DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੱਛੂ ਕਬਾੜੀਆ

ਭਾ’ਜੀ ਗੁਰਸ਼ਰਨ ਸਿੰਘ ਤੋਂ ਬਾਅਦ ਪੰਜਾਬੀ ਨਾਟਕ ਵਿੱਚ ਸਮਾਜ ਦੀਆਂ ਮਾੜੀਆਂ ਰਵਾਇਤਾਂ ਨੂੰ ਭੰਡਦੇ ਨਾਟਕਾਂ ਦਾ ਜਿਵੇਂ ਅੰਤ ਹੀ ਹੋ ਗਿਆ ਸੀ। ਪਰ ਹੁਣ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਖੇਡੇ ਜਾ ਰਹੇ ਨਾਟਕ ‘ਲੱਛੂ ਕਬਾੜੀਆ’ ਨੇ ਇਸ ਦਿਸ਼ਾ...

  • fb
  • twitter
  • whatsapp
  • whatsapp
Advertisement

ਭਾ’ਜੀ ਗੁਰਸ਼ਰਨ ਸਿੰਘ ਤੋਂ ਬਾਅਦ ਪੰਜਾਬੀ ਨਾਟਕ ਵਿੱਚ ਸਮਾਜ ਦੀਆਂ ਮਾੜੀਆਂ ਰਵਾਇਤਾਂ ਨੂੰ ਭੰਡਦੇ ਨਾਟਕਾਂ ਦਾ ਜਿਵੇਂ ਅੰਤ ਹੀ ਹੋ ਗਿਆ ਸੀ। ਪਰ ਹੁਣ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਖੇਡੇ ਜਾ ਰਹੇ ਨਾਟਕ ‘ਲੱਛੂ ਕਬਾੜੀਆ’ ਨੇ ਇਸ ਦਿਸ਼ਾ ਵੱਲ ਕਦਮ ਵਧਾਏ ਹਨ। ਇਹ ਸੋਲੋ ਨਾਟਕ ਦਰਸ਼ਕਾਂ ਨੂੰ ਪਹਿਲੇ ਸੀਨ ਤੋਂ ਹੀ ਆਪਣੇ ਨਾਲ ਜੋੜ ਲੈਂਦਾ ਹੈ। ਬੜੇ ਹੀ ਸਾਦੇ ਜਿਹੇ ਸੁਭਾਅ ਨਾਲ ਮੰਚ ’ਤੇ ਪੇਸ਼ ਹੁੰਦਾ ‘ਲੱਛੂ ਕਬਾੜੀਆ’ ਆਪਣੇ ਮੋਢੇ ’ਤੇ ਬੋਰੀਆਂ ਦੇ ਦੋ ਗੱਠੇ ਵੀ ਸਟੇਜ ’ਤੇ ਨਾਲ ਹੀ ਲੈ ਆਉਂਦਾ ਹੈ, ਜੋ ਕਬਾੜੀਏ ਦੇ ਕਰਮ ਨੂੰ ਪਰਿਭਾਸ਼ਤ ਕਰਦਾ ਹੈ। ਦਰਸ਼ਕ ਜਲਦੀ ਹੀ ਨਾਟਕ ਨਾਲ ਇੱਕਮਿੱਕ ਹੋ ਜਾਂਦੇ ਹਨ। ਡਾ. ਸਾਹਿਬ ਸਿੰਘ ਪੰਜਾਬੀ ਨਾਟ ਸਾਹਿਤ ਅਤੇ ਮੰਚ ਕਲਾਕਾਰੀ ਦਾ ਅਜਿਹਾ ਸੁਮੇਲ ਹੈ, ਜਿਸ ਨੇ ਦੋਹਾਂ ਖੇਤਰਾਂ ਵਿੱਚ ਆਪਣੀ ਗਹਿਰੀ ਛਾਪ ਛੱਡੀ ਹੈ। ‘ਸੈਮੂਅਲ ਜੌਹਨ’ ਵਰਗੇ ਕੁਝ ਕਲਾਕਾਰਾਂ ਤੋਂ ਬਾਅਦ ਪੰਜਾਬੀ ਰੰਗਮੰਚ ’ਤੇ ਇੱਕ ਪਾਤਰੀ ਨਾਟਕ ਘੱਟ ਹੀ ਖੇਡੇ ਗਏ ਹਨ। ਅਸਲ ਵਿੱਚ ਕਿਸੇ ਵੀ ਅਦਾਕਾਰ ਲਈ ਇਹ ਚੁਣੌਤੀ ਹੁੰਦੀ ਹੈ ਕਿ ਉਹ ਘੰਟੇ ਸਵਾ ਘੰਟੇ ਲਈ ਇਕੱਲਾ ਹੀ ਮੰਚ ’ਤੇ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਅਦਾਕਾਰੀ ਕਰੇ ਜਿਸ ’ਚ ਦਰਸ਼ਕਾਂ ਦੀ ਰੌਚਕਤਾ ਬਣੀ ਰਹੇ। ਡਾ. ਸਾਹਿਬ ਸਿੰਘ ਆਪਣੇ ਇਸ ਸ਼ਾਹਕਾਰ ਨਾਟਕ ਦੀਆਂ ਸੈਂਕੜੇ ਹੀ ਪੇਸ਼ਕਾਰੀਆਂ ਸਫ਼ਲਤਾ ਪੂਰਵਕ ਕਰ ਚੁੱਕਿਆ ਹੈ। ਮਾਨਸਾ ਵਿੱਚ ਡਾ. ਅੰਬੇਡਕਰ ਯੂਥ ਕਲੱਬ ਮਾਨਸਾ ਵੱਲੋਂ ਬੀਤੇ ਦਿਨੀਂ ਕਰਵਾਏ ਸਾਲਾਨਾ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਇਸ ਇੱਕ ਪਾਤਰੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ।

