂ ਦੀ ਕਾਰਜ ਕੁਸ਼ਲਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਸੋਸ਼ਲ ਮੀਡੀਆ ’ਤੇ ਰਾਜਨੀਤਕ ਲੋਕ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਦੂਜਿਆਂ ’ਤੇ ਚਿੱਕੜ ਸੁੱਟਣ ਨੂੰ ਸਿਆਸਤ ਮੰਨ ਰਹੇ ਹਨ। ਇਨ੍ਹਾਂ ਦੀਆਂ ਬੇਲਗ਼ਾਮ ਜ਼ੁਬਾਨਾਂ ਨੇ ਦੇਸ਼ ਦੀ ਵਾਰਿਸ ਨੌਜਵਾਨ ਪੀੜ੍ਹੀ ਨੂੰ ਬੋਲਬਾਣੀ ਦੇ ਗਿਰਾਵਟ ਵਾਲੇ ਮੋੜ ’ਤੇ ਲਿਆਂਦਾ ਹੈ। ਆਰਥਿਕ ਘਾਟੇ-ਵਾਧੇ ਬਰਦਾਸ਼ਤ ਕੀਤੇ ਜਾ ਸਕਦੇ ਹਨ, ਪਰ ਸਮਾਜ ਦੀ ਸਥਿਰਤਾ ਵਿੱਚ ਪਏ ਖੱਪੇ ਕਦੇ ਪੂਰੇ ਨਹੀਂ ਜਾ ਸਕਦੇ। ਜ਼ੁਬਾਨ ਦੀ ਤਰਕਹੀਣਤਾ ਸਿਖ਼ਰ ’ਤੇ ਹੈ। ਜ਼ੁਬਾਨ ਸਿਰਫ਼ ਦੋਸ਼ ਲਾ ਰਹੀ ਹੈ। ਜੀਭ ਦਾ ਜ਼ਾਬਤਾ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਜ਼ੁਬਾਨ ਦਾ ਜ਼ਾਬਤਾ ਸਮਾਜ ਵਿੱਚ ਸਤਿਕਾਰ ਦਿਵਾਉਂਦਾ ਹੈ। ਇੱਕ ਜ਼ੁਬਾਨ ਕਹਿੰਦੀ ਹੈ ਕਿ ਮਾਤਾ ਖੀਰ ਬਹੁਤ ਸਵਾਦ ਹੈ, ਤੇਰੇ ਕੋਲ ਇੱਕ ਹੋਰ ਮੱਝ ਵਧੇ ਅਤੇ ਉਹਨੂੰ ਖੀਰ ਦੀ ਇੱਕ ਹੋਰ ਕੜਛੀ ਮਿਲਦੀ ਹੈ। ਇੱਕ ਜ਼ੁਬਾਨ ਕਹਿੰਦੀ ਹੈ ਕਿ ਮਾਤਾ, ਜੇ ਮੱਝ ਮਰ ਜਾਵੇ, ਫਿਰ ਖੀਰ ਕਿਵੇਂ ਬਣਾਏਗੀ। ਉਹਦੇ ਕੜਛੀ ਮੱਥੇ ਵਿੱਚ ਵੱਜਦੀ ਹੈ। ਜ਼ੁਬਾਨ ਤੋਂ ਕੀ ਬੁਲਾਉਣਾ ਤੇ ਜ਼ੁਬਾਨ ਨੂੰ ਜ਼ਾਬਤੇ ਵਿੱਚ ਕਿਵੇਂ ਰੱਖਣਾ, ਇਹ ਸਾਡੇ ਆਪਣੇ ਹੱਥ ਹੈ। ਬੇਲਗ਼ਾਮ ਹੋਈਆਂ ਜ਼ੁਬਾਨਾਂ ਨਫ਼ਰਤ ਉਗਲ ਰਹੀਆਂ ਹਨ। ਪਿਆਰ ਦੀ ਨਜ਼ਾਕਤ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ। ਫਿਜ਼ਾ ਵਿੱਚ ਘੁਲ ਗਈ ਨਫ਼ਰਤ ਚੌਗਿਰਦੇ ਨੂੰ ਨਫ਼ਰਤ ਵਿੱਚ ਲਪੇਟ ਰਹੀ ਹੈ। ਜ਼ੁਬਾਨ ਤਰਕਹੀਣ ਹੋ ਗਈ ਹੈ। ਹਾਰੇ ਹੋਏ ਕਹਿ ਰਹੇ ਹਨ ਕਿ ਜਿੱਤੇ ‘ਇਹ’ ਕਰ ਰਹੇ ਹਨ, ਜਿੱਤੇ ਹੋਏ ਕਹਿ ਕਰ ਰਹੇ ਹਨ ਕਿ ਹਾਰੇ ‘ਉਹ’ ਕਰ ਰਹੇ ਹਨ। ਉਹ ਭਾਈ ਜੇ ਹਾਰਨ ਵਾਲਿਆਂ ਨੇ ‘ਇਹ’ ਕੀਤਾ ਸੀ ਤਾਂ ਹੀ ਤਾਂ ਹਾਰੇ ਨੇ। ਜੇ ਜਿੱਤੇ ‘ਇਹ’ ਕਰਨਗੇ ਤਾਂ ਉਹ ਹਾਰ ਜਾਣਗੇ। ਤੁਸੀਂ ਆਪਣੀ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਦੱਸੋ। ਉਹ ਨਜ਼ਰੀਆ ਜੋ ਸਾਰਥਿਕ ਹੋਵੇ, ਜਿਸ ਦਾ ਕੋਈ ਮੁੱਲ ਹੋਵੇ, ਜਿਸ ਵਿੱਚ ਕੋਈ ਵਜ਼ਨ ਹੋਵੇ। ਜ਼ੁਬਾਨ ਜ਼ਾਬਤੇ ਦੇ ਕਾਤਲਾਂ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ ਅਤੇ ਬੋਲਾਂ ’ਤੇ ਖ਼ਰੇ ਨਾ ਉਤਰਨ ਵਾਲਿਆਂ ਨੂੰ ਕਦੇ ਸਤਿਕਾਰ ਨਹੀਂ ਮਿਲੇਗਾ। ਜ਼ੁਬਾਨ ਦੀ ਪੱਤ ਨਾ ਰੱਖਣ ਵਾਲੇ ਅਤੇ ਸਤਿਕਾਰ ਸੱਭਿਆਚਾਰ ਨੂੰ ਢਾਹ ਲਾਉਣ ਵਾਲੇ ਕਦੇ ਵੀ ਸਤਿਕਾਰ ਦੇ ਪਾਤਰ ਨਹੀਂ ਬਣਨਗੇ। ਜ਼ੁਬਾਨ ਦੇ ਬੋਲ ਪੁਗਾਉਣ ਵਾਲੇ ਸਦਾ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂ ਦਰਜ ਕਰਵਾਉਣਗੇ।
ਸੰਪਰਕ: 99156-21188

