DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ ਕਰਤਾਰ ਸਿੰਘ ਸਰਾਭਾ

ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਵਿੱਚੋਂ ਇੱਕ ਸੀ। ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਕਰਤਾਰ ਸਿੰਘ ਸਰਾਭਾ...

  • fb
  • twitter
  • whatsapp
  • whatsapp
Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਵਿੱਚੋਂ ਇੱਕ ਸੀ। ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਕਰਤਾਰ ਸਿੰਘ ਸਰਾਭਾ ਇੱਕ ਚੰਗੇ ਖਾਂਦੇ-ਪੀਂਦੇ ਪਰਿਵਾਰ ਤੋਂ ਸੀ। ਛੋਟੀ ਉਮਰ ਵਿੱਚ ਹੀ ਸਰਾਭਾ ਦੇ ਸਿਰ ’ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਉਸ ਦਾ ਪਾਲਣ-ਪੋਸ਼ਣ ਉਸ ਦੇ ਬਾਬਾ ਜੀ ਨੇ ਕੀਤਾ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਕੀਤੀ। ਬਾਬਾ ਜੀ ਦੇ ਯਤਨਾਂ ਸਦਕਾ ਕਰਤਾਰ ਸਿੰਘ ਨੂੰ ਉਚੇਰੀ ਸਿੱਖਿਆ ਲਈ ਅਮਰੀਕਾ ਭੇਜ ਦਿੱਤਾ ਗਿਆ।

ਉੱਥੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਵਿੱਚ ਦਾਖਲਾ ਮਿਲਿਆ। ਉੱਥੇ ਹੀ ਉਸ ਦਾ ਮੇਲ ਸਰਾਭਾ ਪਿੰਡ ਤੋਂ ਗਏ ਰੁਲੀਆ ਸਿੰਘ ਨਾਲ ਹੋਇਆ, ਜੋ ਮਗਰੋਂ ਗੂੜ੍ਹੀ ਮਿੱਤਰਤਾ ਵਿੱਚ ਤਬਦੀਲ ਹੋਇਆ। ਅਮਰੀਕਾ ਵਿੱਚ ਉਸ ਵੇਲੇ ਰਹਿੰਦੇ ਹਿੰਦੋੋਸਤਾਨੀਆਂ ਨੂੰ ਮਿਲਣ ਵਾਲੀ ਘੱਟ ਉਜਰਤ, ਕੰਮ ਵੇਲੇ ਵਿਤਕਰੇ ਭਰਿਆ ਵਿਹਾਰ ਅਤੇ ਗ਼ੁਲਾਮ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਉਨ੍ਹਾਂ ਦੇ ਮਨਾਂ ਵਿੱਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੇ ਵਿਚਾਰ ਨੂੰ ਤਾਕਤ ਦਿੱਤੀ। ਉੱਘੇ ਬੁੱਧੀਜੀਵੀ ਅਤੇ ਦੇਸ਼ਭਗਤ ਲਾਲਾ ਹਰਦਿਆਲ ਵੀ ਉਸ ਵੇਲੇ ਅਮਰੀਕਾ ਵਿੱਚ ਹੀ ਸਨ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਨੇ ਅਮਰੀਕਾ ਸਥਿਤ ਹਿੰਦੋਸਤਾਨੀਆਂ ਦੀ ਇੱਕ ਜਥੇਬੰਦੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ। ਬਰਕਲੇ ਯੂਨੀਵਰਸਿਟੀ ਵਿੱਚ ਹਿੰਦੋਸਤਾਨੀ ਵਿਦਿਆਰਥੀਆਂ ਦੀ ਇੱਕ ਮੀਟਿੰਗ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਮੇਲ ਲਾਲਾ ਹਰਦਿਆਲ ਨਾਲ ਹੋਇਆ। ਉਹ ਲਾਲਾ ਹਰਦਿਆਲ ਦੇ ਭਾਸ਼ਣ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਪੜ੍ਹਾਈ ਛੱਡ ਕੇ ਆਪਣੇ ਮੁਲਕ ਦੀ ਆਜ਼ਾਦੀ ਲਈ ਬਾਬਾ ਭਕਨਾ ਦੀ ਅਗਵਾਈ ਹੇਠ ਸਥਾਪਿਤ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ। ਇਸ ਮਗਰੋਂ ਉਸ ਨੇ ਸਾਂ ਫਰਾਂਸਿਸਕੋ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਗ਼ਦਰ ਪਾਰਟੀ ਨੇ ‘ਗ਼ਦਰ’ ਨਾਂ ਦਾ ਅਖ਼ਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਕਰਤਾਰ ਸਿੰਘ ਸਰਾਭਾ ਨੂੰ ਇਸ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ। ਪਰਚਾ ਛਾਪਣ ਦੀ ਮੁੱਖ ਜ਼ਿੰਮੇਵਾਰੀ ਵੀ ਸਰਾਭਾ ਦੇ ਮੋਢਿਆਂ ’ਤੇ ਹੀ ਸੀ। ਕਰਤਾਰ ਸਿੰਘ ਸਰਾਭਾ ਹੱਥ ਨਾਲ ਚੱਲਣ ਵਾਲੀ ਪ੍ਰੈੱਸ ’ਤੇ ਲਗਾਤਾਰ ਕੰਮ ਕਰਦਾ ਤੇ ਅਕਸਰ ਜੋਸ਼ ਵਿੱਚ ਆਪਣੀ ਲਿਖੀ ਕਵਿਤਾ ਗਾਉਂਦਾ, ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।’ ਨਵੰਬਰ 1913 ਵਿੱਚ ਛਪੇ ‘ਗ਼ਦਰ’ ਦੇ ਪਹਿਲੇ ਅੰਕ ਵਿੱਚ ਅੰਗਰੇਜ਼ਾਂ ਦੇ ਸਾਮਰਾਜੀ ਰਾਜ ਦਾ ਕੱਚਾ ਚਿੱਠਾ ਛਾਪਿਆ ਗਿਆ। ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਹਰ ਸਾਲ 50 ਕਰੋੜ ਰੁਪਏ ਇੰਗਲੈਂਡ ਲੈ ਕੇ ਜਾ ਰਹੇ ਸਨ ਤੇ ਇਸੇ ਕਰਕੇ ਹਿੰਦੋਸਤਾਨ ਵਿੱਚ ਜਾਨ ਮਾਰ ਕੇ ਦਿਹਾੜੀ ਕਰਨ ਵਾਲੇ ਨੂੰ ਸਿਰਫ਼ ਪੰਜ ਪੈਸੇ ਮਿਲਦੇ ਸਨ। ਚੌਵੀ ਕਰੋੜ ਵਿਅਕਤੀਆਂ ਦੀ ਸਿੱਖਿਆ ’ਤੇ ਪੌਣੇ ਅੱਠ ਕਰੋੜ ਰੁਪਏ ਅਤੇ ਸਿਹਤ ਸੰਭਾਲ ’ਤੇ ਸਿਰਫ਼ ਦੋ ਕਰੋੜ ਰੁਪਏ, ਪਰ ਫ਼ੌਜ ’ਤੇ 29 ਕਰੋੜ ਰੁਪਈਏ ਖ਼ਰਚ ਕੀਤੇ ਜਾਂਦੇ ਸਨ। ਅੰਗਰੇਜ਼ੀ ਰਾਜ ਵਿੱਚ ਪੈਣ ਵਾਲੇ ਸੋਕੇ ਤੇ ਕਾਲ਼ਾਂ ਦੀ ਵਧ ਰਹੀ ਗਿਣਤੀ ਅਤੇ ਦਸਾਂ ਸਾਲਾਂ ਵਿੱਚ ਦੋ ਕਰੋੜ ਲੋਕਾਂ ਦੀ ਮੌਤ ਦਾ ਅੰਕੜਾ ਵੀ ਛਾਪਿਆ ਗਿਆ। ਹਿੰਦੋਸਤਾਨ ਦੇ ਪੈਸੇ ਨਾਲ ਅਤੇ ਇੱਥੋਂ ਦੇ ਬਾਸ਼ਿੰਦਿਆਂ ਦੀਆਂ ਜਾਨਾਂ ਦਾਅ ’ਤੇ ਲਾ ਕੇ ਹੋਰਨਾਂ ਮੁਲਕਾਂ ’ਤੇ ਚੜ੍ਹਾਈ ਕੀਤੀ ਜਾਂਦੀ ਸੀ। ਹਿੰਦੋਸਤਾਨੀਆਂ ਨੂੰ ਜਾਗਰੂਕ ਕਰਦਾ ਇਹ ਪਰਚਾ ਗੁਪਤ ਰਸਤਿਆਂ ਤੇ ਵਸੀਲਿਆਂ ਰਾਹੀਂ ਹਿੰਦੋਸਤਾਨ ਅਤੇ ਹੋਰਨਾਂ ਦੇਸ਼ਾਂ ਵਿੱਚ ਭੇਜਿਆ ਜਾਂਦਾ ਰਿਹਾ, ਜੋ ਇੱਕ ਬਹੁਤ ਮੁਸ਼ਕਿਲ ਕੰਮ ਸੀ।