ਨਾਟਕ ਦਾ ਪਾਤਰ ਲਛਮਣ ਉਰਫ਼ ਲੱਛੂ ਆਪਣੀ ਕਹਾਣੀ ਸੁਣਾਉਂਦਾ ਹੈ, ਜੋ ਕਬਾੜੀਏ ਦਾ ਕੰਮ ਕਰਦਾ ਹੈ। ਕਬਾੜੀਆ ਲੋਕਾਂ ਦੇ ਘਰਾਂ ਵਿੱਚੋਂ ਬੇਕਾਰ ਚੀਜ਼ਾਂ ਖ਼ਰੀਦ ਕੇ ਉਨ੍ਹਾਂ ਨੂੰ ਅੱਗੇ ਵੇਚ ਕੇ ਆਪਣਾ ਜੀਵਨ ਬਸਰ ਕਰਦਾ ਹੋਇਆ ਰੋਜ਼ਾਨਾ ਦੁਸ਼ਵਾਰੀਆਂ ਭਰੀ ਜ਼ਿੰਦਗੀ ਨਾਲ ਜੂਝਦਾ ਹੈ। ਇਸੇ ਲਈ ਲੱਛੂ ਕਿਸੇ ਕਲਪਿਤ ਅਮੀਰ ਬੰਦੇ (ਬਾਊ) ਨੂੰ ਅੰਦਰ ਬੁਲਾਉਣ ਲਈ ਕਹਿੰਦਾ ਹੈ ‘‘ਉਸ ਦੇ ਘਰ ਅੰਦਰ ਆਉਣ ਲਈ ਜਿੱਧਰੋਂ ਮਰਜ਼ੀ ਅੰਦਰ ਆ ਜਾਓ ਅਤੇ ਜਿੱਧਰੋਂ ਮਰਜ਼ੀ ਬਾਹਰ ਚਲੇ ਜਾਓ।’’ ਇਨ੍ਹਾਂ ਸ਼ਬਦਾਂ ਵਿੱਚ ਉਸ ਦੀ ਲੁਕੀ ਚੀਸ ਉਜਾਗਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਉਹ ਇਹ ਕਹਿੰਦਾ ਹੈ ਕਿ ਉਸ ਦੀ ਮਾਂ ਨੇ ਤਾਂ ਉਸ ਦਾ ਨਾਂ ਲਛਮਣ ਰੱਖਿਆ ਸੀ, ਪਰ ਦੁਨੀਆ ਨੇ ਉਸ ਨੂੰ ਲੱਛੂ ਹੀ ਬਣਾ ਦਿੱਤਾ ਤਾਂ ਇੱਥੇ ਸਾਡੇ ਦੇਸ਼ ਦੇ ਗ਼ਰੀਬਾਂ ਦੀ ਤ੍ਰਾਸਦੀ ਪੇਸ਼ ਕੀਤੀ ਗਈ ਹੈ ਕਿ ਗ਼ਰੀਬਾਂ ਨੂੰ ਤਾਂ ਹਰ ਥਾਂ ਦੁਰਕਾਰਿਆ ਹੀ ਜਾਂਦਾ ਹੈ।

