ਰਾਤੀਂ ਕੋਚਰੀ ਬੋਲੇ
ਸਿੱਧੂ ਦਮਦਮੀ ਹੋਰੀਂ ਬਿਸਕੁਟੀ ਰੰਗ ਦੀ ਵੈਨ ’ਤੇ ਭੀਖੀ ਦੇ ਸਕੂਲ ਵਿੱਚ ਆਉਂਦੇ ਹੁੰਦੇ ਸਨ। ਇਹ 1976-77 ਦੀਆਂ ਗੱਲਾਂ ਹਨ, ਜਦੋਂ ਉਹ ਸਕੂਲੀ ਵਿਦਿਆਰਥੀਆਂ ਅਤੇ ਪੇਂਡੂ ਲੋਕਾਂ ਨੂੰ ਪਰਦੇ ’ਤੇ ਫਿਲਮਾਂ ਦਿਖਾਉਂਦੇ ਸਨ। ਲੋਕ ਸੰਪਰਕ ਵਿਭਾਗ, ਮਾਨਸਾ ਦੀ ਟੀਮ ਵੱਲੋਂ...
ਸਿੱਧੂ ਦਮਦਮੀ ਹੋਰੀਂ ਬਿਸਕੁਟੀ ਰੰਗ ਦੀ ਵੈਨ ’ਤੇ ਭੀਖੀ ਦੇ ਸਕੂਲ ਵਿੱਚ ਆਉਂਦੇ ਹੁੰਦੇ ਸਨ। ਇਹ 1976-77 ਦੀਆਂ ਗੱਲਾਂ ਹਨ, ਜਦੋਂ ਉਹ ਸਕੂਲੀ ਵਿਦਿਆਰਥੀਆਂ ਅਤੇ ਪੇਂਡੂ ਲੋਕਾਂ ਨੂੰ ਪਰਦੇ ’ਤੇ ਫਿਲਮਾਂ ਦਿਖਾਉਂਦੇ ਸਨ। ਲੋਕ ਸੰਪਰਕ ਵਿਭਾਗ, ਮਾਨਸਾ ਦੀ ਟੀਮ ਵੱਲੋਂ ਪਰਿਵਾਰ ਨਿਯੋਜਨ, ਦਾਜ ਵਿਰੋਧੀ ਅਤੇ ਦੇਸ਼ ਭਗਤੀ ਦੇ ਨਾਟਕ ਖੇਡੇ ਜਾਂਦੇ। ਉਸ ਵੇਲੇ ਬਾਲ ਕ੍ਰਿਸ਼ਨ ਨਾਮ ਦਾ ਇੱਕ ਸੱਜਣ ਬਹੁਤ ਹੀ ਵਧੀਆ ਅੰਦਾਜ਼ ਵਿੱਚ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਕੀਲ ਲੈਂਦਾ ਸੀ। ਸਿੱਧੂ ਦਮਦਮੀ ਉਸ ਵੇਲੇ ਡਰਾਮਾ ਵਿਭਾਗ ’ਚ ਇੰਸਪੈਕਟਰ ਸਨ। ਜਦੋਂ ਮੰਚ ਪੂਰੀ ਤਰ੍ਹਾਂ ਸਜ ਜਾਂਦਾ ਅਤੇ ਲੋਕਾਂ ਦਾ ਵੱਡਾ ਇਕੱਠ ਹੋ ਜਾਂਦਾ ਤਾਂ ਦਮਦਮੀ ਹੋਰੀਂ ਲੋਕਾਂ ਨੂੰ ਜਾਗ੍ਰਿਤ ਕਰਨ ਵਾਲਾ ਭਾਸ਼ਣ ਦਿੰਦੇ। ਉਨ੍ਹਾਂ ਦੀ ਤਕਰੀਰ ਵਿੱਚ ਲੋਕਾਂ ਨੂੰ ਜਗਾਉਣ ਦਾ ਹੋਕਾ ਹੁੰਦਾ ਸੀ। ਅੰਤ ਵਿੱਚ ਗੁਰਚਰਨ ਚਾਹਲ ਭੀਖੀ ਸਭ ਦਾ ਧੰਨਵਾਦ ਕਰਦਾ ਅਤੇ ਲੋਕਾਂ ਨੂੰ ਲਤੀਫ਼ੇ ਸੁਣਾ ਕੇ ਲੋਟ-ਪੋਟ ਵੀ ਕਰਦਾ। ਮਨੋਰੰਜਨ ਦੇ ਪਿਆਸੇ ਲੋਕ ਦਮਦਮੀ ਅਤੇ ਉਨ੍ਹਾਂ ਦੀ ਟੀਮ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ। ਸਿੱਧੂ ਦਮਦਮੀ ਬਹੁ-ਪੱਖੀ ਲੇਖਕ ਹਨ। ਉਹ ਬਚਪਨ ਵਿੱਚ ਗੀਤ, ਕੱਵਾਲੀਆਂ ਗਾਉਂਦੇ ਅਤੇ ਨਕਲਾਂ ਕਰਦੇ। ਉਹ ਕਵਿਤਾ ਲਿਖਦੇ, ਕਹਾਣੀ ਰਚਦੇ ਅਤੇ ਨਾਟਕਾਂ ਦੀ ਸਿਰਜਣਾ ਕਰਦੇ, ਜਿਨ੍ਹਾਂ ਦੇ ਵਿਸ਼ੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਲੇ ਹੁੰਦੇ ਸਨ। ਆਪਣੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ‘ਰਾਤੀਂ ਕੋਚਰੀ ਬੋਲੇ’ ਕਹਾਣੀ ਅੰਮ੍ਰਿਤਾ ਪ੍ਰੀਤਮ ਨੂੰ ‘ਨਾਗਮਣੀ’ ਰਸਾਲੇ ਲਈ ਭੇਜੀ। ਅੰਮ੍ਰਿਤਾ ਨੂੰ ਕਹਾਣੀ ਤਾਂ ਪਸੰਦ ਆ ਗਈ, ਪਰ ‘ਗੁਰਮੇਲ ਸਿੰਘ ਸਿੱਧੂ’ ਨਾਮ ਫਿੱਟ ਨਾ ਬੈਠਿਆ। ਅੰਮ੍ਰਿਤਾ ਨੇ ਇਸ ਸਬੰਧੀ ਸਿੱਧੂ ਹੋਰਾਂ ਨੂੰ ਖ਼ਤ ਲਿਖਿਆ। ਉਸ ਵੇਲੇ ਸਾਹਿਤ ਜਗਤ ਵਿੱਚ ਅੰਮ੍ਰਿਤਾ ਦਾ ਬਹੁਤ ਵੱਡਾ ਨਾਮ ਸੀ, ਇਸ ਲਈ ਖ਼ਤ ਪੜ੍ਹ ਕੇ ਸਿੱਧੂ ਹੋਰਾਂ ਨੂੰ ਅੰਤਾਂ ਦਾ ਚਾਅ ਚੜ੍ਹਿਆ। ਖ਼ਤ ਮਿਲਣ ਦੀ ਐਨੀ ਖ਼ੁਸ਼ੀ ਹੋਈ ਜਿਵੇਂ ਪੀਐੱਚ ਡੀ ਦੀ ਡਿਗਰੀ ਮਿਲ ਗਈ ਹੋਵੇ। ‘ਨਾਗਮਣੀ’ ਵਿੱਚ ‘ਰਾਤੀਂ ਕੋਚਰੀ ਬੋਲੇ’ ਕਹਾਣੀ ‘ਸਿੱਧੂ ਦਮਦਮੀ’ ਦੇ ਨਾਮ ਹੇਠ ਛਪੀ। ਅੰਮ੍ਰਿਤਾ ਵੱਲੋਂ ਦਿੱਤਾ ਇਹ ਨਾਮ ਸਾਹਿਤਕ ਖੇਤਰ ਵਿੱਚ ਕਾਫ਼ੀ ਪ੍ਰਸਿੱਧ ਹੋਇਆ। ਇਸ ਤੋਂ ਬਾਅਦ ਸਿੱਧੂ ਦਮਦਮੀ ਦੀ ਕਹਾਣੀ ‘ਸੀਮਿੰਟ ਦਾ ਸ਼ੇਰ’ ਵੀ ‘ਨਾਗਮਣੀ’ ਵਿੱਚ ਛਪੀ। ਸਾਲ 1978 ਵਿੱਚ ਪ੍ਰਕਾਸ਼ਿਤ ਹੋਏ ਸ੍ਰੀ ਦਮਦਮੀ ਦੇ ਕਾਵਿ-ਸੰਗ੍ਰਹਿ ‘ਗੁਆਚੀ ਗੱਲ’ ਦੀ ਇਸ ਕਵਿਤਾ ਨੂੰ ਹਰ ਕੋਈ ਗਾਉਂਦਾ ਤੇ ਗੁਣਗੁਣਾਉਂਦਾ ਸੀ:
ਇਹ ਪੁੜਪੜੀਆਂ ਦੀ ਪੀੜ, ਸੱਜਣ ਜੀ ਬੰਦ ਨਾ ਹੋਵੇ,
ਇਹ ਮੁੱਖ ’ਤੇ ਛਾਇਆ ਮੌਨ, ਸੱਜਣ ਜੀ ਭੰਗ ਨਾ ਹੋਵੇ।
