DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਕਹਾਣੀ ਦਾ ਵੱਖਰਾ ਮੁਹਾਂਦਰਾ ਘੜਨ ਵਾਲਾ ਜਿੰਦਰ

ਜਿੰਦਰ ਨੂੰ ਪਿਛਲੇ ਸਾਲ ਆਏ ਉਸ ਦੇ ਕਹਾਣੀ ਸੰਗ੍ਰਹਿ ‘ਸੇਫਟੀ ਕਿੱਟ’ ਲਈ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਲ 2025 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਸਨਮਾਨ ਉਸ ਦੀ ਲੰਮੀ ਸਾਹਿਤ ਸਾਧਨਾ ਨੂੰ ਮਿਲਿਆ ਹੈ। ਜਿੰਦਰ ਤੋਂ ਬਗੈਰ...

  • fb
  • twitter
  • whatsapp
  • whatsapp
Advertisement

ਜਿੰਦਰ ਨੂੰ ਪਿਛਲੇ ਸਾਲ ਆਏ ਉਸ ਦੇ ਕਹਾਣੀ ਸੰਗ੍ਰਹਿ ‘ਸੇਫਟੀ ਕਿੱਟ’ ਲਈ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਲ 2025 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਸਨਮਾਨ ਉਸ ਦੀ ਲੰਮੀ ਸਾਹਿਤ ਸਾਧਨਾ ਨੂੰ ਮਿਲਿਆ ਹੈ। ਜਿੰਦਰ ਤੋਂ ਬਗੈਰ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਮੁਹਾਂਦਰੇ ਦਾ ਤਸੱਵਰ ਨਹੀਂ ਕੀਤਾ ਜਾ ਸਕਦਾ। ਜਿੰਦਰ ਦਾ ਪਹਿਲਾ ਕਹਾਣੀ ਸੰਗ੍ਰਹਿ ‘ਮੈਂ ਕਹਾਣੀ ਤੇ ਉਹ’ 1990 ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਪਿੱਛੋਂ ਹੁਣ ਤੱਕ ਉਸ ਦੇ ਕੁੱਲ ਅੱਠ ਕਹਾਣੀ ਸੰਗ੍ਰਹਿ ਆਏ ਹਨ। ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿੱਚ ਉਸ ਦਾ ਕੰਮ ਵਿਲੱਖਣ ਹੈ। ਇਸ ਸਾਲ ਜਿੰਦਰ ਨੇ ਆਪਣਾ ਪਹਿਲਾ ਨਾਵਲ ‘ਜ਼ਿੰਦਗੀ’ ਵੀ ਲਿਖਿਆ ਹੈ। ਪਿੰਡ ਲੱਕੜਾਂ ਦਾ ਜੰਮਪਲ ਜਿੰਦਰ ਹੁਣ ਜਲੰਧਰ ਦਾ ਵਸਨੀਕ ਹੈ। ਜੀਵਨ ਦੀਆਂ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਵਾਲਾ ਜਿੰਦਰ ਲੇਖਕ ਤੋਂ ਪਹਿਲਾਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਦਾ ਗੰਭੀਰ ਪਾਠਕ ਹੈ। ਉਹ ਪਿਛਲੇ ਤਕਰੀਬਨ 27 ਸਾਲਾਂ ਤੋਂ ਤ੍ਰੈ-ਮਾਸਿਕ ਸਾਹਿਤਕ ਮੈਗਜ਼ੀਨ ‘ਸ਼ਬਦ’ ਵੀ ਸੰਪਾਦਿਤ ਕਰ ਰਿਹਾ ਹੈ। ਉਸ ਦੀਆਂ ਅਨੇਕਾਂ ਕਹਾਣੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਜਿੰਦਰ ਦੀ ਕਹਾਣੀ ਜ਼ਿੰਦਗੀ ਦੀ ਸਤ੍ਵਾ ’ਤੇ ਪਏ ਯਥਾਰਥ ਨੂੰ ਉਪਦੇਸ਼ਾਂ ਵਿੱਚ ਸਮਝਾਉਣ ਦੀ ਥਾਂ ਸਮਾਜ ਦੀਆਂ ਕੁੰਦਰਾਂ ਵਿੱਚ ਲੁਕੇ ਅਣਪਛਾਤੇ ਯਥਾਰਥ ਨੂੰ ਖੁਰਚਦੀ ਹੈ। ਇਸ ਦਾ ਪ੍ਰਗਟਾਵਾ ਉਸ ਦੇ ਕਥਾ ਸੰਗ੍ਰਹਿ ‘ਸੇਫਟੀ ਕਿੱਟ’ ਵਿੱਚ ਵੀ ਹੈ। ਇਸ ਕਹਾਣੀ ਨੇ ਹਰ ਤਰ੍ਹਾਂ ਦੇ ਆਖ਼ਰੀ ਸੱਚ ’ਤੇ ਸਵਾਲੀਆ ਨਿਸ਼ਾਨ ਲਗਾ ਕੇ ਅਜਿਹੇ ਸੱਚ ਨੂੰ ਤਸਲੀਮ ਕੀਤਾ ਹੈ, ਜਿਹੜਾ ਸੱਚ ਹਾਲਾਤ ਦੀ ਪੈਦਾਵਾਰ ਹੁੰਦਾ ਹੈ। ‘ਸੇਫਟੀ ਕਿੱਟ’ ਪੁਸਤਕ ਦੀ ਕਹਾਣੀ ਜ਼ਿੰਦਗੀ ਦੇ ਸੱਚ ਦੀ ਇਸੇ ਤਲਾਸ਼ ਯਾਤਰਾ ਦਾ ਅਗਲਾ ਪੜਾਅ ਹੈ।
Advertisement

ਜਿੰਦਰ ਦੀ ਕਹਾਣੀ ਮੱਧਵਰਗੀ ਜੀਵਨ ਬੋਧ ਦੇ ਅਵਚੇਤਨ ਨੂੰ ਉਸ ਦੇ ਚੇਤਨ ਵਿਹਾਰ ਵਿੱਚੋਂ ਸਮਝਣ ਦਾ ਜ਼ਰੀਆ ਹੈ। ਦਰਅਸਲ, ਉਹ ਅਨਿਸ਼ਚਿਤਤਾ ਦਾ ਕਹਾਣੀਕਾਰ ਹੈ। ਉਸ ਦੀ ਕਹਾਣੀ ਵਿੱਚ ਕੁਝ ਵੀ ਤੈਅਸ਼ੁਦਾ ਨਹੀਂ। ਜਿੰਦਰ ਨੂੰ ਪੜ੍ਹਨ ਦਾ ਮਤਲਬ ਸਾਰੀਆਂ ਨਿਸ਼ਚਿਤ ਧਾਰਨਾਵਾਂ, ਪ੍ਰਚੱਲਿਤ ਵਿਚਾਰਾਂ ਅਤੇ ਸਥਾਪਿਤ ਸਮਾਜਿਕ ਸੰਰਚਨਾਵਾਂ ਨੂੰ ਕਾਂਟੇ ਹੇਠ ਰੱਖਣਾ ਹੈ। ਉਸ ਦੀ ਬਿਰਤਾਂਤਕ ਦ੍ਰਿਸ਼ਟੀ ਮਾਨਤਾਵਾਂ ਪ੍ਰਤੀ ਅਸਵੀਕ੍ਰਿਤੀ ਰੱਖਦੀ ਹੈ। ਇਹੋ ਅਸਵੀਕ੍ਰਿਤੀ ਕਹਾਣੀਆਂ ਵਿੱਚ ਆਦਿ ਤੋਂ ਅੰਤ ਤੱਕ ਫੈਲੀ ਹੁੰਦੀ ਹੈ। ਜਿੰਦਰ ਔਰਤ ਮਰਦ ਸਬੰਧਾਂ ਵਾਲੀ ਕਹਾਣੀ ਨੂੰ ਵਰਜਿਤ ਸਬੰਧਾਂ ਦੇ ਕਥਾ ਪੈਟਰਨ ਵਿੱਚੋਂ ਦੇਖਣ ਵਾਲੀ ਦ੍ਰਿਸ਼ਟੀ ਤੋਂ ਵੀ ਨਾਬਰ ਰਹਿੰਦਾ ਹੈ। ਉਹ ਦਲਿਤ ਬੋਧ ਦੀ ਕਹਾਣੀਕਾਰੀ ਨੂੰ ਤ੍ਰਿਸਕਾਰ ਤੇ ਗਲਾਜ਼ਤ ਵਾਲੇ ਭਾਵ ਪੈਦਾ ਕਰਨ ਤੱਕ ਸੀਮਤ ਨਹੀਂ ਰੱਖਦਾ ਸਗੋਂ ਸਮਾਜ ਦੇ ਜਾਤੀ ਜਮਾਤੀ ਵਿਹਾਰ ਹੇਠਾਂ ਕੰਮ ਕਰਦੇ ਅਵਚੇਤਨ ਸੰਸਾਰ ਤੱਕ ਪੁੱਜਣ ਦਾ ਯਤਨ ਕਰਦਾ ਹੈ। ਮੱਧਵਰਗੀ ਜੀਵਨ ਦੇ ਰਿਸ਼ਤਾ ਨਾਤਾ ਪ੍ਰਬੰਧ ਦੀਆਂ ਬੇਤਰਤੀਬੀਆਂ ਪ੍ਰਤੀ ਮਾਨਸਿਕ ਪ੍ਰਤੀਕਰਮ ਉਸ ਦੇ ਕਹਾਣੀ ਸੰਸਾਰ ਦਾ ਅਟੁੱਟ ਹਿੱਸਾ ਹਨ। ਜਿੰਦਰ ਦੀ ਕਹਾਣੀ ਦਾ ਨਾਰੀਵਾਦੀ ਸਰੂਪ ਵੀ ਵਿਲੱਖਣ ਹੈ। ਉਹ ਨਾਰੀ ਹੋਂਦ ਨੂੰ ਮਰਦ ਦੇ ਸਮਾਨਾਂਤਰ ਤੋਲਣ ਵਾਲੀ ਕਥਾ ਦ੍ਰਿਸ਼ਟੀ ਵਾਲਾ ਨਹੀਂ ਸਗੋਂ ਪਿੱਤਰ ਤੰਤਰ ਵਿੱਚ ਔਰਤ ਦੀ ਅਸੁਰੱਖਿਅਤ ਹੋਂਦ ਪ੍ਰਤੀ ਇੱਕ ਸਮਝ ਤਿਆਰ ਕਰਦਾ ਹੈ।

Advertisement

ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣੇ ਜਿੰਦਰ ਦੇ ਕਥਾ ਸੰਗ੍ਰਹਿ ‘ਸੇਫਟੀ ਕਿੱਟ’ ਵਿੱਚ ਉਸ ਦੀਆਂ ਦਸ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦਾ ਵੱਡਾ ਥੀਮਕ ਪਾਸਾਰ ਮੱਧਵਰਗੀ ਪੜ੍ਹੀ ਲਿਖੀ, ਜਾਗਰੂਕ ਅਤੇ ਸਾਧਨ ਸੰਪੰਨ ਔਰਤ ਦੇ ਦੁਫਾੜ ਵਜੂਦ ਅਤੇ ਦੁਬਿਧਾ ਭਰੇ ਮਨੋ-ਸੰਸਾਰ ਦੁਆਲੇ ਬੁਣਿਆ ਹੈ। ਜਿੰਦਰ ਔਰਤ ਦੀ ਉਸ ਹੋਂਦ ਨੂੰ ਚਿਤਰਦਾ ਹੈ, ਜਿਸ ਨੂੰ ਪਿੱਤਰ ਸੱਤਾ ਦੀਆਂ ਬੇੜੀਆਂ ਨੇ ਨੈਤਿਕਤਾ, ਸਦਾਚਾਰ ਅਤੇ ਮਮਤਾਮੂਲਕ ਪ੍ਰਤੀਮਾਨਾਂ ਦੀਆਂ ਸਮਝੌਤੀਆਂ ਨਾਲ ਮਰਦ ਕੇਂਦਰਿਤ ਪਛਾਣਾਂ ਵਿੱਚ ਨਰੜਿਆ ਹੋਇਆ ਹੈ। ਇਸੇ ਲਈ ਜਿੰਦਰ ਦਾ ਨਾਰੀਵਾਦ ਅਸਲ ਵਿੱਚ ਨਾਰੀ ਪ੍ਰਤੀ ਪੁਰਸ਼ ਤੱਕਣੀ ਦਾ ਪੁਨਰ-ਮੁਲਾਂਕਣ ਕਰਨ ਵਾਲੀ ਸੋਚ ਹੈ।

ਇਸ ਪੁਸਤਕ ਦੀਆਂ ਕਹਾਣੀਆਂ ਮਰਦ ਪ੍ਰਧਾਨ ਤੰਤਰ ਵਿੱਚ ਨਾਰੀ ਹੋਂਦ ਪ੍ਰਤੀ ਬਣੀਆਂ ਧਾਰਨਾਵਾਂ ’ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਔਰਤ ਦੇ ਮਨੋਵਿਗਿਆਨ ਨੂੰ ਕਥਾ ਰਸ ਤੇ ਬਿਰਤਾਂਤਕ ਰਹੱਸ ਨਾਲ ਪੇਸ਼ ਕਰਦੀਆਂ ਹਨ। ‘ਮੇਰਾ ਕੋਈ ਕਸੂਰ ਨਹੀਂ’ ਕਹਾਣੀ ਦੀ ਲਵਜੀਤ ਉਪਭੋਗਤਾਵਾਦ ਅੰਦਰ ਗਲ ਗਲ ਡੁੱਬੇ ਪੰਜਾਬ ਦੀ ਮਰਦਾਵੀਂ ਸੱਤਾ ਤੋਂ ਘੜੀ ਮੁੜੀ ਆਪਣੇ ਕਸੂਰਵਾਰ ਹੋਣ ਬਾਰੇ ਸਵਾਲ ਕਰਦੀ ਹੈ। ਉਹ ਪਰਵਾਸੀ ਪੂੰਜੀ ਦੇ ਜਲੌਅ ਵਿੱਚ ਅੰਨ੍ਹੇ ਆਪਣੇ ਪਿਤਾ ਅਤੇ ਭਰਾ ਦੀਆਂ ਸੰਸਥਾਵਾਂ ਨੂੰ ਸਵਾਲ ਕਰਦੀ ਹੈ, ਜਿਨ੍ਹਾਂ ਨੇ ਆਪਣੀ ਸਮਾਜਿਕ ਚੌਧਰ ਖ਼ਾਤਰ ਉਸ ਨੂੰ ਕੈਨੇਡਾ ਦੀ ਧਰਤੀ ’ਤੇ ‘ਨਿਕਲਣ’ ਲਈ ਮਜਬੂਰ ਕਰ ਦਿੱਤਾ। ‘ਦੂਰੀਆਂ’ ਕਹਾਣੀ ਦੀ ਜੀਤਾਂ ਸਵਾਰਥੀ ਰਿਸ਼ਤਿਆਂ ਦੀ ਰਾਮਕਾਰ ਵਿੱਚ ਆਪਣੀ ਸੁਤੰਤਰ ਹੋਂਦ ਲਈ ਤਰਸਦੀ ਦੁਬਿਧਾ, ਵਿਗੋਚੇ ਅਤੇ ਤੌਖ਼ਲਿਆਂ ਦੀ ਜੂਨ ਪਈ ਰਹਿੰਦੀ ਹੈ। ‘ਕੁੜਿੱਕੀ’ ਕਹਾਣੀ ਦੀ ਜਸ਼ਨਪ੍ਰੀਤ ਆਪਣੇ ਪਤੀ ਨਾਲ ਠੰਢੇ ਰਿਸ਼ਤੇ ਦੀ ਕੁੜਿੱਕੀ ਵਿੱਚ ਫਸੀ ਵਿਆਹ ਬਾਹਰੇ ਰਿਸ਼ਤੇ ਪ੍ਰਤੀ ਉਲਾਰ ਹੋਣ ਦੇ ਬਾਵਜੂਦ ਨਿਸ਼ਕ੍ਰਿਯ ਰਹਿੰਦਿਆਂ ਤਣਾਅ ਵਿੱਚ ਝੂਲਦੀ ਹੈ। ਜਸ਼ਨਪ੍ਰੀਤ ਪਾਤਰ ਦਾ ਇੱਕ ਪਾਸਾਰ ‘ਚਿਰਾਗ਼’ ਕਹਾਣੀ ਦੀ ਸਰਬਜੋਤ ਵਿੱਚ ਹੈ, ਜੋ ਨਸ਼ੇੜੀ ਪਤੀ ਅਤੇ ਪੁੱਤਰ ਨੂੰ ਜ਼ਿੰਦਗੀ ਦੀ ਲੀਹ ’ਤੇ ਲਿਆਉਣ ਲਈ ਬਾਹਰੀ ਤੇ ਅੰਦਰੂਨੀ ਯੁੱਧ ਲੜਦੀ ਹੈ। ਅਜਿਹਾ ਯੁੱਧ ‘ਸੇਫਟੀ ਕਿੱਟ’ ਕਹਾਣੀ ਵਿੱਚ ਬਲਾਤਕਾਰ ਦੀ ਸ਼ਿਕਾਰ ਗ਼ੈਰ-ਪੰਜਾਬਣ ਨਾਰੀ ਪਾਤਰ ਸਮਾਂਥਾ ਨੂੰ ਲੜਨਾ ਪੈਂਦਾ ਹੈ। ਅਡਵੈਂਚਰਿਸਟ ਮਾਨਸਿਕਤਾ ਵਾਲੀ ਸਮਾਂਥਾ ਮਰਦਾਵੇਂ ਸਮਾਜ ਅੰਦਰ ਔਰਤ ਦੇ ਸਰੀਰਕ ਅਤੇ ਮਾਨਸਿਕ ‘ਰੇਪ’ ਪ੍ਰਤੀ ਬਣੀਆਂ ਧਾਰਨਾਵਾਂ ਨੂੰ ਢਹਿ-ਢੇਰੀ ਹੀ ਨਹੀਂ ਕਰਦੀ ਸਗੋਂ ਵਿਦਿਆਰਥੀ ਵੀਜ਼ੇ ’ਤੇ ਪਰਵਾਸ ਗਈ ਪੰਜਾਬਣ ਲੜਕੀ ਨੂੰ ਖੁੱਲ੍ਹ ਕੇ ਜਿਊਣ ਦਾ ਰਾਹ ਵੀ ਦਿਖਾਉਂਦੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ‘ਚੀਕਾਂ’ ਅਤੇ ‘ਬੰਦੇ ਬਿਨਾਂ’ ਵਿੱਚ ਔਰਤ ਦੀਆਂ ਅਤ੍ਰਿਪਤ ਕਾਮ ਖ਼ਾਹਿਸ਼ਾਂ ਵਿੱਚੋਂ ਪੈਦਾ ਬੇਤਰਤੀਬੀਆਂ ਦਾ ਬਿਰਤਾਂਤ ਹੈ। ਔਰਤ ਦਮਨ ਦੇ ਪ੍ਰਸੰਗ ਵਿੱਚ ਇਨ੍ਹਾਂ ਕਹਾਣੀਆਂ ਦਾ ਕੇਂਦਰੀ ਨੁਕਤਾ ਮਰਦ ਦੀ ਕੋਝੀ ਰਾਜਨੀਤੀ ਦੁਆਰਾ ਉਸਰੀਆਂ ਸੱਭਿਆਚਾਰਕ ਵਲਗਣਾਂ ਨੂੰ ਭੇਦਣ ਦਾ ਹੈ। ਵਰਤਮਾਨ ਦੇ ਉਪਭੋਗਤਾਵਾਦੀ ਦੌਰ ਵਿੱਚ ਸੱਚ ਦੀ ਪਛਾਣ ਦਾ ਬੇਹੱਦ ਪੇਚੀਦਾ ਮਸਲਾ ਇਨ੍ਹਾਂ ਕਹਾਣੀਆਂ ਦੇ ਅਵਚੇਤਨ ਵਿੱਚ ਪਿਆ ਹੈ। ਸੱਤਾ ਜਿਸ ਸੱਚ ਦਾ ਪਸਾਰ ਕਰਦੀ ਹੈ, ਉਹ ਸੱਚ ਹੀ ਸਰਬਵਿਆਪੀ ਬਣਦਾ ਜਾ ਰਿਹਾ ਹੈ। ਲੇਖਕ ਆਪਣੇ ਕਲਾ ਵਿਵੇਕ ਨਾਲ ਸੱਚ ਦੀ ਪੇਸ਼ਕਾਰੀ ਜਾਂ ਸੱਚ ਦੀ ਖੋਜ ਨਹੀਂ ਕਰਦਾ ਸਗੋਂ ‘ਸੱਚ’ ਪ੍ਰਤੀ ਇੱਕ ਸਮਝ ਵਿਕਸਿਤ ਕਰਦਾ ਹੈ। ਜਿੰਦਰ ਦੀ ਬਹੁਤੀ ਕਹਾਣੀ ’ਚ ਪਾਠਕਾਂ ਨੂੰ ਸੰਦੇਸ਼ ਜਾਂ ਉਪਦੇਸ਼ ਨਾਲ ‘ਸੰਤੁਸ਼ਟ’ ਨਹੀਂ ਕੀਤਾ ਜਾਂਦਾ ਸਗੋਂ ਸਵਾਲਾਂ ਦੀਆਂ ਲੜੀਆਂ ਨਾਲ ‘ਬੇਚੈਨ’ ਕੀਤਾ ਜਾਂਦਾ ਹੈ।