Advertisement

ਜਦੋਂ ਲੱਛੂ ਕਬਾੜੀਆ ਆਪਣੇ ਸਿਰ ’ਤੇ ਪੱਗ ਬੰਨ੍ਹ ਨੇ ਬਾਹਰ ਜਾਂਦਾ ਹੈ ਤਾਂ ਉਸ ਨੂੰ ਕੁਝ ਮੁੰਡੇ ਕੁੱਟਦੇ ਹਨ ਤੇ ਕਹਿੰਦੇ ਹਨ ਕਿ ‘‘ਤੂੰ ਪੱਗ ਬੰਨ੍ਹ ਕੇ ਹੁਣ ਸਾਡੀ ਬਰਾਬਰੀ ਕਰੇਂਗਾ।’’ ਫਿਰ ਲੱਛੂ ਨੂੰ ਉਹ ਦਿਨ ਵੀ ਯਾਦ ਆਉਂਦੇ ਹਨ, ਜਦੋਂ ਉਹ ਆਪ ਪੜ੍ਹਦਾ ਹੁੰਦਾ ਸੀ, ਹਾਕੀ ਦਾ ਵਧੀਆ ਖਿਡਾਰੀ ਸੀ। ਉਸ ਨੂੰ ਆਪਣੇ ਛਿੰਦੇ ਪੁੱਤ ਦੀ ਯਾਦ ਵੀ ਆਉਂਦੀ ਹੈ, ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਆਪਣੇ ਛਿੰਦੇ ਨੂੰ ਇਸ ਗੱਲ ਤੋਂ ਰੋਕਦਾ ਹੈ, ਉਸ ਨੂੰ ਪਤਾ ਸੀ ਕਿ ਗ਼ਰੀਬੀ ਦਾ ਅਮੀਰੀ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਜਦੋਂ ਘਰ ਵਿੱਚ ਬੰਦ ਪਏ ਕਬਾੜ ਵਿੱਚੋਂ ਉਸ ਨੂੰ ਆਪਣੇ ਪੁੱਤਰ ਦੀ ਕਾਪੀ ਮਿਲਦੀ ਹੈ ਤਾਂ ਉਸ ਵਿੱਚ ਲਿਖੇ ਕੁਝ ਸਫ਼ੇ ਹਵਾ ਵਿੱਚ ਉਡਾਉਂਦਾ ਹੈ ਅਤੇ ਕੁਝ ਸਾਂਭਦਾ ਹੈ। ਕਬਾੜ ਦੀ ਬੋਰੀ ਵਿੱਚੋਂ ਉਸ ਨੂੰ ਮੰਗਣ ਵਾਲਾ ਇੱਕ ਕਟੋਰਾ ਵੀ ਮਿਲਦਾ ਹੈ, ਜਿਸ ਨੂੰ ਉਹ ‘ਬਾਊ’ ਦੀ ਕੁਰਸੀ ਦੇ ਸਪੁਰਦ ਕਰ ਦਿੰਦਾ ਹੈ। ਅਸਲ ਵਿੱਚ ਇਹ ‘ਬਾਊ’ ਦਾ ਕਲਪਿਤ ਪਾਤਰ ਸਾਡੇ ਦੇਸ਼ ਦੇ ਸ਼ਾਤਿਰ ਰਾਜਸੀ ਨੇਤਾਵਾਂ ਨੂੰ ਰੂਪਮਾਨ ਕਰਦਾ ਹੈ। ਲੱਛੂ ਇਹ ਕਟੋਰਾ ‘ਬਾਊ’ ਦੀ ਕੁਰਸੀ ਕੋਲ ਰੱਖਦੇ ਹੋਏ ਜਦੋਂ ਇਹ ਕਹਿੰਦਾ ਹੈ ਕਿ ਇਹ ਤੇਰੇ ਕੰਮ ਆਵੇਗਾ ਤਾਂ ਇਹ ਡੂੰਘੇ ਅਰਥਾਂ ਦਾ ਲਖਾਇਕ ਹੈ। ਜਦੋਂ ਨਾਟਕ ਦੇ ਮੁੱਢ ਵਿੱਚ ਲੱਛੂ ‘ਬਾਊ’ ਨੂੰ ਕਹਿੰਦਾ ਹੈ ਕਿ ਬਾਊ, ਲੱਛੂ ਕਬਾੜੀਏ ਦੇ ਘਰ ਚੱਕਰ ਲਾਉਣ ਦੀਆਂ ਫ਼ੋਟੋਆਂ ਦਸ-ਪੰਦਰਾਂ ਅਖ਼ਬਾਰਾਂ ਵਿੱਚ ਤਾਂ ਲਗਵਾ ਹੀ ਦੇਵੇਗਾ ਤਾਂ ਇਸ ਵਾਕ ਰਾਹੀਂ ਉਹ ਇੱਕ ਵਾਰ ਫੇਰ ਰਾਜਸੀ ਆਗੂਆਂ ਦੀ ਦਿਖਾਵੇ ਦੀ ਰੁਚੀ ਨੂੰ ਭੰਡਦਾ ਹੈ, ਜੋ ਵੋਟਾਂ ਦੇ ਮੌਸਮ ਵਿੱਚ ਗ਼ਰੀਬਾਂ ਦੇ ਘਰ ਰਹਿਣ ਅਤੇ ਉਨ੍ਹਾਂ ਦੀ ਰੁੱਖੀ-ਸੁੱਕੀ ਖਾ ਕੇ ਅਖ਼ਬਾਰਾਂ ਰਾਹੀਂ ਆਪਣੇ ਗ਼ਰੀਬ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟ ਕੇ ਰਾਜਸੀ ਲਾਹਾ ਲੈਣ ਦੇ ਚੱਕਰਾਂ ਵਿੱਚ ਰਹਿੰਦੇ ਹਨ। ਜਦੋਂ ਉਹ ਕਬਾੜ ਦੀ ਬੋਰੀ ਨੂੰ ਉਲਟਾ ਕੇ ਉਸ ’ਚ ਭਰੇ ‘ਅਧੀਏ’ ਅਤੇ ‘ਪਊਏ’ ਦਾ ਢੇਰ ਲਾਉਂਦਾ ਹੈ ਤਾਂ ਦਰਸ਼ਕਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਨ੍ਹਾਂ ਬਗਲੇ ਭਗਤਾਂ ਵੱਲੋਂ ਵੋਟਾਂ ਦੀ ਖ਼ਰੀਦ ਲਈ ਨਸ਼ੇ ਵੰਡਣ ਦੇ ਰੁਝਾਨ ਨੂੰ ਖ਼ਤਮ ਕਰਨ ਦਾ ਵਕਤ ਆ ਗਿਆ ਹੈ।

