DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਿਰਮੌਰ ਆਗੂ ਤੇਜਾ ਸਿੰਘ ਸਮੁੰਦਰੀ: ਰੁਚੀ ਰਾਮ ਸਾਹਨੀ ਦਾ ਸਰਦਾਰ ਸਮੁੰਦਰੀ

  ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਇਸ ਅਟੱਲ ਵਿਸ਼ਵਾਸ ’ਤੇ ਟਿਕੀ ਹੋਈ ਹੈ ਕਿ ਸੰਸਥਾਵਾਂ ਦੀ ਮਰਿਆਦਾ ਸਭ ਤੋਂ ਉੱਪਰ ਹੁੰਦੀ ਹੈ ਅਤੇ ਅਸੂਲਾਂ ਦੀ ਰਾਖੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਸੀ ਭਾਈਚਾਰਾ ਅਤੇ...

  • fb
  • twitter
  • whatsapp
  • whatsapp
Advertisement

ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਇਸ ਅਟੱਲ ਵਿਸ਼ਵਾਸ ’ਤੇ ਟਿਕੀ ਹੋਈ ਹੈ ਕਿ ਸੰਸਥਾਵਾਂ ਦੀ ਮਰਿਆਦਾ ਸਭ ਤੋਂ ਉੱਪਰ ਹੁੰਦੀ ਹੈ ਅਤੇ ਅਸੂਲਾਂ ਦੀ ਰਾਖੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਸੀ ਭਾਈਚਾਰਾ ਅਤੇ ਫ਼ਿਰਕੂ ਸਦਭਾਵਨਾ ਉਨ੍ਹਾਂ ਦੇ ਜੀਵਨ ਦੇ ਅਹਿਮ ਆਦਰਸ਼ ਸਨ। ਧਾਰਮਿਕ ਸੁਧਾਰਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਕੌਮ ਦੇ ਹੱਥਾਂ ’ਚ ਲੈਣ ਲਈ ਦਿੱਤੀ ਗਈ ਸ਼ਹਾਦਤ ਸਦਕਾ ਇਤਿਹਾਸ ਵਿੱਚ ਉਨ੍ਹਾਂ ਦਾ ਖ਼ਾਸ ਸਥਾਨ ਹੈ। ਹਥਲੇ ਲੇਖ ਗੁਰਦੁਆਰਾ ਪ੍ਰਬੰਧ ’ਚ ਸੁਧਾਰ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ’ਤੇ ਰੋਸ਼ਨੀ ਪਾਉਂਦੇ ਹਨ।

Advertisement

Advertisement

ਬਹੁਤ ਘੱਟ ਲੋਕਾਂ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੇ ਮਹਾਨ ਕੌਮੀ ਆਗੂ ਦੀ ਦੇਣ ਯਾਦ ਹੋਵੇਗੀ। ਉਨ੍ਹਾਂ ਦਾ ਅਕਾਲ ਚਲਾਣਾ ਅੱਜ ਤੋਂ 100 ਸਾਲ ਪਹਿਲਾਂ 17 ਜੁਲਾਈ 1926 ਨੂੰ ਮਹਿਜ਼ 44 ਸਾਲ ਦੀ ਉਮਰੇ ਲਾਹੌਰ ਦੇ ਕਿਲ੍ਹੇ ਵਿੱਚ ਹੋਇਆ ਸੀ। ਉਹ ਨਾਭਾ ਰਿਆਸਤ ਦੇ ਗੱਦੀਓਂ ਲਾਹੇ ਗਏ ਮਹਾਰਾਜਾ ਰਿਪੁਦਮਨ ਸਿੰਘ ਨੂੰ ਮੁੜ ਬਹਾਲ ਕਰਵਾਉਣ ਦੇ ਮੋਰਚੇ ਵਿੱਚ ਸਰਗਰਮ ਹਿੱਸਾ ਲੈਣ ਕਾਰਨ ਬ੍ਰਿਟਿਸ਼ ਹਕੂਮਤ ਵੱਲੋਂ ਜੇਲ੍ਹ ਵਿੱਚ ਬੰਦ ਸਨ।

