ਗ਼ਰੀਬੀ ਨਾਲ ਜੇਕਰ ਬਿਮਾਰੀ ਜਾਂ ਕੁਦਰਤੀ ਆਫ਼ਤ ਵੀ ਆ ਜਾਵੇ ਤਾਂ ਗ਼ਰੀਬੀ ਨਹੀਂ, ਗ਼ਰੀਬ ਹੀ ਖ਼ਤਮ ਹੋੋ ਜਾਂਦਾ ਹੈ। ਸ਼ਹਿਰ ਦੇ ਇੱਕ ਤੰਗ ਜਿਹੇ ਮੁਹੱਲੇ ’ਚ ਟੁੱਟੇ ਜਿਹੇ ਮਕਾਨ ’ਚ ਰਹਿਣ ਵਾਲੇ ਅਭਿਸ਼ੇਕ ਨਾਲ ਇੰਝ ਹੀ ਹੋਇਆ। ਅਭਿਸ਼ੇਕ ਇਸ ਮਕਾਨ ’ਚ ਆਪਣੀ ਬਿਰਧ ਮਾਂ ਨਾਲ ਰਹਿ ਰਿਹਾ ਸੀ। ਗ਼ਰੀਬੀ ਏਨੀ ਕਿ ਕਈ ਵਾਰ ਦੋਵਾਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ। ਅਭਿਸ਼ੇਕ ਦਾ ਪਿਤਾ ਕੁਝ ਵਰ੍ਹੇ ਪਹਿਲਾਂ ਹੀ ਜਹਾਨੋਂ ਤੁਰ ਗਿਆ ਸੀ। ਮਾਂ ਨੇ ਆਪਣੇ ਪੁੱਤ ਨੂੰ ਲੋਕਾਂ ਦੇ ਭਾਂਡੇ ਮਾਂਜ-ਮਾਂਜ ਕੇ ਦਸਵੀਂ ਤੱਕ ਪੜ੍ਹਾ ਲਿਆ, ਪਰ ਅੱਗੇ ਉਹਦੀ ਕੋਈ ਪੇਸ਼ ਨਹੀਂ ਚੱਲੀ।
ਅਭਿਸ਼ੇਕ ਵੀ ਚਾਹੁੰਦਾ ਸੀ ਕਿ ਉਹ ਖ਼ੁਦ ਕੋਈ ਕੰਮ ਕਰੇ ਤੇ ਆਪਣੀ ਮਾਂ ਨੂੰ ਲੋਕਾਂ ਦੇ ਘਰਾਂ ਦੇ ਕੰਮਾਂ ਤੋਂ ਨਿਜਾਤ ਦਿਵਾ ਕੇ ਸੁਖ ਦੇ ਸਕੇ। ਪਰ ਉਹ ਏਨਾ ਪੜ੍ਹਿਆ ਲਿਖਿਆ ਨਹੀਂ ਸੀ ਕਿ ਕੋਈ ਨੌਕਰੀ ਕਰ ਸਕੇ। ਉਂਝ ਵੀ ਨੌਕਰੀਆਂ ਤਾਂ ਹੁਣ ਡਿਗਰੀਆਂ ਦੇ ਥੱਬੇ ਚੁੱਕੀ ਫਿਰਦਿਆਂ ਨੂੰ ਵੀ ਦੂਰ ਦੀ ਕੌਡੀ ਹੋ ਕੇ ਟੱਕਰਦੀਆਂ ਨੇ ਤੇ ਅਭਿਸ਼ੇਕ ਤਾਂ ਮਸਾਂ ਦਸਵੀਂ ਪਾਸ ਸੀ। ਆਖ਼ਰ ਉਸ ਨੇ ਚਾਹ ਦੀ ਦੁਕਾਨ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਥਣੇ 35-40 ਕੁ ਰੁਪਏ ਕਮਾ ਕੇ ਉਹ ਘਰ ਮੁੜਦਾ ਤਾਂ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦਾ। ਸੋਚਦਾ ਕਿ ਕਾਸ਼! ਉਹ ਚੰਗਾ ਪੜ੍ਹਿਆ-ਲਿਖਿਆ ਹੁੰਦਾ ਤਾਂ ਚੰਗੇ ਪੈਸੇ ਕਮਾ ਕੇ ਘਰ ਦਾ ਗੁਜ਼ਾਰਾ ਤੋਰਦਾ ਤੇ ਟੁੱਟ ਰਹੇ ਮਕਾਨ ਨੂੰ ਜੋੜਦਾ। ਮਾਂ ਵੀ ਆਪਣੇ ਪੁੱਤ ਨੂੰ ਫ਼ਿਕਰਾਂ ’ਚ ਡੁੱਬਾ ਵੇਖ ਕੇ ਡਾਹਢੀ ਦੁਖੀ ਹੁੰਦੀ।
ਇਨ੍ਹਾਂ ਦਿਨਾਂ ’ਚ ਹੀ ਅਭਿਸ਼ੇਕ ਦਾ ਇੱਕ ਪੁਰਾਣਾ ਮਿੱਤਰ ਰੁਤਾਸ਼ ਉਸ ਦੀ ਜ਼ਿੰਦਗੀ ’ਚ ਚਾਨਣ ਦੀ ਲੀਕ ਬਣਕੇ ਬਹੁੜਿਆ। ਰੁਤਾਸ਼ ਕਿਸੇ ਦਵਾਈਆਂ ਬਣਾਉਣ ਵਾਲੀ ਕੰਪਨੀ ’ਚ ਮੈਨੇਜਰ ਸੀ। ਉਸ ਨੇ ਆਪਣੇ ਅਸਰ-ਰਸੂਖ ਨਾਲ ਅਭਿਸ਼ੇਕ ਨੂੰ ਆਪਣੀ ਉਸੇ ਕੰਪਨੀ ’ਚ ਚਪੜਾਸੀ ਰਖਵਾ ਦਿੱਤਾ। ਤਨਖ਼ਾਹ ਮਹੀਨੇ ਦੀ ਅੱਠ ਹਜ਼ਾਰ। ਅਭਿਸ਼ੇਕ ਤੇ ਉਹਦੀ ਮਾਂ ਦੇ ਜਿਵੇਂ ਭਾਗ ਹੀ ਖੁੱਲ੍ਹ ਗਏ ਸਨ। ਰੱਬ ਨੇ ਨੇੜਿਉਂ ਹੋ ਕੇ ਸੁਣ ਲਈ ਲੱਗਦੀ ਸੀ। ਅਭਿਸ਼ੇਕ ਨੇ ਆਪਣੀ ਮਾਂ ਨੂੰ ਕੰਮ ਕਰਨ ਤੋਂ ਹਟਾ ਕੇ ਘਰ ਵਿੱਚ ਹੀ ਆਰਾਮ ਕਰਨ ਲਈ ਕਹਿ ਦਿੱਤਾ।
ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਲੀਹ ’ਤੇ ਆ ਗਈ, ਪਰ ਮਾੜੇ ਲੇਖਾਂ ਦੀਆਂ ਗੂੜ੍ਹੀਆਂ ਲੀਕਾਂ ਮੱਥੇ ’ਚੋਂ ਛੇਤੀ ਕਿਤੇ ਕਦੋਂ ਮਿਟਦੀਆਂ ਨੇ। ਅਭਿਸ਼ੇਕ ਨੂੰ ਨੌਕਰੀ ’ਤੇ ਜਾਂਦਿਆਂ ਅਜੇ ਤਿੰਨ-ਚਾਰ ਕੁ ਮਹੀਨੇ ਹੀ ਬੀਤੇ ਸਨ ਕਿ ‘ਕਰੋਨਾ’ ਨੇ ਆਣ ਦਸਤਕ ਦਿੱਤੀ। ਪੰਜਾਬ ’ਚ ਕਰਫਿਊ ਲਗਾ ਦਿੱਤਾ ਗਿਆ। ਸਭ ਕੁਝ ਬੰਦ ਹੋ ਗਿਆ। ਅਭਿਸ਼ੇਕ ਦਾ ਦਫ਼ਤਰ ਜਾਣਾ ਵੀ ਬੰਦ ਹੋ ਗਿਆ। ਪੁਲੀਸ ਥਾਂ-ਥਾਂ ਨਾਕੇ ਲਗਾ ਕੇ ‘ਕਰੋਨਾ ਦੀ ਲੜੀ’ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਭਿਸ਼ੇਕ ਤੇ ਉਹਦੀ ਮਾਂ ਨੇ ਜਦੋਂ ਸੁਣਿਆ ਕਿ ‘ਬੰਦ’ ਅਜੇ ਦੋ-ਦਿੰਨ ਮਹੀਨੇ ਚੱਲਣਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਡਾਹਢੀ ਚਿੰਤਾ ਹੋ ਗਈ।
ਕੁਝ ਦਿਨਾਂ ਮਗਰੋਂ ਅਭਿਸ਼ੇਕ ਨੂੰ ਪਤਾ ਲੱਗਾ ਕਿ ਕੁਝ ਦਫ਼ਤਰ ਖੁੱਲ੍ਹ ਰਹੇ ਹਨ। ਉਹ ਸਵੇਰੇ ਰੋਟੀ ਦਾ ਡੱਬਾ ਲੈ ਘਰੋਂ ਨਿਕਲਿਆ। ਰਾਹ ’ਚ ਪੁਲੀਸ ਨੇ ਘੇਰ ਲਿਆ। ਬਿਨਾਂ ਕੁਝ ਪੁੱਛੇ-ਦੱਸੇ ਹੀ ਉਨ੍ਹਾਂ ਅਭਿਸ਼ੇਕ ਨੂੰ ਡੰਡਿਆਂ, ਠੁੱਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਅਭਿਸ਼ੇਕ ਨੇ ਬਥੇਰਾ ਕਿਹਾ ਕਿ ਉਸ ਨੇ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਦਫ਼ਤਰ ਜਾਣਾ ਹੈ, ਪਰ ਉਸ ਦੀ ਪੁਕਾਰ ਕਿਸੇ ਨਾ ਸੁਣੀ। ਕੁੱਟ ਖਾ ਕੇ ਅਭਿਸ਼ੇਕ ਵਾਪਸ ਘਰ ਆ ਗਿਆ। ਕਈ ਦਿਨ ਉਹਦੇ ਹੱਡ-ਪੈਰ ਦੁਖਦੇ ਰਹੇ। ਮਾਂ ਉਹਨੂੰ ਵੇਖ-ਵੇਖ ਝੂਰਦੀ ਰਹਿੰਦੀ।