Advertisement

ਜਦੋਂ ਉਹ ਗੁਰਦੁਆਰੇ ਦੇ ਬਾਹਰ ਪੰਜ ਪਿਆਰਿਆਂ ਵਿੱਚੋਂ ਦੋਵਾਂ ਦੀਆਂ ਉੱਚੀਆਂ ਜਾਤਾਂ ਦੇ ਨਾਮ ਪੜ੍ਹਦਾ ਹੈ ਤੇ ਬਾਕੀਆਂ ਦੇ ਜਾਤਾਂ ਤੋਂ ਬਗ਼ੈਰ ਨਾਮ ਪੜ੍ਹ ਕੇ ਪ੍ਰਧਾਨ ਅੱਗੇ ਅਫ਼ਸੋਸ ਜ਼ਾਹਿਰ ਕਰਦਾ ਹੈ ਤਾਂ ਪ੍ਰਧਾਨ ਕਹਿੰਦਾ ਹੈ ‘‘ਹੁਣ ਆਪਾਂ ਸਿੰਘਾਂ ਦੇ ਨਾਮ ਨਾਲ ਨਾਈ, ਛਿੰਬਾ, ਝਿਊਰ ਲਿਖਦੇ ਚੰਗੇ ਲੱਗਦੇ ਹਾਂ?’’ ਫਿਰ ਲੱਛੂ ਕਬਾੜੀਆ ਕਹਿੰਦਾ ਹੈ ‘‘ਕਾਹਤੋਂ... ਜਾਂ ਤਾਂ ਸਾਰਿਆਂ ਦੇ ਨਾਮ ਨਾਲੋਂ ਜਾਤਾਂ ਹਟਾ ਦਿਓ ਜਾਂ ਫਿਰ ਸਾਰਿਆਂ ਦੇ ਨਾਮ ਨਾਲ ਜਾਤਾਂ ਲਿਖੋ..!’’ ਕਬਾੜ ਵਿੱਚੋਂ ਨਿਕਲੀ ਆਪਣੀ ਪੁਰਾਣੀ ਪੱਗ ਦੇਖ ਕੇ ਉਹ ਪੱਗ ਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸਿਰ ’ਤੇ ਸਜਾਉਂਦਾ ਹੋਇਆ ਜਦੋਂ ਇਹ ਕਹਿੰਦਾ ਹੈ, ‘ਉਸ ਨੂੰ ਇਹ ਯਕੀਨ ਸੀ ਕਿ ਇੱਕ ਦਿਨ ਉਸ ਦੀ ਪੱਗ ਦਾ ਆਖ਼ਰੀ ਲੜ ਜ਼ਰੂਰ ਪੂਰਾ ਆਵੇਗਾ, ਤਾਂ ਇਸ ਵਾਕ ਰਾਹੀਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਗ਼ੁਰਬਤ ਦੇ ਮਾਰੇ ਅਤੇ ਰਾਜਸੀ ਨੇਤਾਵਾਂ ਦੇ ਝੂਠੇ ਲਾਰਿਆਂ ਦੇ ਝੰਬੇ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਵਿੱਚ ਵੀ ਜਾਗ੍ਰਿਤੀ ਪੈਦਾ ਹੋਵੇਗੀ ਅਤੇ ਉਹ ਵੀ ਇੱਜ਼ਤ ਦੀ ਜ਼ਿੰਦਗੀ ਬਸਰ ਕਰ ਸਕਣਗੇ।’

