ਗ਼ਦਰ ਲਹਿਰ ਦੇ ਮੋਢੀ ਆਗੂ ਲਾਲਾ ਹਰਦਿਆਲ
ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਗ਼ਦਰ ਲਹਿਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਅਧਿਆਇ ਹੈ। ਇਹ ਅੰਦੋਲਨ ਆਜ਼ਾਦੀ ਦੀ ਪਹਿਲੀ ਇਨਕਲਾਬੀ ਜਨਤਕ ਲੜਾਈ ਸੀ। ਗ਼ਦਰ ਪਾਰਟੀ ਦੇ ਮੋਢੀ ਆਗੂ ਰਹੇ ਲਾਲਾ ਹਰਦਿਆਲ ਦਾ ਜਨਮ 14 ਅਕਤੂਬਰ 1884 ਨੂੰ ਦਿੱਲੀ ਵਿੱਚ ਹੋਇਆ। ਉਨ੍ਹਾਂ...
ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਗ਼ਦਰ ਲਹਿਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਅਧਿਆਇ ਹੈ। ਇਹ ਅੰਦੋਲਨ ਆਜ਼ਾਦੀ ਦੀ ਪਹਿਲੀ ਇਨਕਲਾਬੀ ਜਨਤਕ ਲੜਾਈ ਸੀ। ਗ਼ਦਰ ਪਾਰਟੀ ਦੇ ਮੋਢੀ ਆਗੂ ਰਹੇ ਲਾਲਾ ਹਰਦਿਆਲ ਦਾ ਜਨਮ 14 ਅਕਤੂਬਰ 1884 ਨੂੰ ਦਿੱਲੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਲਾਲਾ ਗੌਰੀ ਸ਼ੰਕਰ ਦਿੱਲੀ ਦੀ ਜ਼ਿਲ੍ਹਾ ਕਚਹਿਰੀ ਵਿੱਚ ਬਤੌਰ ਰੀਡਰ ਕੰਮ ਕਰਦੇ ਸਨ ਅਤੇ ਉਹ ਫ਼ਾਰਸੀ ਤੇ ਉਰਦੂ ਭਾਸ਼ਾਵਾਂ ਦੇ ਵਿਦਵਾਨ ਸਨ, ਜਿਸ ਦਾ ਲਾਲਾ ਹਰਦਿਆਲ ’ਤੇ ਬਹੁਤ ਪ੍ਰਭਾਵ ਸੀ। ਲਾਲਾ ਹਰਦਿਆਲ ਦੀ ਮੁੱਢਲੀ ਪੜ੍ਹਾਈ ਕ੍ਰਿਸਚੀਅਨ ਮਿਸ਼ਨ ਸਕੂਲ ਵਿੱਚ ਹੋਈ। ਉਨ੍ਹਾਂ ਨੇ ਸੇਂਟ ਸਟੀਫਨ ਕਾਲਜ ਤੋਂ ਬੀ ਏ ਅਤੇ ਐੱਮ ਏ ਸਰਕਾਰੀ ਕਾਲਜ ਲਾਹੌਰ ਤੋਂ ਕੀਤੀ। ਲਾਲਾ ਹਰਦਿਆਲ ਦੀ ਯਾਦਸ਼ਕਤੀ ਬਹੁਤ ਤੇਜ਼ ਸੀ। ਉਹ ਇੱਕ ਪੁਸਤਕ ਨੂੰ ਇੱਕ ਵਾਰ ਪੜ੍ਹਨ ਉਪਰੰਤ ਜ਼ੁਬਾਨੀ ਸੁਣਾ ਦਿੰਦੇ ਸਨ। ਇੱਕ ਵਾਰ ਲਾਇਬ੍ਰੇਰੀ ਵਿੱਚੋਂ ਨਾਵਲ ਜਾਰੀ ਕਰਵਾਉਣ ਵੇਲੇ ਲਾਇਬ੍ਰੇਰੀਅਨ ਨੇ ਲਾਲਾ ਜੀ ਨੂੰ ਆਖਿਆ ਕਿ ਇਹ ਨਾਵਲ ਤੁਹਾਨੂੰ ਸਮਝ ਨਹੀਂ ਆਉਣੇ ਕਿਉਂਕਿ ਤੁਸੀਂ ਅਜੇ ਛੋਟੀ ਜਮਾਤ ਦੇ ਵਿਦਿਆਰਥੀ ਹੋ।