ਮੈਨੂੰ ਤੇਜਾ ਸਿੰਘ ਸਮੁੰਦਰੀ ਬਾਰੇ ਸਭ ਤੋਂ ਪਹਿਲਾਂ ਆਪਣੇ ਪੜਦਾਦਾ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀਆਂ ਅਣਛਪੀਆਂ ਡਾਇਰੀਆਂ ਤੋਂ ਪਤਾ ਲੱਗਿਆ। ਪ੍ਰੋਫੈਸਰ ਸਾਹਨੀ ਨੇ ਬਹੁਤ ਛੋਟੀ ਉਮਰੇ ਹੀ ‘ਹਿਸਟਰੀ ਆਫ ਮਾਈ ਓਨ ਟਾਈਮਜ਼’ (ਮੇਰੇ ਸਮਿਆਂ ਦਾ ਇਤਿਹਾਸ) ਤਿਆਰ ਕਰਨ ਦਾ ਫ਼ੈਸਲਾ ਕਰ ਲਿਆ ਸੀ। ਉਹ ਚਾਹੁੰਦੇ ਸਨ ਕਿ ਜਿਸ ਉਥਲ-ਪੁਥਲ ਅਤੇ ਸੰਘਰਸ਼ ਭਰੇ ਦੌਰ ਵਿੱਚ ਉਹ ਜਿਊਂ ਰਹੇ ਹਨ, ਉਸ ਦੀ ਇੱਕ ਝਲਕ (ਭਾਵੇਂ ਉਹ ਧੁੰਦਲੀ ਹੀ ਕਿਉਂ ਨਾ ਹੋਵੇ) ਨੂੰ ਸ਼ਬਦਾਂ ਵਿੱਚ ਪਰੋ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਜਾਵੇ। ਇਸੇ ਸਿਲਸਿਲੇ ਦੀ ਇੱਕ ਜਿਲਦ ਅਕਾਲੀ ਲਹਿਰ ਬਾਰੇ ਸੀ।

ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀ ਅਕਾਲੀ ਲਹਿਰ ਨਾਲ ਪਹਿਲੀ ਜਾਣ-ਪਛਾਣ 1922-23 ਦੇ ‘ਗੁਰੂ ਕਾ ਬਾਗ਼’ ਮੋਰਚੇ ਦੌਰਾਨ ਹੋਈ। ਇਹ ਸਿੱਖਾਂ ਦਾ ਇੱਕ ਅਹਿੰਸਕ ਅੰਦੋਲਨ ਸੀ, ਜਿਸ ਦੀ ਸ਼ੁਰੂਆਤ ਗੁਰੂ ਕਾ ਬਾਗ਼ ਗੁਰਦੁਆਰਾ ਸਾਹਿਬ ਦੇ ਸਾਬਕਾ ਮਹੰਤ ਵੱਲੋਂ ਗੁਰੂ ਕੇ ਲੰਗਰ ਲਈ ਬਾਲਣ ਵਾਸਤੇ ਗੁਰਦੁਆਰੇ ਦੀ ਜ਼ਮੀਨ ਤੋਂ ਕਿੱਕਰ ਦੇ ਰੁੱਖ ਵੱਢਣ ਦੀ ਸਦੀਆਂ ਪੁਰਾਣੀ ਪ੍ਰਥਾ ’ਤੇ ਇਤਰਾਜ਼ ਕਰਨ ਕਾਰਨ ਹੋਈ ਸੀ। ਅਗਸਤ 1922 ਵਿੱਚ ਅੰਗਰੇਜ਼ ਸਰਕਾਰ ਨੇ ਮਹੰਤ ਦਾ ਪੱਖ ਪੂਰਦਿਆਂ ਪੰਜ ਸਿੱਖਾਂ ਨੂੰ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ (ਟ੍ਰੈਸਪਾਸਿੰਗ) ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਇਸ ਦੇ ਜਵਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਣ ਦੀ ਲੱਕੜ ਵੱਢਣ ਲਈ ਹਰ ਰੋਜ਼ ਪੰਜ ਸਿੱਖਾਂ ਦੇ ਜਥੇ ਭੇਜਣੇ ਸ਼ੁਰੂ ਕਰ ਦਿੱਤੇ। ਬ੍ਰਿਟਿਸ਼ ਪੁਲੀਸ ਵੱਲੋਂ ਇਨ੍ਹਾਂ ਜਥਿਆਂ ਨੂੰ ਰੋਜ਼ਾਨਾ ਬੇਰਹਿਮੀ ਨਾਲ ਕੁੱਟਿਆ-ਮਾਰਿਆ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਸ਼੍ਰੋਮਣੀ ਕਮੇਟੀ ਨੇ ਦੇਸ਼ਵਾਸੀਆਂ ਨੂੰ ਗੁਰੂ ਕਾ ਬਾਗ਼ ਦੇ ਇਸ ਸੰਘਰਸ਼ ਦਾ ਚਸ਼ਮਦੀਦ ਗਵਾਹ ਬਣਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਪ੍ਰੈੱਸ ਨੇ ਇਸ ਵਿੱਚ ਡੂੰਘੀ ਦਿਲਚਸਪੀ ਦਿਖਾਈ। ਪੰਜਾਬ ਪ੍ਰੋਵਿੰਸ਼ੀਅਲ ਕਾਂਗਰਸ ਕਮੇਟੀ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਰੁਚੀ ਰਾਮ ਸਾਹਨੀ ਅਤੇ ਮੀਆਂ ਫ਼ਜ਼ਲਦੀਨ ਦੀ ਡਿਊਟੀ ਲਗਾਈ। ਸਾਹਨੀ ਉੱਥੋਂ ਦੇ ਹਾਲਾਤ ਦੇਖ ਕੇ ਸਿੱਖ ਸੰਕਲਪ ਤੋਂ ਬਹੁਤ ਪ੍ਰਭਾਵਿਤ ਹੋਏ: “ਮੈਂ ਸੱਚ ਕਹਿੰਦਾ ਹਾਂ, ਜਦੋਂ ਤੱਕ ਮੈਂ ਆਪਣੀਆਂ ਅੱਖਾਂ ਨਾਲ ਇਹ ਸਭ ਨਹੀਂ ਦੇਖਿਆ ਸੀ, ਮੈਨੂੰ ਸਿੱਖ ਸ਼ਹੀਦਾਂ ਅਤੇ ਉਨ੍ਹਾਂ ਦੇ ਗੁਰੂਆਂ ਦੇ ਇਤਿਹਾਸਕ ਪ੍ਰਸੰਗਾਂ ’ਤੇ ਪੂਰਾ ਯਕੀਨ ਨਹੀਂ ਹੁੰਦਾ ਸੀ ਕਿ ਕੋਈ ਇੰਨੇ ਭਿਆਨਕ ਤਸੀਹੇ ਨਾ ਸਿਰਫ਼ ਅਡੋਲ ਰਹਿ ਕੇ ਸਗੋਂ ਚਿਹਰੇ ’ਤੇ ਰੌਣਕ ਅਤੇ ਦਿਲ ਵਿੱਚ ਖੇੜਾ ਰੱਖ ਕੇ ਕਿਵੇਂ ਸਹਿ ਸਕਦਾ ਹੈ। ਉਹ ਅਜਿਹਾ ਇਸ ਲਈ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਅਕਾਲ ਪੁਰਖ ਉਨ੍ਹਾਂ ਤੋਂ ਅਜਿਹੀ ਸੇਵਾ ਦੀ ਉਮੀਦ ਰੱਖਦਾ ਹੈ। ਮੈਂ ਗੁਰੂ ਕਾ ਬਾਗ਼ ਵਿਖੇ ਸੈਂਕੜੇ ਸਿੰਘਾਂ ਵੱਲੋਂ ਰੋਜ਼ਾਨਾ ਮੁੱਖੋਂ ‘ਵਾਹਿਗੁਰੂ, ਵਾਹਿਗੁਰੂ ਜੀ’ ਦਾ ਜਾਪ ਕਰਦਿਆਂ ਅਜਿਹੇ ਤਸੀਹੇ ਝੱਲਣ ਦੀ ਨਿੱਜੀ ਗਵਾਹੀ ਦਿੰਦਾ ਹਾਂ। ਮੈਂ ਆਪਣੇ ਸਮੇਂ ਵਿੱਚ ਕਿਸੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਇੰਨੀ ਦ੍ਰਿੜ੍ਹਤਾ ਨਾਲ ਅਜਿਹੀਆਂ ਮੁਸ਼ਕਿਲਾਂ ਸਹਿੰਦੇ ਕਦੇ ਨਹੀਂ ਸੁਣਿਆ।”