Advertisement

ਸੰਨ 1914-15 ਵਿੱਚ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ ਤਾਂ ਇਨ੍ਹਾਂ ਦੇਸ਼ਭਗਤਾਂ ਨੇ ਆਪਣੇ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ਾਂ ਦੀ ਲੋਟੂ ਸਾਮਰਾਜੀ ਹਕੂਮਤ ਦਾ ਖ਼ਾਤਮਾ ਕਰਨ ਦਾ ਫ਼ੈਸਲਾ ਕੀਤਾ। ਇਸ ਪ੍ਰੋਗਰਾਮ ਅਧੀਨ ਹੋਰਨਾਂ ਸਾਥੀਆਂ ਨਾਲ ਕਰਤਾਰ ਸਿੰਘ ਸਰਾਭਾ ਸ੍ਰੀਲੰਕਾ ਵਿੱਚੋਂ ਹੁੰਦਾ ਹੋਇਆ ਹਿੰਦੋਸਤਾਨ ਪੁੱਜਿਆ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਫ਼ੌਜੀ ਛਾਉਣੀਆਂ ਵਿੱਚ ਤਾਲਮੇਲ ਪੈਦਾ ਕਰ ਕੇ ਫ਼ੌਜੀਆਂ ਨੂੰ ਬਗ਼ਾਵਤ ਲਈ ਪ੍ਰੇਰਨ ਅਤੇ ਹਥਿਆਰ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੰਤਵ ਦੀ ਪੂਰਤੀ ਲਈ ਕਰਤਾਰ ਸਿੰਘ ਸਰਾਭਾ ਲਾਹੌਰ ਅਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਵਿੱਚ ਜਾ ਕੇ ਫ਼ੌਜੀਆਂ ਨੂੰ ਮਿਲਦੇ ਤੇ ਉਨ੍ਹਾਂ ਨੂੰ ਇਨਕਲਾਬ ਲਈ ਤਿਆਰ ਕਰਦੇ ਰਹੇ। ਇਸ ਮਗਰੋਂ ਬਗ਼ਾਵਤ ਅਤੇ ਹਥਿਆਰਬੰਦ ਹਮਲਿਆਂ ਲਈ 20 ਫਰਵਰੀ 1915 ਦਾ ਦਿਨ ਤੈਅ ਕੀਤਾ ਗਿਆ, ਪਰ ਕੁਝ ਗੱਦਾਰਾਂ ਵੱਲੋਂ ਖ਼ਬਰ ਬਾਹਰ ਕੱਢ ਦੇਣ ਕਾਰਨ ਵੱਡੀ ਗਿਣਤੀ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ ਤੇ ਇਹ ਪ੍ਰੋਗਰਾਮ ਨਾ ਚਾਹੁੰਦੇ ਹੋਏ ਵੀ ਮੁਲਤਵੀ ਕਰਨਾ ਪਿਆ।

