ਲੈਨਿਨ, ਟ੍ਰਾਟਸਕੀ ਤੇ ਉਸਦਾ ਸੁਪਨਾ
ਟ੍ਰਾਟਸਕੀ ਵੱਲੋਂ ਆਪਣੇ ਦੇਸ਼ ਨਿਕਾਲੇ ਵੇਲੇ ਲਿਖੀ ਡਾਇਰੀ ਵਿੱਚ ਦਰਜ 25 ਜੂਨ 1935 ਦੀ ਰਾਤ ਨੂੰ ਦੇਖੇ ਇੱਕ ਸੁਪਨੇ ਦਾ ਵੇਰਵਾ ਇਸ ਤਰ੍ਹਾਂ ਹੈ: ‘ਕੱਲ੍ਹ ਰਾਤ ਜਾਂ ਕਹੋ ਅੱਜ ਤੜਕੇ, ਸੁਪਨੇ ਵਿੱਚ ਮੇਰੀ ਲੈਨਿਨ ਨਾਲ ਗੱਲਬਾਤ ਹੋਈ। ਆਸ-ਪਾਸ ਦੇ ਮਾਹੌਲ...
ਟ੍ਰਾਟਸਕੀ ਵੱਲੋਂ ਆਪਣੇ ਦੇਸ਼ ਨਿਕਾਲੇ ਵੇਲੇ ਲਿਖੀ ਡਾਇਰੀ ਵਿੱਚ ਦਰਜ 25 ਜੂਨ 1935 ਦੀ ਰਾਤ ਨੂੰ ਦੇਖੇ ਇੱਕ ਸੁਪਨੇ ਦਾ ਵੇਰਵਾ ਇਸ ਤਰ੍ਹਾਂ ਹੈ: ‘ਕੱਲ੍ਹ ਰਾਤ ਜਾਂ ਕਹੋ ਅੱਜ ਤੜਕੇ, ਸੁਪਨੇ ਵਿੱਚ ਮੇਰੀ ਲੈਨਿਨ ਨਾਲ ਗੱਲਬਾਤ ਹੋਈ। ਆਸ-ਪਾਸ ਦੇ ਮਾਹੌਲ ਤੋਂ ਜਾਪਦਾ ਸੀ ਕਿ ਅਸੀਂ ਕਿਸੇ ਜਹਾਜ਼ ’ਤੇ ਸਵਾਰ ਸੀ, ਤੀਜੇ ਦਰਜੇ ਦੇ ਡੈੱਕ ’ਤੇ। ਲੈਨਿਨ ਇੱਕ ਫੱਟੇ ’ਤੇ ਲੇਟਿਆ ਹੋਇਆ ਸੀ। ਮੈਂ ਉਸ ਦੇ ਕੋਲ ਸ਼ਾਇਦ ਖੜ੍ਹਾ ਜਾਂ ਬੈਠਾ ਸੀ, ਪੱਕਾ ਪਤਾ ਨਹੀਂ। ਉਹ ਚਿੰਤਤ ਹੋ ਕੇ ਮੈਨੂੰ ਮੇਰੀ ਬਿਮਾਰੀ ਬਾਰੇ ਪੁੱਛ ਰਿਹਾ ਸੀ।’
‘ਲੱਗਦਾ ਹੈ ਕਿ ਤੁਹਾਨੂੰ ਨਰਵਸ ਥਕਾਵਟ ਨੇ ਘੇਰ ਰੱਖਿਆ ਹੈ, ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ..!” ‘ਮੈਂ ਜਵਾਬ ਦਿੱਤਾ, ‘ਮੈਂ ਹਮੇਸ਼ਾ ਆਪਣੇ ਅੰਦਰੂਨੀ ਆਤਮ ਬਲ ਦੀ ਬਦੌਲਤ ਥਕਾਵਟ ’ਚੋਂ ਜਲਦੀ ਉਭਰ ਆਉਂਦਾ ਹਾਂ, ਪਰ ਐਤਕੀਂ ਗੱਲ ਕੁਝ ਜ਼ਿਆਦਾ ਵਿਗੜ ਗਈ, ਮਾਮਲਾ ਕੁਝ ਗਹਿਰਾ ਜਾਪਦੈ।’ ‘ਫਿਰ ਤੁਹਾਨੂੰ ਗੰਭੀਰਤਾ ਨਾਲ (ਉਸ ਨੇ ਇਸ ਸ਼ਬਦ ’ਤੇ ਜ਼ੋਰ ਦਿੱਤਾ) ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ (ਕੁਝ ਨਾਂ ਲਏ)।’ ਮੈਂ ਜਵਾਬ ਦਿੱਤਾ, ‘ਮੈਂ ਇਸ ਬਾਬਤ ਪਹਿਲਾਂ ਹੀ ਕਈਆਂ ਨਾਲ ਸਲਾਹ ਕਰ ਚੁੱਕਿਆ ਹਾਂ ਅਤੇ ਮੈਂ ਉਸ ਨੂੰ ਆਪਣੀ ਬਰਲਿਨ ਯਾਤਰਾ ਬਾਰੇ ਦੱਸਣਾ ਸ਼ੁਰੂ ਕੀਤਾ ਪਰ ਲੈਨਿਨ ਵੱਲ ਦੇਖਦਿਆਂ ਮੈਨੂੰ ਯਾਦ ਆਇਆ ਕਿ ਉਹ ਤਾਂ ਕਦੋਂ ਦਾ (1924 ’ਚ) ਮਰ ਚੁੱਕਿਆ ਹੈ। ਫਿਰ ਮੈਂ ਤੁਰੰਤ ਲੈਨਿਨ ਦੀ ਮੌਤ ਵਾਲੇ ਇਸ ਵਿਚਾਰ ਨੂੰ ਪਰ੍ਹਾਂ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸਾਡੀ ਗੱਲਬਾਤ ਜਾਰੀ ਰਹਿ ਸਕੇ।’ ਜਦੋਂ ਮੈਂ ਆਖ਼ਰ ’ਚ ਉਸ ਨੂੰ 1926 ਵਿੱਚ ਆਪਣਾ ਇਲਾਜ ਬਰਲਿਨ ਜਾ ਕੇ ਕਰਵਾ ਚੁੱਕਣ ਬਾਰੇ ਦੱਸਿਆ ਤਾਂ ਮੈਂ ਕਹਿਣਾ ਤਾਂ ਇਹ ਚਾਹੁੰਦਾ ਸੀ, ‘ਇਹ ਤੁਹਾਡੇ ਮਰਨ ਤੋਂ ਬਾਅਦ ਹੋਇਆ ਪਰ ਮੈਂ ਆਪਣੇ ਆਪ ਨੂੰ ਯਕਦਮ ਰੋਕ ਲਿਆ ਅਤੇ ਕਿਹਾ, ਤੁਹਾਡੇ ਬਿਮਾਰ ਪੈਣ ਤੋਂ ਬਾਅਦ..!” ਸੁਪਨਾ ਖ਼ਤਮ..!
ਟ੍ਰਾਟਸਕੀ ਦੇ ਉਪਰੋਕਤ ਸੁਪਨੇ ਦਾ ਲਾਕਾਨੀਅਨ ਮਨੋਵਿਗਿਆਨਕ ਅਤੇ ਸਿਆਸੀ ਵਿਸ਼ਲੇਸ਼ਣ: ਇਹ ਸੁਪਨਾ ਅਚੇਤ ਮਨ ਦੀ ਇੱਕ ਖ਼ਾਸ ਚਾਲ ਹੈ, ਜਿਸ ਨੂੰ ਸੱਚਾਈ ਤੋਂ ਮੁਨਕਰ (Disavowal) ਹੋਣਾ ਕਿਹਾ ਜਾਂਦਾ ਹੈ। ਸੁਪਨੇ ਵਿੱਚ ਲੈਨਿਨ ਜ਼ਿੰਦਾ ਦਿਖਾਈ ਦਿੰਦਾ ਹੈ ਅਤੇ ਟ੍ਰਾਟਸਕੀ ਦੀ ਸਿਹਤ ਬਾਰੇ ਫਿਕਰਮੰਦ ਹੈ।
ਜਦੋਂ ਟ੍ਰਾਟਸਕੀ ਨੂੰ ਅਚਾਨਕ ਯਾਦ ਆਉਂਦਾ ਹੈ ਕਿ ਲੈਨਿਨ ਤਾਂ ਕਦੋਂ ਦਾ ਮਰ ਚੁੱਕਾ ਹੈ, ਤਾਂ ਉਹ ਤੁਰੰਤ ਇਸ ਵਿਚਾਰ ਨੂੰ ਦਬਾ ਦਿੰਦਾ ਹੈ। ਉਹ ਆਪਣੇ ਮੂੰਹੋਂ ਨਿਕਲਣ ਜਾ ਰਹੀ ਗੱਲ ਨੂੰ ਵੀ ਅਚਾਨਕ ਬੋਚ ਲੈਂਦਾ ਹੈ- ‘ਤੁਹਾਡੇ ਮਰਨ ਤੋਂ ਬਾਅਦ’ ਕਹਿਣ ਦੀ ਬਜਾਏ ‘ਤੁਹਾਡੇ ਬਿਮਾਰ ਪੈਣ ਤੋਂ ਬਾਅਦ’ ਕਹਿੰਦਾ ਹੈ। ਇਹ ਲੈਨਿਨ ਦੀ ਆਪਣੀ ਮੌਤ ਪ੍ਰਤੀ ਅਗਿਆਨਤਾ ਨਹੀਂ ਹੈ, ਸਗੋਂ ਇਹ ਟ੍ਰਾਟਸਕੀ ਦਾ ਆਪਣਾ ਅਚੇਤ ਮਨ ਹੈ, ਜੋ ਉਸ ਨੂੰ ਲੈਨਿਨ ਦੀ ਅਣਆਈ ਮੌਤ ਦੇ ਦੁਖਦਾਈ ਸੱਚ ਅਤੇ ਇਨਕਲਾਬ ਤੋਂ ਵਿਜੋਗੇ ਜਾਣ ਦੇ ਸਦਮੇ ਤੋਂ ਬਚਾ ਰਿਹਾ ਹੈ। ਲੈਨਿਨ, ਟ੍ਰਾਟਸਕੀ ਲਈ ਇੱਥੇ ਇੱਕ ਸੁਰੱਖਿਆ ਕਵਚ ਵਜੋਂ ਕੰਮ ਕਰ ਰਿਹਾ ਹੈ। ਜਿੰਨਾ ਚਿਰ ਲੈਨਿਨ, ਟ੍ਰਾਟਸਕੀ ਦੇ ਇਸ ਸੁਪਨੇ ਵਿੱਚ ਜਿਊਂਦਾ ਰਹਿੰਦਾ ਹੈ, ਟ੍ਰਾਟਸਕੀ ਆਪਣੇ ਆਪ ਨੂੰ ਇਕੱਲੇਪਣ ਅਤੇ ਆਪਣੀ ਅੰਤਿਮ ਰਾਜਨੀਤਕ ਹਾਰ ਦੇ ਡਰ ਤੋਂ ਬਚਾ ਸਕਦਾ ਹੈ। ਇਸੇ ਲਈ ਉਹ ਲੈਨਿਨ ਦੇ ਮਰੇ ਹੋਣ ਦਾ ਪਤਾ ਲੱਗ ਜਾਣ ਤੋਂ ਬਾਅਦ ਵੀ ਆਪਣੇ ਸੁਖਦਾਈ ਸੁਪਨੇ ਨੂੰ ਹਾਲੇ ਹੋਰ ਜਾਰੀ ਰੱਖਣਾ ਚਾਹੁੰਦਾ ਹੈ। ਉਹ ਲੈਨਿਨ ਨੂੰ ਇੱਕ ਵਿਅਕਤੀ ਵਜੋਂ ਨਹੀਂ ਸਗੋਂ ਉਸ ਨੂੰ ਇਨਕਲਾਬੀ ਸਾਹਸ, ਸੂਝ ਅਤੇ ਸੁਹਿਰਦਤਾ ਦੇ ਪ੍ਰਤੀਕਾਤਮਿਕ ਮੁਜੱਸਮੇ ਵਜੋਂ ਦੇਖ ਰਿਹਾ ਹੈ। ਲੈਨਿਨ ਦੀ ਦੁਖਦਾਈ ਮੌਤ ਨੂੰ ਬਿਮਾਰੀ ਦਾ ਓਹਲਾ ਦੇਣਾ ਇਹ ਦਰਸਾਉਂਦਾ ਹੈ ਕਿ ਟ੍ਰਾਟਸਕੀ ਦਾ ਅਚੇਤ ਮਨ ਅਜੇ ਵੀ ਇਹ ਮੰਨਣਾ ਚਾਹੁੰਦਾ ਹੈ ਕਿ ਲੈਨਿਨ ਦੇ ਰੂਪ ਵਿੱਚ ਇਨਕਲਾਬ ਦਾ ਆਦਰਸ਼ ਹਾਲੇ ਜਿਊਂਦਾ ਹੈ ਜਦੋਂਕਿ ਮੌਜੂਦਾ ਹਾਲਾਤ ਵਿੱਚ ਉਸ ਦੇ ਹੱਥ ਵੱਸ ਕੁਝ ਵੀ ਨਾ ਹੋਣ ਕਰ ਕੇ ਅੰਦਰੋਂ ਉਹ ਬੇਵੱਸ ਹੈ ਕਿਉਂਕਿ ਠੀਕ ਉਸੇ ਵੇਲੇ ਉਹ ਦੇਸ਼ ਨਿਕਾਲੇ ਦੀ ਸਜ਼ਾ ਭੁਗਤ ਰਿਹਾ ਹੈ। ਇੱਥੇ ਉਹ ਰੂਸੀ ਇਨਕਲਾਬ ਨੂੰ ਇੱਕ ਨਿਸਫਲ ਸਫ਼ਲਤਾ (failed success) ਵਜੋਂ ਅਤੇ ਆਪਣੇ ਆਪ ਨੂੰ ਲੈਨਿਨ ਦੇ ਨਿਸਫਲ ਵਾਰਸ (failed successor) ਵਜੋਂ ਮਹਿਸੂਸ ਕਰਦਿਆਂ ਇੱਕ ਡੂੰਘੀ ਮਾਨਸਿਕ ਪੀੜਾ ’ਚੋਂ ਲੰਘ ਰਿਹਾ ਦਿਖਾਈ ਦਿੰਦਾ ਹੈ। ਸਪੱਸ਼ਟ ਤੌਰ ’ਤੇ ਇੱਥੇ ਉਹ ‘ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ’ ਵਾਲੀ ਕਸਕ ਹੰਢਾ ਰਿਹਾ ਹੈ।
ਟ੍ਰਾਟਸਕੀ, ਲੈਨਿਨ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਸ ਲਈ ਜਿਊਂਦਾ ਰੱਖਦਾ ਹੈ ਤਾਂ ਜੋ ਉਹ ਲੈਨਿਨ ਦੀ ਹਾਜ਼ਰੀ ਵਿੱਚ ਖੁਦ ਨੂੰ ਆਤਮਿਕ ਤੌਰ ’ਤੇ ਨੌਂ ਬਰ ਨੌਂ ਮਹਿਸੂਸ ਕਰ ਸਕੇ। ਦਰਅਸਲ ਉਸ ਦਾ ਅੰਦਰਲਾ ਇਕੱਲਾਪਣ ਤੇ ਖਾਲੀਪਣ ਲੈਨਿਨ ਤੋਂ ਮੁੜ ਅਗਵਾਈ ਲੈਣ ਅਤੇ ਉਸ ਦੀਆਂ ਨਜ਼ਰਾਂ ’ਚ ਪ੍ਰਵਾਨ ਹੋਣ ਲਈ ਲੋਚ ਰਿਹਾ ਹੈ। ਟ੍ਰਾਟਸਕੀ ਦਾ ਮਸੋਸਿਆ ਮਨ ਆਪਣੇ ਉਸ ਵਿਸ਼ਵ ਇਨਕਲਾਬ ਦੇ ਸਿਧਾਂਤ ਨੂੰ ਲੈਨਿਨ ਰਾਹੀਂ ਹਾਲੇ ਵੀ ਜਿਊਂਦਾ ਦੇਖਣਾ ਚਾਹੁੰਦਾ ਹੈ, ਜਿਸ ਰਾਹੀਂ ਉਹ ਆਪਣੀ ਹੋਂਦ ਨੂੰ ਪਰਿਭਾਸ਼ਤ ਕਰਨ ਦੇ ਆਹਰ ’ਚ ਸਰਗਰਮ ਹੈ। ਇਸੇ ਲਈ ਉਹ ਲੈਨਿਨ ਨੂੰ ਬਿਲਕੁਲ ਹੀ ਮਰਿਆ-ਮੁੱਕਿਆ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਇਸ ਮੌਤ ਨੂੰ ਅੰਦਰੋਂ ਸਵੀਕਾਰ ਕਰਨਾ ਉਸ ਲਈ ਇਨਕਲਾਬੀ ਸਿਧਾਂਤ ਦੀ ਮੌਤ ਹੋ ਜਾਣ ਦੇ ਤੁਲ ਹੈ।