ਸਾਹਨੀ ‘ਦਿ ਟ੍ਰਿਬਿਊਨ’ ਦੇ ਟਰੱਸਟੀ ਸਨ ਅਤੇ ਉਨ੍ਹਾਂ ਨੇ ਅਖ਼ਬਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵਿਸ਼ੇਸ਼ ਪ੍ਰਤੀਨਿਧ ਬਣਾਇਆ ਜਾਵੇ ਤਾਂ ਜੋ ਉਹ ਗੁਰੂ ਕਾ ਬਾਗ਼ ਦੀ ਪਲ-ਪਲ ਦੀ ਖ਼ਬਰ ਦੇ ਸਕਣ। ਉਹ ਰੋਜ਼ਾਨਾ ਜਥਿਆਂ ਦੇ ਨਾਲ ਪੈਦਲ ਚੱਲਦੇ ਅਤੇ ਪਰਦੇ ਪਿੱਛੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਵੀ ਕੰਮ ਕਰਦੇ। ਉਨ੍ਹਾਂ ਦੀਆਂ ਰਿਪੋਰਟਾਂ ‘ਦਿ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈਆਂ, ਜੋ ਬਾਅਦ ਵਿੱਚ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ‘ਸਟ੍ਰੱਗਲ ਫਾਰ ਰਿਫਾਰਮ ਆਫ ਸਿੱਖ ਸ਼ਰਾਈਨਜ਼’ (ਸਿੱਖ ਧਰਮ ਅਸਥਾਨਾਂ ਦੇ ਸੁਧਾਰ ਲਈ ਸੰਘਰਸ਼) ਦਾ ਆਧਾਰ ਬਣੀਆਂ। ਇਸ ਕਿਤਾਬ ਵਿੱਚ ਸਾਹਨੀ ਨੇ ਜਥਿਆਂ ਦਾ ਬੜਾ ਜੀਵੰਤ ਚਿਤਰਣ ਕੀਤਾ ਹੈ: “ਗੁਰੂ ਕਾ ਬਾਗ਼ ਲਈ ਰੋਜ਼ਾਨਾ ਜਥਿਆਂ ਦੇ ਰਵਾਨਾ ਹੋਣ ਤੋਂ ਪਹਿਲਾਂ, ਅੰਮ੍ਰਿਤ ਵੇਲੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਾ ਦ੍ਰਿਸ਼ ਬਹੁਤ ਹੀ ਪ੍ਰੇਰਨਾਦਾਇਕ ਹੁੰਦਾ ਸੀ। ਸੂਰਜ ਦੀ ਪਹਿਲੀ ਕਿਰਨ ਨਾਲ ਜਥੇ ਦੇ ਮੈਂਬਰ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਕੇ ਉੱਥੇ ਇਕੱਠੇ ਹੁੰਦੇ। ਉਨ੍ਹਾਂ ਦੇ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਣ ਅਤੇ ਪਵਿੱਤਰ ਸਰੋਵਰ ਦੀ ਪਰਿਕਰਮਾ ਦੇ ਸੰਗਮਰਮਰ ਉੱਤੇ ਗੁਰਬਾਣੀ ਦੇ ਸ਼ਬਦ ਗਾਇਨ ਕਰਦਿਆਂ ਅੱਗੇ ਵਧਣ ਵੇਲੇ ਕਈ ਵਾਰ ਬਹੁਤ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਦੇ ਸਨ। ਕਈ ਮਾਮਲਿਆਂ ਵਿੱਚ ਪਤਨੀਆਂ, ਭੈਣਾਂ, ਮਾਵਾਂ ਅਤੇ ਬਜ਼ੁਰਗ ਦਾਦੀਆਂ ਵੀ ਆਪਣੇ ਪਿਆਰਿਆਂ ਨੂੰ ਇਸ ਪਵਿੱਤਰ ਮੋਰਚੇ ’ਤੇ ਜਾਂਦੇ ਦੇਖਣ ਅਤੇ ਅਸੀਸਾਂ ਦੇਣ ਲਈ ਦੂਰ-ਦੂਰ ਤੋਂ ਆਈਆਂ ਹੁੰਦੀਆਂ ਸਨ। ਹਾਲਾਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਦਿਨ ਦੇ ਅਖੀਰ ਵਿੱਚ ਜਦੋਂ ਉਹ ਵਾਪਸ ਮੁੜਨਗੇ ਤਾਂ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਜਾਂ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਹੋਣਗੇ।”

ਇਨ੍ਹਾਂ ਜਥਿਆਂ ਉੱਤੇ ਭਾਰੀ ਤਸ਼ੱਦਦ ਢਾਹਿਆ ਗਿਆ। ਸਾਹਨੀ ਨੇ ਖ਼ੁਦ ਵੀ ਕਈ ਵਾਰ ਪੁਲੀਸ ਦੀਆਂ ਲਾਠੀਆਂ ਦਾ ਸੇਕ ਹੰਢਾਇਆ। ਪਰ ਅਕਾਲੀ ਆਪਣੇ ਪ੍ਰਣ ਤੋਂ ਪਿੱਛੇ ਨਹੀਂ ਹਟੇ ਅਤੇ ਗੁਰਦੁਆਰਾ ਸਾਹਿਬ ਵੱਲ ਨਿਰੰਤਰ ਵਧਦੇ ਰਹੇ।

