DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਿਰਮੌਰ ਆਗੂ ਤੇਜਾ ਸਿੰਘ ਸਮੁੰਦਰੀ: ਸਿਦਕ, ਦਲੇਰੀ ਤੇ ਸੇਵਾ ਦੀ ਵਿਰਾਸਤ

ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਇਸ ਅਟੱਲ ਵਿਸ਼ਵਾਸ ’ਤੇ ਟਿਕੀ ਹੋਈ ਹੈ ਕਿ ਸੰਸਥਾਵਾਂ ਦੀ ਮਰਿਆਦਾ ਸਭ ਤੋਂ ਉੱਪਰ ਹੁੰਦੀ ਹੈ ਅਤੇ ਅਸੂਲਾਂ ਦੀ ਰਾਖੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਸੀ ਭਾਈਚਾਰਾ ਅਤੇ ਫ਼ਿਰਕੂ...

  • fb
  • twitter
  • whatsapp
  • whatsapp
Advertisement

ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਇਸ ਅਟੱਲ ਵਿਸ਼ਵਾਸ ’ਤੇ ਟਿਕੀ ਹੋਈ ਹੈ ਕਿ ਸੰਸਥਾਵਾਂ ਦੀ ਮਰਿਆਦਾ ਸਭ ਤੋਂ ਉੱਪਰ ਹੁੰਦੀ ਹੈ ਅਤੇ ਅਸੂਲਾਂ ਦੀ ਰਾਖੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਸੀ ਭਾਈਚਾਰਾ ਅਤੇ ਫ਼ਿਰਕੂ ਸਦਭਾਵਨਾ ਉਨ੍ਹਾਂ ਦੇ ਜੀਵਨ ਦੇ ਅਹਿਮ ਆਦਰਸ਼ ਸਨ। ਧਾਰਮਿਕ ਸੁਧਾਰਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਕੌਮ ਦੇ ਹੱਥਾਂ ’ਚ ਲੈਣ ਲਈ ਦਿੱਤੀ ਗਈ ਸ਼ਹਾਦਤ ਸਦਕਾ ਇਤਿਹਾਸ ਵਿੱਚ ਉਨ੍ਹਾਂ ਦਾ ਖ਼ਾਸ ਸਥਾਨ ਹੈ। ਹਥਲੇ ਲੇਖ ਗੁਰਦੁਆਰਾ ਪ੍ਰਬੰਧ ’ਚ ਸੁਧਾਰ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ’ਤੇ ਰੋਸ਼ਨੀ ਪਾਉਂਦੇ ਹਨ।

Advertisement

ਇਤਿਹਾਸ ਅਕਸਰ ਅੰਦੋਲਨਾਂ ਨੂੰ ਵਿਲੱਖਣ ਘਟਨਾਵਾਂ ਅਤੇ ਵੱਡੀਆਂ ਜਿੱਤਾਂ ਰਾਹੀਂ ਯਾਦ ਰੱਖਦਾ ਹੈ ਪਰ ਉਨ੍ਹਾਂ ਸ਼ਖ਼ਸੀਅਤਾਂ ਨੂੰ ਕਈ ਵਾਰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਾਲਾਂਬੱਧੀ ਕੁਰਬਾਨੀਆਂ ਦੇ ਕੇ ਇਨ੍ਹਾਂ ਸੰਘਰਸ਼ਾਂ ਨੂੰ ਜਿਊਂਦਾ ਰੱਖਿਆ। ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੀਆਂ ਸ਼ਖ਼ਸੀਅਤਾਂ ਬਹੁਤ ਘੱਟ ਹੋਈਆਂ ਹਨ, ਜਿਨ੍ਹਾਂ ਨੇ ਦ੍ਰਿੜ੍ਹਤਾ, ਨਿਮਰਤਾ ਅਤੇ ਲੋਕ ਸੇਵਾ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਰਚਾਇਆ-ਵਸਾਇਆ। 17 ਜੁਲਾਈ 1926 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੋਈ ਉਨ੍ਹਾਂ ਦੀ ਸ਼ਹਾਦਤ ਤੋਂ ਲਗਪਗ ਇੱਕ ਸਦੀ ਬਾਅਦ ਵੀ ਉਨ੍ਹਾਂ ਦਾ ਜੀਵਨ ਸਾਨੂੰ ਲੀਡਰਸ਼ਿਪ, ਇਮਾਨਦਾਰੀ ਅਤੇ ਲੋਕ-ਭਲਾਈ ਪ੍ਰਤੀ ਸਮਰਪਣ ਦਾ ਰਾਹ ਵਿਖਾਉਂਦਾ ਹੈ।