ਲਾਲਾ ਹਰਦਿਆਲ ਨੇ ਉਹ ਪੰਜ ਨਾਵਲ ਰਾਤੋ-ਰਾਤ ਪੜ੍ਹ ਦਿੱਤੇ। ਦੂਜੇ ਦਿਨ ਜਦੋਂ ਲਾਇਬ੍ਰੇਰੀਅਨ ਨੂੰ ਨਾਵਲ ਵਾਪਸ ਕਰਨ ਗਏ ਤਾਂ ਲਾਇਬ੍ਰੇਰੀਅਨ ਨੇ ਕਿਹਾ, “ਕਿਉਂ ਬੱਚੇ ਮੈਂ ਕੱਲ੍ਹ ਹੀ ਕਿਹਾ ਸੀ ਕਿ ਇਹ ਨਾਵਲ ਔਖੇ ਹਨ, ਤੂੰ ਨਹੀਂ ਪੜ੍ਹ ਸਕੇਂਗਾ, ਹੁਣ ਬਿਨਾਂ ਪੜ੍ਹੇ ਹੀ ਵਾਪਸ ਕਰ ਰਿਹਾ ਏਂ।” ਲਾਲਾ ਹਰਦਿਆਲ ਨੇ ਜਵਾਬ ਦਿੱਤਾ, “ਨਹੀਂ, ਸ੍ਰੀਮਾਨ ਜੀ, ਇਹ ਸਾਰੇ ਨਾਵਲ ਮੈਂ ਪੜ੍ਹ ਲਏ ਹਨ। ਤੁਸੀਂ ਮੈਨੂੰ ਪੁੱਛੋ ਕਿ ਕਿਹੜੇ ਨਾਵਲ ਦੇ ਕਿਹੜੇ ਪੰਨੇ ’ਤੇ ਕੀ ਲਿਖਿਆ ਹੈ, ਮੈਂ ਤੁਹਾਨੂੰ ਦੱਸ ਦੇਵਾਂਗਾ?”
1901 ’ਚ ਉਨ੍ਹਾਂ ਦਾ ਵਿਆਹ ਬਰਨਾਲਾ ਦੇ ਲਾਲਾ ਗੁਪਾਲ ਚੰਦ ਦੀ ਪੁੱਤਰੀ ਬੀਬੀ ਸੁੰਦਰ ਨਾਲ ਹੋਇਆ। 1911 ’ਚ ਉਹ ਹਾਰਵਰਡ ਯੂਨੀਵਰਸਿਟੀ ਪੜ੍ਹਾਈ ਲਈ ਚਲੇ ਗਏ। ਇੱਕੀ ਅਪਰੈਲ 1913 ਨੂੰ ਅਮਰੀਕਾ ਦੇ ਸ਼ਹਿਰ ਅਸਟੋਰੀਆ ਵਿੱਚ ਹਿੰਦੀ ਪਰਵਾਸੀਆਂ ਵੱਲੋਂ ‘ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਦੀ ਸਥਾਪਨਾ ਕੀਤੀ ਗਈ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਜਨਰਲ ਸਕੱਤਰ ਲਾਲਾ ਹਰਦਿਆਲ ਸਨ। ਇਹ ਜਥੇਬੰਦੀ ਪਹਿਲੀ ਨਵੰਬਰ 1913 ਨੂੰ ਆਪਣੇ ਹਫ਼ਤਾਵਾਰੀ ਅਖ਼ਬਾਰ ‘ਗ਼ਦਰ ’ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਣ ਨਾਲ ‘ਹਿੰਦੁਸਤਾਨ ਗ਼ਦਰ ਪਾਰਟੀ’ ਵਜੋਂ ਸਥਾਪਿਤ ਹੋ ਗਈ। ਲਾਲਾ ਹਰਦਿਆਲ ‘ਗ਼ਦਰ’ ਅਖ਼ਬਾਰ ਦੇ ਪਹਿਲੇ ਸੰਪਾਦਕ ਸਨ। ‘ਗ਼ਦਰ’ ਦਾ ਪਹਿਲਾ ਅੰਕ ਉਰਦੂ ਵਿੱਚ ਨਿਕਲਿਆ ਸੀ। ਬਾਅਦ ਵਿੱਚ ਉਸ ਦਾ ਪੰਜਾਬੀ ਰੂਪ ਛਾਪਿਆ ਗਿਆ ਸੀ। ਗ਼ਦਰ ਪਾਰਟੀ ਦੇ ਕਾਰਕੁਨ, ਲਾਲਾ ਹਰਦਿਆਲ ਦੀ ਬੌਧਿਕ ਸਮਰੱਥਾ ਦਾ ਪ੍ਰਭਾਵ ਕਬੂਲ ਕਰਦੇ ਸਨ। ਲਾਲਾ ਹਰਦਿਆਲ ਭਾਰਤ ਨੂੰ ਇੱਕ ਆਜ਼ਾਦ ਅਤੇ ਧਰਮ ਨਿਰਪੱਖ ਦੇਸ਼ ਬਣਾਉਣਾ ਚਾਹੁੰਦੇ ਸਨ, ਪਰ ਆਜ਼ਾਦੀ ਸੰਗਰਾਮ ਲਈ ਉਹ ਕਾਂਗਰਸੀ ਆਗੂਆਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਸਨ। ਮਾਰਚ 1914 ਵਿੱਚ ਲਾਲਾ ਹਰਦਿਆਲ ਨੂੰ ਬਰਤਾਨਵੀ ਹਕੂਮਤ ਦੇ ਦਬਾਅ ਹੇਠ ਅਮਰੀਕੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਵਾ ਲਿਆ ਗਿਆ।
ਗ਼ਦਰ ਪਾਰਟੀ ਦੇ ਆਗੂਆਂ ਨੇ ਇਹ ਸੋਚਿਆ ਕਿ ਕਿਤੇ ਅਮਰੀਕੀ ਸਰਕਾਰ ਲਾਲਾ ਹਰਦਿਆਲ ਨੂੰ ਬਰਤਾਨਵੀ ਹਕੂਮਤ ਦੇ ਹਵਾਲੇ ਨਾ ਕਰ ਦੇਵੇ, ਇਸ ਲਈ ਉਨ੍ਹਾਂ ਨੂੰ ਸਵਿਟਜ਼ਰਲੈਂਡ ਭੇਜਣ ਦਾ ਫ਼ੈਸਲਾ ਕਰ ਲਿਆ ਗਿਆ। ਭਾਰਤ ਵਿੱਚ ਗ਼ਦਰ ਨਾਕਾਮ ਰਹਿਣ ’ਤੇ ਵੀ ਉਹ ਨਿਰਾਸ਼ ਨਹੀਂ ਹੋਏ। ਉਨ੍ਹਾਂ ਜਰਮਨ ਸਰਕਾਰ ਤੋਂ ਮਦਦ ਲੈਣ ਦਾ ਯਤਨ ਕੀਤਾ। ਬਾਅਦ ਵਿੱਚ ਉਹ ਮੁੜ ਅਮਰੀਕਾ ਪਹੁੰਚ ਗਏ। ਗ਼ਦਰ ਪਾਰਟੀ ਲਈ ਲਾਲਾ ਹਰਦਿਆਲ ਦੀ ਸਭ ਤੋਂ ਵੱਡੀ ਦੇਣ ਲਿਖਤੀ ਸਾਹਿਤਕ ਕੰਮ ਹੈ ਕਿਉਂਕਿ ‘ਗ਼ਦਰ’ ਅਖ਼ਬਾਰ ਸ਼ੁਰੂ ਕਰਨ ਦਾ ਵਿਚਾਰ ਵੀ ਉਨ੍ਹਾਂ ਨੇ ਹੀ ਦਿੱਤਾ ਸੀ ਅਤੇ ਇਸ ਦੀ ਸੰਪਾਦਕੀ ਦਾ ਕੰਮ ਉਨ੍ਹਾਂ ਨੇ ਤਨਦੇਹੀ ਨਾਲ ਕੀਤਾ।
ਉਨ੍ਹਾਂ ਵੱਲੋਂ ਲਿਖੇ ਗਏ ਲੇਖ ‘ਨਵੇਂ ਜ਼ਮਾਨੇ ਦੇ ਨਵੇਂ ਆਦਰਸ਼’, ‘ਬਰਾਬਰੀ ਦਾ ਅਰਥ’, ‘ਹਿੰਦੀ ਕੌਮ ਦੀ ਸਮਾਜਿਕ ਤਖਸੀਰ’ ਆਦਿ ਪ੍ਰਮੁੱਖ ਸਨ, ਜਿਨ੍ਹਾਂ ਤੋਂ ਸਾਨੂੰ ਉਨ੍ਹਾਂ ਦੀ ਯੋਗਤਾ ਅਤੇ ਅਨੁਭਵਾਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਲਾਲਾ ਹਰਦਿਆਲ ਅਦਭੁੱਤ ਯਾਦ ਸ਼ਕਤੀ ਵਾਲੇ ਵਿਦਵਾਨ ਤੇ ਇਨਕਲਾਬੀ ਆਗੂ ਸਨ। ਆਪਣੇ ਵੱਖਰੇ ਵਿਚਾਰਾਂ ਕਾਰਨ ਲਾਲਾ ਹਰਦਿਆਲ ਨੇ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਗ਼ਦਰ ਪਾਰਟੀ ਦੇ ਉਦੇਸ਼ਾਂ ਨਾਲੋਂ ਨਾਤਾ ਤੋੜ ਲਿਆ ਸੀ। ਚਾਰ ਮਾਰਚ 1939 ਨੂੰ ਫਿਲਾਡੈਲਫੀਆ ਵਿੱਚ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੰਪਰਕ: 98556-95905