ਇਸ ਮੋਰਚੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿੱਚ ਸੀ, ਜਿਸ ਦੇ ਪ੍ਰਧਾਨ ਸਰਦਾਰ ਤੇਜਾ ਸਿੰਘ ਸਮੁੰਦਰੀ ਸਨ। ਹਾਲਾਂਕਿ, ਤੇਜਾ ਸਿੰਘ ਸਮੁੰਦਰੀ ਉਮਰ ਵਿੱਚ ਪ੍ਰੋਫੈਸਰ ਸਾਹਨੀ ਨਾਲੋਂ ਲਗਪਗ ਵੀਹ ਸਾਲ ਛੋਟੇ ਸਨ, ਫਿਰ ਵੀ ਸਾਹਨੀ ਉਨ੍ਹਾਂ ਦੇ ਬਹੁਤ ਵੱਡੇ ਮੁਰੀਦ ਸਨ: “ਸਮੁੰਦਰੀ ਜੀ ਕੋਲ ਕਮਾਲ ਦੀ ਤੀਖਣ ਬੁੱਧੀ ਅਤੇ ਪਰਖਣ ਦੀ ਬੇਜੋੜ ਸਮਰੱਥਾ ਸੀ। ਉਹ ਕਿਸੇ ਵੀ ਮਸਲੇ ਦੇ ਅਸਲ ਤੱਤ ਨੂੰ ਤੁਰੰਤ ਭਾਂਪ ਲੈਂਦੇ ਅਤੇ ਮੁੱਖ ਗੱਲਾਂ ਨੂੰ ਗ਼ੈਰ-ਜ਼ਰੂਰੀ ਵੇਰਵਿਆਂ ਤੋਂ ਵੱਖ ਕਰਕੇ ਦੇਖ ਸਕਦੇ ਸਨ। ਗ਼ੈਰ-ਮਹੱਤਵਪੂਰਨ ਗੱਲਾਂ ’ਤੇ ਉਹ ਹਮੇਸ਼ਾ ਲਚੀਲਾ ਵਤੀਰਾ ਅਪਣਾਉਂਦੇ ਸਨ ਪਰ ਜਿਨ੍ਹਾਂ ਨੁਕਤਿਆਂ ਨੂੰ ਉਹ ਜ਼ਰੂਰੀ ਅਤੇ ਬੁਨਿਆਦੀ ਮੰਨਦੇ ਸਨ, ਉਨ੍ਹਾਂ ’ਤੇ ਉਹ ਚਟਾਨ ਵਾਂਗ ਅਡੋਲ ਖੜ੍ਹੇ ਹੋ ਜਾਂਦੇ ਸਨ। ਉਨ੍ਹਾਂ ’ਚ ਇੱਕ ਆਗੂ ਵਾਲੇ ਸਾਰੇ ਗੁਣ ਸਨ। ਮੈਂ ਉਸ ਇਤਿਹਾਸਕ ਦੌਰ ਵਿੱਚ ਉਨ੍ਹਾਂ ਨੂੰ ਨਾਜ਼ੁਕ ਹਾਲਾਤ ਨੂੰ ਤੁਰੰਤ ਸਮਝਦਿਆਂ ਅਤੇ ਅਜਿਹੀ ਮੁਸਤੈਦੀ ਨਾਲ ਫ਼ੈਸਲੇ ਲੈਂਦਿਆਂ ਦੇਖਿਆ ਹੈ, ਜੋ ਸਾਡੇ ਵਰਗੇ ਕਈਆਂ ਨੂੰ ਹੈਰਾਨ ਕਰ ਦਿੰਦਾ ਸੀ।”