Advertisement

ਦੁਨੀਆ ਭਰ ਦੇ ਸਿੱਖਾਂ ਲਈ ਧਾਰਮਿਕ ਸੁਧਾਰਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਕੌਮ ਦੇ ਹੱਥਾਂ ’ਚ ਲੈਣ ਦੇ ਇਤਿਹਾਸ ਵਿੱਚ ਤੇਜਾ ਸਿੰਘ ਸਮੁੰਦਰੀ ਦਾ ਇੱਕ ਖ਼ਾਸ ਸਥਾਨ ਹੈ। ਉਨ੍ਹਾਂ ਨੇ ਸਿੱਖ ਸੰਸਥਾਵਾਂ ਨੂੰ ਬਸਤੀਵਾਦੀ ਪ੍ਰਭਾਵ ਅਤੇ ਮਾੜੇ ਪ੍ਰਬੰਧਾਂ ਤੋਂ ਮੁਕਤ ਕਰਵਾਉਣ ਦੇ ਸੰਘਰਸ਼ ਵਿੱਚ ਮਹਿਜ਼ ਹਿੱਸਾ ਹੀ ਨਹੀਂ ਸੀ ਲਿਆ ਸਗੋਂ ਉਹ ਇਸ ਲਹਿਰ ਦੇ ਮੁੱਖ ਰਣਨੀਤੀਕਾਰਾਂ ਅਤੇ ਪ੍ਰਬੰਧਕਾਂ ਵਿੱਚ ਸ਼ੁਮਾਰ ਸਨ। ਉਨ੍ਹਾਂ ਦੇ ਯੋਗਦਾਨ ਨੇ ਉਸ ਆਧੁਨਿਕ ਢਾਂਚੇ ਨੂੰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਤਹਿਤ ਅੱਜ ਸਿੱਖ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ।

ਸਾਲ 1882 ਵਿੱਚ ਪੰਜਾਬ ਦੇ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਤੇਜਾ ਸਿੰਘ ਅਜਿਹੇ ਮਾਹੌਲ ਵਿੱਚ ਪਲ਼ੇ ਜਿੱਥੇ ਧਰਮ, ਸਖ਼ਤ ਮਿਹਨਤ ਅਤੇ ਸਮਾਜਿਕ ਜ਼ਿੰਮੇਵਾਰੀ ਇੱਕ-ਦੂਜੇ ਨਾਲ ਤਾਣੇ-ਪੇਟੇ ਵਾਂਗ ਗੁੰਦੇ ਹੋਏ ਸਨ। ਆਪਣੀ ਪੀੜ੍ਹੀ ਦੇ ਕਈ ਨੌਜਵਾਨਾਂ ਵਾਂਗ ਉਨ੍ਹਾਂ ਨੇ ਵੀ ਕੁਝ ਸਮਾਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸੇਵਾ ਨਿਭਾਈ, ਪਰ ਉਨ੍ਹਾਂ ਦਾ ਅਸਲ ਸਮਰਪਣ ਸਾਮਰਾਜੀ ਹਕੂਮਤ ਪ੍ਰਤੀ ਨਹੀਂ ਸਗੋਂ ਸਿੱਖ ਮਰਿਆਦਾ ਦੇ ਮੂਲ ਸਿਧਾਂਤਾਂ ਅਤੇ ਕੌਮ ਦੀ ਭਲਾਈ ਪ੍ਰਤੀ ਸੀ।

ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕੇ ਪੂਰੇ ਭਾਰਤ ਲਈ ਗੰਭੀਰ ਚੁਣੌਤੀਆਂ ਭਰੇ ਸਨ। ਸਿਆਸੀ ਚੇਤਨਾ, ਸੁਧਾਰਾਂ ਦੀ ਮੰਗ ਅਤੇ ਬਸਤੀਵਾਦੀ ਰਾਜ ਖ਼ਿਲਾਫ਼ ਰੋਸ ਲਗਾਤਾਰ ਜ਼ੋਰ ਫੜ ਰਿਹਾ ਸੀ। ਸਿੱਖ ਕੌਮ ਅੰਦਰ ਵੀ ਕਈ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਚਿੰਤਾ ਵਧ ਰਹੀ ਸੀ। ਪੀੜ੍ਹੀਆਂ ਦੀ ਸ਼ਰਧਾ ਸਦਕਾ ਉਸਰੀਆਂ ਇਹ ਸੰਸਥਾਵਾਂ ਕਈ ਥਾਵਾਂ ’ਤੇ ਅਜਿਹੇ ਪੀੜ੍ਹੀ-ਦਰ-ਪੀੜ੍ਹੀ ਚੱਲੇ ਆ ਰਹੇ ਮਹੰਤਾਂ ਦੇ ਕਬਜ਼ੇ ਹੇਠ ਆ ਚੁੱਕੀਆਂ ਸਨ। ਇਨ੍ਹਾਂ ਗੁਰਦੁਆਰਿਆਂ ਅੰਦਰਲਾ ਮਾਹੌਲ ਦੇਖ ਕੇ ਸੰਗਤ ਦੇ ਮਨਾਂ ਵਿੱਚ ਇਹ ਭਾਵਨਾ ਜ਼ੋਰ ਫੜਦੀ ਜਾ ਰਹੀ ਸੀ ਕਿ ਇਨ੍ਹਾਂ ਦੁਆਰਾ ਚਲਾਇਆ ਜਾਂਦਾ ਪ੍ਰਬੰਧ ਜਵਾਬਦੇਹੀ ਤੋਂ ਸੱਖਣਾ ਅਤੇ ਸਿੱਖ ਸਿਧਾਂਤਾਂ ਦੇ ਉਲਟ ਸੀ। ਇਸ ਲਈ ਸੁਧਾਰਾਂ ਦੀ ਇਹ ਮੰਗ ਮਹਿਜ਼ ਧਾਰਮਿਕ ਪ੍ਰਬੰਧ ਤੱਕ ਸੀਮਿਤ ਨਹੀਂ ਸੀ। ਇਹ ਜਵਾਬਦੇਹੀ, ਕੌਮੀ ਹੱਕਾਂ ਅਤੇ ਉਨ੍ਹਾਂ ਸੰਸਥਾਵਾਂ ਦੀ ਰਾਖੀ ਦਾ ਸਵਾਲ ਸੀ, ਜੋ ਅਥਾਹ ਅਧਿਆਤਮਕ ਅਤੇ ਇਤਿਹਾਸਕ ਮਹੱਤਵ ਵਾਲੀਆਂ ਸਨ। ਇਸ ਮਗਰੋਂ ਉੱਠੀ ਲਹਿਰ ਨੇ ਸਿੱਖ ਜਨਤਕ ਜੀਵਨ ਦਾ ਮੁਹਾਂਦਰਾ ਬਦਲ ਦਿੱਤਾ ਅਤੇ ਤੇਜਾ ਸਿੰਘ ਸਮੁੰਦਰੀ ਇਸ ਦੇ ਸਭ ਤੋਂ ਸਤਿਕਾਰਤ ਆਗੂ ਵਜੋਂ ਉੱਭਰੇ।

ਸਾਲ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੌਰਾਨ ਉਨ੍ਹਾਂ ਦੀ ਅਗਵਾਈ ਵਿਸ਼ੇਸ਼ ਤੌਰ ’ਤੇ ਅਹਿਮ ਸਾਬਿਤ ਹੋਈ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਇਸ ਇਤਿਹਾਸਕ ਦਾਅਵੇ ਦਾ ਪ੍ਰਤੀਕ ਸੀ ਕਿ ਸਿੱਖ ਸੰਸਥਾਵਾਂ ਦਾ ਪ੍ਰਬੰਧ ਕਿਸੇ ਨਿੱਜੀ ਹਿੱਤ ਨਾਲ ਪ੍ਰੇਰਿਤ ਜਾਂ ਸਰਕਾਰੀ ਸ਼ਹਿ ਪ੍ਰਾਪਤ ਵਿਅਕਤੀਆਂ ਦੀ ਬਜਾਏ ਖ਼ੁਦ ਸਿੱਖ ਕੌਮ ਦੁਆਰਾ ਚਲਾਇਆ ਜਾਣਾ ਚਾਹੀਦਾ ਹੈ। ਤੇਜਾ ਸਿੰਘ ਹੋਰਾਂ ਨੇ ਇਸ ਸੋਚ ਦੇ ਪੱਖ ਵਿੱਚ ਲਾਮਬੰਦੀ ਅਤੇ ਅਜਿਹਾ ਜਥੇਬੰਦਕ ਢਾਂਚਾ ਖੜ੍ਹਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ, ਜੋ ਅੱਜ ਵੀ ਸਿੱਖ ਧਾਰਮਿਕ ਪ੍ਰਬੰਧ ’ਤੇ ਅਸਰਅੰਦਾਜ਼ ਹੈ।

