DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਖ਼ਰੀ ਸਟੇਸ਼ਨ

ਕੁਝ ਥੋੜ੍ਹੇ ਜਿਹੇ ਯਾਤਰੀ ਸਿਰਫ਼ ਏਨਾ ਦੇਖਦੇ ਹਨ ਕਿ ਇੱਕ ਆਦਮੀ, ਜੋ ਆਪਣੀ ਯੂਨੀਫਾਰਮ ਤੋਂ ਰੇਲਵੇ ਦਾ ਇੰਜਣ ਡਰਾਈਵਰ ਲੱਗਦਾ ਹੈ, ਖੇਤ ਵਿੱਚ ਇੱਕ ਗਾਂ ਨੂੰ ਗਲ਼ ਨਾਲ ਲਾਈ ਖੜ੍ਹਾ ਹੈ। ਉਸੇ ਹਾਲਤ ਵਿੱਚ ਕਈ ਪਲ ਲੰਘਾਉਣ ਤੋਂ ਬਾਅਦ ਆਖ਼ਰ ਜਦੋਂ ਉਹ ਵਾਪਸ ਗੱਡੀ ਵੱਲ ਮੁੜਦਾ ਹੈ ਤਾਂ ਉਸਦੇ ਚਿਹਰੇ ’ਤੇ ਇੱਕ ਸਕੂਨ ਹੈ, ਜਿਵੇਂ ਉਸ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਆਂ ਹੋਣ।

  • fb
  • twitter
  • whatsapp
  • whatsapp
Advertisement

ਸਪੇਨ ਵਿੱਚ ਕੈਟਾਲੂਨੀਆ ਪ੍ਰਦੇਸ਼ ਦੀ ਬੋਲੀ ਕੈਟਾਲਨ ਵਿੱਚ ਲਿਖੀ ਇਹ ਛੋਟੀ ਜਿਹੀ ਕਹਾਣੀ ਇਸ ਭਾਸ਼ਾ ਦੇ ਮਸ਼ਹੂਰ ਗਲਪਕਾਰ ਸਰਜੀ ਪਾਮੀਸ ਦੀ ਹੈ। ਇਸ ਨੂੰ ਹਿੰਦੀ ਵਿਚ ਅਨੁਵਾਦ ਜੀਤੇਂਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।

Advertisement

ਹਫ਼ਤੇ ਵਿੱਚੋਂ ਛੇ ਦਿਨ ਠੀਕ ਇੱਕੋ ਵੇਲੇ ਰੇਲ ਦਾ ਇੰਜਣ ਖੇਤਾਂ ਦੀ ਚੁੱਪ ਨੂੰ ਚੀਰਦਾ ਅੱਗੇ ਲੰਘ ਜਾਂਦਾ। ਖੇਤਾਂ ਵਿਚਲੇ ਦਰੱਖ਼ਤਾਂ ਜਾਂ ਪਿੱਛੇ ਖੜ੍ਹੇ ਪਹਾੜਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ। ਪਰ ਖੇਤਾਂ ਦੇ ਵਿਚਕਾਰ ਖੜ੍ਹੀ ਇਕਲੌਤੀ ਗਾਂ ਇਸ ਨੂੰ ਬਹੁਤ ਗ਼ੌਰ ਨਾਲ ਦੇਖਦੀ। ਆਪਣੇ ਛੋਟੇ ਜਿਹੇ ਕੈਬਿਨ ਵਿੱਚੋਂ ਸਿਰ ਬਾਹਰ ਕੱਢ ਕੇ ਇੰਜਨ ਡਰਾਈਵਰ ਗਰਮਜੋਸ਼ੀ ਨਾਲ ਆਪਣਾ ਹੱਥ ਹਿਲਾਉਂਦਾ ਤਾਂ ਜਵਾਬ ਵਿੱਚ ਜਿਵੇਂ ਗਾਂ ਵੀ ਪੂਛ ਨੂੰ ਅੱਗੇ ਪਿੱਛੇ ਝਟਕਾਉਂਦੀ।

