ਟਾਂਗੇ ਵਾਲਾ ਜੀਤ ਸਿੰਹੁ...
ਟਾਂਗੇ ਵਾਲਾ ਜੀਤ ਸਿੰਹੁ ਪਿੰਡ ਵਿੱਚ ਜੀਤਾ ਬੈਟਰਾ ਕਰ ਕੇ ਮਸ਼ਹੂਰ ਸੀ। ਉਸ ਦੀ ਜ਼ਿੰਦਗੀ ਵੀ ਦਿਲਚਸਪ ਕਹਾਣੀ ਵਰਗੀ ਹੈ। ਜਦੋਂ ਵੀ ਮੈਂ ਉਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਯਾਦ ਆ ਜਾਂਦਾ ਹੈ। ਅਜੇ ਕੱਲ੍ਹ...
ਟਾਂਗੇ ਵਾਲਾ ਜੀਤ ਸਿੰਹੁ ਪਿੰਡ ਵਿੱਚ ਜੀਤਾ ਬੈਟਰਾ ਕਰ ਕੇ ਮਸ਼ਹੂਰ ਸੀ। ਉਸ ਦੀ ਜ਼ਿੰਦਗੀ ਵੀ ਦਿਲਚਸਪ ਕਹਾਣੀ ਵਰਗੀ ਹੈ। ਜਦੋਂ ਵੀ ਮੈਂ ਉਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਯਾਦ ਆ ਜਾਂਦਾ ਹੈ। ਅਜੇ ਕੱਲ੍ਹ ਦੀ ਗੱਲ ਹੈ ਜਦੋਂ ਅਸੀਂ ਨਿੱਕੇ ਹੁੰਦਿਆਂ ਉਸ ਦੇ ਟਾਂਗੇ ਵਿੱਚ ਬੈਠ ਕੇ ਭਿੱਖੀਵਿੰਡ ਤੋਂ ਪਿੰਡ ਨੂੰ ਜਾਇਆ ਕਰਦੇ ਸਾਂ। ਟਾਂਗਾ ਵੀ ਪੂਰਾ ਸ਼ਿੰਗਾਰਿਆ ਹੁੰਦਾ ਸੀ ਜੀਤ ਸਿੰਹੁ ਨੇ... ਤੇ ਅੱਥਰੀ ਘੋੜੀ ਪੈਲਾਂ ਪਾਉਂਦੀ ਜਾਂਦੀ ਸੀ। ਜਦੋਂ ਘੋੜੀ ਸੜਕ ’ਤੇ ਦੌੜਦੀ ਤਾਂ ਉਸ ਦੇ ਗਲ ਵਿੱਚ ਪਾਇਆ ਘੁੰਗਰੂਆਂ ਵਾਲਾ ਪਟਾ ਛਣ-ਛਣ ਕਰਦਾ ਅਨੋਖਾ ਰਾਗ ਛੇੜਦਾ, ਜਿਸ ਨਾਲ ਸਫ਼ਰ ਸੰਗੀਤਮਈ ਹੋ ਜਾਂਦਾ ਸੀ। ਮਨ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਸੀ ਜਦੋਂ ਉਸ ਦੇ ਟਾਂਗੇ ਵਿੱਚ ਬੈਠ ਕੇ ਸਫ਼ਰ ਕਰਦੇ ਸਾਂ।