ਆਪਣੀਆਂ ਡਾਇਰੀਆਂ ਵਿੱਚ ਸਮੁੰਦਰੀ ਹੋਰਾਂ ਬਾਰੇ ਯਾਦਾਂ ਸਾਂਝੀਆਂ ਕਰਦਿਆਂ ਰੁਚੀ ਰਾਮ ਸਾਹਨੀ ਲਿਖਦੇ ਹਨ, “ਮੇਰੇ ਲਈ ਪਾਠਕਾਂ ਦੇ ਸਾਹਮਣੇ ਪ੍ਰਧਾਨ ਸਾਹਿਬ (ਸਰਦਾਰ ਸਮੁੰਦਰੀ) ਦੀ ਉਸ ਬੇਮਿਸਾਲ ਸ਼ਖ਼ਸੀਅਤ ਦਾ ਪੂਰਾ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਮੁਸ਼ਕਿਲਾਂ ਦੇ ਅਥਾਹ ਸਮੁੰਦਰ ਵਿਚਕਾਰ, ਵੱਖ-ਵੱਖ ਪਾਸਿਆਂ ਤੋਂ ਲਗਾਤਾਰ ਉੱਠਦੀਆਂ ਮੰਗਾਂ ਅਤੇ ਅੰਮ੍ਰਿਤਸਰ ਤੇ ਸ਼ਿਮਲਾ ਦੇ ਉੱਚ-ਅਧਿਕਾਰੀਆਂ ਵੱਲੋਂ ਚੁੱਕੇ ਜਾ ਰਹੇ ਨਵੇਂ ਕਦਮਾਂ ਬਾਰੇ ਮਿਲਣ ਵਾਲੀਆਂ ਚਿੰਤਾਜਨਕ ਖ਼ਬਰਾਂ ਦੇ ਬਾਵਜੂਦ ਉਹ ਹਮੇਸ਼ਾ ਸ਼ਾਂਤ ਅਤੇ ਅਡੋਲ ਰਹਿੰਦੇ ਸਨ। ਉਨ੍ਹਾਂ ਦੀ ਕਮਾਲ ਦੀ ਦੂਰਅੰਦੇਸ਼ੀ ਅਤੇ ਗੰਭੀਰ ਤੋਂ ਗੰਭੀਰ ਮਸਲਿਆਂ ਨੂੰ ਵੀ ਬੜੇ ਸਹਿਜ ਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਬਿਆਨ ਕਰਨ ਦਾ ਤਰੀਕਾ (ਜਿਸ ਨੂੰ ਦੇਖ ਕੇ ਕਈ ਦੂਜੇ ਆਗੂ ਨਿਰਾਸ਼ਾ ਵਿੱਚ ਡੁੱਬ ਸਕਦੇ ਸਨ) ਸਾਰਿਆਂ ਵਿੱਚ ਇੱਕ ਨਵਾਂ ਵਿਸ਼ਵਾਸ ਭਰ ਦਿੰਦਾ ਸੀ। ਲੰਮਾ ਕੱਦ, ਦੁਬਲਾ-ਪਤਲਾ ਸਰੀਰ, ਨਾ ਕੋਈ ਦਿਖਾਵਾ ਅਤੇ ਨਾ ਹੀ ਕਾਹਲ; ਕੋਈ ਵੀ ਉਨ੍ਹਾਂ ਨੂੰ ਦੇਖ ਕੇ ਆਮ ਜਿਹਾ ਇਨਸਾਨ ਸਮਝਣ ਦੀ ਭੁੱਲ ਕਰ ਸਕਦਾ ਸੀ। ਪਰ ਲੋੜ ਪੈਣ ’ਤੇ ਉਹ ਵਿਸ਼ਾਲ ਇਕੱਠ ਦੇ ਵਿਚਕਾਰ ਵੀ ਪੂਰੀ ਦ੍ਰਿੜ੍ਹਤਾ ਨਾਲ ਖੜ੍ਹੇ ਹੁੰਦੇ ਅਤੇ ਆਪਣੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਛੱਡਦੇ ਕਿ ਉਨ੍ਹਾਂ ਦੇ ਇੱਕ ਇਸ਼ਾਰੇ ਦੀ ਪੂਰੀ ਤਾਬੇਦਾਰੀ ਨਾਲ ਪਾਲਣਾ ਕੀਤੀ ਜਾਂਦੀ ਸੀ।”