ਸਾਹਿਬ ਸਿੰਘ ਸਿਰਫ਼ ਨਾਟਕਕਾਰ ਦੇ ਤੌਰ ’ਤੇ ਹੀ ਸਫ਼ਲ ਨਹੀਂ ਹੋਇਆ ਸਗੋਂ ਕਲਾਕਾਰ ਦੇ ਤੌਰ ’ਤੇ ਵੀ ਉਚਾਈਆਂ ਸਰ ਕਰਦਾ ਹੈ। ਆਪਣੀ ਜੀਵਨ ਸਾਥਣ ਨਾਲ ਗੱਲਾਂ ਕਰਦੇ ਸਮੇਂ ਜਿਸ ਢੰਗ ਨਾਲ ਉਹ ਫੁਲਕਾਰੀ ਵਾਲੀ ਚੁੰਨੀ ਨੂੰ ਥੋੜ੍ਹਾ ਜਿਹਾ ਮੋੜ ਕੇ ਮੁਹੱਬਤ ਦੀਆਂ ਬਾਤਾਂ ਪਾਉਂਦਾ ਹੈ ਤਾਂ ਉਸ ਦਾ ਲਹਿਜਾ ਕੁਝ ਹੋਰ ਹੁੰਦਾ ਹੈ, ਜਦੋਂ ਪਿੱਛੋਂ ਤੋਂ ਪਿਓ ਦੇ ਖੰਘਣ ਦੀ ਆਵਾਜ਼ ਆਉਂਦੀ ਹੈ ਤਾਂ ਪਹਿਲੀ ਵਾਰ ਉਹ ਸਹਿਜ ਨਾਲ ਪਿਓ ਨੂੰ ਪਾਣੀ ਪੀਣ ਲਈ ਕਹਿੰਦਾ ਹੈ, ਪਰ ਜਦੋਂ ਉਸ ਦੇ ਪਿਓ ਦੀ ਖੰਘ ਦੀ ਆਵਾਜ਼ ਬੰਦ ਹੀ ਨਹੀਂ ਹੁੰਦੀ ਤਾਂ ਉਹ ਬਹੁਤ ਉੱਚੀ ਬੋਲਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮੌਕੇ ਅਨੁਸਾਰ ਆਪਣੀ ਆਵਾਜ਼ ਦੇ ਉਤਰਾਅ-ਚੜ੍ਹਾਅ ਵਿੱਚ ਪਰਵੀਨ ਹੈ। ਪਤਨੀ ਨਾਲ ਪਿਆਰ ਭਰੀਆਂ ਗੱਲਾਂ ਕਰਨ ਸਮੇਂ ਉਸ ਦਾ ਲਹਿਜਾ ਰੋਮਾਂਟਿਕ ਹੈ, ਪਰ ਜਦੋਂ ਉਸ ਦੀ ਮਾਰ ਕੁਟਾਈ ਕਰਦਾ ਹੈ ਤਾਂ ਉਸ ਦੇ ਚਿਹਰੇ ’ਤੇ ਗ਼ੁੱਸੇ ਦੀ ਝਲਕ ਦਿਖਾਈ ਦਿੰਦੀ ਹੈ। ਨਾਟਕਕਾਰ ਨੇ ‘ਲੱਛੂ ਕਬਾੜੀਏ’ ਰਾਹੀਂ ਸਾਡੇ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਦੂਸ਼ਿਤ ਕਰ ਰਹੇ ਕਬਾੜ ਨੂੰ ਰੂਪਮਾਨ ਕੀਤਾ ਹੈ। ਪ੍ਰਸਤੁਤ ਨਾਟਕ ਦੀ ਪੇਸ਼ਕਾਰੀ ਨਾਲ ਡਾ. ਸਾਹਿਬ ਸਿੰਘ ਬਤੌਰ ਨਾਟਕਕਾਰ ਅਤੇ ਅਦਾਕਾਰ ਪੂਰਨ ਤੌਰ ’ਤੇ ਸਫ਼ਲ ਰਿਹਾ ਹੈ।

ਸੰਪਰਕ: 81460-01100

Advertisement
×