ਦਮਦਮੀ ਹੋਰਾਂ ਨੇ ਦੱਸਿਆ, “ਮੈਨੂੰ ਲਿਖਣ ਦੀ ਚੇਟਕ ਆਪਣੇ ਪਿਤਾ ਜੀ ਤੋਂ ਲੱਗੀ। ਉਹ ਇੱਕ ਆਦਰਸ਼ਵਾਦੀ ਇਨਸਾਨ ਸਨ। ਮੇਰਾ ਜਨਮ ਅਸਥਾਨ ਲਿਖਣਸਰ ਸਾਹਿਬ (ਤਲਵੰਡੀ ਸਾਬੋ) ਹੈ। ਮੈਂ ਸਕੂਲ ਦੇ ਸਮੇਂ ਤੋਂ ਹੀ ਕਵਿਤਾਵਾਂ ਪੜ੍ਹਨ ਅਤੇ ਅੱਖਰ ਜੋੜਨ ਲੱਗ ਪਿਆ ਸੀ। ਅਜਮੇਰ ਔਲਖ ਦਾ ਨਾਟਕ ‘ਅਰਬਦ ਨਰਬਦ ਧੰਦੂਕਾਰਾ’ ਮੈਨੂੰ ਬਹੁਤ ਪਸੰਦ ਆਇਆ, ਜਿਸ ਵਿੱਚ ਦਰਸ਼ਨ ਮਿਤਵਾ ਰੋਲ ਕਰਦਾ ਹੁੰਦਾ ਸੀ। ਮੈਂ ਵੀ ਸਮਾਜਿਕ ਬੁਰਾਈਆਂ ’ਤੇ ਇੱਕ ਨਾਟਕ ਲਿਖ ਕੇ ਗਾਂਧੀ ਸਕੂਲ ਮਾਨਸਾ ਵਿਖੇ ਖੇਡਿਆ ਸੀ।” ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਹ ਆਪਣੇ ਚੇਤਿਆਂ ਦੀਆਂ ਤਮਾਮ ਗੱਲਾਂ ਇੱਕ-ਇੱਕ ਕਰਕੇ ਸੁਣਾਉਂਦੇ ਹਨ। ਇੱਕ ਵਾਰ ਪ੍ਰਿੰਸੀਪਲ ਹਰਬੰਤ ਸਿੰਘ ਉਨ੍ਹਾਂ ਨੂੰ ਇੱਕ ਸੱਭਿਆਚਾਰਕ ਸਮਾਗਮ ਵਿੱਚ ਲੈ ਗਏ, ਜਿੱਥੇ ਦਮਦਮੀ ਨੇ ਕੱਵਾਲੀਆਂ ਪੇਸ਼ ਕੀਤੀਆਂ। ਉਸ ਵੇਲੇ ਤਰਲੋਚਨ ਸਿੰਘ ਰਿਆਸਤੀ ਕੋਲ ਲੋਕ ਸੰਪਰਕ ਵਿਭਾਗ ਹੁੰਦਾ ਸੀ। ਸਿੱਧੂ ਦਮਦਮੀ ਦਾ ਕੰਮ ਰਿਆਸਤੀ ਨੂੰ ਬਹੁਤ ਜਚਿਆ ਅਤੇ ਉਨ੍ਹਾਂ ਨੇ ਦਮਦਮੀ ਨੂੰ ਡਾਇਰੈਕਟਰ ਪਬਲਿਕ ਰਿਲੇਸ਼ਨਜ਼ (ਮਨੋਹਰ ਸਿੰਘ ਗਿੱਲ) ਕੋਲ ਭੇਜ ਦਿੱਤਾ। ਉੱਥੇ ਦਮਦਮੀ ਹੋਰਾਂ ਨੇ ‘ਨਾਗਮਣੀ’ ਅਤੇ ਹੋਰ ਸਾਹਿਤਕ ਪਰਚਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਆਪਣੀਆਂ ਰਚਨਾਵਾਂ ਦਿਖਾਈਆਂ। ‘ਨਾਗਮਣੀ’ ਵਿੱਚ ਛਪੀਆਂ ਰਚਨਾਵਾਂ ਦੇਖ ਕੇ ਮਨੋਹਰ ਸਿੰਘ ਗਿੱਲ ਬਹੁਤ ਖ਼ੁਸ਼ ਹੋਏ। ਇਸ ਤਰ੍ਹਾਂ ‘ਰਾਤੀਂ ਕੋਚਰੀ ਬੋਲੇ’ ਕਹਾਣੀ ਸਿੱੱਧੂ ਦਮਦਮੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਇੱਕ ਵੱਡੀ ‘ਡਿਗਰੀ’ ਸਾਬਿਤ ਹੋਈ। ਉਨ੍ਹਾਂ ਨੂੰ ਤੁਰੰਤ ਡਰਾਮਾ ਇੰਸਪੈਕਟਰ ਵਜੋਂ ਭਰਤੀ ਕਰ ਲਿਆ ਗਿਆ। ਇੱਥੋਂ ਤਰੱਕੀ ਕਰਕੇ ਉਹ ਏ ਪੀ ਆਰ ਓ ਬਣੇ। ਸਰਕਾਰੀ ਨੌਕਰੀ ਦੇ ਇਸ ਦੌਰ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਕੰਮ ਕੀਤੇ।