ਮਨੁੱਖ ਦੇ ਅਚੇਤ ਮਨ ਵੱਲੋਂ ਆਪਣੇ ਨਿਤਾਣੇਪਣ ਅਤੇ ਹਾਰ ਬੋਧ ਦੇ ਮਿਲੇ ਜੁਲੇ ਭਾਵਾਂ ਦੇ ਆਤਮਿਕ ਬੋਝ ਨੂੰ ਕੁਝ ਹਲਕਾ ਕਰਨ ਦੀ ਰੱਖਿਆ ਪ੍ਰਣਾਲੀ ਦਾ ਇੱਕ ਕੁਦਰਤੀ ਪ੍ਰਗਟਾਵਾ ਹੈ ਟ੍ਰਾਟਸਕੀ ਦਾ ਇਹ ਇਤਿਹਾਸਿਕ ਸੁਪਨਾ। ਮੈਨੂੰ ਲੱਗਦੈ, ‘ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣਾ ਰੋਲ ਮਾਡਲ ਮੰਨਣਾ ਹੋਰ ਗੱਲ ਹੈ ਪਰ ਉਸਦਾ ਆਦਰਸ਼ੀਕਰਨ ਕਰ ਕੇ ਉਸ ਦੇ ਸਾਏ ਹੇਠ ਜਿਉਣਾ ਬਿਲਕੁਲ ਵੱਖਰੀ ਗੱਲ।’ ਫਿਲਹਾਲ ਅਸੀਂ ਆਪਣੇ ਤੋਂ ਬਾਹਰਲੀ ਕਿਸੇ ਅਲੌਕਿਕ ਸ਼ਕਤੀ (ਸੱਤਾ, ਸਰਮਾਇਆ), ਪੈਗੰਬਰ ਜਾਂ ਕਿਸੇ ਮਹਾਂਪੁਰਸ਼ (absolute authority) ਦੇ ਅਧੀਨ ਹੋ ਕੇ ਹੀ ਜਿਊਣ ਦੇ ਪੜਾਅ ਵਿੱਚੋਂ ਲੰਘ ਰਹੇ ਹਾਂ। ਪਤਾ ਨਹੀਂ ਹੋਰ ਕਦੋਂ ਤੱਕ ਅਸੀਂ ਮਾਨਸਿਕ ਵਿਕਾਸ ਦੇ ਇਸ ਪੇਚੀਦਾ ਪੜਾਅ ਵਿੱਚ ਫਸੇ ਰਹਾਂਗੇ। ਪਰ ਮਨੁੱਖਤਾ ਦਾ ਅੱਗੇ ਵੱਲ ਨੂੰ ਆਪਣਾ ਅਨੰਤ ਸਫਰ ਜਾਰੀ ਹੈ। ਹਾਲਾਤ ਨੇ ਇੱਥੇ ਹੀ ਨਹੀਂ ਖੜ੍ਹੇ ਰਹਿਣਾ। ਭਾਵ ਇਹ ਅਵਸਥਾ ਕੋਈ ਪਾਰਗਾਮੀ ਜਾਂ ਸਦੀਵੀਂ ਨਹੀਂ ਹੈ। ਸੁਰਜੀਤ ਪਾਤਰ ਦੇ ਸ਼ਬਦਾਂ ’ਚ
‘ਰੁਕਣੀ ਨਹੀਂ ਕਹਾਣੀ,
ਬੱਝੇ ਨਾ ਰਹਿਣੇ ਪਾਣੀ’
ਪਰ ਅਜੋਕੇ ਸੰਸਾਰ ਸਦੰਰਭ ਵਿੱਚ ਪੂਰੀ ਮਨੁੱਖਤਾ ਨੂੰ ਨਿਹੱਕੇ ਜੰਗਾਂ-ਯੁੱਧਾਂ ਤੋਂ ਮੁਕਤ ਕਰਵਾਉਣ, ਆਪਸੀ ਸਹਿਯੋਗ ਤੇ ਸਾਂਝੀਵਾਲਤਾ ਵਾਲਾ ਨਰੋਆ ਸਮਾਜ ਸਿਰਜਣ ਅਤੇ ਧਰਤੀ ਦੀ ਵਾਤਾਵਰਣਕ ਸੁਰੱਖਿਆ ਲਈ ਲੈਨਿਨ ਦਾ ‘ਵਿਚਾਰ ਦੇ ਰੂਪ ਵਿੱਚ’ ਹਾਲੇ ਹੋਰ ਜਿਊਂਦੇ ਰਹਿਣਾ ਸਾਡੇ ਸਾਰਿਆਂ ਲਈ ਅਤਿਅੰਤ ਜ਼ਰੂਰੀ ਹੋ ਗਿਆ ਹੈ ਤਾਂ ਕਿ ਸਮੁੱਚੀ ਖਲਕਤ ਬੇਖੌਫ਼ ਹੋ ਕੇ ਅਮਨ, ਆਜ਼ਾਦੀ ਅਤੇ ਉਤਸ਼ਾਹ ਦੀ ਫਿਜ਼ਾ ਵਿੱਚ ਸੌਖਿਆਂ ਸਾਹ ਲੈ ਸਕੇ।
ਸੰਪਰਕ: 98159-08088