ਗੁਰਦੁਆਰਾ ਸੁਧਾਰ ਲਹਿਰ ਦੇ ਵੱਡੇ ਮੋਰਚਿਆਂ ਦੌਰਾਨ ਉਨ੍ਹਾਂ ਦਾ ਸਿਦਕ ਤੇ ਸਮਰਪਣ ਵਾਰ-ਵਾਰ ਪ੍ਰਗਟ ਹੋਇਆ। ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੋਰਚੇ ਦੌਰਾਨ ਜਦੋਂ ਬਸਤੀਵਾਦੀ ਹਕੂਮਤ ਵੱਲੋਂ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਦੀ ਕੰਧ ਢਾਹ ਦਿੱਤੀ ਗਈ ਤਾਂ ਸਿੱਖ ਸੰਗਤ ਨੇ ਇਸ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ। ਬਾਹਰੀ ਤੌਰ ’ਤੇ ਦੇਖਣ ਵਾਲਿਆਂ ਨੂੰ ਸ਼ਾਇਦ ਇਹ ਮਹਿਜ਼ ਪ੍ਰਬੰਧਕੀ ਵਿਵਾਦ ਜਾਪਦਾ ਹੋਵੇ, ਪਰ ਸਿੱਖ ਕੌਮ ਲਈ ਇਹ ਧਾਰਮਿਕ ਅਣਖ ਅਤੇ ਇਤਿਹਾਸਕ ਵਿਰਾਸਤ ਨੂੰ ਸਿੱਧੀ ਚੁਣੌਤੀ ਸੀ। ਇਸ ਕੰਧ ਦੀ ਮੁੜ ਉਸਾਰੀ ਲਈ ਚਲਾਇਆ ਗਿਆ ਸਫ਼ਲ ਅੰਦੋਲਨ ਇਸ ਗੱਲ ਦੀ ਮੁੱਢਲੀ ਮਿਸਾਲ ਬਣਿਆ ਕਿ ਕਿਵੇਂ ਇੱਕ ਜਥੇਬੰਦਕ ਅਤੇ ਅਨੁਸ਼ਾਸਨਬੱਧ ਸੰਘਰਸ਼ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ। ਇਹੀ ਜਥੇਬੰਦਕ ਰਣਨੀਤੀ ਅੱਗੇ ਚੱਲ ਕੇ ‘ਗੁਰੂ ਕਾ ਬਾਗ਼’ ਅਤੇ ‘ਚਾਬੀਆਂ’ ਦੇ ਮੋਰਚੇ ਵਿੱਚ ਵੀ ਸਫ਼ਲਤਾ ਦਾ ਆਧਾਰ ਬਣੀ।

ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਲੱਖਣਤਾ ਸਿਰਫ਼ ਉਨ੍ਹਾਂ ਵੱਲੋਂ ਕੀਤੀ ਜਾਂਦੀ ਜਨਤਕ ਅਗਵਾਈ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਉਹ ਆਪਣੇ ਸਿਧਾਂਤਾਂ ਦੀ ਖ਼ਾਤਰ ਵੱਡੀ ਤੋਂ ਵੱਡੀ ਨਿੱਜੀ ਕੁਰਬਾਨੀ ਦੇਣ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਸਨ। ਸਾਕਾ ਨਨਕਾਣਾ ਸਾਹਿਬ ਦੇ ਦੁਖਾਂਤ ਅਤੇ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ’ਤੇ ਪੈ ਰਹੇ ਸਰਕਾਰੀ ਦਬਾਅ ਦੌਰਾਨ ਉਨ੍ਹਾਂ ਨੇ ਸਿੱਖ ਸੰਸਥਾਵਾਂ ਅਤੇ ਅਖ਼ਬਾਰਾਂ ਦੀ ਹੋਂਦ ਨੂੰ ਬਚਾਉਣ ਲਈ ਵੱਡੇ ਮਾਲੀ ਜੋਖ਼ਮ ਉਠਾਏ। ਕਈ ਮੌਕਿਆਂ ’ਤੇ ਉਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ ਅਤੇ ਮਾਲੀ ਵਸੀਲੇ ਦਾਅ ’ਤੇ ਲਾ ਦਿੱਤੇ ਤਾਂ ਜੋ ਕਾਨੂੰਨੀ ਪੈਰਵੀ ਅਤੇ ਕੌਮੀ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਨਿਰੰਤਰ ਜਾਰੀ ਰਹਿ ਸਕਣ। ਸੇਵਾ ਪ੍ਰਤੀ ਉਨ੍ਹਾਂ ਦੀ ਸਮਝ ਸਿਰਫ਼ ਧਾਰਮਿਕ ਸੁਧਾਰਾਂ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਉਹ ਇਸ ਗੱਲੋਂ ਭਲੀਭਾਂਤ ਜਾਣੂ ਸਨ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਬੇਹੱਦ ਅਹਿਮ ਕੜੀ ਹੈ। ਉਸ ਦੌਰ ਵਿੱਚ ਜਦੋਂ ਆਮ ਲੋਕਾਂ, ਖ਼ਾਸਕਰ ਕੁੜੀਆਂ ਲਈ ਵਿੱਦਿਅਕ ਮੌਕੇ ਬਹੁਤ ਸੀਮਿਤ ਸਨ, ਤਾਂ ਉਨ੍ਹਾਂ ਨੇ ਸਕੂਲ ਸਥਾਪਿਤ ਕਰਨ ਅਤੇ ਸਿੱਖਿਆ ਦੇ ਪਸਾਰ ਲਈ ਹਰ ਸੰਭਵ ਯਤਨ ਕੀਤਾ। ਸਰਹਾਲੀ (ਤਰਨ ਤਾਰਨ) ਅਤੇ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਵਿੱਚ ਉਨ੍ਹਾਂ ਦੇ ਸਿਰੜ ਨਾਲ ਬਣਾਏ ਵਿੱਦਿਅਕ ਅਦਾਰੇ ਇਸ ਸੋਚ ਦੇ ਪ੍ਰਤੀਕ ਹਨ ਕਿ ਇੱਕ ਸੂਝਵਾਨ ਅਤੇ ਪੜ੍ਹਿਆ-ਲਿਖਿਆ ਸਮਾਜ ਹੀ ਆਪਣੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਨ ਅਤੇ ਆਪਣੇ ਭਵਿੱਖ ਨੂੰ ਸਾਰਥਕ ਰੂਪ ਦੇਣ ਦੇ ਯੋਗ ਹੋ ਸਕਦਾ ਹੈ। ਇਸ ਦੇ ਨਾਲ ਹੀ ਜਨਤਕ ਸੰਚਾਰ ਦੀ ਅਹਿਮੀਅਤ ਬਾਰੇ ਵੀ ਉਨ੍ਹਾਂ ਦੀ ਸੋਚ ਬਹੁਤ ਸਪੱਸ਼ਟ ਸੀ। ਸੁਧਾਰ ਲਹਿਰਾਂ ਸਿਰਫ਼ ਸਰਗਰਮੀ ਦੇ ਸਿਰ ’ਤੇ ਹੀ ਨਹੀਂ ਸਗੋਂ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਦੀ ਸਮਰੱਥਾ ਸਦਕਾ ਅੱਗੇ ਵਧਦੀਆਂ ਹਨ। ਸਰਦਾਰ ਤੇਜਾ ਸਿੰਘ ਸਮੁੰਦਰੀ ਸਰਕਾਰੀ ਪ੍ਰਚਾਰ ਦਾ ਮੂੰਹ-ਤੋੜ ਜਵਾਬ ਦੇਣ ਅਤੇ ਕੌਮੀ ਸਰੋਕਾਰਾਂ ਨੂੰ ਆਵਾਜ਼ ਦੇਣ ਵਿੱਚ ਅਖ਼ਬਾਰਾਂ ਤੇ ਜਨਤਕ ਸੰਵਾਦ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸੁਧਾਰ ਲਹਿਰ ਨਾਲ ਜੁੜੀਆਂ ਅਖ਼ਬਾਰਾਂ ਤੇ ਪ੍ਰਕਾਸ਼ਨਾਵਾਂ ਨੂੰ ਸ਼ੁਰੂ ਕਰਨ ਵਿੱਚ ਉਨ੍ਹਾਂ ਦੀ ਅਗਵਾਈ ਨੇ ਪੰਜਾਬ ਦੇ ਇਤਿਹਾਸ ਦੇ ਉਸ ਨਾਜ਼ੁਕ ਦੌਰ ਵਿੱਚ ਇੱਕ ਮਜ਼ਬੂਤ ਸਿੱਖ ਜਨਤਕ ਲਹਿਰ ਖੜ੍ਹੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