ਤੇ ਫੇਰ ਇੱਕ ਦਿਨ ਰੁਤਾਸ਼ ਨੇ ਸੁਨੇਹਾ ਘੱਲਿਆ ਕਿ ਅਭਿਸ਼ੇਕ ਦਫ਼ਤਰ ਆ ਜਾਵੇ। ਕਰਫਿਊ ਹਟ ਗਿਆ ਹੈ। ਅਭਿਸ਼ੇਕ ਦਫ਼ਤਰ ਗਿਆ ਤਾਂ ਮਾਲਕ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੰਡ ਰਿਹਾ ਸੀ। ਮੁਲਾਜ਼ਮਾਂ ਨੇ ਘਰ ਬੈਠ ਕੇ ਡੇਢ ਮਹੀਨਾ ਕੰਮ ਜੋ ਕੀਤਾ ਸੀ। ਰੁਤਾਸ਼ ਨੇ ਅਭਿਸ਼ੇਕ ਦੇ ਘਰ ਦੀ ਹਾਲਤ ਦਾ ਵਾਸਤਾ ਪਾ ਕੇ ਮਾਲਕ ਨੂੰ ਬਥੇਰਾ ਕਿਹਾ ਕਿ ਉਹ ਉਸਨੂੰ ਵੀ ਤਨਖ਼ਾਹ ਦੇ ਦੇਣ, ਪਰ ਮਾਲਕ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਅਭਿਸ਼ੇਕ ਨੂੰ ਪਤਾ ਲੱਗਾ ਤਾਂ ਉਹ ਖ਼ੁਦ ਮਾਲਕ ਦੇ ਕੈਬਿਨ ਵਿੱਚ ਤਨਖਾਹ ਲੈਣ ਗਿਆ। ਪੱਥਰ ਦਿਲ ਮਾਲਕ ਨੇ ਤਨਖ਼ਾਹ ਦੇਣ ਦੀ ਬਜਾਏ ਉਸ ਨੂੰ ਨੌਕਰੀ ਤੋਂ ਹੀ ਜਵਾਬ ਦੇ ਦਿੱਤਾ। ਅਭਿਸ਼ੇਕ ਡਿੱਗਦਾ-ਡਿੱਗਦਾ ਮਸਾਂ ਹੀ ਬਚਿਆ। ਵਕਤ ਰੁਕ ਗਿਆ ਜਾਪਿਆ। ਘਰ ਨੂੰ ਮੁੜਦਿਆਂ ਉਹਦੇ ਪੈਰ ਮਣ-ਮਣ ਭਾਰੇ ਲੱਗ ਰਹੇ ਸਨ।
ਘਰ ਆ ਕੇ ਉਹ ਡਿੱਗ ਹੀ ਪਿਆ। ਆਪਣੀ ਗ਼ਰੀਬੀ ਤੇ ਕਿਸਮਤ ਨੂੰ ਕੋਸ ਰਿਹਾ ਸੀ। ਪਰ ਮਾੜੇ ਲੇਖਾਂ ਦੀਆਂ ਲੀਕਾਂ ਅਭਿਸ਼ੇਕ ਸਮੇਤ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਮੱਥੇ ’ਤੇ ਦੁਬਾਰਾ ਫਿਰ ਉੱਘੜ ਆਈਆਂ ਸਨ।
– ਭਾਰਤ ਭੂਸ਼ਨ ਆਜ਼ਾਦ
ਸੰਪਰਕ: 98721-12457
* * *
ਦਾਨ ਦੀ ਮਹਿਮਾ
ਗ਼ਰੀਬ ਬਸਤੀ ਵਿੱਚ ਲੋੜਵੰਦਾਂ ਤੱਕ ਰਾਸ਼ਨ ਦੇਣ ਆਏ ਉਨ੍ਹਾਂ ਨੌਜਵਾਨਾਂ ਨੇ ਸਭ ਨਾਲ ਵੀਡੀਓ ਬਣਾਈ ਤੇ ਫਿਰ ਬਸਤੀ ਤੋਂ ਪਰ੍ਹੇ ਖੁੱਲ੍ਹੀ ਆਬਾਦੀ ਵਿਚ ਬਣੇ ਉਸ ਪੁਰਾਣੇ ਮਕਾਨ ਵੱਲ ਗਏ ਜਿੱਥੇ ਇਕ ਬਜ਼ੁਰਗ ਜੋੜਾ ਰਹਿੰਦਾ ਸੀ। ਬਿਰਧ ਔਰਤ ਨੇ ਰਾਸ਼ਨ ਤਾਂ ਲਿਆ ਨਾ ਸਗੋਂ ਅੰਦਰੋਂ ਹੀ ਆਵਾਜ਼ ਦੇ ਕੇ ਬੋਲੀ, “ਬੇਟਾ, ਸਾਡੇ ਜੋਗਾ ਰਾਸ਼ਨ ਪਿਆ ਹੈ। ਇਹ ਕਿਸੇ ਹੋਰ ਲੋੜਵੰਦ ਨੂੰ ਦੇ ਦੇਣਾ। ਤੇ ਹਾਂ ਪਿੱਛੇ ਵਾੜੀ ਵਿਚ ਕੁਝ ਸਬਜ਼ੀਆਂ ਉਗਾਈਆਂ ਸਨ ਜਿਹੜੀਆਂ ਵਿਹੜੇ ਵਿਚ ਰੱਖੀ ਬੋਰੀ ਵਿਚ ਪਾ ਕੇ ਰੱਖੀਆਂ ਹਨ। ਇਹ ਵੀ ਕਿਸੇ ਦੇ ਮੂੰਹ ਵਿਚ ਪੈ ਜਾਣ ਤਾਂ ਸਾਨੂੰ ਸਕੂਨ ਮਿਲੇਗਾ…। ਤੇ ਨਾਲੇ ਆਹ ਚੁੱਪਚਾਪ ਲੈ ਜਾਉ ਤੇ ਬੇਨਤੀ ਐ ਕੋਈ ਫੋਟੋ ਫਾਟੋ ਨਾ ਖਿੱਚੋ। ਦਾਨ ਜੇ ਸੱਜੇ ਹੱਥ ਨਾਲ ਦੇਣਾ ਹੁੰਦਾ ਹੈ ਤਾਂ ਖੱਬੇ ਹੱਥ ਨੂੰ ਪਤਾ ਨੀਂ ਲੱਗਣਾ ਚਾਹੀਦਾ…।’’ ਬਿਰਧ ਔਰਤ ਦੀ ਗੱਲ ਸੁਣ ਕੇ ਨੌਜਵਾਨ ਸ਼ਰਮਸਾਰ ਸਨ। ਉਨ੍ਹਾਂ ਨੇ ਆਪੋ ਆਪਣੇ ਮੋਬਾਈਲ ਜੇਬ੍ਹਾਂ ਵਿਚ ਪਾ ਲਏ ਤੇ ਬਿਰਧ ਜੋੜੇ ਨੂੰ ਬਾਹਰੋਂ ਹੀ ਨਮਸਕਾਰ ਕਹਿ ਬੋਰੀ ਚੁੱਕ ਅੱਗੇ ਵਧ ਗਏ।
– ਹਰਿੰਦਰ ਸਿੰਘ ਗੋਗਨਾ
ਸੰਪਰਕ: 98723-25960
ਬਦਲਾਅ
ਜਸਪਾਲ ਅੱਜ ਅੰਤਾਂ ਦਾ ਉਦਾਸ ਸੀ। ਸਿਰ ਤੋਂ ਪੈਰਾਂ ਤੱਕ ਉਸ ਨੂੰ ਸੋਚਾਂ ਨੇ ਘੇਰਿਆ ਹੋਇਆ ਸੀ। ਉਸ ਨੂੰ ਅੱਜ ਰੋਣ ਵੀ ਨਹੀਂ ਸੀ ਆ ਰਿਹਾ। ਬੱਸ ਪੱਥਰ ਜਿਹਾ ਬਣ ਗਿਆ ਸੀ ਜਿਵੇਂ ਉਹ। ਜੇ ਹੰਝੂ ਕਿਸੇ ਦੁੱਖ ਦਾ ਦਾਰੂ ਹੁੰਦੇ ਤਾਂ ਹੁਣ ਤੱਕ ਵਹਾਏ ਹੰਝੂ ਉਹਨੂੰ ਕਦੋਂ ਦੇ ਕਿਨਾਰੇ ’ਤੇ ਲਾ ਚੁੱਕੇ ਹੁੰਦੇ ਪਰ…। ਉਸ ਨੂੰ ਇਸ ਲੰਬੀ ਤੇ ਕਾਲੀ ਰਾਤ ਦਾ ਕਿਤੇ ਅੰਤ ਨਹੀਂ ਸੀ ਲੱਭਦਾ। ਕਿਧਰੋਂ ਆਸ ਦੀ ਕੋਈ ਕਿਰਨ ਨਹੀਂ ਸੀ ਦਿਖਾਈ ਦਿੰਦੀ।
ਕਈ ਵਾਰ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ। ਉਸ ਦਾ ਜੀਅ ਕਰਦਾ ਕਿ ਉਹ ਯੂਨੀਵਰਸਿਟੀ ਅਧਿਕਾਰੀਆਂ ਕੋਲ ਜਾਵੇ, ਉਨ੍ਹਾਂ ਵੱਲੋਂ ਮਿਲੀਆਂ ਡਿਗਰੀਆਂ ਉਨ੍ਹਾਂ ਦੇ ਮੱਥੇ ਮਾਰੇ ਅਤੇ ਕੂਕ ਕੂਕ ਕੇ ਕਹੇ, “ਲਓ ਸਾਂਭ ਲਓ ਆਪਣੀਆਂ ਡਿਗਰੀਆਂ। ਇਹ ਮੇਰੇ ਲਈ ਰੱਦੀ ਕਾਗਜ਼ਾਂ ਤੋਂ ਵੱਧ ਕੁਝ ਨਹੀਂ। ਇਹ ਇੰਨੇ ਸਰਟੀਫਿਕੇਟ ਮੇਰੀ ਤੇ ਮੇਰੇ ਮਾਪਿਆਂ ਦੇ ਪੇਟ ਦੀ ਅੱਗ ਨਹੀਂ ਬੁਝਾ ਸਕੇ, ਇਹ ਮੇਰੇ ਕਿਸ ਕੰਮ?” ਉਸ ਦਾ ਜੀਅ ਕਰਦਾ ਕਿ ਉਹ ਯੂਨੀਵਰਸਿਟੀ ਅਧਿਕਾਰੀਆਂ ਸਾਹਮਣੇ ਹੀ ਪਹਿਲਾਂ ਡਿਗਰੀਆਂ ਨੂੰ ਅੱਗ ਲਾਵੇ ਅਤੇ ਫਿਰ ਖ਼ੁਦਕੁਸ਼ੀ ਕਰ ਲਵੇ। ਪਰ… ਇਸ ਦਾ ਉਸ ਨੂੰ ਕੀ ਲਾਭ…?
ਦਰਅਸਲ, ਜਸਪਾਲ ਨੂੰ ਬੀ.ਐੱਸਸੀ. ਕੀਤਿਆਂ ਚਾਰ-ਪੰਜ ਸਾਲ ਹੋ ਗਏ ਸਨ। ਉਸ ਦਾ ਬਾਪੂ ਮਜ਼ਦੂਰੀ ਕਰਦਾ ਸੀ। ਬੜੀ ਮਿਹਨਤ ਤੇ ਆਸ ਨਾਲ ਮਾਪਿਆਂ ਨੇ ਉਸ ਨੂੰ ਪੜ੍ਹਾਇਆ ਸੀ। ਹੁਣ ਤੱਕ ਜਿਵੇਂ ਕਿਵੇਂ ਗੁਜ਼ਾਰਾ ਚਲਦਾ ਰਿਹਾ ਸੀ, ਪਰ ਹੁਣ ਤਾਂ ਕਰਮ ਸਿੰਘ ਬਹੁਤ ਕਮਜ਼ੋਰ ਹੋ ਗਿਆ ਸੀ। ਪੰਜ-ਛੇ ਮਹੀਨਿਆਂ ਦੀ ਬਿਮਾਰੀ ਨੇ ਉਸ ਨੂੰ ਬਿਲਕੁਲ ਹੀ ਕੰਮ ਜੋਗਾ ਨਹੀਂ ਸੀ ਛੱਡਿਆ। ਕਰਜ਼ਾ ਵੀ ਕਾਫ਼ੀ ਹੋ ਗਿਆ ਸੀ। ਹੋਰ ਪੈਸਾ ਮਿਲਣ ਦੀ ਆਸ ਨਹੀਂ ਸੀ।ਮਾਂ ਬਾਪ ‘ਪਾਲ’ ’ਤੇ ਨਜ਼ਰਾਂ ਟਿਕਾਈ ਬੈਠੇ ਸਨ, ਪਰ ਉਹ ਵੀ ਮਜਬੂਰ ਸੀ। ਕੀ ਕਰ ਸਕਦਾ ਸੀ ਉਹ? ਉਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ ਸੀ।
ਉਸ ਨੇ ਬੀ.ਐੱਡ. ਕਰਨੀ ਚਾਹੀ ਸੀ, ਪਰ ਇੱਕ ਤਾਂ ਫੀਸ ਬਹੁਤ ਜ਼ਿਆਦਾ ਸੀ, ਦੂਜਾ ਉਸ ਦੇ ਪਿੰਡ ਤੋਂ ਕੋਈ ਬੀ.ਐੱਡ. ਕਾਲਜ ਇੰਨਾ ਨੇੜੇ ਨਹੀਂ ਸੀ
ਜਿੱਥੋਂ ਉਹ ਰੋਜ਼ ਆ ਜਾ ਸਕਦਾ। ਹੋਸਟਲ ਦਾ ਖਰਚਾ ਚੁੱਕਣ ਦੀ ਸਮਰੱਥਾ ਨਹੀਂ ਸੀ। ਇਸ ਲਈ ਉਸ ਨੇ ਆਪ ਹੀ ਇਹ ਵਿਚਾਰ ਰੱਦ ਕਰ ਦਿੱਤਾ ਸੀ। ਨਾਲੇ ਬੀ.ਐੱਡ. ਕਰਨ ਤੋਂ ਬਾਅਦ ਕਿਹੜਾ ਨੌਕਰੀ ਦੀ ਗਾਰੰਟੀ ਸੀ। ਉਸ ਦਾ ਹੁਣ ਤਾਂ ਇਹੀ ਮੰਤਵ ਸੀ ਕਿ ਫਿਲਹਾਲ ਕਿਸੇ ਛੋਟੇ ਅਹੁਦੇ ’ਤੇ ਹੀ ਲੱਗ ਜਾਵੇ, ਫਿਰ ਹੌਲੀ ਹੌਲੀ ਤਰੱਕੀ ਕਰਦਾ ਜਾਏਗਾ। ਉਹ ਹਰ ਉਸ ਥਾਂ ਅਪਲਾਈ ਕਰ ਦਿੰਦਾ ਜਿਸ ਲਈ ਵੀ ਉਸ ਦੀ ਯੋਗਤਾ ਫਿੱਟ ਬੈਠਦੀ। ਉਸ ਨੇ ਪ੍ਰਾਈਵੇਟ ਹੀ ਸ਼ਾਰਟ ਹੈਂਡ ਵੀ ਸਿੱਖ ਲਈ ਸੀ ਅਤੇ ਹੁਸ਼ਿਆਰ ਹੋਣ ਕਾਰਨ ਉਹ ਅੰਗਰੇਜ਼ੀ ਵੀ ਵਧੀਆ ਬੋਲਣ ਲੱਗ ਪਿਆ ਸੀ।