ਸਿੱਧੂ ਦਮਦਮੀ ਦੀ ਇਸ ਪ੍ਰਾਪਤੀ ਪਿੱਛੇ ਤਲਵੰਡੀ ਸਾਬੋ ਦੇ ਖ਼ਾਲਸਾ ਸਕੂਲ ਤੋਂ ਕੀਤੀ ਦਸਵੀਂ ਅਤੇ ਗੁਰੂ ਕਾਸ਼ੀ ਕਾਲਜ ਤੋਂ ਪਾਸ ਕੀਤੀ ਬੀ ਏ ਦਾ ਵੱਡਾ ਯੋਗਦਾਨ ਹੈ। ਬਾਅਦ ਵਿੱਚ ਉਨ੍ਹਾਂ ਨੇ ਜਰਨਲਿਜ਼ਮ (ਪੱਤਰਕਾਰੀ) ਦੀ ਡਿਗਰੀ ਗੰਗੋਤਰੀ ਯੂਨੀਵਰਸਿਟੀ, ਮੈਸੂਰ (ਹੁਣ ਮੈਸੂਰੂ) ਤੋਂ ਕੀਤੀ ਅਤੇ ਪੱਤਰਕਾਰੀ ਦੇ ਖੇਤਰ ’ਚ ਚੰਗਾ ਨਾਂ ਕਮਾਇਆ। ਅੰਮ੍ਰਿਤਾ ਪ੍ਰੀਤਮ ਨੇ ਜਦੋਂ ਹਿੰਦੀ ਵਿੱਚ ‘ਔਰ ਦੀਆ ਜਲਤਾ ਰਹਾ’ ਕਹਾਣੀ ਸੰਗ੍ਰਹਿ ਛਾਪਿਆ ਤਾਂ ਉਸ ਵਿੱਚ ਪ੍ਰਕਾਸ਼ਿਤ ਕਹਾਣੀ ‘ਸੀਮਿੰਟ ਕਾ ਸ਼ੇਰ’ ਦਾ ਪਾਠਕਾਂ ਦੇ ਮਨ ’ਤੇ ਗਹਿਰਾ ਪ੍ਰਭਾਵ ਪਿਆ। ਇਸ ਤੋਂ ਇਲਾਵਾ ਗੁਰਚਰਨ ਚਾਹਲ ਭੀਖੀ ਬਾਰੇ ਲਿਖੇ ਲੇਖ ‘ਬੜਾ ਬੇਚੈਨ ਬੰਦਾ ਸੀ ਉਹ ਕੰਬਦੇ ਪੱਤ ’ਤੇ ਪਈ ਬੂੰਦ ਵਰਗਾ’ ਨੇ ਵੀ ਸਭ ਨੂੰ ਬਹੁਤ ਪ੍ਰਭਾਵਿਤ ਕੀਤਾ। ਇੱਕ ਵਾਰ ਦਰਸ਼ਨ ਦਰਵੇਸ਼ ਨੇ ‘ਦੀਵਾ ਬਲੇ ਦੁਪਹਿਰ’ ਦੇ ਬੈਨਰ ਹੇਠ ਮਾਨਸਾ ਵਿੱਚ ਸਿੱਧੂ ਦਮਦਮੀ ਨਾਲ ਇੱਕ ਰੂ-ਬ-ਰੂ (ਮਿਲਣੀ) ਸਮਾਗਮ ਕਰਵਾਇਆ, ਜਿੱਥੇ ਦਰਸ਼ਨ ਮਿਤਵਾ, ਨਿਰਮਲ ਕੁਲਾਣਾ ਅਤੇ ਅਵਤਾਰਜੀਤ ਆਦਿ ਸਾਹਿਤਕਾਰ ਪਹੁੰਚੇ। ਉੱਥੇ ਸਥਾਨਕ ਲੇਖਕ ਤਾਂ ਘੱਟ ਗਿਣਤੀ ਵਿੱਚ ਆਏ, ਪਰ ਆਏ ਹੋਏ ਲੇਖਕਾਂ ਨੇ ਦਮਦਮੀ ਨੂੰ ‘ਚੰਡੀਗੜ੍ਹੀਆ’ (ਸ਼ਹਿਰੀ ਬਾਬੂ) ਸਮਝ ਕੇ ਕਈ ਤਿੱਖੇ ਸਵਾਲ ਕੀਤੇ। ਤਦ ਦਮਦਮੀ ਨੇ ਰਚਨਾ ਦੀ ਸ਼ੈਲੀ ਅਤੇ ਲੇਖਕ ਦੀ ਸਮਾਜ ਪ੍ਰਤੀ ਪ੍ਰਤੀਬੱਧਤਾ ਬਾਰੇ ਬਹੁਤ ਹੀ ਸੁਚਾਰੂ ਰੂਪ ਵਿੱਚ ਜਵਾਬ ਦਿੱਤੇ। ਆਪਣੇ ਜਵਾਬਾਂ ਵਿੱਚ ਉਨ੍ਹਾਂ ਨੇ ਹਾਸ਼ੀਆਗਤ (ਪਿਛੜੇ/ਦੱਬੇ-ਕੁਚਲੇ) ਲੋਕਾਂ ਦੀ ਮੁਕਤੀ ਬਾਰੇ ਢੇਰ ਸਾਰੀਆਂ ਸਾਰਥਿਕ ਗੱਲਾਂ ਕੀਤੀਆਂ।