ਸੰਗਤ ਅਤੇ ਕੌਮ ਵੱਲੋਂ ਉਨ੍ਹਾਂ ਦੇ ਇਸ ਯੋਗਦਾਨ ਨੂੰ ਭਰਪੂਰ ਮਾਣ-ਸਨਮਾਨ ਮਿਲਣਾ ਸੁਭਾਵਿਕ ਹੀ ਸੀ। ਸਾਲ 1923 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਨ ਲਈ ਚੁਣੇ ਗਏ ਪੰਜ ਪਿਆਰਿਆਂ ਵਿੱਚ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੇ ਜੀਵਨ ਦਾ ਆਖ਼ਰੀ ਅਧਿਆਏ ਉਨ੍ਹਾਂ ਦੇ ਸਿਦਕ ਅਤੇ ਅਸੂਲਾਂ ਦੀ ਪਰਿਪੱਕਤਾ ਦੀ ਹਾਮੀ ਭਰਦਾ ਹੈ। ਸਾਲ 1925 ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਦੇ ਬਾਵਜੂਦ ਬਸਤੀਵਾਦੀ ਹਕੂਮਤ ਅਤੇ ਸਿੱਖ ਆਗੂਆਂ ਦਰਮਿਆਨ ਤਣਾਅ ਪੂਰੀ ਤਰ੍ਹਾਂ ਖ਼ਤਮ ਨਹੀਂ ਸੀ ਹੋਇਆ। ਕਈ ਪ੍ਰਮੁੱਖ ਅਕਾਲੀ ਆਗੂ ਅਜੇ ਵੀ ਜੇਲ੍ਹਾਂ ਵਿੱਚ ਬੰਦ ਸਨ। ਅੰਗਰੇਜ਼ ਹਕੂਮਤ ਜੇਲ੍ਹ ਵਿੱਚ ਬੰਦ ਆਗੂਆਂ ਤੋਂ ਭਵਿੱਖ ਵਿੱਚ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਹਿੱਸਾ ਨਾ ਲੈਣ ਅਤੇ ਸਰਕਾਰੀ ਸ਼ਰਤਾਂ ਮੰਨਣ ਬਾਰੇ ਲਿਖਤੀ ਭਰੋਸਾ ਮੰਗ ਰਹੀ ਸੀ, ਪਰ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਆਪਣੀ ਰਿਹਾਈ ਬਦਲੇ ਆਪਣੇ ਸਿਧਾਂਤਾਂ ਅਤੇ ਅਣਖ ਨਾਲ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਉਹ ਜੇਲ੍ਹ ਵਿੱਚ ਹੀ ਡਟੇ ਰਹੇ ਅਤੇ 17 ਜੁਲਾਈ 1926 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਮਹਿਜ਼ 43 ਸਾਲ ਦੀ ਉਮਰੇ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦੇ ਸਦੀਵੀ ਵਿਛੋੜੇ ਨੇ ਸਿੱਖ ਕੌਮ ਨੂੰ ਇਤਿਹਾਸ ਦੇ ਇੱਕ ਬੇਹੱਦ ਨਾਜ਼ੁਕ ਮੋੜ ’ਤੇ ਆਪਣੇ ਸਭ ਤੋਂ ਕਾਬਲ, ਸੂਝਵਾਨ ਅਤੇ ਜਥੇਬੰਦਕ ਆਗੂ ਤੋਂ ਵਾਂਝਾ ਕਰ ਦਿੱਤਾ। ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਨਜ਼ਰ ‘ਤੇਜਾ ਸਿੰਘ ਸਮੁੰਦਰੀ ਹਾਲ’ ਉੱਤੇ ਪੈਂਦੀ ਹੈ, ਜੋ ਦੇਸ਼ ਅਤੇ ਕੌਮ ਲਈ ਕੀਤੇ ਉਨ੍ਹਾਂ ਦੇ ਮਹਾਨ ਕਾਰਜਾਂ ਦੀ ਸਦੀਵੀ ਯਾਦ ਦਿਵਾਉਂਦਾ ਹੈ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਭਾਰਤ ਦੇ ਵੱਖ-ਵੱਖ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮਹਾਤਮਾ ਗਾਂਧੀ, ਪੰਡਿਤ ਮਦਨ ਮੋਹਨ ਮਾਲਵੀਆ, ਸਵਾਮੀ ਸ਼ਰਧਾਨੰਦ ਅਤੇ ਸੀ ਐੱਫ ਐਂਡਰਿਊਜ਼ ਵਰਗੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਸਿੱਖ ਸੁਧਾਰ ਲਹਿਰ ਤੇ ਦੇਸ਼ ਦੀ ਆਜ਼ਾਦੀ ਦੇ ਵਡੇਰੇ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਲੋਹਾ ਮੰਨਿਆ। ਸਿੱਖ ਪੰਥ ਅੰਦਰ ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਨੂੰ ਇੱਕ ‘ਸੰਪੂਰਨ ਸਿੱਖ’ ਵਜੋਂ ਯਾਦ ਕੀਤਾ ਜਦੋਂਕਿ ਭਾਈ ਵੀਰ ਸਿੰਘ ਨੇ ਉਨ੍ਹਾਂ ਨੂੰ ‘ਪਰਮ ਪਵਿੱਤਰ ਸ਼ਹੀਦ’ ਦਾ ਦਰਜਾ ਦੇ ਕੇ ਨਿਵਾਜਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਸਮਕਾਲੀਆਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਕਿੰਨਾ ਸਤਿਕਾਰ ਸੀ, ਜੋ ਸਿਆਸੀ ਅਤੇ ਧਾਰਮਿਕ ਵਲਗਣਾਂ ਤੋਂ ਕਿਤੇ ਉੱਪਰ ਸੀ।