ਪਿੰਡ ਵਿੱਚ ਗੁਰਦੁਆਰੇ ਦੇ ਕੋਲ ਸਾਡੇ ਘਰ ਤੋਂ ਚਾਰ ਘਰ ਛੱਡ ਕੇ ਉਸੇ ਕਤਾਰ ਵਿੱਚ ਜੀਤ ਸਿੰਹੁ ਦਾ ਘਰ ਸੀ। ਘਰ ਆਮ ਜਿਹਾ ਪੱਕੀਆਂ ਇੱਟਾਂ ਦਾ ਬਣਿਆ ਸੀ, ਜਿਸ ਵਿੱਚ ਪਿੱਛੇ ਇੱਕ ਕਮਰਾ ਸੀ, ਕਮਰੇ ਦੇ ਨਾਲ ਇੱਕ ਸਬ੍ਹਾਤ ਸੀ, ਜਿੱਥੇ ਮੀਂਹ-ਕਣੀ ਵਿੱਚ ਰੋਟੀ-ਟੁੱਕ ਬਣਾਉਣ ਲਈ ਚੁੱਲ੍ਹਾ ਤੇ ਹੋਰ ਭਾਂਡੇ-ਟੀਡੇ ਰੱਖੇ ਹੁੰਦੇ ਸਨ। ਸਬ੍ਹਾਤ ਵਿੱਚ ਅਨਾਜ, ਕਣਕ ਆਦਿ ਰੱਖਣ ਲਈ ਇੱਕ ਵੱਡਾ ਮਿੱਟੀ ਦਾ ਭੜੋਲਾ ਵੀ ਰੱਖਿਆ ਹੋਇਆ ਸੀ। ਜੀਤ ਸਿੰਹੁ ਨੇ ਸਬ੍ਹਾਤ ਦੇ ਬਾਹਰ ਵੀ ਚੁੱਲ੍ਹਾ-ਚੌਂਕਾ ਬਣਾ ਰੱਖਿਆ ਸੀ, ਚੌਰਸ ਜਿਹੀ ਜਗ੍ਹਾ ’ਚ ਢੁਕਵੇਂ ਤਰੀਕੇ ਨਾਲ ਚੁੱਲ੍ਹਾ, ਰੋਟੀਆਂ ਲਈ ਲੋਹ, ਦੁੱਧ ਕਾੜ੍ਹਨ ਲਈ ਹਾਰਾ ਬੜੇ ਸਲੀਕੇ ਨਾਲ ਬਣਾਇਆ ਹੋਇਆ ਸੀ। ਇਸ ਚੁੱਲ੍ਹੇ-ਚੌਂਕੇ ’ਚ ਵਰਤਣ ਵਾਲੀਆਂ ਚੀਜ਼ਾਂ ਸਮੇਤ ਭਾਂਡੇ ਰੱਖਣ ਲਈ ਇੱਕ ਵੱਡੀ ਕੰਧ ਨਾਲ ਅੱਡ-ਅੱਡ ਖਾਨੇ ਬਣਾਏ ਹੋਏ ਸਨ। ਚੌਂਤਰੇ ਨੂੰ ਮਿੱਟੀ ਦੀਆਂ ਇੱਟਾਂ ਨਾਲ ਵਲ ਕੇ ਮਿੱਟੀ ਵਿੱਚ ਤੂੜੀ ਰਲਾ ਕੇ ਕੀਤੀ ਘਾਣੀ ਨਾਲ ਉਸ ਨੂੰ ਲਿੱਪਿਆ ਹੋਇਆ ਸੀ, ਜਿਸ ’ਤੇ ਪਰੋਲੇ ਨਾਲ ਛੱਪੜ ਦੀ ਚੀਕਣੀ ਮਿੱਟੀ ਫੇਰ ਕੇ ਉਸ ’ਤੇ ਮੋਰ ਤੇ ਘੁੱਗੀਆਂ ਦੇ ਚਿੱਤਰ ਉੱਕਰੇ ਹੋਏ ਸਨ। ਜੀਤ ਸਿੰਹੁ ਨੇ ਘਰ ਵਿੱਚ ਖਰਗੋਸ਼ ਵੀ ਰੱਖੇ ਹੁੰਦੇ ਸਨ, ਜਿਨ੍ਹਾਂ ਲਈ ਵਿਹੜੇ ਵਿੱਚ ਇੱਕ ਖੁੱਡਾ ਬਣਿਆ ਹੋਇਆ ਸੀ ਜਿੱਥੇ ਉਨ੍ਹਾਂ ਦੇ ਖਾਣ ਲਈ ਪੱਠੇ ਆਦਿ ਪਏ ਰਹਿੰਦੇ ਸਨ।