ਜਸਪਾਲ ਨੂੰ ਹੁਣ ਤੱਕ ਦਿੱਤੀਆਂ ਇੰਟਰਵਿਊਆਂ ਯਾਦ ਆਈਆਂ। ਕੋਈ ਐਸ.ਐੱਲ.ਏ. ਦੀ, ਕੋਈ ਕਲਰਕ ਦੀ, ਕਦੇ ਕਿਸੇ ਮਹਿਕਮੇ ਦੀ ਤੇ ਕਦੇ ਕਿਸੇ ਮਹਿਕਮੇ ਦੀ। ਇੱਕ ਹਉਕਾ ਭਰ ਕੇ ਰਹਿ ਗਿਆ ਸੀ ਉਹ। ਹਰ ਵਾਰ ਉਸ ਨੂੰ ਖਾਲੀ ਹੱਥ ਮੁੜਨਾ ਪੈਂਦਾ। ਹਾਲਾਂਕਿ ਉਸ ਦੇ ਨੰਬਰ ਕਾਫ਼ੀ ਸੋਹਣੇ ਸਨ, ਪਰ ਕਦੇ ਕਿਸੇ ਮੰਤਰੀ ਦੇ ਟੈਲੀਫੋਨ ਕਾਰਨ, ਕਦੇ ਕੁਝ ਨੋਟਾਂ ਕਾਰਨ, ਕਦੇ ਰਾਖਵੇਂਕਰਨ ਕਾਰਨ, ਹਰ ਪੋਸਟ ਰਾਖਵੀਂ ਬਣ ਜਾਂਦੀ ਸੀ ਤੇ ਉਹ…। ਪਿਛਲੀ ਵਾਰ ਤਾਂ ਉਹ ਘਰ ਆ ਕੇ ਮਾਂ ਦੀ ਗੋਦ ’ਚ ਬੈਠ ਕੇ ਰੋ ਹੀ ਪਿਆ ਸੀ। ਮਾਂ ਉਸ ਦੇ ਦੁੱਖ ਨੂੰ ਸਮਝਦੀ ਸੀ, ਪਰ ਹੌਸਲਾ ਦੇਣ ਤੋਂ ਵੱਧ ਕਰ ਵੀ ਕੀ ਸਕਦੀ ਸੀ ਜਦੋਂਕਿ ਉਸ ਨੂੰ ਖ਼ੁਦ ਨੂੰ ਵੀ ਹੌਸਲੇ ਦੀ ਲੋੜ ਸੀ।
‘ਅੱਜ ਜ਼ਰੂਰ ਹੀ ਮੇਰਾ ਨੰਬਰ ਆ ਜਾਣਾ ਸੀ, ਜੇ ਉਹ ਅੰਗਹੀਣ ਨਾ ਆਇਆ ਹੁੰਦਾ।’ ਪਾਲ ਨੇ ਸੋਚਿਆ। ‘ਲੱਤ ਕੱਟੀ ਹੋਣ ਕਾਰਨ ਉਸ ਨੂੰ ਨੌਕਰੀ ਮਿਲ ਗਈ ਸੀ। ਪਰ ਹਾਏ ਓ ਰੱਬਾ, ਮੇਰਾ ਤਾਂ ਕੋਈ ਅੰਗ ਵੀ ਨਹੀਂ ਕੱਟਿਆ ਹੋਇਆ। ਆਪ ਕੱਟ ਲਵਾਂ ਕੋਈ ਅੰਗ? ਫਿਰ ਨੌਕਰੀ ਮਿਲ ਜਾਊ। ਪਰ ਕੀ ਅੰਗ ਕੱਟਣਾ ਸੌਖਾ ਏ?’ ਉਸ ਨੇ ਕਲਪਨਾ ’ਚ ਆਪਣੀ ਲੱਤ ਕੱਟੀ ਦੇਖੀ ਅਤੇ ਆਪਣੇ ਆਪ ਨੂੰ ਫਹੁੜੀ ਨਾਲ ਤੁਰਦਾ ਦੇਖਿਆ। ‘ਓ! ਕਿੰਨੀ ਮੁਸੀਬਤ ਹੈ!’ ਉਸ ਨੂੰ ਪਸੀਨਾ ਆ ਗਿਆ।
‘ਨਹੀਂ, ਇਹ ਮਾੜੀ ਸੋਚਣੀ ਏ। ਮਾਂ ਕਿਵੇਂ ਆਪਣੇ ਪੁੱਤ ਨੂੰ, ਇਕਲੌਤੇ ਪੁੱਤ ਨੂੰ ਇੱਕ ਲੱਤ ’ਤੇ ਤੁਰਦਾ ਦੇਖੇਗੀ। ਪਰ ਨੌਕਰੀ? ਨੌਕਰੀ?? ਨੌਕਰੀ???’ ਉਸ ਦੇ ਮਨ ਵਿਚ ਸੰਘਰਸ਼ ਸੁਰੂ ਹੋ ਗਿਆ ਕਿ ਉਹ ਅੰਗਹੀਣ ਬਣੇ ਜਾਂ ਨਾ?