ਇੱਕ ਦਿਨ ਸਮੁੰਦਰੀ ਹੋਰਾਂ ਨੇ ਪ੍ਰੋ. ਸਾਹਨੀ ਨੂੰ ਕਿਹਾ ਕਿ ਅਸੀਂ ਮੋਰਚਾ ਜਿੱਤ ਲਿਆ ਹੈ। ਪ੍ਰੋਫੈਸਰ ਸਾਹਨੀ ਨੇ ਹੈਰਾਨ ਹੋ ਕੇ ਕਿਹਾ, “ਪਰ ਭਾਈ ਜੀ, ਮੋਰਚਾ ਤਾਂ ਅਜੇ ਸ਼ੁਰੂ ਹੀ ਹੋਇਆ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਜਿੱਤ ਗਏ ਹਾਂ?” ਸਮੁੰਦਰੀ ਹੋਰਾਂ ਨੇ ਇਸ ਦਾ ਮਤਲਬ ਸਮਝਾਉਂਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਜ਼ਖ਼ਮੀ ਸਿੰਘਾਂ ਨੂੰ ਲਿਆਂਦਾ ਜਾ ਰਿਹਾ ਸੀ, ਜਿਸ ਕਾਰਨ ਕਮੇਟੀ ਨੂੰ ਤੁਰੰਤ ਕੁਝ ਸੌ ਦਰੀਆਂ ਦੀ ਲੋੜ ਸੀ। ਸਮੁੰਦਰੀ ਹੋਰਾਂ ਨੇ ਇੱਕ ਦੁਕਾਨਦਾਰ ਨੂੰ ਦਰੀਆਂ ਭੇਜਣ ਦਾ ਆਰਡਰ ਦਿੱਤਾ ਅਤੇ ਬਿੱਲ ਭੇਜਣ ਲਈ ਕਿਹਾ। ਅਗਲੇ ਦਿਨ ਜਦੋਂ ਦਰੀਆਂ ਪੁੱਜੀਆਂ ਤਾਂ ਉਸ ਦਾ ਬਿੱਲ ਪਹਿਲਾਂ ਹੀ ਅਦਾ ਹੋ ਗਿਆ ਦੱਸਿਆ ਗਿਆ ਕਿਉਂਕਿ ਸਥਾਨਕ ਦੁਕਾਨਦਾਰਾਂ ਨੇ ਪੈਸੇ ਲੈਣ ਦੀ ਬਜਾਏ ਉਹ ਦਰੀਆਂ ਦਾਨ ਵਜੋਂ ਭੇਜੀਆਂ ਸਨ। ਮੋਰਚਾ ਇਸ ਲਈ ‘ਜਿੱਤਿਆ’ ਗਿਆ ਸੀ ਕਿਉਂਕਿ ਇਸ ਸੰਘਰਸ਼ ਨੇ ਇਲਾਕੇ ਦੇ ਗ਼ੈਰ-ਸਿੱਖ ਭਾਈਚਾਰੇ ਵਿੱਚ ਵੀ ਅਥਾਹ ਹਮਦਰਦੀ ਅਤੇ ਸਾਂਝ ਪੈਦਾ ਕਰ ਦਿੱਤੀ ਸੀ।

ਅੱਜ ਅਸੀਂ ਅਕਾਲੀ ਲਹਿਰ ਨੂੰ ਅਕਸਰ ਭਾਰਤੀ ਰਾਸ਼ਟਰਵਾਦ ਦੀ ਮੁੱਖ ਧਾਰਾ ਤੋਂ ਵੱਖਰੀ ਅਤੇ ਕੇਵਲ ਸਿੱਖਾਂ ਦੇ ਮਸਲਿਆਂ ਤੱਕ ਸੀਮਤ ਅੰਦੋਲਨ ਵਜੋਂ ਦੇਖਦੇ ਹਾਂ, ਪਰ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀਆਂ ਲਿਖਤਾਂ ਦਰਸਾਉਂਦੀਆਂ ਹਨ ਕਿ ਅਜਿਹਾ ਬਿਲਕੁਲ ਨਹੀਂ ਸੀ। ਸਮਾਜ ਦੇ ਹਰ ਵਰਗ ਵੱਲੋਂ ਅਕਾਲੀਆਂ ਨੂੰ ਮਿਲਿਆ ਭਰਵਾਂ ਸਮਰਥਨ ਇਸ ਗੱਲ ਦਾ ਪੁਖ਼ਤਾ ਸਬੂਤ ਹੈ। ਅਸਲ ਵਿੱਚ ਖ਼ੁਦ ਅਕਾਲੀ ਲਹਿਰ ਦਾ ਆਪਣਾ ਸਰੂਪ ਹੀ ਇਸ ਸਾਂਝੀਵਾਲਤਾ ਦੀ ਗਵਾਹੀ ਭਰਦਾ ਹੈ।