Advertisement

ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਸੁਰ ਸਿੰਘ ਹਥਿਆਰਾਂ ਦੀ ਪ੍ਰਾਪਤੀ ਲਈ ਜਗਤ ਸਿੰਘ ਦੇ ਇੱਕ ਮਿੱਤਰ ਕੋਲ ਸਰਗੋਧਾ ਗਏ, ਜਿੱਥੇ ਉਸ ਨੇ ਮੁਖ਼ਬਰੀ ਕਰਕੇ ਰਸਾਲਦਾਰ ਗੰਡਾ ਸਿੰਘ ਰਾਹੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਗ੍ਰਿਫ਼ਤਾਰੀ ਉਪਰੰਤ ਇਨ੍ਹਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 26 ਅਪਰੈਲ 1915 ਵਿੱਚ ਇਨ੍ਹਾਂ ਵਿਰੁੱਧ ਲਾਹੌਰ ਸਾਜ਼ਿਸ਼ ਕੇਸ-1 ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਨਿਰਾਧਾਰ ਦੋਸ਼ ਵਾਲੇ ਮੁੱਕਦਮੇ ਅਤੇ ਮੁਖ਼ਬਰਾਂ ਦੀਆਂ ਝੂਠੀਆਂ ਗਵਾਹੀਆਂ ਦੇ ਆਧਾਰ ’ਤੇ ਸਪੈਸ਼ਲ ਅਦਾਲਤ ਨੇ 13 ਸਤੰਬਰ 1915 ਨੂੰ ਆਪਣਾ ਫ਼ੈਸਲਾ ਸੁਣਾਉਂਦਿਆਂ 64 ਦੇਸ਼ਭਗਤਾਂ ਵਿੱਚੋਂ 24 ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਬਾਕੀਆਂ ਨੂੰ ਉਮਰ ਕੈਦ ਜਾਂ ਕਈ ਕਈ ਸਾਲ ਕੈਦ ਕੱਟਣ ਦਾ ਹੁਕਮ ਦਿੱਤਾ। 24 ਦੇਸ਼ਭਗਤਾਂ ਨੂੰ ਫਾਂਸੀ ਦੀ ਸਜ਼ਾ ਦੇ ਫ਼ੈਸਲੇ ਵਿਰੁੱਧ ਇੰਗਲੈਂਡ ਦੀ ਸੰਸਦ ਵਿੱਚ ਵੀ ਆਵਾਜ਼ ਉੱਠੀ, ਜਿਸ ਮਗਰੋਂ ਉਸ ਵੇਲੇ ਭਾਰਤ ਵਿਚਲੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਖ਼ੁਦ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ। ਸਿੱਟੇ ਵਜੋਂ 17 ਗ਼ਦਰੀ ਦੇਸ਼ਭਗਤਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਸਣੇ ਸੱਤ ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ। ਜੱਜ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦਾ ਹੋਣ ਕਾਰਨ ਰਹਿਮ ਦੀ ਅਪੀਲ ਕਰ ਦੇਵੇ। ਜਦੋਂ ਕਰਤਾਰ ਸਿੰਘ ਸਰਾਭਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿੱਚ ਆਏ ਜੱਜ ਨੇ ਕਿਹਾ ਕਿ 61 ਸਾਜ਼ਿਸ਼ੀਆਂ ਵਿੱਚ ਇਸ ਦੇ ਕਾਰਨਾਮਿਆਂ ਦੀ ਤਫ਼ਸੀਲ ਬੜੀ ਲੰਮੀ ਹੈ। ਅਮਰੀਕਾ ਵਿੱਚ ਸਮੁੰਦਰੀ ਰਸਤੇ ਅਤੇ ਹਿੰਦੋਸਤਾਨ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ, ਜਿਸ ਵਿੱਚ ਬਰਤਾਨਵੀ ਸਰਕਾਰ ਖਿਲਾਫ਼ ਸਾਜ਼ਿਸ਼ ’ਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨਾ ਹੋਵੇ। ਵਕੀਲਾਂ ਦੇ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਇਨਕਲਾਬੀਆਂ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ ਜਾ ਸਕਦੀ ਕਿਉਂਕਿ ਇਨ੍ਹਾਂ ਖ਼ਿਲਾਫ਼ ਬਣਾਏ ਗਏ ਸਾਰੇ ਕੇਸ ਅਤੇ ਭੁਗਤਾਏ ਗਏ ਗਵਾਹ ਗ਼ਲਤ ਤੇ ਝੂਠੇ ਸਨ। ਇਸ ਤਰ੍ਹਾਂ ਅੰਗਰੇਜ਼ੀ ਹਕੂਮਤ ਨੇ 16 ਨਵੰਬਰ 1915 ਨੂੰ ਛੇ ਸਾਥੀਆਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ ਫਾਹੇ ਲਾ ਦਿੱਤਾ।