‘ਇਕ ਵਾਰ ਨੌਕਰੀ ਮਿਲ ਜਾਵੇ- ਕਿਵੇਂ ਵੀ, ਸਭ ਦੁੱਖ ਕੱਟੇ ਜਾਣਗੇ। ਬਾਪੂ ਜੀ ਨੂੰ ਕੰਮ ’ਤੇ ਨਹੀਂ ਜਾਣ ਦਿਆਂਗਾ। ਉਨ੍ਹਾਂ ਨੂੰ ਉਂਝ ਵੀ ਹੁਣ ਆਰਾਮ ਦੀ ਜ਼ਰੂਰਤ ਹੈ। ਮਾਂ ਕਿੰਨੀ ਖ਼ੁਸ਼ ਹੋਵੇਗੀ ਨੌਕਰੀ ਮਿਲਣ ’ਤੇ। ਫੇਰ ਆਪਣਾ ਅੰਗ ਕੱਟਣਾ ਕਿਹੜਾ ਸੌਖਾ ਏ? ਕਿਸੇ ਬੱਸ ਟਰੱਕ ਹੇਠ ਆ ਜਾਵਾਂ? ਪਰ ਜੇ ਉਹ ਬਿਲਕੁਲ ਹੀ ਕੁਚਲ ਗਏ, ਫੇਰ? ਉਂਝ ਤਾਂ ਫਿਰ ਵੀ ਠੀਕ ਏ, ਨਾ ਕੈਂ ਕੈਂ, ਨਾ ਖੈਂ ਖੈਂ। ਕੋਈ ਫ਼ਿਕਰ ਨਹੀਂ- ਹਾਂ ਠੀਕ ਏ। ਖ਼ੁਦਕੁਸ਼ੀ! ਸਭ ਦੁੱਖਾਂ ਦਾ ਅੰਤ।’
ਉਹ ਸੋਚਾਂ ਸੋਚਦਾ ਸੜਕ ਵੱਲ ਚੱਲ ਪਿਆ। ਕਿਸੇ ਬੱਸ ਜਾਂ ਟਰੱਕ ਹੇਠ ਆਉਣ ਲਈ, ਪਰ ਦਿਲ ਕਿੱਥੇ ਟਿਕਦਾ ਸੀ। ਆਤਮਾ ਫਿਰ ਵੰਗਾਰਨ ਲੱਗੀ, ‘ਪਾਲ ਕੀ ਕਰਨ ਚੱਲਿਆ ਏਂ ਖ਼ੁਦਕੁਸ਼ੀ? ਕਾਇਰ! ਡਰ ਗਿਆ ਮੁਸੀਬਤਾਂ ਤੋਂ? ਜ਼ਿੰਦਗੀ ਸੰਘਰਸ਼ ਦਾ ਹੀ ਤਾਂ ਨਾਂ ਹੈ। ਇਨ੍ਹਾਂ ਔਕੜਾਂ ਖ਼ਿਲਾਫ਼ ਲੜ ਅਤੇ ਇਨ੍ਹਾਂ ਤੋਂ ਭੱਜ ਕੇ ਮੌਤ ਨੂੰ ਸੱਦਾ ਨਾ ਦੇ।’
‘‘ਪਰ ਮੈਂ ਮਰਨ ਨਹੀਂ ਜਾ ਰਿਹਾ।’’ ਅੰਦਰੋਂ ਹੀ ਇੱਕ ਆਵਾਜ਼ ਆਈ, “ਮੈਂ ਤਾਂ ਅੰਗਹੀਣ ਬਣਨ ਜਾ ਰਿਹਾ ਹਾਂ ਤਾਂ ਕਿ ਆਪਣਾ ਅਤੇ ਮਾਪਿਆਂ ਦਾ ਬੋਝ ਹਲਕਾ ਕਰ ਸਕਾਂ। ਘਰ ਦੀ ਦਸ਼ਾ ਸੁਧਰੇ ਕੁਝ…”
“ਪਾਗਲ! ਅੰਗਹੀਣ ਬਣ ਕੇ ਕੀ ਤੂੰ ਸਫ਼ਲ ਹੋ ਸਕੇਂਗਾ? ਪਹਿਲਾਂ ਤਾਂ ਖ਼ੁਦ ਹੀ ਮੰਜੇ ’ਤੇ ਪਵੇਂਗਾ, ਸੇਵਾ ਕਰਵਾਏਂਗਾ! ਇਲਾਜ ਲਈ ਪੈਸਾ ਕਿੱਥੋਂ ਆਵੇਗਾ?? ਫਿਰ ਵੀ ਨੌਕਰੀ ਦਾ ਕੀ ਭਰੋਸਾ?? ਆਪਣੇ ਅੰਗ ਕੱਟਣੇ ਕੋਈ ਅਕਲਮੰਦੀ ਨਹੀਂ।”