Advertisement

ਇਸ ਰਸਮ ਨੂੰ ਉਹ ਦੋਵੇਂ ਕਈ ਸਾਲਾਂ ਤੋਂ ਦੁਹਰਾਉਂਦੇ ਆ ਰਹੇ ਹਨ। ਹਾਲਾਂਕਿ ਡਰਾਈਵਰ ਜਾਣਦਾ ਹੈ ਕਿ ਅੱਜ ਇਸ ਸਿਲਸਿਲੇ ਦਾ ਆਖ਼ਰੀ ਦਿਨ ਹੈ। ਭਲਕੇ ਉਹ ਸੇਵਾਮੁਕਤ ਹੋ ਰਿਹਾ ਹੈ। ਹਰ ਰੋਜ਼ ਤੜਕੇ ਪੰਜ ਵਜੇ ਉੱਠ ਕੇ ਕੰਮ ਲਈ ਤਿਆਰ ਹੋਣ ਦੀ ਨਿਰੰਤਰਤਾ ਤੋਂ ਮੁਕਤੀ ਦਾ ਖ਼ਿਆਲ ਉਸਨੂੰ ਰੋਮਾਂਚਿਤ ਕਰ ਦਿੰਦਾ ਹੈ। ਘਰ ਦੀਆਂ ਕਿਸ਼ਤਾਂ ਅਦਾ ਹੋ ਚੁੱਕੀਆਂ ਹਨ। ਹੁਣ ਉਹ ਆਪਣੇ ਦਰਵਾਜ਼ੇ ਦੇ ਬਾਹਰ ਹਰਾ ਘਾਹ ਲਾਉਣ ਦੇ ਸੁਪਨੇ ਨੂੰ ਤਵੱਜੋ ਦੇ ਸਕੇਗਾ। ਜਿਨ੍ਹਾਂ ਕਿਫ਼ਾਇਤੀ ਸੈਰ ਸਪਾਟਿਆਂ ਦੇ ਇਸ਼ਤਿਹਾਰਾਂ ਨਾਲ ਅਖ਼ਬਾਰ ਭਰੇ ਰਹਿੰਦੇ ਹਨ, ਉਹਨਾਂ ਦਾ ਲਾਭ ਉਠਾਉਣ ਬਾਰੇ ਵੀ ਹੁਣ ਸੋਚਿਆ ਜਾ ਸਕੇਗਾ। ਇਹੀ ਨਹੀਂ, ਹੁਣ ਉਸ ਨੂੰ ਹਰ ਰੋਜ਼ ਆਪਣੇ ਆਪ ਨੂੰ ਇਹ ਦਿਲਾਸਾ ਨਹੀਂ ਦੇਣਾ ਪਵੇਗਾ ਕਿ ਸਿਰਫ਼ ਰੋਜ਼ੀ ਰੋਟੀ ਲਈ ਹੀ ਨਹੀਂ, ਆਤਮ-ਸਨਮਾਨ ਲਈ ਵੀ ਆਦਮੀ ਦਾ ਕੰਮ ਕਰਦੇ ਰਹਿਣਾ ਜ਼ਰੂਰੀ ਹੈ। ਅਤੇ ਹਾਂ, ਅੱਜ ਤੋਂ ਬਾਅਦ ਉਸ ਨੂੰ ਆਪਣੇ ਚਿੜਚਿੜੇ ਸੁਭਾਅ ਵਾਲੇ ਸੜੀਅਲ ਜਿਹੇ ਸਹਾਇਕ ਦੀ ਮੌਜੂਦਗੀ ਨੂੰ ਵੀ ਬਰਦਾਸ਼ਤ ਨਹੀਂ ਕਰਨਾ ਪਵੇਗਾ।