ਅੱਜ ਦੇ ਦੌਰ ਵਿੱਚ ਜਿੱਥੇ ਜਨਤਕ ਲੀਡਰਸ਼ਿਪ ਨੂੰ ਅਕਸਰ ਸੋਸ਼ਲ ਮੀਡੀਆ ਦੀ ਚਮਕ-ਦਮਕ, ਪ੍ਰਸਿੱਧੀ ਅਤੇ ਰੁਤਬੇ ਨਾਲ ਮਾਪਿਆ ਜਾਂਦਾ ਹੈ, ਉੱਥੇ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਡੇ ਲਈ ਲੀਡਰਸ਼ਿਪ ਦੇ ਇੱਕ ਵੱਖਰੇ ਤੇ ਉੱਚੇ ਮਿਆਰ ਦੀ ਮਿਸਾਲ ਹੈ। ਉਨ੍ਹਾਂ ਦੀ ਵਿਰਾਸਤ ਇਸ ਅਟੱਲ ਵਿਸ਼ਵਾਸ ’ਤੇ ਟਿਕੀ ਹੋਈ ਹੈ ਕਿ ਸੰਸਥਾਵਾਂ ਦੀ ਮਰਿਆਦਾ ਸਭ ਤੋਂ ਉੱਪਰ ਹੁੰਦੀ ਹੈ, ਅਸੂਲਾਂ ਦੀ ਰਾਖੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਸਾਰਥਕ ਤਬਦੀਲੀ ਲਈ ਨਿੱਜੀ ਕੁਰਬਾਨੀ ਲਾਜ਼ਮੀ ਹੈ। ਉਨ੍ਹਾਂ ਦੀ ਸ਼ਹਾਦਤ ਤੋਂ ਲਗਪਗ ਇੱਕ ਸਦੀ ਬਾਅਦ ਵੀ ਇਹ ਸਿੱਖਿਆਵਾਂ ਪਹਿਲਾਂ ਵਾਂਗ ਹੀ ਪ੍ਰਸੰਗਿਕ ਅਤੇ ਸੇਧਗਾਰ ਹਨ।

* ਲੈਫਟੀਨੈਂਟ ਗਵਰਨਰ, ਦਿੱਲੀ ਅਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ।

Advertisement
×