ਇਨ੍ਹਾਂ ਵਿਚਾਰਾਂ ਵਿੱਚ ਹੀ ਉਹ ਚਲਦਾ ਗਿਆ ਕਿ ਸਾਹਮਣੇ ਉਸ ਦੀ ਨਿਗਾਹ ਕੁਝ ਕਾਮਿਆਂ ’ਤੇ ਪਈ। ਉਨ੍ਹਾਂ ਵਿੱਚੋਂ ਇੱਕ ਦੇ ਸੱਜੀ ਬਾਂਹ ਹੈ ਨਹੀਂ ਸੀ, ਪਰ ਉਹ ਖੱਬੀ ਬਾਂਹ ਨਾਲ ਹੀ ਕੰਮ ਕਰ ਰਿਹਾ ਸੀ। ਜ਼ੋਰ ਜ਼ੋਰ ਦੀ ਹਥੌੜੇ ਨਾਲ ਪੱਥਰ ਕੁੱਟ ਰਿਹਾ ਸੀ। ਉਹ ਉਸ ਵੱਲ ਵੇਖ ਹੀ ਰਿਹਾ ਸੀ ਕਿ ਉਸ ਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ। ਪਰ੍ਹੇ ਧੁੱਪ ਵਿੱਚ ਇੱਕ ਬੱਚਾ, ਜੋ ਮਸਾਂ ਸਾਲ ਡੇਢ ਸਾਲ ਦਾ ਲੱਗਦਾ ਸੀ, ਇੱਕ ਮੈਲੇ ਜਿਹੇ ਕੱਪੜੇ ’ਤੇ ਪਿਆ ਰੋ ਰਿਹਾ ਸੀ। ਜਸਪਾਲ ਆਪਣਾ ਦੁੱਖ ਭੁੱਲ ਗਿਆ।
“ਇਹ ਰੋ ਰਿਹਾ ਬੱਚਾ ਤੇਰਾ ਹੈ?” ਉਸ ਨੇ ਇੱਕ ਬਾਂਹ ਵਾਲੇ ਮਜ਼ਦੂਰ ਤੋਂ ਪੁੱਛਿਆ।
“ਇਹ ਸੁੱਤਾ ਪਿਆ ਸੀ, ਜਾਗ ਪਿਆ ਹੋਵੇਗਾ।”
“ਪਰ ਉਹ ਤਾਂ ਧੁੱਪੇ ਪਿਆ ਹੈ।”
“ਤਾਂ ਕੀ ਫਰਕ ਪੈਂਦੈ?”
“ਬਈ ਉਸ ਨੂੰ ਚੁੱਕ ਕੇ ਛਾਂ ਹੇਠ ਤਾਂ ਪਾ ਦੇ।”
ਮਜ਼ਦੂਰ ਨੇ ਵਿਅੰਗਮਈ ਨਜ਼ਰਾਂ ਨਾਲ ਜਸਪਾਲ ਵੱਲ ਵੇਖਿਆ। ਉਸ ਦੀ ਇਸ ਤੱਕਣੀ ਤੋਂ ਭੈਅ ਆ ਰਿਹਾ ਸੀ।
“ਅਰੇ ਬਾਬੂ ਜੀ, ਇਸ ਨੂੰ ਜੇ ਹੁਣ ਤੋਂ ਹੀ ਛਾਂ ਦੀ ਆਦਤ ਪੈ ਗਈ ਤਾਂ ਵੱਡਾ ਹੋ ਕੇ ਕੰਮ ਕੀ ਕਰੇਗਾ? ਬਾਬੂ ਜੀ, ਗ਼ਰੀਬਾਂ ਦੇ ਧੀਆਂ ਪੁੱਤ ਇੱਦਾਂ ਹੀ ਪਲ ਜਾਂਦੇ ਨੇ। ਆਪੇ ਇਹ ਦੋ ਘੜੀ ਰੋ ਕੇ ਚੁੱਪ ਕਰ ਜਾਊ।” ਇਹ ਕਹਿ ਕੇ ਉਹ ਫੇਰ ਪੱਥਰ ਕੁੱਟਣ ਲੱਗ ਪਿਆ।
ਜਸਪਾਲ ਕਿੰਨਾ ਚਿਰ ਉਸ ਵੱਲ ਵੇਖਦਾ ਰਿਹਾ, ਉਸ ਦੀ ਕਹੀ ਹੋਈ ਗੱਲ ਬਾਰੇ ਸੋਚਦਾ ਰਿਹਾ। ਫੇਰ ਉਸ ਨੇ ਉਹ ਸਾਰੇ ਵਿਚਾਰ ਵਗਾਹ ਮਾਰੇ ਜਿਨ੍ਹਾਂ ਨੇ ਕਿਸੇ ਮਜਬੂਰੀ ਜਾਂ ਲਾਚਾਰੀ ਵਿੱਚ ਉਸ ਦੇ ਦਿਲ ਦਿਮਾਗ਼ ਨੂੰ ਆ ਮੱਲਿਆ ਸੀ।
‘ਜ਼ਿੰਦਗੀ ਵਿੱਚ ਸੰਘਰਸ਼ ਕਰਨ ਦੇ ਸੌ ਰਾਹ ਹਨ। ਸਭ ਕੁਝ ਨੌਕਰੀ ਜਾਂ ਸਰਟੀਫ਼ਿਕੇਟਾਂ ਵਿੱਚ ਤਾਂ ਨਹੀਂ ਪਿਆ।’ ਇਹ ਸੋਚ ਕੇ ਉਹ ਘਰ ਨੂੰ ਪਰਤ ਆਇਆ।
ਹੁਣ ਉਹ ਪੂਰੀ ਤਰਾਂ ਚੜ੍ਹਦੀਆਂ ਕਲਾਂ ਵਿੱਚ ਸੀ।
– ਜਸਵਿੰਦਰ ਸਿੰਘ ਰੁਪਾਲ
ਸੰਪਰਕ: 98147-15796