ਸਟੇਸ਼ਨ ਤੋਂ ਗੱਡੀ ਕੱਢਣ ਵੇਲੇ ਡਰਾਈਵਰ ਦੇ ਜ਼ਿਹਨ ਵਿੱਚ ਅਣਗਿਣਤ ਯੋਜਨਾਵਾਂ ਉੱਸਲਵੱਟੇ ਲੈਣ ਲੱਗੀਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਹੁਣ ਅੰਜਾਮ ਦੇਣ ਬਾਰੇ ਸੋਚਿਆ ਜਾ ਸਕਦਾ ਸੀ। ਵਲ ਵਲੇਵੇਂ ਖਾਂਦੀਆਂ ਸੁਰੰਗਾਂ ਦੇ ਉਸ ਪਾਰ ਖ਼ਸਤਾ ਹਾਲ ਝੁੱਗੀਆਂ, ਪਟੜੀਆਂ ਦੇ ਦੋਵੇਂ ਪਾਸੇ ਖੜ੍ਹੀਆਂ ਇਮਾਰਤਾਂ ਅਤੇ ਉਹਨਾਂ ਦੀਆਂ ਛੱਤਾਂ ਉੱਤੇ ਚਮਕਦੇ ਨਿਊਨ ਬੱਤੀਆਂ ਵਾਲੇ ਇਸ਼ਤਿਹਾਰਾਂ ਨੂੰ ਦੇਖ ਕੇ ਉਹ ਅਣਦੇਖਿਆ ਕਰ ਦਿੰਦਾ ਹੈ। ਆਪਣੀ ਕੰਮ-ਕਾਜੀ ਜ਼ਿੰਦਗੀ ਦੇ ਆਖ਼ਰੀ ਪਲਾਂ ਨੂੰ ਜਿਊਂਦਿਆਂ ਨਾ ਤਾਂ ਉਸ ਨੂੰ ਕੋਈ ਖ਼ਾਸ ਲੁਤਫ਼ ਮਹਿਸੂਸ ਹੁੰਦਾ ਹੈ ਅਤੇ ਨਾ ਹੀ ਉਸਨੂੰ ਇਸ ਖ਼ਿਆਲ ਨਾਲ ਖੁਸ਼ ਹੋਣ ਦੀ ਮੋਹਲਤ ਮਿਲਦੀ ਹੈ ਕਿ ਅੱਜ ਤੋਂ ਬਾਅਦ ਇਸ ਇੰਜਨ ਦੇ ਥਰਾਟਲ ਜਾਂ ਏਅਰ ਪ੍ਰੈੱਸ਼ਰ ਗੇਜ ਨਾਲ ਉਸਦਾ ਕੋਈ ਵਾਸਤਾ ਨਹੀਂ ਪਵੇਗਾ।

ਭਵਿੱਖ ਦੀ ਸਕੂਨ ਭਰੀ ਨੀਂਦ ਦੇ ਖ਼ਿਆਲਾਂ ਵਿੱਚ ਡੁੱਬਾ, ਸਹਿਜ ਭਾਅ ਗੱਡੀ ਨੂੰ ਅੱਗੇ ਤੋਰਦਾ ਉਹ ਸ਼ਹਿਰੀ ਇਲਾਕੇ ਤੋਂ ਅੱਗੇ ਉਸ ਖੁੱਲ੍ਹੇ ਕੁਦਰਤੀ ਨਜ਼ਾਰੇ ਕੋਲ ਪਹੁੰਚ ਜਾਂਦਾ ਹੈ, ਜਿੱਥੇ ਹਰਿਆਲੀ ਆਪਣੇ ਸੈਂਕੜੇ ਰੰਗਾਂ ਨਾਲ ਮੌਜੂਦ ਹੈ ਅਤੇ ਜਿੱਥੇ ਗੋਹੇ ਅਤੇ ਖਾਦ ਦੀ ਗੰਧ ਰਹਿ ਰਹਿ ਕੇ ਉਸਦੀਆਂ ਨਾਸਾਂ ਨੂੰ ਘੇਰ ਲੈਂਦੀ ਹੈ। ਜਦੋਂ ਉਸਨੂੰ ਦੂਰੋਂ ਉਹ ਗਾਂ ਦਿਖਾਈ ਦਿੰਦੀ ਹੈ ਤਾਂ ਉਹ ਆਪਣੀ ਸਹਾਇਕ ਦੀਆਂ ਨਾਰਾਜ਼ਗੀ ਭਰੀਆਂ ਨਜ਼ਰਾਂ ਦੇ ਬਾਵਜੂਦ ਗੱਡੀ ਦੀ ਰਫ਼ਤਾਰ ਘੱਟ ਕਰ ਦਿੰਦਾ ਹੈ। ਗਾਂ ਦੇ ਨਜ਼ਦੀਕ ਆਉਂਦੇ ਹੀ ਉਸਨੂੰ ਅਹਿਸਾਸ ਹੁੰਦਾ ਹੈ ਕਿ ਅੱਜ ਉਸ ਲਈ ਸਿਰਫ਼ ਹੱਥ ਹਿਲਾਉਣਾ ਕਾਫ਼ੀ ਨਹੀਂ ਹੋਵੇਗਾ। ਉਸਨੂੰ ਲੱਗਦਾ ਹੈ ਕਿ ਮੌਕੇ ਦੇ ਮੁਤਾਬਕ ਅੱਜ ਉਸ ਨੂੰ ਗਾਂ ਦੇ ਸਾਹਮਣੇ ਗੱਡੀ ਰੋਕ ਦੇਣ ਵਰਗਾ ਕੋਈ ਅਸਧਾਰਨ ਕਦਮ ਚੁੱਕਣਾ ਚਾਹੀਦਾ ਹੈ। ਬੇਸ਼ਕ ਰੇਲਵੇ ਦੀ ਨੇਮਾਵਲੀ ਵਿੱਚ ਇੰਜ ਕਰਨ ਦੀ ਸਖ਼ਤ ਮਨਾਹੀ ਹੈ, ਪਰ ਜਿਸ ਤਰ੍ਹਾਂ ਪਿਛਲੇ ਤੀਹ ਸਾਲਾਂ ਤੋਂ ਉਹ ਨਿਯਮ ਤੋੜਨ ਵਿੱਚ ਅਸਮਰੱਥ ਰਿਹਾ ਹੈ, ਠੀਕ ਉਸੇ ਤਰ੍ਹਾਂ ਅੱਜ ਉਸਦਾ ਮਨ ਉਹਨਾਂ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਨਹੀਂ। ਲਿਹਾਜ਼ਾ ਉਹ ਹੌਲੀ ਹੌਲੀ ਬ੍ਰੇਕ ਲਾਉਣੀ ਸ਼ੁਰੂ ਕਰ ਦਿੰਦਾ ਹੈ ਅਤੇ ਸਪੀਡੋਮੀਟਰ ਦੀ ਸੂਈ ਹੇਠਾਂ ਆਉਂਦੀ ਹੋਈ ਅਖ਼ੀਰ ਜ਼ੀਰੋ ’ਤੇ ਆ ਕੇ ਰੁਕ ਜਾਂਦੀ ਹੈ। ਹੌਲੀ ਹੌਲੀ, ਬਹੁਤ ਇਹਤਿਆਤ ਨਾਲ ਆਪਣੇ ਲੱਕ ਦੇ ਪੁਰਾਣੇ ਦਰਦ ਦਾ ਖ਼ਾਸ ਖ਼ਿਆਲ ਰੱਖਦੇ ਹੋਏ ਉਹ ਕੈਬਿਨ ਤੋਂ ਹੇਠਾਂ ਉਤਰ ਕੇ ਪਟੜੀ ’ਤੇ ਆ ਜਾਂਦਾ ਹੈ। ਤੁਰਨ ਦੀ ਆਦਤ ਨਾ ਹੋਣ ਵਾਲੇ ਕਿਸੇ ਵਿਅਕਤੀ ਵਾਂਗ ਉਹ ਲੜਖੜਾਉਂਦੇ ਕਦਮਾਂ ਨਾਲ ਖੇਤ ਦੀ ਵੱਟ ਨੂੰ ਪਾਰ ਕਰ ਕੇ ਗਾਂ ਵੱਲ ਵੱਧਦਾ ਹੈ। ਗੱਡੀ ਨੂੰ ਰੁਕਦਿਆਂ ਦੇਖ ਕੇ ਗਾਂ ਨੇ ਆਪਣੀ ਪੂਛ ਹਿਲਾਉਣੀ ਬੰਦ ਕਰ ਦਿੱਤੀ ਹੈ। ਸਿਰ ਘੁਮਾ ਕੇ ਉਹ ਇੰਜਨ ਡਰਾਈਵਰ ਨੂੰ ਦੇਖਦੀ ਹੈ, ਜੋ ਹੁਣ ਉਸਨੂੰ ਪਲੋਸਣ ਲਈ ਇਸ ਤਰ੍ਹਾਂ ਹੱਥ ਵਧਾ ਰਿਹਾ ਹੈ, ਜਿਵੇਂ ਉਹ ਪਾਲਤੂ ਪਸ਼ੂ ਨਾ ਹੋ ਕੇ ਕੋਈ ਜੰਗਲੀ ਸ਼ੇਰ ਹੋਵੇ ।

ਪਤਾ ਨਹੀਂ ਕਿਸ ਖ਼ਿਆਲ ਨਾਲ ਗਾਂ ਜ਼ੋਰ ਦੀ ਰੰਭਦੀ ਹੈ, ਜਿਸ ਕਰਕੇ ਉਸਦੀਆਂ ਅੱਖਾਂ ਦੁਆਲੇ ਭਿਣਭਿਣਾਉਂਦੀਆਂ ਮੱਖੀਆਂ ਘਬਰਾ ਕੇ ਉੱਡ ਜਾਂਦੀਆਂ ਹਨ। ਗਾਂ ਫਿਰ ਮੁੜ ਕੇ ਰੁਕੀ ਹੋਈ ਗੱਡੀ ਵੱਲ ਵੇਖਦੀ ਹੈ ਅਤੇ ਇੰਨੀ ਦੂਰੀ ਦੇ ਬਾਵਜੂਦ ਉਸਨੂੰ ਡਰਾਈਵਰ ਦੇ ਕੈਬਿਨ ਵਿੱਚ ਸੜ ਭੁਜ ਰਹੇ ਸਹਾਇਕ ਦੀ ਸਿਗਰਟ ਤੋਂ ਉਠਦਾ ਧੂੰਆਂ ਦਿਖਾਈ ਦੇ ਜਾਂਦਾ ਹੈ। ਖਿੜਕੀਆਂ ਵਿੱਚ ਯਾਤਰੀ ਕਾਹਲੇ ਪਏ ਰੌਲਾ ਪਾ ਰਹੇ ਹਨ। ਉਹ ਚਾਹੁੰਦੇ ਹਨ ਕਿ ਡਰਾਈਵਰ ਫੌਰੀ ਵਾਪਸ ਆ ਜਾਵੇ, ਉਹਨਾਂ ਦਾ ਸਮਾਂ ਖ਼ਰਾਬ ਹੋ ਰਿਹਾ ਹੈ। ‘ਇਹ ਤਾਂ ਹੱਦ ਈ ਹੋ ਗਈ’, ਉਹ ਕਹਿੰਦੇ ਹਨ ਕਿ ਉਹ ਉਸਦੀ ਸ਼ਿਕਾਇਤ ਕਰਨਗੇ। ਪਰ ਕੁਝ ਥੋੜ੍ਹੇ ਜਿਹੇ ਯਾਤਰੀ ਸਿਰਫ਼ ਏਨਾ ਦੇਖਦੇ ਹਨ ਕਿ ਇੱਕ ਆਦਮੀ, ਜੋ ਆਪਣੀ ਯੂਨੀਫਾਰਮ ਤੋਂ ਰੇਲਵੇ ਦਾ ਇੰਜਣ ਡਰਾਈਵਰ ਲੱਗਦਾ ਹੈ, ਖੇਤ ਵਿੱਚ ਇੱਕ ਗਾਂ ਨੂੰ ਗਲ਼ ਨਾਲ ਲਾਈ ਖੜ੍ਹਾ ਹੈ। ਉਸੇ ਹਾਲਤ ਵਿੱਚ ਕਈ ਪਲ ਲੰਘਾਉਣ ਤੋਂ ਬਾਅਦ ਆਖ਼ਰ ਜਦੋਂ ਉਹ ਵਾਪਸ ਗੱਡੀ ਵੱਲ ਮੁੜਦਾ ਹੈ ਤਾਂ ਉਸਦੇ ਚਿਹਰੇ ’ਤੇ ਇੱਕ ਸਕੂਨ ਹੈ, ਜਿਵੇਂ ਉਸਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਆਂ ਹੋਣ।

Advertisement
×