ਜਿੰਦਰ ਆਪਣੇ ਪਾਤਰਾਂ ਦੇ ਡੋਲਦੇ ਭਾਵਾਂ, ਉਥਲ ਪੁਥਲ ਵਾਲੇ ਮਨੋ-ਵੇਰਵਿਆਂ ਅਤੇ ਕਿਸੇ ਤਣ ਪੱਤਣ ਨਾ ਲੱਗਣ ਵਾਲੇ ਖ਼ਿਆਲਾਂ ਨੂੰ ਚੁਸਤ ਬਣਤਰ ਵਾਲੇ ਵਾਕਾਂ ਨਾਲ ਪੇਸ਼ ਕਰਦਾ ਹੈ। ਉਸ ਦਾ ਬਿਰਤਾਂਤ ਸਰਲ, ਸਪੱਸ਼ਟ ਤੇ ਸਪਾਟ ਰਹਿੰਦਾ ਹੈ। ਜਿੰਦਰ ਦੀ ਕਹਾਣੀ ਦਾ ਸਭ ਤੋਂ ਸ਼ਕਤੀਸ਼ਾਲੀ ਪਹਿਲੂ ਪਾਠਕ ਨੂੰ ਸਾਥੀ ਬਣਾ ਕੇ ਕਹਾਣੀ ਸੁਣਾਉਣ ਦਾ ਨਹੀਂ, ਸੁਝਾਉਣ ਦਾ ਹੈ। ਉਸ ਦੀ ਕਹਾਣੀ ਦਾ ਮੁੱਢਲਾ ਵਾਕ ਪ੍ਰਸਿੱਧ ਕਜ਼ਾਕ ਲੇਖਕ ਫਰਾਂਜ਼ ਕਾਫ਼ਕਾ ਦੇ ਇਸ ਕਥਨ ਦੀ ਸ਼ਾਹਦੀ ਭਰਦਾ ਹੈ: ਮੇਰੇ ਜ਼ਿਹਨ ਵਿੱਚ ਸਿਰਫ਼ ਇੱਕ ਵਾਕ ਆਉਂਦਾ ਹੈ ਅਤੇ ਸਮੁੱਚੀ ਕਹਾਣੀ ਦਾ ਦਰਵਾਜ਼ਾ ਖੁੱਲ੍ਹਦਾ ਜਾਂਦਾ ਹੈ।

ਜਿੰਦਰ ਦੀ ਕਹਾਣੀ ਪੜ੍ਹਦਿਆਂ ਰੁਟੀਨ ਦੀ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਭੰਗ ਹੋ ਜਾਂਦਾ ਹੈ। ਇਹੋ ਜਿੰਦਰ ਦੀ ਅਹਿਮ ਪ੍ਰਾਪਤੀ ਹੈ।

* ਮੁਖੀ, ਪੰਜਾਬੀ ਵਿਭਾਗ, ਖਾਲਸਾ ਕਾਲਜ, ਮਾਹਿਲਪੁਰ (ਹੁਸ਼ਿਆਰਪੁਰ)।

ਸੰਪਰਕ: 94175-86028

Advertisement
×