ਦੁੱਖ ਵਾਲੀ ਗੱਲ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਬਾਅਦ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ। ਸਰਕਾਰਾਂ ਦੀਆਂ ਗ਼ਲਤ ਨੀਤੀਆਂ, ਸਰਮਾਏਦਾਰਾਂ ਤੇ ਕਾਰਪੋਰੇਟਾਂ ਦੀ ਦਿਨੋ-ਦਿਨ ਪੀਡੀ ਹੋ ਰਹੀ ਜਕੜ ਸਾਡੇ ਕੁਦਰਤੀ ਸੋਮਿਆਂ ਤੇ ਸਾਧਨਾਂ ਦੀ ਲੁੱਟ, ਸਾਮਰਾਜ ਦੇ ਬਦਲੇ ਹੋਏ ਰੂਪ ਅਮਰੀਕੀ ਸਰਕਾਰਾਂ ਤੇ ਉਸਦੀਆਂ ਹੱਥਠੋਕਾ ਵਿੱਤੀ ਏਜੰਸੀਆਂ- ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਡਬਲਿਯੂ ਟੀ ਓ ਦਾ ਸਾਡੇ ਦੇਸ਼ ਵਿੱਚ ਮਾਰੂ ਅਤੇ ਨਾਂਹ-ਪੱਖੀ ਦਖ਼ਲ ਤੇ ਇਸ ਦੇ ਮਾਰੂ ਪ੍ਰਭਾਵ- ਸਭ ਸਾਡੇ ਮਹਾਨ ਇਨਕਲਾਬੀਆਂ ਦੇ ਅਧੂਰੇ ਰਹਿ ਗਏ ਸੁਫ਼ਨਿਆਂ ਦੀ ਸ਼ਾਹਦੀ ਭਰਦੇ ਹਨ। ਭਾਰਤੀ ਜਨਤਕ ਸਫ਼ਾਂ ਦੀ ਮੁੱਢਲੀ ਲੋੜ ਇਹ ਹੈ ਕਿ ਅਜੋਕੀ ਸਰਮਾਏਦਾਰੀ ਦੀਆਂ ਅਲਾਮਤਾਂ ਤੋਂ ਉੱਪਰ ਉੱਠ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮਦਿਨ ਮੌਕੇ ਦੇਸ਼ਭਗਤਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਮਿਹਨਤਕਸ਼ ਕਿਰਤੀਆਂ ਦੀ ਸਾਂਝ ਮਜ਼ਬੂਤ ਕੀਤੀ ਜਾਵੇ, ਜਿਸ ਸਦਕਾ ਅਸਲ ਮਾਅਨਿਆਂ ਵਿੱਚ ਲੋਕ-ਪੱਖੀ ਰਾਜ ਕਾਇਮ ਹੋ ਸਕੇ।

ਸੰਪਰਕ: 98157-95807

Advertisement
×