ਸਾਲ 1987-88 ’ਚ ਦਮਦਮੀ ਹੋਰਾਂ ਦੀ ਡਿਊਟੀ ਅਰੋਮਾ ਹੋਟਲ ਕੋਲ ਫੀਲਡ ਪਬਲੀਸਿਟੀ ਅਫਸਰ ਦੀ ਸੀ। ਉੱਥੇ ਉਨ੍ਹਾਂ ਨੂੰ ਮਿਲ ਕੇ ਮਾਨਸਾ ਇਲਾਕੇ ਦੇ ਲੇਖਕਾਂ ਅਤੇ ਭੀਖੀ ਪਰਿਵਾਰ ਦੀਆਂ ਅਨੇਕਾਂ ਗੱਲਾਂ ਸਾਂਝੀਆਂ ਹੋਈਆਂ। ਦਮਦਮੀ ਹੋਰਾਂ ਦੀਆਂ ਲਿਖਤਾਂ ਵਿੱਚ ਇੱਕ ਖ਼ਾਸ ਮੜ੍ਹਕ ਹੁੰਦੀ ਹੈ। ਕੋਈ ਵੀ ਲੇਖ ਲਿਖਣ ਲਈ ਉਸ ਬਾਰੇ ਕਈ-ਕਈ ਦਿਨਾਂ ਤੱਕ ਖੋਜ ਚੱਲਦੀ ਰਹਿੰਦੀ ਹੈ; ਉਂਝ ਉਹ ਬਹੁਤ ਹੀ ਮੌਜੀ ਕਿਸਮ ਦੇ ਸ਼ਖ਼ਸ ਹਨ। ਉਨ੍ਹਾਂ ਦੀਆਂ ਕੁਝ ਕਹਾਣੀਆਂ ਵੱਖ-ਵੱਖ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਦੀ ਖ਼ੂਬ ਚਰਚਾ ਵੀ ਹੋਈ ਪਰ ਉਨ੍ਹਾਂ ਨੇ ਅਜੇ ਤੱਕ ਆਪਣਾ ਕੋਈ ਸੁਤੰਤਰ ਕਹਾਣੀ ਸੰਗ੍ਰਹਿ ਨਹੀਂ ਛਪਵਾਇਆ। ਹੁਣ ਉਹ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਨ ਬਾਰੇ ਸੋਚ ਰਹੇ ਹਨ ਅਤੇ ਲਘੂ ਫਿਲਮਾਂ ਬਣਾਉਣ ਦਾ ਮਨਸੂਬਾ ਵੀ ਹੈ। ਸ੍ਰੀ ਸਿੱਧੂ ਨੇ ਦੱਸਿਆ, “ਓਸ਼ੋ ਨੂੰ ਪੜ੍ਹਨ ਨਾਲ ਮੇਰੀਆਂ ਲਿਖਤਾਂ ਵਿੱਚ ਕਾਫ਼ੀ ਗਹਿਰਾਈ ਆਈ।” ਦਮਦਮੀ ਨੂੰ ਪੈਗੰਬਰ ਯਰਥੁਸਤਰਾ ਬਾਰੇ ਓਸ਼ੋ ਦੀ ਪ੍ਰਵਚਨ ਲੜੀ ਬਹੁਤ ਚੰਗੀ ਲੱਗੀ। ਯਰਥੁਸਤਰਾ ਦੇ ਪੈਰੋਕਾਰਾਂ ਵਿੱਚ ਇਹ ਰਵਾਇਤ ਹੈ ਕਿ ਉਹ ਹੱਸਦਾ ਹੋਇਆ ਹੀ ਪੈਦਾ ਹੋਇਆ ਸੀ ਅਤੇ ਹਾਸੇ ਰਾਹੀਂ ਰੱਬ ਨੂੰ ਪਾਉਣ ਦਾ ਰੂਹਾਨੀ ਮਾਰਗ ਦਿਖਾ ਕੇ, ਹੱਸਦਾ ਹੋਇਆ ਹੀ ਇਸ ਸੰਸਾਰ ਤੋਂ ਤੁਰ ਗਿਆ। ਉਹ ਜਗਰਾਉਂ ਨੇੜਲੇ ਗੁਰਦਿਆਲ ਸਿੰਘ ਤੋਂ ਵੀ ਕਾਫ਼ੀ ਪ੍ਰਭਾਵਿਤ ਹਨ, ਜੋ ਓਸ਼ੋ ਦਾ ਬਾਡੀਗਾਰਡ ਰਿਹਾ ਅਤੇ ਹਮੇਸ਼ਾ ਹੱਸਦਾ ਰਹਿੰਦਾ ਸੀ। ਉਸ ਨੇ ‘ਓਸ਼ੋ ਨਾਲ ਗੁਜ਼ਾਰੇ ਦਿਨ’ ਨਾਮੀ ਪੁਸਤਕ ਲਿਖੀ ਸੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਹਾਸਾ ਰੂਹ ਦੀ ਚੂਲ ਹੈ।
ਸਿੱਧੂ ਦਮਦਮੀ ਦੀਆਂ ਰਚਨਾਵਾਂ ‘ਜਨ ਸਾਹਿਤ’ ਅਤੇ ‘ਪ੍ਰੀਤ ਲੜੀ’ ਵਰਗੇ ਵੱਕਾਰੀ ਪਰਚਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਅਤੇ ਯੂਨੀਵਰਸਿਟੀ ਨੇ ਪੱਤਰਕਾਰੀ ਦੇ ਵਿਸ਼ੇਸ਼ ਅੰਕਾਂ ਵਿੱਚ ਉਨ੍ਹਾਂ ਦੇ ਕੁਝ ਲੇਖ ਛਾਪੇ। ਸ੍ਰੀ ਦਮਦਮੀ ਨੇ ਤਕਰੀਬਨ 46 ਸਾਲਾਂ ਬਾਅਦ ਪ੍ਰਕਾਸ਼ਿਤ ਹੋਈ ਆਪਣੀ ਕਾਵਿ-ਪੁਸਤਕ ‘ਅਰਦਾਸ ਕਰਦੀਆਂ ਮਾਵਾਂ’ ਆਪਣੇ ਪਿਤਾ ਕਰਤਾਰ ਸਿੰਘ ਸਿੱਧੂ ਅਤੇ ਮਾਂ ਜਸਵੰਤ ਕੌਰ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਨੇ ‘ਕੁਵੇਲਾ’ ਅਤੇ ‘ਅਧੂਰਾ ਸਵੈਟਰ’ ਆਦਿ ਭਾਵੁਕ ਕਵਿਤਾਵਾਂ ਆਪਣੀ ਮਾਂ ਦੀ ਯਾਦ ਵਿੱਚ ਲਿਖੀਆਂ ਹਨ। ਸਿੱਧੂ ਦਮਦਮੀ ਨੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ ਬਹੁਤ ਕਲਾਤਮਿਕਤਾ ਭਰਪੂਰ ਸੰਪਾਦਕੀਆਂ ਲਿਖੀਆਂ।
‘ਪੰਜਾਬੀ ਟ੍ਰਿਬਿਊਨ’ ਵਿੱਚ ਆ ਕੇ ਉਨ੍ਹਾਂ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਉਨ੍ਹਾਂ ਨੇ ਭਾਸ਼ਾ ਵਿਭਾਗ ਦਾ ‘ਸ਼੍ਰੋਮਣੀ ਪੱਤਰਕਾਰ ਐਵਾਰਡ’ ਠੁਕਰਾ ਦਿੱਤਾ, ਜੋ ਉਸ ਵੇਲੇ ਇੱਕ ਵੱਡੀ ਰਾਸ਼ੀ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ‘ਨੌਜਵਾਨ ਮੰਚ’ ਮੁਹੱਈਆ ਕਰਵਾਇਆ; ਉਨ੍ਹਾਂ ਦਾ ਹਫ਼ਤਾਵਾਰੀ ਕਾਲਮ ‘ਸਤਰਾਂ ਤੇ ਸੈਨਤਾਂ’ ਸਾਹਿਤਕ ਹਲਕਿਆਂ ਵਿੱਚ ਖ਼ੂਬ ਛਾਇਆ ਰਿਹਾ। ਉਨ੍ਹਾਂ ਦੀਆਂ ਲਿਖੀਆਂ ਸੰਪਾਦਕੀਆਂ ਵਿੱਚੋਂ ਚੋਣਵੇਂ ਲੇਖਾਂ ਦੀ ਕਿਤਾਬ ‘ਸਾਹਿਬਾਂ ਦੀ ਦੋਚਿੱਤੀ’ ਪ੍ਰਕਾਸ਼ਿਤ ਹੋਈ।