ਆਪਸੀ ਭਾਈਚਾਰਾ ਅਤੇ ਫ਼ਿਰਕੂ ਸਦਭਾਵਨਾ ਸਰਦਾਰ ਸਮੁੰਦਰੀ ਦੇ ਜੀਵਨ ਦੇ ਅਹਿਮ ਆਦਰਸ਼ ਸਨ। ਅਪਰੈਲ 1923 ਵਿੱਚ ਵਿਸਾਖੀ ਦੇ ਦਿਨਾਂ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਫ਼ਿਰਕੂ ਦੰਗੇ ਭੜਕ ਉੱਠੇ। ਅਕਾਲੀ ਜਥਿਆਂ ਨੇ ਅਮਨ-ਕਾਨੂੰਨ ਦੀ ਬਹਾਲੀ ਲਈ ਸ਼ਹਿਰ ਦੀਆਂ ਗਲੀਆਂ ਵਿੱਚ ਫਲੈਗ ਮਾਰਚ ਕੀਤਾ, ਜਿਸ ਲਈ ਉਨ੍ਹਾਂ ਨੂੰ ਉਸੇ ਬ੍ਰਿਟਿਸ਼ ਹਕੂਮਤ ਨੇ ਵਧਾਈ ਦਿੱਤੀ ਜਿਸ ਨੇ ਪਿਛਲੇ ਸਾਲ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਸੀ! ਜਦੋਂ ਦੰਗੇ ਸ਼ਾਂਤ ਹੋਏ ਤਾਂ ਸਮੁੰਦਰੀ ਹੋਰਾਂ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਕਾਰ ਮੁੜ ਸੁਖਾਵੇਂ ਸਬੰਧ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ। ਉਹ ਖ਼ੁਦ ਘਰ-ਘਰ ਜਾ ਕੇ, ਹੱਥ ਜੋੜ ਕੇ ਲੋਕਾਂ ਨੂੰ ਆਪਸੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ।

ਅਜੋਕੇ ਸੰਕਟਮਈ ਦੌਰ ਵਿੱਚ ‘ਭਾਈਚਾਰਕ ਸਦਭਾਵਨਾ’ ਦਾ ਆਦਰਸ਼ ਆਪਣੀ ਖਿੱਚ ਗੁਆ ਰਿਹਾ ਪ੍ਰਤੀਤ ਹੁੰਦਾ ਹੈ ਅਤੇ ਨਿਆਂ ਲਈ ਉੱਠਣ ਵਾਲੀਆਂ ਲਹਿਰਾਂ ਨੂੰ ਅਕਸਰ ‘ਅੰਦੋਲਨਜੀਵੀ’ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ। ਅਜਿਹੇ ਸਮੇਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਮੇਸ਼ਾ ਸ਼ਾਂਤੀ, ਅਹਿੰਸਾ ਅਤੇ ਸਮੂਹ ਵਰਗਾਂ ਦਰਮਿਆਨ ਆਪਸੀ ਸਾਂਝ ਤੇ ਸਦਭਾਵ ਦੇ ਪ੍ਰਤੀਕ ਬਣ ਕੇ ਖੜ੍ਹੇ ਰਹੇ। ਇਹ ਸਾਡੀ ਬਦਕਿਸਮਤੀ ਹੈ ਕਿ ਅੱਜ ਸਾਡੇ ਕੋਲ ਤੇਜਾ ਸਿੰਘ ਸਮੁੰਦਰੀ ਵਰਗੀਆਂ ਅਜ਼ੀਮ ਸ਼ਖ਼ਸੀਅਤਾਂ ਮੌਜੂਦ ਨਹੀਂ ਹਨ, ਜੋ ਸਾਨੂੰ ਨੇਕੀ, ਧਰਮ ਅਤੇ ਸੱਚ ਦੇ ਮਾਰਗ ’ਤੇ ਤੋਰ ਸਕਣ। ਉਨ੍ਹਾਂ ਦੇ ਛੋਟੀ ਉਮਰੇ ਬੇਵਕਤ ਅਕਾਲ ਚਲਾਣੇ ਨੇ ਭਾਰਤ ਨੂੰ ਉਸ ਦੇ ਸਭ ਤੋਂ ਸਿਰਮੌਰ ਕੌਮੀ ਆਗੂਆਂ ਵਿੱਚੋਂ ਇੱਕ ਤੋਂ ਵਾਂਝਾ ਕਰ ਦਿੱਤਾ। ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਉਨ੍ਹਾਂ ਉੱਚੇ ਆਦਰਸ਼ਾਂ ਨੂੰ ਵੀ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ ਜਿਨ੍ਹਾਂ ਦੇ ਉਹ ਮੁਦੱਈ ਸਨ, ਭਾਵ ਧਰਮਾਂ, ਜਾਤਾਂ ਅਤੇ ਮਰਦ-ਔਰਤ ਵਿਚਕਾਰ ਪੂਰਨ ਸਮਾਨਤਾ ਦਾ ਆਦਰਸ਼।

Advertisement
×