ਉਸ ਵੇਲੇ ਜੀਤ ਸਿੰਹੁ ਦੀ ਉਮਰ ਪੰਜਾਹ ਕੁ ਸਾਲ ਨਾਲੋਂ ਵੱਧ ਸੀ। ਗੋਰਾ ਚਿੱਟਾ ਰੰਗ, ਸੋਹਣਾ ਸੁਨੱਖਾ ਜੀਤ ਸਿੰਹੁ ਆਪ ਜਿੰਨਾ ਸੋਹਣਾ ਸੀ ਉਸ ਦੀ ਘਰਵਾਲੀ ਓਨੀ ਹੀ ਕਰੂਪ ਸੀ, ਜਿਸ ਦੇ ਨੈਣ-ਨਕਸ਼ ਵੀ ਕੋਈ ਬਹੁਤੇ ਸੋਹਣੇ ਨਹੀਂ ਸਨ। ਚਿਹਰੇ-ਮੋਹਰੇ ਅਤੇ ਬੋਲ-ਬਾਣੀ ਤੋਂ ਉਹ ਪੰਜਾਬਣ ਨਹੀਂ ਜਾਪਦੀ ਸੀ। ਸਾਰੇ ਪਿੰਡ ਨੂੰ ਪਤਾ ਸੀ ਕਿ ਉਹ ਆਪਣਾ ਘਰ ਵਸਾਉਣ ਲਈ ਕੁਦੇਸਣ ਲੈ ਕੇ ਆਇਆ ਸੀ। ਪਤਾ ਨਹੀਂ ਕੀ ਗੱਲ ਸੀ ਕਿ ਸੋਹਣੀ ਸ਼ਕਲ-ਸੂਰਤ ਤੇ ਵਧੀਆ ਡੀਲ-ਡੌਲ ਹੋਣ ਦੇ ਬਾਵਜੂਦ ਉਸ ਨੂੰ ਸਾਕ ਕਿਉਂ ਨਹੀਂ ਸੀ ਹੋਇਆ। ਖ਼ੈਰ, ਜੀਤ ਸਿੰਹੁ ਨੇ ਆਪਣੀ ਘਰਵਾਲੀ ਨੂੰ ਰਾਣੀ ਵਾਂਗ ਰੱਖਿਆ ਹੋਇਆ ਸੀ। ਸਾਡੇ ਪਿੰਡ ਜੀਤ ਸਿੰਹੁ ਦੀ ਘਰਵਾਲੀ ਤੋਂ ਇਲਾਵਾ ਦੋ-ਤਿੰਨ ਕੁਦੇਸਣਾਂ ਹੋਰ ਵੀ ਵੱਸਦੀਆਂ ਸਨ, ਜਿਨ੍ਹਾਂ ਦੇ ਧੀਆਂ ਪੁੱਤ ਵੀ ਵਿਆਹੇ ਵਰ੍ਹੇ ਸਨ ਤੇ ਉਹ ਪਿੰਡ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੀਆਂ ਜਾ ਚੁੱਕੀਆਂ ਸਨ। ਪਿੰਡ ਵਿੱਚ ਜੀਤ ਸਿੰਹੁ ਦੀ ਘਰਵਾਲੀ ਰਾਮੀ ਨੂੰ ਰਾਮ ਕੌਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਵਧੀਆ ਕੱਪੜੇ ਪਾ ਕੇ ਸਿਰ ’ਤੇ ਮਲਮਲ ਦੀ ਚੁੰਨੀ ਲੈ ਰੱਖਦੀ ਸੀ। ਉਹ ਕਈ ਵਾਰ ਸਾਡੇ ਘਰ ਮੇਰੀ ਦਾਦੀ ਕੋਲੋਂ ਸੂਟ ਸਿਵਾਉਣ ਆਉਂਦੀ ਹੁੰਦੀ ਸੀ। ਹਰ ਵਾਰ ਜਦੋਂ ਅਸੀਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਿੰਡ ਜਾਂਦੇ ਤਾਂ ਰਾਮ ਕੌਰ ਨੇ ਸਾਡੀ ਦਾਦੀ ਨੂੰ ਆਖਣਾ, ‘‘ਕੁੜੇ ਭਜਨ ਕੁਰੇ, ਤੇਰੇ ਪੋਤਰੇ-ਪੋਤਰੀਆਂ ਕਦੋਂ ਕੁ ਆਏ ਨੇ ਸ਼ਹਿਰੋਂ ਛੁੱਟੀਆਂ ਕੱਟਣ?” ਤੇ ਫਿਰ ਉਸ ਨੇ ਸਾਨੂੰ ਲਾਡ ਲਡਾਉਣਾ। ਬਹੁਤ ਵਧੀਆ ਸੁਭਾਅ ਦੀ ਮਾਲਿਕ ਸੀ ਚਾਚੀ ਰਾਮ ਕੌਰ। ਰਾਮ ਕੌਰ ਤੇ ਜੀਤ ਸਿੰਹੁ ਨੂੰ ਇੱਕ ਵੱਡਾ ਦੁੱਖ ਸੀ ਕਿ ਉਨ੍ਹਾਂ ਘਰ ਕੋਈ ਔਲਾਦ ਨਹੀਂ ਸੀ। ਸਾਰੀ ਉਮਰ ਦੋਵੇਂ ਔਲਾਦ ਨੂੰ ਤਰਸਦੇ ਰਹੇ ਅਤੇ ਫਿਰ ਇੱਕ ਦਿਨ ਜੀਤ ਸਿੰਹੁ ਦੀ ਘਰਵਾਲੀ ਇਹ ਦੁੱਖ ਆਪਣੇ ਅੰਦਰ ਸਮੇਟੀ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਈ।
ਘਰਵਾਲੀ ਦੇ ਜਾਣ ਤੋਂ ਬਾਅਦ ਜੀਤ ਸਿੰਹੁ ਬਿਲਕੁਲ ਇਕੱਲਾ ਹੋ ਗਿਆ। ਹੁਣ ਅਸੀਂ ਜਦੋਂ ਵੀ ਪਿੰਡ ਜਾਣਾ, ਜੀਤ ਸਿੰਹੁ ਨੂੰ ਓਸੇ ਧਰੇਕ ਦੀ ਛਾਂ ਹੇਠ ਇਕੱਲਿਆਂ ਬੈਠਿਆਂ ਵੇਖਣਾ ਜਿਸ ਧਰੇਕ ਹੇਠਾਂ ਜੀਤ ਸਿੰਹੁ ਤੇ ਰਾਮ ਕੌਰ ਨੂੰ ਅਸੀਂ ਅਕਸਰ ਇਕੱਠਿਆਂ ਬੈਠੇ ਵੇਖਦੇ ਹੁੰਦੇ ਸਾਂ। ਰਾਮ ਕੌਰ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ। ਜਿਹੜਾ ਘਰ ਰਾਮ ਕੌਰ ਦੇ ਹੁੰਦਿਆਂ ਲਿਸ਼ਕਾਂ ਮਾਰਦਾ ਸੀ, ਉਸ ਦੇ ਜਾਣ ਤੋਂ ਬਾਅਦ ਉਹ ਉੱਜੜ-ਪੁੱਜੜ ਗਿਆ। ਘਰ ਦਾ ਕੱਚਾ ਵਿਹੜਾ, ਚੁੱਲਾ-ਚੌਂਕਾ ਤੇ ਮਿੱਟੀ ਦੇ ਭੜੋਲੇ ਦੀ ਸਾਂਭ-ਸੰਭਾਲ ਨਾ ਹੋਣ ਕਰ ਕੇ ਉਹ ਖ਼ਰਾਬ ਹੋਣ ਲੱਗੇ। ਹੌਲੀ-ਹੌਲੀ ਉਨ੍ਹਾਂ ਦੀ ਮਿੱਟੀ ਵੀ ਖੁਰਨ ਲੱਗੀ। ਰਾਮ ਕੌਰ ਦੇ ਜਾਣ ਤੋਂ ਬਾਅਦ ਜੀਤ ਸਿੰਹੁ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹਾ ਖਾਲੀਪਣ ਆ ਗਿਆ ਸੀ। ਬੇਸ਼ੱਕ ਉਹ ਸਾਰਾ ਦਿਨ ਟਾਂਗਾ ਚਲਾਉਂਦਾ ਰਹਿੰਦਾ ਸੀ, ਪਰ ਰਾਤ ਨੂੰ ਇਕੱਲਿਆਂ ਘਰ ਉਸ ਨੂੰ ਵੱਢ-ਵੱਢ ਖਾਂਦਾ ਸੀ। ਸਾਨੂੰ ਵੀ ਉਸ ਦਾ ਇਸ ਤਰ੍ਹਾਂ ਉਦਾਸ ਬੈਠੇ ਰਹਿਣਾ ਚੰਗਾ ਨਾ ਲੱਗਦਾ। ਫਿਰ ਜਦੋਂ ਅਸੀਂ ਅਗਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਿੰਡ ਗਏ ਤਾਂ ਜੀਤ ਸਿੰਹੁ ਦੇ ਘਰ ਅਸੀਂ ਪੈਂਤੀ-ਚਾਲੀ ਸਾਲ ਦੀ ਇੱਕ ਔਰਤ ਸਾਫ਼-ਸਫ਼ਾਈ ਤੇ ਰੋਟੀ-ਟੁੱਕ ਕਰਦੀ ਵੇਖੀ। ਜਦੋਂ ਅਸੀਂ ਦਾਦੀ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਦਾਦੀ ਨੇ ਦੱਸਿਆ ਕਿ ਇਹ ਜੀਤੇ ਦੀ ਨਵੀਂ ਘਰਵਾਲੀ ਹੈ। ਰੰਗ ਦੀ ਗੋਰੀ, ਕੱਦ ਲੰਮਾ ਤੇ ਸਰੀਰ ਭਾਰਾ ਸੀ। ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਜੀਤ ਸਿੰਹੁ ਦੀ ਇਹ ਘਰਵਾਲੀ ਵੀ ਕੁਦੇਸਣ ਹੈ। ਸਾਰੀਆਂ ਛੁੱਟੀਆਂ ਅਸੀਂ ਉਸ ਨੂੰ ਚੋਰੀ-ਚੋਰੀ ਦੇਖਦੇ ਰਹੇ, ਪਰ ਕੋਲ ਜਾ ਕੇ ਉਸ ਨਾਲ ਗੱਲ ਕਰਨ ਦੀ ਸਾਡੀ ਹਿੰਮਤ ਨਾ ਪਈ। ਜਿੰਨੇ ਦਿਨ ਅਸੀਂ ਪਿੰਡ ਰਹੇ ਉਸ ਨੂੰ ਕਦੇ ਮੂੰਹੋਂ ਇੱਕ ਸ਼ਬਦ ਬੋਲਦੇ ਵੀ ਨਾ ਸੁਣਿਆ। ਖੌਰੇ, ਉਹ ਗੂੰਗੀ ਹੀ ਸੀ। ਉਹ ਚੁੱਪ-ਚਾਪ ਘਰ ਦਾ ਸਾਰਾ ਕੰਮ ਕਰਦੀ ਤੇ ਫਿਰ ਧਰੇਕ ਹੇਠਾਂ ਡੱਠੀ ਮੰਜੀ ’ਤੇ ਜੀਤ ਸਿੰਹੁ ਦੇ ਕੋਲ ਆ ਬਹਿੰਦੀ। ਜੀਤ ਸਿੰਹੁ ਉਸ ਨਾਲ ਹਾਸੇ-ਮਜ਼ਾਕ ਦੀਆਂ ਗੱਲਾਂ ਕਰ ਕੇ ਉਸ ਦਾ ਜੀਅ ਲਾ ਛੱਡਦਾ। ਉਹ ਟਾਂਗਾ ਚਲਾਉਂਦਾ ਤੇ ਵੱਟੀ ਸਾਰੀ ਕਮਾਈ ਆਪਣੀ ਘਰਵਾਲੀ ਦੇ ਹੱਥ ’ਤੇ ਲਿਆ ਧਰਦਾ। ਘਰ ਵਿੱਚ ਪੂਰਾ ਇੱਜ਼ਤ-ਮਾਣ ਸੀ ਜੀਤੇ ਦੀ ਕੁਦੇਸਣ ਘਰਵਾਲੀ ਦਾ। ਜੀਤੇ ਬੈਟਰੇ ਦੇ ਜਿਊਂਦੇ ਉਹ ਕੁਦੇਸਣ ਉਸ ਦੇ ਨਾਲ ਹੀ ਰਹੀ ਤੇ ਦੋਵੇਂ ਜੀਅ ਵਧੀਆ ਜ਼ਿੰਦਗੀ ਗੁਜ਼ਾਰਦੇ ਰਹੇ।
ਇਸ ਕਹਾਣੀ ਦਾ ਅਰਥ ਸੱਚ ਤੇ ਇਨਸਾਨੀਅਤ ਵਿੱਚ ਲੁਕਿਆ ਹੋਇਆ ਹੈ। ਅਤੀਤ ਦੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਦੁੱਖ ਦੇ ਨਾਲ-ਨਾਲ ਪਿਆਰ ਤੇ ਮਨੁੱਖਤਾ ਦੀ ਵੀ ਹੋਂਦ ਰਹੀ ਹੈ। ਪਿਆਰ ਤੇ ਇੱਜ਼ਤ ਹਰ ਰਿਸ਼ਤੇ ਦੀ ਬੁਨਿਆਦ ਹੁੰਦੀ ਹੈ ਅਤੇ ਹਰ ਇਨਸਾਨ ਨੂੰ ਇੱਜ਼ਤ ਦੀ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ, ਜੋ ਸਾਨੂੰ ਜੀਤ ਸਿੰਹੁ ਵਰਗੇ ਸਾਧਾਰਨ ਬੰਦੇ ਵੀ ਸਿਖਾ ਦਿੰਦੇ ਹਨ। ਜੀਤ ਸਿੰਹੁ ਦੇ ਪਿਆਰ ਤੇ ਸੰਭਾਲ ਨੇ ਇਹ ਸਾਬਿਤ ਕੀਤਾ ਕਿ ਕੁਦੇਸਣਾਂ ਨਾਲ ਬੇਸ਼ੱਕ ਉਨ੍ਹਾਂ ਦੇ ਵਾਰਿਸਾਂ ਨੇ ਚੰਗਾ ਵਿਹਾਰ ਨਾ ਕੀਤਾ ਹੋਵੇ, ਪਰ ਹਾਲਾਤ ਦੀਆਂ ਝੰਬੀਆਂ ਇਨ੍ਹਾਂ ਔਰਤਾਂ ਨੂੰ ਘਰ ਦੀ ਰੌਣਕ ਤੇ ਇੱਜ਼ਤ ਵੀ ਬਣਾਇਆ ਜਾ ਸਕਦਾ ਹੈ।
ਸੰਪਰਕ: 94646-28857