ਉਨ੍ਹਾਂ ਨੇ ਭੂਸ਼ਨ ਧਿਆਨਪੁਰੀ, ਰਾਮ ਸਿੰਘ ਚਾਹਲ ਅਤੇ ਅਜੀਤ ਪਾਲ ਨਾਲ ਮਿਲ ਕੇ ਦੋ-ਮਾਸਿਕ ਪੱਤਰ ‘ਸਾਹਿਤਕ ਸੰਖ’ ਸ਼ੁਰੂ ਕੀਤਾ, ਜਿਸ ਦੇ ਸਾਹਿਤਕ ਚੋਰੀ, ਓਹਲਾ, ਡਰ ਤੇ ਮੁਹੱਬਤ ਵਰਗੇ ਵਿਸ਼ਿਆਂ ’ਤੇ ਵਿਸ਼ੇਸ਼ ਸਾਹਿਤਕ ਅੰਕ ਪ੍ਰਕਾਸ਼ਿਤ ਹੋਏ।
ਸਿੱਧੂ ਦਮਦਮੀ ਨਾ ਸਾਹਿਤਕ ਫ਼ਿਰਕੇਬਾਜ਼ ਹਨ, ਨਾ ਹੀ ਸ਼ਰੀਕੇਬਾਜ਼ ਪਰ ਲਿਖਤਾਂ ਵਿੱਚ ਉਨ੍ਹਾਂ ਨੂੰ ਉਸਾਰੂ ਫ਼ਿਕਰੇਬੰਦੀ ਦਾ ਫ਼ਿਕਰ ਜ਼ਰੂਰ ਰਹਿੰਦਾ ਹੈ। ਬਿਜਲੀ ਬੋਰਡ ਨੇ ਜਦੋਂ ਮੈਨੂੰ ‘ਚਾਨਣ ਮੁਨਾਰਾ’ ਰਸਾਲੇ ਦਾ ਸੰਪਾਦਕ ਨਿਯੁਕਤ ਕੀਤਾ ਤਾਂ ਸੰਪਾਦਨ ਕਲਾ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਉਸ ਵੇਲੇ ਮੈਂ ਸਿੱਧੂ ਦਮਦਮੀ ਹੋਰਾਂ ਨਾਲ ਸਿੱਧੀ ਗੱਲਬਾਤ ਕਰਦਾ ਰਿਹਾ। ਉਨ੍ਹਾਂ ਨਾਲ ਹੋਏ ਇਸ ਸੰਵਾਦ ਨੇ ਮੇਰਾ ਬੇੜਾ ਬੰਨੇ ਲਾ ਦਿੱਤਾ। ਉਹ ‘ਸਾਡਾ ਚੈਨਲ’ ਦੇ ਕਰਤਾ-ਧਰਤਾ (ਸੀ ਈ ਓ) ਵਜੋਂ ਇਲੈਕਟ੍ਰਾਨਿਕ ਮੀਡੀਆ ਨਾਲ ਜੁੜੇ ਰਹੇ। ਉਨ੍ਹਾਂ ਨੇ ‘ਸਾਡਾ ਚੈਨਲ’ ਰਾਹੀਂ ‘ਖ਼ਰੀਆਂ-ਖ਼ਰੀਆਂ’ ਪ੍ਰੋਗਰਾਮ ਲਈ ਗੁਰਸ਼ਰਨ ਭਾ’ਜੀ, ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਅਤੇ ਗੁਰਚਰਨ ਸਿੰਘ ਟੌਹੜਾ ਦੀਆਂ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਇੰਟਰਵਿਊਜ਼ ਕੀਤੀਆਂ। ਉਨ੍ਹਾਂ ਨੇ ਪੱਤਰਕਾਰੀ ਦੇ ਮਾਮਲੇ ਵਿੱਚ ਬਹੁਤ ਮਿਆਰੀ ਕੰਮ ਕੀਤਾ। ‘ਖ਼ਬਰ ਖ਼ਤਮ’ ਉਨ੍ਹਾਂ ਦੀ ਪੱਤਰਕਾਰੀ ਬਾਰੇ ਲਿਖੀ ਖੋਜ ਭਰਪੂਰ ਪੁਸਤਕ ਹੈ। ਗ੍ਰੀਨ ਕਾਰਡ ਧਾਰਕ ਹੋਣ ਕਾਰਨ ਉਹ ਭਾਰਤ ਅਤੇ ਅਮਰੀਕਾ ਦੋਵਾਂ ਮੁਲਕਾਂ ਵਿੱਚ ਆ ਜਾ ਸਕਦੇ ਹਨ। ਉਨ੍ਹਾਂ ਵੱਲੋਂ ਚੈਨਲ ’ਤੇ ਕਰਵਾਏ ਗਏ ਟਾਕ ਸ਼ੋਅ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਉਹ ਅਮਰੀਕਾ ਜਾ ਕੇ ਵੀ ਹਫ਼ਤਾਵਾਰੀ ‘ਪੰਜਾਬੀ ਪ੍ਰੈੱਸ’ ਪਰਚਾ ਕੱਢਦੇ ਅਤੇ ਟੈਲੀਵਿਜ਼ਨ ਤੇ ਰੇਡੀਓ ਲਈ ਕੰਮ ਕਰਦੇ ਰਹੇ। ਉਹ ਸਹੀ ਮਾਅਨਿਆਂ ਵਿੱਚ ਮਲਟੀਮੀਡੀਆ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼ਖ਼ਸ ਹਨ।
ਗੁਰਸ਼ਰਨ ਭਾ’ਜੀ ਬਾਰੇ ਬਣੀ ਦਸਤਾਵੇਜ਼ੀ ਫਿਲਮ ਅਸੀਂ ਭਾਸ਼ਾ ਵਿਭਾਗ, ਪੰਜਾਬ ਦੇ ਵਿਹੜੇ ਵਿੱਚ ਦੇਖੀ ਸੀ, ਜਿਸ ਦੇ ਨਿਰਮਾਤਾ-ਨਿਰਦੇਸ਼ਕ ਸਿੱਧੂ ਦਮਦਮੀ ਸਨ। ਗੁਰਸ਼ਰਨ ਭਾ’ਜੀ ਨੇ ਇਸ ਫਿਲਮ ਵਿੱਚ ਵਰਤਮਾਨ ਵਰਤਾਰੇ ਅਤੇ ਕਮਿਊਨਿਸਟਾਂ ਦੇ ਅੰਦਰੂਨੀ ਵਿਰੋਧਾਂ ਬਾਰੇ ਬਹੁਤ ਮਾਰਮਿਕ ਗੱਲਾਂ ਕੀਤੀਆਂ ਸਨ। ਉਨ੍ਹਾਂ ਦੇ ਹਫ਼ਤਾਵਾਰੀ ਕਾਲਮਾਂ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਵਾਤਾਵਰਨ ਅਤੇ ਰੁੱਖਾਂ ਦੀ ਸੰਭਾਲ ਬਾਰੇ ਲਿਖੇ ਉਨ੍ਹਾਂ ਦੇ ਸੰਪਾਦਕੀ ਲੇਖ ਲੋਕਾਂ ਵਿੱਚ ਵੱਡੀ ਜਾਗਰੂਕਤਾ ਪੈਦਾ ਕਰਨ ਵਾਲੇ ਹੁੰਦੇ ਸਨ। ਜਦੋਂ ਬਰਾਕ ਹੁਸੈਨ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਉਦੋਂ ਦਮਦਮੀ ਦੇ ਲੇਖ ਦਾ ਸਿਰਲੇਖ ਓਬਾਮਾ ਨੂੰ ਕ੍ਰਿਸ਼ਨ (ਸ਼ਿਆਮ ਰੰਗ) ਦੇ ਰੰਗ ਨਾਲ ਜੋੜਨ ਵਾਲਾ ਸੀ। ਦਮਦਮੀ ਹੋਰਾਂ ਨੇ ਹਮੇਸ਼ਾ ਪੱਤਰਕਾਰੀ ਦੇ ਮਿਆਰ ਨੂੰ ਕਾਇਮ ਰੱਖਿਆ ਅਤੇ ਨੌਜਵਾਨ ਵਰਗ ਨੂੰ ਸਹੀ ਸੇਧ ਦਿੱਤੀ। ਸ਼ਾਲਾ! ਉਨ੍ਹਾਂ ਦੀ ਪੱਤਰਕਾਰੀ ਅਤੇ ਸਿਰਜਣਾਤਮਿਕ ਕਲਮ ਦਾ ਦਰਿਆ ਇਉਂ ਹੀ ਵਹਿੰਦਾ ਰਹੇ।
ਸੰਪਰਕ: 96464-20277

